ਕੀ ਬਿਕਰਮ ਮਜੀਠੀਆ ਅਕਾਲੀ ਦਲ ਤੋਂ ਬਾਗੀ ਹੋ ਗਏ ਹਨ, ਵਿਰੋਧੀ ਸੁਰਾਂ ਵਾਲੇ ਆਗੂਆਂ ਉੱਤੇ ਪਾਰਟੀ ਨੇ ਐਕਸ਼ਨ ਲੈਣ ਦੀ ਘੜੀ ਰਣਨੀਤੀ

ਅਕਾਲੀ ਦਲ

ਤਸਵੀਰ ਸਰੋਤ, Getty Images

    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਸਹਿਯੋਗੀ

ਸ਼੍ਰੋਮਣੀ ਅਕਾਲੀ ਦਲ ਵਿੱਚ ਸਭ ਕੁਝ ਠੀਕ ਹੋਣ ਦੀ ਥਾਂ ਸਭ ਕੁਝ ਗੜਬੜਾਉਂਦਾ ਵਿਖ ਰਿਹਾ ਹੈ।

ਅਕਾਲੀ ਦਲ ਦਾ ਸੰਕਟ ਸ਼ਨੀਵਾਰ ਨੂੰ ਹੋਰ ਡੂੰਘਾ ਹੋ ਗਿਆ ਜਦੋਂ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਹੋਰ ਅਕਾਲੀ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹਟਾਉਣ ਦਾ ਖੁੱਲ੍ਹ ਕੇ ਵਿਰੋਧ ਕੀਤਾ।

ਸ਼ਨੀਵਾਰ ਨੂੰ ਇੱਕ ਸਾਂਝੇ ਬਿਆਨ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਾਲ਼ੇ ਬਿਕਰਮ ਮਜੀਠੀਆ ਨੇ ਸ਼ਰਨਜੀਤ ਸਿੰਘ ਢਿੱਲੋਂ ਅਤੇ ਲਖਬੀਰ ਸਿੰਘ ਲੋਧੀਨੰਗਲ ਸਣੇ 7 ਆਗੂਆਂ ਦੇ ਨਾਲ, ਐੱਸਜੀਪੀਸੀ ਦੀ ਕਾਰਵਾਈ ਪ੍ਰਤੀ ਆਪਣੀ ਅਸਹਿਮਤੀ ਪ੍ਰਗਟ ਕੀਤੀ ਸੀ।

ਅਕਾਲੀ ਆਗੂ

ਤਸਵੀਰ ਸਰੋਤ, SHARANJIT SINGH DHILLON/FB

ਤਸਵੀਰ ਕੈਪਸ਼ਨ, ਅਕਾਲੀ ਆਗੂਆਂ ਨੇ ਚੰਡੀਗੜ੍ਹ ਵਿੱਚ ਬੈਠਕ ਕਰਕੇ ਇਹ ਫ਼ੈਸਲਾ ਲਿਆ ਸੀ

ਮਜੀਠੀਆ, ਢਿੱਲੋਂ, ਲੋਧੀਨੰਗਲ, ਜੋਧ ਸਿੰਘ ਸਮਰਾ, ਸਰਬਜੋਤ ਸਿੰਘ ਸਾਬੀ, ਰਮਨਦੀਪ ਸਿੰਘ ਸੰਧੂ ਅਤੇ ਸਿਮਰਨਜੀਤ ਸਿੰਘ ਢਿੱਲੋਂ ਦੁਆਰਾ ਦਸਤਖ਼ਤ ਕੀਤੇ ਗਏ ਬਿਆਨ ਵਿੱਚ ਲਿਖਿਆ, "ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਦੇ ਹਾਲੀਆ ਫ਼ੈਸਲੇ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ, ਅਸੀਂ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹਾਂ। ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਨੂੰ ਬਹਾਲ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ।"

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਦਰਅਸਲ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸ਼ੁੱਕਰਵਾਰ ਨੂੰ ਜਥੇਦਾਰ ਦੇ ਅਹੁਦੇ ਤੋਂ ਸੇਵਾ ਮੁਕਤ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਲਿਆ ਗਿਆ ਸੀ।

ਹਾਲਾਂਕਿ, ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ।

ਕੀ ਬੋਲੇ ਬਲਵਿੰਦਰ ਸਿੰਘ ਭੂੰਦੜ

ਬਲਵਿੰਦਰ ਸਿੰਘ ਭੂੰਦੜ
ਤਸਵੀਰ ਕੈਪਸ਼ਨ, ਬਲਵਿੰਦਰ ਸਿੰਘ ਭੂੰਦੜ ਨੇ ਅਕਾਲੀ ਦਲ ਦੇ ਪ੍ਰੈੱਸ ਨੋਟ ਦੀ ਸ਼ਬਦਾਵਲੀ ਨੂੰ ਲੈ ਕੇ ਦੁਚਿੱਤੀ ਵਿਖਾਈ

ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਨਾਲ ਗੱਲ ਕਰਦਿਆਂ ਬਿਕਰਮ ਸਿੰਘ ਮਜੀਠਿਆ ਅਤੇ ਬਾਕੀ ਅਕਾਲੀ ਆਗੂਆਂ ਦੇ ਬਿਆਨ ਨੂੰ ਦੁੱਖ ਭਰਿਆ ਦੱਸਿਆ ਹੈ।

ਉਨ੍ਹਾਂ ਕਿਹਾ ਕਿ ਆਗੂਆਂ ਵਿਚਕਾਰ ਪੈਦਾ ਹੋਏ ਮਤਭੇਦਾਂ ਨੂੰ ਦੂਰ ਕਰਨ ਲਈ ਯਤਨ ਕੀਤੇ ਗਏ ਪਰ ਅਚਾਨਕ ਮੀਡੀਆ ਵਿੱਚ ਬਿਆਨ ਦੇਣਾ ਮੰਦਭਾਗਾ ਹੈ।

ਹਾਲਾਂਕਿ ਉਨ੍ਹਾਂ ਨੇ ਸ਼ਨੀਵਾਰ ਰਾਤੀ ਜਾਰੀ ਕੀਤੇ ਗਏ ਅਕਾਲੀ ਦਲ ਦੇ ਪ੍ਰੈੱਸ ਨੋਟ ਦੀ ਸ਼ਬਦਾਵਲੀ ਬਾਰੇ ਦੁਚਿੱਤੀ ਵਿਖਾਈ ਹੈ।

ਉਨ੍ਹਾਂ ਦਾ ਕਹਿਣਾ ਹੈ, "ਪ੍ਰੈੱਸ ਨੋਟ ਵਿੱਚ ਜੋ ਲਿਖਿਆ ਗਿਆ, ਸੋ ਸਹੀ ਪਰ ਮੈਂ ਅਜਿਹੀ ਸਖ਼ਤ ਸ਼ਬਦਾਵਲੀ ਨਹੀਂ ਵਰਤਦਾ।"

ਬਿਕਰਮ ਮਜੀਠੀਆ ਬਾਰੇ ਉਨ੍ਹਾਂ ਕਿਹਾ, "ਇਹ ਨਵੀਂ ਪੀੜੀ ਹੈ, ਸਾਡੇ ਤੋਂ ਆਪਣੇ ਆਪ ਨੂੰ ਸਿਆਣਾ ਸਮਝਦੀ ਹੈ"

"ਮੈਂ ਲਗਾਤਾਰ ਸਭਨਾ ਨਾਲ ਗੱਲ ਕਰ ਰਿਹਾ ਸੀ ਅਤੇ ਏਕਤਾ ਦੇ ਯਤਨ ਕਰ ਰਿਹਾ ਸੀ, ਕਿ ਮਸਲੇ ਨੂੰ ਹੱਲ ਕਰੀਏ ਪਰ ਅਚਾਨਕ ਉਨ੍ਹਾਂ ਨੂੰ ਕੀ ਹੋਇਆ ਇਹ 'ਤੇ ਉਹੀ ਦੱਸ ਸਕਦੇ ਹਨ।"

ਪਾਰਟੀ ਲਾਈਨ ਤੋਂ ਵੱਖ ਬਿਆਨਾਂ 'ਤੇ ਐਕਸ਼ਨ ਸਬੰਧੀ ਉਨ੍ਹਾਂ ਕਿਹਾ ਕਿ ਕਿਸੇ ਵੀ ਆਗੂ 'ਤੇ ਕਾਰਵਾਈ ਦਾ ਫ਼ੈਸਲਾ ਪਾਰਟੀ ਕਰੇਗੀ।

ਉਨ੍ਹਾਂ ਕਿਹਾ ਕਿ ਅਤ੍ਰਿੰਗ ਕਮੇਟੀ ਦੇ ਜਥੇਦਾਰ ਸਾਹਿਬਾਨਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਫ਼ੈਸਲੇ ਬਾਰੇ ਵੀ ਕਮੇਟੀ ਹੀ ਮੁੜ ਵਿਚਾਰ ਸਕਦੀ ਹੈ।

ਉਨ੍ਹਾਂ ਕਿਹਾ ਕਿ ਅਕਾਲ ਤਖ਼ਤ 'ਤੇ ਮਤਭੇਦ ਕਰਨਾ ਗੁੰਮਰਾਹ ਕਰਨ ਵਾਲੀ ਗੱਲ ਹੈ। ਅਕਾਲ ਤਖ਼ਤ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ʼਤੇ ਉਨ੍ਹਾਂ ਨੇ ਕਿਹਾ, "2 ਦਸੰਬਰ ਵਾਲੇ ਫ਼ੈਸਲੇ ਮਗਰੋਂ ਹਦਾਇਤਾਂ ਮੁਤਾਬਕ ਸੇਵਾ ਨੂੰ ਪੂਰਨ ਕੀਤਾ ਗਿਆ ਸੀ ਇਸ ਮਗਰੋਂ ਹੀ ਸਿੰਘ ਸਾਹਿਬ ਦੇ ਹੁਕਮਾਂ ਤਹਿਤ ਅਸਤੀਫ਼ਾ ਦਿੱਤਾ ਗਿਆ ਅਤੇ ਪਾਰਟੀ ਦੀ ਮੈਂਬਰਸ਼ਿਪ ਸ਼ੁਰੂ ਕੀਤੀ ਗਈ, ਬਕਾਇਦਾ ਸਿੰਘ ਸਾਹਿਬ ਨੇ ਵੀ ਇਸ ਦਾ ਸਵਾਗਤ ਕੀਤਾ ਹੈ।"

"ਪਰ ਅਕਾਲ ਤਖ਼ਤ ਵੱਲੋਂ ਗਠਿਤ ਕਮੇਟੀ ਦੇ ਆਗੂ ਇਕਦਮ ਪਾਰਟੀ ਦੀ ਭਰਤੀ ਨੂੰ ਗ਼ਲਤ ਕਰਾਰ ਦੇਣ ਲੱਗੇ ਅਤੇ ਇਸ ਭਰਤੀ ਨੂੰ ਰੱਦ ਕਰ ਨਵੀਂ ਭਰਤੀ ਅਰੰਭਣ ਦੀ ਗੱਲ ਕਰਨ ਲੱਗੇ। ਹਾਲਾਂਕਿ ਸਾਡੀ ਕੋਸ਼ਿਸ ਸੀ ਕਿ ਪਾਰਟੀ ਨੂੰ ਇਕਮਤ ਰੱਖਿਆ ਜਾਵੇ ਪਰ ਆਖ਼ਿਰ ਜਦੋਂ ਵੱਸ ਨਹੀਂ ਹੀ ਚੱਲਿਆ ਤਾਂ ਹਰਜਿੰਦਰ ਸਿੰਘ ਧਾਮੀ ਨੇ ਵੀ ਅਸਤੀਫ਼ਾ ਦੇ ਦਿੱਤਾ ਅਤੇ ਪਾਸੇ ਹੋ ਗਏ।"

ਭਾਵੇਂ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਪਿਛਲੇ ਸਮਿਆਂ ਵਾਂਗ ਸੰਕਟ ਵਿੱਚੋਂ ਉਭਰੇਗਾ ਅਤੇ ਮੁੜ ਸੁਰਜਿਤ ਹੋਵੇਗਾ।

ਦਲਜਤ ਸਿੰਘ ਚੀਮਾ

ਤਸਵੀਰ ਸਰੋਤ, Getty Images

ʻਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾʼ

ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕੁਝ ਪਾਰਟੀ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਫ਼ੈਸਲਿਆਂ ਵਿਰੁੱਧ ਦਿੱਤੇ ਬਿਆਨਾਂ ਤੇ ਵੀਡੀਓਜ਼ ਦਾ ਸਖ਼ਤ ਨੋਟਿਸ ਲਿਆ ਹੈ।

ਇਸ ਦੀ ਤਸਦੀਕ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕੀਤੀ ਹੈ। ਉਨ੍ਹਾਂ ਆਪਣੇ ਐਕਸ ਹੈਂਡਲ ʼਤੇ ਪਾਏ ਇੱਕ ਬਿਆਨ ਨੂੰ ਸਾਂਝੇ ਕਰਦੇ ਹੋਏ ਕਿਹਾ ਹੈ ਕਿ ਇਸ ਮੁੱਦੇ 'ਤੇ ਅੱਜ ਚੰਡੀਗੜ੍ਹ ਵਿਖੇ ਹੋਈ ਸੰਸਦੀ ਬੋਰਡ ਦੀ ਮੀਟਿੰਗ ਵਿੱਚ ਚਰਚਾ ਕੀਤੀ ਗਈ।

ਉਨ੍ਹਾਂ ਨੇ ਅੱਗੇ ਲਿਖਿਆ, "ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਰ ਕੋਈ ਪਾਰਟੀ ਫੋਰਮ 'ਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਆਜ਼ਾਦ ਹੈ ਪਰ ਕਿਸੇ ਨੂੰ ਵੀ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਕੋਈ ਵੀ ਪਾਰਟੀ ਤੋਂ ਉੱਪਰ ਨਹੀਂ ਹੈ।"

"ਅਜਿਹੇ ਸਾਰੇ ਪਾਰਟੀ ਵਿਰੋਧੀ ਬਿਆਨ ਅਤੇ ਵੀਡੀਓਜ਼ ਪਾਰਟੀ ਅਨੁਸ਼ਾਸਨੀ ਕਮੇਟੀ ਨੂੰ ਭੇਜੇ ਜਾ ਰਹੇ ਹਨ ਅਤੇ ਸਾਰਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਦੇ ਜਵਾਬਾਂ 'ਤੇ ਵਿਚਾਰ ਕਰਨ ਤੋਂ ਬਾਅਦ ਯੋਗਤਾ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।"

ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮੀਟਿੰਗ ਵਿੱਚ ਗੁਲਜ਼ਾਰ ਸਿੰਘ ਰਣੀਕੇ, ਜਨਮੇਜਾ ਸਿੰਘ ਸੇਖੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਭੜੀਆ ਵੀ ਸ਼ਾਮਲ ਸਨ।

ਕੀ ਬਿਕਰਮ ਮਜੀਠੀਆ ਅਕਾਲੀ ਦਲ ਤੋਂ ਬਾਗ਼ੀ ਹੋਏ?

ਅਕਾਲੀ ਦਲ

ਤਸਵੀਰ ਸਰੋਤ, Ravinder Singh Robin/BBC

ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਦੇ ਸਾਬਕਾ ਪ੍ਰੋਫਸਰ ਮੁਹੰਮਦ ਖਾਲਿਦ ਕਹਿੰਦੇ ਹਨ, "ਬਿਕਰਮ ਮਜੀਠੀਆ ਦੇ ਇਸ ਬਿਆਨ ਤੋਂ ਇਹ ਸਾਫ਼ ਹੋ ਗਿਆ ਹੈ ਕਿ ਅਕਾਲੀ ਦਲ ਨੂੰ ਵੀ ਇਹ ਪਤਾ ਲੱਗ ਗਿਆ ਹੈ ਕਿ ਅੰਤ੍ਰਿੰਗ ਕਮੇਟੀ ਵੱਲੋਂ ਜਥੇਦਾਰਾਂ ਨੂੰ ਹਟਾਉਣ ਦਾ ਲਿਆ ਗਿਆ ਫ਼ੈਸਲਾ ਲੋਕਾਂ ਨੇ ਨਕਾਰ ਦਿੱਤਾ ਹੈ।''

''ਇਸ ਫ਼ੈਸਲੇ ਦਾ ਖ਼ਾਮਿਆਜ਼ਾ ਅਕਾਲੀ ਦਲ ਨੂੰ ਅੱਗੇ ਭੁਗਤਣਾ ਪੈ ਸਕਦਾ ਹੈ, ਇਸ ਕਰਕੇ ਉਹ ਲੀਡਰ ਜਿਹੜੇ ਇਸ ਫ਼ੈਸਲੇ ਤੋਂ ਆਪਣੇ ਆਪ ਨੂੰ ਵੱਖ ਕਰ ਸਕਦੇ ਹਨ, ਉਹ ਸਮਾਂ ਰਹਿੰਦਿਆਂ ਖੁੱਲ੍ਹ ਕੇ ਇਸ ਫ਼ੈਸਲੇ ਦੇ ਵਿਰੋਧ ਵਿੱਚ ਬੋਲ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਬਿਕਰਮ ਸਿੰਘ ਮਜੀਠੀਆ ਹਨ।"

ਪ੍ਰੋਫੈਸਰ ਖਾਲਿਦ ਕਹਿੰਦੇ ਹਨ, "ਹਾਲਾਂਕਿ ਬਿਕਰਮ ਮਜੀਠੀਆ ਦੇ ਵਿਰੋਧ ਦੇ ਦੋ ਕਾਰਨ ਹੋ ਸਕਦੇ ਹਨ। ਪਹਿਲਾ ਇਹ ਕਿ ਪਾਰਟੀ ਦੀ ਮਿਲੀਭੁਗਤ ਹੈ ਕਿ ਲੋਕਾਂ ਦੇ ਵਿਰੋਧ ਨੂੰ ਸ਼ਾਂਤ ਕਰਨ ਲਈ ਇੱਕ ਵੱਡੇ ਲੀਡਰ ਦਾ ਇਸ ਫ਼ੈਸਲੇ ਦੇ ਖ਼ਿਲਾਫ਼ ਖੁੱਲ੍ਹ ਕੇ ਉਤਰਨਾ।''

''ਦੂਜਾ ਕਾਰਨ ਇਹ ਹੋ ਸਕਦਾ ਹੈ ਕਿ ਬਿਕਰਮ ਮਜੀਠੀਆ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਹੋਇਆਂ ਆਪਣੇ ਆਪ ਨੂੰ ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ਤੋਂ ਵੱਖ ਕਰ ਰਹੇ ਹਨ ਤਾਂ ਜੋ ਉਹ ਲੋਕਾਂ ਦੀ ਨਜ਼ਰ ਵਿੱਚ ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਲੀਡਰਾਂ ਦੀ ਸੂਚੀ ਵਿੱਚ ਨਾ ਸ਼ਾਮਲ ਹੋਣ।"

ਪ੍ਰੋਫ਼ੈਸਰ ਮੁਹੰਮਦ ਖ਼ਾਲਿਦ
ਤਸਵੀਰ ਕੈਪਸ਼ਨ, ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਦੇ ਸਾਬਕਾ ਪ੍ਰੋਫ਼ੈਸਰ ਹਨ ਮੁਹੰਮਦ ਖ਼ਾਲਿਦ

ਪ੍ਰੋਫੈਸਰ ਪਰਮਜੀਤ ਸਿੰਘ ਜੱਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਰਾਜਨੀਤੀ ਦੇ ਪ੍ਰੋਫੈਸਰ ਹਨ। ਉਹ ਕਹਿੰਦੇ ਹਨ, "ਬਿਕਰਮ ਮਜੀਠੀਆ ਦੇ ਇਸ ਬਿਆਨ ਨੂੰ ਬਗਾਵਤ ਕਹਿਣਾ ਫਿਲਹਾਲ ਗ਼ਲਤ ਹੋਵੇਗਾ। ਕਿਉਂਕਿ ਬਿਕਰਮ ਮਜੀਠੀਆ ਬਾਦਲ ਪਰਿਵਾਰ ਦਾ ਹਿੱਸਾ ਹਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਭ ਤੋਂ ਕਰੀਬੀ ਲੀਡਰ ਹਨ। ਅਕਾਲੀ ਦਲ ਦੇ ਹਰ ਫ਼ੈਸਲੇ ਵਿੱਚ ਬਿਕਰਮ ਸਿੰਘ ਮਜੀਠੀਆ ਸ਼ਾਮਲ ਹੁੰਦੇ ਰਹੇ ਹਨ।"

''ਅੰਤ੍ਰਰਿੰਗ ਕਮੇਟੀ ਵੱਲੋਂ ਜਥੇਦਾਰ ਬਦਲੇ ਜਾਣ ਦੇ ਫ਼ੈਸਲੇ ਉੱਤੇ ਸਵਾਲ ਖੜ੍ਹੇ ਕਰਕੇ ਉਨ੍ਹਾਂ ਨੇ ਲੋਕਾਂ ਵਿੱਚ ਅਕਾਲੀ ਦਲ ਪ੍ਰਤੀ ਉਨ੍ਹਾਂ ਦੇ ਗੁੱਸੇ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।"

ਰਾਜਨੀਤੀ ਦੇ ਪ੍ਰੋਫੈਸਰ ਰੌਣਕੀ ਰਾਮ ਕਹਿੰਦੇ ਹਨ, "ਅਕਾਲੀ ਦਲ ਦਾ ਇਤਿਹਾਸ ਹੈ ਕਿ ਇੱਥੇ ਸਮੇਂ-ਸਮੇਂ ਉੱਤੇ ਬਗ਼ਾਵਤ ਵੀ ਹੁੰਦੀ ਰਹੀ ਹੈ ਅਤੇ ਫ਼ੈਸਲਿਆਂ ਦਾ ਵਿਰੋਧ ਵੀ ਹੁੰਦਾ ਰਿਹਾ ਹੈ। ਬਿਕਰਮ ਸਿੰਘ ਮਜੀਠੀਆ ਵੱਲੋਂ ਕੀਤੇ ਗਏ ਵਿਰੋਧ ਦਾ ਕਾਰਨ ਅਸੀਂ ਇਹ ਸਮਝਦੇ ਹਾਂ ਕਿ ਇਹ ਪਾਰਟੀ ਦੇ ਅੰਦਰ ਵੱਧ ਰਹੇ ਸੰਕਟ ਨੂੰ ਹੋਰ ਗੰਭੀਰ ਕਰ ਰਿਹਾ ਹੈ।''

''ਪਾਰਟੀ ਦੇ ਸਾਰੇ ਆਗੂ ਅਕਾਲੀ ਦਲ ਲਈ ਪੈਦਾ ਹੋਏ ਸੰਕਟ ਨੂੰ ਸਮਝ ਰਹੇ ਹਨ। ਲੋਕਾਂ ਅੰਦਰ ਪੈਦਾ ਹੁੰਦੇ ਗੁੱਸੇ ਦਾ ਸਾਹਮਣਾ ਕਿਵੇਂ ਕਰਨਾ ਹੈ।''

ਬਿਕਰਮ ਸਿੰਘ ਮਜੀਠੀਆ

ਤਸਵੀਰ ਸਰੋਤ, Getty Images

ਇਹ ਵੀ ਪੜ੍ਹੋ-

ਅਕਾਲੀ ਦਲ ਦਾ ਭਵਿੱਖ ਕੀ?

ਪ੍ਰੋਫੈਸਰ ਰੌਣਕੀ ਰਾਮ ਕਹਿੰਦੇ ਹਨ, "ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ, ਪੰਜਾਬੀ ਵੀ ਇਸ ਨੂੰ ਜਿਊਂਦਾ ਰੱਖਣਾ ਚਾਹੁੰਦੇ ਹਨ ਅਤੇ ਪੰਜਾਬ ਦੇ ਲੀਡਰ ਵੀ ਕਿਉਂਕਿ ਖੇਤਰੀ ਪਾਰਟੀ ਖ਼ਤਮ ਹੁੰਦੀ ਹੈ ਤਾਂ ਇਹ ਪੰਜਾਬ ਦੇ ਲੋਕਾਂ ਲਈ ਹੀ ਵੱਡਾ ਘਾਟਾ ਹੋਵੇਗਾ।''

''ਸੁਨੀਲ ਜਾਖੜ ਵਰਗੇ ਲੀਡਰ ਵੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਹਨ ਤਾਂ ਸਮਝੋ ਕਿ ਪੰਜਾਬ ਦੇ ਲੀਡਰ ਅਕਾਲੀ ਦਲ ਨੂੰ ਮੈਦਾਨ ਵਿੱਚ ਦੇਖਣਾ ਚਾਹੁੰਦੇ ਹਨ। ਪਰ ਇਹ ਸੰਕਟ ਅਕਾਲੀ ਦਲ ਦਾ ਅੰਦਰੂਨੀ ਹੈ।''

ਬੀਬੀਸੀ ਪੱਤਰਕਾਰ ਅਵਤਾਰ ਸਿੰਘ ਨਾਲ ਗੱਲ ਕਰਦਿਆਂ ਲੇਖਕ ਅਤੇ ਪੱਤਰਕਾਰ ਅਮਨਦੀਪ ਸਿੰਘ ਸੰਧੂ ਕਹਿੰਦੇ ਹਨ, ਪਿਛਲੇ ਦਹਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਕਿੰਨੀਆਂ ਹੀ ਚੋਣਾਂ ਹਾਰੀਆਂ ਹਨ। ਦਸੰਬਰ 2024 ਨੂੰ, ਅਕਾਲ ਤਖ਼ਤ ਨੇ ਵੀ ਉਨ੍ਹਾਂ ਕਹਿ ਦਿੱਤਾ ਕਿ ਤੁਹਾਨੂੰ ਰਾਜ ਕਰਨ ਦਾ ਨੈਤਿਕ ਅਧਿਕਾਰ ਨਹੀਂ ਹੈ।"

"ਹੁਣ ਕਿਸੇ ਵੀ ਸਿਆਸੀ ਪਾਰਟੀ ਲਈ ਇਸ ਤੋਂ ਵੱਡਾ ਕੋਈ ਬਿਆਨ ਨਹੀਂ ਹੋ ਸਕਦਾ। ਪਰ ਹੁਣ ਤੁਸੀਂ ਆਪਣੀ ਧੌਂਸ ਜਮਾ ਕੇ, ਗੁਟਬੰਦੀ ਕਰ ਕੇ ਜੇ ਤੁਸੀਂ ਜਥੇਦਾਰਾਂ ਨੂੰ ਹਟਾਉਣਾ ਹੀ ਹੈ ਤਾਂ ਇਸ ਤੋਂ ਇੱਕੋ ਹੀ ਗੱਲ ਪਤਾ ਲੱਗਦੀ ਹੈ ਕਿ ਨਾ ਤਾਂ ਤੁਹਾਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਹੈ ਤੇ ਨਾ ਹੀ ਸਿੱਖ ਸੰਸਥਾਵਾਂ ਦੀ ਅਹਿਮੀਅਤ ਅਤੇ ਸ੍ਰੀ ਅਕਾਲ ਤਖ਼ਤ ਦੇ ਰੁਤਬੇ ਦੀ ਕੋਈ ਕਦਰ ਹੈ।"

ਉਹ ਅੱਗੇ ਕਹਿੰਦੇ ਹਨ, "ਤੁਸੀਂ ਹੰਕਾਰੇ ਗਏ ਹੋ ਗਏ ਪਰ ਤੁਹਾਡਾ ਖੇਤਰ ਛੋਟਾ ਹੋਈ ਜਾਂਦਾ ਹੈ। ਹੁਣ ਇਸ ਵਿੱਚੋਂ ਕੀ ਨਿਕਲਦਾ ਹੈ ਇਹ ਤਾਂ ਦੇਖਣ ਵਾਲੀ ਗੱਲ ਹੈ। ਪਰ ਜਿਹੜੀ 100 ਕੁ ਸਾਲਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਸੀ ਮੈਨੂੰ ਲੱਗਦਾ ਹੈ ਕਿ ਇਹ ਉਸ ਦਾ ਆਖ਼ਰੀ ਪੈਂਤੜਾ ਹੈ ਤੇ ਇਸ ਤੋਂ ਬਾਅਦ ਹੁਣ ਤੁਸੀਂ ਕੁਝ ਨਹੀਂ ਕਰ ਸਕਦੇ।"

ਅਮਨਦੀਪ ਸਿੰਘ ਸੰਧੂ ਨੇ ਪੰਜਾਬ: ਜਰਨੀ ਥ੍ਰੋਅ ਫਾਲਟ ਲਾਈਨਜ਼ ਨਾਮ ਦੀ ਕਿਤਾਬ ਲਿਖੀ ਹੈ।

ਬਿਕਰਮ ਮਜੀਠੀਆ ਅਤੇ ਸੁਖਬੀਰ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਾਲ ਤਖ਼ਤ ਦੇ ਜਥੇਦਾਰ ਨੂੰ ਹਟਾਏ ਜਾਣ 'ਤੇ ਮਜੀਠੀਆ ਸਣੇ 7 ਅਕਾਲੀ ਆਗੂਆਂ ਨੇ ਅਸਹਿਮਤੀ ਜਤਾਈ ਹੈ

'ਜਿਸਦੇ ਕੋਲ ਸ਼੍ਰੋਮਣੀ ਕਮੇਟੀ, ਪਾਵਰ ਉਸਦੇ ਕੋਲ'

ਪ੍ਰਫੈਸਰ ਪਰਮਜੀਤ ਸਿੰਘ ਜੱਜ ਕਹਿੰਦੇ ਹਨ,"ਅਕਾਲੀ ਦਲ ਵਿੱਚ ਭਾਵੇਂ ਜਿੰਨੇ ਮਰਜ਼ੀ ਧੜੇ ਹੋਣ, ਪਰ ਸ਼ਕਤੀਸ਼ਾਲੀ ਧੜਾ ਉਹ ਹੈ ਜਿਸ ਦੇ ਕੋਲ ਸ਼੍ਰੋਮਣੀ ਕਮੇਟੀ ਹੈ। ਸ਼੍ਰੋਮਣੀ ਕਮੇਟੀ ਫਿਲਹਾਲ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਕੋਲ ਹੈ। ਇਸ ਕਰਕੇ ਜੇਕਰ ਮਜੀਠੀਆ ਬਗ਼ਾਵਤ ਕਰਦੇ ਵੀ ਹਨ ਤਾਂ ਉਹ ਬਾਕੀ ਬਾਗ਼ੀਆਂ ਵਾਂਗ ਹੀ ਹੋਵੇਗਾ।"

"ਮਜੀਠੀਆ ਦੀ ਇਸ ਬਿਆਨਬਾਜ਼ੀ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ ਹੈ, ਅਜਿਹੇ ਬਿਆਨ ਸਿੱਖ ਕੌਮ ਨੂੰ ਭੰਬਲਭੂਸੇ ਵਿੱਚ ਪਾਉਣ ਲਈ ਵੀ ਦਿੱਤੇ ਗਏ ਹੋ ਸਕਦੇ ਹਨ। ਜੇਕਰ ਧਿਆਨ ਦੇਣ ਦੀ ਲੋੜ ਹੈ ਤਾਂ ਉਹ ਹੈ ਭਾਜਪਾ ਦੀ ਰਾਜਨੀਤੀ ਉੱਤੇ। ਭਾਜਪਾ ਪੰਜਾਬ ਵਿੱਚ ਕੀ ਕਰ ਰਹੀ ਹੈ, ਇਸ ਦੇ ਵੱਲ ਸਭ ਦਾ ਧਿਆਨ ਹੋਣਾ ਚਾਹੀਦਾ ਹੈ, ਅੰਦਰ ਖਾਤੇ ਕੀ ਚਲ ਰਿਹਾ ਹੈ, ਇਹ ਸੋਚਣ ਅਤੇ ਵਿਚਾਰਨ ਦਾ ਵਿਸ਼ਾ ਹੈ।"


ਸ਼ਰਨਜੀਤ ਢਿੱਲੋਂ

ਤਸਵੀਰ ਸਰੋਤ, Sharanjit Singh Dhillon/FB

ਤਸਵੀਰ ਕੈਪਸ਼ਨ, ਸ਼ਰਨਜੀਤ ਢਿੱਲੋਂ

ਸ਼ਰਨਜੀਤ ਢਿੱਲੋਂ ਨੇ ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ਵਿਰੋਧ ਕਿਉਂ ਕੀਤਾ?

ਅੰਤ੍ਰਿੰਗ ਕਮੇਟੀ ਦੇ ਫੈਸਲੇ ਦਾ ਵਿਰੋਧ ਕਰਨ ਵਾਲੇ ਅਕਾਲੀ ਆਗੂਆਂ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਨਾਲ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵੀ ਸ਼ਾਮਲ ਹਨ।

ਵਿਰੋਧ ਮਗਰੋਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਫ਼ੈਸਲੇ ਉੱਤੇ ਅਸਹਿਮਤੀ ਅਸੀਂ ਕਿਸੇ ਪ੍ਰਾਪਤੀ ਵਾਸਤੇ ਜਾਂ ਕਿਸੇ ਸਿਆਸੀ ਉਦੇਸ਼ਾਂ ਵਾਸਤੇ ਨਹੀਂ ਪ੍ਰਗਟਾਈ। ਅਸੀਂ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣੀ ਹੈ।''

''ਤੁਹਾਡੀਆਂ ਅੱਖਾਂ ਸਾਹਮਣੇ ਜੇਕਰ ਕੁਝ ਗ਼ਲਤ ਹੋ ਰਿਹਾ ਹੋਵੇ ਤਾਂ ਉਸ ਉੱਤੇ ਵਿਚਾਰ ਰੱਖਣਾ ਗ਼ਲਤ ਨਹੀਂ ਹੈ। ਸਾਡੇ ਵਾਸਤੇ ਅਕਾਲ ਤਖਤ ਸਾਹਿਬ ਸਭ ਤੋਂ ਵੱਧ ਸਤਿਕਾਰਯੋਗ ਹੈ। ਮੀਰੀ ਪੀਰੀ ਦਾ ਜੋ ਸਿਧਾਂਤ ਸਾਨੂੰ ਮਿਲਿਆ ਹੈ ਅਸੀਂ ਉਸ ਉੱਤੇ ਹਮੇਸ਼ਾ ਚੱਲਦੇ ਰਹਾਂਗੇ। ਇਨ੍ਹਾਂ ਸਿਧਾਂਤਾਂ ਦੀ ਰਾਖੀ ਕਰਨਾ ਸਾਡਾ ਫ਼ਰਜ਼ ਬਣਦਾ ਹੈ।"

ਉਨ੍ਹਾਂ ਕਿਹਾ, ''ਮੈਂ ਆਪਣੀ ਪਾਰਟੀ ਨਹੀਂ ਛੱਡੀ ਹੈ, ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਹਾਂ। ਇਸ ਲਈ ਜੇਕਰ ਕੋਈ ਮੈਨੂੰ ਕੁਝ ਕਹਿ ਰਿਹਾ ਹੈ ਤਾਂ ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ।"

ਕੀ ਬਦਲਿਆ ਜਾ ਸਕਦਾ ਹੈ ਨਵੇਂ ਜਥੇਦਾਰ ਲਗਾਉਣ ਦਾ ਫ਼ੈਸਲਾ?

ਗਿਆਨੀ ਰਘਬੀਰ ਸਿੰਘ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਗਿਆਨੀ ਰਘਬੀਰ ਸਿੰਘ ਦੀ ਪੁਰਾਣੀ ਤਸਵੀਰ

ਉੱਧਰ ਸ਼੍ਰੋਮਣੀ ਅਕਾਲੀ ਦੇ ਬੁਲਾਰੇ ਅਤੇ ਪੰਥਕ ਸਲਾਹਕਾਰ ਬੋਰਡ ਦੇ ਮੈਂਬਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਂ ਅੱਜ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਹੈ।''

''ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ (ਅਸਤੀਫ਼ਾ ਦੇ ਚੁੱਕੇ) ਹਰਜਿੰਦਰ ਸਿੰਘ ਧਾਮੀ ਨਾਲ ਵੀ ਫੋਨ ਉੱਤੇ ਗੱਲਬਾਤ ਕੀਤੀ ਹੈ ਕਿ ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਫੈਸਲਿਆਂ ਨੂੰ ਰੱਦ ਕੀਤਾ ਜਾਵੇ। ਕਿਉਂਕਿ ਇਹ ਫੈਸਲਾ ਬਿਲਕੁਲ ਗਲਤ ਹੈ, ਇਸ ਫੈਸਲੇ ਨੇ ਕੌਮ ਵਿੱਚ ਸੰਕਟ ਹੋ ਡੂੰਘਾ ਕਰ ਦਿੱਤਾ ਹੈ।"

ਕਰਨੈਲ ਸਿੰਘ ਪੀਰ ਮੁਹੰਮਦ ਨੇ ਬੀਬੀਸੀ ਨੂੰ ਇਹ ਦੱਸਿਆ ਕਿ "ਸ਼੍ਰੋਮਣੀ ਕਮੇਟੀ ਦੇ ਚੀਫ ਸੈਕਟਰੀ ਕੁਲਵੰਤ ਸਿੰਘ ਮੰਨਣ ਨੇ ਇਹ ਮੰਨਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਫੈਸਲਿਆਂ ਵੇਲੇ ਉਨ੍ਹਾਂ ਉੱਤੇ ਦਬਾਅ ਪਾਇਆ ਗਿਆ ਸੀ, ਹਾਲਾਂਕਿ ਇਹ ਦਬਾਅ ਕਿਸਨੇ ਪਾਇਆ, ਇਸਦੇ ਬਾਰੇ ਉਨ੍ਹਾਂ ਨੇ ਕੋਈ ਗੱਲ ਨਹੀਂ ਕੀਤੀ।"

ਜਦੋਂ ਅਸੀਂ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਇਹ ਪੁੱਛਿਆ ਕਿ ਕੀ ਅੰਤ੍ਰਿੰਗ ਕਮੇਟੀ ਗਿਆਨੀ ਰਘਬੀਰ ਸਿੰਘ ਨੂੰ ਹਟਾਉਣ ਦਾ ਫੈਸਲਾ ਆਪਣੇ ਪੱਧਰ ਉੱਤੇ ਲੈ ਸਕਦੀ ਹੈ ਤੇ ਹੁਣ ਗਿਆਨੀ ਰਘਬੀਰ ਸਿੰਘ ਕਿਸ ਅਹੁਦੇ ਤਹਿਤ ਇਸ ਫੈਸਲੇ ਨੂੰ ਬਦਲ ਸਕਦੇ ਹਨ ਤਾਂ ਇਸਦਾ ਜਵਾਬ ਉਨ੍ਹਾਂ ਨੇ ਖੁੱਲ੍ਹ ਕੇ ਨਹੀਂ ਦਿੱਤਾ।

ਪਰ ਕਰਨੈਲ ਸਿੰਘ ਪੀਰ ਮੁਹੰਮਦ ਦੇ ਇਸ ਬਿਆਨ ਨਾਲ ਇਹ ਚਰਚਾ ਜ਼ਰੂਰ ਛੇੜ ਦਿੱਤੀ ਹੈ ਕਿ ਅੰਤ੍ਰਿੰਗ ਕਮੇਟੀ ਦੇ ਫੈਸਲਿਆਂ ਦਾ ਵਿਰੋਧ ਹੋਣ ਲੱਗ ਗਿਆ ਹੈ ਅਤੇ ਪੁਰਾਣੇ ਜਥੇਦਾਰਾਂ ਨੂੰ ਹਟਾ ਕੇ ਨਵੇਂ ਜਥੇਦਾਰ ਲਗਾਏ ਜਾਣ ਦਾ ਫੈਸਲਾ ਬਦਲਿਆ ਵੀ ਜਾ ਸਕਦਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)