ਵਿਸਾਖੀ ਮੌਕੇ ਪਾਕਿਸਤਾਨ ਗਏ ਜਥੇ 'ਚੋਂ ਇੱਕ ਔਰਤ ਨੇ 'ਕਬੂਲਿਆ ਇਸਲਾਮ'

ਤਸਵੀਰ ਸਰੋਤ, Getty Images
ਵਿਸਾਖੀ ਮੌਕੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ 'ਤੇ ਭਾਰਤ ਤੋਂ ਗਏ ਜਥੇ ਵਿੱਚੋਂ ਇੱਕ ਮਹਿਲਾ ਦਾ 16 ਅਪ੍ਰੈਲ ਤੋਂ ਕੋਈ ਅਤਾ-ਪਤਾ ਨਹੀਂ ਹੈ। ਭਾਰਤ ਵਿੱਚ ਉਸ ਦਾ ਪਰਿਵਾਰ ਉਸ ਲਈ ਫਿਕਰਮੰਦ ਹੈ।
33 ਸਾਲਾ ਵਿਧਵਾ ਕਿਰਨ ਬਾਲਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੀ ਰਹਿਣ ਵਾਲੀ ਹੈ।
12 ਅਪ੍ਰੈਲ ਨੂੰ ਕਿਰਨ ਬਾਲਾ 1800 ਹੋਰ ਸਿੱਖ ਸ਼ਰਧਾਲੂਆਂ ਦੇ ਨਾਲ ਗੁਰਧਾਮਾਂ ਦੀ ਯਾਤਰਾ ਲਈ ਪਾਕਿਸਤਾਨ ਗਈ ਸੀ।
ਲਾਹੌਰ ਸਥਿਤ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਅੰਮ੍ਰਿਤਸਰ ਦੇ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨੂੰ ਦੱਸਿਆ, "ਸਾਨੂੰ ਇਸ ਬਾਰੇ ਪਤਾ ਲੱਗਿਆ ਹੈ ਕਿ ਕਿਰਨ ਜੱਥੇ ਵਿੱਚ ਸ਼ਾਮਿਲ ਸੀ ਪਰ ਹੁਣ ਉਹ ਉਨ੍ਹਾਂ ਦੇ ਨਾਲ ਨਹੀਂ ਹੈ।''
"ਇਸ ਬਾਰੇ ਸ਼ਿਕਾਇਤ ਪ੍ਰਸ਼ਾਸਨ ਵੱਲੋਂ ਹੀ ਕੀਤੀ ਜਾ ਸਕਦੀ ਹੈ। ਇਸ ਵਿੱਚ ਸਾਡਾ ਕੋਈ ਰੋਲ ਨਹੀਂ ਹੈ। ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਉਸ ਨੇ ਇਸਲਾਮ ਕਬੂਲ ਕਰ ਲਿਆ ਹੈ, ਅਸੀਂ ਇਸ ਦਾ ਵਿਰੋਧ ਕਰਦੇ ਹਾਂ।''
'ਉਸਨੇ ਕਿਹਾ ਸੀ ਮੈਂ ਨਹੀਂ ਆਉਣਾ'
ਕਿਰਨ ਆਪਣੇ ਪਤੀ ਦੀ ਮੌਤ ਤੋਂ ਬਾਅਦ 2005 ਤੋਂ ਆਪਣੇ ਸੁਹਰੇ ਪਰਿਵਾਰ ਨਾਲ ਆਪਣੀ 8 ਸਾਲਾ ਧੀ ਅਤੇ ਦੋ ਪੁੱਤਰਾਂ ਨਾਲ ਰਹਿ ਰਹੀ ਹੈ।
ਕਿਰਨ ਦੇ ਮਰਹੂਮ ਪਤੀ ਦੇ ਪਿਤਾ ਤਰਸੇਮ ਸਿੰਘ ਪਿੰਡ ਦੇ ਗੁਰਦੁਆਰੇ ਵਿੱਚ ਗ੍ਰੰਥੀ ਵੀ ਹਨ। ਉਨ੍ਹਾਂ ਨੇ ਦੱਸਿਆ, "ਤਿੰਨ ਦਿਨ ਪਹਿਲਾਂ ਮੇਰੀ ਉਸ ਨਾਲ ਗੱਲਬਾਤ ਹੋਈ ਸੀ ਅਤੇ ਉਸ ਨੇ ਮੈਨੂੰ ਕਿਹਾ ਸੀ ਕਿ ਮੈਂ ਵਾਪਸ ਨਹੀਂ ਆਵਾਂਗੀ।''

ਤਸਵੀਰ ਸਰੋਤ, Getty Images
"ਮੈਂ ਉਸ ਦੀ ਗੱਲ ਨੂੰ ਮਜ਼ਾਕ ਵਿੱਚ ਲਿਆ ਪਰ ਹੁਣ ਮੈਂ ਇਹ ਜਾਣ ਕੇ ਸਦਮੇ ਵਿੱਚ ਹਾਂ ਕਿ ਉਸ ਨੇ ਲਾਹੌਰ ਵਿੱਚ ਇਸਲਾਮ ਧਰਮ ਕਬੂਲ ਕਰ ਲਿਆ ਹੈ। ਮੈਂ ਚਾਹੁੰਦਾਂ ਹਾਂ ਉਹ ਆਪਣੇ ਬੱਚਿਆਂ ਲਈ ਵਾਪਸ ਆਵੇ।''
ਤਰਸੇਮ ਸਿੰਘ ਨੂੰ ਡਰ ਹੈ ਕਿ ਕਿਰਣ ਕਿਸੇ ਮੁਸ਼ਕਿਲ ਵਿੱਚ ਨਾ ਹੋਵੇ। ਤਰਸੇਮ ਨੇ ਕਿਹਾ, "ਉਸ ਨੂੰ ਖੁਫੀਆ ਏਜੰਸੀ ਵੱਲੋਂ ਫਸਾਇਆ ਗਿਆ ਹੋ ਸਕਦਾ ਹੈ। ਉਹ ਸ਼੍ਰੋਮਣੀ ਕਮੇਟੀ ਦੇ ਜੱਥੇ ਦਾ ਹਿੱਸਾ ਸੀ ਇਸ ਲਈ ਸ਼੍ਰੋਮਣੀ ਕਮੇਟੀ ਨੂੰ ਉਸ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।''
SGPC ਨੂੰ ਨਹੀਂ ਜਾਣਕਾਰੀ
ਉਧਰ ਐਸਜੀਪੀਸੀ ਦੇ ਸਕੱਤਰ ਦਲਜੀਤ ਸਿੰਘ ਨੇ ਕਿਹਾ, "ਸ਼੍ਰੋਮਣੀ ਕਮੇਟੀ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਜੱਥੇ ਦੀ ਵਾਪਸੀ 'ਤੇ ਇਸ ਬਾਰੇ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਜਾਵੇਗਾ।''
ਇਸਲਾਮਾਬਾਦ ਸਥਿਤ ਜਾਮੀਆ ਨਈਮੀਆ ਮਦਰਸੇ ਦੇ ਪ੍ਰਬੰਧਕ ਰਾਘੀਬ ਨਈਮੀ ਨੇ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫਰੀ ਨੂੰ ਦੱਸਿਆ, "ਇੱਕ ਸਿੱਖ ਔਰਤ 16 ਅਪ੍ਰੈਲ ਨੂੰ ਮਦਰਸੇ ਆਈ ਸੀ ਅਤੇ ਉਸਨੇ ਇਸਲਾਮ ਕਬੂਲ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ।''

ਤਸਵੀਰ ਸਰੋਤ, Getty Images
ਉਨ੍ਹਾਂ ਅੱਗੇ ਕਿਹਾ, "ਉਸ ਔਰਤ ਨੂੰ ਕਾਦਿਰ ਮੁਬਾਸ਼ੇਰ ਨੇ ਇਸਲਾਮ ਧਰਮ ਕਬੂਲ ਕਰਵਾਇਆ ਸੀ। ਇਸ ਬਾਰੇ ਵੀ ਜਾਂਚ ਕੀਤੀ ਗਈ ਕਿ ਕਿਤੇ ਉਹ ਔਰਤ ਕਿਸੇ ਦਬਾਅ ਵਿੱਚ ਤਾਂ ਨਹੀਂ।"
ਪਾਕਿਸਤਾਨ ਹਾਈ ਕਮਿਸ਼ਨ ਨੂੰ ਵੀ ਨਹੀਂ ਜਾਣਕਾਰੀ
ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਅਫਸਰਾਂ ਨੇ ਰਵਿੰਦਰ ਸਿੰਘ ਰੌਬਿਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।''
ਉਨ੍ਹਾਂ ਕਿਹਾ, "ਸਾਨੂੰ ਅਜਿਹੀ ਜਾਣਕਾਰੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਮਿਲਦੀ ਹੈ ਜੋ ਅਜੇ ਨਹੀਂ ਮਿਲੀ ਹੈ।''
ਭਾਰਤ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਬੁਲਾਰੇ ਖੁਆਜ਼ਾ ਮਾਜ਼ ਤੇਹ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਪਰ ਉਨ੍ਹਾਂ ਨੇ ਇਸ ਬਾਰੇ ਤਸਦੀਕ ਕੀਤੀ ਕਿ ਕਿਰਨ ਬਾਲਾ ਨੂੰ ਧਾਰਮਿਕ ਯਾਤਰਾ ਲਈ ਦਿੱਲੀ ਸਥਿਤ ਪਾਕਿਸਤਾਨ ਦੇ ਹਾਈ ਕਮਿਸ਼ਨ ਵੱਲੋਂ ਵੀਜ਼ਾ ਦਿੱਤਾ ਗਿਆ ਹੈ।
ਪਾਕਿਸਤਾਨ ਦਾ ਕੀ ਕਹਿਣਾ ਹੈ?
ਇਸ ਸਬੰਧ ਵਿੱਚ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨਾਲ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫੈਸਲ ਨੇ ਗੱਲਬਾਤ ਕੀਤੀ।
ਡਾ. ਫੈਸਲ ਨੇ ਕਿਹਾ, ''ਸਾਡੇ ਕੋਲ ਵੀਜ਼ੇ ਦੀ ਮਿਆਦ ਵਧਵਾਉਣ ਸਬੰਧੀ ਕੋਈ ਅਰਜ਼ੀ ਨਹੀਂ ਆਈ ਹੈ।ਇਸ ਲਈ ਗ੍ਰਹਿ ਮੰਤਰਾਲਾ ਸਟੀਕ ਥਾਂ ਹੈ। ਇਸ ਲਈ ਉਹ ਔਰਤ ਗ੍ਰਹਿ ਮੰਤਰਾਲੇ ਨੂੰ ਪਹੁੰਚ ਕਰੇ।''
ਉਨ੍ਹਾਂ ਅੱਗੇ ਕਿਹਾ ਕਿ ਇਹ ਮੁਨੱਖਤਾ ਨਾਲ ਸਬੰਧਿਤ ਮਸਲਾ ਹੈ ਇਸ ਲਈ ਇਸ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ।












