ਕਦੇ ਸੇਮ ਦੀ ਮਾਰ ਹੇਠ ਰਹੇ ਇਸ ਪਿੰਡ 'ਚ ਕਿਸਾਨਾਂ ਨੇ ਲਗਾਏ ਜਾਮਣ ਦੇ ਬਾਗ਼, ਕਿਵੇਂ 'ਵਿਕਣ' ਦੇ ਕਿਨਾਰੇ ਖੜ੍ਹੇ ਇਸ ਪਿੰਡ ਦੇ ਕਿਸਾਨਾਂ ਨੇ ਬਦਲੀ ਤਸਵੀਰ

ਜਾਮਣ
    • ਲੇਖਕ, ਕੁਲਦੀਪ ਬਰਾੜ
    • ਰੋਲ, ਬੀਬੀਸੀ ਸਹਿਯੋਗੀ

"ਮੈਂ ਪਹਿਲੇ ਆਪ 400-500 ਰੁਪਏ ਦਿਹਾੜੀ 'ਤੇ ਮਜ਼ਦੂਰੀ ਕਰਦਾ ਸੀ। ਅੱਜ ਮੇਰੇ ਕੋਲ 50 ਬੰਦੇ ਮਜ਼ਦੂਰੀ ਕਰਦੇ ਹਨ, ਜਿਨ੍ਹਾਂ ਨੂੰ ਮੈਂ 1500 ਤੱਕ ਦੀ ਦਿਹਾੜੀ ਦਿੰਦਾ ਹਾਂ। ਜਾਮਣ ਦੀ ਖੇਤੀ ਤੋਂ ਮੈਂ ਕੋਠੀ ਬਣਾਈ, ਟਰੈਕਟਰ ਅਤੇ ਕਾਰ ਵੀ ਖ਼ਰੀਦੀ।"

ਇਹ ਕਹਿਣਾ ਹੈ ਫਾਜ਼ਿਲਕਾ 'ਚ ਪੈਂਦੇ ਪਿੰਡ ਮੂਲਿਆਵਾਲ ਦੇ ਵਸਨੀਕ ਗੋਪੀ ਚੰਦ ਦਾ। ਗੋਪੀਚੰਦ ਪਿੱਛਲੇ 10-12 ਸਾਲ ਤੋਂ ਜਾਮਣ ਦੇ ਬਾਗ਼ ਠੇਕੇ 'ਤੇ ਲੈ ਰਹੇ ਹਨ ਜਿਸ ਨਾਲ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੋਇਆ ਹੈ।

ਮੂਲਿਆਵਾਲ ਉਹ ਪਿੰਡ ਹੈ ਜੋ ਕਦੇ ਸੇਮ ਦੀ ਮਾਰ ਹੇਠ ਸੀ। ਪਿੰਡ ਦੇ ਸਾਬਕਾ ਸਰਪੰਚ ਨਰਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਿੱਚ ਸੇਮ ਹੋਣ ਦੇ ਕਾਰਨ ਰਵਾਇਤੀ ਫਸਲਾਂ ਨਹੀਂ ਹੁੰਦੀਆਂ ਸਨ।

ਉਨ੍ਹਾਂ ਕਿਹਾ "ਆਰਥਿਕ ਤੰਗੀਆਂ ਦੇ ਕਾਰਨ ਅਸੀਂ ਪਿੰਡ ਵਿਕਾਊ ਕਰ ਦਿੱਤਾ ਸੀ। ਪਰ ਉਸ ਵਕਤ ਕੋਈ ਖਰੀਦਾਰ ਵੀ ਨਹੀਂ ਸੀ।"

ਨਰਿੰਦਰ ਪਾਲ ਸਿੰਘ ਦੱਸਦੇ ਹਨ, "ਉਦੋਂ ਪਿੰਡ ਦੇ ਮਜ਼ਦੂਰ ਲੋਕ ਦੂਸਰੇ ਪਿੰਡਾਂ ਵਿੱਚ ਮਜ਼ਦੂਰੀ ਕਰਨ ਲਈ ਜਾਂਦੇ ਸਨ। ਪਰ ਹੁਣ ਦੂਸਰੇ ਪਿੰਡਾਂ ਦੇ ਲੋਕ ਸਾਡੇ ਪਿੰਡ ਮਜ਼ਦੂਰੀ ਕਰਨ ਲਈ ਆਉਂਦੇ ਹਨ। ਕਿਉਂਕਿ ਜਾਮਣ ਦੇ ਬਾਗ਼ਾਂ 'ਚ ਦਿਹਾੜੀ ਇੱਕ ਹਜ਼ਾਰ ਤੋਂ ਲੈ ਕੇ 1500 ਰੁਪਏ ਤੱਕ ਦੀ ਹੁੰਦੀ ਹੈ।"

ਗੋਪੀ ਚੰਦ

ਤਸਵੀਰ ਸਰੋਤ, Kuldeep Brar/BBC

ਤਸਵੀਰ ਕੈਪਸ਼ਨ, ਠੇਕੇਦਾਰ ਗੋਪੀ ਚੰਦ ਦੱਸਦੇ ਹਨ ਕਿ ਜਦੋਂ ਜਾਮਣ ਦੀ ਖੇਤੀ ਨਹੀਂ ਹੁੰਦੀ ਸੀ ਤਾਂ ਉਸ ਵਕਤ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚਲਦਾ ਹੁੰਦਾ ਸੀ
ਇਹ ਵੀ ਪੜ੍ਹੋ

ਕਿਵੇਂ ਹੋਈ ਸ਼ੁਰੂਆਤ

ਨਰਿੰਦਰ ਪਾਲ ਸਿੰਘ ਦੱਸਦੇ ਹਨ ਕਿ ਪਹਿਲਾ ਕਿਸਾਨਾਂ ਵੱਲੋਂ ਜਾਮਣ ਦੇ ਦਰਖ਼ਤ ਖੇਤ ਦੀਆ ਵੱਟਾਂ ਉੱਪਰ ਲਗਾਏ ਗਏ ਸਨ।

ਫਿਰ ਜਦੋਂ ਪਿੰਡ ਮੂਲਿਆਵਾਲੇ ਦੇ ਕਿਸਾਨਾਂ ਨੂੰ ਚੰਗੀ ਆਮਦਨੀ ਹੋਈ ਤਾਂ ਸਾਰੇ ਪਿੰਡ ਵੱਲੋਂ ਬਾਗ ਲਗਾਉਣੇ ਸ਼ੁਰੂ ਕਰ ਦਿੱਤੇ ਗਏ।

ਨਰਿੰਦਰ ਪਾਲ ਸਿੰਘ ਦਾ ਵੀ ਦਾਅਵਾ ਹੈ ਕਿ ਜਾਮਣ ਦੇ ਬੂਟਿਆਂ 'ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਉਹ ਕਹਿੰਦੇ ਹਨ, ਜਿਵੇਂ-ਜਿਵੇਂ ਜਾਮਣ ਦਾ ਬੂਟਾ ਵੱਡਾ ਹੁੰਦਾ ਜਾਂਦਾ ਹੈ ਉਸੇ ਤਰ੍ਹਾਂ ਇਸ ਉੱਪਰ ਫ਼ਲ ਜ਼ਿਆਦਾ ਲੱਗਦਾ ਹੈ ਅਤੇ ਕਮਾਈ ਵੀ ਵੱਧ ਜਾਂਦੀ ਹੈ।"

"ਕਿਸਾਨ ਨੂੰ ਇੱਕ ਕਿੱਲੇ ਵਿੱਚੋਂ 5-6 ਲੱਖ ਦੀ ਇਨਕਮ ਹੁੰਦੀ ਹੈ। ਪਿੰਡ ਦੇ ਨੌਜਵਾਨ ਹੁਣ ਵਿਦੇਸ਼ ਵੱਲ ਜਾਣ ਦੀ ਇੱਛਾ ਨਹੀਂ ਰੱਖਦੇ ਅਤੇ ਉਹ ਜਾਮਣ ਦੀ ਖੇਤੀ ਕਰਕੇ ਮਾਣ ਮਹਿਸੂਸ ਕਰਦੇ ਹਨ।"

ਨਰਿੰਦਰ ਪਾਲ ਸਿੰਘ

ਤਸਵੀਰ ਸਰੋਤ, Kuldeep Brar/BBC

ਤਸਵੀਰ ਕੈਪਸ਼ਨ, ਮੂਲਿਆਵਾਲ ਪਿੰਡ ਦੇ ਸਾਬਕਾ ਸਰਪੰਚ ਨਰਿੰਦਰ ਪਾਲ ਸਿੰਘ

ਉੱਥੇ ਹੀ ਪਿੰਡ ਦੇ ਇੱਕ ਕਿਸਾਨ ਅਨੂਪ ਸਿੰਘ ਦਾ ਕਹਿਣਾ ਹੈ ਕਿ ਜਿੰਨਾ ਕਿਸਾਨਾਂ ਵੱਲੋਂ 10 ਤੋਂ 15 ਸਾਲ ਪਹਿਲਾਂ ਜਾਮਣ ਦੀ ਖੇਤੀ ਸ਼ੁਰੂ ਕੀਤੀ ਗਈ ਸੀ ਉਹਨਾਂ ਸਫਲ ਕਿਸਾਨਾਂ ਨੂੰ ਵੇਖ ਕੇ ਪਿੰਡ ਦੇ ਹਰ ਇੱਕ ਕਿਸਾਨ ਵੱਲੋਂ ਜਾਮਣ ਦੀ ਖੇਤੀ ਸ਼ੁਰੂ ਕੀਤੀ ਗਈ।

ਅਨੂਪ ਸਿੰਘ
ਤਸਵੀਰ ਕੈਪਸ਼ਨ, ਅਨੂਪ ਸਿੰਘ ਆਪਣੇ ਜਾਮਣ ਦੇ ਬਾਗ਼ ਠੇਕੇ ਉੱਪਰ ਦਿੰਦੇ ਹਨ

ਉਨ੍ਹਾਂ ਕਿਹਾ, "ਪਿੰਡ ਵਿੱਚ ਸੇਮ ਆਉਣ ਕਾਰਨ ਨਰਮਾ ਅਤੇ ਕਣਕ ਦੀ ਖੇਤੀ ਕਈ ਸਾਲਾ ਲਈ ਬੰਦ ਹੋ ਗਈ ਸੀ। ਉਸ ਵਕਤ ਮਜ਼ਦੂਰ ਲੋਕ ਪਿੰਡ ਛੱਡ ਕੇ ਚਲੇ ਗਏ ਸਨ ਅਤੇ ਕਿਸਾਨਾਂ ਵੱਲੋਂ ਦੁਖੀ ਹੋ ਕੇ ਪਿੰਡ ਨੂੰ ਵੇਚਣ ਦੀ ਗੱਲ ਆਖੀ ਗਈ ਸੀ। ਪਰ ਹੁਣ ਜਾਮਣ ਅਤੇ ਅਮਰੂਦ ਦੀ ਖੇਤੀ ਨਾਲ ਕਿਸਾਨਾਂ ਨੂੰ ਚੰਗੀ ਕਮਾਈ ਹੁੰਦੀ ਹੈ।"

ਅਨੂਪ ਸਿੰਘ ਆਪਣੇ ਜਾਮਣ ਦੇ ਬਾਗ਼ ਠੇਕੇ ਉੱਪਰ ਦਿੰਦੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਜਾਮਣ ਦੀ ਖੇਤੀ ਉੱਪਰ ਕੋਈ ਬਹੁਤਾ ਖਰਚਾ ਨਹੀਂ ਹੁੰਦਾ, ਹੋਰ ਵੀ ਕਿਸਾਨਾਂ ਨੂੰ ਇਹ ਕਰਨਾ ਚਾਹੀਦਾ ਹੈ ਕਿਉਂਕਿ ਇਹ ਚਾਰ ਤੋਂ ਪੰਜ ਸਾਲ ਬਾਅਦ ਰੁੱਖ ਫ਼ਲ ਦੇਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਸ ਤੋਂ ਬਾਅਦ ਹਰੇਕ ਸਾਲ ਇਸ ਦੀ ਕਮਾਈ ਵਧਦੀ ਜਾਂਦੀ ਹੈ।"

ਕੀ ਹਨ ਮੁਖ ਰੁਕਾਵਟਾਂ ?

ਠੇਕੇਦਾਰ ਗੋਪੀ ਚੰਦ

ਤਸਵੀਰ ਸਰੋਤ, Kuldeep Brar/BBC

ਤਸਵੀਰ ਕੈਪਸ਼ਨ, ਠੇਕੇਦਾਰ ਗੋਪੀ ਚੰਦ ਦੱਸਦੇ ਹਨ ਕਿ ਇਸ ਵਾਰ ਭਾਰੀ ਬਾਰਿਸ਼ ਹੋਣ ਕਾਰਨ ਉਨ੍ਹਾਂ ਨੂੰ ਲਗਭਗ 10 ਲੱਖ ਦੇ ਕਰੀਬ ਨੁਕਸਾਨ ਹੋਇਆ ਹੈ

ਠੇਕੇਦਾਰ ਗੋਪੀ ਚੰਦ ਦੱਸਦੇ ਹਨ ਕਿ ਜਦੋਂ ਜਾਮਣ ਦੀ ਖੇਤੀ ਨਹੀਂ ਹੁੰਦੀ ਸੀ ਤਾਂ ਉਸ ਵਕਤ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚਲਦਾ ਹੁੰਦਾ ਸੀ।

ਉਹ ਕਹਿੰਦੇ ਹਨ, "ਹੁਣ ਘਰ ਦੇ ਹਾਲਾਤ ਤਾਂ ਬਦਲੇ ਹਨ ਪਰ ਅਜੇ ਵੀ ਸਾਨੂੰ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ ਕਿ ਇਸ ਵਾਰ ਭਾਰੀ ਬਾਰਿਸ਼ ਹੋਣ ਕਾਰਨ ਮੇਰਾ ਲਗਭਗ 10 ਲੱਖ ਦੇ ਕਰੀਬ ਨੁਕਸਾਨ ਹੋਇਆ ਹੈ।"

"ਇਸ ਤੋਂ ਇਲਾਵਾ ਮੰਡੀਕਰਨ ਦੀ ਵੀ ਸਾਨੂੰ ਕਾਫੀ ਸਮੱਸਿਆ ਆ ਰਹੀ ਹੈ। ਕਿਉਂਕਿ ਜਾਮਣ ਵੇਚਣ ਲਈ ਸਾਨੂੰ ਦਿੱਲੀ ਜਾਣਾ ਪੈਂਦਾ ਹੈ ਅਤੇ ਦਿੱਲੀ ਜਾਣ ਲਈ ਕਾਫੀ ਸਮਾਂ ਲੱਗਦਾ ਹੈ।"

ਠੇਕੇਦਾਰ ਰਘਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿੰਡ ਮੂਲਿਆਂ ਵਾਲੇ ਦੇ ਕਿਸਾਨਾਂ ਤੋਂ 25 ਏਕੜ ਦੇ ਕਰੀਬ ਜਾਮਨ ਦਾ ਬਾਗ 40 ਲੱਖ ਰੁਪਏ ਦੇ ਹਿਸਾਬ ਨਾਲ ਠੇਕੇ ਉੱਪਰ ਲਿਆ ਹੈ ਜਿਸ ਵਿੱਚ 90 ਆਦਮੀ ਕੰਮ ਕਰਦੇ ਹਨ।

ਉਹ ਕਹਿੰਦੇ ਹਨ, "ਇਸ ਵਿੱਚੋਂ ਸਾਨੂੰ ਤੀਸਰੇ ਹਿੱਸੇ ਦੇ ਕਰੀਬ ਮੁਨਾਫ਼ਾ ਹੋ ਜਾਂਦਾ ਹੈ। ਪਰ ਇਸ ਵਾਰ ਬਾਰਸ਼ਾਂ ਜ਼ਿਆਦਾ ਹੋਣ ਕਾਰਨ ਸਾਡੀ ਫ਼ਸਲ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਦਿੱਲੀ ਲਿਜਾਣ ਨਾਲ ਵੀ ਫ਼ਲ ਬਹੁਤ ਵਾਰੀ ਨਸ਼ਟ ਹੋ ਜਾਂਦਾ ਹੈ। ਜੇਕਰ ਇਸ ਦਾ ਸਾਡੇ ਨਜ਼ਦੀਕ ਮੰਡੀਕਰਨ ਹੁੰਦਾ ਹੈ ਤਾਂ ਸਾਨੂੰ ਉਸਦਾ ਕਾਫੀ ਲਾਭ ਹੋਵੇਗਾ।"

ਮਾਹਰ ਕੀ ਕਹਿੰਦੇ ਹਨ ?

ਰਾਮ ਕੁਮਾਰ

ਤਸਵੀਰ ਸਰੋਤ, Kuldeep Brar/BBC

ਤਸਵੀਰ ਕੈਪਸ਼ਨ, ਬਾਗਬਾਨੀ ਤਕਨੀਕੀ ਸਹਾਇਕ ਰਾਮ ਕੁਮਾਰ

ਬਾਗਬਾਨੀ ਤਕਨੀਕੀ ਸਹਾਇਕ ਰਾਮ ਕੁਮਾਰ ਦਾ ਕਹਿਣਾ ਹੈ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਸਭ ਤੋਂ ਪਹਿਲਾ ਜਾਮਣ ਦੇ ਬਾਗ ਪਿੰਡ ਮੂਲਿਆਂਵਾਲੇ ਵਿਖੇ ਲਗਾਏ ਗਏ ਹਨ। ਪਰ ਹੁਣ ਇਸ ਪਿੰਡ ਨੂੰ ਦੇਖਦੇ ਹੋਏ ਹੋਰਨਾਂ ਪਿੰਡਾਂ ਵੱਲੋਂ ਵੀ ਜਾਮਣ ਦੇ ਬਾਗ ਲਗਾਏ ਜਾ ਰਹੇ ਹਨ।

ਇਨ੍ਹਾਂ ਪਿੰਡਾਂ ਵਿੱਚ ਕਮਾਲ ਵਾਲਾ, ਝੋਟਿਆਂ ਵਾਲਾ ਅਤੇ ਅਰਨੀ ਵਾਲਾ ਵਰਗੇ ਪਿੰਡ ਸ਼ਾਮਲ ਹਨ।

ਰਾਮ ਕਹਿੰਦੇ ਹਨ ਇਸ ਤੋਂ ਪਹਿਲਾਂ ਪੰਜਾਬ ਵਿੱਚ ਕਿਤੇ ਵੀ ਜਾਮਣ ਦੇ ਬਾਗ ਲਗਾਉਣ ਦਾ ਰਿਵਾਜ ਨਹੀਂ ਸੀ।

ਜਾਮਣ

ਤਸਵੀਰ ਸਰੋਤ, Kuldeep Brar/BBC

ਤਸਵੀਰ ਕੈਪਸ਼ਨ, ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਾਮਣਾਂ ਦੀ ਕੌਕਨ ਵਰਾਇਟੀ ਤਿਆਰ ਕੀਤੀ ਗਈ ਹੈ

ਉਹ ਦੱਸਦੇ ਹਨ ਕਿ ਹਰ ਬੂਟੇ ਪਿੱਛੇ 5-8 ਹਾਜ਼ਰ ਦੀ ਕਮਾਈ ਹੋ ਜਾਂਦੀ ਹੈ।

ਉਨ੍ਹਾਂ ਕਿਹਾ, " ਜਾਮਣ ਦਾ ਬੂਟਾ ਪੰਜ ਤੋਂ ਛੇ ਸਾਲ ਦੀ ਉਮਰ ਵਿੱਚ ਫਲ ਦੇਣਾ ਸ਼ੁਰੂ ਕਰਦਾ ਹੈ ਅਤੇ ਅੱਠ ਸਾਲ ਤੱਕ ਪੂਰਾ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ।"

"ਇੱਕ ਏਕੜ ਵਿੱਚ 50 ਦੇ ਕਰੀਬ ਜਾਮਣ ਦੇ ਬੂਟੇ ਲਗਾਏ ਜਾ ਸਕਦੇ ਹਨ ਅਤੇ ਜਾਮਣ ਦੇ ਬੂਟਿਆਂ ਨੂੰ 30 ਫੁੱਟ ਦੀ ਦੂਰੀ ਤੇ ਲਗਾਇਆ ਜਾਂਦਾ ਹੈ। ਇਸ ਦੇ ਬੂਟੇ ਉੱਪਰ ਬਿਮਾਰੀ ਦਾ ਵੀ ਕੋਈ ਬਹੁਤਾ ਅਟੈਕ ਨਹੀਂ ਹੁੰਦਾ।"

ਉਹ ਇਹ ਵੀ ਦੱਸਦੇ ਹਨ ਕਿ ਜਿਹੜੇ ਕਿਸਾਨ ਬਾਗ ਲਗਾਉਂਦੇ ਹਨ ਤਾਂ ਸਰਕਾਰ ਵੱਲੋਂ 12 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਸਬਸਿਡੀ ਵੀ ਦਿੱਤੀ ਜਾਂਦੀ ਹੈ ਅਤੇ ਇੱਕ ਕਿਸਾਨ ਨੂੰ ਵੱਧ ਤੋਂ ਵੱਧ ਪੰਜ ਕਿੱਲਿਆਂ ਉੱਪਰ ਸਬਸਿਡੀ ਦਿੱਤੀ ਜਾ ਸਕਦੀ ਹੈ।

ਰਾਮ ਨੇ ਅੱਗੇ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਾਮਣਾਂ ਦੀ ਕੌਕਨ ਵਰਾਇਟੀ ਤਿਆਰ ਕੀਤੀ ਗਈ ਹੈ।

ਇਸ ਵਰਾਇਟੀ ਬਾਰੇ ਦੱਸਦੇ ਉਨ੍ਹਾਂ ਨੇ ਕਿਹਾ, "ਇਸ ਦਾ ਝਾੜ ਵੀ ਵਧੀਆ ਹੈ ਅਤੇ ਇਨ੍ਹਾਂ ਤੋਂ ਨਿਕਲੇ ਫ਼ਲਾਂ ਦੀ ਮੁਨਿਆਦ ਵੀ ਜਿਆਦਾ ਹੁੰਦੀ ਹੈ।"

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)