ਬਾਂਦਰ ਹਾਰਿਆ ਸੈਲਫ਼ੀ `ਤੇ ਦਾਅਵੇ ਦਾ ਕੇਸ

monkey selfie

ਤਸਵੀਰ ਸਰੋਤ, WILDLIFE PERSONALITIES/DAVID SLATER

ਤਸਵੀਰ ਕੈਪਸ਼ਨ, ਬਾਂਦਰ ਵੱਲੋਂ ਲਈ ਗਈ ਸੈਲਫ਼ੀ

ਕੈਮਰੇ 'ਚ ਦੰਦ ਦਿਖਾਉਂਦੇ ਬਾਂਦਰ ਦੀ ਮਸ਼ਹੂਰ ਫ਼ੋਟੋ ਸ਼ਾਇਦ ਤੁਹਾਨੂੰ ਯਾਦ ਹੋਵੇਗੀ।

ਉਸ ਫ਼ੋਟੋ ਨੂੰ ਲੈ ਕੇ ਕਨੂੰਨੀ ਵਿਵਾਦ ਹੁਣ ਖ਼ਤਮ ਹੋ ਗਿਆ ਹੈ। ਫ਼ੋਟੋਗ੍ਰਾਫ਼ਰ ਨੇ ਇਕ ਪਸ਼ੂ ਅਧਿਕਾਰ ਸੰਗਠਨ ਨਾਲ ਚੱਲੀ ਕਰੀਬ ਦੋ ਸਾਲਾਂ ਦੀ ਕਨੂੰਨੀ ਲੜਾਈ ਜਿੱਤ ਲਈ ਹੈ।

ਇਹ ਸੈਲਫ਼ੀ ਸਾਲ 2011 'ਚ ਇੰਡੋਨੇਸ਼ਈਆ ਦੇ ਜੰਗਲ 'ਚ ਮਕਾਕ ਨਸਲ ਦੇ ਨਾਰੁਤੋ ਨਾਮੀ ਬਾਂਦਰ ਨੇ ਲਈ ਸੀ। ਬਾਂਦਰ ਨੇ ਦਰਅਸਲ ਨਿਉ ਸਾਉਥ ਵੇਲਸ ਦੇ ਵਾਸੀ ਡੇਵਿਡ ਸਲੇਟਰ ਦਾ ਕੈਮਰਾ ਚੁੱਕ ਕੇ ਸੈਲਫ਼ੀ ਲਈ ਸੀ।

ਫ਼ੈਸਲਾ ਸੁਣਾਉਂਦੇ ਹੋਏ ਅਮਰੀਕੀ ਜੱਜ ਨੇ ਕਿਹਾ ਕਿ ਕਾਪੀਰਾਇਟ ਕਨੂੰਨ ਦੇ ਤਹਿਤ ਬਾਂਦਰ ਨੂੰ ਸੈਲਫ਼ੀ ਦਾ ਹੱਕ ਨਹੀਂ ਮਿਲੇਗਾ, ਉਥੇ ਹੀ ਪਸ਼ੂ ਅਧਿਕਾਰ ਸੰਗਠਨ ਪੇਟਾ ਨੇ ਇਹ ਤਰਕ ਦਿੱਤਾ ਕਿ ਬਾਂਦਰ ਨੂੰ ਵੀ ਕੋਈ ਫ਼ਾਇਦਾ ਹੋਣਾ ਚਾਹੀਦਾ ਹੈ।

DAVID J SLATER

ਤਸਵੀਰ ਸਰੋਤ, DAVID J SLATER

ਤਸਵੀਰ ਕੈਪਸ਼ਨ, ਡੇਵਿਡ ਸਲੇਟਰ ਸੈਲਫ਼ੀ ਤੋਂ ਹੋਣ ਵਾਲੀ ਕਮਾਈ ਦਾ 25 ਫ਼ੀਸਦੀ ਹਿੱਸਾ ਦਾਨ ਕਰਨਗੇ

ਪੇਟਾ ਦੀ ਪਟੀਸ਼ਨ ਨੂੰ ਭਾਵੇਂ ਰੱਦ ਕਰ ਦਿੱਤਾ ਗਿਆ ਪਰ ਸਲੇਟਰ ਭਵਿੱਖ ਵਿੱਚ ਬਾਂਦਰ ਦੀ ਸੈਲਫ਼ੀ ਤੋਂ ਹੋਣ ਵਾਲੀ ਕਮਾਈ ਦਾ 25 ਫ਼ੀਸਦੀ ਹਿੱਸਾ ਦਾਨ 'ਚ ਦੇਣ ਲਈ ਤਿਆਰ ਹੋ ਗਏ ਹਨ।

ਸਲੇਟਰ ਅਤੇ ਪੇਟਾ ਵੱਲੋਂ ਜਾਰੀ ਇਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੈਲਫ਼ੀ ਤੋਂ ਹੋਣ ਵਾਲੀ ਕਮਾਈ ਦਾ ਚੌਥਾ ਹਿੱਸਾ ਨਾਰੁਤੋ ਅਤੇ ਉਸਦੇ ਰਹਿਣ ਦੀ ਥਾਂ ਦੀ ਰੱਖਿਆ ਕਰਨ ਵਾਲੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਦਾਨ ਕਰ ਦਿੱਤਾ ਜਾਵੇਗਾ।

ਪੇਟਾ ਦੇ ਵਕੀਲ ਜੇਫ਼ ਕੇਰ ਦਾ ਕਹਿਣਾ ਹੈ ਕਿ ਇਸ ਮੁਕਦਮੇ ਰਾਹੀਂ ਕੌਮਾਂਤਰੀ ਪੱਧਰ 'ਤੇ ਪਸ਼ੂਆਂ ਦੇ ਹੱਕਾਂ ਨੂੰ ਲੈ ਕੇ ਚਰਚਾ ਹੋਈ ਸੀ। ਉਥੇ ਹੀ ਸਲੇਟਰ ਦਾ ਮੰਨਣਾ ਹੈ ਕਿ ਉਸਨੇ ਇਸ ਮੁਕੱਦਮੇ ਨੂੰ ਲੈ ਕੇ ਕਾਫ਼ੀ ਮਿਹਨਤ ਕੀਤੀ ਸੀ।