ਪੰਜਾਬ ਦੇ ਕਿਸਾਨਾਂ ਨੂੰ ਚਿੰਤਾ ਵਿੱਚ ਪਾਉਣ ਵਾਲਾ ਬੌਣਾ ਵਾਇਰਸ ਕੀ ਹੈ ਤੇ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ

ਪਰਮਜੀਤ ਸਿੰਘ
ਤਸਵੀਰ ਕੈਪਸ਼ਨ, ਪਰਮਜੀਤ ਸਿੰਘ ਦੀ 8 ਏਕੜ ਫ਼ਸਲ ਖ਼ਰਾਬ ਹੋ ਗਈ ਹੈ
    • ਲੇਖਕ, ਹਰਮਨਦੀਪ ਸਿੰਘ, ਬੀਬੀਸੀ ਪੱਤਰਕਾਰ
    • ਰੋਲ, ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਚਾਵਲਾ ਅਤੇ ਰੋਪੜ ਤੋਂ ਬਿਮਲ ਸੈਣੀ, ਬੀਬੀਸੀ ਸਹਿਯੋਗੀ

"ਕਿਸਾਨ ਪਹਿਲਾਂ ਹੀ ਕਰਜੇ ਹੇਠ ਹੈ। ਗਰਮੀ 'ਚ ਪਾਣੀ ਪਾ-ਪਾ ਕੇ ਖੇਤ ਤਿਆਰ ਕਰਦੇ ਹਾਂ, ਹੁਣ ਜਦੋਂ ਫਸਲ ਹੀ ਨਾ ਹੋਵੇ ਤਾਂ ਕੀ ਕਰੀਏ?"

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪਰਮਜੀਤ ਨੇ ਸਰਕਾਰ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ।

ਜ਼ਿਲ੍ਹਾ ਰੋਪੜ ਦੇ ਪਿੰਡ ਨੰਗਲ ਦੇਸ ਦੇ ਰਹਿਣ ਵਾਲੇ ਕਿਸਾਨ ਪਰਮਜੀਤ ਸਿੰਘ ਦੀ ਫ਼ਸਲ ʼਤੇ ਬੌਣਾ ਵਾਇਰਸ ਦੀ ਮਾਰ ਪਈ ਹੋਈ ਹੈ।

ਦਰਅਸਲ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਝੋਨੇ ਨੂੰ ਬੌਣਾ ਵਾਇਰਸ ਦੀ ਮਾਰ ਪਈ ਹੈ। ਰੋਪੜ, ਮੁਹਾਲੀ, ਪਠਾਨਕੋਟ ਅਤੇ ਫਤਿਹਗੜ੍ਹ ਜ਼ਿਲ੍ਹੇ ਦੇ ਕਈ ਏਕੜਾਂ ਵਿੱਚ ਫ਼ਸਲ ਇਸ ਪ੍ਰਭਾਵ ਹੇਠ ਹੈ ਜਦਕਿ ਪੰਜਾਬ ਦੇ ਕਈ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਇਸ ਦੀ ਮੌਜੂਦਗੀ ਦਰਜ ਕੀਤੀ ਗਈ ਹੈ।

ਪਰਮਜੀਤ ਸਿੰਘ ਮੁਤਾਬਕ ਉਨ੍ਹਾਂ ਨੇ 13 ਏਕੜ ਵਿੱਚ ਉਹ ਫ਼ਸਲ ਲਗਾਈ ਸੀ ਅਤੇ ਜਿਸ ਵਿੱਚ ਅੱਠ ਏਕੜ ਖ਼ਰਾਬ ਹੋ ਗਈ ਹੈ।

ਉਹ ਦੱਸਦੇ ਹਨ, "ਚਾਰ ਸਾਲ ਪਹਿਲਾਂ ਵੀ ਇਹ ਵਾਇਰਸ ਮੇਰੀ ਫ਼ਸਲ ʼਤੇ ਫੈਲਿਆ ਸੀ ਅਤੇ ਮੇਰੀ 4 ਏਕੜ ਫ਼ਸਲ ਖ਼ਰਾਬ ਹੋ ਗਈ ਸੀ। ਉਦੋਂ ਜ਼ਰ ਲਿਆ ਸੀ ਹੁਣ ਨਹੀਂ ਜ਼ਰਿਆ ਜਾਣਾ। ਸਰਕਾਰ ਨੂੰ ਸਾਡੀ ਬਾਂਹ ਫੜ੍ਹਨੀ ਚਾਹੀਦੀ ਹੈ।"

ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਸੁਝਾਈਆਂ ਗਈਆਂ ਦਵਾਈਆਂ ਦੀ ਸਪਰੇਅ ਵੀ ਕੀਤੀ ਗਈ ਹੈ।

ਝੋਨਾ
ਤਸਵੀਰ ਕੈਪਸ਼ਨ, ਇਸ ਕਾਰਨ ਬੂਟੇ ਦਾ ਲਕਦ ਮਧਰਾ ਰਹਿ ਜਾਂਦਾ ਹੈ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੁਤਾਬਕ ਰੋਪੜ, ਮੁਹਾਲੀ, ਫਤਿਹਗੜ੍ਹ ਅਤੇ ਪਠਾਨਕੋਟ ਤੋਂ ਬਿਨਾਂ ਹੋਰਨਾਂ ਜ਼ਿਲ੍ਹਿਆਂ ਵਿੱਚ ਸਿਰਫ਼ ਗਿਣਤੀ ਦੇ ਬੂਟੇ ਹੀ ਬੌਣਾ ਵਾਇਰਸ ਤੋਂ ਪੀੜਤ ਹਨ।

ਝੋਨੇ ਦੀ ਫ਼ਸਲ ਉੱਤੇ ਇਸ ਵਾਇਰਸ ਦਾ ਹਮਲਾ ਹੋਣ ਮਗਰੋਂ ਕਿਸਾਨ ਚਿੰਤਾ ਵਿੱਚ ਹਨ।

ਉੱਧਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਠੀਕਰੀਵਾਲ ਗੁਰਾਇਆ ਦੇ ਰਹਿਣ ਵਾਲੇ ਕਿਸਾਨ ਗੁਰਜੀਤ ਸਿੰਘ ਨੇ 11 ਏਕੜ ਵਿੱਚ ਝੋਨੇ ਦੀ ਬਿਜਾਈ ਕੀਤੀ ਹੈ ਪਰ ਇਸ ਵਾਇਰਸ ਕਾਰਨ ਉਨ੍ਹਾਂ ਦੀ ਵੀ ਚਿੰਤਾ ਵਧੀ ਹੋਈ ਹੈ।

ਗੁਰਜੀਤ ਸਿੰਘ ਦੱਸਦੇ ਹਨ, "ਬੂਟੇ ਮਧਰੇ ਰਹਿ ਗਏ ਹਨ ਅਤੇ ਜੜ੍ਹਾਂ ਵੀ ਘੱਟ ਡੂੰਘੀਆਂ ਹਨ। ਜਦੋਂ ਮੈਂ ਇਸ ਬਾਰੇ ਵਿਭਾਗ ਨੂੰ ਦੱਸਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹੇ ਬੂਟੇ ਪੁੱਟ ਕੇ ਜ਼ਮੀਨ ਵਿੱਚ ਦੱਬ ਦਿੱਤੇ ਜਾਣ। ਅਜਿਹਾ ਕਰਨ ਦੇ ਬਾਵਜੂਦ ਵੀ ਵਾਇਰਸ ਫੈਲਦਾ ਜਾ ਰਿਹਾ ਹੈ। ਮੇਰੀ ਕਰੀਬ 10 ਫੀਸਦ ਫ਼ਸਲ ਹੁਣ ਤੱਕ ਨੁਕਸਾਨੀ ਗਈ ਹੈ।"

ਹਾਲਾਂਕਿ ਇਸ ਸਬੰਧੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਰੋਪੜ ਜ਼ਿਲ੍ਹੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ।

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ
ਤਸਵੀਰ ਕੈਪਸ਼ਨ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪ੍ਰਭਾਵਿਤ ਫ਼ਸਲਾਂ ਦਾ ਜਾਇਜ਼ਾ ਲਿਆ

ਖੇਤੀਬਾੜੀ ਮੰਤਰੀ ਦਾ ਦੌਰਾ ਤੇ ਵਾਅਦੇ

ਵੀਡੀਓ ਕੈਪਸ਼ਨ, ਪੰਜਾਬ ਦੇ ਕਿਸਾਨਾਂ ਨੂੰ ਚਿੰਤਾ ਵਿੱਚ ਪਾਉਣ ਵਾਲਾ ਬੌਣਾ ਵਾਇਰਸ ਕੀ ਹੈ ਤੇ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ

ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਵਿਭਾਗ ਦੇ ਮਾਹਰਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਰੂਪਨਗਰ ਨੇ ਮਿਲ ਕੇ ਪਿੰਡ ਅਸਮਾਨਪੁਰ ਅਤੇ ਹੋਰ ਖੇਤਰਾਂ ਵਿੱਚ ਨਿਰੀਖਣ ਕੀਤਾ ਹੈ।

ਉਨ੍ਹਾਂ ਕਿਹਾ, "ਜ਼ਿਲ੍ਹੇ ਵਿੱਚ ਸਭ ਤੋਂ ਵੱਧ ਰਕਬਾ ਇਸ ਵਾਇਰਸ ਨਾਲ ਪ੍ਰਭਾਵਿਤ ਹੋਇਆ ਹੈ, ਪਰ ਮਾਹਰਾਂ ਦੀ ਸਲਾਹ ਨਾਲ ਖੇਤੀਬਾੜੀ ਵਿਭਾਗ ਵੱਲੋਂ ਤੁਰੰਤ ਉਪਰਾਲੇ ਕੀਤੇ ਜਾ ਰਹੇ ਹਨ।"

ਮੰਤਰੀ ਨੇ ਇਹ ਵੀ ਦੱਸਿਆ ਕਿ "ਬਿਮਾਰੀ ਇਸ ਵੇਲੇ ਕਾਬੂ ਹੇਠ ਹੈ" ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤਾਂ ਦਾ ਨਿਰੀਖਣ ਤੇ ਸਹੀ ਕੀਟਨਾਸ਼ਕਾਂ ਦੀ ਵਰਤੋਂ ਲਾਜ਼ਮੀ ਕੀਤੀ ਜਾ ਰਹੀ ਹੈ।

ਉਨ੍ਹਾਂ ਅੰਤ ਵਿੱਚ ਦੱਸਿਆ ਕਿ ਪ੍ਰਭਾਵਿਤ ਖੇਤਾਂ ਦੇ ਨਮੂਨੇ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਭੇਜੇ ਗਏ ਹਨ, ਜਿੱਥੇ ਪੁਸ਼ਟੀ ਉਪਰੰਤ ਹੋਰ ਪੱਕੇ ਕਦਮ ਚੁੱਕੇ ਜਾਣਗੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਹੰਗਾਮੀ ਮੀਟਿੰਗ ਕਰਨਗੇ ਅਤੇ ਆਪਣੀ ਨਿਗਰਾਨੀ ਹੇਠ ਇਸ ਸਬੰਧੀ ਹੱਲ ਕੱਢਵਾਉਣ ਦੀ ਕੋਸ਼ਿਸ਼ ਕਰਨਗੇ।

ਇਸ ਵਾਇਰਸ ਬਾਰੇ ਜਾਣਕਾਰੀ ਇਕੱਠੀ ਕਰਨ ਵਾਸਤੇ ਬੀਬੀਸੀ ਪੰਜਾਬੀ ਨੇ ਪੰਜਾਬ ਯੂਨੀਵਰਸਿਟੀ, ਲੁਧਿਆਣਾ ਦੇ ਮਾਹਰ ਵਿਗਿਆਨੀ ਨਾਲ ਗੱਲ ਕੀਤੀ।

ਰਾਕੇਸ਼ ਕੁਮਾਰ ਸ਼ਰਮਾ

ਬੌਣਾ ਵਾਇਰਸ ਕੀ ਹੈ

ਇਸ ਵਾਇਰਸ ਦਾ ਅੰਗਰੇਜ਼ੀ ਨਾਮ ਸਾਊਦਰਨ ਰਾਈਸ ਬਲੈਕ-ਸਟਰਿਕਡ ਡਵਾਰਫ ਵਾਇਰਸ (ਐੱਸਆਰਬੀਐੱਸਡੀਵੀ) ਹੈ। ਇਸ ਵਾਇਰਸ ਦਾ ਜਨਮ ਚੀਨ ਵਿੱਚ ਹੋਇਆ ਹੈ।

ਇਸ ਵਾਇਰਸ ਦੀ ਲਪੇਟ ਵਿੱਚ ਆਏ ਬੂਟਿਆਂ ਦਾ ਕੱਦ ਮਧਰਾ ਜਾਂ ਬੌਣਾ ਰਹਿ ਜਾਂਦਾ ਹੈ। ਇਸ ਲਈ ਇਸਨੂੰ ਬੌਣਾ ਵਾਇਰਸ ਵੀ ਕਿਹਾ ਜਾਂਦਾ ਹੈ।

ਜ਼ਿਲ੍ਹਾ ਰੋਪੜ ਦੇ ਮੁੱਖ ਖੇਤੀਬਾੜੀ ਅਫ਼ਸਰ ਰਾਕੇਸ਼ ਕੁਮਾਰ ਸ਼ਰਮਾ ਮੁਤਾਬਕ ਖੇਤੀਬਾੜੀ ਯੂਨੀਵਰਸਿਟੀ ਨਾਲ ਮਿਲ ਕੇ ਵਾਇਰਸ ਦੀ ਮੋਨੀਟਰਿੰਗ ਚੱਲ ਰਹੀ ਹੈ। "ਘਬਰਾਉਣ ਦੀ ਲੋੜ ਨਹੀਂ। ਜੇ ਨੁਕਸਾਨ 5 ਤੋਂ 10 ਫੀਸਦੀ ਹੈ ਤਾਂ ਇਹ ਕਾਬੂ ਹੋ ਸਕਦਾ ਹੈ।"

ਉਹ ਦੱਸਦੇ ਹਨ ਕਿ ਜਿਨ੍ਹਾਂ ਨੇ ਜੂਨ ਦੇ ਪਹਿਲੇ ਹਫਤੇ ਵਿੱਚ ਝੋਨਾ ਲਾਇਆ ਸੀ, ਉਨ੍ਹਾਂ ਦੀ ਫ਼ਸਲ ਵਧੇਰੇ ਪ੍ਰਭਾਵਿਤ ਹੋਈ ਹੈ। ਵਾਇਰਸ ਦਾ ਹਮਲਾ ਪੀਆਰ 128, ਪੀਆਰ 131 ਅਤੇ ਪੀਆਰ 132 ਕਿਸਮ ਦੀਆਂ ਫਸਲਾਂ ਵਿੱਚ ਜ਼ਿਆਦਾ ਨਜ਼ਰ ਆ ਰਿਹਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਪਲਾਂਟ ਪੈਥੋਲੋਜੀ ਵਿਭਾਗ ਦੇ ਮੁਖੀ ਡਾ. ਪੀਐੱਸ ਸੰਧੂ ਨੇ ਦੱਸਿਆ ਕਿ ਪਹਿਲੀ ਵਾਰੀ ਇਸ ਵਾਇਰਸ ਦੀ ਮੌਜੂਦਗੀ ਚੀਨ ਵਿੱਚ ਦਰਜ ਕੀਤੀ ਗਈ ਸੀ ਅਤੇ ਕਈ ਸਾਲਾਂ ਵਿੱਚ ਇਹ ਚੀਨ ਤੱਕ ਹੀ ਸੀਮਤ ਰਹੀ।

"ਪਰ ਸਾਲ 2022 ਵਿੱਚ ਇਸ ਵਾਇਰਸ ਨੇ ਭਾਰਤ ਵਿੱਚ ਵੀ ਝੋਨੇ ਦੀ ਫ਼ਸਲ ਉੱਤੇ ਹਮਲਾ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇਸ਼ ਦੀ ਅਜਿਹੀ ਪਹਿਲੀ ਯੂਨੀਵਰਸਿਟੀ ਜਾਂ ਸੰਸਥਾ ਸੀ ਜਿਸ ਨੇ ਭਾਰਤ ਵਿੱਚ ਵੀ ਇਸ ਵਾਇਰਸ ਦੇ ਝੋਨੇ ਉੱਪਰ ਹਮਲਾ ਕਰਨ ਦੀ ਗੱਲ ਸਾਹਮਣੇ ਲਿਆਂਦੀ ਸੀ।"

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਲ 2023 ਦੇ ਜੁਲਾਈ ਮਹੀਨੇ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਵਿੱਚ ਦੱਸਿਆ ਸੀ ਕਿ ਸਾਲ 2022 ਵਿੱਚ ਝੋਨੇ ਅਧੀਨ ਲਗਭਗ 34,000 ਹੈਕਟੇਅਰ ਰਕਬੇ ਉੱਤੇ ਇਸ ਵਾਇਰਸ ਦੀ ਮਾਰ ਪਈ ਸੀ।

ਪੀਐੱਸ ਸੰਧੂ ਨੇ ਕਿਹਾ, "ਹੁਣ ਦੂਜੀ ਵਾਰ ਪੰਜਾਬ ਵਿੱਚ ਬੌਣੇ ਵਾਇਰਸ ਦੀ ਮਾਰ ਪਈ ਹੈ।"

ਡਾ. ਪੀਐੱਸ ਸੰਧੂ

ਵਾਇਰਸ ਦੇ ਲੱਛਣ ਅਤੇ ਪ੍ਰਭਾਵ ਕੀ ਹਨ?

ਇਸ ਬਿਮਾਰੀ ਦੇ ਖ਼ਾਸ ਲੱਛਣਾਂ ਬਾਰੇ ਦੱਸਦਿਆਂ, ਡਾ. ਸੰਧੂ ਨੇ ਕਿਹਾ ਕਿ ਇਸ ਵਾਇਰਸ ਤੋਂ ਪ੍ਰਭਾਵਿਤ ਝੋਨੇ ਦੇ ਬੂਟਿਆਂ ਦਾ ਵਿਕਾਸ ਰੁਕ ਜਾਂਦਾ ਹੈ। ਜਿਸ ਕਾਰਨ ਇਨ੍ਹਾਂ ਬੂਟਿਆਂ ਤੋਂ ਝੋਨੇ ਦਾ ਝਾੜ ਵੀ ਘੱਟ ਜਾਂਦਾ ਹੈ।

"ਇਸ ਵਾਇਰਸ ਦੀ ਮਾਰ ਅਧੀਨ ਬੂਟਿਆਂ ਦੀ ਲੰਬਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਗੰਭੀਰ ਮਾਰ ਹੇਠ ਬੂਟਿਆਂ ਦੀ ਲੰਬਾਈ ਤੀਜਾ ਹਿੱਸਾ ਰਹਿ ਜਾਂਦੀ ਹੈ।"

ਇਹ ਵੀ ਪੜ੍ਹੋ-

ਵਾਇਰਸ ਦੀ ਕੀ ਪਛਾਣ ਹੈ?

ਡਾ. ਸੰਧੂ ਨੇ ਦੱਸਿਆ ਕਿ ਇਸ ਵਾਇਰਸ ਤੋਂ ਪ੍ਰਭਾਵਿਤ ਬੂਟਿਆਂ ਦਾ ਕੱਦ ਇੱਕ ਤਾਂ ਆਮ ਬੂਟਿਆਂ ਨਾਲੋਂ ਅੱਧਾ ਜਾਂ ਤੀਜਾ ਹਿੱਸਾ ਹੁੰਦਾ ਹੈ। ਦੂਜਾ ਇਹ ਬੂਟੇ ਦੇਖਣ ਵਿੱਚ ਝਾੜੀਆਂ ਵਰਗੇ ਨਜ਼ਰ ਆਉਂਦੇ ਹਨ।

ਇਸ ਤੋਂ ਇਲਾਵਾ ਇਸ ਵਾਇਰਸ ਦੀ ਮਾਰ ਹੇਠ ਆਏ ਬੂਟਿਆਂ ਦੇ ਪੱਤੇ ਪਤਲੇ ਅਤੇ ਨੁਕੀਲੇ ਹੁੰਦੇ ਹਨ। ਬਿਮਾਰ ਬੂਟੇ ਇਕਸਾਰ ਨਹੀਂ ਹੁੰਦੇ ਸਗੋਂ ਤੰਦਰੁਸਤ ਬੂਟਿਆਂ ਵਿੱਚ ਇੱਕ ਅੱਧਾ ਬੂਟਾ ਬਿਮਾਰ ਹੁੰਦਾ ਹੈ।

ਪੌਦਾ ਵਿਗਿਆਨੀ ਡਾ. ਸੰਧੂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਬੂਟੇ ਦਾ ਕੱਦ ਮਧਰਾ ਰਹਿਣ ਦਾ ਹਰ ਵਾਰੀ ਮਤਲਬ ਵਾਇਰਸ ਦਾ ਹਮਲਾ ਨਹੀਂ ਹੁੰਦਾ। ਕਈ ਵਾਰੀ ਝੋਨੇ ਦਾ ਬੂਟਾ ਜਿੰਕ ਜਾਂ ਹੋਰ ਪੋਸ਼ਟਿਕ ਤੱਤਾਂ ਦੀ ਘਾਟ ਕਾਰਨ ਵੀ ਮਧਰਾ ਰਹਿ ਜਾਂਦਾ ਹੈ।

ਝੋਨਾ
ਤਸਵੀਰ ਕੈਪਸ਼ਨ, ਵਾਇਰਸ ਦੀ ਮਾਰ ਹੇਠ ਆਏ ਬੂਟਿਆਂ ਦੇ ਪੱਤੇ ਪਤਲੇ ਅਤੇ ਨੁਕੀਲੇ ਹੁੰਦੇ ਹਨ

ਵਾਇਰਸ ਕਿਵੇਂ ਫੈਲਦਾ ਹੈ?

ਡਾ. ਸੰਧੂ ਨੇ ਦੱਸਿਆ ਕਿ ਇਹ ਵਾਇਰਸ ਟਿੱਡਿਆਂ ਰਾਹੀਂ ਫੈਲਦਾ ਹੈ। ਜਦੋਂ ਇੱਕ ਟਿੱਡਾ ਝੋਨੇ ਦੇ ਬਿਮਾਰ ਬੂਟੇ ਤੋਂ ਰਸ ਚੂਸ ਕੇ ਤੰਦਰੁਸਤ ਬੂਟੇ ਉੱਤੇ ਬੈਠਦਾ ਹੈ ਜਾਂ ਉਸ ਬੂਟੇ ਤੋਂ ਰਸ ਚੂਸਦਾ ਹੈ ਤਾਂ ਇਹ ਵਾਇਰਸ ਫੈਲਦਾ ਹੈ।

ਚਿੱਟੀ ਪਿੱਠ ਵਾਲਾ ਟਿੱਡਾ, ਜਿਸ ਨੂੰ ਵ੍ਹਾਈਟ ਬੈਕਡ ਪਲਾਂਟ ਹੌਪਰ ਵੀ ਕਿਹਾ ਜਾਂਦਾ ਹੈ, ਇੱਕ ਝੋਨੇ ਦਾ ਕੀਟ ਹੈ। ਇਹ ਟਿੱਡਾ ਝੋਨੇ ਤੋਂ ਰਸ ਚੂਸਦਾ ਹੈ ਇਸ ਲਈ ਇਸ ਟਿੱਡੇ ਰਾਹੀਂ ਹੀ ਇਹ ਵਾਇਰਸ ਝੋਨੇ ਨੂੰ ਫੈਲਦਾ ਹੈ।

ਡਾ. ਸੰਧੂ ਨੇ ਜਾਣਕਾਰੀ ਦਿੱਤੀ ਕਿ ਇਸ ਤੋਂ ਇਲਾਵਾ ਕਈ ਵਾਰੀ ਇਹ ਵਾਇਰਸ ਝੋਨੇ ਨੂੰ ਝੋਨੇ ਦੀ ਪਨੀਰੀ ਰਾਹੀਂ ਵੀ ਫੈਲ ਜਾਂਦਾ ਹੈ।

ਉਨ੍ਹਾਂ ਨੇ ਦੱਸਿਆ, "ਜਦੋਂ ਝੋਨੇ ਦੀ ਫ਼ਸਲ ਨਹੀਂ ਹੁੰਦੀ ਤਾਂ ਇਹ ਵਾਇਰਸ ਕਈ ਵਾਰੀ ਘਾਹ-ਬੂਟੀ ਵਿੱਚ ਰਹਿ ਜਾਂਦਾ ਹੈ। ਫਿਰ ਜਦੋਂ ਕੋਈ ਟਿੱਡਾ ਇਸ ਘਾਹ-ਬੂਟੀ ਤੋਂ ਝੋਨੇ ਦੀ ਪਨੀਰੀ ਉੱਤੇ ਬੈਠਦਾ ਹੈ ਤਾਂ ਇਹ ਵਾਇਰਸ ਉਸ ਪਨੀਰੀ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ।"

ਉਨ੍ਹਾਂ ਦੱਸਿਆ ਕਿ ਇਸ ਵਾਇਰਸ ਤੋਂ ਪੀੜਤ ਝੋਨੇ ਦੀ ਪਨੀਰੀ ਵਿੱਚ ਛੋਟੇ ਬੂਟਿਆਂ ਦੀ ਪਛਾਣ ਕਰਨੀ ਹੁੰਦੀ ਹੈ।

ਝੋਨਾ
ਤਸਵੀਰ ਕੈਪਸ਼ਨ, ਡਾ. ਸੰਧੂ ਨੇ ਜਾਣਕਾਰੀ ਦਿੱਤੀ ਕਿ ਇਸ ਤੋਂ ਇਲਾਵਾ ਕਈ ਵਾਰੀ ਇਹ ਵਾਇਰਸ ਝੋਨੇ ਨੂੰ ਝੋਨੇ ਦੀ ਪਨੀਰੀ ਰਾਹੀਂ ਵੀ ਫੈਲ ਜਾਂਦਾ ਹੈ

ਵਾਇਰਸ ਕਦੋਂ ਫੈਲਦਾ ਹੈ?

ਡਾਕਟਰ ਸੰਧੂ ਨੇ ਦੱਸਿਆ ਕਿ ਜਦੋਂ ਝੋਨੇ ਦਾ ਬੂਟਾ ਟਿਲਰਿੰਗ ਸਟੇਜ ਉੱਤੇ ਹੁੰਦਾ ਹੈ ਤਾਂ ਉਦੋਂ ਇਹ ਵਾਇਰਸ ਝੋਨੇ ਦੇ ਬੂਟੇ ਉੱਤੇ ਹਮਲਾ ਕਰਦਾ ਹੈ। ਇਸ ਸਟੇਜ ਵਿੱਚ ਬੂਟੇ ਦੀ ਉਮਰ 20-25 ਦਿਨ ਦੀ ਹੁੰਦੀ ਹੈ।

ਕਈ ਵਾਰੀ ਜਦੋਂ ਝੋਨੇ ਦਾ ਬੂਟਾ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦਾ ਹੈ ਤਾਂ ਵੀ ਇਸ ਵਾਇਰਸ ਦਾ ਹਮਲਾ ਝੋਨੇ ਦੇ ਬੂਟੇ ਉੱਤੇ ਹੋ ਜਾਂਦਾ ਹੈ। ਪਰ ਇਸ ਸਟੇਜ ਉੱਤੇ ਇਸ ਵਾਇਰਸ ਦਾ ਝੋਨੇ ਦੇ ਬੂਟੇ ਉੱਤੇ ਕੋਈ ਵੀ ਪ੍ਰਭਾਵ ਨਹੀਂ ਪੈਂਦਾ।

ਬਚਾਅ ਕਿਵੇਂ ਕੀਤਾ ਜਾ ਸਕਦਾ ਹੈ?

ਡਾਕਟਰ ਸੰਧੂ ਨੇ ਦੱਸਿਆ ਕਿ ਇਸ ਵਾਇਰਸ ਦਾ ਇਲਾਜ ਮੌਜੂਦ ਨਹੀਂ ਹੈ ਪਰ ਫਿਰ ਵੀ ਇਸ ਤੋਂ ਬਚਾਅ ਕੀਤਾ ਜਾ ਸਕਦਾ।

ਉਹ ਦੱਸਦੇ ਹਨ, "ਇਸ ਵਾਇਰਸ ਨੂੰ ਖ਼ਤਮ ਕਰਨ ਦਾ ਕੋਈ ਤਰੀਕਾ ਨਹੀਂ ਹੈ ਪਰ ਇਸ ਨੂੰ ਆਸਾਨੀ ਨਾਲ ਫੈਲਣ ਤੋਂ ਰੋਕਿਆ ਜਾ ਸਕਦਾ ਹੈ।"

"ਇਸ ਵਾਇਰਸ ਨੂੰ ਚਿੱਟੀ ਪਿੱਠ ਵਾਲਾ ਟਿੱਡਾ ਬਿਮਾਰ ਬੂਟੇ ਤੋਂ ਤੰਦਰੁਸਤ ਬੂਟਿਆਂ ਬੂਟੇ ਉੱਤੇ ਲੈ ਕੇ ਜਾਂਦੇ ਹਨ। ਇਸ ਲਈ ਇਸ ਕੀਟ ਨੂੰ ਖ਼ਤਮ ਕਰਨ ਵਾਲੀਆਂ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਕਰ ਕੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।"

ਝੋਨਾ
ਤਸਵੀਰ ਕੈਪਸ਼ਨ, ਕਈ ਵਾਰੀ ਜਦੋਂ ਝੋਨੇ ਦਾ ਬੂਟਾ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦਾ ਹੈ ਤਾਂ ਵੀ ਇਸ ਵਾਇਰਸ ਦਾ ਹਮਲਾ ਝੋਨੇ ਦੇ ਬੂਟੇ ਉੱਤੇ ਹੋ ਜਾਂਦਾ ਹੈ

ਕਿਸਾਨ ਕਿਹੜੀ ਸਾਵਧਾਨੀ ਵਰਤਣ

ਡਾ. ਸੰਧੂ ਨੇ ਦੱਸਿਆ ਕਿ ਜੇਕਰ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਝੋਨੇ ਦੇ ਬੂਟਿਆਂ ਦਾ ਕੱਦ ਛੋਟਾ ਨਜ਼ਰ ਆਉਂਦਾ ਹੈ ਤਾਂ ਉਹ ਉਨਾ ਬੂਟਿਆਂ ਨੂੰ ਹਿਲਾਉਣ।

ਜੇਕਰ ਹਿਲਾਉਣ ਉੱਤੇ ਚਿੱਟੀ ਪਿੱਠ ਵਾਲਾ ਟਿੱਡਾ ਹੇਠਾਂ ਡਿੱਗਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਇਸ ਵਾਇਰਸ ਦਾ ਹਮਲਾ ਹੋ ਸਕਦਾ ਹੈ ਜਾਂ ਹਮਲਾ ਹੋਣ ਦੀ ਸੰਭਾਵਨਾ ਹੈ। ਅਜਿਹੇ ਹਾਲਾਤਾਂ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਦੀ ਰੋਕਥਾਮ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਦਵਾਈਆਂ ਦੀ ਸਪਰੇਅ ਕਰਨ।

ਇਸ ਤੋਂ ਇਲਾਵਾ ਜੇਕਰ ਝੋਨੇ ਦੀ ਪਨੀਰੀ ਵਿੱਚ ਵੀ ਚਿੱਟੀ ਪਿੱਠ ਵਾਲਾ ਟਿੱਡਾ ਨਜ਼ਰ ਆਉਂਦਾ ਹੈ ਤਾਂ ਵੀ ਇਸ ਕੀਟ ਦੀ ਰੋਕਥਾਮ ਵਾਲੀ ਪਨੀਰੀ ਉੱਤੇ ਸਪਰੇਅ ਕੀਤੀ ਜਾਵੇ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)