ਕਿਸਾਨ ਅੰਦੋਲਨ: ‘ਗੋਲੀ ਲੱਗਣ ਨਾਲ’ ਮਰੇ ਸ਼ੁਭ ਕਰਨ ਦੀ ਮਾਂ ਹੋਣ ਦਾ ਦਾਅਵਾ ਕਰਨ ਵਾਲੀ ਔਰਤ ਨੇ ਕੀ ਕਿਹਾ
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
"ਮੈਂ ਦਿੱਲੀ ਪਹੁੰਚਣ ਤੋਂ ਬਾਅਦ ਮੈਂ ਘਰ ਵਾਪਸ ਆ ਜਾਵਾਂਗਾ", ਇਹ ਗੱਲ ਸ਼ੁਭ ਕਰਨ ਸਿੰਘ ਨੇ ਆਪਣੇ ਚਾਚਾ ਬਲਜੀਤ ਸਿੰਘ ਨੂੰ 19 ਫਰਵਰੀ ਨੂੰ ਹੋਈ ਆਖਰੀ ਫ਼ੋਨ ਕਾਲ ਦੌਰਾਨ ਕਹੇ ਸਨ।
ਸੰਗਰੂਰ ਦੇ ਖਨੌਰੀ ਬਾਰਡਰ 'ਤੇ ਬੁੱਧਵਾਰ ਨੂੰ ਸ਼ੁਭ ਕਰਨ ਸਿੰਘ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ।
ਸ਼ੁਭਕਰਨ ਸਿੰਘ ਖਨੌਰੀ ਬਾਰਡਰ ਉੱਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਵਿੱਚ ਹਿੱਸਾ ਲੈਣ ਆਇਆ ਸੀ। ਸ਼ੁਭਕਰਨ ਦੀ ਮੌਤ ਕਥਿਤ ਤੌਰ ਉੱਤੇ ਗੋਲੀ ਲੱਗਣ ਕਾਰਨ ਹੋਈ ਹੈ।
ਇਸ ਬਾਰੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਨੇ ਪੁਸ਼ਟੀ ਕੀਤੀ ਕਿ ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ 'ਤੇ ਕਥਿਤ ਤੌਰ 'ਤੇ ਗੋਲੀ ਵੱਜਣ ਕਾਰਨ ਸ਼ੁਭ ਕਰਨ ਸਿੰਘ ਦੀ ਮੌਤ ਹੋ ਗਈ ਹੈ।
ਉਨ੍ਹਾਂ ਨੇ ਦੱਸਿਆ, "ਮੌਤ ਦਾ ਮੁੱਢਲਾ ਕਾਰਨ ਸਿਰ ਦੇ ਪਿਛਲੇ ਪਾਸਿਓਂ ਗੋਲੀ ਕਾਰਨ ਲੱਗੀ ਸੱਟ ਸੀ। ਉਸ ਨੂੰ ਪਟਿਆਲਾ ਦੇ ਰਾਜਿੰਦਰਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਮ੍ਰਿਤਕ ਵਜੋਂ ਲਿਆਂਦਾ ਗਿਆ।"
ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਅਗਲੀ ਜਾਣਕਾਰੀ ਵਿਸਥਾਰ ਨਾਲ ਸਾਹਮਣੇ ਆਵੇਗੀ। ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ।
ਪੰਜਾਬ ਦੇ ਸਿਹਤ ਮੰਤਰੀ ਕੀ ਬੋਲੇ
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਕਿਸਾਨ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਇਸ ਤੋਂ ਵੱਡਾ ਜ਼ੁਲਮ ਕੋਈ ਨਹੀਂ ਹੋ ਸਕਦਾ।
ਉਨ੍ਹਾਂ ਨੇ ਕਿਹਾ, "ਬਹੁਤ ਮਾੜੀ ਗੱਲ ਹੈ ਕਿ ਅੰਨਦਾਤਾ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ, ਉਨ੍ਹਾਂ ਦਾ ਕਤਲ ਕੀਤਾ ਜਾ ਰਿਹਾ ਹੈ। ਮੈਂ ਦੇਖ ਕੇ ਆਇਆ ਹਾਂ ਕਿ ਜਵਾਨ ਮੁੰਡਾ ਮਾਰ ਦਿੱਤਾ। ਮੈਂ ਦੂਜੇ ਨੂੰ ਵੀ ਮਿਲਿਆ ਹਾਂ ਉਸ ਦੀ ਕਿਸਮਤ ਚੰਗੀ ਸੀ ਕਿ ਗੋਲੀ ਛੂਹ ਤੇ ਨਿਕਲ ਗਈ।"
"ਇਹ ਹੋਰ ਵੀ ਚਿੰਤਾ ਵਾਲੀ ਗੱਲ ਹੈ ਕਿ ਪੰਜਾਬ ਦੇ ਇਲਾਕੇ ਵਿੱਚ ਆ ਕੇ ਹਮਲਾ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕੱਲ੍ਹ (ਵੀਰਵਾਰ) ਨੂੰ ਮੀਟਿੰਗ ਬੁਲਾਈ ਹੈ, ਉਸ ਵਿੱਚ ਜੋ ਵੀ ਸੰਭਵ ਹੋਵੇਗਾ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।"
"ਹਰਿਆਣਾ ਕੋਲ ਕੋਈ ਹੱਕ ਨਹੀਂ ਹੈ ਕਿ ਕਿਸਾਨਾਂ ਨੂੰ ਰੋਕ ਉਨ੍ਹਾਂ 'ਤੇ ਜ਼ੁਲਮ ਕੀਤਾ ਜਾਵੇ। ਉਹ ਹਾਈਵੇਅ ਉੱਤੇ ਹਨ।"

ਖ਼ਬਰ ਲਿਖੇ ਜਾਣ ਤੱਕ ਹਰਿਆਣਾ ਪੁਲਿਸ ਵੱਲੋਂ ਗੋਲੀ ਚਲਾਏ ਜਾਣ ਦੀ ਗੱਲ ਤੋਂ ਇਨਕਾਰ ਕੀਤਾ ਗਿਆ ਹੈ।
ਸ਼ੁਭਕਰਨ ਸਿੰਘ ਤੋਂ ਇਲਾਵਾ ਸਿਮਰਨ ਨਾਂ ਦੇ ਇਕ ਹੋਰ ਵਿਅਕਤੀ ਨੂੰ ਵੀ ਗੋਲੀ ਲੱਗੀ ਪਰ ਖੁਸ਼ਕਿਸਮਤੀ ਨਾਲ ਉਹ ਬਚ ਗਿਆ।

ਔਰਤ ਵੱਲੋਂ ਸ਼ੁਭਕਰਨ ਦੀ ਮਾਂ ਹੋਣ ਦਾ ਦਾਅਵਾ

ਤਸਵੀਰ ਸਰੋਤ, Gurminder Grewal/BBC
ਹਾਲਾਂਕਿ ਪਰਿਵਾਰ ਨੇ ਕਿਹਾ ਸੀ ਕਿ ਸ਼ੁਭਕਰਨ ਦੀ ਮਾਤਾ ਦਾ ਦੇਹਾਂਤ ਹੋ ਚੁੱਕਿਆ ਸੀ। ਹੁਣ ਇੱਕ ਔਰਤ ਸਾਹਮਣੇ ਆਈ ਹੈ ਅਤੇ ਉਸ ਨੇ ਮੀਡੀਆ ਦੇ ਸਾਹਮਣੇ ਸ਼ੁਭਕਰਨ ਦੀ ਮਾਂ ਹੋਣ ਦਾ ਦਾਅਵਾ ਕੀਤਾ ਹੈ।
ਉਨ੍ਹਾਂ ਨੇ ਆਪਣਾ ਨਾਮ ਵੀਰਪਾਲ ਕੌਰ ਦੱਸਿਆ ।
ਔਰਤ ਨੇ ਸ਼ੁਕਰਵਾਰ ਨੂੰ ਮੀਡੀਆ ਸਾਹਮਣੇ ਦਾਅਵਾ ਕੀਤਾ, “ਨਹੀਂ ਜੀ ਇਨ੍ਹਾਂ ਨੇ ਮੈਨੂੰ ਜਾਣ ਕੇ ਮਰੀ ਬਣਾਇਆ। ਮੈਂ ਜਿਉਂਦੀ ਖੜ੍ਹੀ ਹਾਂ।”
ਔਰਤ ਨੇ ਕਿਹਾ ਕਿ ਸ਼ੁਭਕਰਨ ਦਾ ਪਿਤਾ “ਨਸ਼ੇ ਕਰਦਾ ਸੀ ਅਤੇ ਬਲੈਕ ਵੀ ਕਰਦਾ ਸੀ” ਜਦੋਂ ਵਾਰ-ਵਾਰ ਕਹਿਣ ਉੱਤੇ ਵੀ ਉਹ ਨਾ ਹਟਿਆ ਤਾਂ “ਮੈਂ ਛੱਡ ਕੇ ਚਲੀ ਗਈ ਸੀ।”
ਔਰਤ ਨੇ ਕਿਹਾ ਕਿ ਜਦੋਂ ਅਦਾਲਤ ਵਿੱਚ ਕੇਸ ਲਾਇਆ ਤਾਂ ਸਹੁਰਾ ਪਰਿਵਾਰ ਤਰੀਕਾਂ ਉੱਤੇ ਨਹੀਂ ਆਉਂਦਾ ਸੀ।
ਔਰਤ ਦਾ ਕਹਿਣਾ ਹੈ ਕਿ ਜਦੋਂ ਉਸਦਾ ਸਹੁਰਾ ਪਰਿਵਾਰ ਅਦਾਲਤ ਵਿੱਚ ਪੇਸ਼ ਨਾ ਹੋਇਆ ਤਾਂ ਅਦਾਲਤ ਨੇ ਉਸ ਨੂੰ ਇਕਤਰਫ਼ਾ ਤਲਾਕ ਦੇ ਦਿੱਤਾ।
ਇਸ ਤੋਂ ਬਾਅਦ ਉਨ੍ਹਾਂ ਨੇ ਦੂਜਾ ਵਿਆਹ ਕਰਵਾ ਲਿਆ, ਜਿੱਥੋਂ ਉਸਦੇ ਦੋ ਕੁੜੀਆਂ ਹਨ।
ਔਰਤ ਨੇ ਦਾਅਵਾ ਕੀਤਾ ਕਿ ਸ਼ੁਭਕਰਨ ਅਤੇ ਉਸਦੀ ਵੱਡੀ ਭੈਣ ਉਸਦੇ ਨਾਲ ਲਗਾਤਾਰ ਫੋਨ ਉੱਤੇ ਸੰਪਰਕ ਵਿੱਚ ਸਨ ਅਤੇ ਫੋਨ ਕਰਦੇ ਸਨ। “ਇਹ ਮੁੰਡਾ ਜਿੱਦੇਂ ਦਿੱਲੀ ਗਿਆ ਹੈ ਉਦੋਂ ਵੀ ਮੈਨੂੰ ਫੋਨ ਕਰਕੇ ਗਿਆ ਹੈ ਕਿ ਮਾਤਾ ਮੈਂ ਜਾਨੈ, ਮੈਂ ਕਿਹਾ ਵੀ ਪੁੱਤ ਨਾ ਜਾ ਉਹ ਨਹੀਂ ਰੁਕਿਆ।”
ਔਰਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਪਿਛਲੇ 12-13 ਸਾਲ ਤੋਂ ਵੱਖ ਰਹਿ ਰਹੀ ਸੀ। ਪਰ ਅੱਜ ਇੱਥੇ ਆਈ ਸੀ ਤਾਂ ਜੋ ਇਹ ਦੱਸ ਸਕੇ ਕਿ ਉਹ ਜਿਉਂਦੀ ਹੈ ਅਤੇ ਮਰੀ ਨਹੀਂ ਅਤੇ ਕਹਿਣ ਕਿ ਸ਼ੁਭਕਰਨ ਦੀ ਮਿੱਟੀ ਖ਼ਰਾਬ ਨਾ ਕੀਤੀ ਜਾਵੇ ਉਸਦਾ ਸਸਕਾਰ ਕੀਤਾ ਜਾਵੇ।
ਔਰਤ ਨੇ ਕਿਹਾ ਕਿ ਉਹ ਕਿਸੇ ਕਿਸਮ ਦੀ ਕਾਰਵਾਈ ਨਹੀਂ ਚਾਹੁੰਦੀ।
ਉਨ੍ਹਾਂ ਦੇ ਮੀਡੀਆ ਨੂੰ ਦੱਸਣ ਮੁਤਾਬਕ ਔਰਤ ਸ਼ੁਭਕਰਨ ਦੇ ਪਿਤਾ ਨਾਲੋਂ ਤਲਾਕ ਲੈ ਕੇ ਚਾਰ ਸਾਲ ਆਪਣੀ ਮਾਂ ਨਾਲ ਰਹੀ ਅਤੇ ਉਸ ਤੋਂ ਬਾਅਦ ਦੂਜਾ ਵਿਆਹ ਕਰ ਦਿੱਤਾ ਗਿਆ।
ਔਰਤ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਉੱਥੇ ਕਿਸੇ ਦੇ ਬੁਲਾਇਆਂ ਨਹੀਂ ਸਗੋਂ ਆਪਣੇ-ਆਪ ਆਏ ਹਨ।
ਦੋ ਭੈਣਾਂ ਦਾ ਇਕਲੌਤਾ ਭਰਾ ਸੀ
22 ਸਾਲਾ ਸ਼ੁਭ ਕਰਨ ਸਿੰਘ ਸੂਬੇ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਲੋਂ ਦਾ ਰਹਿਣ ਵਾਲਾ ਸੀ। ਉਹ 13 ਫਰਵਰੀ ਤੋਂ ਖਨੌਰੀ ਸਰਹੱਦ 'ਤੇ ਕਿਸਾਨਾਂ ਦੇ ਧਰਨੇ 'ਚ ਮੌਜੂਦ ਸੀ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ।
ਸ਼ੁਭ ਕਰਨ ਸਿੰਘ ਆਪਣੇ ਚਾਚਾ ਬਲਜੀਤ ਸਿੰਘ ਨਾਲ ਖੇਤੀ ਦਾ ਕੰਮ ਕਰਦਾ ਸੀ। ਉਸ ਦੇ ਪਰਿਵਾਰ ਕੋਲ ਸਿਰਫ਼ 2 ਏਕੜ ਜ਼ਮੀਨ ਸੀ ਜਦਕਿ ਬਾਕੀ ਜ਼ਮੀਨ ਠੇਕੇ 'ਤੇ ਲੈ ਕੇ 15 ਏਕੜ ਉੱਤੇ ਖੇਤੀ ਕਰਦੇ ਸਨ।
ਸ਼ੁਭ ਕਰਨ ਸਿੰਘ ਦੇ ਚਾਚਾ ਬਲਜੀਤ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਰੋ ਰਿਹਾ ਸੀ ਜਿੱਥੇ ਉਸ ਦੇ ਭਤੀਜੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰੱਖਿਆ ਗਿਆ ਸੀ।
ਪੀੜਤ ਪਰਿਵਾਰ ਬਾਰੇ ਗੱਲ ਕਰਦਿਆਂ ਬਲਜੀਤ ਸਿੰਘ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਸ਼ੁਭ ਕਰਨ ਦੀ ਮਾਂ ਦਾ 15 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ, ਜਦੋਂ ਕਿ ਉਸ ਦੇ ਪਿਤਾ ਦਿਮਾਗੀ ਤੌਰ ’ਤੇ ਠੀਕ ਨਹੀਂ ਸੀ। ਉਸ ਦੀਆਂ ਦੋ ਭੈਣਾਂ ਅਤੇ ਇੱਕ ਦਾਦੀ ਹੈ।
ਬਲਜੀਤ ਨੇ ਕਿਹਾ, "ਸ਼ੁਭ ਪਰਿਵਾਰ ਦੇ ਸਾਰੇ ਕੰਮ ਕਰ ਰਿਹਾ ਸੀ ਅਤੇ ਦਿੱਲੀ ਵਿੱਚ ਹੋਏ ਕਿਸਾਨ ਪ੍ਰਦਰਸ਼ਨਾਂ ਵਿੱਚ ਵੀ ਹਿੱਸਾ ਲੈਂਦਾ ਸੀ। ਉਹ 13 ਫਰਵਰੀ ਨੂੰ ਆਪਣੇ ਦੋਸਤਾਂ ਨਾਲ ਕਿਸਾਨਾਂ ਦੇ ਧਰਨੇ ਵਿੱਚ ਆਇਆ ਸੀ।"
ਬਲਜੀਤ ਸਿੰਘ ਨੇ ਆਪਣੇ ਭਤੀਜੇ ਨਾਲ ਆਪਣੇ ਆਖਰੀ ਫ਼ੋਨ ਕਾਲ ਬਾਰੇ ਦੱਸਿਆ, “ਮੈਂ ਉਸ ਨੂੰ 19 ਫਰਵਰੀ ਨੂੰ ਫ਼ੋਨ ਕੀਤਾ ਅਤੇ ਵਾਪਸ ਆਉਣ ਲਈ ਕਿਹਾ; ਫਿਰ ਉਸ ਨੇ ਜਵਾਬ ਦਿੱਤਾ ਕਿ ਅਸੀਂ ਦਿੱਲੀ ਨੂੰ ਪਹੁੰਚਣ ਤੋਂ ਬਾਅਦ 22 ਫਰਵਰੀ ਨੂੰ ਵਾਪਸ ਆਵਾਂਗੇ।”
ਉਸ ਨੇ ਅੱਗੇ ਕਿਹਾ, "ਸਾਡਾ ਸਾਰਾ ਖੇਤੀ ਦਾ ਕੰਮ ਉਸ 'ਤੇ ਨਿਰਭਰ ਕਰਦਾ ਸੀ ਕਿਉਂਕਿ ਮੈਨੂੰ ਤਾਂ ਟਰੈਕਟਰ ਚਲਾਉਣਾ ਨਹੀਂ ਆਉਂਦਾ ਸੀ।" ਬਲਜੀਤ ਸਿੰਘ ਨੇ ਦੱਸਿਆ ਕਿ ਸ਼ੁਭ ਕਰਨ ਨੇ ਦਸਵੀਂ ਪਾਸ ਕੀਤੀ ਅਤੇ ਬਾਅਦ ਵਿੱਚ ਖੇਤੀ ਦਾ ਕੰਮ ਸ਼ੁਰੂ ਕੀਤਾ।
ਉਨ੍ਹਾਂ ਇਹ ਵੀ ਯਾਦ ਕੀਤਾ ਕਿ ਸ਼ੁਭ ਕਰਨ ਨੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਕਿਸਾਨ ਆਗੂਆਂ ਦੀਆਂ ਚੱਲ ਰਹੀਆਂ ਮੀਟਿੰਗਾਂ ਬਾਰੇ ਜਾਣੂ ਕਰਵਾਇਆ ਅਤੇ ਆਸ ਪ੍ਰਗਟਾਈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨ ਲਵੇਗੀ।

ਤਸਵੀਰ ਸਰੋਤ, ANI
ਖਨੌਰੀ ਬਾਰਡਰ 'ਤੇ ਸ਼ੁਭ ਕਰਨ ਨਾਲ ਕਿਵੇਂ ਵਾਪਰੀ ਘਟਨਾ
ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਜਸਵੀਰ ਸਿੰਘ ਨੇ ਇਲਜ਼ਾਮ ਲਾਇਆ ਕਿ ਸ਼ੁਭ ਕਰਨ ਸਿੰਘ ਉਸ ਘਟਨਾ ਵਾਲੀ ਥਾਂ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਖੇਤਾਂ ਵਿੱਚ ਖੜ੍ਹਾ ਸੀ, ਜਿੱਥੇ ਕਿਸਾਨਾਂ ਅਤੇ ਸੁਰੱਖਿਆ ਬਲ ਆਹਮੋ-ਸਾਹਮਣੇ ਹੋ ਰਹੇ ਸਨ।
ਉਸ ਨੇ ਕਿਹਾ, "ਇੱਕ ਕਥਿਤ ਗੋਲੀ ਸ਼ੁਭ ਕਰਨ ਸਿੰਘ ਦੇ ਸਿਰ ਵਿੱਚ ਲੱਗੀ, ਅਤੇ ਫਿਰ ਉਹ ਹੇਠਾਂ ਡਿੱਗ ਗਿਆ।" ਸ਼ੁਭ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਡੱਲੇਵਾਲ ਨੇ ਕੀ ਕਿਹਾ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸ਼ੁਭਕਰਨ ਸਿੰਘ ਦੀ ਮੌਤ ਉੱਤੇ ਸਰਕਾਰ ਨੂੰ ਘੇਰਿਆ ਹੈ।
ਖ਼ਬਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ, ਉਨ੍ਹਾਂ ਨੇ ਕਿਹਾ, "ਸਾਡਾ ਇੱਕ ਕਿਸਾਨ, ਨੌਜਵਾਨ ਸ਼ਹੀਦ ਹੋ ਗਿਆ ਅਜਿਹੇ ਹਾਲਾਤ ਵਿੱਚ ਸਰਕਾਰ ਨਾਲ ਬੈਠਕ ਕਰਨਾ ਉਚਿਤ ਨਹੀਂ ਲੱਗਦਾ। ਦਿੱਲੀ ਜਾਣ ਬਾਰੇ ਅਸੀਂ ਬਾਅਦ ਵਿੱਚ ਫ਼ੈਸਲਾ ਲਵਾਂਗੇ, ਫਿਲਹਾਲ ਅਸੀਂ ਉਸ ਬੱਚੇ ਵੱਲ ਦੇਖਣਾ ਹੈ।"

13 ਫਰਵਰੀ ਤੋਂ ਚੱਲ ਰਿਹਾ ਕਿਸਾਨਾਂ ਦਾ ਧਰਨਾ
ਦਰਅਸਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗਵਾਈ ਹੇਠ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਇੱਕ ਧੜੇ ਨੇ ਕੇਂਦਰ ਸਰਕਾਰ ਖ਼ਿਲਾਫ਼ ‘ਦਿੱਲੀ ਚਲੋ’ ਦੇ ਸੱਦੇ ਹੇਠ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕੀਤਾ ਸੀ।
ਇਸ ਤੋਂ ਬਾਅਦ ਹਰਿਆਣਾ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਦੇ ਪਹਿਰੇ ਹੇਠ ਕਿਸਾਨਾਂ ਨੂੰ ਸ਼ੰਭੂ ਬਾਰਡਰ 'ਤੇ ਰੋਕ ਦਿੱਤਾ ਗਿਆ ਸੀ, ਉਦੋਂ ਤੋਂ ਕਿਸਾਨ ਉੱਥੇ ਧਰਨਾ ਲਗਾ ਕੇ ਬੈਠੇ ਹੋਏ ਹਨ।
ਉਧਰ ਦੂਜੇ ਪਾਸੇ ਕਿਸਾਨਾਂ ਦਾ ਇੱਕ ਸਮੂਹ ਖਨੌਰੀ ਸਰਹੱਦ 'ਤੇ ਬੈਠਿਆ ਹੋਇਆ ਸੀ।
ਹਾਲਾਂਕਿ, ਇਸ ਵਿਚਾਲੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤਾਂ ਦਾ ਦੌਰ ਵੀ ਚੱਲ ਰਿਹਾ ਹੈ।
ਲੰਘੇ ਐਤਵਾਰ ਨੂੰ ਸਰਕਾਰ ਅਤੇ ਕਿਸਾਨਾਂ ਵਿਚਾਲੇ ਹੋਈ ਪੰਜਵੇਂ ਗੇੜ ਦੀ ਬੈਠਕ ਵਿੱਚ ਕੇਂਦਰ ਨੇ ਕਿਸਨਾਂ ਨੂੰ 5 ਸਾਲਾਂ ਲਈ ਇੱਕ ਐੱਮਐੱਸਪੀ ਦਾ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ ਨੂੰ ਕਿਸਾਨਾਂ ਨੇ ਰੱਦ ਕਰ ਦਿੱਤਾ ਸੀ।
ਇਸੇ ਦੇ ਤਹਿਤ ਕਿਸਾਨ ਜਥੇਬੰਦੀਆਂ ਨੇ ਅੱਜ ਦਿੱਲੀ ਵੱਲ ਵਧਣ ਦਾ ਐਲਾਨ ਕੀਤਾ ਸੀ।

ਤਸਵੀਰ ਸਰੋਤ, Reuters
ਕਿਸਾਨਾਂ ਦੀਆਂ ਮੁੱਖ ਮੰਗਾਂ
- ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਮੁਤਾਬਕ ਸਾਰੀਆਂ ਫਸਲਾਂ ਉੱਤੇ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ
- ਕਿਸਾਨਾਂ ਅਤੇ ਮਜ਼ਦੂਰਾਂ ਦੀ ਮੁਕੱਮਲ ਕਰਜ਼ਾ ਮੁਕਤੀ
- ਲੈਂਡ ਐਕੂਜੀਸ਼ਿਅਨ ਐਕਟ 2013 ਨੂੰ ਕੌਮੀ ਪੱਧਰ ਉੱਤੇ ਲਾਗੂ ਕਰਨਾ ਅਤੇ ਜ਼ਮੀਨ ਐਕੂਆਇਰ ਕਰਨ ਦੀ ਕਿਸਾਨ ਦੀ ਲਿਖਤੀ ਸਹਿਮਤੀ ਅਤੇ ਕੂਲੈਟਰ ਰੇਟ ਤੋਂ 4 ਗੁਣਾ ਭਾਅ ਦੇਣਾ
- ਲਖੀਮਪੁਰ ਖੀਰੀ ਕਾਂਡ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਨਿਆਂ ਕਰਨਾ
- ਵਿਸ਼ਵ ਵਪਾਰ ਸੰਗਠਨ ਤੋਂ ਹਟਣਾ ਅਤੇ ਘਰੇਲੂ ਖੇਤੀ ਨੂੰ ਬਚਾਉਣ ਮੁਕਤ ਵਪਾਰ ਦੇ ਸਮਝੌਤਿਆਂ ਉੱਤੇ ਰੋਕ
- ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ
- ਦਿੱਲੀ ਕਿਸਾਨ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਵਿੱਚੋਂ ਇੱਕ ਜੀਅ ਨੂੰ ਸਰਕਾਰੀ ਨੌਕਰੀ
- ਕਿਸਾਨ ਹਿੱਤਾਂ ਲਈ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨਾ
- ਮਨਰੇਗਾ ਨੂੰ ਖੇਤੀ ਨਾਲ ਜੋੜਨਾ ਅਤੇ 700 ਰੁਪਏ ਦਿਹਾੜੀ ਦੇ ਹਿਸਾਬ ਨਾਲ ਸਾਲ ਵਿੱਚ 200 ਦਿਨ ਦੇ ਰੁਜ਼ਗਾਰ ਦੀ ਗਾਰੰਟੀ
- ਨਕਲੀ ਕੀਟਨਾਸ਼ਟ, ਖਾਦਾਂ ਅਤੇ ਬੀਜ਼ ਬਣਾਉਣ ਵਾਲੀਆਂ ਕੰਪਨੀਆਂ ਅਤੇ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦਾ ਪ੍ਰਬੰਧ
- ਹਲਦੀ, ਮਿਰਚਾਂ ਅਤੇ ਹੋਰ ਮਸਾਲਿਆਂ ਦੀ ਖੇਤੀ ਨੂੰ ਉਤਾਸ਼ਹਿਤ ਕਰਨ ਲਈ ਕਮਿਸ਼ਨ ਸਥਾਪਿਤ ਕਰਨਾ













