ਯੁਵਰਾਜ ਸਿੰਘ : ਕੈਂਸਰ ਨਾਲ ਲੜਨ ਤੇ ਦੋ ਵਿਸ਼ਵ ਕੱਪ ਜਿਤਾਉਣ ਵਾਲੇ ਇਸ ਪੰਜਾਬੀ ਖਿਡਾਰੀ ਬਾਰੇ 4 ਖ਼ਾਸ ਗੱਲਾਂ

ਯੁਵਰਾਜ ਸਿੰਘ

ਤਸਵੀਰ ਸਰੋਤ, Getty Images

    • ਲੇਖਕ, ਪ੍ਰਦੀਪ ਕ੍ਰਿਸ਼ਨ
    • ਰੋਲ, ਬੀਬੀਸੀ ਤਮਿਲ

ਯੁਵਰਾਜ ਸਿੰਘ - ਭਾਰਤੀ ਕ੍ਰਿਕਟ ਦੇ ਇੱਕ ਅਹਿਮ ਖਿਡਾਰੀ, ਜਿਨ੍ਹਾਂ ਨੇ ਇੱਕ ਆਲਰਾਊਂਡਰ ਵਜੋਂ ਵਿੱਚ ਕਈ ਟੂਰਨਾਮੈਂਟਾਂ ਵਿੱਚ ਭਾਰਤ ਦੀ ਜਿੱਤ ਦਰਜ ਕਰਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਉਨ੍ਹਾਂ ਨੇ ਅੰਤਰਰਾਸ਼ਟਰੀ ਮੰਚ 'ਤੇ 17 ਸਾਲਾਂ ਤੱਕ ਭਾਰਤੀ ਟੀਮ ਲਈ ਕ੍ਰਿਕਟ ਖੇਡੀ ਹੈ ਅਤੇ ਦਸ ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ। ਖੇਡਣ ਦੌਰਾਨ, ਯੁਵਰਾਜ ਦੀਆਂ ਕਈ ਪ੍ਰਾਪਤੀਆਂ ਹਨ। ਉਨ੍ਹਾਂ ਨੂੰ ਪਦਮ ਸ਼੍ਰੀ ਅਤੇ ਅਰਜੁਨ ਐਵਾਰਡ ਵਰਗੇ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਬੀਤੇ ਦਿਨੀਂ ਮੁਹਾਲੀ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਖੇਡੇ ਜਾ ਰਹੇ ਦੂਜੇ ਟੀ-20 ਮੈਚ ਮੌਕੇ ਯੁਵਰਾਜ ਸਿੰਘ ਨੂੰ ਕ੍ਰਿਕਟ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਹੈ।

ਉਨ੍ਹਾਂ ਦੇ ਸਨਮਾਨ ਵਿੱਚ ਇੱਕ ਸਟੈਂਡ ਵੀ ਉਨ੍ਹਾਂ ਦੇ ਉੱਤੇ ਰੱਖਿਆ ਗਿਆ ਹੈ। ਯੁਵਰਾਜ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਵਿਸ਼ਵ ਕੱਪ ਜੇਤੂ ਕਪਤਾਨ ਹਰਮਨਦੀਪ ਕੌਰ ਦੇ ਨਾਮ ਵੀ ਇੱਕ ਸਟੈਂਡ ਕੀਤਾ ਗਿਆ ਹੈ ਅਤੇ ਉਨ੍ਹਾਂ ਸਣੇ ਅਮਨਜੋਤ ਕੌਰ ਤੇ ਹਰਲੀਨ ਕੌਰ ਦਿਓਲ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ।

ਯੁਵਰਾਜ ਸਿੰਘ, ਮੁੱਖ ਮੰਤਰੀ ਭਗਵੰਤ ਮਾਨ, ਹਰਮਨਦੀਪ ਕੌਰ ਅਤੇ ਹੋਰ ਖਿਡਾਰੀਆਂ ਅਤੇ ਸੱਜਣਾਂ ਦੇ ਨਾਲ

ਤਸਵੀਰ ਸਰੋਤ, Ravi Kumar/Hindustan Times via Getty Images

ਖੈਰ, ਹੁਣ ਮੁੜ ਤੋਂ ਗੱਲ ਕਰਦੇ ਹਾਂ ਯੁਵਰਾਜ ਸਿੰਘ ਦੀ। ਜਦੋਂ ਤੁਸੀਂ ਉਨ੍ਹਾਂ ਬਾਰੇ ਸੋਚਦੇ ਹੋ, ਤਾਂ ਤੁਹਾਡੇ ਮਨ ਵਿੱਚ ਉਨ੍ਹਾਂ ਬਾਰੇ ਕੀ ਆਉਂਦਾ ਹੈ?

ਅੱਜ 12 ਦਸੰਬਰ ਨੂੰ ਯੁਵਰਾਜ ਸਿੰਘ ਦੇ ਜਨਮਦਿਨ ਮੌਕੇ ਜਾਣਦੇ ਹਾਂ ਉਨ੍ਹਾਂ ਬਾਰੇ 4 ਅਜਿਹੀਆਂ ਖ਼ਾਸ ਗੱਲਾਂ, ਜੋ ਯੁਵਰਾਜ ਨੂੰ ਖਾਸ ਬਣਾਉਂਦੀਆਂ ਹਨ।

1. 'ਬਿਗ ਗੇਮ ਪਲੇਅਰ'

ਯੁਵਰਾਜ ਸਿੰਘ

ਤਸਵੀਰ ਸਰੋਤ, Getty Images

"ਮੈਂ ਕਦੇ ਵੀ ਯੁਵਰਾਜ ਸਿੰਘ ਵਰਗਾ ਬਿਗ ਗੇਮ ਪਲੇਅਰ ਨਹੀਂ ਦੇਖਿਆ," ਇਹ ਕਹਿਣਾ ਹੈ ਕ੍ਰਿਕਟ ਮਾਹਰ ਅਤੇ ਕਮੈਂਟੇਟਰ ਨਾਨੀ ਸਤਿਆਨਰਾਇਨਨ ਦਾ।

ਉਹ ਕਹਿੰਦੇ ਹਨ, "ਸਭ ਤੋਂ ਵੱਡੇ, ਸਭ ਤੋਂ ਮਹੱਤਵਪੂਰਨ ਮੈਚਾਂ ਅਤੇ ਸੀਰੀਜ਼ ਵਿੱਚ ਸਿਖਰਲੇ ਖਿਡਾਰੀ ਵੀ ਦਬਾਅ ਕਾਰਨ ਪ੍ਰਦਰਸ਼ਨ ਨਹੀਂ ਕਰ ਪਾਉਂਦੇ। ਪਰ ਜੋ ਖਿਡਾਰੀ ਹਮੇਸ਼ਾ ਅਜਿਹੀਆਂ ਸਥਿਤੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹਨ ਉਨ੍ਹਾਂ ਨੂੰ 'ਬਿਗ ਗੇਮ ਪਲੇਅਰ' ਕਿਹਾ ਜਾਂਦਾ ਹੈ। ਯੁਵਰਾਜ ਇੱਕ ਅਜਿਹੇ ਹੀ ਭਾਰਤੀ ਖਿਡਾਰੀ ਸਨ।''

ਨਾਨੀ ਨੇ ਕਿਹਾ, "ਇਹ ਬਹੁਤ ਹੀ ਸ਼ਾਨਦਾਰ ਹੈ ਕਿ ਇੱਕ ਖਿਡਾਰੀ ਨੇ ਦੋ ਵਿਸ਼ਵ ਕੱਪ ਜਿੱਤਣ ਵਿੱਚ ਇੰਨੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ।"

ਯੁਵਰਾਜ ਸਿੰਘ ਨੇ ਭਾਰਤ ਦੀਆਂ ਦੋ ਵਿਸ਼ਵ ਕੱਪ ਜਿੱਤਾਂ (2007 ਟੀ-20 ਵਿਸ਼ਵ ਕੱਪ ਅਤੇ 2011 ਇੱਕ ਰੋਜ਼ਾ ਵਿਸ਼ਵ ਕੱਪ) ਵਿੱਚ ਬਹੁਤ ਵੱਡਾ ਯੋਗਦਾਨ ਪਾਇਆ।

ਯੁਵਰਾਜ ਸਿੰਘ

ਤਸਵੀਰ ਸਰੋਤ, Getty Images

2011 ਵਿਸ਼ਵ ਕੱਪ ਵਿੱਚ ਮੈਨ ਆਫ਼ ਦਿ ਸੀਰੀਜ਼ ਦਾ ਪੁਰਸਕਾਰ ਜਿੱਤ ਕੇ ਯੁਵਰਾਜ ਭਾਰਤ ਦੀ ਵਿਸ਼ਵ ਕੱਪ ਜੇਤੂ ਟੀਮ ਵਿੱਚ ਇੱਕ ਮੁੱਖ ਖਿਡਾਰੀ ਬਣੇ ਸਨ।

ਉਨ੍ਹਾਂ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ, ਖੇਡ ਦੇ ਹਰ ਹਿੱਸੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 90.5 ਦੀ ਔਸਤ ਨਾਲ 362 ਦੌੜਾਂ ਬਣਾਈਆਂ। ਯੁਵਰਾਜ ਨੇ 8 ਪਾਰੀਆਂ ਵਿੱਚ ਬੱਲੇਬਾਜ਼ੀ ਕਰਦਿਆਂ ਇੱਕ ਸੈਂਕੜਾ ਅਤੇ 4 ਅਰਧ-ਸੈਂਕੜੇ ਜੜੇ ਅਤੇ ਗੇਂਦਬਾਜ਼ੀ 'ਚ 15 ਵਿਕਟਾਂ (ਔਸਤ - 25.13) ਵੀ ਲਈਆਂ।

ਇਸੇ ਤਰ੍ਹਾਂ, 2007 ਟੀ-20 ਵਿਸ਼ਵ ਕੱਪ ਵਿੱਚ ਯੁਵਰਾਜ ਸੈਮੀਫਾਈਨਲ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੂੰ ਫਾਈਨਲ 'ਚ ਪਹੁੰਚਣ ਅਹਿਮ ਰੋਲ ਅਦਾ ਕੀਤਾ ਅਤੇ ਇਸ ਸੈਮੀਫਾਈਨਲ ਮੈਚ ਲਈ ਮੈਨ ਆਫ਼ ਦਿ ਮੈਚ ਦਾ ਪੁਰਸਕਾਰ ਵੀ ਜਿੱਤਿਆ।

ਯੁਵਰਾਜ ਸਿੰਘ

2007 ਦੇ ਹੀ ਟੀ-20 ਵਿਸ਼ਵ ਕੱਪ ਵਿੱਚ ਯੁਵਰਾਜ ਨੇ ਇੰਗਲੈਂਡ ਖਿਲਾਫ਼ ਸੁਪਰ 8 ਮੈਚ ਵਿੱਚ ਇੱਕ ਓਵਰ ਦੀਆਂ ਛੇ ਗੇਂਦਾਂ ਵਿੱਚ ਛੇ ਛੱਕੇ ਲਗਾ ਕੇ ਇੱਕ ਵਿਸ਼ਵ ਰਿਕਾਰਡ ਬਣਾਇਆ।

ਉਨ੍ਹਾਂ ਦੀ ਇਸ ਕਮਾਲ ਪਾਰੀ ਨੇ ਭਾਰਤੀ ਟੀਮ ਨੂੰ ਆਖਰੀ ਤਿੰਨ ਓਵਰਾਂ ਵਿੱਚ ਹੀ 69 ਦੌੜਾਂ ਬਣਾਉਣ ਵਿੱਚ ਮਦਦ ਕੀਤੀ। ਭਾਰਤ ਨੇ ਉਹ ਮੈਚ 18 ਦੌੜਾਂ ਦੇ ਫਰਕ ਨਾਲ ਜਿੱਤ ਲਿਆ।

ਨਾਨੀ ਕਹਿੰਦੇ ਹਨ, "2007 ਦੇ ਵਿਸ਼ਵ ਕੱਪ ਵਿੱਚ ਸੀਨੀਅਰ ਖਿਡਾਰੀਆਂ ਨੂੰ ਜ਼ਿਆਦਾਤਰ ਬਾਹਰ ਰੱਖਿਆ ਗਿਆ ਸੀ। ਯੁਵਰਾਜ ਉਸ ਨੌਜਵਾਨ ਟੀਮ ਵਿੱਚ ਇੱਕ ਸੀਨੀਅਰ ਖਿਡਾਰੀ ਵਾਂਗ ਸੀ। ਉਨ੍ਹਾਂ ਨੇ ਉੱਥੇ ਬਹੁਤ ਵੱਡਾ ਯੋਗਦਾਨ ਪਾਇਆ। ਇਸ ਦੇ ਨਾਲ ਹੀ, 2011 ਦੇ ਵਿਸ਼ਵ ਕੱਪ 'ਚ ਸਚਿਨ, ਸਹਿਵਾਗ, ਜ਼ਹੀਰ ਵਰਗੇ ਲੀਜੈਂਡ ਖਿਡਾਰੀ ਭਰੇ ਹੋਏ ਸਨ, ਯੁਵਰਾਜ ਨੇ ਉਨ੍ਹਾਂ ਵਿਚਕਾਰ ਖੇਡਦਿਆਂ ਹੋਇਆਂ ਵੀ ਬਹੁਤ ਵੱਡਾ ਯੋਗਦਾਨ ਪਾਇਆ।

ਯੁਵਰਾਜ ਸਿੰਘ

ਤਸਵੀਰ ਸਰੋਤ, Getty Images

ਚੇੱਨਈ ਸੁਪਰ ਕਿੰਗਜ਼ ਦੇ ਸਾਬਕਾ ਖਿਡਾਰੀ ਵਿਦਯੁਤ ਸ਼ਿਵਰਾਮਕ੍ਰਿਸ਼ਨਨ ਕਹਿੰਦੇ ਹਨ ਕਿ ਯੁਵਰਾਜ ਸਿੰਘ ਦਾ ਵਿਸ਼ਵ ਕੱਪ ਯੋਗਦਾਨ 2000 ਤੋਂ ਵੀ ਬਹੁਤ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ।

ਵਿਦਯੁਤ, ਜੋ ਅੰਡਰ-19 ਟੀਮ 'ਚ ਉਨ੍ਹਾਂ ਨਾਲ ਸਨ, ਕਹਿੰਦੇ ਹਨ ਕਿ "ਯੁਵਰਾਜ ਸਿੰਘ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ 2000 ਦਾ ਅੰਡਰ-19 ਵਿਸ਼ਵ ਕੱਪ ਜਿੱਤਿਆ।"

"ਉਹ (2000) ਅੰਡਰ-19 ਵਿਸ਼ਵ ਕੱਪ ਲਾਲ ਗੇਂਦ ਨਾਲ ਚਿੱਟੇ ਰੰਗ ਵਿੱਚ ਖੇਡਿਆ ਗਿਆ ਸੀ। ਸ਼੍ਰੀਲੰਕਾ ਵਿੱਚ ਖੇਡੇ ਗਏ ਉਸ ਟੂਰਨਾਮੈਂਟ ਵਿੱਚ, ਯੁਵਰਾਜ ਇੱਕ ਤਾਕਤ ਸਨ। ਉਨ੍ਹਾਂ ਨੇ ਆਪਣੀ ਸਪਿਨ ਗੇਂਦਬਾਜ਼ੀ ਨੂੰ ਸ਼੍ਰੀਲੰਕਾ ਦੀਆਂ ਪਿੱਚਾਂ ਦੇ ਅਨੁਸਾਰ ਢਾਲਿਆ ਅਤੇ ਆਪਣੀ ਬੱਲੇਬਾਜ਼ੀ ਨਾਲ ਵੀ ਚੰਗਾ ਯੋਗਦਾਨ ਪਾਇਆ। ਉਹ ਮੁੱਖ ਕਾਰਨ ਸਨ ਕਿ ਸਾਡੀ ਟੀਮ ਨੇ ਟਰਾਫ਼ੀ ਜਿੱਤੀ ਅਤੇ ਉਨ੍ਹਾਂ ਨੂੰ ਮੈਨ ਆਫ ਦਿ ਸੀਰੀਜ਼ ਦਾ ਪੁਰਸਕਾਰ ਦਿੱਤਾ ਗਿਆ।"

ਸਾਲ 2000 ਵਿੱਚ ਅੰਡਰ-19 ਵਿਸ਼ਵ ਕੱਪ ਵਿੱਚ ਮੈਨ ਆਫ ਦਿ ਸੀਰੀਜ਼ ਦਾ ਪੁਰਸਕਾਰ ਜਿੱਤਣ ਵਾਲੇ ਯੁਵਰਾਜ ਨੇ 203 ਦੌੜਾਂ ਬਣਾਈਆਂ ਸਨ ਅਤੇ 11.5 ਦੀ ਔਸਤ ਨਾਲ 12 ਵਿਕਟਾਂ ਲਈਆਂ ਸਨ।

2. 'ਆਸਟ੍ਰੇਲੀਆ ਵਿਰੁੱਧ ਹਮੇਸ਼ਾ ਚਮਕੇ'

ਯੁਵਰਾਜ ਸਿੰਘ

ਤਸਵੀਰ ਸਰੋਤ, Getty Images

ਵਿਸ਼ਵ ਕੱਪ ਵਿੱਚ ਯੁਵਰਾਜ ਸਿੰਘ ਦੇ ਯੋਗਦਾਨ ਬਾਰੇ ਗੱਲ ਕਰਦੇ ਹੋਏ ਨਾਨੀ ਨੇ ਇੱਕ ਹੋਰ ਗੱਲ ਦਾ ਜ਼ਿਕਰ ਕੀਤਾ, ਜੋ ਕਿ ਸੀ - ਆਸਟ੍ਰੇਲੀਆ ਵਿਰੁੱਧ ਉਨ੍ਹਾਂ ਦਾ ਯੋਗਦਾਨ।

ਨਾਨੀ ਕਹਿੰਦੇ ਹਨ, "ਆਸਟ੍ਰੇਲੀਆ ਹਮੇਸ਼ਾ ਵਿਸ਼ਵ ਕੱਪ ਵਿੱਚ ਭਾਰਤ ਲਈ ਇੱਕ ਸਮੱਸਿਆ ਰਿਹਾ ਸੀ। ਜੇਕਰ ਭਾਰਤ ਉਨ੍ਹਾਂ ਨੂੰ ਹਰਾ ਦਿੰਦਾ ਹੈ, ਤਾਂ ਭਾਰਤ ਕੱਪ ਜਿੱਤ ਜਾਵੇਗਾ। 2007 ਅਤੇ 2011 ਦੋਵਾਂ ਸੀਰੀਜ਼ ਵਿੱਚ ਵੀ ਅਜਿਹਾ ਹੀ ਹੋਇਆ।"

ਉਨ੍ਹਾਂ ਕਿਹਾ, "ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਯੁਵਰਾਜ ਉਨ੍ਹਾਂ ਜਿੱਤਾਂ ਵਿੱਚ ਅਹਿਮ ਸਨ। ਉਹ 2007 ਦੇ ਟੀ-20 ਵਿਸ਼ਵ ਕੱਪ ਸੈਮੀਫਾਈਨਲ (30 ਗੇਂਦਾਂ ਵਿੱਚ 70 ਦੌੜਾਂ) ਅਤੇ 2011 ਦੇ ਵਿਸ਼ਵ ਕੱਪ ਕੁਆਰਟਰ ਫਾਈਨਲ (57 ਦੌੜਾਂ + 2 ਵਿਕਟਾਂ) ਦੋਵਾਂ ਵਿੱਚ ਆਸਟ੍ਰੇਲੀਆ ਵਿਰੁੱਧ ਮੈਨ ਆਫ਼ ਦਿ ਮੈਚ ਬਣੇ। ਉਨ੍ਹਾਂ ਦਾ ਯੋਗਦਾਨ ਸ਼ਾਨਦਾਰ ਹੈ।''

ਕਦੇ ਭਾਰਤ ਲਈ ਆਸਟ੍ਰੇਲੀਆ ਨੂੰ ਹਰਾਉਣਾ ਬਹੁਤ ਮੁਸ਼ਕਲ ਮੰਨਿਆ ਜਾਂਦਾ ਸੀ। ਪਰ ਉਸ ਸਮੇਂ ਦੌਰਾਨ ਯੁਵਰਾਜ ਸਿੰਘ ਨੇ ਭਾਰਤ ਨੂੰ ਵਿਸ਼ਵ ਕੱਪ ਵਿੱਚ ਦੋ ਵਾਰ ਆਸਟ੍ਰੇਲੀਆ ਨੂੰ ਹਰਾਉਣ 'ਚ ਯੋਗਦਾਨ ਪਾਇਆ।

ਇਨ੍ਹਾਂ ਵਿਸ਼ਵ ਕੱਪਾਂ ਵਿੱਚ ਹੀ ਨਹੀਂ, ਯੁਵਰਾਜ ਨੇ 2000 ਦੇ ਅੰਡਰ-19 ਵਿਸ਼ਵ ਕੱਪ ਵਿੱਚ ਵੀ ਆਸਟ੍ਰੇਲੀਆ ਵਿਰੁੱਧ (ਸੈਮੀਫਾਈਨਲ ਵਿੱਚ) ਅਰਧ ਸੈਂਕੜਾ ਲਗਾਇਆ ਸੀ।

ਇਸ ਤੋਂ ਇਲਾਵਾ, ਯੁਵਰਾਜ ਹੀ ਕਾਰਨ ਸਨ ਕਿ ਭਾਰਤ ਨੇ 2000 ਦੇ ਆਈਸੀਸੀ ਨਾਕਆਊਟ ਟਰਾਫੀ ਵਿੱਚ ਆਸਟ੍ਰੇਲੀਆ ਨੂੰ ਹਰਾਇਆ।

ਉਨ੍ਹਾਂ ਨੇ ਉਸ ਮੈਚ ਵਿੱਚ 80 ਗੇਂਦਾਂ ਵਿੱਚ 84 ਦੌੜਾਂ ਬਣਾਈਆਂ ਅਤੇ ਮੈਨ ਆਫ਼ ਦਿ ਮੈਚ ਰਹੇ। ਇਸ ਵਿੱਚ ਖਾਸ ਗੱਲ ਇਹ ਹੈ ਕਿ ਇਹ ਅੰਤਰਰਾਸ਼ਟਰੀ ਪੱਧਰ 'ਤੇ ਇਹ ਉਨ੍ਹਾਂ ਦੀ ਪਹਿਲੀ ਬੈਟਿੰਗ ਇੰਨਿੰਗ ਸੀ।

ਇਹ ਵੀ ਪੜ੍ਹੋ-

3. ਉਹ ਖਿਡਾਰੀ ਜਿਸਨੇ ਭਾਰਤੀ ਫੀਲਡਿੰਗ ਵਿੱਚ ਬਦਲਾਅ ਲਿਆਂਦਾ

ਯੁਵਰਾਜ ਸਿੰਘ

ਤਸਵੀਰ ਸਰੋਤ, Getty Images

ਵਿਦਯੁਤ ਅਤੇ ਨਾਨੀ ਦੋਵੇਂ ਕਹਿੰਦੇ ਹਨ ਕਿ ਯੁਵਰਾਜ ਸਿੰਘ ਦਾ ਭਾਰਤੀ ਕ੍ਰਿਕਟ 'ਤੇ ਸਭ ਤੋਂ ਵੱਡਾ ਪ੍ਰਭਾਵ ਉਹ ਬਦਲਾਅ ਸੀ ਜੋ ਉਨ੍ਹਾਂ ਨੇ ਫੀਲਡਿੰਗ ਵਿੱਚ ਲਿਆਂਦਾ।

ਨਾਨੀ ਕਹਿੰਦੇ ਹਨ, "ਭਾਰਤੀ ਟੀਮ ਅਜਿਹੀ ਟੀਮ ਨਹੀਂ ਹੈ ਜਿਸ ਦੀ ਫੀਲਡਿੰਗ ਦੀ ਬਹੁਤ ਜ਼ਿਆਦਾ ਚਰਚਾ ਹੋਵੇ। ਟੀਮ 'ਚ ਏਕਨਾਥ ਸੋਲਕਰ, ਵੈਂਕਟਰਾਘਵਨ, ਅਜ਼ਹਰੂਦੀਨ, ਕੇ. ਸ਼੍ਰੀਕਾਂਤ ਵਰਗੇ ਬਹੁਤ ਸਾਰੇ ਚੰਗੇ ਫੀਲਡਰ ਰਹੇ ਹਨ। ਪਰ ਇਸ ਦੇ ਨਾਲ ਹੀ, ਉਹ ਡਾਈਵਿੰਗ ਅਤੇ ਸਕੇਟਿੰਗ ਵਰਗੀਆਂ ਚੀਜ਼ਾਂ ਬਹੁਤ ਜ਼ਿਆਦਾ ਨਹੀਂ ਕਰਦੇ ਸਨ। ਪਰ ਯੁਵਰਾਜ ਸਿੰਘ ਭਾਰਤੀ ਫੀਲਡਿੰਗ ਨੂੰ ਆਸਟ੍ਰੇਲੀਆਈ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਦੇ ਬਰਾਬਰ ਲੈ ਗਏ।''

2000 ਦੇ ਦਹਾਕੇ ਦੇ ਸ਼ੁਰੂ ਵਿੱਚ ਯੁਵਰਾਜ ਸਿੰਘ ਅਤੇ ਮੁਹੰਮਦ ਕੈਫ ਦੀ ਚੰਗੀ ਫੀਲਡਿੰਗ ਨੇ ਭਾਰਤੀ ਫੀਲਡਿੰਗ ਬਾਰੇ ਸੋਚ ਨੂੰ ਬਦਲ ਦਿੱਤਾ।

ਇੱਕ ਜਣਾ ਪੁਆਇੰਟ 'ਤੇ ਖੜ੍ਹਾ ਰਹਿੰਦਾ ਸੀ ਅਤੇ ਦੂਜਾ ਕਵਰ 'ਤੇ, ਦੋਵੇਂ ਆਪਣੀ ਫੀਲਡਿੰਗ ਨਾਲ ਵਿਰੋਧੀ ਬੱਲੇਬਾਜ਼ਾਂ ਨੂੰ ਚੁਣੌਤੀ ਦਿੰਦੇ ਸੀ।

ਨਾਨੀ ਕਹਿੰਦੇ ਹਨ ਕਿ ਯੁਵਰਾਜ ਨੇ ਉਸ ਬਹੁਤ ਹੀ ਮੁਸ਼ਕਲ ਪੁਆਇੰਟ (ਫੀਲਡਿੰਗ ਦੀ ਪੋਜ਼ੀਸ਼ਨ) ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਉਹ ਕਹਿੰਦੇ ਹਨ ਕਿ ਖਿਡਾਰੀਆਂ ਦੀ ਅਗਲੀ ਪੀੜ੍ਹੀ ਨੂੰ ਇਹ ਦੇਖਣ ਤੋਂ ਬਾਅਦ ਫੀਲਡਿੰਗ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ।

ਉਨ੍ਹਾਂ ਅੱਗੇ ਕਿਹਾ, "ਪੁਆਇੰਟ 'ਤੇ ਖੜ੍ਹਾ ਹੋਣਾ ਬਹੁਤ ਮੁਸ਼ਕਲ ਹੈ। ਗੇਂਦ ਕਿਸੇ ਤਰ੍ਹਾਂ ਵੀ ਆ ਸਕਦੀ ਹੈ। ਪਰ ਯੁਵਰਾਜ ਨੇ ਉੱਥੇ ਵਧੀਆ ਪ੍ਰਦਰਸ਼ਨ ਕੀਤਾ। ਜਡੇਜਾ ਵਰਗੇ ਅੱਜ ਦੇ ਟਾਪ ਫੀਲਡਰ ਇਸ ਤੋਂ ਪ੍ਰੇਰਿਤ ਹੋਏ ਹੋਣਗੇ।''

ਯੁਵਰਾਜ ਸਿੰਘ

ਤਸਵੀਰ ਸਰੋਤ, Getty Images

ਵਿਦਯੁਤ ਕਹਿੰਦੇ ਹਨ ਕਿ ਯੁਵਰਾਜ ਨਾ ਸਿਰਫ਼ ਅਗਲੀ ਪੀੜ੍ਹੀ ਲਈ, ਸਗੋਂ ਉਨ੍ਹਾਂ ਦੀ ਟੀਮ ਦੇ ਖਿਡਾਰੀਆਂ ਲਈ ਵੀ ਇੱਕ ਵੱਡੀ ਪ੍ਰੇਰਨਾ ਰਹੇ ਹਨ।

ਉਨ੍ਹਾਂ ਕਿਹਾ, "ਜਦੋਂ ਉਹ ਉਸ (2000) ਅੰਡਰ-19 ਵਿਸ਼ਵ ਕੱਪ ਲਈ ਸ਼੍ਰੀਲੰਕਾ ਵਿੱਚ ਸਨ, ਤਾਂ ਉਹ ਸਿਰਫ਼ ਫੀਲਡਿੰਗ 'ਤੇ ਜ਼ਿਆਦਾ ਕੇਂਦਰਿਤ ਸਨ। ਉਹ ਇੱਕ ਕੁਦਰਤੀ ਖਿਡਾਰੀ ਸਨ। ਪਰ ਉਹ ਸਖ਼ਤ ਮਿਹਨਤ ਕਰਦੇ ਰਹੇ। ਉਨ੍ਹਾਂ ਨੇ ਕਟਿੰਗ ਐਂਗਲਜ਼ ਅਤੇ ਡਾਇਰੈਕਟ ਹਿੱਟ ਵਰਗੀਆਂ ਖਾਸ ਚੀਜ਼ਾਂ 'ਤੇ ਵੀ ਸਮਾਂ ਬਿਤਾਇਆ। ਇਹ ਦੇਖ ਕੇ ਦੂਜੇ ਖਿਡਾਰੀ ਸੋਚਦੇ ਹੋਣਗੇ ਕਿ ਉਹ ਫੀਲਡਿੰਗ 'ਤੇ ਜ਼ਿਆਦਾ ਕੇਂਦ੍ਰਿਤ ਹਨ।''

ਵਿਦਯੁਤ, ਜੋ ਕਹਿੰਦੇ ਹਨ ਕਿ ਸਟੰਪਾਂ 'ਤੇ ਸਿੱਧਾ ਹਿੱਟ ਕਰਨ ਵਿੱਚ ਕੋਈ ਵੀ ਉਨ੍ਹਾਂ ਜਿੰਨਾ ਸਟੀਕ ਨਹੀਂ ਹੈ, 2000 ਦੇ ਨਾਕਆਊਟ ਟਰਾਫੀ ਸੈਮੀਫਾਈਨਲ ਵਿੱਚ ਵਾਪਰੀ ਇੱਕ ਘਟਨਾ ਨੂੰ ਵੀ ਯਾਦ ਕਰਦੇ ਹਨ।

ਵਿਦਯੁਤ ਨੇ ਕਿਹਾ, "ਯੁਵਰਾਜ ਨੇ ਉਸ ਮੈਚ ਵਿੱਚ ਬੱਲੇ ਨਾਲ 84 ਦੌੜਾਂ ਬਣਾਈਆਂ। ਪਰ ਜਦੋਂ ਆਸਟ੍ਰੇਲੀਆ ਨਾਲ ਅਗਲਾ ਮੈਚ ਖੇਡਿਆ, ਤਾਂ ਉਨ੍ਹਾਂ ਨੇ ਆਪਣੀ ਫੀਲਡਿੰਗ ਨਾਲ ਬਹੁਤ ਪ੍ਰਭਾਵ ਪਾਇਆ। ਮਾਈਕਲ ਬੇਵਨ ਨੂੰ ਰਨ ਆਊਟ ਕਰਨ ਲਈ ਉਨ੍ਹਾਂ ਦੀ ਡਾਇਰੈਕਟ ਹਿੱਟ ਸੀ ਜਿਸ ਕਾਰਨ ਆਸਟ੍ਰੇਲੀਆ ਦੀ ਟੀਮ ਢਹਿ ਗਈ।''

ਈਐਸਪੀਐਨ ਕ੍ਰਿਕਇੰਫੋ ਦੇ ਅੰਕੜਿਆਂ ਅਨੁਸਾਰ, ਯੁਵਰਾਜ 1999 ਦੇ ਵਿਸ਼ਵ ਕੱਪ ਤੋਂ ਬਾਅਦ ਵਨਡੇ ਵਿੱਚ ਸਭ ਤੋਂ ਵੱਧ ਰਨ-ਆਊਟ (21) ਦੇਣ ਵਾਲੇ ਫੀਲਡਰਾਂ ਦੀ ਸੂਚੀ ਵਿੱਚ ਚੌਥੇ ਸਥਾਨ 'ਤੇ ਹਨ। ਹਾਲਾਂਕਿ, ਉਨ੍ਹਾਂ ਨੇ ਟਾਪ ਤਿੰਨ - ਜੈਵਰਧਨੇ, ਅਟਾਪੱਟੂ ਅਤੇ ਪੋਂਟਿੰਗ ਨਾਲੋਂ ਲਗਭਗ 30 ਘੱਟ ਮੈਚ ਖੇਡੇ ਹਨ!

4. ਕੈਂਸਰ ਨਾਲ ਲੜੇ ਅਤੇ ਜਿੱਤੇ

ਯੁਵਰਾਜ ਸਿੰਘ

ਤਸਵੀਰ ਸਰੋਤ, Getty Images

ਯੁਵਰਾਜ ਸਿੰਘ ਨੂੰ 2011 ਵਿੱਚ ਫੇਫੜਿਆਂ ਦੇ ਕੈਂਸਰ ਦਾ ਪਤਾ ਲੱਗਿਆ ਸੀ। ਉਨ੍ਹਾਂ ਨੂੰ ਵਨਡੇ ਵਿਸ਼ਵ ਕੱਪ ਦੌਰਾਨ ਸਾਹ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਉਹ ਸੀਰੀਜ਼ ਦੇ ਹੀਰੋ ਵਜੋਂ ਉੱਭਰੇ ਸਨ।

ਨਾਨੀ ਕਹਿੰਦੇ ਹਨ, "ਉਹ ਕੈਂਸਰ ਨਾਲ ਲੜਦੇ ਹੋਏ ਵਿਸ਼ਵ ਕੱਪ ਵਿੱਚ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨਗੇ, ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਉਨ੍ਹਾਂ ਨੇ ਜੀਵਨ ਦੀ ਲੜਾਈ ਲੜੀ ਅਤੇ ਜਿੱਤੇ।''

ਯੁਵਰਾਜ, ਜਿਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਕੈਂਸਰ ਦਾ ਇਲਾਜ ਕਰਵਾਇਆ, ਜਲਦੀ ਠੀਕ ਹੋ ਗਏ ਅਤੇ ਭਾਰਤੀ ਟੀਮ ਵਿੱਚ ਦੁਬਾਰਾ ਸ਼ਾਮਲ ਹੋ ਗਏ। ਕੈਂਸਰ ਤੋਂ ਠੀਕ ਹੋਣ ਤੋਂ ਬਾਅਦ ਵੀ ਉਨ੍ਹਾਂ ਦਾ ਪ੍ਰਦਰਸ਼ਨ ਉਨ੍ਹਾਂ ਨੂੰ 2012 ਲਈ ਈਐਸਪੀਐਨ ਕ੍ਰਿਕਇਨਫੋ ਦੀ ਸਾਲ ਦੀ ਟੀ20 ਇੰਟਰਨੈਸ਼ਨਲ ਟੀਮ ਵਿੱਚ ਜਗ੍ਹਾ ਦਿਵਾਉਣ ਲਈ ਕਾਫ਼ੀ ਸੀ।

ਆਲੋਚਨਾ ਅਤੇ ਵਿਵਾਦ

ਯੁਵਰਾਜ ਸਿੰਘ

ਤਸਵੀਰ ਸਰੋਤ, Getty Images

ਯੁਵਰਾਜ ਸਿੰਘ ਨੇ ਆਪਣੇ ਕ੍ਰਿਕਟ ਕਰੀਅਰ 'ਚ ਬਹੁਤ ਸਾਰੀਆਂ ਉਚਾਈਆਂ ਨੂੰ ਛੂਹਿਆ ਪਰ ਨਾਲ ਹੀ ਸਮੇਂ-ਸਮੇਂ 'ਤੇ ਆਲੋਚਨਾ ਅਤੇ ਵਿਵਾਦਾਂ ਦਾ ਵੀ ਸ਼ਿਕਾਰ ਹੁੰਦੇ ਰਹੇ।

ਯੁਵਰਾਜ ਸਿੰਘ, ਜੋ ਭਾਰਤ ਦੀ ਵਨਡੇ ਅਤੇ ਟੀ20 ਅੰਤਰਾਸ਼ਟਰੀ ਟੀਮ ਦਾ ਇੱਕ ਮੁੱਖ ਹਿੱਸਾ ਸਨ, ਟੈਸਟ ਮੈਚਾਂ ਵਿੱਚ ਵੱਡਾ ਪ੍ਰਭਾਵ ਨਹੀਂ ਛੱਡ ਸਕੇ। ਉਨ੍ਹਾਂ ਨੂੰ ਮੱਧ ਕ੍ਰਮ (ਮਿਡਲ ਆਰਡਰ) ਵਿੱਚ ਬਹੁਤੇ ਮੌਕੇ ਨਹੀਂ ਮਿਲੇ, ਜੋ ਕਿ ਦ੍ਰਾਵਿੜ, ਸਚਿਨ, ਗਾਂਗੁਲੀ ਅਤੇ ਲਕਸ਼ਮਣ ਨਾਲ ਭਰਿਆ ਹੋਇਆ ਸੀ। ਉਨ੍ਹਾਂ ਨੇ ਕੁੱਲ 40 ਟੈਸਟ ਮੈਚ ਖੇਡੇ ਹਨ। ਉਨ੍ਹਾਂ ਵਿੱਚ ਵੀ ਉਹ ਬਹੁਤਾ ਪ੍ਰਭਾਵ ਨਹੀਂ ਪਾ ਸਕੇ।

ਇਸੇ ਤਰ੍ਹਾਂ, ਉਨ੍ਹਾਂ ਨੇ 2012 ਦੇ ਟੀ-20 ਵਿਸ਼ਵ ਕੱਪ ਵਿੱਚ ਵਧੀਆ ਪ੍ਰਦਰਸ਼ਨ ਕੀਤਾ, ਪਰ ਅਗਲੇ ਵਿਸ਼ਵ ਕੱਪ ਵਿੱਚ ਉਨ੍ਹਾਂ ਦੀ ਭਾਰੀ ਆਲੋਚਨਾ ਹੋਈ।

2014 ਦੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਯੁਵਰਾਜ ਸਿੰਘ 21 ਗੇਂਦਾਂ ਵਿੱਚ ਸਿਰਫ਼ 11 ਦੌੜਾਂ ਹੀ ਬਣਾ ਸਕੇ। ਭਾਰਤ 20 ਓਵਰਾਂ ਵਿੱਚ ਸਿਰਫ਼ 130 ਦੌੜਾਂ ਬਣਾ ਕੇ ਹਾਰ ਗਿਆ। ਪ੍ਰਸ਼ੰਸਕਾਂ ਨੇ ਇਸ ਹਾਰ ਦੀ ਬਹੁਤ ਆਲੋਚਨਾ ਕੀਤੀ।

ਕੁਝ ਸਾਲ ਪਹਿਲਾਂ, ਇੱਕ ਇੰਸਟਾਗ੍ਰਾਮ ਲਾਈਵ ਦੌਰਾਨ ਚਹਿਲ ਨੂੰ ਜਾਤੀਸੂਚਕ ਸ਼ਬਦ ਨਾਲ ਬੁਲਾਉਣ ਨਾਲ ਇੱਕ ਵੱਡਾ ਵਿਵਾਦ ਹੋਇਆ ਸੀ। ਯੁਵਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਨੂੰ ਗਲਤ ਸਮਝਿਆ ਗਿਆ ਸੀ ਅਤੇ ਇਸ ਦੇ ਲਈ ਮੁਆਫੀ ਮੰਗੀ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)