ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਪ੍ਰਧਾਨ ਮੋਦੀ ਵੱਲੋਂ 1600 ਕਰੋੜ ਰੁਪਏ ਦੀ ਮਦਦ ਦਾ ਐਲਾਨ, ਵਿਰੋਧੀਆਂ ਨੇ ਕੀ ਰੋਸ ਪ੍ਰਗਟ ਕੀਤਾ

ਤਸਵੀਰ ਸਰੋਤ, @narendramodi/X
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਪੰਜਾਬ ਲਈ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਵੀ ਐਲਾਨ ਕੀਤਾ।
ਦਰਅਸਲ, 9 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਵਿੱਚ ਹੜ੍ਹ ਕਾਰਨ ਅਤੇ ਭਾਰੀ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਹਵਾਈ ਸਰਵੇਖਣ ਕੀਤਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਅਧਿਕਾਰੀਆਂ ਦੇ ਨਾਲ ਗੁਰਦਾਸਪੁਰ ਵਿੱਚ ਇੱਕ ਅਧਿਕਾਰਤ ਮੀਟਿੰਗ ਦੌਰਾਨ ਰਾਹਤ ਅਤੇ ਪੁਨਰਵਾਸ ਦੇ ਉਦਮਾਂ ਦੀ ਸਮੀਖਿਆ ਕੀਤੀ ਅਤੇ ਨਾਲ ਹੀ ਪੰਜਾਬ ਵਿੱਚ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ।
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸੂਬੇ ਦੇ ਖਾਤੇ ਵਿੱਚ ਪਹਿਲਾਂ ਹੀ ਮੌਜੂਦ 12,000 ਕਰੋੜ ਰੁਪਏ ਤੋਂ ਇਲਾਵਾ ਪੰਜਾਬ ਲਈ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਹੜ੍ਹਾਂ ਅਤੇ ਕੁਦਰਤੀ ਆਫ਼ਤ ਵਿੱਚ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 2 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਵੀ ਐਲਾਨ ਕੀਤਾ।
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਹਾਲ ਹੀ ਵਿੱਚ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਅਨਾਥ ਹੋਏ ਬੱਚਿਆਂ ਨੂੰ ਪੀਐੱਮ ਕੇਅਰਜ਼ ਫਾਰ ਚਿਲਡਰਨ ਸਕੀਮ ਤਹਿਤ ਵਿਆਪਕ ਸਹਾਇਤਾ ਦਿੱਤੀ ਜਾਵੇਗੀ।

ਤਸਵੀਰ ਸਰੋਤ, @narendramodi/X/BBC
ਹੋਰ ਵੀ ਕੀਤੇ ਐਲਾਨ
ਇਸ ਤੋਂ ਇਲਾਵਾ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਬਹੁ-ਆਯਾਮੀ ਮਦਦ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰਾਂ ਦੀ ਮੁੜ ਉਸਾਰੀ, ਰਾਸ਼ਟਰੀ ਰਾਜਮਾਰਗਾਂ ਨੂੰ ਬਹਾਲ ਕਰਨਾ, ਸਕੂਲਾਂ ਦਾ ਪੁਨਰ ਨਿਰਮਾਣ, ਪੀਐੱਮਐੱਨਆਰਐੱਫ ਰਾਹੀਂ ਰਾਹਤ ਦੇਣਾ ਅਤੇ ਪਸ਼ੂਆਂ ਲਈ ਮਿੰਨੀ ਕਿੱਟਾਂ ਵੰਡਣ ਵਰਗੇ ਤਰੀਕੇ ਸ਼ਾਮਲ ਕਰਨ ਦਾ ਵੀ ਜ਼ਿਕਰ ਕੀਤਾ।
ਕਿਰਸਾਨੀ ਸਹਾਇਤਾ ਦੀਆਂ ਅਹਿਮ ਲੋੜਾਂ ਨੂੰ ਪਛਾਣਦੇ ਹੋਏ, ਵਾਧੂ ਸਹਾਇਤਾ ਵਿਸ਼ੇਸ਼ ਤੌਰ 'ਤੇ ਉਨ੍ਹਾਂ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਜਿਨ੍ਹਾਂ ਕੋਲ ਇਸ ਸਮੇਂ ਬਿਜਲੀ ਕੁਨੈਕਸ਼ਨਾਂ ਦੀ ਘਾਟ ਹੈ।
ਸੂਬਾ ਸਰਕਾਰ ਦੇ ਖਾਸ ਪ੍ਰਸਤਾਵ ਅਨੁਸਾਰ, ਜਿਨ੍ਹਾਂ ਬੋਰਾਂ 'ਤੇ ਗਾਰ ਭਰ ਗਈ ਹੈ ਜਾਂ ਰੁੜ੍ਹ ਗਏ ਹਨ ਉਨ੍ਹਾਂ ਲਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਪ੍ਰੋਜੈਕਟ ਮੋਡ 'ਤੇ ਨਵੀਨੀਕਰਨ ਲਈ ਸਹਾਇਤਾ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਦੇ ਤਹਿਤ, ਪੇਂਡੂ ਖੇਤਰਾਂ ਵਿੱਚ ਘਰਾਂ ਦੇ ਪੁਨਰ ਨਿਰਮਾਣ ਲਈ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ "ਵਿਸ਼ੇਸ਼ ਪ੍ਰੋਜੈਕਟ" ਦੇ ਤਹਿਤ ਵਿੱਤੀ ਸਹਾਇਤਾ ਹੜ੍ਹ ਕਾਰਨ ਨੁਕਸਾਨੇ ਗਏ ਘਰਾਂ ਨੂੰ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਹੜ੍ਹਾਂ ਵਿੱਚ ਨੁਕਸਾਨੇ ਗਏ ਸਰਕਾਰੀ ਸਕੂਲਾਂ ਨੂੰ ਸਮਗ੍ਰ ਸਿੱਖਿਆ ਅਭਿਆਨ ਦੇ ਤਹਿਤ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
ਜਲ ਸੰਚਯ ਜਨ ਭਾਗੀਦਾਰੀ ਪ੍ਰੋਗਰਾਮ ਦੇ ਤਹਿਤ ਪੰਜਾਬ ਵਿੱਚ ਪਾਣੀ ਦੀ ਸੰਭਾਲ ਲਈ ਰੀਚਾਰਜ ਢਾਂਚਿਆਂ ਦਾ ਵਿਆਪਕ ਤੌਰ 'ਤੇ ਨਿਰਮਾਣ ਕੀਤਾ ਜਾਵੇਗਾ। ਇਸ ਦਾ ਉਦੇਸ਼ ਖ਼ਰਾਬ ਹੋਏ ਰੀਚਾਰਜ ਢਾਂਚਿਆਂ ਦੀ ਮੁਰੰਮਤ ਕਰਨਾ ਅਤੇ ਵਾਧੂ ਪਾਣੀ ਦੀ ਸੰਭਾਲ ਢਾਂਚਿਆਂ ਦਾ ਨਿਰਮਾਣ ਕਰਨਾ ਹੋਵੇਗਾ।
ਇਹ ਯਤਨ ਮੀਂਹ ਦੇ ਪਾਣੀ ਦੀ ਸੰਭਾਲ ਨੂੰ ਵਧਾਉਣਗੇ ਅਤੇ ਲੰਬੇ ਸਮੇਂ ਲਈ ਪਾਣੀ ਦੀ ਸਥਿਰਤਾ ਨੂੰ ਯਕੀਨੀ ਬਣਾਉਣਗੇ।
ਪੀਐੱਮ ਮੋਦੀ ਨੇ ਇਸ ਮੌਕੇ ਤੁਰੰਤ ਰਾਹਤ ਅਤੇ ਪ੍ਰਤੀਕਿਰਿਆ ਵਿੱਚ ਆਪਣੀ ਅਹਿਮ ਭੂਮਿਕਾ ਅਦਾ ਕਰਨ ਲਈ ਐੱਨਡੀਆਰਐੱਫ, ਐੱਸਡੀਆਰਐੱਫ, ਫੌਜ, ਸੂਬਾ ਪ੍ਰਸ਼ਾਸਨ ਅਤੇ ਹੋਰ ਸੇਵਾ-ਮੁਖੀ ਸੰਗਠਨਾਂ ਦੇ ਕਰਮਚਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਤਸਵੀਰ ਸਰੋਤ, @PargatSOfficial/BBC
ʻਉਠ ਦੇ ਮੂੰਹ ਵਿੱਚ ਜੀਰਾʼ
ਪ੍ਰਧਾਨ ਮੰਤਰੀ ਮੋਦੀ ਵੱਲੋਂ ਐਲਾਨੀ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਬਾਰੇ ਕਾਂਗਰਸ ਦੇ ਸੰਸਦ ਮੈਂਬਰ ਪਰਗਟ ਸਿੰਘ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ ਅਤੇ ਇਸ ਨੂੰ ਲੋਕਾਂ ਦੇ ਦੁੱਖਾਂ ਦਾ ਅਪਮਾਨ ਦੱਸਿਆ ਹੈ।
ਉਨ੍ਹਾਂ ਆਪਣੇ ਐਕਸ ਹੈਂਡਲ ʼਤੇ ਲਿਖਿਆ ਹੈ, "ਪੰਜਾਬ ਦੇ ਹੜ੍ਹਾਂ ਦੀ ਤਬਾਹੀ ਲਈ 1,600 ਕਰੋੜ ਰੁਪਏ ਲੋਕਾਂ ਦੇ ਦੁੱਖਾਂ ਦਾ ਅਪਮਾਨ ਹੈ। ਪੂਰੇ ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ, ਫ਼ਸਲਾਂ ਰੇਤ ਹੇਠ ਦੱਬੀਆਂ ਹੋਈਆਂ ਹਨ, ਪਰਿਵਾਰ ਬੇਘਰ ਹੋ ਗਏ ਹਨ, ਫਿਰ ਵੀ ਪ੍ਰਧਾਨ ਮੰਤਰੀ ਇਸ ਤਬਾਹੀ ਦੀ ਕੀਮਤ ਮਾਮੂਲੀ ਸਮਝ ਰਹੇ ਹਨ।"
"ਜਦੋਂ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ, ਤਾਂ ਟੁਕੜਿਆਂ ਦੀ ਭੇਟ, ਰਾਹਤ ਨਹੀਂ ਹੈ, ਉਨ੍ਹਾਂ ਨੂੰ ਤਿਆਗਣ ਦੇ ਬਰਾਬਰ ਹੈ। ਪੰਜਾਬੀਆਂ ਨੂੰ ਇੱਕ ਵੱਡੀ ਬਚਾਅ ਯੋਜਨਾ ਦੀ ਲੋੜ ਸੀ, ਨਾ ਕਿ ਇੱਕ ਨਾਮ ਦੀ ਸਹਾਇਤਾ ਦੀ। ਇਹ ਹਮਦਰਦੀ ਨਹੀਂ, ਇਹ ਬੇਰਹਿਮੀ ਹੈ।"

ਤਸਵੀਰ ਸਰੋਤ, Getty Images
ਇਸ ਦੇ ਨਾਲ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਨੂੰ ʻਉਠ ਦੇ ਮੂੰਹ ਵਿੱਚ ਜੀਰਾʼ ਦੱਸਿਆ ਹੈ।
ਆਪਣੇ ਐਕਸ ਹੈਂਡਲ ʼਤੇ ਉਨ੍ਹਾਂ ਨੇ ਲਿਖਿਆ ਹੈ, "ਸਮੁੰਦਰ ਵਿੱਚ ਇੱਕ ਬੂੰਦ, ਜਿਵੇਂ ਕਿ ਅਸੀਂ ਹਿੰਦੀ ਵਿੱਚ ਕਹਿੰਦੇ ਹਾਂ, 'ਉਂਟ ਕੇ ਮੂਹ ਮੇਂ ਜੀਰਾ'। ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਪੰਜਾਬੀਆਂ ਨੂੰ ਬਹੁਤ ਨਿਰਾਸ਼ ਕੀਤਾ ਹੈ। ਜਦੋਂ ਪੰਜਾਬ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਸਨ, ਉਹ ਅਸਫ਼ਲ ਰਹੇ। । ਅਨੁਮਾਨਿਤ ਨੁਕਸਾਨ ਹਜ਼ਾਰਾਂ ਕਰੋੜ ਰੁਪਏ ਵਿੱਚ ਹੈ। ਹੈਰਾਨ ਹਾਂ ਕਿ ਇੰਨੀ ਮਾਮੂਲੀ ਰਾਹਤ ਪਿੱਛੇ ਕੀ ਵਿਚਾਰ ਹੈ।"

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਦੋ ਮੰਤਰੀ ਹਰਦੀਪ ਸਿੰਘ ਅਤੇ ਗੁਰਦੀਪ ਸਿੰਘ ਵੱਲੋਂ ਪ੍ਰਧਾਨ ਮੰਤਰੀ ਨਾਲ ਹੋ ਮੀਟਿੰਗ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1600 ਕਰੋੜ ਰੁਪਏ ਦੀ ਰਾਹਤ ਦਾ ਐਲਾਨ ਪੰਜਾਬ ਦੇ ਹੋਏ ਨੁਕਸਾਨ ਲਈ ਨਾ ਮਾਤਰ ਹੈ।
ਮੰਤਰੀਆਂ ਦਾ ਕਹਿਣਾ ਸੀ ਕਿ ਪੰਜਾਬ ਵੱਲੋਂ ਤਾਂ 20 ਹਜ਼ਾਰ ਕਰੋੜ ਰੁਪਏ ਦੀ ਰਾਹਤ ਦੀ ਮੰਗ ਕੀਤੀ ਗਈ ਅਤੇ ਉਸ ਸਾਮਣੇ ਇਹ ਰਾਸ਼ੀ ਕੁਝ ਵੀ ਨਹੀਂ ਹੈ।
ਆਪ ਆਦਮੀ ਪਾਰਟੀ ਦੇ ਆਗੂ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਲਈ ਕੀਤੇ ਗਏ ਐਲਾਨ ਨੂੰ ਵੱਡਾ ਧੋਖਾ ਦੱਸਿਆ ਹੈ।
ਉਨ੍ਹਾਂ ਨੇ ਕਿਹਾ, "ਪੰਜਾਬ ਹਮੇਸ਼ਾ ਦੇਸ਼ ਦੇ ਲਈ ਹਿੱਕ ਤਾਣ ਕੇ ਖੜ੍ਹਾ ਹੁੰਦਾ ਹੈ ਪਰੰਤੂ ਪੰਜਾਬ ਨੂੰ ਅੱਜ ਕੇਂਦਰ ਸਰਕਾਰ ਦੀ ਲੋੜ ਸੀ। ਸਾਨੂੰ ਸਾਡੇ ਹੱਕ ਦਾ ਪੈਸਾ ਵੀ ਨਹੀਂ ਦਿੱਤਾ ਜਾ ਰਿਹਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












