ਜਥੇਦਾਰਾਂ ਦੀ 'ਤਾਜਪੋਸ਼ੀ' ਦੀ ਪ੍ਰਕਿਰਿਆ ਕੀ ਹੈ, ਜਿਸ ਦੀ ਪਾਲਣਾ ਨਾ ਹੋਣ ਬਾਰੇ ਸਵਾਲ ਹੋ ਰਹੇ

ਤਸਵੀਰ ਸਰੋਤ, SAD
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਦੋ ਜਥੇਦਾਰਾਂ ਨੂੰ ਹਟਾਏ ਜਾਣ ਅਤੇ ਨਵੇਂ ਜਥੇਦਾਰ ਨੂੰ ਲਾਏ ਜਾਣ ਮਗਰੋਂ ਜਥੇਦਾਰਾਂ ਦੀ ਨਿਯੁਕਤੀ ਦਾ ਵਿਸ਼ਾ ਚਰਚਾ ਵਿੱਚ ਹੈ।
ਜਥੇਦਾਰ ਦੀ ਚੋਣ ਤੋਂ ਲੈ ਕੇ ਜਥੇਦਾਰੀ ਸੰਭਾਲਣ ਵਿੱਚ ਰਵਾਇਤੀ ਤੌਰ ਉੱਤੇ ਕਿਹੜੀਆਂ ਗੱਲਾਂ ਦੀ ਪਾਲਣਾ ਜ਼ਰੂਰੀ ਹੈ, ਇਸ ਬਾਰੇ ਵੀ ਸਵਾਲ ਹੋ ਰਹੇ ਹਨ।
10 ਮਾਰਚ ਨੂੰ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੈਅ ਸਮਾਗਮ ਤੋਂ ਕਈ ਘੰਟੇ ਪਹਿਲਾਂ ਤੜਕਸਾਰ ਸੇਵਾਵਾਂ ਸੌਂਪ ਦਿੱਤੀਆਂ ਗਈਆਂ।
ਕਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਵੀ ਲਾਇਆ ਗਿਆ ਹੈ।
ਅਨੰਦਪੁਰ ਸਾਹਿਬ ਤੋਂ ਬਾਅਦ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਵੀ ਪਹੁੰਚੇ।
ਵਿਰੋਧੀਆਂ ਦੇ ਨਾਲ-ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਵੇਂ ਜਥੇਦਾਰ ਨੂੰ ਸੇਵਾ ਸੌਂਪਣ ਸਮੇਂ ਤੈਅ ਰਵਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ।
ਇਸ ਬਾਰੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਗਈ ਹੈ।
ਗਿਆਨੀ ਰਘਬੀਰ ਸਿੰਘ ਮੌਜੂਦਾ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹਨ।
ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਕੁਲਦੀਪ ਸਿੰਘ ਗੜਗੱਜ ਨੂੰ ਸੇਵਾ ਸੌਂਪੀ ਗਈ ਉਸ ਵਿੱਚ ਮਰਿਆਦਾ ਦੀ ਉਲੰਘਣਾ ਹੋਈ ਹੈ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਨਵੇਂ ਜਥੇਦਾਰ ਦੀ ਨਿਯੁਕਤੀ ਪੰਥਕ ਰਵਾਇਤਾਂ ਦੇ ਅਨੁਕੂਲ ਨਹੀਂ ਹਨ।
ਜਥੇਦਾਰ ਦੇ ਇਸ ਬਿਆਨ ਤੋਂ ਬਾਅਦ ਐੱਸਜੀਪੀਸੀ ਵੱਲੋਂ ਸਪੱਸ਼ਟੀਕਰਨ ਵੀ ਜਾਰੀ ਕੀਤਾ ਗਿਆ ਹੈ।
ਜਥੇਦਾਰ ਲਗਾਉਣ ਦਾ ਅਧਿਕਾਰ ਕਿਸ ਕੋਲ ਹੈ ਤੇ ਤਾਜਪੋਸ਼ੀ ਦੀ ਪ੍ਰਕਿਰਿਆ ਕੀ ਹੈ?
ਇਸ ਬਾਰੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਥੇਦਾਰਾਂ ਦੀ ਨਿਯੁਕਤੀ ਐੱਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਬੜੇ ਸਤਿਕਾਰ ਨਾਲ ਜਥੇਦਾਰਾਂ ਦੀ ਤਾਜਪੋਸ਼ੀ ਕੀਤੀ ਜਾਂਦੀ ਹੈ, ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਹਨ।
"ਨਿਹੰਗ ਜਥੇਬੰਦੀਆਂ, ਟਕਸਾਲਾਂ, ਸੰਪਰਦਾਵਾਂ, ਸੰਸਥਾਵਾਂ, ਸੰਤ-ਮਹਾਂਪੁਰਖ਼, ਉਦਾਸੀ, ਨਿਰਮਲੇ ਸਾਰਿਆਂ ਨੂੰ ਤਾਜਪੋਸ਼ੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਸਮਾਗਮ ਦੇ ਸਮੇਂ ਅਤੇ ਥਾਂ ਬਾਰੇ ਸੱਦੇ ਦਿੱਤੇ ਜਾਂਦੇ ਹਨ, ਅਖ਼ਬਾਰਾਂ ਦੇ ਨਾਲ-ਨਾਲ ਚਿੱਠੀਆਂ ਵੀ ਭੇਜੀਆਂ ਜਾਂਦੀਆਂ ਹਨ।"
ਉਨ੍ਹਾਂ ਅੱਗੇ ਕਿਹਾ, "ਭਾਵੇਂ ਕੇਸਗੜ੍ਹ ਸਾਹਿਬ ਹੋਵੇ ਭਾਵੇਂ ਅਕਾਲ ਤਖ਼ਤ ਸਾਹਿਬ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਸਮਾਗਮ ਹੁੰਦਾ ਹੈ, ਉਸ ਤੋਂ ਬਾਅਦ ਕੁਝ ਸ਼ਖ਼ਸੀਅਤਾਂ ਰਸਮ ਬਾਰੇ ਮਾਈਕ ਉੱਤੇ ਬੋਲਦੀਆਂ ਵੀ ਹਨ, ਅਰਦਾਸ ਕੀਤੀ ਜਾਂਦੀ ਹੈ, ਹੁਕਮਨਾਮਾ ਲਿਆ ਜਾਂਦਾ ਹੈ ਅਤੇ ਕੜਾਹ ਪ੍ਰਸ਼ਾਦ ਦੀ ਦੇਗ਼ ਵਰਤਾਈ ਜਾਂਦੀ ਹੈ।"

'ਹੈੱਡ ਗ੍ਰੰਥੀ ਵੱਲੋਂ ਦਿੱਤੀ ਜਾਂਦੀ ਹੈ ਦਸਤਾਰ'
ਗਿਆਨੀ ਰਘਬੀਰ ਸਿੰਘ ਮੌਜੂਦਾ ਸਮੇਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹਨ। ਹਾਲਾਂਕਿ ਅੰਤ੍ਰਿੰਗ ਕਮੇਟੀ ਵੱਲੋਂ ਉਨ੍ਹਾਂ ਨੂੰ ਜਥੇਦਾਰੀ ਤੋਂ ਸੇਵਾਮੁਕਤ ਕਰ ਦਿੱਤਾ ਗਿਆ ਸੀ ਪਰ ਹੈੱਡ ਗ੍ਰੰਥੀ ਵਜੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਬਹਾਲ ਰੱਖਿਆ ਗਿਆ ਸੀ।
ਉਨ੍ਹਾਂ ਅੱਗੇ ਦੱਸਿਆ, "ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਤਾਜਪੋਸ਼ੀ ਦਾ ਸਮਾਗਮ ਹੁੰਦਾ ਹੈ, ਉਦੋਂ ਦਰਬਾਰ ਸਾਹਿਬ ਦੇ ਹੈੱਡਗ੍ਰੰਥੀ ਵੱਲੋਂ ਅਕਾਲ ਤਖ਼ਤ ਦੀ ਫ਼ਸੀਲ ਉੱਤੇ ਖੜ੍ਹ ਕੇ ਜਥੇਦਾਰੀ ਦੇਣ ਬਾਰੇ ਐਲਾਨ ਕੀਤਾ ਜਾਂਦਾ ਹੈ, ਸੰਗਤ ਜੈਕਾਰੇ ਛੱਡਦੀ ਹੈ ਅਤੇ ਜਥੇਦਾਰ ਸਾਹਿਬ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ।"
ਸਭ ਤੋਂ ਪਹਿਲੀ ਦਸਤਾਰ ਦਰਬਾਰ ਸਾਹਿਬ ਦੇ ਹੈੱਡਗ੍ਰੰਥੀ ਵੱਲੋਂ ਦਿੱਤੀ ਜਾਂਦੀ, ਉਸ ਤੋਂ ਬਾਅਦ ਬਾਕੀ ਤਖ਼ਤ, ਐੱਸਜੀਪੀਸੀ, ਚੀਫ਼ ਖ਼ਾਲਸਾ ਦੀਵਾਨ ਅਤੇ ਅਕਾਲੀ ਦਲ ਦਾ ਨੁਮਾਇੰਦਾ ਵੀ ਦਸਤਾਰ ਲੈ ਕੇ ਪਹੁੰਚਦਾ ਹੈ।
ਬਾਕੀ ਸੰਪਰਦਾਵਾਂ, ਸਭਾ ਸੁਸਾਇਟੀਆਂ, ਸਿੰਘ ਸੁਸਾਇਟੀਆਂ, ਨਿਰਮਲੇ, ਉਦਾਸੀ ਵੀ ਦਸਤਾਰ ਲੈ ਕੇ ਪਹੁੰਚਦੇ ਹਨ।
ਉਨ੍ਹਾਂ ਦੱਸਿਆ ਇਸੇ ਤਰ੍ਹਾਂ ਪੰਜਾਬ ਵਿਚਲੇ ਹੋਰਨਾਂ ਤਖ਼ਤਾਂ (ਕੇਸਗੜ੍ਹ ਸਾਹਿਬ ਤੇ ਦਮਦਮਾ ਸਾਹਿਬ) ਦੇ ਜਥੇਦਾਰਾਂ ਦਾ ਐਲਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕੀਤਾ ਜਾਂਦਾ ਹੈ।
'ਅਜਿਹਾ ਪਹਿਲਾਂ ਕਦੇ ਨਹੀਂ ਹੋਇਆ'

ਤਸਵੀਰ ਸਰੋਤ, kewal singh/fb
ਸਾਬਕਾ ਜਥੇਦਾਰ ਕੇਵਲ ਸਿੰਘ ਦੱਸਦੇ ਹਨ ਕਿ ਅੰਗਰੇਜ਼ ਕਾਲ ਤੋਂ ਪਹਿਲਾਂ ਅਕਾਲ ਤਖ਼ਤ ਪ੍ਰਬੰਧਕੀ ਜਥੇ ਦੇ ਹੇਠ ਸੀ, ਤੇ ਸਰਬੱਤ ਖ਼ਾਲਸਾ ਜਿਹੀਆਂ ਰਵਾਇਤਾਂ ਹੋਂਦ ਵਿੱਚ ਸਨ।
ਉਨ੍ਹਾਂ ਦੱਸਿਆ ਕਿ ਸਿੱਖਾਂ ਦੀ ਨੁਮਾਇੰਦਾ ਸੰਸਥਾ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪ੍ਰਬੰਧਕੀ ਪੱਖ ਇਸ ਦੇ ਅਧੀਨ ਆ ਗਿਆ ਪਰ ਇਹ ਹੋਰ ਸਿੱਖ ਸੰਸਥਾਵਾਂ ਦਾ ਵੀ ਸਹਿਯੋਗ ਲੈਂਦੀ ਸੀ।
ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਸ਼ੁਰੂਆਤੀ ਸਮੇਂ ਵਿੱਚ ਦਰਬਾਰ ਸਾਹਿਬ ਦੇ ਗ੍ਰੰਥੀਆਂ, ਅਤੇ ਸੇਵਾਦਾਰਾਂ ਦੀ ਲੋੜ ਲਈ ਸਿੰਘ ਸਭਾਵਾਂ ਨੂੰ ਚਿੱਠੀਆਂ ਪਾਉਂਦੇ ਸੀ ਅਤੇ ਉਨ੍ਹਾਂ ਵਿੱਚੋਂ ਚੋਣ ਕਰਦੀ ਸੀ।
ਉਹ ਦੱਸਦੇ ਹਨ, "ਚੁਣੇ ਗਏ ਲੋਕਾਂ ਦੀ ਯੋਗਤਾ ਪਰਖੀ ਜਾਂਦੀ ਸੀ ਅਤੇ ਉਨ੍ਹਾਂ ਨੂੰ ਇੱਕ ਧੜੇ ਨਾਲ ਜੋੜ ਕੇ ਨਹੀਂ ਰੱਖਿਆ ਜਾ ਸਕਦਾ ਸੀ, ਸਭ ਸਤਿਕਾਰਤ ਤਰੀਕੇ ਨਾਲ ਚਲਦਾ ਸੀ।"
ਉਨ੍ਹਾਂ ਅੱਗੇ ਦੱਸਿਆ, "ਜਥੇਦਾਰਾਂ ਨੂੰ ਇਸ ਤਰੀਕੇ ਨਾਲ ਸੇਵਾ-ਮੁਕਤ ਕੀਤੇ ਜਾਣਾ ਆਮ ਨਹੀਂ ਹੈ ਅਤੇ ਸਿੱਖ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ, ਇਸੇ ਕਰਕੇ ਵਿਵਾਦ ਹੋ ਰਿਹਾ ਹੈ।"
ਉਹ ਕਹਿੰਦੇ ਹਨ ਕਿ ਜਿਸ ਤਰੀਕੇ ਕੁਲਦੀਪ ਸਿੰਘ ਗੜਗੱਜ ਨੂੰ ਸੇਵਾ ਸੌਂਪੀ ਗਈ ਹੈ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।

ਤਸਵੀਰ ਸਰੋਤ, SGPC
ਸ਼੍ਰੋਮਣੀ ਕਮੇਟੀ ਨੇ ਕੀ ਪ੍ਰਤੀਕਿਰਿਆ ਦਿੱਤੀ?
ਐੱਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਨਿਹੰਗ ਜਥੇਬੰਦੀਆਂ ਵੱਲੋਂ ਵਿਰੋਧ ਦਾ ਐਲਾਨ ਕੀਤੇ ਜਾਣ ਕਾਰਨ ਗਿਆਨੀ ਕੁਲਦੀਪ ਸਿੰਘ ਦੀ ਦਸਤਾਰਬੰਦੀ ਤੈਅ ਸਮੇਂ ਤੋਂ ਪਹਿਲਾਂ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਦੀ ਦਸਤਾਰਬੰਦੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਪੰਜ ਪਿਆਰਿਆਂ ਵੱਲੋਂ ਦਸਤਾਰ ਦੇ ਕੇ ਕੀਤੀ ਗਈ।
ਇਸ ਤੋਂ ਬਾਅਦ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਉੱਤੇ ਮੱਥਾ ਟੇਕਣ ਗਏ, ਉਸ ਵੇਲੇ ਇਸ਼ਨਾਨ ਸੇਵਾ ਪੂਰੀ ਹੋ ਚੁੱਕੀ ਸੀ ਤੇ ਸ਼ਸਤਰ ਬਿਰਾਜਮਾਨ ਕੀਤੇ ਗਏ ਸਨ।
ਉਨ੍ਹਾਂ ਕਿਹਾ ਕਿ ਹੋਲੇ-ਮੁਹੱਲੇ ਦੇ ਸਮਾਗਮ ਲਈ ਜਥੇਦਾਰ ਦੀ ਸ਼ਮੂਲੀਅਤ ਜ਼ਰੂਰੀ ਹੁੰਦੀ ਹੈ, ਇਸੇ ਲਈ ਸਮਾਗਮ ਹੋਲੇ ਮੁਹੱਲੇ ਤੋਂ ਪਹਿਲਾਂ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਸਮਾਗਮ ਇਸ ਲਈ ਪਹਿਲਾਂ ਕੀਤਾ ਗਿਆ ਤਾਂ ਜੋ ਮਾਹੌਲ ਖ਼ਰਾਬ ਹੋਣ ਤੋਂ ਬਚਿਆ ਜਾ ਸਕੇ।
ਕੀ ਹੈ ਘਟਨਾਕ੍ਰਮ
ਬੀਤੇ ਦਿਨੀਂ ਐੱਸਜੀਪੀਸੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਸੀ।
ਉਨ੍ਹਾਂ ਬਾਰੇ ਇਹ ਫ਼ੈਸਲਾ ਐੱਸਜੀਪੀਸੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਉੱਤੇ ਪੁਰਾਣੇ ਮਾਮਲੇ ਵਿੱਚ ਲੱਗੇ ਇਲਜ਼ਾਮਾਂ ਦੀ ਪੜਤਾਲ ਲਈ ਬਣਾਈ ਗਈ ਸਬ-ਕਮੇਟੀ ਦੀ ਰਿਪੋਰਟ ਤੋਂ ਬਾਅਦ ਲਿਆ ਗਿਆ ਸੀ।
ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਨ੍ਹਾਂ ਨੂੰ ਸੇਵਾ-ਮੁਕਤ ਕੀਤੇ ਜਾਣ ਪਿੱਛੇ ਕਾਰਨ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਆਗੂ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਏ ਜਾਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਦੱਸਿਆ ਗਿਆ ਸੀ।
ਗਿਆਨੀ ਰਘਬੀਰ ਸਿੰਘ ਵੱਲੋਂ ਹਰਪ੍ਰੀਤ ਸਿੰਘ ਨੂੰ ਹਟਾਏ ਜਾਣ ਦੀ ਪ੍ਰਕਿਰਿਆ ਬਾਰੇ ਸਵਾਲ ਚੁੱਕੇ ਗਏ ਹਨ।
ਉਨ੍ਹਾਂ ਵੱਲੋਂ ਅਕਾਲ ਤਖ਼ਤ ਦੇ ਹੁਕਮ 'ਇੰਨ-ਬਿੰਨ' ਨਾ ਲਾਗੂ ਕੀਤੇ ਜਾਣ ਦੀ ਵੀ ਗੱਲ ਕਹੀ ਗਈ ਸੀ।
ਇਸ ਮਗਰੋਂ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
7 ਮਾਰਚ ਨੂੰ ਐੱਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਨੇ ਧਾਮੀ ਦਾ ਅਸਤੀਫ਼ਾ ਪੈਂਡਿੰਗ ਰੱਖ ਲਿਆ ਅਤੇ ਦੋ ਜਥੇਦਾਰਾਂ ਨੂੰ ਸੇਵਾ-ਮੁਕਤ ਕਰ ਦਿੱਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













