ਵਿਟਾਮਿਨ-ਡੀ ਦੀ ਕਮੀ ਦੂਰ ਕਰਨ ਲਈ ਦਿਨ ਦੇ ਕਿਹੜੇ 3 ਘੰਟੇ ਧੁੱਪ ਵਿੱਚ ਰਹਿਣਾ ਜ਼ਰੂਰੀ ਹੁੰਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਏ. ਨੰਦਕੁਮਾਰ
- ਰੋਲ, ਬੀਬੀਸੀ ਪੱਤਰਕਾਰ
ਸਾਫਟਵੇਅਰ ਇੰਜੀਨੀਅਰ ਵਾਸੂਕੀ, ਅਕਸਰ ਮਾਸਪੇਸ਼ੀਆਂ ਵਿੱਚ ਦਰਦ ਅਤੇ ਥਕਾਵਟ ਦਾ ਤਜਰਬਾ ਕਰ ਰਹੇ ਸਨ।
ਉਹ ਕਹਿੰਦੇ ਹਨ, "ਮੈਂ ਸੋਚਿਆ ਕਿ ਇਹ ਕੰਮ ਦਾ ਤਣਾਅ ਜਾਂ ਨੀਂਦ ਦੀ ਘਾਟ ਕਾਰਨ ਹੋ ਸਕਦੀ ਹੈ।"
ਮਹੀਨਿਆਂ ਦੀ ਜੱਦੋਜਹਿਦ ਤੋਂ ਬਾਅਦ, ਉਨ੍ਹਾਂ ਨੇ ਡਾਕਟਰ ਕੋਲ ਜਾਣ ਦਾ ਫ਼ੈਸਲਾ ਕੀਤਾ ਅਤੇ ਫਿਰ ਉਨ੍ਹਾਂ ਨੂੰ ਜੋ ਪਤਾ ਲੱਗਿਆ ਉਹ ਵਾਸੂਕੀ ਲਈ ਇੱਕ ਝਟਕੇ ਵਾਂਗ ਸੀ।
ਖੂਨ ਦੀ ਜਾਂਚ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਸਰੀਰ ਵਿੱਚ ਵਿਟਾਮਿਨ-ਡੀ ਦਾ ਪੱਧਰ ਖ਼ਤਰਨਾਕ ਤੌਰ 'ਤੇ ਘੱਟ ਸੀ।
ਵਿਸ਼ਵ ਸਿਹਤ ਸੰਗਠਨ ਦੇ ਸਾਊਥ-ਈਸਟ ਏਸ਼ੀਅਨ ਜਰਨਲ ਆਫ਼ ਪਬਲਿਕ ਹੈਲਥ ਵਿੱਚ 'ਭਾਰਤ ਦੀ ਰਾਜਧਾਨੀ ਦਿੱਲੀ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਵਿਟਾਮਿਨ-ਡੀ ਦੀ ਘਾਟ ਦੇ ਪ੍ਰਚਲਨ' ਸਿਰਲੇਖ ਵਾਲਾ ਇੱਕ ਖੋਜ ਲੇਖ ਪ੍ਰਕਾਸ਼ਿਤ ਹੋਇਆ ਸੀ।

ਤਸਵੀਰ ਸਰੋਤ, Getty Images
ਇਸ ਖੋਜ ਪੱਤਰ ਦੇ ਅਨੁਸਾਰ, ਇਹ ਰਿਪੋਰਟ ਕੀਤਾ ਗਿਆ ਹੈ ਕਿ 70 ਫੀਸਦੀ ਸ਼ਹਿਰੀ ਨਿਵਾਸੀਆਂ ਅਤੇ ਲਗਭਗ 20 ਫੀਸਦੀ ਪੇਂਡੂ ਨਿਵਾਸੀਆਂ ਵਿੱਚ ਵਿਟਾਮਿਨ-ਡੀ ਦੀ ਗੰਭੀਰ ਘਾਟ ਹੈ।
ਇਸ ਅਧਿਐਨ ਵਿੱਚ ਦਿੱਲੀ ਐੱਨਸੀਆਰ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਸ਼ਹਿਰੀ ਅਤੇ ਪੇਂਡੂ ਨਿਵਾਸੀ ਸ਼ਾਮਲ ਸਨ।
ਖੂਨ ਵਿੱਚ ਵਿਟਾਮਿਨ-ਡੀ ਦਾ ਪੱਧਰ 10 ਨੈਨੋਗ੍ਰਾਮ ਤੋਂ ਘੱਟ ਹੋਣਾ ਗੰਭੀਰ ਕਮੀ ਮੰਨਿਆ ਜਾਂਦਾ ਹੈ। ਇਸ ਅਧਿਐਨ ਵਿੱਚ ਸ਼ਹਿਰੀ ਆਬਾਦੀ ਦਾ ਔਸਤ ਵਿਟਾਮਿਨ-ਡੀ ਪੱਧਰ 7.7 ਨੈਨੋਗ੍ਰਾਮ ਸੀ।
ਪੇਂਡੂ ਖੇਤਰਾਂ ਵਿੱਚ ਔਸਤਨ ਵਿਟਾਮਿਨ-ਡੀ ਪੱਧਰ 16.2 ਨੈਨੋਗ੍ਰਾਮ ਹੈ। ਜਦਕਿ ਖੂਨ ਵਿੱਚ 30 ਨੈਨੋਗ੍ਰਾਮ ਤੋਂ ਵੱਧ ਵਿਟਾਮਿਨ-ਡੀ ਦੇ ਪੱਧਰ ਨੂੰ ਕਾਫ਼ੀ ਮੰਨਿਆ ਜਾਂਦਾ ਹੈ। ਪੇਂਡੂ ਖੇਤਰ ਵਿੱਚ ਵੀ ਲੋਕ ਇਸ ਦਿੱਕਤ ਨਾਲ ਜੂਝ ਰਹੇ ਹਨ ਪਰ ਸ਼ਹਿਰਾਂ ਦੇ ਮੁਕਾਬਲੇ ਗੰਭੀਰ ਘਾਟ ਦੇ ਮਾਮਲੇ ਪਿੰਡਾਂ ਵਿੱਚ ਥੋੜ੍ਹੇ ਘੱਟ ਹਨ।
ਵਿਸ਼ਵ ਸਿਹਤ ਸੰਗਠਨ ਦੇ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਵਿਟਾਮਿਨ-ਡੀ ਦੀ ਕਮੀ ਹੋਣ ਦੀ ਸੰਭਾਵਨਾ ਔਰਤਾਂ ਵਿੱਚ ਮਰਦਾਂ ਨਾਲੋਂ ਜ਼ਿਆਦਾ ਹੁੰਦੀ ਹੈ।

ਪੰਜਾਬ ਸਣੇ ਹੋਰਨਾਂ ਥਾਵਾਂ ʼਤੇ ਕੀ ਹੈ ਸਥਿਤੀ
ਚੇੱਨਈ ਵਿੱਚ ਗਰਭਵਤੀ ਔਰਤਾਂ ਉੱਤੇ ਕੀਤੇ ਗਏ ਇੱਕ ਹੋਰ ਅਧਿਐਨ ਤੋਂ ਪਤਾ ਲੱਗਾ ਹੈ ਕਿ 62 ਫੀਸਦੀ ਔਰਤਾਂ ਵਿੱਚ ਵਿਟਾਮਿਨ-ਡੀ ਦੀ ਕਮੀ ਸੀ।
ਚੇੱਨਈ ਦੇ ਕਈ ਲੋਕਾਂ ਨੇ ਕੈਂਬਰਿਜ ਯੂਨੀਵਰਸਿਟੀ ਪ੍ਰੈੱਸ ਦੁਆਰਾ ਪ੍ਰਕਾਸ਼ਿਤ 'ਵਿਟਾਮਿਨ-ਡੀ ਡਿਫੀਸ਼ੈਂਸੀ ਇਨ ਸਾਊਥ ਇੰਡੀਅਨਜ਼ ਵਿਦ ਵੈਰਿੰਗ ਡਿਗਰੀਜ਼ ਆਫ਼ ਗਲੂਕੋਜ਼ ਟੋਲਰੈਂਸ' ਸਿਰਲੇਖ ਵਾਲੇ ਇੱਕ ਅਧਿਐਨ ਵਿੱਚ ਹਿੱਸਾ ਲਿਆ।
ਅਧਿਐਨ ਵਿੱਚ ਪਾਇਆ ਗਿਆ ਕਿ ਅਧਿਐਨ ਵਿੱਚ ਹਿੱਸਾ ਲੈਣ ਵਾਲੀ 66 ਫੀਸਦੀ ਲੋਕ ਵਿਟਾਮਿਨ-ਡੀ ਦੀ ਕਮੀ ਨਾਲ ਜੂਝ ਰਹੇ ਸਨ। ਅਧਿਐਨ ਵਿੱਚ ਇਹ ਵੀ ਪਤਾ ਲੱਗਿਆ ਕਿ ਭਾਵੇਂ ਭਾਗੀਦਾਰਾਂ ਨੂੰ ਪ੍ਰੀ-ਡਾਇਬੀਟੀਜ਼ ਸੀ ਜਾਂ ਟਾਈਪ-2 ਡਾਇਬਟੀਜ਼ ਸੀ, ਉਨ੍ਹਾਂ ਵਿੱਚ ਵਿਟਾਮਿਨ-ਡੀ ਦੀ ਕਮੀ ਸੀ। ਨਾਲ ਹੀ ਸਾਹਮਣੇ ਆਇਆ ਕਿ ਔਰਤਾਂ ਵਿੱਚ ਪੁਰਸ਼ਾਂ ਨਾਲੋਂ ਵਿਟਾਮਿਨ-ਡੀ ਦਾ ਪੱਧਰ ਘੱਟ ਸੀ।
ਪੰਜਾਬ, ਤਿਰੂਪਤੀ, ਪੁਣੇ ਅਤੇ ਅਮਰਾਵਤੀ ਵਰਗੇ ਖੇਤਰਾਂ ਵਿੱਚ ਕੀਤੇ ਗਏ ਅਧਿਐਨਾਂ ਵਿੱਚ ਵੀ ਪਤਾ ਲੱਗਿਆ ਕਿ ਪੇਂਡੂ ਖੇਤਰਾਂ ਦੇ ਮੁਕਾਬਲੇ ਸ਼ਹਿਰੀ ਖੇਤਰਾਂ ਵਿੱਚ ਵਿਟਾਮਿਨ-ਡੀ ਦੀ ਕਮੀ ਵਧੇਰੇ ਆਮ ਹੈ।

ਤਸਵੀਰ ਸਰੋਤ, Getty Images
ਵਿਟਾਮਿਟ ਡੀ ਦੀ ਕਮੀ ਦੇ ਕਾਰਨ ਕੀ ਹਨ
ਵਿਟਾਮਿਨ-ਡੀ ਕੁਦਰਤੀ ਤੌਰ 'ਤੇ ਸੂਰਜ ਦੀ ਰੌਸ਼ਨੀ ਤੋਂ ਪ੍ਰਾਪਤ ਹੁੰਦਾ ਹੈ। ਕੁਝ ਮਹੀਨਿਆਂ ਨੂੰ ਛੱਡ ਕੇ, ਉੱਤਰੀ ਭਾਰਤੀ ਸੂਬਿਆਂ ਨੂੰ ਜ਼ਿਆਦਾਤਰ ਮਹੀਨਿਆਂ ਵਿੱਚ ਚੰਗੀ ਧੁੱਪ ਮਿਲਦੀ ਹੈ, ਜਦਕਿ ਚੇੱਨਈ ਵਰਗੇ ਟ੍ਰੋਪਿਕਲ ਸ਼ਹਿਰੀ ਖੇਤਰਾਂ ਵਿੱਚ ਸਾਰਾ ਸਾਲ ਧੁੱਪ ਮਿਲਦੀ ਹੈ। ਪਰ ਫਿਰ ਵੀ ਇੱਥੇ ਸ਼ਹਿਰੀ ਲੋਕਾਂ ਵਿੱਚ ਵਿਟਾਮਿਨ-ਡੀ ਦੀ ਕਮੀ ਹੋਣ ਦੀ ਸੰਭਾਵਨਾ ਕਿਉਂ ਜ਼ਿਆਦਾ ਹੁੰਦੀ ਹੈ?
ਚੇੱਨਈ-ਅਧਾਰਤ ਚਮੜੀ ਸਬੰਧੀ ਵਿਗਿਆਨੀ ਦਕਸ਼ਿਣਾਮੂਰਤੀ ਕਹਿੰਦੇ ਹਨ ਕਿ ਵਿਟਾਮਿਨ-ਡੀ ਮਨੁੱਖੀ ਸਰੀਰ ਵਿੱਚ ਸੂਰਜ ਦੀ ਰੌਸ਼ਨੀ ਅਤੇ ਭੋਜਨ ਰਾਹੀਂ ਆਉਂਦਾ ਹੈ।
ਉਹ ਦੱਸਦੇ ਹਨ, "ਸਰੀਰ ਨੂੰ ਜਿਸ ਵਿਟਾਮਿਨ-ਡੀ ਦੀ ਲੋੜ ਹੁੰਦੀ ਹੈ ਉਸ ਦਾ ਜ਼ਿਆਦਾਤਰ ਹਿੱਸਾ ਸੂਰਜ ਦੀ ਰੌਸ਼ਨੀ ਤੋਂ ਆਉਂਦਾ ਹੈ। ਮਨੁੱਖੀ ਚਮੜੀ ਦੀ ਉੱਪਰਲੀ ਪਰਤ ਕੁਦਰਤੀ ਤੌਰ 'ਤੇ 7-ਡੀਹਾਈਡ੍ਰੋਕੋਲੇਸਟ੍ਰੋਲ ਨਾਮ ਦਾ ਅਣੂ ਪੈਦਾ ਕਰਦੀ ਹੈ।"
"ਜਦੋਂ ਸੂਰਜ ਦੀ ਰੌਸ਼ਨੀ ਤੋਂ ਅਲਟ੍ਰਾਵਾਇਲਟ ਰੌਸ਼ਨੀ ਚਮੜੀ 'ਤੇ ਪੈਂਦੀ ਹੈ, ਤਾਂ ਉਹ ਅਣੂ ਵਿਟਾਮਿਨ-ਡੀ 3 ਵਿੱਚ ਬਦਲ ਜਾਂਦਾ ਹੈ। ਫਿਰ ਜਿਗਰ ਅਤੇ ਗੁਰਦੇ ਇਸ ਨੂੰ ਵਿਟਾਮਿਨ-ਡੀ ਵਿੱਚ ਬਦਲਦੇ ਹਨ ਅਤੇ ਇਸ ਨੂੰ ਸਰੀਰ ਵਿੱਚ ਭੇਜਦੇ ਹਨ।"

ਤਸਵੀਰ ਸਰੋਤ, Getty Images
ਪੁਡੂਚੇਰੀ ਸਰਕਾਰੀ ਹਸਪਤਾਲ ਦੇ ਡਾਕਟਰ ਪੀਟਰ ਕਹਿੰਦੇ ਹਨ, "ਆਧੁਨਿਕੀਕਰਨ ਅਤੇ ਕੰਮ ਪ੍ਰਤੀ ਬਦਲਦੇ ਸੱਭਿਆਚਾਰ ਦੇ ਕਾਰਨ ਘਰ ਦੇ ਅੰਦਰ ਅਤੇ ਦਫ਼ਤਰ ਵਿੱਚ ਬਿਤਾਇਆ ਜਾਣ ਵਾਲਾ ਸਮਾਂ ਵੱਧ ਗਿਆ ਹੈ।"
"ਬਾਹਰ ਜਾਣ ਵੇਲੇ ਵੀ, ਸਰੀਰ ਨੂੰ ਪੂਰੀ ਤਰ੍ਹਾਂ ਕੱਪੜਿਆਂ ਨਾਲ ਢੱਕਣ ਦੀ ਆਦਤ ਵੱਧ ਰਹੀ ਹੈ, ਜਿਸ ਨਾਲ ਸਰੀਰ ਨੂੰ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ।"
ਉਹ ਕਹਿੰਦੇ ਹਨ ਕਿ ਲੋਕਾਂ ਨੂੰ ਲੱਗਦਾ ਹੈ ਕਿ ਸਿਰਫ਼ ਕੁਝ ਮਿੰਟਾਂ ਲਈ ਬਾਹਰ ਧੁੱਪ ਵਿੱਚ ਰਹਿਣ ਨਾਲ ਹੀ ਕਾਫੀ ਧੁੱਪ ਮਿਲ ਜਾਂਦੀ ਹੈ। ਪਰ ਪ੍ਰਦੂਸ਼ਣ, ਕੱਪੜੇ ਅਤੇ ਸ਼ੀਸ਼ੇ ਦੀਆਂ ਖਿੜਕੀਆਂ ਦੀਆਂ ਸਕਰੀਨਾਂ ਕਾਰਨ ਤੁਹਾਡੇ ਸਰੀਰ ਨੂੰ ਸੂਰਜ ਦੀ ਰੌਸ਼ਨੀ ਤੋਂ ਚੰਗੀ ਮਾਤਰਾ ਵਿੱਚ ਵਿਟਾਮਿਨ-ਡੀ ਨਹੀਂ ਮਿਲਦਾ।
ਸਾਨੂੰ ਕਿੰਨੀ ਧੁੱਪ ਦੀ ਲੋੜ ਹੁੰਦੀ ਹੈ

ਤਸਵੀਰ ਸਰੋਤ, Getty Images
ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਭਾਰਤੀ ਵਿਅਕਤੀ ਨੂੰ ਦਿਨ ਵਿੱਚ 2 ਘੰਟਿਆਂ ਤੋਂ ਵੱਧ ਸਮੇਂ ਲਈ ਬਾਹਰ ਤੁਰਨ-ਫਿਰਣ ਦੀ ਜ਼ਰੂਰਤ ਹੁੰਦੀ ਹੈ, ਤਾਂ ਜੋ ਵਿਅਕਤੀ ਦਾ ਚਿਹਰਾ, ਹੱਥ ਅਤੇ ਬਾਹਾਂ ਨੂੰ ਸੂਰਜ ਦੀ ਰੌਸ਼ਨੀ ਮਿਲ ਸਕੇ ਅਤੇ ਇਸ ਦੇ ਨਾਲ ਰੋਜ਼ਾਨਾ 30 ਨੈਨੋਗ੍ਰਾਮ (ਜਿਸਦਾ ਸੁਝਾਅ ਦਿੱਤਾ ਜਾਂਦਾ ਹੈ) ਵਿਟਾਮਿਨ-ਡੀ ਮਿਲ ਸਕੇ।
ਅਧਿਐਨ ਸੁਝਾਅ ਦਿੰਦਾ ਹੈ ਕਿ ਘੱਟੋ-ਘੱਟ 20 ਨੈਨੋਗ੍ਰਾਮ ਵਿਟਾਮਿਨ-ਡੀ ਹਾਸਲ ਕਰਨ ਲਈ ਵਿਅਕਤੀ ਨੂੰ ਦਿਨ ਵਿੱਚ 1 ਘੰਟਾ ਬਾਹਰ ਤੁਰਨਾ ਚਾਹੀਦਾ ਹੈ। ਸੈਰ ਕਰਨ ਦਾ ਸਭ ਤੋਂ ਵਧੀਆ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਡਾ ਟੀਚਾ ਵਿਟਾਮਿਨ-ਡੀ ਹਾਸਲ ਕਰਨਾ ਹੈ, ਤਾਂ ਤੁਹਾਨੂੰ ਸ਼ੀਸ਼ੇ ਦੀ ਖਿੜਕੀ ਰਾਹੀਂ ਧੁੱਪ ਨਹੀਂ ਲੈਣੀ ਚਾਹੀਦੀ।
ਡਾਕਟਰ ਮੂਰਤੀ ਕਹਿੰਦੇ ਹਨ, "ਇਹ ਸੂਰਜ ਦੀ ਰੌਸ਼ਨੀ ਦੀਆਂ ਯੂਵੀਬੀ ਕਿਰਨਾਂ ਹਨ ਜੋ ਵਿਟਾਮਿਨ-ਡੀ ਦੇ ਬਣਨ ਵਿੱਚ ਮਦਦ ਕਰਦੀਆਂ ਹਨ। ਇਹ ਕਿਰਨਾਂ ਆਮ ਤੌਰ 'ਤੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ ਸਭ ਤੋਂ ਵਧੀਆ ਉਪਲੱਭਧ ਹੁੰਦੀਆਂ ਹਨ।"
"ਸਵੇਰੇ ਅਤੇ ਸ਼ਾਮ ਨੂੰ, ਸੂਰਜ ਤੋਂ ਯੂਵੀਏ ਕਿਰਨਾਂ ਆਉਂਦੀਆਂ ਹਨ ਪਰ ਉਦੋਂ ਇਹ ਵਿਟਾਮਿਨ-ਡੀ ਦੇ ਬਣਨ ਵਿੱਚ ਮਦਦ ਨਹੀਂ ਕਰਦੀਆਂ। ਭਾਵੇਂ ਸਵੇਰੇ ਸੂਰਜ ਚਮਕਦਾਰ ਦਿਖਾਈ ਦੇਵੇ, ਪਰ ਇਸ ਵੇਲੇ ਧੁੱਪ ਲੈਣ ਦਾ ਕੋਈ ਖ਼ਾਸ ਫਾਇਦਾ ਨਹੀਂ ਹੋਵੇਗਾ।"
ਇਸ ਦਾ ਵਿਗਿਆਨਕ ਕਾਰਨ ਇਹ ਹੈ ਕਿ ਜਦੋਂ ਸੂਰਜ ਅਸਮਾਨ ਵਿੱਚ ਪੂਰੀ ਤਰ੍ਹਾਂ ਨਾਲ ਚੜਿਆ ਨਹੀਂ ਹੁੰਦਾ ਹੈ ਤਾਂ ਧਰਤੀ ਦਾ ਵਾਯੂਮੰਡਲ ਯੂਵੀਬੀ ਕਿਰਨਾਂ ਨੂੰ ਰੋਕਦਾ ਹੈ। ਯਾਨਿ, ਸਵੇਰੇ ਅਤੇ ਸ਼ਾਮ ਦੇ ਘੰਟਿਆਂ ਦੌਰਾਨ, ਸੂਰਜ ਬਹੁਤ ਘੱਟ ਕੋਣ (45 ਡਿਗਰੀ ਤੋਂ ਘੱਟ) 'ਤੇ ਹੁੰਦਾ ਹੈ ਅਤੇ ਯੂਵੀਬੀ ਕਿਰਨਾਂ ਜ਼ਿਆਦਾਤਰ ਧਰਤੀ ਤੱਕ ਨਹੀਂ ਪਹੁੰਚਦੀਆਂ।
ਵਿਟਾਮਿਨ-ਡੀ ਦੀ ਕਮੀ ਦੇ ਲੱਛਣ ਕੀ ਹਨ
ਵਿਟਾਮਿਨ-ਡੀ ਦੀ ਕਮੀ ਦੇ ਲੱਛਣਾਂ ਵਿੱਚ ਥਕਾਵਟ, ਜੋੜਾਂ ਵਿੱਚ ਦਰਦ, ਲੱਤਾਂ ਵਿੱਚ ਸੋਜ, ਲੰਬੇ ਸਮੇਂ ਤੱਕ ਖੜ੍ਹੇ ਰਹਿਣ ਵਿੱਚ ਮੁਸ਼ਕਲ, ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਤਣਾਅ ਸ਼ਾਮਲ ਹਨ।
ਡਾਕਟਰ ਪੀਟਰ ਕਹਿੰਦੇ ਹਨ, "ਭਾਰਤੀ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਵਿਟਾਮਿਨ-ਡੀ ਦੀ ਕਮੀ ਹੌਲੀ-ਹੌਲੀ ਸਰੀਰ ਦੇ ਸਾਰੇ ਹਿੱਸਿਆਂ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਕਾਰਨ ਬੁਢਾਪੇ ਵਿੱਚ ਹੱਡੀਆਂ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਜ਼ਿਆਦਾ ਹੁੰਦਾ ਹੈ।"

ਤਸਵੀਰ ਸਰੋਤ, Getty Images
ਕਿਵੇਂ ਨਜਿੱਠਿਆ ਜਾਵੇ
ਚੇਨੱਈ ਦੇ ਰਹਿਣ ਵਾਲੇ ਇੰਜੀਨੀਅਰ ਵਾਸੂਕੀ ਵਰਗੇ ਜ਼ਿਆਦਾਤਰ ਸ਼ਹਿਰੀ ਨਿਵਾਸੀਆਂ ਲਈ, ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ ਹਰ ਰੋਜ਼ ਘੱਟੋ-ਘੱਟ 1 ਘੰਟਾ ਤੁਰਨਾ ਨਾ-ਮੁਮਕਿਨ ਜਿਹਾ ਲੱਗਦਾ ਹੈ।
ਡਾਕਟਰ ਪੀਟਰ ਕਹਿੰਦੇ ਹਨ, "ਖੁਰਾਕ ਰਾਹੀਂ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨਾ ਥੋੜ੍ਹਾ ਮੁਸ਼ਕਲ ਹੈ। ਅੰਡੇ, ਮੱਛੀ, ਦੁੱਧ ਅਤੇ ਵਿਟਾਮਿਨ-ਡੀ ਫੋਰਟੀਫਾਈਡ ਭੋਜਨ ਮਦਦ ਕਰ ਸਕਦੇ ਹਨ।"
ਡਾਕਟਰ ਕਹਿੰਦੇ ਹਨ ਕਿ ਕੁਝ ਸਪਲੀਮੈਂਟ ਵਿਟਾਮਿਨ-ਡੀ ਦੀ ਕਮੀ ਦੇ ਇਲਾਜ ਵਿੱਚ ਵੀ ਲਾਭਦਾਇਕ ਹੋ ਸਕਦੇ ਹਨ।
ਡਾਕਟਰ ਵਾਸੂਕੀ ਕਹਿੰਦੇ ਹਨ, "ਬਹੁਤ ਸਾਰੇ ਸਪਲੀਮੈਂਟਾਂ ਦੇ ਉਪਲੱਭਧ ਹੋਣ ਦੇ ਬਾਵਜੂਦ, ਅਜਿਹਾ ਲੱਗਦਾ ਹੈ ਕਿ ਸਭ ਤੋਂ ਵਧੀਆ ਦਵਾਈ ਇੱਕ ਸਧਾਰਨ, ਸਸਤੀ ਦਵਾਈ ਹੈ- ਧੁੱਪ ਵਿੱਚ ਖੜ੍ਹੇ ਹੋਣਾ, ਜੇਕਰ ਤੁਹਾਡੇ ਕੋਲ ਸਮਾਂ ਹੋਵੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












