ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਵਿਚਾਲੇ ਪੰਥਕ ਸਿਆਸਤ ਦਾ ਸੰਕਟ ਕਿੰਨਾ ਡੂੰਘਾ ਹੈ ਤੇ ਇਸ ਦਾ ਹੱਲ ਕੀ ਹੈ

ਕੁਲਦੀਪ ਸਿੰਘ ਗੜਗੱਜ

ਤਸਵੀਰ ਸਰੋਤ, SAD

ਤਸਵੀਰ ਕੈਪਸ਼ਨ, ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 10 ਮਾਰਚ ਨੂੰ ਤੜਕਸਾਰ ਜਥੇਦਾਰ ਦਾ ਅਹੁਦਾ ਸਾਂਭਿਆ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੀ ਪੰਥਕ ਸਿਆਸਤ ਦਾ ਸੰਕਟ ਦਿਨ ਪ੍ਰਤੀ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਹਿਬਾਨਾਂ ਦਾ ਟਕਰਾਅ ਇਸ ਸਮੇਂ ਨਾਜ਼ੁਕ ਮੋੜ ਉੱਤੇ ਪਹੁੰਚ ਗਿਆ ਹੈ।

ਪਹਿਲਾਂ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੇ ਗਿਆਨੀ ਸੁਲਤਾਨ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਤੋਂ ਅਚਾਨਕ ਫ਼ਾਰਗ ਕਰ ਦਿੱਤਾ ਗਿਆ।

ਇਸੇ ਤਰ੍ਹਾਂ ਸੋਮਵਾਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਚਾਨਕ ਤੜਕਸਾਰ ਜਿਸ ਤਰੀਕੇ ਨਾਲ ਅਹੁਦਾ ਸੰਭਾਲਿਆ, ਉਸ ਨਾਲ ਇਹ ਸੰਕਟ ਹੋਰ ਡੂੰਘਾ ਹੁੰਦਾ ਨਜ਼ਰ ਆ ਰਿਹਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਹਾਸ਼ੀਏ ਉੱਤੇ ਆ ਗਈ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕ ਦਾ ਇਨ੍ਹਾਂ ਘਟਨਾਵਾਂ ਤੋਂ ਬਾਅਦ ਰੋਸ ਹੋਰ ਵੱਧ ਗਿਆ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਨਵੇਂ ਜਥੇਦਾਰ ਦੀ ਸੇਵਾ ਸੰਭਾਲ ਉੱਤੇ ਵਿਵਾਦ

ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਿਸ ਤਰੀਕੇ ਨਾਲ ਸੇਵਾ ਸੰਭਾਲੀ ਉਸ ਉੱਤੇ ਵੀ ਵਿਵਾਦ ਹੋ ਗਿਆ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਨਵੇਂ ਜਥੇਦਾਰ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ, ਉੱਥੇ ਹੀ ਕੁਝ ਅਕਾਲੀ ਆਗੂ ਅਤੇ ਪੰਥਕ ਵਿਦਵਾਨ ਇਸ ਉੱਤੇ ਸਵਾਲ ਚੁੱਕੇ ਰਹੇ ਹਨ।

ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਜਾਗੀਰ ਕੌਰ ਦਾ ਕਹਿਣਾ ਹੈ, "ਜਿਸ ਤਰੀਕੇ ਨਾਲ ਅਚਾਨਕ ਤੜਕਸਾਰ ਨਵੇਂ ਜਥੇਦਾਰ ਨੇ ਸੇਵਾ ਸੰਭਾਲੀ ਅਜਿਹਾ ਕਦੇ ਇਤਿਹਾਸ ਵਿੱਚ ਨਹੀਂ ਹੋਇਆ।"

ਉਨ੍ਹਾਂ ਦਾ ਕਹਿਣਾ ਹੈ, "ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਰਿਆਦਾ ਦਾ ਘਾਣ ਖ਼ਾਸ ਕਰਕੇ ਪੰਥਕ ਰਹੁ-ਰੀਤਾਂ ਉਤੇ ਪਹਿਰਾ ਦੇਣ ਵਾਲੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਵੱਡੀ ਉਲੰਘਣਾ ਕੀਤੀ ਹੈ ਜਿਸ ਨਾਲ ਸਿੱਖਾਂ ਵਿੱਚ ਨਰਾਜ਼ਗੀ ਹੈ।"

ਦੂਜੇ ਪਾਸੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ "ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਹੁਦੇ ਦਾ ਚਾਰਜ ਲਏ ਜਾਣ ਮੌਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਣ ਅਤੇ ਸਿੱਖ ਸੰਗਤ ਦੀ ਹਾਜ਼ਰੀ ਤੋਂ ਬਿਨਾਂ ਕੀਤੇ ਗਏ ਸੇਵਾ ਸੰਭਾਲ ਸਮਾਗ਼ਮ ਨੂੰ ਮਰਿਆਦਾ ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ।"

ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੀਡੀਓ ਬਿਆਨ ਵਿੱਚ ਕਿਹਾ, "ਨਵ-ਨਿਯੁਕਤ ਜਥੇਦਾਰ ਦੀ ਸੇਵਾ ਸੰਭਾਲ ਦੇ ਸਮਾਗ਼ਮ ਦੌਰਾਨ ਨਾ ਤਾਂ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ ਅਤੇ ਨਾ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ, ਨਾ ਹੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਨਾ ਹੀ ਸਿੱਖ ਸੰਗਤਾਂ, ਜਥੇਬੰਦੀਆਂ, ਸੰਪਰਦਾਵਾਂ ਹਾਜ਼ਰ ਸਨ।"

ਗਿਆਨੀ ਹਰਪ੍ਰੀਤ ਸਿੰਘ

ਤਸਵੀਰ ਸਰੋਤ, Gyani Harpeet Singh/FB

ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।

ਇੱਕ ਬਿਆਨ ਵਿੱਚ ਸਰਨਾ ਨੇ ਆਖਿਆ, "ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਵਿੱਚ ਬਣੇ ਹੋਏ ਹਾਲਾਤ ਦੇ ਮੱਦੇਨਜ਼ਰ ਜੋ ਫ਼ੈਸਲਾ ਸਿੰਘ ਸਾਹਿਬਾਨ ਦੀ ਨਿਯੁਕਤੀ ਦਾ ਲਿਆ ਹੈ ਅਤੇ ਟਕਰਾਅ ਤੋਂ ਬਚਣ ਲਈ ਸਿੰਘ ਸਾਹਿਬ ਨੇ ਅੰਮ੍ਰਿਤ ਵੇਲੇ ਨੂੰ ਚੁਣਦੇ ਹੋਏ ਕੌਮ ਨੂੰ ਇੱਕਮੁੱਠ ਹੋਣ ਦਾ ਸੰਦੇਸ਼ ਦਿੱਤਾ ਹੈ, ਉਸ ਨਾਲ ਇਹ ਸਾਬਤ ਹੋਇਆ ਹੈ ਕਿ ਕਮੇਟੀ ਦਾ ਇਹ ਫ਼ੈਸਲਾ ਦੂਰ ਅੰਦੇਸ਼ੀ ਵਾਲਾ ਹੈ।"

ਉਧਰ ਅਕਾਲ ਤਖ਼ਤ ਨਤਮਸਤਕ ਹੋਣ ਪਹੁੰਚੇ ਕੇਸਗੜ੍ਹ ਦੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਪਣੀ ਪ੍ਰਤੀਕਿਰਿਆ ਵਿੱਚ ਕਿਹਾ, "ਜਿਸ ਨੂੰ ਤੁਸੀਂ ਹਨੇਰਾ ਕਹਿੰਦੇ ਹੋ, ਉਸ ਨੂੰ ਬਾਣੀ ਕਹਿੰਦੀ ਹੈ ʻਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁʼ ਉਸ ਵੇਲੇ ਪੰਜ ਸਿੰਘ ਵੀ ਸਨ ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਵੀ ਸੀ। ਉੱਥੇ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੀ ਹਾਜ਼ਰੀ ਵਿੱਚ ਪੰਥ ਦੇ ਵਾਲ਼ੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਨਿਮਾਣੇ ਸੇਵਕ ਨੂੰ ਸੇਵਾ ਦਾ ਬਲ਼ ਬਖ਼ਸ਼ਿਆ।"

"ਮੈਂ ਸਮਝਦਾ ਹਾਂ ਕਿ ਕੋਈ ਵਿਰੋਧ ਨਹੀਂ ਹੈ। ਸਾਡਾ ਪੰਥ ਇਸ ਤਰ੍ਹਾਂ ਹੀ ਹੈ ਕਿ ਜਦੋਂ ਕੋਈ ਬਾਹਰਲੀ ਆਫ਼ਤ ਆ ਜਾਵੇ ਤਾਂ ਉਸ ਨਾਲ ਲੜ ਲੈਂਦੇ ਹਨ ਤੇ ਜੇ ਥੋੜ੍ਹੀ ਬਾਹਰਲੀ ਆਫ਼ਤ ਘੱਟ ਹੋਵੇ ਤਾਂ ਇਹ ਘਰੇ ਲੜ ਲੈਂਦੇ ਹਨ।"

ਅਕਾਲੀ ਆਗੂ

ਤਸਵੀਰ ਸਰੋਤ, SHARANJIT SINGH DHILLON/FB

ਤਸਵੀਰ ਕੈਪਸ਼ਨ, 8 ਮਾਰਟ ਨੂੰਅਕਾਲੀ ਆਗੂਆਂ ਨੇ ਚੰਡੀਗੜ੍ਹ ਵਿੱਚ ਬੈਠਕ ਕਰਕੇ ਇਹ ਫ਼ੈਸਲਾ ਲਿਆ ਸੀ

ਕੀ ਹੈ ਪੰਥਕ ਵਿਵਾਦ ਦਾ ਪਿਛੋਕੜ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਦੋ ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਏ ਜਾਣ ਨਾਲ ਕਾਰਨ ਕੁਝ ਸਿੱਖ ਸੰਸਥਾਵਾਂ, ਆਗੂਆਂ ਅਤੇ ਕੁਝ ਲੋਕਾਂ ਵਿੱਚ ਇਸ ਸਮੇਂ ਰੋਸ ਪਾਇਆ ਜਾ ਰਿਹਾ ਹੈ।

7 ਮਾਰਚ ਨੂੰ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਨੂੰ ਖ਼ਤਮ ਕਰ ਦਿੱਤਾ।

ਇਸ ਦੇ ਨਾਲ ਹੀ ਕਮੇਟੀ ਨੇ ਗਿਆਨੀ ਸੁਲਤਾਨ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਵੀ ਫ਼ਾਰਗ ਕਰ ਦਿੱਤਾ।

ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਨੂੰ ਖ਼ਤਮ ਕਰਨ ਨੂੰ ਲੈ ਕੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਹੋਰ ਅਕਾਲੀ ਆਗੂਆਂ ਨੇ ਖੁੱਲ੍ਹ ਕੇ ਵਿਰੋਧ ਕੀਤਾ।

ਸ਼ਨੀਵਾਰ ਨੂੰ ਇੱਕ ਸਾਂਝੇ ਬਿਆਨ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਾਲ਼ੇ ਬਿਕਰਮ ਮਜੀਠੀਆ ਨੇ ਸ਼ਰਨਜੀਤ ਸਿੰਘ ਢਿੱਲੋਂ ਅਤੇ ਲਖਬੀਰ ਸਿੰਘ ਲੋਧੀਨੰਗਲ ਸਣੇ 7 ਆਗੂਆਂ ਦੇ ਨਾਲ, ਐੱਸਜੀਪੀਸੀ ਦੀ ਕਾਰਵਾਈ ਪ੍ਰਤੀ ਆਪਣੀ ਅਸਹਿਮਤੀ ਪ੍ਰਗਟ ਕੀਤੀ ਸੀ।

ਮਜੀਠੀਆ, ਢਿੱਲੋਂ, ਲੋਧੀਨੰਗਲ, ਜੋਧ ਸਿੰਘ ਸਮਰਾ, ਸਰਬਜੋਤ ਸਿੰਘ ਸਾਬੀ, ਰਮਨਦੀਪ ਸਿੰਘ ਸੰਧੂ ਅਤੇ ਸਿਮਰਨਜੀਤ ਸਿੰਘ ਢਿੱਲੋਂ ਦੁਆਰਾ ਦਸਤਖ਼ਤ ਕੀਤੇ ਗਏ ਬਿਆਨ ਵਿੱਚ ਲਿਖਿਆ, "ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਦੇ ਹਾਲੀਆ ਫ਼ੈਸਲੇ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ, ਅਸੀਂ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹਾਂ। ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਨੂੰ ਬਹਾਲ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ।"

ਉਧਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਦਲੀਲ ਹੈ, "ਜਥੇਦਾਰ ਸਾਹਿਬਾਨ ਪੰਥ ਦੀ ਯੋਗ ਅਗਵਾਈ ਕਰਨ ਵਿੱਚ ਅਸਫ਼ਲ ਰਹੇ ਹਨ ਅਤੇ ਇਸ ਕਰ ਕੇ ਉਨ੍ਹਾਂ ਨੂੰ ਕਮੇਟੀ ਵੱਲੋਂ ਹਟਾਇਆ ਗਿਆ ਹੈ।"

ਭਾਵੇਂ ਉਹ ਦੋਵੇਂ ਸ਼੍ਰੋਮਣੀ ਕਮੇਟੀ ਦੀ ਸੇਵਾ ਵਿੱਚ ਅਜੇ ਵੀ ਹਨ, ਪਰ ਉਨ੍ਹਾਂ ਦੇ ਹਟਾਏ ਜਾਣ ਨੂੰ ਬਹੁਤ ਸਾਰੇ ਲੋਕ ਸਿੱਖ ਇਤਿਹਾਸ ਵਿੱਚ 'ਕਾਲਾ ਦਿਨ' ਦੱਸ ਰਹੇ ਹਨ। ਇਸ ਵਿੱਚ ਸਭ ਤੋਂ ਅੱਗੇ ਅਕਾਲੀ ਦਲ ਦਾ ਬਾਗ਼ੀ ਧੜਾ ਹੈ।

ਇਸ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ 5 ਦਸੰਬਰ 2011 ਨੂੰ ਫ਼ਖ਼ਰ-ਏ-ਕੌਮ ਨਾਲ ਸਨਮਾਨਿਤ ਕੀਤਾ ਗਿਆ ਸੀ

ਯਾਦ ਰਹੇ ਕਿ ਇਨ੍ਹਾਂ ਤਿੰਨਾਂ ਜਥੇਦਾਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਲਗਾਈ ਗਈ ਸੀ ਅਤੇ ਪੰਜਾਬ ਦੇ ਮਰਹੂਮ ਆਗੂ ਪ੍ਰਕਾਸ਼ ਸਿੰਘ ਬਾਦਲ ਤੋਂ "ਪੰਥ ਰਤਨ ਫਖ਼ਰ-ਏ-ਕੌਮ" (ਸਿੱਖ ਭਾਈਚਾਰੇ ਦਾ ਮਾਣ) ਦਾ ਪੁਰਸਕਾਰ ਵੀ ਵਾਪਸ ਲਿਆ।

ਪਰ ਜੇਕਰ ਇਸ ਤੋਂ ਥੋੜ੍ਹਾ ਹੋਰ ਪਿੱਛੇ ਜਾਇਆ ਜਾਵੇ ਤਾਂ ਸਿੱਖ ਸੰਸਥਾਵਾਂ ਵਿੱਚ ਮੌਜੂਦਾ ਉਥਲ-ਪੁਥਲ 2 ਦਸੰਬਰ, 2024 ਨੂੰ ਵਾਪਰੀਆਂ ਘਟਨਾਵਾਂ ਤੋਂ ਉਦੋਂ ਸ਼ੁਰੂ ਹੋਈ, ਜਦੋਂ ਅਕਾਲੀ ਲੀਡਰਸ਼ਿਪ ਆਪਣੀਆਂ ਗ਼ਲਤੀਆਂ ਦਾ ਪਛਤਾਵਾ ਕਰਨ ਲਈ ਸ੍ਰੀ ਅਕਾਲ ਤਖ਼ਤ 'ਤੇ ਪੇਸ਼ ਹੋਈ।

ਅਕਾਲੀ-ਭਾਜਪਾ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦਾ ਘਟਨਾਵਾਂ ਅਤੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦਿੱਤੇ ਜਾਣ ਦੇ ਮਾਮਲੇ ਵਿੱਚ ਸਿੰਘ ਸਹਿਬਾਨਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਹੋਰਨਾ ਨੂੰ ਧਾਰਮਿਕ ਸਜ਼ਾ ਸੁਣਾਈ।

ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਢਾਂਚੇ ਭੰਗ ਕਰ ਕੇ ਮੁੜ ਤੋਂ ਜਥੇਬੰਦਕ ਢਾਂਚਾ ਬਣਾਉਣ ਦੇ ਆਦੇਸ਼ ਦਿੱਤੇ ਅਤੇ ਇਸ ਦੇ ਲਈ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਆਦੇਸ਼ ਤੋਂ ਬਾਅਦ ਪੰਥਕ ਹਲਕਿਆਂ ਵਿੱਚ ਕਾਫ਼ੀ ਖ਼ੁਸ਼ੀ ਪਾਈ ਜਾ ਪਾਈ ਜਾ ਰਹੀ ਸੀ। ਪਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪੱਧਰ ਉੱਤੇ ਭਰਤੀ ਮੁਹਿੰਮ ਮੁਕੰਮਲ ਕਰਕੇ ਵਿਵਾਦ ਵਿੱਚ ਹੋਰ ਵਾਧਾ ਕਰ ਦਿੱਤਾ।

ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਵੱਲੋਂ ਗਠਿਤ ਕੀਤੀ ਗਈ ਸੱਤ ਮੈਂਬਰੀ ਕਮੇਟੀ (ਜਿਸ ਵਿਚੋਂ ਦੋ ਮੈਂਬਰ ਅਸਤੀਫ਼ਾ ਦੇ ਚੁੱਕੇ) ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਤੀ ਮੁਹਿੰਮ ਵਿੱਚ ਉਨ੍ਹਾਂ ਨੂੰ ਸਹਿਯੋਗ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ 18 ਮਾਰਚ ਤੋਂ ਫਿਰ ਤੋਂ ਭਰਤੀ ਮੁਹਿੰਮ ਸ਼ੁਰੂ ਕਰ ਕਰਨ ਦਾ ਐਲਾਨ ਕਰ ਦਿੱਤਾ।

ਵੀਡੀਓ ਕੈਪਸ਼ਨ, ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੇਵਾ ਸੰਭਾਲੀ

ਜਾਣਕਾਰਾਂ ਦੀ ਰਾਇ ਵਿੱਚ ਵਿਵਾਦ ਦਾ ਭਵਿੱਖ

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ ਦਾ ਕਹਿਣਾ ਹੈ, "ਜਿਸ ਤਰੀਕੇ ਨਾਲ ਜਥੇਦਾਰ ਸਾਹਿਬਾਨ ਨੂੰ ਹਟਾਇਆ ਗਿਆ ਹੈ, ਉਸ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਐੱਸਜੀਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਰੋਸ ਹੈ।

ਉਨ੍ਹਾਂ ਆਖਿਆ ਕਿ ਇਹੋ ਗ਼ਲਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਖ਼ਾਸ ਤੌਰ ਉੱਤੇ ਬਾਦਲ ਪਰਿਵਾਰ ਹਾਸ਼ੀਏ ਉੱਤੇ ਹੁਣ ਪਹੁੰਚ ਚੁੱਕਾ ਹੈ ਅਤੇ ਲੋਕਾਂ ਵਿੱਚ ਹੁਣ ਗੁੱਸਾ ਹੋਰ ਵੱਧ ਗਿਆ ਹੈ।

ਉਨ੍ਹਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਅਤੇ ਇਸ ਨੂੰ ਸਿੱਖਾਂ ਦੀ ਪਾਰਟੀ ਮੰਨਿਆ ਜਾਂਦਾ ਹੈ।

ਪਰ ਜਿਸ ਤਰੀਕੇ ਨਾਲ ਪਾਰਟੀ ਲੀਡਰਸ਼ਿਪ ਦਾ ਵਤੀਰਾ ਪਿਛਲੇ ਸਮੇਂ ਦੌਰਾਨ ਦੇਖਣ ਨੂੰ ਮਿਲਿਆ ਹੈ ਉਸ ਨਾਲ ਸਿੱਖ ਹੀ ਇਸ ਤੋਂ ਦੂਰ ਹੋ ਗਏ ਹਨ ਅਤੇ ਸਿੰਘ ਸਾਹਿਬਾਨ ਦੇ ਮੁੱਦੇ ਉੱਤੇ ਜੋ ਥੋੜ੍ਹਾ-ਬਹੁਤ ਆਧਾਰ ਬਾਕੀ ਸੀ, ਹੁਣ ਉਹ ਵੀ ਖ਼ਤਮ ਹੋ ਗਿਆ ਹੈ।

ਪੰਥਕ ਮਾਮਲਿਆਂ ਦੇ ਜਾਣਕਾਰ ਮੰਨਦੇ ਹਨ ਮੌਜੂਦਾ ਸਥਿਤੀ 2015 ਵਾਲੀ ਬਣਦੀ ਜਾ ਰਹੀ ਹੈ।

ਉਨ੍ਹਾਂ ਮੁਤਾਬਕ ਸਤੰਬਰ 2015 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਡੇਰਾ ਮੁਖੀ ਨੂੰ ਮੁਆਫ਼ੀ ਤੋਂ ਬਾਅਦ ਵੀ ਸਿੱਖ ਸੰਗਤ ਉਨ੍ਹਾਂ ਦੇ ਖ਼ਿਲਾਫ਼ ਹੋ ਗਈ ਸੀ।

ਮਾਹਰਾਂ ਮੁਤਾਬਕ ਸੰਗਤਾਂ ਵਿੱਚ ਗੁੱਸਾ ਇਸ ਕਦਰ ਸੀ ਕਿ ਉਨ੍ਹਾਂ ਨੂੰ ਕਿਸੇ ਵੀ ਧਾਰਮਿਕ ਸਟੇਜ ਉੱਤੇ ਚੜ੍ਹਨ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਇਸ ਕਰ ਕੇ 10 ਨਵੰਬਰ 2015 ਨੂੰ ਸਰਬੱਤ ਖ਼ਾਲਸਾ ਵੀ ਬਲਾਉਣਾ ਪਿਆ ਸੀ ਅਤੇ ਮੌਜੂਦਾ ਸਥਿਤੀ ਵੀ ਕਰੀਬ ਕਰੀਬ ਉਸੀ ਤਰੀਕੇ ਨਾਲ ਬਣਦੀ ਜਾ ਰਹੀ ਹੈ।

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਮੁਤਾਬਕ, "ਭਾਵੇਂ ਮੌਜੂਦਾ ਵਿਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਾਹਿਬਾਨ ਨਾਲ ਹੈ ਪਰ ਇਸ ਦੀ ਤਾਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਦੇ ਹਨ।"

ਉਨ੍ਹਾਂ ਆਖਿਆ ਕਿ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਉੱਤੇ ਸਵਾਲ ਚੁੱਕੇ ਤਾਂ ਉੱਤੇ ਇਹ ਵਿਵਾਦ ਹੋਰ ਵੱਧ ਗਿਆ ਅਤੇ ਤਿੰਨੋ ਜਥੇਦਾਰਾਂ ਦੀ ਐੱਸਜੀਪੀਸੀ ਨੇ ਵਾਰੋ-ਵਾਰੀ ਛੁੱਟੀ ਕਰ ਦਿੱਤੀ ਅਤੇ ਆਪਣੀ ਮਰਜ਼ੀ ਦਾ ਜਥੇਦਾਰ ਨਿਯੁਕਤ ਕਰ ਦਿੱਤਾ" ਕਿਉਂਕਿ ਸ਼੍ਰੋਮਣੀ ਕਮੇਟੀ ਉੱਤੇ ਦਬਦਬਾ ਸ਼੍ਰੋਮਣੀ ਅਕਾਲੀ ਦਲ ਦਾ ਹੈ।

ਅਕਾਲੀ ਦਲ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਮਜੀਠੀਆ ਨੇ ਜਥੇਦਾਰ ਨੂੰ ਅਹੁੇਦ ਤੋਂ ਹਟਾਏ ਜਾਣ ਦਾ ਵਿਰੋਧ ਕੀਤਾ ਸੀ

ਬਿਕਰਮ ਮਜੀਠੀਆ ਦੇ ਨਰਾਜ਼ਗੀ ਦੇ ਮੁੱਦੇ ਉੱਤੇ ਬੋਲਦਿਆਂ ਜਸਪਾਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਬੰਧ ਮਾਝੇ ਨਾਲ ਹੈ ਅਤੇ ਇਸ ਇਲਾਕੇ ਦੇ ਲੋਕ ਧਾਰਮਿਕ ਬਿਰਤੀ ਦੇ ਹਨ।

ਮਜੀਠੀਆ ਨੂੰ ਪਤਾ ਹੈ ਕਿ ਲੋਕਾਂ ਵਿੱਚ ਸਿੰਘ ਸਾਹਿਬਾਨ ਨੂੰ ਹਟਾਏ ਜਾਣ ਦਾ ਰੋਸ ਹੈ ਅਤੇ ਇਸੇ ਦੀ ਤਰਜ਼ਮਾਨੀ ਕਰਦੇ ਹੋਏ ਉਨ੍ਹਾਂ ਸਿੰਘ ਸਾਹਿਬਾਨ ਨੂੰ ਹਟਾਉਣ ਦੇ ਫ਼ੈਸਲੇ ਦੀ ਮੁਖ਼ਾਲਫਤ ਕੀਤੀ ਹੈ।

ਉਨ੍ਹਾਂ ਮੁਤਾਬਕ ਬਿਕਰਮ ਮਜੀਠੀਆ ਦੀ ਨਾਰਾਜ਼ਗੀ ਪ੍ਰਗਟਾਉਣ ਦਾ ਫ਼ੈਸਲਾ ਜਿੱਥੇ ਇੱਕ ਪਾਸੇ ਧਾਰਮਿਕ ਹੈ ਉੱਥੇ ਹੀ ਇਸ ਨੂੰ ਸਿਆਸਤ ਨਾਲ ਜੋੜ ਕੇ ਵੀ ਦੇਖਿਆ ਜਾਣਾ ਵੀ ਚਾਹੀਦਾ ਹੈ।

ਸਿੱਖ ਮਾਮਲਿਆਂ ਦੇ ਜਾਣਕਾਰ ਡਾਕਟਰ ਖ਼ੁਸ਼ਹਾਲ ਸਿੰਘ ਮੁਤਾਬਕ ਹੁਣ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦਾ ਵਿਧੀ ਵਿਧਾਨ ਬਣਾਉਣ ਦਾ ਸਮਾਂ ਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਮੰਗ ਹੋਰ ਤੇਜ਼ੀ ਨਾਲ ਵਧੇਗੀ।

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ
ਤਸਵੀਰ ਕੈਪਸ਼ਨ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਮੁਤਾਬਕ ਬਿਕਰਮ ਮਜੀਠੀਆ ਦੀ ਨਾਰਾਜ਼ਗੀ ਪ੍ਰਗਟਾਉਣ ਦਾ ਫ਼ੈਸਲਾ ਜਿੱਥੇ ਇੱਕ ਪਾਸੇ ਧਾਰਮਿਕ ਹੈ ਉੱਥੇ ਹੀ ਇਸ ਨੂੰ ਸਿਆਸਤ ਨਾਲ ਜੋੜ ਕੇ ਵੀ ਦੇਖਿਆ ਜਾਣਾ ਵੀ ਚਾਹੀਦਾ

ਪੰਜਾਬ ਯੂਨੀਵਰਸਿਟੀ ਦੇ ਸਮਾਜ ਸਾਸ਼ਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਖ਼ਾਲਿਦ ਮੁਹੰਮਦ ਮੁਤਾਬਕ ਅਕਾਲੀ ਦਲ ਦਾ ਸੰਕਟ ਦਿਨ ਪ੍ਰਤੀ ਵੱਧਦਾ ਜਾ ਰਿਹਾ ਹੈ।

ਉਨ੍ਹਾਂ ਮੁਤਾਬਕ ਜਿੱਥੇ ਇੱਕ ਪਾਸੇ ਅਕਾਲੀ ਦਲ ਪ੍ਰਤੀ ਲੋਕਾਂ ਵਿੱਚ ਭਰੋਸਾ ਘੱਟ ਹੋ ਰਿਹਾ ਹੈ, ਉੱਥੇ ਹੀ ਪਾਰਟੀ ਵਿੱਚ ਫੁੱਟ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ।

ਉਨ੍ਹਾਂ ਮੁਤਾਬਕ ਸਿਆਸਤ ਲੋਕਾਂ ਦੇ ਨਾਲ ਹੁੰਦੀ ਹੈ ਪਰ ਅਕਾਲੀ ਦਲ ਲੋਕਾਂ ਦੀ ਨਬਜ਼ ਫੜਨ ਵਿੱਚ ਕਾਮਯਾਬ ਨਹੀਂ ਹੋ ਰਿਹਾ ਹੈ।

ਉਨ੍ਹਾਂ ਮੁਤਾਬਕ ਇਹ ਆਮ ਚਰਚਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਕੰਟਰੋਲ ਕਰਦਾ ਹੈ ਹੁਣ ਜਿਸ ਤਰੀਕੇ ਨਾਲ ਅੰਤ੍ਰਿੰਗ ਕਮੇਟੀ ਵੱਲੋਂ ਸਿੰਘ ਸਾਹਿਬਾਨ ਨੂੰ ਹਟਾਇਆ ਗਿਆ ਹੈ ਉਸ ਨਾਲ ਉਨ੍ਹਾਂ ਵਿੱਚ ਰੋਸ ਅਤੇ ਨਿਰਾਸ਼ਾ ਹੈ।

ਅਕਾਲੀ ਦਲ ਦੇ ਭਵਿੱਖ ਦੀ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਪਾਰਟੀ ਦਾ ਹਰ ਕਦਮ ਉਸ ਦੇ ਫ਼ਿਲਹਾਲ ਉਲਟ ਪੈ ਰਿਹਾ ਹੈ ਅਤੇ ਇਸ ਕਰ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਕੁਝ ਖ਼ਾਸ ਕਰ ਸਕੇਗੀ ਇਸ ਦੀ ਸੰਭਾਵਨਾ ਅਜੇ ਘੱਟ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)