ਪੰਜਾਬ ਹੜ੍ਹ ਦੀ ਲਪੇਟ 'ਚ ਆਈ ਵਾਹੀਯੋਗ ਜ਼ਮੀਨ ਕੀ ਹੁਣ ਉਪਜਾਊ ਰਹੇਗੀ, ਕਿਹੜੀਆਂ ਫ਼ਸਲਾਂ ਦਾ ਹੋਵੇਗਾ ਨੁਕਸਾਨ, ਬਚਾਉਣ ਦਾ ਕੀ ਹੈ ਹੱਲ?

ਤਸਵੀਰ ਸਰੋਤ, Getty Images
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਵਿੱਚ ਹੜ੍ਹਾਂ ਦੀ ਸਭ ਤੋਂ ਵੱਡੀ ਮਾਰ ਕਿਸਾਨਾਂ ਨੂੰ ਪਈ ਹੈ। ਪੰਜਾਬ ਸਰਕਾਰ ਦੇ ਪੰਜ ਸਤੰਬਰ ਤੱਕ ਦੇ ਅੰਕੜਿਆਂ ਮੁਤਾਬਕ 1.72 ਲੱਖ ਹੈਕਟੇਅਰ (4.25 ਲੱਖ ਏਕੜ) ਵਾਹੀਯੋਗ ਜ਼ਮੀਨ ਹੜ੍ਹਾਂ ਦੀ ਮਾਰ ਹੇਠ ਹੈ। ਖੜ੍ਹੀਆਂ ਫਸਲਾਂ ਜਾਂ ਵੱਢਣ ਕਿਨਾਰੇ ਪਈਆਂ ਫ਼ਸਲਾਂ ਪੂਰੀ ਤਰ੍ਹਾਂ ਡੁੱਬੀਆਂ ਹੋਈਆਂ ਹਨ।
ਇਸ ਸੀਜ਼ਨ ਵਿੱਚ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਣਾ ਲਗਭਗ ਤੈਅ ਹੈ ਪਰ ਉਹ ਆਪਣੇ ਆਉਣ ਵਾਲੇ ਭਵਿੱਖ ਸਬੰਧੀ ਵੀ ਚਿੰਤਤ ਹਨ। ਹੁਣ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਕਿਸਾਨਾਂ ਅੱਗੇ ਸਵਾਲ ਹੈ ਕਿ ਹੜ੍ਹਾਂ ਦੀ ਮਾਰ ਹੇਠ ਜ਼ਮੀਨ ਵਿੱਚ ਬੀਜੀ ਫ਼ਸਲ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਉੱਤੇ ਕੀ ਅਸਰ ਪਵੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਬੀਬੀਸੀ ਵੱਲੋਂ ਖੇਤੀਬਾੜੀ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ।

ਹੜ੍ਹਾਂ ਦਾ ਕੀ ਅਸਰ ਹੋਵੇਗਾ?
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਿੱਟੀ ਵਿਗਿਆਨ ਵਿਭਾਗ ਦੇ ਸੀਨੀਅਰ ਮਿੱਟੀ ਰਸਾਇਣ ਵਿਗਿਆਨੀ ਡਾ. ਰਾਜੀਵ ਸਿੱਕਾ ਦਾ ਕਹਿਣਾ ਹੈ ਕਿ ਹੜ੍ਹਾਂ ਦੌਰਾਨ ਦਰਿਆਵਾਂ ਦਾ ਪਾਣੀ ਰੇਤਾ ਅਤੇ ਗਾਰ ਰੋੜਕੇ ਆਪਣੇ ਨਾਲ ਲੈ ਆਉਂਦਾ ਹੈ।
ਉਹ ਦੱਸਦੇ ਹਨ, "ਹੜ੍ਹਾਂ ਦੀ ਮਾਰ ਹੇਠਾਂ ਆਈਆਂ ਜ਼ਮੀਨਾਂ ਵਿੱਚ ਇਹ ਰੇਤਾ ਅਤੇ ਗਾਰ ਇਕੱਠਾ ਹੋ ਜਾਂਦਾ ਹੈ ਅਤੇ ਜ਼ਮੀਨ ਉੱਤੇ ਇਸਦੀ ਪਰਤ ਜੰਮ ਜਾਂਦੀ ਹੈ। ਇਸ ਜੰਮੀ ਹੋਈ ਪਰਤ ਵਿੱਚ ਨਾ ਤਾਂ ਨਵੀਂ ਫ਼ਸਲ ਬੀਜੀ ਜਾ ਸਕਦੀ ਹੈ ਅਤੇ ਨਾ ਹੀ ਨਵੀਂ ਫ਼ਸਲ ਉੱਗ ਸਕਦੀ ਹੈ। ਇਸ ਤੋਂ ਇਲਾਵਾ ਹੜ੍ਹਾਂ ਦੌਰਾਨ ਜ਼ਮੀਨਾਂ ਵਿੱਚ ਖਾਰ ਅਤੇ ਟੋਏ ਪੈ ਜਾਂਦੇ ਹਨ। ਜ਼ਮੀਨ ਇੱਕ ਬਰਾਬਰ ਜਾਂ ਪੱਧਰ ਨਹੀਂ ਰਹਿੰਦੀ। ਇਸ ਤੋਂ ਇਲਾਵਾ ਕਈ ਵਾਰੀ ਹੜ੍ਹ ਆਪਣੇ ਨਾਲ ਜ਼ਮੀਨ ਰੋੜਕੇ ਵੀ ਲੈ ਜਾਂਦੇ ਹਨ ਜਾਂ ਜ਼ਮੀਨ ਖਿਸਕ ਜਾਂਦੀ ਹੈ।"
ਉਪਜਾਊ ਸ਼ਕਤੀ ਉੱਤੇ ਕੀ ਅਸਰ ਪਵੇਗਾ?

ਡਾ. ਸਿੱਕਾ ਮੁਤਾਬਕ ਹੜ੍ਹਾਂ ਦੀ ਮਾਰ ਦਾ ਵਾਹੀਯੋਗ ਜ਼ਮੀਨ ਦੀ ਉਪਜਾਊ ਸ਼ਕਤੀ ਉੱਤੇ ਮਾੜਾ ਅਸਰ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ।
ਡਾਕਟਰ ਸਿੱਕਾ ਕਹਿੰਦੇ ਹਨ ਕਿ ਭਾਵੇਂ ਜ਼ਮੀਨ ਦੀ ਉਪਜਾਊ ਸ਼ਕਤੀ ਉੱਤੇ ਕੋਈ ਮਾੜਾ ਅਸਰ ਨਹੀਂ ਪਵੇਗਾ ਪਰ ਕਿਸਾਨਾਂ ਅੱਗੇ ਗੰਭੀਰ ਚੁਣੌਤੀਆਂ ਹਨ।
"ਜਿੰਨਾ ਚਿਰ ਜ਼ਮੀਨ ਵਿੱਚ ਰੇਤਾ ਅਤੇ ਗਾਰ ਜਮ੍ਹਾਂ ਹੈ, ਕਿਸਾਨ ਆਪਣੀ ਜ਼ਮੀਨ ਉੱਤੇ ਖੇਤੀ ਨਹੀਂ ਕਰ ਸਕਦੇ। ਕਿਸਾਨਾਂ ਨੂੰ ਇਸ ਰੇਤਾ ਅਤੇ ਗਾਰ ਦੀ ਪਰਤ ਨੂੰ ਖੇਤਾਂ ਵਿੱਚੋਂ ਹਟਾਉਣਾ ਪਵੇਗਾ ਅਤੇ ਆਪਣੀ ਜ਼ਮੀਨ ਨੂੰ ਪੱਧਰਾ ਕਰਨਾ ਪਵੇਗਾ। ਇਸ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ।"
ਉਹ ਅੱਗੇ ਕਹਿੰਦੇ ਹਨ, "ਰੇਤਾ ਅਤੇ ਗਾਰ ਵਿੱਚ ਫ਼ਸਲਾਂ ਵਾਸਤੇ ਜ਼ਰੂਰੀ ਤੱਤ ਹੁੰਦੇ ਹਨ। ਇਸ ਲਈ ਜੇਕਰ ਥੋੜ੍ਹੀ ਬਹੁਤ ਗਾਰ ਜਾਂ ਰੇਤਾ ਜ਼ਮੀਨ ਵਿੱਚ ਰਲਦੀ ਹੈ ਤਾਂ ਇਸ ਨਾਲ ਜ਼ਮੀਨ ਦੀ ਸਿਹਤ ਬਿਹਤਰ ਹੀ ਹੋਵੇਗੀ ਪਰ ਜਦੋਂ ਰੇਤਾ ਅਤੇ ਗਾਰ ਦੀ ਪਰਤ ਜੰਮ ਜਾਂਦੀ ਹੈ ਤਾਂ ਜ਼ਮੀਨ ਵਿੱਚ ਹਵਾ ਦਾਖ਼ਲ ਨਹੀਂ ਹੁੰਦੀ, ਸਿੱਟੇ ਵਜੋਂ ਫ਼ਸਲ ਦਾ ਨੁਕਸਾਨ ਹੁੰਦਾ ਹੈ।"
ਫਸਲਾਂ ਉੱਤੇ ਕੀ ਅਸਰ ਪਵੇਗਾ
ਡਾਕਟਰ ਸਿੱਕਾ ਨੇ ਦੱਸਿਆ ਕਿ ਜਿਹੜੀਆਂ ਫਸਲਾਂ ਸੱਤ ਦਿਨ ਤੋਂ ਵੱਧ ਸਮੇਂ ਤੱਕ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੀਆਂ ਰਹਿਣਗੀਆਂ, ਉਹ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੀਆਂ।
"ਜਿਹੜੀਆਂ ਫਸਲਾਂ ਪੂਰੀ ਤਰ੍ਹਾਂ ਨਹੀਂ ਡੁੱਬੀਆਂ ਹੋਣਗੀਆਂ ਅਤੇ ਉਨ੍ਹਾਂ ਵਿੱਚ ਗਾਰ ਅਤੇ ਰੇਤਾ ਨਹੀਂ ਜਮ੍ਹਾ ਹੋਵੇਗਾ, ਉਹ ਬਚਾਈਆਂ ਜਾ ਸਕਦੀਆਂਹਨ। ਪਰ ਇਨ੍ਹਾਂ ਫ਼ਸਲਾਂ ਦਾ ਨੁਕਸਾਨ ਵੀ ਜ਼ਰੂਰ ਹੋਵੇਗਾ ਅਤੇ ਸਿੱਟੇ ਵਜੋਂ ਉਤਪਾਦਨ ਘਟੇਗਾ।"
ਕਿਹੜੀਆਂ ਫ਼ਸਲਾਂ ਉੱਤੇ ਅਸਰ ਹੋਵੇਗਾ

ਤਸਵੀਰ ਸਰੋਤ, Getty Images
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਹੜ੍ਹਾਂ ਨਾਲ ਝੋਨੇ, ਮੂੰਗੀ ਅਤੇ ਮੱਕੀ ਦੀ ਫ਼ਸਲ ਦਾ ਨੁਕਸਾਨ ਹੋਵੇਗਾ। ਗੰਨੇ ਦੀ ਫ਼ਸਲ ਦਾ ਘੱਟ ਨੁਕਸਾਨ ਹੋਵੇਗਾ। ਜੇਕਰ ਰੇਤਾ ਅਤੇ ਗਾਰ ਖੇਤਾਂ ਵਿੱਚੋਂ ਨਾ ਹਟਾਈ ਗਈ ਤਾਂ ਕਣਕ ਦਾ ਨੁਕਸਾਨ ਵੀ ਹੋਵੇਗਾ।
ਹੁਣ ਕੀ ਹੱਲ ਹੈ?
ਡਾ. ਸਿੱਕਾ ਕਹਿੰਦੇ ਹਨ, "ਜਦੋਂ ਪਾਣੀ ਘਟੇਗਾ ਤਾਂ ਜਿਹੜੀਆਂ ਫਸਲਾਂ ਪੂਰੀ ਤਰ੍ਹਾਂ ਨਹੀਂ ਡੁੱਬੀਆਂ ਅਤੇ ਜਿਨ੍ਹਾਂ ਵਿੱਚ ਰੇਤਾ ਅਤੇ ਗਾਰ ਜਮ੍ਹਾਂ ਨਹੀਂ ਹੋਈ। ਉਨ੍ਹਾਂ ਫ਼ਸਲਾਂ ਦਾ ਰੰਗ ਪੀਲ਼ਾ ਨਜ਼ਰ ਆਵੇਗਾ। ਇਨ੍ਹਾਂ ਫ਼ਸਲਾਂ ਵਿੱਚ ਨਾਈਟ੍ਰੋਜਨ ਦੀ ਕਮੀ ਆ ਜਾਵੇਗੀ। ਇਹ ਕਮੀ ਪੂਰੀ ਕਰਕੇ ਇਹ ਫਸਲਾਂ ਬਚਾਈਆਂ ਜਾ ਸਕਦੀਆਂ ਹਨ।"
ਨਾਈਟ੍ਰੋਜਨ ਦੀ ਕਮੀ ਪੂਰੀ ਕਰਨ ਵਾਸਤੇ ਡਾ. ਸਿੱਕਾ ਨੇ ਕਿਸਾਨਾਂ ਨੂੰ ਯੂਰੀਆ ਦਾ ਘੋਲ ਬਣਾ ਕੇ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਹੈ।
"ਇਸ ਤੋਂ ਇਲਾਵਾ ਝੋਨੇ ਦੀ ਫ਼ਸਲ ਵਿੱਚ ਜ਼ਿੰਕ ਦੀ ਕਮੀ ਵੀ ਆ ਆਵੇਗੀ। ਇਸ ਕਮੀ ਨੂੰ ਪੂਰਾ ਕਰਨ ਵਾਸਤੇ ਕਿਸਾਨ ਜ਼ਿੰਕ ਸਲਫ਼ੇਟ ਦੀ ਸਪਰੇਅ ਕਰਨ।"
ਡਾ. ਸਿੱਕਾ ਕਹਿੰਦੇ ਹਨ ਕਿ ਯੂਰੀਆ ਅਤੇ ਜ਼ਿੰਕ ਸਲਫ਼ੇਟ ਜ਼ਮੀਨ ਵਿੱਚ ਇਸ ਸਮੇਂ ਪਾਉਣ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਇਸ ਲਈ ਕਿਸਾਨ ਸਿਰਫ਼ ਸਪਰੇਅ ਕਰਨ।

ਤਸਵੀਰ ਸਰੋਤ, Getty Images
ਜ਼ਮੀਨਾਂ ਉੱਤੇ ਹੜ੍ਹਾਂ ਦੀ ਮਾਰ ਕਦੋਂ ਤੱਕ ਰਹੇਗੀ?
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਕਿਸਾਨਾਂ ਨੂੰ ਹੜ੍ਹਾਂ ਦੀ ਮਾਰ ਖੇਤੀ ਦੇ ਅਗਲੇ ਸੀਜ਼ਨ ਤੱਕ ਝੱਲਣੀ ਪਵੇਗੀ।
"ਹੜ੍ਹਾਂ ਨਾਲ ਝੋਨੇ ਦੀ ਫ਼ਸਲ ਦਾ ਤਾਂ ਨੁਕਸਾਨ ਹੋ ਹੀ ਚੁੱਕਿਆ ਹੈ। ਹੁਣ ਕਣਕ ਦੀ ਫ਼ਸਲ ਉੱਤੇ ਵੀ ਹੜ੍ਹਾਂ ਦਾ ਅਸਰ ਪਵੇਗਾ। ਹੜ੍ਹਾਂ ਦੀ ਮਾਰ ਹੇਠਲੇ ਇਲਾਕਿਆਂ ਵਿੱਚ ਕਣਕ ਦੀ ਫ਼ਸਲ ਦੀ ਬਿਜਾਈ ਵਿੱਚ ਦੇਰੀ ਹੋ ਜਾਵੇਗੀ।"
ਉਹ ਕਹਿੰਦੇ ਹਨ ਕਿ ਜੇਕਰ ਕਿਸਾਨਾਂ ਨੇ ਆਪਣੇ ਖੇਤਾਂ ਵਿੱਚੋਂ ਰੇਤਾ ਅਤੇ ਗਾਰ ਨਾ ਚੁੱਕੀ ਤਾਂ ਉਹ ਕਣਕ ਦੀ ਬਿਜਾਈ ਵੀ ਨਹੀਂ ਕਰ ਸਕਣਗੇ।
ਹੋਰ ਕਿਹੜੇ ਬਦਲ ਮੌਜੂਦ ਹਨ?

ਡਾ. ਸਿੱਕਾ ਕਹਿੰਦੇ ਹਨ ਕਿ ਹੜ੍ਹਾਂ ਦੀ ਮਾਰ ਝੱਲਣ ਵਾਲੇ ਕਿਸਾਨਾਂ ਕੋਲ ਤਿੰਨ ਬਦਲ ਹੋਣਗੇ। ਜਾਂ ਤਾਂ ਉਹ ਰੇਤਾ ਅਤੇ ਗਾਰ ਨੂੰ ਹਟਾ ਦੇਣ ਜਾਂ ਰੇਤਾ ਅਤੇ ਗਾਰ ਨੂੰ ਉਲਟਾਂਵੇ ਹਲਾਂ ਨਾਲ ਜ਼ਮੀਨ ਵਿੱਚ ਮਿਕਸ ਕਰ ਦੇਣ।
ਉਨ੍ਹਾਂ ਕਿਹਾ, "ਮੌਜੂਦਾ ਸਮੇਂ ਇਹ ਅਧਿਐਨ ਕਰ ਰਹੇ ਹਾਂ ਕਿ ਰੇਤਾ ਅਤੇ ਗਾਰ ਨੂੰ ਉਲ਼ਟਾਵੇ ਹਲਾਂ ਨਾਲ ਜ਼ਮੀਨ ਵਿੱਚ ਵਾਹੁਣ ਨਾਲ ਜ਼ਮੀਨ ਦੀ ਸਿਹਤ ਅਤੇ ਉਪਜਾਊ ਸ਼ਕਤੀ ਉੱਤੇ ਕੀ ਅਸਰ ਪਵੇਗਾ।"
"ਤੀਜਾ ਬਦਲ ਜੈਵਿਕ ਅਤੇ ਹਰੀਆਂ ਖਾਦਾਂ ਹਨ। ਜਿਹੜੇ ਕਿਸਾਨ ਆਪਣੇ ਖੇਤਾਂ ਵਿੱਚ ਰੇਤਾ ਅਤੇ ਗਾਰ ਹਟਾਉਣ ਤੋਂ ਅਸਮਰੱਥ ਹਨ, ਉਨ੍ਹਾਂ ਨੂੰ ਹਰੀਆਂ ਅਤੇ ਜੈਵਿਕ ਖਾਦਾਂ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਹਰੀਆਂ ਅਤੇ ਜੈਵਿਕ ਖਾਦਾਂ ਦੀ ਵਰਤੋਂ ਨਾਲ ਜ਼ਮੀਨ ਦੀ ਸਿਹਤ ਬਿਹਤਰ ਹੋ ਸਕਦੀ ਹੈ।"
ਮਾਹਰਾਂ ਨੂੰ ਕਿਹੜਾ ਡਰ

ਤਸਵੀਰ ਸਰੋਤ, Getty Images
ਡਾ. ਸਿੱਕਾ ਮੁਤਾਬਕ ਹੜ੍ਹਾਂ ਅਤੇ ਮੀਂਹ ਦੇ ਪਾਣੀ ਨਾਲ ਜ਼ਮੀਨ ਉੱਤੇ ਨਕਾਰਾਤਮਕ ਪ੍ਰਭਾਵ ਨਹੀਂ ਪਵੇਗਾ। ਪਰ ਉਨ੍ਹਾਂ ਜ਼ਮੀਨ ਵਿੱਚ ਸਾਲਟ ਇਕੱਠੇ ਹੋਣ ਬਾਬਤ ਚਿੰਤਾ ਪ੍ਰਗਟ ਕੀਤੀ ਹੈ।
"ਜੇਕਰ ਜ਼ਮੀਨ ਵਿੱਚ ਸਾਲਟ ਇਕੱਠੇ ਹੁੰਦੇ ਹਨ ਤਾਂ ਇਸਦਾ ਜ਼ਮੀਨ ਦੀ ਸਿਹਤ ਉੱਤੇ ਮਾੜਾ ਅਸਰ ਪੈ ਸਕਦਾ ਹੈ। ਪਰ ਆਮ ਤੌਰ ਉੱਤੇ ਇਸਦੇ ਆਸਾਰ ਬਹੁਤ ਘੱਟ ਹੁੰਦੇ ਹਨ। ਹੜ੍ਹਾਂ ਦਾ ਪਾਣੀ ਨਾਲ ਆਮ ਤੌਰ ਉੱਤੇ ਜ਼ਮੀਨ ਵਿੱਚ ਸਾਲਟ ਇਕੱਠੇ ਨਹੀਂ ਹੁੰਦੇ। ਕਈ ਵਾਰੀ ਸਾਲਟ ਕਿਸੇ ਜਗ੍ਹਾ ਤੋਂ ਰੁੜਕੇ ਆ ਜਾਂਦੇ ਹਨ। ਪਰ ਇਸਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।"
ਕਿੰਨੀਆਂ ਫ਼ਸਲਾਂ ਬਰਬਾਦ ਹੋਈਆਂ?

ਤਸਵੀਰ ਸਰੋਤ, Getty Images
ਪੰਜਾਬ ਦੇ ਕੁਲ 23 ਜ਼ਿਲ੍ਹੇ ਹੀ ਹੜ੍ਹ ਦੀ ਮਾਰ ਹੇਠ ਆ ਚੁੱਕੇ ਹਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਦੱਸਿਆ ਸੀ ਕਿ ਮੁੱਢਲੇ ਅੰਦਾਜ਼ੇ ਮੁਤਾਬਕ ਤਿੰਨ ਲੱਖ ਏਕੜ ਫ਼ਸਲਾਂ ਦਾ ਨੁਕਸਾਨ ਇਸ ਸਮੇਂ ਹੋਇਆ ਹੈ ਅਤੇ ਪਰ ਅਸਲ ਨੁਕਸਾਨ ਕਿੰਨਾ ਹੋਇਆ ਹੈ, ਇਹ ਸਪੈਸ਼ਲ ਗਿਰਦਾਵਰੀ ਤੋਂ ਬਾਅਦ ਹੀ ਪਤਾ ਲੱਗੇਗਾ।
ਸਰਕਾਰ ਮੁਤਾਬਕ ਕੁਝ ਜ਼ਿਲ੍ਹੇ ਅਜਿਹੇ ਹਨ ਜਿੱਥੇ ਫ਼ਸਲਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ।
ਇਸ ਵਿੱਚ ਅੰਮ੍ਰਿਤਸਰ 23,000 ਹੈਕਟੇਅਰ, ਕਪੂਰਥਲਾ 14,934 ਹੈਕਟੇਅਰ, ਤਰਨਤਾਰਨ 11,883 ਹੈਕਟੇਅਰ, ਮਾਨਸਾ 17,005 ਹੈਕਟੇਅਰ, ਫ਼ਿਰੋਜ਼ਪੁਰ 11,232 ਹੈਕਟੇਅਰ ਵਿੱਚ ਫ਼ਸਲਾਂ ਦਾ ਨੁਕਸਾਨ ਹੋਇਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












