ਜਦੋਂ ਚਿੰਪਾਂਜ਼ੀਆਂ ਵਿੱਚ 4 ਸਾਲ ‘ਖੂਨੀ ਜੰਗ’ ਚੱਲੀ ਅਤੇ ਬੇਦਰੇਗ ਖੂਨ ਵਹਾਇਆ ਗਿਆ

ਤਸਵੀਰ ਸਰੋਤ, GEZA TELEKI
ਹੁਣ ਤੱਕ ਜੰਗਲੀ ਚਿੰਪਾਜ਼ੀਆਂ ਦੇ ਦੋ ਸਮੂਹਂ ਵਿੱਚ ਹੋਈਆਂ ਖਾਨਾ ਜੰਗੀਆਂ ਵਿੱਚੋਂ ਸਿਰਫ਼ ਇੱਕ ਹੀ ਲੜਾਈ ਦਾ ਦਸਤਾਵੇਜ਼ੀਕਰਨ ਹੋ ਸਕਿਆ ਹੈ। ਇਸ ਲੜਾਈ ਦੀ ਸ਼ੁਰੂਆਤ ਇੱਕ ਬੇਰਹਿਮ ਕਤਲ ਨਾਲ ਹੋਈ ਸੀ।
ਇਹ ਜਨਵਰੀ 1974 ਦੀ ਗੱਲ ਹੈ ਅਤੇ ਗੋਦੀ ਨਾਂ ਦਾ ਚਿੰਪਾਜ਼ੀ ਤਨਜ਼ਾਨੀਆ ਦੇ ਗੋਮਬੇ ਨੈਸ਼ਨਲ ਪਾਰਕ ਵਿੱਚ ਇੱਕ ਰੁੱਖ ਦੀਆਂ ਟਹਿਣੀਆਂ ਉੱਤੇ ਬੈਠਾ ਨਾਸ਼ਤਾ ਕਰ ਰਿਹਾ ਸੀ।
ਗੋਦੀ ਖਾਣ ਵਿੱਚ ਮਸਤ ਸੀ। ਇਸ ਦੌਰਾਨ ਉਸ ਨੇ ਇਹ ਨਹੀਂ ਦੇਖਿਆ ਕਿ ਇਸ ਦੌਰਾਨ ਅੱਠ ਹੋਰ ਚਿੰਪਾਂਜ਼ੀਆਂ ਨੇ ਉਸ ਨੂੰ ਘੇਰ ਲਿਆ ਸੀ।
ਬ੍ਰਿਟਿਸ਼ ਪ੍ਰਾਇਮੈਟੋਲੋਜਿਸਟ ਰਿਚਰਡ ਵ੍ਰਾਂਘਮ ਨੇ ਬੀਬੀਸੀ ਟੈਲੀਵਿਜ਼ਨ ਡਾਕੂਮੈਂਟਰੀ "ਦਿ ਡੈਮਨ ਏਪ" (2004) ਵਿੱਚ ਦੱਸਿਆ, "ਉਹ ਦਰੱਖਤ ਤੋਂ ਛਾਲ ਮਾਰ ਕੇ ਭੱਜਿਆ, ਪਰ ਉਹ ਫੜ ਲਿਆ ਗਿਆ।”
ਇੱਕ ਨੇ ਉਸ ਨੂੰ ਪੈਰ ਤੋਂ ਫੜ ਲਿਆ, ਦੂਜੇ ਨੇ ਉਸ ਦਾ ਹੱਥ ਫੜ ਲਿਆ। ਉਨ੍ਹਾਂ ਨੇ ਉਸ ਨੂੰ ਹੇਠਾਂ ਸੁੱਟ ਲਿਆ ਅਤੇ ਫਿਰ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਹਮਲਾ ਪੰਜ ਮਿੰਟ ਤੋਂ ਵੱਧ ਸਮੇਂ ਤੱਕ ਚੱਲਿਆ ਅਤੇ ਜਦੋਂ ਤੱਕ ਉਨ੍ਹਾਂ ਨੇ ਉਸ ਨੂੰ ਜਾਣ ਦਿੱਤਾ, ਉਸ ਤੋਂ ਮੁਸ਼ਕਿਲ ਨਾਲ ਹਿੱਲਿਆ ਜਾ ਰਿਹਾ ਸੀ।
ਗੋਦੀ ਨੂੰ ਦੁਬਾਰਾ ਕਦੇ ਨਹੀਂ ਦੇਖਿਆ ਗਿਆ।

ਤਸਵੀਰ ਸਰੋਤ, Getty Images
ਪ੍ਰਸਿੱਧ ਬ੍ਰਿਟਿਸ਼ ਪ੍ਰਾਇਮੈਟੋਲੋਜਿਸਟ ਜੇਨ ਗੁਡਆਲ ਮੁਤਾਬਕ ਇਹ ਬੇਰਹਿਮ ਘਟਨਾ "4 ਸਾਲਾਂ ਦੀ ਜੰਗ" ਦੀ ਸ਼ੁਰੂਆਤ ਸੀ।
ਉਹ ਯੁੱਧ ਜਿਸ ਨੇ ਗੋਮਬੇ ਵਿੱਚ ਚਿੰਪਾਜ਼ੀ ਸਮੁਦਾਇ ਨੂੰ ਵੰਡ ਦਿੱਤਾ ਅਤੇ ਕਤਲ ਅਤੇ ਹਿੰਸਾ ਦੀ ਅਜਿਹੀ ਲਹਿਰ ਪੈਦਾ ਕੀਤੀ ਜਿਸ ਤਰ੍ਹਾਂ ਦੀ ਦੁਬਾਰਾ ਕਦੇ ਰਿਕਾਰਡ ਨਹੀਂ ਕੀਤੀ ਗਈ।
ਡਿਊਕ ਯੂਨੀਵਰਸਿਟੀ ਵਿੱਚ ਵਿਕਾਸਵਾਦੀ ਮਾਨਵ ਵਿਗਿਆਨ ਦੇ ਪ੍ਰੋਫੈਸਰ ਜੋਸਫ ਫੇਲਡਬਲੂਮ ਨੇ ਸੰਸਥਾ ਦੇ ਇੱਕ ਬਿਆਨ ਵਿੱਚ ਕਿਹਾ ਸੀ ਇਸ ਪੁਆੜੇ ਦੀ ਅਸਲੀ ਪ੍ਰਕਿਰਤੀ ਅਤੇ ਕਾਰਨ ਇੱਕ 'ਸਦੀਵੀ ਰਹੱਸ' ਹਨ।
ਪਿਛਲੇ ਮਹੀਨੇ, ਫੇਲਡਬਲਮ ਨੇ ਅਮਰੀਕਨ ਜਰਨਲ ਆਫ ਫਿਜ਼ੀਕਲ ਐਂਥਰੋਪੋਲੋਜੀ ਵਿੱਚ ਛਪੇ ਇੱਕ ਅਧਿਐਨ ਦੀ ਅਗਵਾਈ ਕੀਤੀ ਜੋ "ਸ਼ਕਤੀ, ਇੱਛਾ ਅਤੇ ਈਰਖਾ" ਦੀ ਉਹ ਕਹਾਣੀ ਬਿਆਨ ਕਰਦਾ ਹੈ ਜੋ ਇਸ ਖੂਨੀ ਯੁੱਧ ਦਾ ਕਾਰਨ ਬਣੀ।
ਬਾਂਦਰ ਅਤੇ ਮਨੁੱਖ
ਪ੍ਰਾਈਮੇਟੋਲੋਜਿਸਟ ਗੁਡਆਲ ਨੇ ਗੋਮਬੇ ਨੈਸ਼ਨਲ ਪਾਰਕ ਵਿੱਚ ਆਪਣੇ 55 ਸਾਲ ਬਿਤਾਏ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬਹੁਤ ਸਾਰੇ ਨੋਟਸ ਲਏ ਸਨ। ਫੇਲਡਬਲਮ ਨੇ ਇਨ੍ਹਾਂ ਨੋਟਸਾਂ ਨੂੰ ਸੰਭਾਲਣ ਕਰਨ ਅਤੇ ਕੰਪਿਊਟਰੀਕਰਨ ਵਿੱਚ 25 ਸਾਲ ਬਿਤਾਏ ਹਨ।
ਪ੍ਰਾਈਮੇਟੋਲੋਜਿਸਟ ਗੁਡਆਲ ਨੇ ਆਪਣੇ ਅਧਿਐਨ ਰਾਹੀਂ ਉਹ ਸਭ ਕੁਝ ਬਦਲ ਦਿੱਤਾ ਜੋ ਅਸੀਂ ਸੋਚਦੇ ਸੀ ਕਿ ਅਸੀਂ ਚਿੰਪਾਂਜ਼ੀ (ਅਤੇ ਮਨੁੱਖਾਂ) ਬਾਰੇ ਜਾਣਦੇ ਹਾਂ। ਉਨ੍ਹਾਂ ਨੇ ਪਤਾ ਲਾਇਆ ਕਿ ਇਹ ਬਾਂਦਰ ਔਜ਼ਾਰ ਬਣਾਉਂਦੇ ਹਨ ਅਤੇ ਵਰਤਦੇ ਹਨ। ਇਨ੍ਹਾਂ ਦੀ ਇੱਕ ਪ੍ਰਾਚੀਨ ਭਾਸ਼ਾ ਹੈ ਅਤੇ ਇਹ ਸਮਝ ਸਕਦੇ ਹਨ ਕਿ ਉਨ੍ਹਾਂ ਦੇ ਸਾਥੀ ਕੀ ਸੋਚਦੇ ਹਨ।
ਗੁਡਆਲ ਨੂੰ ਇਹ ਵੀ ਪਤਾ ਲੱਗਿਆ ਕਿ ਇਹ ਜਾਨਵਰ ਕਿੰਨੀ ਬੇਰਹਿਮੀ ਕਰ ਸਕਦੇ ਹਨ।

ਤਸਵੀਰ ਸਰੋਤ, Getty Images
ਦੋ ਚਿੰਪਾਂਜ਼ੀ ਸਮੂੂਹਾਂ ਕਾਸਾਕੇਲਾ ਅਤੇ ਕਾਹਾਮਾ ਦਰਮਿਆਨ ਪਾਰਕ ਦੇ ਉੱਤਰ ਅਤੇ ਦੱਖਣ ਵਿੱਚ ਲੁੱਟ-ਖੋਹ, ਕੁੱਟਮਾਰ ਅਤੇ ਕਤਲਾਂ ਦੇ ਦਸਤਾਵੇਜ਼ ਬਣਾਉਣ ਵਿੱਚ ਚਾਰ ਸਾਲ ਦਾ ਸਮਾਂ ਲੱਗਿਆ।
ਉਸ ਸਮੇਂ, ਉਦਾਹਰਣ ਵਜੋਂ, ਗੋਮਬੇ ਵਿੱਚ ਨਰ ਚਿੰਪਾਜ਼ੀਆਂ ਦੀਆਂ ਇੱਕ ਤਿਹਾਈ ਮੌਤਾਂ ਜਾਨਵਰਾਂ ਦੁਆਰਾ ਖੁਦ ਕੀਤੀਆਂ ਗਈਆਂ ਸਨ। ਇਹ ਕਤਲ ਸਨ।
ਗੁਡਆਲ ਨੇ ਬੀਬੀਸੀ ਦੀ ਦਸਤਾਵੇਜ਼ੀ ਵਿੱਚ ਕਿਹਾ ਕਿ ਇਸ ਯੁੱਧ ਨੇ ਚਿਮਪਾਂਜ਼ੀ ਨੂੰ “ਪਹਿਲਾਂ ਨਾਲੋਂ ਵੀ ਜ਼ਿਆਦਾ ਸਾਡੇ ਵਰਗਾ ਲੱਗਣ ਲਾ ਦਿੱਤਾ।"
ਹਿੰਸਾ ਇੰਨੀ ਜ਼ਿਆਦਾ ਅਤੇ ਵਿਲੱਖਣ ਸੀ ਕਿ ਕੁਝ ਖੋਜਕਾਰਾਂ ਦੀ ਰਾਇ ਵਿੱਚ ਇਸ ਦੀ ਸ਼ੁਰੂਆਤ ਅਣਜਾਣੇ ਵਿੱਚ ਗੁਡਆਲ ਨੇ ਹੀ ਕੀਤੀ ਸੀ। ਉਡਆਲ ਨੇ ਪਾਰਕ ਵਿੱਚ ਇੱਕ ਨਿਰੀਖਣ ਸਟੇਸ਼ਨ ਸਥਾਪਤ ਕੀਤਾ ਸੀ ਜਿੱਥੇ ਜਾਨਵਰਾਂ ਨੂੰ ਭੋਜਨ ਦਿੱਤਾ ਗਿਆ ਸੀ।

ਤਸਵੀਰ ਸਰੋਤ, Getty Images
ਇਨ੍ਹਾਂ ਸਿਧਾਂਤਾਂ ਦੇ ਅਨੁਸਾਰ, ਡਿਊਕ ਨੇ ਬਿਆਨ ਵਿੱਚ ਕਿਹਾ, "ਦੋ ਚਿੰਪਾਂਜ਼ੀ ਸਮੁਦਾਏ ਗੁਡਾਲ ਵੱਲੋਂ ਆਪਣੀ ਖੋਜ ਸ਼ੁਰੂ ਕਰਨ ਤੋਂ ਪਹਿਲਾਂ ਦੇ ਰਹਿ ਰਹੇ ਹੋ ਸਕਦੇ ਹਨ। ਖਾਣੇ ਦੀ ਥਾਂ ਨੇ ਉਨ੍ਹਾਂ ਨੂੰ ਅਸਥਾਈ ਸ਼ਾਂਤੀ ਕਾਇਮ ਕਰਕੇ ਆਰਜੀ ਤੌਰ ਉੱਤੇ ਇਕੱਠੇ ਕਰ ਦਿੱਤਾ। ਜਦੋਂ ਤੱਕ ਕਿ ਉਹ ਦੁਬਾਰਾ ਵੱਖ ਨਹੀਂ ਹੋ ਗਏ।"
ਹਾਲਾਂਕਿ ਹੁਣ ਡਿਊਕ ਅਤੇ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੀ ਟੀਮ ਦੇ ਨਵੇਂ ਨਤੀਜਿਆਂ ਮੁਤਾਬਕ ਪਰਦੇ ਦੇ ਪਿੱਛੇ ਕੁਝ ਹੋਰ ਹੀ ਹੋ ਰਿਹਾ ਸੀ।
ਦੋਸਤਾਂ ਤੋਂ ਦੁਸ਼ਮਣਾਂ ਤੱਕ
ਨਵੇਂ ਅਧਿਐਨ ਵਿੱਚ, ਖੋਜਕਾਰਾਂ ਨੇ ਦੇਖਿਆ ਕਿ 19 ਚਿੰਪਾਂਜ਼ੀਆਂ ਦੇ ਆਪਸੀ ਰਿਸ਼ਤਿਆਂ ਅਤੇ ਗਠਜੋੜ ਵਿੱਚ, ਜੰਗ ਤੋਂ ਸੱਤ ਸਾਲ ਪਹਿਲਾਂ ਤੋਂ ਬਦਲਾਅ ਆ ਰਿਹਾ ਸੀ।
ਅਜਿਹਾ ਕਰਨ ਲਈ, ਉਨ੍ਹਾਂ ਨੇ ਸੋਸ਼ਲ ਨੈਟਵਰਕ ਨੂੰ ਸਮਝਿਆ। ਉਨ੍ਹਾਂ ਨੇ ਦੋ ਨਰਾਂ ਨੂੰ ਦੋਸਤ ਮੰਨਿਆ ਕਿਉਂਕਿ ਉਹ ਫੀਡਿੰਗ ਸਟੇਸ਼ਨ ਉੱਤੇ ਹੋਰ ਜੋੜਿਆਂ ਦੇ ਮੁਕਾਬਲੇ ਜ਼ਿਆਦਾ ਇਕੱਠੇ ਪਹੁੰਚਦੇ ਦੇਖੇ ਜਾਂਦੇ ਸਨ।
ਡਿਊਕ ਨੇ ਕਿਹਾ ਕਿ ਉਨ੍ਹਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਸ਼ੁਰੂਆਤੀ ਸਾਲਾਂ ਦੌਰਾਨ, 1967 ਅਤੇ 1970 ਦੇ ਵਿਚਕਾਰ, ਮੂਲ ਸਮੂਹ ਦੇ ਨਰ ਆਪਸ ਵਿੱਚ ਘੁਲੇ-ਮਿਲੇ ਸਨ।
ਫਿਰ ਜਦੋਂ ਕੁਝ ਬਾਂਦਰਾਂ ਨੇ ਪਾਰਕ ਦੇ ਉੱਤਰ ਵਿੱਚ ਅਤੇ ਦੂਜਿਆਂ ਨੇ ਦੱਖਣੀ ਹਿੱਸੇ ਵਿੱਚ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ। ਇੱਥੋਂ ਹੀ ਚਿੰਪਾਂਜ਼ੀਆਂ ਦਾ ਇਹ ਸਮੁਦਾਇ ਦੋਫਾੜ ਹੋ ਗਿਆ।
ਸਾਲ 1972 ਆਉਣ ਤੱਕ, ਨਰਾਂ ਦਾ ਆਪਸੀ ਮੇਲ-ਜੋਲ ਦੋ ਸਮੂਹਾਂ ਦੇ ਅੰਦਰ ਹੀ ਹੋ ਰਿਹਾ ਸੀ। ਇਹ ਸਮੂਹ ਸਨ ਕਾਸਾਕੇਲਾ ਜਾਂ ਕਾਹਾਮਾ।

ਤਸਵੀਰ ਸਰੋਤ, Getty Images
ਜਦੋਂ ਉਹ ਮਿਲਦੇ, ਤਾਂ ਇੱਕ-ਦੂਜੇ 'ਤੇ ਟਾਹਣੀਆਂ ਵਗਾਹ-ਵਗਾਹ ਕੇ ਸੁੱਟਣੀਆਂ ਸ਼ੁਰੂ ਕਰ ਦਿੰਦੇ, ਚੀਕਦੇ ਅਤੇ ਤਾਕਤ ਦਾ ਹੋਰ ਵਿਖਾਵਾ ਕਰਨਾ ਸ਼ੁਰੂ ਕਰ ਦਿੰਦੇ।
ਵਿਕਾਸਵਾਦੀ ਮਾਨਵ ਵਿਗਿਆਨ ਦੀ ਡਿਊਕ ਪ੍ਰੋਫੈਸਰ ਐਨ ਪੁਸੀ ਉਸ ਦੌਰਾਨ ਗੁਡਆਲ ਦੇ ਨਾਲ ਹੀ ਉੱਥੇ ਮੌਜੂਦ ਸਨ। ਉਨ੍ਹਾਂ ਨੇ ਕਿਹਾ, "ਅਸੀਂ ਦੱਖਣ ਤੋਂ ਇਹ ਚੀਕਾਂ ਸੁਣਦੇ ਸੀ ਅਤੇ ਕਹਿੰਦੇ ਸੀ, 'ਦੱਖਣੀ ਨਰ ਆ ਰਹੇ ਹਨ!'
ਪ੍ਰੋਫੈਸਰ ਐਨ ਨੇ ਕਿਹਾ, "ਫਿਰ ਉੱਤਰ ਵਿੱਚ ਹਰ ਕੋਈ ਰੁੱਖਾਂ 'ਤੇ ਚੜ੍ਹ ਜਾਂਦਾ ਸੀ, ਅਤੇ ਬਹੁਤ ਚੀਕਾਂ ਮਾਰਦਾ ਸੀ ਅਤੇ ਸ਼ਕਤੀ ਦਿਖਾਉਂਦਾ ਸੀ।”

ਤਸਵੀਰ ਸਰੋਤ, Getty Images
ਹਿੰਸਾ ਦੇ ਤਿੰਨ ਸ਼ੱਕੀ
ਖੋਜਕਾਰਾਂ ਦਾ ਮੰਨਣਾ ਹੈ ਕਿ ਇਹ ਟਕਰਾਅ "ਤਿੰਨ ਉੱਚ ਦਰਜੇ ਦੇ ਨਰਾਂ ਵਿਚਕਾਰ ਸ਼ਕਤੀ ਸੰਘਰਸ਼" ਤੋਂ ਪੈਦਾ ਹੋਇਆ ਸੀ। ਇਹ ਨਰ ਸੀ ਹਮਫਰੀ, ਜੋ ਹਾਲ ਹੀ ਵਿੱਚ ਅਲਫਾ ਪੁਰਸ਼ ਚੁਣਿਆ ਗਿਆ ਸੀ ਅਤੇ ਉਸਦੇ ਦੱਖਣੀ ਵਿਰੋਧੀ ਚਾਰਲੀ ਅਤੇ ਹਿਊਗ।
ਪੁਸੀ ਨੇ ਬਿਆਨ ਵਿੱਚ ਕਿਹਾ ਕਿ ਹਮਫਰੀ ਵੱਡਾ ਸੀ ਅਤੇ ਪੱਥਰ ਸੁੱਟਣ ਲਈ ਜਾਣਿਆ ਜਾਂਦਾ ਸੀ, ਜੋ ਡਰਾਉਣਾ ਸੀ। "ਉਹ ਚਾਰਲੀ ਅਤੇ ਹਿਊਗ ਨੂੰ ਇਕੱਲੇ-ਇਕੱਲੇ ਨੂੰ ਤਾਂ ਧਮਕਾ ਸਕਦਾ ਸੀ, ਪਰ ਜਦੋਂ ਉਹ ਇਕੱਠੇ ਹੁੰਦੇ ਸਨ, ਤਾਂ ਉਹ ਉਨ੍ਹਾਂ ਦੇ ਰਸਤੇ ਤੋਂ ਦੂਰ ਰਹਿੰਦਾ ਸੀ।”
ਖੋਜ ਦੇ ਅਨੁਸਾਰ, ਉਸ ਸਮੇਂ ਦੌਰਾਨ, ਮਾਦਾਵਾਂ ਦੀ ਉਪਲਬਧਤਾ ਮਿਸਾਲੀ ਰੂਪ ਵਿੱਚ ਘੱਟ ਸੀ, ਜਿਸ ਕਾਰਨ ਦਬਦਬੇ ਲਈ ਸੰਘਰਸ਼ ਵਧਣ ਦੀ ਸੰਭਾਵਨਾ ਵੀ ਜ਼ਿਆਦਾ ਸੀ।
ਹਿੰਸਾ ਇਨ੍ਹਾਂ ਤਿੰਨ ਵਿਰੋਧੀ ਨਰਾਂ ਤੱਕ ਹੀ ਸੀਮਤ ਨਹੀਂ ਸੀ। ਸਗੋਂ ਉਮਰ ਜਾਂ ਲਿੰਗ ਦੇ ਵਿਤਕਰੇ ਤੋਂ ਬਿਨਾਂ ਸਮੁੱਚੇ ਸਮੁਦਾਇ ਦੇ ਆਪਸੀ ਰਿਸ਼ਤਿਆਂ ਵਿੱਚ ਫਿੱਕ ਪਾਈ।
ਹਾਲਾਂਕਿ ਖੋਜਕਾਰ ਮੰਨਦੇ ਹਨ ਕਿ ਕੁਦਰਤ ਵਿੱਚ ਅਜਿਹੀਆਂ ਹੋਰ ਘਟਨਾਵਾਂ ਦੀ ਘਾਟ ਨਵੇਂ ਨਤੀਜਿਆਂ ਦੀ ਤੁਲਨਾ ਕਰਨਾ ਮੁਸ਼ਕਲ ਬਣਾਉਂਦੀ ਹੈ।
ਡਾਕੂਮੈਂਟਰੀ ਵਿੱਚ ਗੁਡਆਲ ਨੇ ਕਿਹਾ, "ਸਾਰੀ ਸਥਿਤੀ ਭਿਆਨਕ ਸੀ"। ਉਨ੍ਹਾਂ ਨੇ ਮੰਨਿਆ ਕਿ ਉਸਦੇ ਨਿਰੀਖਣ ਸਟੇਸ਼ਨ ਨੇ ਚਿੰਪਾਂਜ਼ੀ "ਹਿੰਸਾ ਵਿੱਚ ਵਾਧਾ" ਕੀਤਾ ਸੀ।
ਗੁਡਆਲ ਦੇ ਸ਼ਬਦਾਂ ਵਿੱਚ: "ਮੈਨੂੰ ਲੱਗਦਾ ਹੈ ਕਿ ਦੁਖਦਾਈ ਗੱਲ ਇਸ ਘਟਨਾਕ੍ਰਮ ਦੇ ਗਵਾਹ ਹੋਣਾ ਹੈ ਜਿਸ ਵਿੱਚ ਇੱਕ ਵੱਡੇ ਸਮੂਹ ਨੇ ਦੂਜੇ ਸਮੂਹ ਦਾ ਬੀਜਨਾਸ਼ ਕਰਕੇ ਉਸਦੇ ਇਲਾਕੇ ਉੱਤੇ ਅਧਿਕਾਰ ਕਰ ਲਿਆ।”












