ਕਿਵੇਂ ਪਤਾ ਲੱਗਿਆ ਕਿ ਚੁੰਮਣ ਦੀ ਆਦਤ 210 ਲੱਖ ਸਾਲ ਪੁਰਾਣੀ ਹੈ, ਬਾਂਦਰਾਂ ਤੋਂ ਮਨੁੱਖਾਂ ਤੱਕ ਕਿਵੇਂ ਪਹੁੰਚੀ ਰੋਮਾਂਸ ਭਰੀ 'ਕਿਸ'

ਤਸਵੀਰ ਸਰੋਤ, Getty Images
- ਲੇਖਕ, ਵਿਕਟੋਰੀਆ ਗਿੱਲ
- ਰੋਲ, ਬੀਬੀਸੀ ਪੱਤਰਕਾਰ
ਕਿਸ ਯਾਨੀ ਚੁੰਮਣ ਇਹ ਇਨਸਾਨ ਵੀ ਕਰਦੇ ਹਨ, ਬਾਂਦਰ ਵੀ ਕਰਦੇ ਹਨ, ਇੱਥੋਂ ਤੱਕ ਕਿ ਧਰੁਵੀ ਰਿੱਛ ਵੀ ਅਤੇ ਹੁਣ ਵਿਗਿਆਨੀਆਂ ਨੇ ਪਤਾ ਲਾਇਆ ਹੈ ਕਿ ਇਹ ਚੁੰਮਣ ਦੀ ਆਦਤ ਕਿੱਥੋਂ ਤੋਂ ਆਈ ਹੈ।
ਉਨ੍ਹਾਂ ਦੀ ਰਿਸਰਚ ਤੋਂ ਪਤਾ ਲੱਗਦਾ ਹੈ ਕਿ ਮੂੰਹ ਨਾਲ ਮੂੰਹ ਜੋੜ ਕੇ ਚੁੰਮਣ ਦੀ ਆਦਤ 210 ਲੱਖ ਸਾਲ ਭਾਵ 21 ਮਿਲੀਅਨ ਸਾਲ ਪਹਿਲਾਂ ਵਿਕਸਤ ਹੋਈ ਸੀ।
ਇਸੇ ਖੋਜ ਤੋਂ ਇਹ ਸਿੱਟਾ ਨਿਕਲਿਆ ਕਿ ਨਿਏਂਡਰਥਲ ਨੇ ਵੀ ਕਿਸ ਕੀਤੀ ਹੋ ਸਕਦੀ ਹੈ ਅਤੇ ਸੰਭਵ ਹੈ ਕਿ ਮਨੁੱਖ ਅਤੇ ਨਿਏਂਡਰਥਲਾਂ ਨੇ ਇੱਕ ਦੂਜੇ ਨੂੰ ਵੀ ਚੁੰਮਿਆ ਹੋਵੇਗਾ।"
ਵਿਗਿਆਨੀਆਂ ਨੇ ਚੁੰਮਣ ਬਾਰੇ ਖੋਜ ਇਸ ਲਈ ਕੀਤੀ ਕਿਉਂਕਿ ਇਹ ਵਿਕਾਸ ਦੇ ਨਜ਼ਰੀਏ ਨਾਲ ਇੱਕ ਰਹੱਸ ਹੈ। ਇਸ ਨਾਲ ਕੋਈ ਸਿੱਧਾ ਜੀਵਨ ਬਚਾਉਣ ਜਾਂ ਪ੍ਰਜਨਨ ਲਾਭ ਨਹੀਂ ਮਿਲਦਾ, ਪਰ ਫਿਰ ਵੀ ਇਹ ਸਿਰਫ਼ ਇਨਸਾਨਾਂ ਹੀ ਨਹੀਂ ਸਗੋਂ ਕਈ ਜਾਨਵਰਾਂ ਵਿੱਚ ਵੀ ਵੇਖਿਆ ਗਿਆ ਹੈ।
ਦੂਜੇ ਜਾਨਵਰਾਂ ਵਿੱਚ ਚੁੰਮਣ ਦੇ ਸਬੂਤ ਲੱਭ ਕੇ ਵਿਗਿਆਨੀਆਂ ਨੇ ਇੱਕ 'ਐਵੋਲੂਸ਼ਨਰੀ ਫੈਮਲੀ ਟ੍ਰੀ' ਬਣਾਇਆ। ਇਸ ਨਾਲ ਉਨ੍ਹਾਂ ਨੂੰ ਪਤਾ ਲੱਗ ਸਕਿਆ ਕਿ ਕਿਸਿੰਗ ਦੀ ਆਦਤ ਸਭ ਤੋਂ ਪਹਿਲਾਂ ਕਦੋਂ ਸ਼ੁਰੂ ਹੋਈ।
ਇਹ ਯਕੀਨੀ ਬਣਾਉਣ ਲਈ ਕਿ ਵਿਗਿਆਨੀ ਵੱਖ-ਵੱਖ ਜੀਵਾਂ ਵਿੱਚ ਇੱਕੋ ਜਿਹੇ ਵਿਵਹਾਰ ਦੀ ਤੁਲਨਾ ਕਰ ਰਹੇ ਹਨ, ਖੋਜਕਰਤਾਵਾਂ ਨੂੰ 'ਚੁੰਮਣ' ਦੀ ਇੱਕ ਬਹੁਤ ਹੀ ਸਹੀ ਪਰ ਗੈਰ-ਰੋਮਾਂਟਿਕ ਪਰਿਭਾਸ਼ਾ ਦੇਣੀ ਪਈ।

ਤਸਵੀਰ ਸਰੋਤ, Getty Images
ਜਰਨਲ 'ਇਵੋਲੂਸ਼ਨ ਐਂਡ ਹਿਊਮਨ ਬਿਹੇਵੀਅਰ' ਵਿੱਚ ਛਪੀ ਆਪਣੀ ਖੋਜ ਵਿੱਚ ਉਨਾਂ ਨੇ ਕਿਸਿੰਗ ਨੂੰ ਬਿਨਾਂ ਗੁੱਸੇ ਵਾਲਾ, ਸਿੱਧਾ ਮੌਖਿਕ ਸੰਪਰਕ ਦੱਸਿਆ। ਜਿਸ ਵਿੱਚ ਬੁੱਲਾਂ ਅਤੇ ਮੂੰਹ ਦੇ ਕੁੱਝ ਹਿੱਸਿਆਂ ਦੀ ਥੋੜ੍ਹੀ ਜਿਹੀ ਹਰਕਤ ਹੁੰਦੀ ਹੈ ਹਾਲਾਂਕਿ ਇਸ ਵਿੱਚ ਖਾਣਾ ਟ੍ਰਾਂਸਫਰ ਨਹੀਂ ਹੁੰਦਾ।
ਆਕਸਫੋਰਡ ਯੂਨੀਵਰਸਿਟੀ ਦੀ ਐਵੋਲੂਸ਼ਨਰੀ ਬਾਇਓਲੌਜਿਸਟ ਅਤੇ ਮੁੱਖ ਖੋਜਕਰਤਾ ਡਾ. ਮੈਟਿਲਡਾ ਬ੍ਰਿੰਡਲ ਨੇ ਦੱਸਿਆ, "ਇਨਸਾਨ, ਚਿੰਪੈਂਜ਼ੀ ਅਤੇ ਬੋਨੋਬੋਸ ਇਹ ਸਾਰੇ ਕਿਸ ਕਰਦੇ ਹਨ।" ਇਸ ਤੋਂ ਉਨ੍ਹਾਂ ਨੇ ਇਹ ਨਤੀਜਾ ਕੱਢਿਆ ਕਿ ਸ਼ਾਇਦ ਉਨ੍ਹਾਂ ਦੇ ਹਾਲ ਹੀ ਦੇ ਪੂਰਵਜਾਂ ਨੇ ਵੀ ਚੁੰਮਿਆ ਹੋਵੇਗਾ।
"ਸਾਨੂੰ ਲੱਗਦਾ ਹੈ ਕਿ ਚੁੰਮਣਾ ਸ਼ਾਇਦ ਲਗਭਗ 215 ਲੱਖ ਸਾਲ ਪਹਿਲਾਂ ਵੱਡੇ ਬਾਂਦਰਾਂ (ਏਪਸ) ਵਿੱਚ ਵਿਕਸਤ ਹੋਇਆ ਸੀ।"

ਇਸ ਅਧਿਐਨ ਵਿੱਚ ਵਿਗਿਆਨੀਆਂ ਨੇ ਬਘਿਆੜ, ਪ੍ਰੇਰੀ ਡੌਗਜ਼ (ਇੱਕ ਕਿਸਮ ਦੀ ਗਿਲਹਰੀ), ਧਰੁਵੀ ਰਿੱਛ (ਢਿੱਲੀ ਚਾਲ ਤੇ ਲੰਬੀ ਜੀਭ ਵਾਲੇ) ਅਤੇ ਇੱਥੋਂ ਤੱਕ ਕਿ ਅਲਬਾਟਰਾਸ (ਇੱਕ ਸਮੁੰਦਰੀ ਪੰਛੀ) ਵਿੱਚ ਵੀ ਅਜਿਹਾ ਵਿਵਹਾਰ ਲੱਭਿਆ ਜੋ ਚੁੰਮਣ ਦੀ ਉਨ੍ਹਾਂ ਦੀ ਵਿਗਿਆਨਕ ਪਰਿਭਾਸ਼ਾ ਨਾਲ ਮੇਲ ਖਾਂਦਾ ਸੀ।
ਉਨ੍ਹਾਂ ਨੇ ਖਾਸ ਤੌਰ 'ਤੇ ਪ੍ਰਾਈਮੇਟਸ ਅਤੇ ਏਪਸ (ਬਾਂਦਰਾਂ ਦੀ ਨਸਲ) 'ਤੇ ਧਿਆਨ ਦਿੱਤਾ ਤਾਂ ਜੋ ਮਨੁੱਖੀ ਚੁੰਮਣ ਦੇ ਮੁੱਢ ਬਾਰੇ ਐਵੋਲੂਸ਼ਨਰੀ ਤਸਵੀਰ ਬਣਾਈ ਜਾ ਸਕੇ।
ਇਸੇ ਅਧਿਐਨ ਨੇ ਇਹ ਸਿੱਟਾ ਵੀ ਕੱਢਿਆ ਕਿ ਨਿਏਂਡਰਥਲ ਸਾਡੇ ਸਭ ਤੋਂ ਨੇੜਲੇ ਪੁਰਾਤਣ ਮਨੁੱਖੀ ਰਿਸ਼ਤੇਦਾਰ ਜੋ ਲਗਭਗ 40,000 ਸਾਲ ਪਹਿਲਾਂ ਖ਼ਤਮ ਹੋ ਗਏ ਸਨ ਤੇ ਉਹ ਵੀ ਚੁੰਮਦੇ ਸਨ।
ਨਿਏਂਡਰਥਲ ਦੇ ਡੀਐਨਏ 'ਤੇ ਹੋਈ ਪਿਛਲੀ ਇੱਕ ਖੋਜ ਨੇ ਇਹ ਵੀ ਦਿਖਾਇਆ ਸੀ ਕਿ ਆਧੁਨਿਕ ਮਨੁੱਖਾਂ ਅਤੇ ਨਿਏਂਡਰਥਲਾਂ ਦੇ ਮੂੰਹ ਦਾ ਇੱਕੋ ਜਿਹਾ ਬੈਕਟੀਰੀਆ ਸੀ ਜੋ ਕਿ ਹੁਣ ਸਾਡੀ ਲਾਰ ਵਿੱਚ ਪਾਇਆ ਜਾਂਦਾ ਹੈ।
ਡਾ. ਬ੍ਰਿੰਡਲ ਨੇ ਦੱਸਿਆ, "ਇਸ ਦਾ ਮਤਲਬ ਹੈ ਕਿ ਦੋਵੇਂ ਕਿਸਮਾਂ ਦੇ ਮਨੁੱਖ ਪੁਰਾਤਨ ਤੇ ਅਧੁਨਿਕ ਮਨੁੱਖ ਵੱਖ ਹੋਣ ਤੋਂ ਬਾਅਦ ਵੀ ਲੱਖਾਂ ਸਾਲਾਂ ਤੱਕ ਆਪਸ ਵਿੱਚ ਲਾਰ ਦਾ ਆਦਾਨ-ਪ੍ਰਦਾਨ ਭਾਵ ਚੁੰਮਣ ਕਰਦੇ ਰਹੇ ਹੋਣਗੇ।"

ਤਸਵੀਰ ਸਰੋਤ, Getty Images
ਇਸ ਖੋਜ ਨੇ ਇਹ ਜ਼ਰੂਰ ਦੱਸ ਦਿੱਤਾ ਕਿ ਚੁੰਮਣ ਕਦੋਂ ਸ਼ੁਰੂ ਹੋਇਆ, ਪਰ ਇਹ ਨਹੀਂ ਦੱਸ ਸਕੀ ਕਿ ਇਹ ਹੋਇਆ ਕਿਉਂ?
ਚੁੰਮਣ ਬਾਰੇ ਪਹਿਲਾਂ ਹੀ ਕਈ ਵਿਚਾਰ ਹਨ। ਕੁਝ ਵਿਗਿਆਨੀ ਕਹਿੰਦੇ ਹਨ ਕਿ ਸ਼ਾਇਦ ਇਹ ਸਾਡੇ ਬਾਂਦਰ ਪੂਰਵਜਾਂ ਵਿੱਚ ਇੱਕ ਦੂਜੇ ਦੇ ਵਾਲ ਸਾਫ਼ ਕਰਨ (ਗਰੂਮਿੰਗ) ਵਾਲੀ ਆਦਤ ਤੋਂ ਚੁੰਮਣ ਨਿਕਲਿਆ ਹੋਵੇਗਾ। ਜਾਂ ਫਿਰ ਇਹ ਆਪਣੇ ਸਾਥੀ ਦੀ ਸਿਹਤ ਤੇ ਉਸ ਨਾਲ ਮੇਲ-ਜੋਲ (ਕੰਪੈਟੀਬਿਲਟੀ) ਜਾਣਨ ਦਾ ਇੱਕ ਨੇੜਲਾ ਤੇ ਖ਼ਾਸ ਤਰੀਕਾ ਹੋਵੇ।
ਡਾ. ਬ੍ਰਿੰਡਲ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਇਹ ਖੋਜ ਇਸ ਸਵਾਲ ਦਾ ਜਵਾਬ ਲੱਭਣ ਦਾ ਰਾਹ ਖੋਲ੍ਹੇਗੀ। ਉਹ ਕਹਿੰਦੇ ਹਨ ਕਿ "ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਚੁੰਮਣ ਵਾਲੀ ਇਹ ਆਦਤ ਅਸੀਂ ਆਪਣੇ ਗ਼ੈਰ-ਮਨੁੱਖੀ ਰਿਸ਼ਤੇਦਾਰਾਂ (ਬਾਂਦਰਾਂ) ਨਾਲ ਸਾਂਝੀ ਕਰਦੇ ਹਾਂ।
"ਸਾਨੂੰ ਇਸ ਵਿਹਾਰ ਦਾ ਅਧਿਐਨ ਕਰਨਾ ਚਾਹੀਦਾ ਹੈ, ਨਾ ਕਿ ਇਸਨੂੰ ਮੂਰਖਤਾ ਸਮਝ ਕੇ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ ਸਿਰਫ਼ ਇਸ ਲਈ ਕਿ ਇਹ ਇਨਸਾਨਾਂ ਵਿੱਚ ਰੋਮਾਂਟਿਕ ਭਾਵਨਾ ਨਾਲ ਜੁੜਿਆ ਹੋਇਆ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












