ਕੀ ਬਾਂਦਰਾਂ ਨੇ ਸੱਚੀਂ ਬਦਲਾ ਲੈਣ ਲਈ 200 ਕਤੂਰੇ ਮਾਰ ਦਿੱਤੇ - ਜਾਣੋ ਖ਼ਬਰ ਦੀ ਸਚਾਈ

ਬਾਂਦਰਾਂ ਦਾ ਜੋੜਾ

ਤਸਵੀਰ ਸਰੋਤ, SANJAYSANJAY KANOJIA/AFP via Getty Images

    • ਲੇਖਕ, ਨਿਤਿਨ ਸੁਲਤਾਨ
    • ਰੋਲ, ਲਾਵੁਲ ਤੋਂ ਬੀਬੀਸੀ ਮਰਾਠੀ ਲਈ

ਮਹਾਰਾਸ਼ਟਰ 'ਚ ਮਰਾਠਾਵਾੜਾ ਦੇ ਮਜਲਗਾਂਵ ਤਹਿਸੀਲ ਦਾ ਲਾਵੁਲ ਪਿੰਡ ਪਿਛਲੇ ਇੱਕ ਹਫ਼ਤੇ ਤੋਂ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਚਰਚਾ ਦਾ ਕਾਰਨ ਇੱਥੋਂ ਦੇ ਬਾਂਦਰਾ ਅਤੇ ਕੁੱਤਿਆਂ ਵਿਚਾਲੇ ਛਿੜੇ ਟਕਰਾਅ ਦੀਆਂ ਖ਼ਬਰਾਂ ਹਨ।

ਇਸ ਖ਼ਬਰ ਨੂੰ ਲੈ ਕੇ ਮੀਡੀਆ ਵਿੱਚ ਕਈ ਤਰ੍ਹਾਂ ਦੇ ਦਾਅਵੇ ਕੀਤੇ ਗਏ ਸਨ। ਕਈ ਮੀਡੀਆ ਪ੍ਰਕਾਸ਼ਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਬਾਂਦਰਾਂ ਨੇ ਕੁੱਤਿਆਂ ਦੇ 200 ਕਤੂਰੇ ਮਾਰ ਦਿੱਤੇ ਹਨ। ਹਾਲਾਂਕਿ, ਜਦੋਂ ਬੀਬੀਸੀ ਮਰਾਠੀ ਨੇ ਪਿੰਡ ਦਾ ਦੌਰਾ ਕੀਤਾ ਅਤੇ ਇਨ੍ਹਾਂ ਦਾਅਵਿਆਂ ਦੀ ਸੱਚਾਈ ਦੀ ਜਾਂਚ ਕੀਤੀ ਤਾਂ ਇੱਕ ਹੋਰ ਤਸਵੀਰ ਸਾਹਮਣੇ ਆਈ।

ਲਾਵੁਲ ਮਰਾਠਾਵਾੜਾ ਦੇ ਬੀੜ ਜ਼ਿਲ੍ਹੇ ਦੇ ਮਜਲਗਾਂਵ ਤਹਿਸੀਲ ਤੋਂ ਮਹਿਜ਼ ਪੰਜ ਤੋਂ ਸੱਤ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇੱਕ ਪਿੰਡ ਹੈ। 1980 'ਚ ਪਿੰਡ ਦੇ ਨਜ਼ਦੀਕ ਵਗਦੀ ਇੱਕ ਨਦੀ 'ਤੇ ਬੰਨ੍ਹ ਬਣਾਉਣ ਦੀ ਕੋਸ਼ਿਸ਼ ਦੇ ਚੱਲਦਿਆਂ ਪੂਰਾ ਪਿੰਡ ਹੀ ਪਾਣੀ 'ਚ ਡੁੱਬ ਗਿਆ ਸੀ। ਬਾਅਦ 'ਚ ਇਸ ਪਿੰਡ ਨੂੰ ਮੁੜ ਵਸਾਇਆ ਗਿਆ , ਜਿਸ ਨੂੰ ਕਿ ਲਾਵੁਲ ਨੰਬਰ ਇੱਕ ਪਿੰਡ ਕਿਹਾ ਜਾਂਦਾ ਹੈ।

ਇਸ ਪਿੰਡ ਦੀ ਆਬਾਦੀ ਪੰਜ ਹਜ਼ਾਰ ਤੋਂ ਵੱਧ ਹੈ ਅਤੇ ਪਿੰਡ ਦਾ ਰਕਬਾ ਵੀ ਵੱਡਾ ਹੈ। ਪਿੰਡ ਵਿੱਚ ਇੱਕ ਸਕੂਲ, ਬੈਂਕ ਅਤੇ ਹੋਰ ਬੁਨਿਆਦੀ ਸਹੂਲਤਾਂ ਮੌਜੂਦ ਹਨ। ਮਜਲਗਾਂਵ ਡੈਮ ਦੇ ਬੈਕ ਵਾਟਰਾਂ ਕਾਰਨ ਇੱਥੇ ਖੇਤੀ ਲਈ ਭਰਪੂਰ ਪਾਣੀ ਹੈ ਅਤੇ ਗੰਨੇ ਦੀ ਖੇਤੀ ਵੀ ਪ੍ਰਫੁੱਲਤ ਹੋ ਰਹੀ ਹੈ।

ਇਹ ਪਿੰਡ ਬੀੜ ਜ਼ਿਲ੍ਹੇ ਦੇ ਸਭ ਤੋਂ ਅਮੀਰ ਪਿੰਡਾਂ ਵਿੱਚ ਇੱਕ ਗਿਣਿਆ ਜਾਂਦਾ ਹੈ। ਗੰਨੇ ਦੀ ਪੈਦਾਵਾਰ ਪਿੰਡ ਦੀ ਖੁਸ਼ਹਾਲੀ ਦਾ ਸਭ ਤੋਂ ਵੱਡਾ ਕਾਰਨ ਹੈ, ਪਰ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਗੰਨਾ ਉਤਪਾਦਕ ਅਮੀਰ ਹਨ ਪਰ ਗੰਨਾ ਉਤਪਾਦਨ ਖੇਤਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਹਾਲਤ ਬਹੁਤ ਤਰਸਯੋਗ ਹੈ।

ਬਾਂਦਰਾਂ ਅਤੇ ਕੁੱਤਿਆਂ ਵਿਚਾਲੇ ਟਕਰਾਅ ਦੇ ਰਾਜ਼ ਨੂੰ ਜਾਣਨ ਲਈ ਅਸੀਂ ਲਾਵੁਲ ਪਿੰਡ ਪਹੁੰਚੇ। ਰੋਜ਼ ਦੀ ਤਰ੍ਹਾਂ ਹੀ ਪਿੰਡ ਦੀ ਵੱਡੀ ਆਬਾਦੀ ਆਪਣੇ ਕੰਮ-ਕਾਜ 'ਚ ਰੁੱਝੀ ਹੋਈ ਸੀ। ਪਿੰਡ 'ਚ ਦਾਖਲ ਹੋਣ ਤੋਂ ਬਾਅਦ ਅਸੀਂ ਕੁਝ ਦੂਰੀ 'ਤੇ ਸਥਿਤ ਲਾਵੁਲ ਗ੍ਰਾਮ ਪੰਚਾਇਤ ਦਫ਼ਤਰ ਵਿਖੇ ਪਹੁੰਚੇ ਅਤੇ ਇਸ ਘਟਨਾ ਦੇ ਸਬੰਧ 'ਚ ਜਾਣਕਾਰੀ ਇੱਕਠੀ ਕਰਨ ਦਾ ਯਤਨ ਕੀਤਾ।

ਉਸ ਸਮੇਂ ਦਫ਼ਤਰ 'ਚ ਗ੍ਰਾਮ ਪੰਚਾਇਤ ਦੇ ਮੈਂਬਰ ਅਤੇ ਹੋਰ ਮੁਲਾਜ਼ਮ ਮੌਜੂਦ ਸਨ। ਅਸੀਂ ਉਨ੍ਹਾਂ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਸਾਰਾ ਮਾਮਲਾ ਅਸਲ 'ਚ ਹੈ ਕੀ?

ਇਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਇਸ ਘਟਨਾ ਬਾਰੇ ਵਿਸਥਾਰ 'ਚ ਦੱਸਣਾ ਸ਼ੁਰੂ ਕੀਤਾ।

ਇਸ ਘਟਨਾਕ੍ਰਮ ਦੀ ਵੀਡੀਓ ਯੂਟਿਊਬ ’ਤੇ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਬਾਂਦਰ ਆਇਆ ਅਤੇ…

ਵੈਸੇ ਤਾਂ ਇਹ ਖ਼ਬਰ ਪਿਛਲੇ ਇੱਕ ਹਫ਼ਤੇ ਤੋਂ ਦੇਸ਼ ਦੁਨੀਆ ਦੇ ਮੀਡੀਆ 'ਚ ਸੁਰਖੀਆਂ ਬਟੋਰ ਰਹੀ ਸੀ ਪਰ ਪਿੰਡ ਲਾਵੁਲ ਦੇ ਲੋਕਾਂ ਅਨੁਸਾਰ ਇਸ ਟਕਰਾਅ ਦਾ ਆਗਾਜ਼ ਸਤੰਬਰ ਮਹੀਨੇ ਹੀ ਸੁਰੂ ਹੋ ਗਿਆ ਸੀ। ਸਤੰਬਰ ਮਹੀਨੇ ਦੇ ਸ਼ੁਰੂ 'ਚ ਦੋ ਬਾਂਦਰ ਪਿੰਡ 'ਚ ਆਏ ਸਨ।

ਪਿੰਡ ਦੀ ਪੰਚਾਇਤ ਕਮੇਟੀ ਦੇ ਮੈਂਬਰ ਰਵਿੰਦਰ ਸ਼ਿੰਦੇ ਨੇ ਦੱਸਿਆ, "ਪਿੰਡ 'ਚ ਬਹੁਤੇ ਬਾਂਦਰ ਨਹੀਂ ਹਨ ਪਰ ਕਈ ਵਾਰ ਆਉਂਦੇ ਜ਼ਰੂਰ ਹਨ। ਪਰ ਉਹ ਜ਼ਿਆਦਾ ਪਰੇਸ਼ਾਨ ਨਹੀਂ ਕਰਦੇ ਸਨ। ਪਰ ਇਸ ਵਾਰ ਬਾਂਦਰਾਂ ਦੇ ਪਿੰਡ 'ਚ ਆਉਣ ਤੋਂ ਬਾਅਦ ਅਜੀਬੋ ਗਰੀਬ ਘਟਨਾਵਾਂ ਵੇਖਣ ਨੂੰ ਮਿਲੀਆਂ ਹਨ।"

ਇੰਨ੍ਹਾਂ ਬਾਂਦਰਾਂ ਨੇ ਕਤੂਰਿਆਂ ਨੂੰ ਚੁੱਕਿਆ ਅਤੇ ਉਨ੍ਹਾਂ ਨੂੰ ਦਰੱਖਤਾਂ ਜਾਂ ਉੱਚੇ ਘਰਾਂ 'ਚ ਲੈ ਗਏ। ਪਹਿਲਾਂ ਤਾਂ ਪਿੰਡਵਾਸੀਆਂ ਨੂੰ ਬਹੁਤੀ ਸਮਝ ਨਾ ਆਈ ਪਰ ਫਿਰ ਉਨ੍ਹਾਂ ਨੇ ਵੇਖਿਆ ਕਿ ਬਾਂਦਰ ਹੌਲੀ-ਹੌਲੀ ਕਤੂਰਿਆਂ ਨੂੰ ਲੈ ਕੇ ਭੱਜ ਰਹੇ ਹਨ।

ਇਹ ਵੀ ਪੜ੍ਹੋ:

ਬਾਂਦਰ

ਤਸਵੀਰ ਸਰੋਤ, NITIN SULTANE

ਤਸਵੀਰ ਕੈਪਸ਼ਨ, ਇੱਕ ਕਤੂਰੇ ਨਾਲ ਬੈਠਾ ਬਾਂਦਰ

ਉਸ ਤੋਂ ਬਾਅਦ ਕੀ ਵਾਪਰਿਆ…

ਬਾਂਦਰ ਜਿੰਨ੍ਹਾਂ ਕਤੂਰਿਆਂ ਨੂੰ ਦਰੱਖਤਾਂ ਜਾਂ ਉੱਚੇ ਘਰਾਂ 'ਚ ਲੈ ਗਏ ਸਨ, ਉਨ੍ਹਾਂ 'ਚੋਂ ਕੁਝ ਦੀ ਮੌਤ ਤਾਂ ਉਪਰੋਂ ਡਿੱਗਣ ਦੇ ਕਾਰਨ ਹੋ ਗਈ। ਬਸ ਇੱਥੋਂ ਹੀ ਅਫ਼ਵਾਹ ਫੈਲਣ ਲੱਗ ਪਈ ਕਿ ਬਾਂਦਰ ਕਤੂਰਿਆਂ ਨੂੰ ਮਾਰ ਰਹੇ ਹਨ ਅਤੇ ਗੱਲ ਅੱਗ ਵਾਂਗ ਫੈਲ ਗਈ।

ਇਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਣ ਲੱਗੀਆਂ, ਜਿਵੇਂ ਕਿ ਬਾਂਦਰ ਨੇ ਕਿਸੇ ਦਾ ਪਿੱਛਾ ਕੀਤਾ ਜਾਂ ਕਿਸੇ ਦੇ ਸਾਹਮਣੇ ਤੋਂ ਬਾਂਦਰ ਨਿਕਲਿਆ ਤਾਂ ਉਹ ਵਿਅਕਤੀ ੳਚਾਨਕ ਡਿੱਗ ਗਿਆ ਅਤੇ ਜ਼ਖਮੀ ਹੋ ਗਿਆ।

ਅਜਿਹਾ ਹੀ ਇੱਕ ਹਾਦਸਾ ਸੀਤਾਰਮਨ ਨਾਇਬਲ ਦੇ ਨਾਲ ਵਾਪਰਿਆ। ਉਹ ਕਤੂਰਿਆਂ ਨੂੰ ਹੇਠਾਂ ਉਤਾਰਨ ਲਈ ਛੱਤ 'ਤੇ ਚੜ੍ਹੇ ਸਨ ਕਿ ਅਚਾਨਕ ਹੀ ਬਾਂਦਰ ਆ ਗਏ ਅਤੇ ਉਨ੍ਹਾਂ ਨੇ ਡਰਦੇ ਮਾਰੇ ਛਾਲ ਮਾਰ ਦਿੱਤੀ ਅਤੇ ਜ਼ਖਮੀ ਹੋ ਗਏ।

ਇਸ ਹਾਦਸੇ 'ਚ ਨਾਇਬਲ ਦੇ ਦੋਵਾਂ ਪੈਰਾਂ ਦੀਆਂ ਅੱਡੀਆਂ ਟੁੱਟ ਗਈਆਂ, ਜਿਸ ਕਰਕੇ ਦੋਵਾਂ ਪੈਰਾਂ 'ਚ ਰਾਡ ਪਾਉਣੀ ਪਈ।

ਉਨ੍ਹਾਂ ਦੱਸਿਆ ਕਿ ਇਲਾਜ 'ਤੇ ਲਗਭਗ ਡੇਢ ਲੱਖ ਰੁਪਏ ਦਾ ਖਰਚਾ ਹੋ ਗਿਆ ਹੈ। ਤਿੰਨ ਮਹੀਨਿਆਂ ਬਾਅਦ ਵੀ ਉਹ ਹੌਲੀ-ਹੌਲੀ ਕੁਝ ਦੂਰੀ ਤੱਕ ਹੀ ਚੱਲ ਪਾਉਂਦੇ ਹਨ।

ਕਈ ਵਾਰ ਲੋਕਾਂ ਨੇ ਇਹ ਵੀ ਸੁਣਿਆ ਕਿ ਬਾਂਦਰ ਬੱਚਿਆਂ ਦਾ ਪਿੱਛਾ ਕਰਦੇ ਹਨ। ਇਸ ਤੋਂ ਬਾਅਦ ਲੋਕਾਂ ਨੇ ਆਪਣੇ ਘਰਾਂ ਨੂੰ ਅੰਦਰੋਂ ਬੰਦ ਰੱਖਣਾ ਸ਼ੁਰੂ ਕਰ ਦਿੱਤਾ ਅਤੇ ਇਹ ਮਾਮਲਾ ਗ੍ਰਾਮ ਪੰਚਾਇਤ ਤੱਕ ਵੀ ਪਹੁੰਚ ਗਿਆ।

ਲਾਵੁਲ ਪਿੰਡ

ਤਸਵੀਰ ਸਰੋਤ, NITIN SULTANE

ਤਸਵੀਰ ਕੈਪਸ਼ਨ, ਲਾਵੁਲ ਪਿੰਡ ਦੇ ਵਸਨੀਕਾਂ ਨੇ ਕਤੂਰਿਆਂ ਬਾਰੇ ਵੱਖ-ਵੱਖ ਦਾਅਵੇ ਕੀਤੇ ਹਨ ਕੁਝ ਤਾਂ 50-60 ਕਤੂਰਿਆਂ ਦੇ ਮਰਨ ਦੀ ਗੱਲ ਕਰਦੇ ਹਨ ਪਰ ਕੁਝ ਮੁਤਾਬਕ ਸੌ ਤੋਂ ਜ਼ਿਆਦਾ ਕਤੂਰੇ ਮਾਰੇ ਗਏ ਹਨ

ਪਹਿਲਾਂ ਤਾਂ ਜੰਗਲਾਤ ਵਿਭਾਗ ਨੇ ਕੀਤੀ ਅਣਗਹਿਲੀ

ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਸੀ। ਇਸ ਲਈ ਗ੍ਰਾਮ ਪੰਚਾਇਤ ਨੇ ਜੰਗਲਾਤ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾ ਕੇ ਮਦਦ ਲੈਣ ਦਾ ਫੈਸਲਾ ਕੀਤਾ।

ਪਿੰਡ ਵਿਕਾਸ ਅਧਿਕਾਰੀ ਨਾਨਾਸਾਹਿਬ ਸ਼ੈਲਕੇ ਨੇ ਦੱਸਿਆ ਕਿ ਉਨ੍ਹਾ ਨੇ ਇਸ ਸਬੰਧੀ 12-13 ਸਤੰਬਰ ਨੂੰ ਜੰਗਲਾਤ ਵਿਭਾਗ ਨੂੰ ਪੱਤਰ ਲਿਖਿਆ ਸੀ ਪਰ ਕੋਈ ਜਵਾਬ ਨਹੀਂ ਮਿਲਿਆ।

ਇਸ ਤੋਂ ਬਾਅਦ ਦੁਬਾਰਾ ਪੱਤਰ ਵਿਹਾਰ ਕੀਤਾ ਗਿਆ ਪਰ ਉਸ ਵੱਲ ਵੀ ਵਧੇਰੇ ਧਿਆਨ ਨਾ ਦਿੱਤਾ ਗਿਆ। ਪਿੰਡ ਦੀ ਝਗੜਾ ਨਿਪਟਾਰਾ ਕਮੇਟੀ ਦੇ ਚੇਅਰਮੈਨ ਰਾਧਾਕਿਸ਼ਨ ਸੋਨਾਵਨੇ ਨੇ ਕਿਹਾ, "ਜੰਗਲਾਤ ਵਿਭਾਗ ਨੇ ਇੱਕ-ਦੋ ਵਾਰ ਟੀਮਾਂ ਭੇਜੀਆਂ, ਪਰ ਉਨ੍ਹਾਂ ਨੇ ਸਿਰਫ਼ ਮੁਆਇਨਾ ਕੀਤਾ ਅਤੇ ਉਹ ਚਲੇ ਗਏ।"

ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਆਖਰਕਾਰ ਉਨ੍ਹਾਂ ਨੇ ਮੀਡੀਆ ਦਾ ਸਹਾਰਾ ਲਿਆ ਅਤੇ ਮੀਡੀਆ ਵਿੱਚ ਪ੍ਰਚਾਰ ਅਤੇ ਚਰਚਾ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਗਈ।

ਮੀਡੀਆ ਵਿੱਚ ਕਾਫੀ ਚਰਚਾ ਤੋਂ ਬਾਅਦ ਆਖਿਰਕਾਰ ਧਾਰੂਰ ਜੰਗਲਾਤ ਵਿਭਾਗ ਨੇ ਬਾਂਦਰਾਂ ਨੂੰ ਫੜਨ ਲਈ ਨਾਗਪੁਰ ਵਿੱਚ ਆਪਣੀ ਟੀਮ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਬੁਲਾਇਆ ਗਿਆ।

ਇਸ ਤੋਂ ਬਾਅਦ 19 ਦਸੰਬਰ ਨੂੰ ਨਾਗਪੁਰ ਤੋਂ ਆਈ ਟੀਮ ਨੇ ਜਾਲ ਵਿਛਾ ਕੇ ਬਾਂਦਰਾਂ ਨੂੰ ਫੜ ਲਿਆ। ਕਿਉਂਕਿ ਬਾਂਦਰ ਕਤੂਰਿਆਂ ਨੂੰ ਨਿਸ਼ਾਨਾ ਬਣਾ ਰਹੇ ਸਨ ਇਸ ਲਈ ਬਾਂਦਰਾਂ ਨੂੰ ਫੜਨ ਲਈ ਇੱਕ ਕਤੂਰੇ ਨੂੰ ਪਿੰਜਰੇ ਵਿੱਚ ਰੱਖਿਆ ਗਿਆ ਸੀ।

ਵਡਵਾਨੀ ਦੇ ਜੰਗਲਾਤ ਅਧਿਕਾਰੀ ਡੀਐਸ ਮੋਰੇ ਨੇ ਬੀਬੀਸੀ ਮਰਾਠੀ ਨੂੰ ਦੱਸਿਆ, "ਇਨ੍ਹਾਂ ਬਾਂਦਰਾਂ ਨੂੰ ਫੜਨ ਤੋਂ ਬਾਅਦ ਜੰਗਲ 'ਚ ਛੱਡ ਦਿੱਤਾ ਗਿਆ।"

ਲਾਵੁਲ ਪਿੰਡ

ਤਸਵੀਰ ਸਰੋਤ, NITIN SULTANE

'ਕਤੂਰਿਆਂ ਦੀਆਂ ਲਗਾਤਾਰ ਮੌਤਾਂ'

ਮੀਡੀਆ ਵਿੱਚ ਆ ਰਹੀਆਂ ਖ਼ਬਰਾਂ ਕਾਰਨ ਹਰ ਕਿਸੇ ਦਾ ਧਿਆਨ ਇਸ ਮੁੱਦੇ ਵੱਲ ਗਿਆ, ਪਰ ਕਤੂਰਿਆਂ ਦੀਆਂ ਮੌਤਾਂ ਦੀ ਗਿਣਤੀ ਵਧਣ ਕਾਰਨ ਇਸ ਦੌਰਾਨ ਕਈ ਤਰ੍ਹਾਂ ਦੀਆਂ ਗੱਲਾਂ ਵੀ ਫੈਲੀਆਂ। ਸ਼ੁਰੂ-ਸ਼ੁਰੂ ਵਿੱਚ, ਕੁਝ ਮੀਡੀਆ ਰਿਪੋਰਟਾਂ ਵਿੱਚ, ਇਹ ਗਿਣਤੀ 10 ਤੋਂ 15 ਦੱਸੀ ਗਈ ਸੀ ਅਤੇ ਕੁਝ ਦਿਨਾਂ ਵਿੱਚ ਇਹ ਕਈ ਗੁਣਾ ਵੱਧ ਗਈ। ਕੁਝ ਮੀਡੀਆ ਅਦਾਰਿਆਂ ਨੇ ਤਾਂ ਇਹ ਦਾਅਵਾ ਵੀ ਕੀਤਾ ਹੈ ਕਿ ਬਾਂਦਰਾਂ ਨੇ 250 ਕਤੂਰੇ ਮਾਰ ਦਿੱਤੇ ਹਨ।

ਹਾਲਾਂਕਿ ਲਾਵੁਲ ਪਿੰਡ ਦੇ ਵਸਨੀਕਾਂ ਨੇ ਵੱਖ-ਵੱਖ ਦਾਅਵੇ ਕੀਤੇ ਹਨ। ਕੁਝ ਨੇ ਤਾਂ 50-60 ਕਤੂਰਿਆਂ ਦੇ ਮਰਨ ਦੀ ਗੱਲ ਕੀਤੀ ਹੈ ਪਰ ਕੁਝ ਨੇ ਇਹ ਅੰਕੜਾ 100 ਤੋਂ ਪਾਰ ਦੱਸਿਆ ਹੈ। ਪਰ ਕੁਝ ਲੋਕਾਂ ਨੇ ਦੱਸਿਆ ਕਿ 200 ਤੋਂ ਵੱਧ ਕਤੂਰੇ ਆਪਣੀਆਂ ਜਾਨਾਂ ਗੁਵਾ ਚੁੱਕੇ ਹਨ।

ਹਾਲਾਂਕਿ ਇਨ੍ਹਾਂ ਸਾਰੇ ਦਾਅਵਿਆਂ ਤੋਂ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਸਲ 'ਚ ਕਿੰਨੇ ਕੁ ਕਤੂਰੇ ਮਰੇ ਹਨ। ਪਿੰਡ ਵਾਸੀਆਂ ਵੱਲੋਂ ਪ੍ਰਾਪਤ ਅਧਿਕਾਰਤ ਅੰਕੜਾ ਸਿਰਫ 50 ਤੋਂ 60 ਦੇ ਵਿਚਕਾਰ ਸੀ।

ਦੂਜੇ ਪਾਸੇ ਜੰਗਲਾਤ ਅਧਿਕਾਰੀ ਡੀਐਸ ਮੋਰੇ ਨੇ ਇਨ੍ਹਾਂ ਸਾਰੇ ਅੰਕੜਿਆਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਨੇ ਬੀਬੀਸੀ ਮਰਾਠੀ ਨੂੰ ਦੱਸਿਆ, "ਹੋ ਸਕਦਾ ਹੈ ਕਿ ਤਿੰਨ ਤੋਂ ਚਾਰ ਕਤੂਰੇ ਮਰੇ ਹੋਣ" ।

ਅਫ਼ਵਾਹ ਫੈਲਣ ਦਾ ਕਾਰਨ

ਜਿਵੇਂ ਜਿਵੇਂ ਮ੍ਰਿਤਕ ਕਤੂਰਿਆਂ ਦੀ ਗਿਣਤੀ ਵੱਧਦੀ ਗਈ, ਉਸ ਦੇ ਨਾਲ ਹੀ ਅਫ਼ਵਾਹਾਂ ਨੇ ਵੀ ਜ਼ੋਰ ਫੜ੍ਹ ਲਿਆ। ਇਸ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਸ਼ਾਮਲ ਸਨ। ਇਹ ਸਾਰਾ ਮਾਮਲਾ ਕਿਵੇਂ ਸ਼ੁਰੂ ਹੋਇਆ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੇਖਣ ਨੂੰ ਮਿਲੀਆਂ।

ਅਜਿਹੀ ਇੱਕ ਅਫ਼ਵਾਹ ਹੈ ਕਿ ਪਹਿਲਾਂ ਕੁੱਤਿਆਂ ਨੇ ਇੱਕ ਨਵਜੰਮੇ ਬਾਂਦਰ ਨੂੰ ਮਾਰਿਆ ਅਤੇ ਉਸ ਤੋਂ ਬਾਅਦ ਬਾਂਦਰਾਂ ਨੇ ਕਤੂਰਿਆਂ ਨੂੰ ਮਾਰਨ ਦਾ ਸਿਲਸਿਲਾ ਸ਼ੁਰੂ ਕੀਤਾ ।

ਪਿੰਡ ਦੇ ਪੰਚਾਇਤ ਮੈਂਬਰ ਰਵਿੰਦਰ ਸ਼ਿੰਦੇ ਨੇ ਦੱਸਿਆ ਕਿ, "ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਨਵਜੰਮੇ ਬਾਂਦਰ ਦੀ ਮੌਤ ਦਾ ਸਦਮਾ ਨਾ ਝੱਲਦਿਆਂ ਇੱਕ ਬਾਂਦਰੀ ਪਾਗਲ ਹੋ ਗਈ ਅਤੇ ਕਤੂਰਿਆਂ ਨੂੰ ਆਪਣਾ ਬੱਚਾ ਸਮਝ ਕੇ ਭੱਜ ਰਹੀ ਸੀ।"

ਲਾਵੁਲ ਪਿੰਡ

ਤਸਵੀਰ ਸਰੋਤ, NITIN SULTANE

ਕੁਝ ਕਤੂਰਿਆਂ ਨੂੰ ਬਚਾਇਆ

ਲਕਸ਼ਮਣ ਭਗਤ ਨੇ ਕਿਹਾ, "ਬੱਚੇ ਸਕੂਲ ਜਾਣ ਤੋਂ ਡਰਦੇ ਸਨ। ਘਰ ਦੇ ਮਰਦ ਖੇਤਾਂ ਵਿੱਚ ਨਹੀਂ ਜਾਂਦੇ ਸਨ ਅਤੇ ਔਰਤਾਂ ਕੰਮ ਲਈ ਘਰੋਂ ਨਹੀਂ ਨਿਕਲਦੀਆਂ ਸਨ।"

ਬਾਂਦਰ ਲਕਸ਼ਮਣ ਭਗਤ ਦੇ ਘਰ ਦੀ ਛੱਤ 'ਤੇ ਕਈ ਦਿਨ ਰੁਕੇ ਰਹੇ। ਇਸ ਦੌਰਾਨ ਉਹ ਅੱਠ ਤੋਂ ਦਸ ਕਤੂਰਿਆਂ ਨੂੰ ਛੱਤ 'ਤੇ ਲੈ ਆਏ ਸਨ।

ਲਕਸ਼ਮਣ ਭਗਤ ਨੇ ਦੱਸਿਆ, "ਰਾਤ ਨੂੰ ਬਾਂਦਰਾਂ ਦੇ ਨਾਲ ਕਤੂਰਿਆਂ ਦਾ ਖੂਬ ਰੌਲਾ ਪੈਂਦਾ ਸੀ। ਘਰ ਦੇ ਛੋਟੇ ਬੱਚੇ ਡਰ ਗਏ ਸਨ। ਪਰ ਅਸੀਂ ਸੋਚਿਆਂ ਕਿ ਭੁੱਖ ਦੇ ਕਾਰਨ ਕਤੂਰੇ ਚੀਕ ਚਿਹਾੜਾ ਪਾ ਰਹੇ ਹਨ। ਅਗਲੇ ਦਿਨ ਤੋਂ ਅਸੀਂ ਕਤੂਰਿਆਂ ਲਈ ਦੁੱਧ ਅਤੇ ਬ੍ਰੈਡ ਛੱਤ 'ਤੇ ਰੱਖੀ।"

ਇਸ ਨਾਲ ਕੁਝ ਕਤੂਰਿਆਂ ਦੀ ਜਾਨ ਬੱਚ ਗਈ ਅਤੇ ਉਹ ਹੁਣ ਭਗਤ ਦੇ ਘਰ ਦੇ ਬਾਹਰ ਹੀ ਵਿਖਾਈ ਦਿੰਦੇ ਹਨ।

ਵੀਡੀਓ ਕੈਪਸ਼ਨ, ਜਦੋਂ ਵਿਗਿਆਨੀਆਂ ਨੇ ਮਨੁੱਖੀ ਦਿਮਾਗ ਦੇ ਅੰਸ਼ ਬਾਂਦਰਾਂ ਵਿੱਚ ਪਾਈ (ਵੀਡੀਓ ਅਪ੍ਰੈਲ 2019 ਦਾ ਹੈ)

ਬਾਂਦਰਾਂ ਨੇ ਅਜਿਹਾ ਕਿਉਂ ਕੀਤਾ?

ਜੰਗਲਾਤ ਅਧਿਕਾਰੀ ਡੀਐਸ ਮੋਰੇ ਨੇ ਵੀ ਦੱਸਿਆ ਕਿ ਬਾਂਦਰ ਕਤੂਰਿਆਂ ਨੂੰ ਕਿਉਂ ਚੁੱਕ ਰਹੇ ਸਨ। ਉਨ੍ਹਾਂ ਅਨੁਸਾਰ, 'ਕੁੱਤੇ ਦੇ ਵਾਲਾਂ ਵਿਚ ਛੋਟੀਆਂ-ਛੋਟੀਆਂ ਜੂੰਆਂ, ਪਿੱਸੂ ਹੁੰਦੇ ਹਨ ਅਤੇ ਬਾਂਦਰ ਉਨ੍ਹਾਂ ਨੂੰ ਖਾ ਜਾਂਦੇ ਹਨ ਅਤੇ ਉਨ੍ਹਾਂ ਨੂੰ ਖਾਣ ਲਈ ਹੀ ਉਹ ਕਤੂਰਿਆਂ ਨੂੰ ਚੁੱਕਦੇ ਹਨ।"

ਡੀਐਸ ਮੋਰੇ ਨੇ ਦੱਸਿਆ, "ਵੱਡੇ ਕੁੱਤੇ ਆਸਾਨੀ ਨਾਲ ਬਾਂਦਰਾਂ ਦੀ ਪਕੜ ਵਿੱਚ ਨਹੀਂ ਆ ਸਕਦੇ ਹਨ। ਕਤੂਰੇ ਆਸਾਨੀ ਨਾਲ ਫੜੇ ਜਾਂਦੇ ਹਨ ਅਤੇ ਉਹ ਆਪਣੇ ਆਪ ਨੂੰ ਬਚਾ ਵੀ ਨਹੀਂ ਸਕਦੇ। ਬਾਂਦਰ ਜੂਆਂ ਅਤੇ ਪਿੱਸੂ ਖਾਣ ਤੋਂ ਬਾਅਦ ਕਤੂਰਿਆਂ ਨੂੰ ਦਰੱਖਤਾਂ ਜਾਂ ਘਰਾਂ ਦੀਆਂ ਛੱਤਾਂ 'ਤੇ ਛੱਡ ਦਿੰਦੇ ਹਨ, ਜਿੱਥੇ ਦੋ-ਤਿੰਨ ਦਿਨਾਂ ਤੱਕ ਖਾਣਾ ਜਾਂ ਪਾਣੀ ਨਾ ਮਿਲਣ ਕਾਰਨ ਕਤੂਰੇ ਮਰਨ ਲੱਗ ਜਾਂਦੇ ਹਨ। ਕਤੂਰੇ ਇੰਨੀ ਉਚਾਈ ਤੋਂ ਹੇਠਾਂ ਨਹੀਂ ਆ ਸਕਦੇ ਹਨ ਅਤੇ ਹੇਠਾਂ ਉਤਰਨ ਦੀ ਕੋਸ਼ਿਸ਼ ਦੌਰਾਨ ਵੀ ਕੁਝ ਕਤੂਰਿਆਂ ਦੀ ਮੌਤ ਹੋ ਗਈ ਹੋਵੇਗੀ।"

ਕੀ ਕਹਿਣਾ ਹੈ ਮਾਹਰਾਂ ਹੈ?

ਔਰੰਗਾਬਾਦ ਦੇ ਸਿਧਾਰਥ ਉਦਾਨ ਦੇ ਚਿੜੀਆਘਰ 'ਚ ਕਈ ਤਰ੍ਹਾਂ ਦੇ ਜਾਨਵਰ ਹਨ। ਡਾਕਟਰ ਬੀਐਸ ਨਾਇਕਵਾੜੇ ਇੱਥੇ ਲੰਮੇ ਸਮੇਂ ਤੱਕ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਹਨ। ਅਸੀਂ ਉਨ੍ਹਾਂ ਤੋਂ ਵੀ ਬਾਂਦਰਾਂ ਦੇ ਇਸ ਰਵੱਈਏ ਬਾਰੇ ਜਾਣਨ ਦਾ ਯਤਨ ਕੀਤਾ।

ਬਾਂਦਰ

ਤਸਵੀਰ ਸਰੋਤ, NITIN SULTANE

ਨਾਇਕਵਾੜੇ ਨੇ ਦੱਸਿਆ, "ਇਹ ਸੱਚ ਹੈ ਕਿ ਬਾਂਦਰਾਂ ਨੂੰ ਜਿਸ 'ਤੇ ਗੁੱਸਾ ਹੋਵੇ ਉਹ ਉਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ 'ਚ ਬਦਲੇ ਦੀ ਭਾਵਨਾ ਬਹੁਤ ਮਜ਼ਬੂਤ ਰਹਿੰਦੀ ਹੈ ਅਤੇ ਉਹ ਗੁੱਸੇ 'ਚ ਕੁਝ ਵੀ ਕਰ ਸਕਦੇ ਹਨ। ਹਾਲਾਂਕਿ ਲਾਵੁਲ ਪਿੰਡ ਦੇ ਬਾਰੇ 'ਚ ਜੋ ਕੁਝ ਵੀ ਕਿਹਾ ਜਾ ਰਿਹਾ ਹੈ ਉਹ ਸਭ ਅਤਿਕਥਨੀ ਹੈ।"

ਉੱਥੇ ਹੀ ਲਾਈਫ ਕੇਅਰ ਐਨੀਮਲ ਐਸੋਸੀਏਸ਼ਨ ਦੇ ਪ੍ਰਧਾਨ ਧਨਰਾਜ ਸਿੰਦੇ ਇੱਕ ਵੱਖਰੇ ਪਹਿਲੂ ਵੱਲ ਇਸ਼ਾਰਾ ਕਰਦੇ ਹਨ। ਉਨ੍ਹਾਂ ਅਨੁਸਾਰ, "ਬਾਂਦਰ ਇੱਕ ਬਹੁਤ ਹੀ ਉਤਸੁਕ ਜਾਨਵਰ ਹੈ। ਹੋ ਸਕਦਾ ਹੈ ਕਿ ਉਨ੍ਹਾਂ ਨੇ ਉਤਸੁਕਤਾ 'ਚ ਹੀ ਇਹ ਸਭ ਕੀਤਾ ਹੋਵੇ।"

'ਅਫ਼ਵਾਹਾਂ ਨਾਲ ਵਧੇਗਾ ਟਕਰਾਅ'

ਜੰਗਲਾਤ ਅਧਿਕਾਰੀ ਡੀਐਸ ਮੋਰੇ ਨੇ ਕਿਹਾ, ''ਬਾਂਦਰਾਂ ਨੇ ਪਿੰਡ 'ਚ ਕਿਸੇ 'ਤੇ ਹਮਲਾ ਨਹੀਂ ਕੀਤਾ। ਬਾਂਦਰਾਂ ਦੀ ਦਹਿਸ਼ਤ ਕਾਰਨ ਕੁਝ ਹਾਦਸੇ ਵੀ ਹੋਏ ਹਨ ਪਰ ਬਾਂਦਰਾਂ ਨੇ ਕਦੇ ਹਮਲਾ ਨਹੀਂ ਕੀਤਾ ਹੈ।

ਮੋਰੇ ਕਹਿੰਦੇ ਹਨ, "ਜੇਕਰ ਬਾਂਦਰਾਂ ਵਿਚਾਲੇ ਲੜਾਈ ਹੁੰਦੀ ਤਾਂ ਲੋਕ ਡਰ ਜਾਂਦੇ ਅਤੇ ਬਾਂਦਰਾਂ 'ਤੇ ਹਮਲਾ ਕਰਦੇ। ਅਜਿਹੀ ਸਥਿਤੀ 'ਚ ਬਾਂਦਰ ਸਵੈ ਰੱਖਿਆ 'ਚ ਕੁਝ ਨਾ ਕੁਝ ਕਰਨਗੇ ਹੀ।"

ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਂਦਰਾਂ ਵੱਲੋਂ ਮੁੜ ਹਮਲਾ ਕਰਨ 'ਤੇ ਲੋਕ ਚਰਚਾ ਕਰਨਗੇ, ਪਰ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਭਵਿੱਖ 'ਚ ਹੋਰ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ।

ਲਾਵੁਲ ਪਿੰਡ 'ਚ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਨਾਟਕ ਆਖਰਕਾਰ ਖ਼ਤਮ ਹੋ ਗਿਆ ਹੈ। ਹੁਣ ਪਿੰਡ 'ਚ ਕਈ ਕੁੱਤੇ ਨਜ਼ਰ ਆ ਰਹੇ ਹਨ ਅਤੇ ਕਈ ਥਾਵਾਂ 'ਤੇ ਕਤੂਰੇ ਵੀ ਮੌਜੁਦ ਹਨ। ਪਰ ਹੁਣ ਬਾਂਦਰ ਇੱਥੇ ਨਹੀਂ ਹਨ। ਉਨ੍ਹਾਂ ਨੂੰ ਵਾਪਸ ਜੰਗਲ 'ਚ ਛੱਡ ਦਿੱਤਾ ਗਿਆ ਹੈ। ਹਾਲਾਂਕਿ ਇਸ ਪਿੰਡ 'ਚ ਕਤੂਰਿਆਂ ਨੂੰ ਮਾਰਨ ਦੀਆਂ ਅਫ਼ਵਾਹਾਂ ਇੰਨ੍ਹੀ ਜਲਦੀ ਖ਼ਤਮ ਨਹੀਂ ਹੋਣਗੀਆਂ ਕਿਉਂਕਿ ਚੱਲਦੇ ਫਿਰਦੇ ਇਸ ਦੀ ਚਰਚਾ ਪਿੰਡ 'ਚ ਹੋ ਹੀ ਜਾਂਦੀ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)