ਭਾਰਤ 'ਚ ਮਿਲਿਆ ਅਜਿਹਾ ਦੁਰਲੱਭ ਬਲੱਡ ਗਰੁੱਪ ਜੋ ਅੱਜ ਤੱਕ ਕਿਤੇ ਵੀ ਨਹੀਂ ਮਿਲਿਆ, ਅਜਿਹੇ ਮਰੀਜ਼ ਨਾਲ ਐਮਰਜੈਂਸੀ ਦੀ ਸਥਿਤੀ ਵਿੱਚ ਕੀ ਹੋ ਸਕਦਾ

ਤਸਵੀਰ ਸਰੋਤ, Getty Images
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਹਿੰਦੀ ਲਈ ਬੰਗਲੁਰੂ ਤੋਂ
ਤੁਸੀਂ 'ਏ', 'ਬੀ', 'ਓ' ਅਤੇ 'ਆਰਐਚ' ਵਰਗੇ ਬਲੱਡ ਗਰੁੱਪਾਂ ਬਾਰੇ ਸੁਣਿਆ ਹੋਵੇਗਾ। ਇਨ੍ਹਾਂ ਤੋਂ ਇਲਾਵਾ, ਕੁਝ ਦੁਰਲੱਭ ਬਲੱਡ ਗਰੁੱਪ ਵੀ ਹੁੰਦੇ ਹਨ। ਪਰ ਹੁਣ ਭਾਰਤ ਵਿੱਚ ਇੱਕ ਨਵਾਂ ਬਲੱਡ ਗਰੁੱਪ ਪਾਇਆ ਗਿਆ ਹੈ, ਇਸਦਾ ਨਾਮ ਸੀਆਰਆਈਬੀ ਹੈ।
ਸੀਆਰਆਈਬੀ (CRIB) ਵਿੱਚ 'ਸੀਆਰ' ਦਾ ਅਰਥ ਹੈ ਕ੍ਰੋਮਰ (ਭਾਵ CH) ਜੋ ਕਿ ਕੁੱਲ 47 ਬਲੱਡ ਗਰੁੱਪਾਂ ਵਿੱਚੋਂ ਇੱਕ ਹੈ, 'ਆਈ' ਦਾ ਅਰਥ ਹੈ ਇੰਡੀਆ ਅਤੇ 'ਬੀ' ਦਾ ਅਰਥ ਹੈ ਬੰਗਲੁਰੂ।
ਸੌਖੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਅਜਿਹਾ ਬਲੱਡ ਗਰੁੱਪ ਜੋ ਬੰਗਲੁਰੂ ਨੇੜੇ ਇੱਕ ਮਹਿਲਾ ਵਿੱਚ ਪਾਇਆ ਗਿਆ ਹੈ, ਇਹ ਬਲੱਡ ਗਰੁੱਪ ਇੰਨਾ ਦੁਰਲੱਭ ਹੈ ਕਿ ਇਸ 38 ਸਾਲਾ ਮਹਿਲਾ ਦੇ ਦਿਲ ਦੀ ਸਰਜਰੀ ਦੌਰਾਨ ਡਾਕਟਰਾਂ ਨੇ ਟ੍ਰਾਂਸਫਿਊਜ਼ਨ (ਖੂਨ ਚੜ੍ਹਾਉਣ) ਦੀ ਜ਼ਰੂਰਤ ਪੈਣ ਦੀ ਸਥਿਤੀ ਦੇ ਲਈ ਪਹਿਲਾਂ ਤੋਂ ਇੱਕ ਜਾਂ ਦੋ ਬੋਤਲਾਂ ਖੂਨ ਤਿਆਰ ਰੱਖਣ ਦੀ ਆਮ ਪ੍ਰਕਿਰਿਆ ਦੀ ਪਾਲਣਾ ਵੀ ਨਹੀਂ ਕੀਤੀ।
ਅਜਿਹਾ ਇਸ ਲਈ ਕਿਉਂਕਿ ਮਾਹਰ ਉਸ ਮਹਿਲਾ ਦੇ ਬਲੱਡ ਗਰੁੱਪ ਦੀ ਪਛਾਣ ਹੀ ਨਹੀਂ ਕਰ ਸਕੇ ਸਨ।
ਇਸ ਘਟਨਾ ਦੇ 11 ਮਹੀਨੇ ਬਾਅਦ ਡਾਕਟਰ ਅੰਕਿਤ ਮਾਥੁਰ ਸਰਜਰੀ ਵਾਲਾ ਦਿਨ ਯਾਦ ਕਰਦੇ ਹੋਏ ਸੁੱਖ ਦਾ ਸਾਹ ਲੈਂਦੇ ਹਨ। ਇਹ ਸਰਜਰੀ ਬਿਨਾਂ ਵਾਧੂ ਖੂਨ ਚੜ੍ਹਾਏ ਹੀ ਸਫਲਤਾਪੂਰਵਕ ਪੂਰੀ ਹੋ ਗਈ ਸੀ।
ਡਾਕਟਰ ਅੰਕਿਤ ਮਾਥੁਰ ਰੋਟਰੀ-ਟੀਟੀਕੇ ਬਲੱਡ ਸੈਂਟਰ, ਬੰਗਲੁਰੂ ਦੇ ਐਡੀਸ਼ਨਲ ਮੈਡੀਕਲ ਡਾਇਰੈਕਟਰ ਹਨ। ਉਹ ਕੋਲਾਰ ਦੇ ਆਰਐਲ ਜਲੱਪਾ ਹਸਪਤਾਲ ਦੇ ਡਾਕਟਰਾਂ ਲਈ ਇੱਕ ਮਹੱਤਵਪੂਰਨ ਸੰਪਰਕ ਸੂਤਰ ਸਨ। ਇਸੇ ਹਸਪਤਾਲ ਵਿੱਚ ਮਹਿਲਾ ਨੂੰ ਦਿਲ ਦੀ ਸਮੱਸਿਆਕਾਰਨ ਸਰਜਰੀ ਦੀ ਸਲਾਹ ਦਿੱਤੀ ਗਈ ਸੀ।
ਹੋਰ ਬਲੱਡ ਗਰੁੱਪਾਂ ਤੋਂ ਵੱਖਰਾ

ਤਸਵੀਰ ਸਰੋਤ, Getty Images
ਡਾਕਟਰ ਅੰਕਿਤ ਮਾਥੁਰ ਨੇ ਬੀਬੀਸੀ ਨੂੰ ਦੱਸਿਆ, "ਮਹਿਲਾ ਦਾ ਬਲੱਡ ਗਰੁੱਪ ਕਿਸੇ ਹੋਰ ਬਲੱਡ ਗਰੁੱਪ ਨਾਲ ਮੇਲ ਨਹੀਂ ਖਾਂਦਾ ਸੀ। ਅਸੀਂ ਇਸਨੂੰ ਦੂਜੇ ਬਲੱਡ ਗਰੁੱਪਾਂ ਨਾਲ ਮਿਲਾ ਕੇ ਟੈਸਟ ਕੀਤਾ ਪਰ ਇਹ ਹਰ ਵਾਰ ਪ੍ਰਤੀਕਿਰਿਆ ਕਰ ਰਿਹਾ ਸੀ।"
ਉਨ੍ਹਾਂ ਕਿਹਾ, "ਇਸ ਤੋਂ ਬਾਅਦ ਅਸੀਂ ਮਹਿਲਾ ਦੇ ਪਰਿਵਾਰ ਵਿੱਚ ਹੀ ਇਸਦੀ ਖੋਜ ਸ਼ੁਰੂ ਕਰ ਦਿੱਤੀ। ਅਸੀਂ 20 ਪਰਿਵਾਰਕ ਮੈਂਬਰਾਂ ਦੇ ਖੂਨ ਦੇ ਨਮੂਨੇ ਲਏ। ਸਾਰਿਆਂ ਨੇ ਸਾਡੇ ਨਾਲ ਸਹਿਯੋਗ ਕੀਤਾ। ਫਿਰ ਵੀ ਕਿਸੇ ਦਾ ਵੀ ਖੂਨ ਉਨ੍ਹਾਂ ਦੇ ਖੂਨ ਨਾਲ ਮੇਲ ਨਹੀਂ ਖਾਂਦਾ ਸੀ।"
ਇਸ ਤੋਂ ਬਾਅਦ, ਅਗਲਾ ਵਿਕਲਪ ਖੂਨ ਦੇ ਨਮੂਨੇ ਨੂੰ ਬ੍ਰਿਸਟਲ, ਯੂਕੇ ਵਿੱਚ ਇੰਟਰਨੈਸ਼ਨਲ ਬਲੱਡ ਗਰੁੱਪ ਰੈਫਰੈਂਸ ਲੈਬੋਰੇਟਰੀ (IBRGL) ਨੂੰ ਭੇਜਣਾ ਸੀ।
ਇਹ ਉਹੀ ਪ੍ਰਯੋਗਸ਼ਾਲਾ ਹੈ ਜਿੱਥੇ ਦੁਨੀਆਂ ਭਰ ਦੇ ਖੂਨ ਦੇ ਨਮੂਨੇ ਇਸ ਜਾਂਚ ਲਈ ਭੇਜੇ ਜਾਂਦੇ ਹਨ ਕਿ ਉਹ ਦੂਜੇ ਬਲੱਡ ਗਰੁੱਪਾਂ ਨਾਲ ਮੇਲ ਖਾਂਦੇ ਹਨ ਜਾਂ ਨਹੀਂ।
ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਦੱਖਣੀ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਖੂਨ ਦੇ ਨਮੂਨੇ ਬੈਂਗਲੁਰੂ ਦੇ ਰੋਟਰੀ-ਟੀਟੀਕੇ ਬਲੱਡ ਸੈਂਟਰ ਅਤੇ ਉੱਤਰੀ ਭਾਰਤ ਦੇ ਚੰਡੀਗੜ੍ਹ ਦੇ ਪੀਜੀਆਈ ਨੂੰ ਭੇਜੇ ਜਾਂਦੇ ਹਨ।
ਡਾਕਟਰ ਅੰਕਿਤ ਮਾਥੁਰ ਨੇ ਕਿਹਾ, "ਉਨ੍ਹਾਂ ਨੂੰ ਇਸਦਾ ਪੂਰਾ ਵਿਸ਼ਲੇਸ਼ਣ ਕਰਨ ਵਿੱਚ 10 ਮਹੀਨੇ ਲੱਗ ਗਏ। ਫਰਵਰੀ-ਮਾਰਚ ਵਿੱਚ ਉਨ੍ਹਾਂ ਨੇ ਆਪਣਾ ਜਵਾਬ ਭੇਜਿਆ ਕਿ ਮਰੀਜ਼ ਦੇ ਖੂਨ ਵਿੱਚ ਇੱਕ ਵਿਲੱਖਣ ਐਂਟੀਜੇਨ ਹੈ। ਇਸ ਤੋਂ ਬਾਅਦ ਇਹ ਜਾਣਕਾਰੀ ਇੰਟਰਨੈਸ਼ਨਲ ਸੋਸਾਇਟੀ ਆਫ਼ ਬਲੱਡ ਟ੍ਰਾਂਸਫਿਊਜ਼ਨ (ਆਈਐਸਬੀਟੀ) ਨੂੰ ਭੇਜੀ ਗਈ। ਇੱਥੇ ਰੈੱਡ ਬਲੱਡ ਸੈੱਲ ਇਮਯੂਨੋਜੈਨੇਟਿਕਸ ਅਤੇ ਟਰਮਿਨੋਲੋਜੀ ਗਰੁੱਪ ਦੇ ਮਾਹਰ ਹਨ। ਉਨ੍ਹਾਂ ਨੇ ਸੀਆਰਆਈਬੀ ਨਾਮ ਨੂੰ ਮੰਜ਼ੂਰੀ ਦਿੱਤੀ।"
ਇਸੇ ਸਾਲ ਜੂਨ ਵਿੱਚ ਇਟਲੀ ਦੇ ਮਿਲਾਨ ਵਿੱਚ ਆਯੋਜਿਤ ਹੋਈ ਆਈਐਸਬੀਟੀ ਦੀ 35ਵੀਂ ਕਾਨਫਰੰਸ ਵਿੱਚ ਅਧਿਕਾਰਤ ਤੌਰ 'ਤੇ ਇਸਦਾ ਐਲਾਨ ਕੀਤਾ ਗਿਆ।
ਦੁਰਲੱਭ ਜੀਨ
ਕਿਸੇ ਵਿਅਕਤੀ ਦਾ ਬਲੱਡ ਗਰੁੱਪ ਉਸਦੇ ਮਾਪਿਆਂ ਦੇ ਜੀਨ 'ਤੇ ਨਿਰਭਰ ਕਰਦਾ ਹੈ। ਤਾਂ ਕੀ ਇਸ ਮਹਿਲਾ ਦੇ ਮਾਮਲੇ ਵਿੱਚ ਜੈਨੇਟਿਕ ਬਣਤਰ ਵਿੱਚ ਕੋਈ ਸਮੱਸਿਆ ਸੀ?
ਡਾਕਟਰ ਮਾਥੁਰ ਇਸ ਬਾਰੇ ਕਹਿੰਦੇ ਹਨ, "ਅਸੀਂ ਸੋਚਿਆ ਸੀ ਕਿ ਪਰਿਵਾਰ ਦੇ ਘੱਟੋ-ਘੱਟ ਇੱਕ ਮੈਂਬਰ ਕੋਲ ਤਾਂ ਇਹ ਐਂਟੀਜੇਨ ਹੋਵੇਗਾ, ਪਰ ਅਸੀਂ ਪਾਇਆ ਕਿ ਪਰਿਵਾਰ ਵਿੱਚ ਕਿਸੇ ਕੋਲ ਵੀ ਇਹ ਨਹੀਂ ਸੀ।"
ਐਂਟੀਜੇਨ ਇੱਕ ਪ੍ਰਕਾਰ ਦੇ ਪ੍ਰੋਟੀਨ ਹੁੰਦੇ ਹਨ ਜੋ ਸਰੀਰ ਵਿੱਚ ਹਰ ਜਗ੍ਹਾ ਪਾਏ ਜਾਂਦੇ ਹਨ।
ਡਾਕਟਰ ਮਾਥੁਰ ਕਹਿੰਦੇ ਹਨ, "ਜਦੋਂ ਵੀ ਸਰੀਰ ਵਿੱਚ ਕੋਈ ਚੀਜ਼ ਬਣਦੀ ਹੈ, ਤਾਂ ਇਸਦੀ ਪੂਰੀ ਜਾਣਕਾਰੀ ਜਾਂ ਕੋਡਿੰਗ ਮਾਤਾ-ਪਿਤਾ ਦੋਵਾਂ ਤੋਂ ਆਉਂਦੀ ਹੈ। ਅੱਧੀ ਜਾਣਕਾਰੀ ਪਿਤਾ ਦੇ ਜੀਨ ਤੋਂ ਆਉਂਦੀ ਹੈ, ਅਤੇ ਜੇਕਰ ਇਸ ਵਿੱਚ ਕੋਈ ਕਮੀ ਹੈ ਤਾਂ ਇਹ ਮਾਂ ਦੇ ਪਾਸਿਓਂ ਪੂਰੀ ਹੋ ਜਾਂਦੀ ਹੈ। ਇਸੇ ਤਰ੍ਹਾਂ, ਜੇਕਰ ਮਾਂ ਦੇ ਪਾਸਿਓਂ ਜੀਨ ਵਿੱਚ ਕੋਈ ਕਮੀ ਹੈ, ਤਾਂ ਇਹ ਪਿਤਾ ਵਾਲੇ ਪਾਸਿਓਂ ਪੂਰੀ ਹੋ ਜਾਂਦੀ ਹੈ।"
"ਪਰ ਇਸ ਮਾਮਲੇ ਵਿੱਚ ਸਿਰਫ ਅੱਧੀ ਜਾਣਕਾਰੀ ਮੌਜੂਦ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦਾ ਬਲੱਡ ਗਰੁੱਪ ਪੂਰੀ ਤਰ੍ਹਾਂ ਵੱਖਰਾ ਹੈ। ਇਸ ਮਾਮਲੇ ਵਿੱਚ, ਉਹ ਐਂਟੀਜੇਨ ਹੈ - ਕ੍ਰੋਮਰ।"
ਡਾਕਟਰ ਅੰਕਿਤ ਮਾਥੁਰ ਨੇ ਕਿਹਾ, "ਹੁਣ ਤੱਕ ਕ੍ਰੋਮਰ ਬਲੱਡ ਗਰੁੱਪ ਸਿਸਟਮ ਵਿੱਚ 20 ਐਂਟੀਜੇਨ ਸਨ, ਜਿਨ੍ਹਾਂ ਦੀ ਪਛਾਣ ਕੀਤੀ ਗਈ ਹੈ। ਸੀਆਰਆਈਬੀ ਹੁਣ ਇਸ ਸਿਸਟਮ ਦਾ 21ਵਾਂ ਐਂਟੀਜੇਨ ਬਣ ਗਿਆ ਹੈ।"
ਐਮਰਜੈਂਸੀ ਦੌਰਾਨ ਅਜਿਹੇ ਮਰੀਜ਼ਾਂ ਨਾਲ ਕੀ ਹੁੰਦਾ ਹੈ?

ਤਸਵੀਰ ਸਰੋਤ, Getty Images
ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਕੋਲਾਰ ਦੀ ਇਸ ਮਹਿਲਾ ਮਰੀਜ਼ ਵਰਗੇ ਮਰੀਜ਼ਾਂ ਲਈ ਕੁਝ ਵੀ ਸੁਰੱਖਿਅਤ ਨਹੀਂ ਹੁੰਦਾ।
ਜੇਕਰ ਕਿਸੇ ਵਿਅਕਤੀ ਵਿੱਚ ਇਹ ਪ੍ਰੋਟੀਨ ਨਹੀਂ ਹੈ ਅਤੇ ਉਸਨੂੰ ਆਮ ਤਰੀਕੇ ਨਾਲ ਖੂਨ ਚੜ੍ਹਾਇਆ ਜਾਂਦਾ ਹੈ, ਤਾਂ ਉਸਦਾ ਸਰੀਰ ਇਸਨੂੰ ਇੱਕ ਵਿਦੇਸ਼ੀ ਤੱਤ ਸਮਝਦਾ ਹੈ ਅਤੇ ਇਸਨੂੰ ਨਸ਼ਟ ਕਰਨ ਲਈ ਐਂਟੀਬਾਡੀਜ਼ ਪੈਦਾ ਕਰਦਾ ਹੈ।
ਡਾਕਟਰ ਅੰਕਿਤ ਮਾਥੁਰ ਕਹਿੰਦੇ ਹਨ ਕਿ ਅਜਿਹੇ ਮਾਮਲੇ ਵਿੱਚ ਕੋਈ ਵਿਕਲਪ ਨਹੀਂ ਹੈ, "ਜਦੋਂ ਤੱਕ ਕਿ ਸਾਨੂੰ ਪਰਿਵਾਰ ਵਿੱਚ ਕੋਈ ਅਜਿਹਾ ਵਿਅਕਤੀ ਨਹੀਂ ਮਿਲਦਾ ਜਿਸਦਾ ਬਲੱਡ ਗਰੁੱਪ ਵੀ ਸੀਆਰਆਈਬੀ ਕਿਸਮ ਦਾ ਹੋਵੇ।"
ਉਹ ਕਹਿੰਦੇ ਹਨ ਕਿ ਅਜਿਹੇ ਮਾਮਲਿਆਂ ਵਿੱਚ "ਦੂਜਾ ਵਿਕਲਪ ਇਹ ਹੈ ਕਿ ਡਾਕਟਰ ਸਰਜਰੀ ਤੋਂ ਪਹਿਲਾਂ ਮਰੀਜ਼ ਦਾ ਆਪਣਾ ਖੂਨ ਇਕੱਠਾ ਕਰਨ, ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਮਰੀਜ਼ ਨੂੰ ਉਹੀ ਖੂਨ ਦਿੱਤਾ ਜਾ ਸਕੇ। ਇਸਨੂੰ ਆਟੋਲੋਗਸ ਬਲੱਡ ਟ੍ਰਾਂਸਫਿਊਜ਼ਨ ਕਿਹਾ ਜਾਂਦਾ ਹੈ।"
ਆਟੋਲੋਗਸ ਬਲੱਡ ਟ੍ਰਾਂਸਫਿਊਜ਼ਨ ਕੋਈ ਅਸਧਾਰਨ ਪ੍ਰਕਿਰਿਆ ਨਹੀਂ ਹੈ। ਇਸ ਕਿਸਮ ਦੀ ਪ੍ਰਕਿਰਿਆ ਆਮ ਤੌਰ 'ਤੇ ਦੁਰਲੱਭ ਬਲੱਡ ਗਰੁੱਪਾਂ ਵਾਲੇ ਮਰੀਜ਼ਾਂ ਵਿੱਚ ਅਪਣਾਈ ਜਾਂਦੀ ਹੈ।
ਕੀ ਕਿਸੇ ਹੋਰ ਬਲੱਡ ਗਰੁੱਪ ਤੋਂ ਖੂਨ ਲੈਣਾ ਜਾਂ ਦੇਣਾ ਸੰਭਵ ਹੈ?

ਸੀਆਰਆਈਬੀ ਬਲੱਡ ਗਰੁੱਪ ਦਾ ਮਾਮਲਾ ਬਾਕੀ 47 ਬਲੱਡ ਗਰੁੱਪ ਪ੍ਰਣਾਲੀਆਂ ਤੋਂ ਵੱਖਰਾ ਨਹੀਂ ਹੈ, ਜਿਨ੍ਹਾਂ ਵਿੱਚ 300 ਐਂਟੀਜੇਨ ਹਨ। ਪਰ ਸਿਰਫ਼ ਏਬੀਓ ਅਤੇ ਆਰਐਚਡੀ ਬਲੱਡ ਗਰੁੱਪ ਦੇ ਮਾਮਲੇ ਵਿੱਚ ਹੀ ਟ੍ਰਾਂਸਫਿਊਜ਼ਨ ਲਈ ਮੈਚਿੰਗ ਕੀਤੀ ਜਾਂਦੀ ਹੈ।
ਡਾਕਟਰ ਸਵਾਤੀ ਕੁਲਕਰਨੀ, ਆਈਸੀਐਮਆਰ-ਐਨਆਈਆਈਐਚ (ਨੈਸ਼ਨਲ ਇੰਸਟੀਚਿਊਟ ਆਫ਼ ਇਮਯੂਨੋਹੇਮੈਟੋਲੋਜੀ), ਮੁੰਬਈ ਦੇ ਸਾਬਕਾ ਡਿਪਟੀ ਡਾਇਰੈਕਟਰ ਹਨ।
ਉਹ 1952 ਵਿੱਚ ਡਾਕਟਰ ਵਾਈਐਮ ਭੇਂਡੇ ਅਤੇ ਡਾਕਟਰ ਐਚਐਮ ਭਾਟੀਆ ਦੁਆਰਾ ਖੋਜੇ ਗਏ ਦੁਰਲੱਭ ਬੰਬੇ ਬਲੱਡ ਗਰੁੱਪ ਜਾਂ ਐਚਐਚ ਦੀ ਉਦਾਹਰਣ ਦਿੰਦਿਆਂ ਬੀਬੀਸੀ ਨੂੰ ਦੱਸਿਆ, "ਜਿਨ੍ਹਾਂ ਲੋਕਾਂ ਵਿੱਚ ਬਾਂਬੇ ਫੀਨੋਟਾਈਪ (ਅਨੁਵੰਸ਼ਕ ਗਨ) ਹੁੰਦਾ ਹੈ, ਉਨ੍ਹਾਂ ਵਿੱਚ 'ਓ' ਗਰੁੱਪ ਵਾਂਗ ਹੀ 'ਏ' ਅਤੇ 'ਬੀ' ਐਂਟੀਜੇਨ ਨਹੀਂ ਹੁੰਦੇ, ਪਰ ਉਹ 'ਓ' ਬਲੱਡ ਗਰੁੱਪ ਤੋਂ ਖੂਨ ਨਹੀਂ ਲੈ ਸਕਦੇ।''
ਬਾਂਬੇ ਬਲੱਡ ਗਰੁੱਪ ਇੱਕ ਦੁਰਲੱਭ ਬਲੱਡ ਗਰੁੱਪ ਹੈ। ਦੁਨੀਆਂ ਭਰ 'ਚ 10 ਲੱਖ ਲੋਕਾਂ ਵਿੱਚੋਂ ਕਿਸੇ ਇੱਕ ਵਿੱਚ ਇਹ ਖੂਨ ਪਾਇਆ ਜਾਂਦਾ ਹੈ। ਹਾਲਾਂਕਿ, ਮੁੰਬਈ ਵਿੱਚ ਇਸਦੀ ਦਰ ਹਰ 10,000 ਵਿੱਚੋਂ ਇੱਕ ਦੱਸੀ ਜਾਂਦੀ ਹੈ।
ਇਸ ਬਲੱਡ ਗਰੁੱਪ ਦੀ ਖੋਜ ਸਾਲ 1952 ਵਿੱਚ ਡਾਕਟਰ ਵਾਈਐਮ ਭੇਂਡੇ ਅਤੇ ਡਾਕਟਰ ਐਚਐਮ ਭਾਟੀਆ ਦੁਆਰਾ ਕੀਤੀ ਗਈ ਸੀ। ਭਾਰਤ ਵਿੱਚ ਇਹ ਮੁਕਾਬਲਤਨ ਜ਼ਿਆਦਾ ਲੋਕਾਂ ਵਿੱਚ ਪਾਇਆ ਜਾਂਦਾ ਹੈ।
ਡਾਕਟਰ ਅੰਕਿਤ ਮਾਥੁਰ ਕਹਿੰਦੇ ਹਨ, "ਕੋਲਾਰ ਦੀ ਮਹਿਲਾ ਮਰੀਜ਼ ਦੇ ਮਾਮਲੇ ਵਿੱਚ ਵੀ ਇਹੀ ਸਥਿਤੀ ਹੈ। ਉਹ ਕਿਸੇ ਤੋਂ ਖੂਨ ਨਹੀਂ ਲੈ ਸਕਦੀ ਪਰ ਉਹ ਦੂਜਿਆਂ ਨੂੰ ਖੂਨ ਦਾਨ ਕਰ ਸਕਦੀ ਹੈ। ਜਿਵੇਂ ਕਿ ਬਾਂਬੇ ਬਲੱਡ ਗਰੁੱਪ ਵਾਲੇ ਲੋਕ ਕਰ ਸਕਦੇ ਹਨ।"
ਡਾਕਟਰ ਸਵਾਤੀ ਕੁਲਕਰਨੀ ਕਹਿੰਦੇ ਹਨ, "ਬਾਂਬੇ ਬਲੱਡ ਗਰੁੱਪ ਅਤੇ ਕ੍ਰੋਮਰ ਬਲੱਡ ਗਰੁੱਪ ਪ੍ਰਣਾਲੀ ਵਿੱਚ ਸੀਆਰਆਈਬੀ ਐਂਟੀਜੇਨ ਤੋਂ ਇਲਾਵਾ, ਭਾਰਤ ਵਿੱਚ ਇੰਡੀਅਨ ਬਲੱਡ ਗਰੁੱਪ ਸਿਸਟਮ ਦੀ ਵੀ ਖੋਜ ਹੈ। ਇਸਦੀ ਖੋਜ 1973 ਵਿੱਚ ਆਈਸੀਐਮਆਰ-ਐਨਆਈਆਈਐਚ ਦੁਆਰਾ ਕੀਤੀ ਗਈ ਸੀ।"
ਦੁਰਲੱਭ ਬੱਲਡ ਡੋਨਰਾਂ ਦਾ ਰਜਿਸਟਰ

ਤਸਵੀਰ ਸਰੋਤ, Getty Images
ਡਾਕਟਰ ਸਵਾਤੀ ਕੁਲਕਰਨੀ ਕਹਿੰਦੇ ਹਨ ਕਿ ਐਨਆਈਆਈਐਹ ਰਾਸ਼ਟਰੀ ਪੱਧਰ 'ਤੇ ਦੁਰਲੱਭ ਬੱਲਡ ਡੋਨਰਾਂ ਦੀ ਇੱਕ ਸੂਚੀ (ਰਜਿਸਟਰ) ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਇੱਕ ਡੇਟਾਬੇਸ ਹੋਵੇਗਾ, ਜਿਸ ਵਿੱਚ ਦੁਰਲੱਭ ਬੱਲਡ ਗਰੁੱਪਾਂ ਵਾਲੇ ਡੋਨਰਾਂ (ਖੂਨ ਦਾਨ ਕਰਨ ਵਾਲੇ) ਬਾਰੇ ਜਾਣਕਾਰੀ ਹੋਵੇਗੀ, ਤਾਂ ਜੋ ਜਲਦ ਹੀ ਮਰੀਜ਼ਾਂ ਨੂੰ ਯੋਜਨਾਬੱਧ ਤਰੀਕੇ ਨਾਲ ਖੂਨ ਉਪਲੱਬਧ ਕਰਵਾਇਆ ਜਾ ਸਕੇ।
ਉਹ ਕਹਿੰਦੇ ਹਨ ਕਿ ਇਹ ਰਜਿਸਟਰ ਉਨ੍ਹਾਂ ਮਰੀਜ਼ਾਂ ਲਈ ਖਾਸ ਤੌਰ 'ਤੇ ਮਦਦਗਾਰ ਹੋਵੇਗਾ, ਜਿਨ੍ਹਾਂ ਨੇ ਪਹਿਲਾਂ ਹੀ ਕਈ ਕਿਸਮਾਂ ਦੇ ਐਂਟੀਬਾਡੀਜ਼ ਵਿਕਸਤ ਕਰ ਲਏ ਹਨ ਅਤੇ ਉਨ੍ਹਾਂ ਨੂੰ ਉਸਦੇ ਅਨੁਸਾਰ ਮੇਲ ਖਾਂਦੇ ਬਲੱਡ ਗਰੁੱਪ ਦੀ ਲੋੜ ਹੁੰਦੀ ਹੈ।
ਇਸ ਤਰ੍ਹਾਂ ਦਾ ਰਜਿਸਟਰ ਉਨ੍ਹਾਂ ਸਥਿਤੀਆਂ ਵਿੱਚ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਜਿੱਥੇ ਲਾਲ ਸੈੱਲ ਐਲੋ ਇਮਿਊਨਾਈਜ਼ੇਸ਼ਨ ਅਤੇ ਨੈਗੇਟਿਵ ਬਲੱਡ ਐਂਟੀਜੇਨਜ਼ ਦੀ ਲੋੜ ਹੁੰਦੀ ਹੈ (ਜਦੋਂ ਸਰੀਰ ਦਾ ਇਮਿਊਨ ਸਿਸਟਮ ਕਿਸੇ ਵਿਦੇਸ਼ੀ ਤੱਤ ਨਾਲ ਲੜਨ ਲਈ ਐਂਟੀਬਾਡੀਜ਼ ਪੈਦਾ ਕਰਨਾ ਸ਼ੁਰੂ ਕਰ ਦਿੰਦਾ ਹੈ)।
ਥੈਲੇਸੀਮੀਆ ਦੇ ਮਰੀਜ਼ਾਂ ਵਿੱਚ ਐਲੋ ਇਮਿਊਨਾਈਜ਼ੇਸ਼ਨ ਦੀ ਦਰ 8 ਤੋਂ 10 ਫੀਸਦੀ ਤੱਕ ਪਾਈ ਗਈ ਹੈ। ਅਜਿਹੇ ਮਾਮਲਿਆਂ ਵਿੱਚ ਮਰੀਜ਼ ਨੂੰ ਵਾਰ-ਵਾਰ ਖੂਨ ਚੜ੍ਹਾਉਣਾ ਪੈਂਦਾ ਹੈ।
ਡਾਕਟਰ ਸਵਾਤੀ ਕੁਲਕਰਨੀ ਕਹਿੰਦੇ ਹਨ, "ਆਮ ਆਬਾਦੀ ਵਿੱਚ ਟ੍ਰਾਂਸਫਿਊਜ਼ਨ ਦੀ ਲੋੜ ਵਾਲੇ ਮਰੀਜ਼ਾਂ ਵਿੱਚ ਐਂਟੀਬਾਡੀ ਬਣਨ ਦੀ ਸੰਭਾਵਨਾ ਲਗਭਗ ਇੱਕ ਤੋਂ ਦੋ ਫੀਸਦੀ ਹੁੰਦੀ ਹੈ। ਵੱਖ-ਵੱਖ ਨਸਲੀ ਸਮੂਹਾਂ ਵਿੱਚ ਐਲੋ ਇਮਿਊਨਾਈਜ਼ੇਸ਼ਨ ਦੀਆਂ ਘਟਨਾਵਾਂ ਅਤੇ ਬਲੱਡ ਗਰੁੱਪ ਐਂਟੀਜੇਨ ਤਿਆਰ ਹੋਣ ਦੀ ਦਰ ਵੱਖ-ਵੱਖ ਹੋ ਸਕਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












