9 ਮਿੰਟਾਂ ਵਿੱਚ 50 ਦੌੜਾਂ ਤੇ 8 ਗੇਂਦਾਂ ਵਿੱਚ 8 ਛੱਕੇ ਮਾਰਨ ਵਾਲਾ ਇਹ ਕ੍ਰਿਕਟਰ ਕੌਣ ਹੈ

ਤਸਵੀਰ ਸਰੋਤ, ANI
ਮੇਘਾਲਿਆ ਦੇ ਆਕਾਸ਼ ਚੌਧਰੀ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ। ਉਹ ਫਰਸਟ ਕਲਾਸ ਕ੍ਰਿਕਟ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਇਸ ਦੌਰਾਨ ਉਨ੍ਹਾਂ ਨੇ 8 ਗੇਂਦਾਂ ਵਿੱਚ ਲਗਾਤਾਰ 8 ਛਿੱਕੇ ਜੜੇ।
ਉਹ ਫਰਸਟ ਕਲਾਸ ਕ੍ਰਿਕਟ ਵਿੱਚ 6 ਗੇਂਦਾਂ ਵਿੱਚ ਲਗਾਤਾਰ 6 ਛੱਕੇ ਲਗਾਉਣ ਵਾਲੇ ਤੀਜੇ ਖਿਡਾਰੀ ਬਣ ਗਏ ਹਨ।
ਆਕਾਸ਼ ਚੌਧਰੀ ਮੁੱਖ ਤੌਰ 'ਤੇ ਇੱਕ ਤੇਜ਼ ਗੇਂਦਬਾਜ਼ ਹਨ। ਉਨ੍ਹਾਂ ਨੇ ਸੂਰਤ ਵਿੱਚ ਅਰੁਣਾਚਲ ਪ੍ਰਦੇਸ਼ ਵਿਰੁੱਧ ਰਣਜੀ ਟਰਾਫੀ ਪਲੇਟ ਗਰੁੱਪ ਮੈਚ ਦੇ ਦੂਜੇ ਦਿਨ ਇਹ ਉਪਲੱਬਧੀ ਹਾਸਲ ਕੀਤੀ।
ਜਦੋਂ ਮੇਘਾਲਿਆ ਦਾ ਸਕੋਰ 6 ਵਿਕਟਾਂ 'ਤੇ 576 ਸੀ ਤਾਂ ਉਹ ਅੱਠਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ।
ਮੇਘਾਲਿਆ ਨੇ ਆਪਣੀ ਪਾਰੀ 6 ਵਿਕਟਾਂ 'ਤੇ 628 ਦੌੜਾਂ 'ਤੇ ਘੋਸ਼ਿਤ ਕਰ ਦਿੱਤੀ, ਜਿਸ ਦੇ ਜਵਾਬ ਵਿੱਚ ਅਰੁਣਾਚਲ ਪ੍ਰਦੇਸ਼ ਦੀ ਟੀਮ ਆਪਣੀ ਪਹਿਲੀ ਪਾਰੀ ਵਿੱਚ ਸਿਰਫ਼ 73 ਦੌੜਾਂ 'ਤੇ ਆਲ ਆਊਟ ਹੋ ਗਈ।
ਸ਼ਾਸਤਰੀ ਅਤੇ ਸੋਬਰਸ ਦੀ ਬਰਾਬਰੀ

ਤਸਵੀਰ ਸਰੋਤ, Getty Images
ਆਕਾਸ਼ ਤੋਂ ਪਹਿਲਾਂ, ਫਰਸਟ ਕਲਾਸ ਕ੍ਰਿਕਟ ਵਿੱਚ ਛੇ ਗੇਂਦਾਂ ਵਿੱਚ ਲਗਾਤਾਰ ਛੇ ਛੱਕੇ ਲਗਾਉਣ ਦਾ ਰਿਕਾਰਡ ਸਿਰਫ ਵੈਸਟ ਇੰਡੀਜ਼ ਦੇ ਗੈਰੀ ਸੋਬਰਸ ਅਤੇ ਭਾਰਤ ਦੇ ਰਵੀ ਸ਼ਾਸਤਰੀ ਦੇ ਨਾਮ ਸੀ। ਹਾਲਾਂਕਿ, ਦੱਖਣੀ ਅਫਰੀਕਾ ਦੇ ਮਾਈਕ ਪ੍ਰਾਕਟਰ ਨੇ ਵੀ ਲਗਾਤਾਰ ਛੇ ਛੱਕੇ ਲਗਾਏ ਸਨ, ਪਰ ਦੋ ਵੱਖ-ਵੱਖ ਓਵਰਾਂ ਵਿੱਚ।
ਆਕਾਸ਼ ਨੇ ਆਪਣੀ ਪਾਰੀ ਦੀਆਂ ਪਹਿਲੀਆਂ ਤਿੰਨ ਗੇਂਦਾਂ ਵਿੱਚ ਦੋ ਦੌੜਾਂ ਬਣਾਈਆਂ। ਫਿਰ ਉਨ੍ਹਾਂ ਨੇ ਖੱਬੇ ਹੱਥ ਦੇ ਸਪਿਨਰ ਲਿਮਾਰ ਡਾਬੀ ਦੇ ਇੱਕ ਹੀ ਓਵਰ ਵਿੱਚ ਲਗਾਤਾਰ ਛੇ ਛੱਕੇ ਲਗਾਏ।
ਫਿਰ ਅਗਲੇ ਓਵਰ ਵਿੱਚ ਉਨ੍ਹਾਂ ਨੇ ਆਫ ਸਪਿਨਰ ਟੀਐਨਆਰ ਮੋਹਿਤ ਦੀਆਂ ਲਗਾਤਾਰ ਦੋ ਗੇਂਦਾਂ 'ਤੇ ਛੱਕੇ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ।
ਇਸ ਤੋਂ ਪਹਿਲਾਂ, ਇਹ ਰਿਕਾਰਡ ਲੀਸੇਸਟਰਸ਼ਾਇਰ ਦੇ ਵੇਨ ਵ੍ਹਾਈਟ ਦੇ ਨਾਮ 'ਤੇ ਸੀ। ਸਾਲ 2012 ਵਿੱਚ ਉਨ੍ਹਾਂ ਨੇ ਅਸੇਕਸ ਦੇ ਖਿਲਾਫ 12 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ।
ਸਿਰਫ 9 ਮਿੰਟਾਂ ਵਿੱਚ ਅਰਧ ਸੈਂਕੜਾ

ਈਐਸਪੀਐਨ ਕ੍ਰਿਕਇੰਫ਼ੋ ਦੇ ਅਨੁਸਾਰ, ਸਮੇਂ ਦੇ ਲਿਹਾਜ਼ ਨਾਲ ਦੇਖੀਏ ਤਾਂ ਆਕਾਸ਼ ਚੌਧਰੀ ਦਾ ਇਹ ਅਰਧ ਸੈਂਕੜਾ ਫਰਸਟ ਕਲਾਸ ਕ੍ਰਿਕਟ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਸੀ। ਉਨ੍ਹਾਂ ਨੇ ਸਿਰਫ 9 ਮਿੰਟਾਂ ਵਿੱਚ ਇਹ ਪੂਰਾ ਕਰ ਲਿਆ।
ਈਐਸਪੀਐਨ ਕ੍ਰਿਕਇੰਫ਼ੋ ਦੇ ਅਨੁਸਾਰ, ਇਹ ਰਿਕਾਰਡ ਅਜੇ ਵੀ ਕਲਾਈਵ ਇਨਮੈਨ ਦੇ ਨਾਮ ਹੈ, ਜਿਨ੍ਹਾਂ ਨੇ ਸਾਲ 1965 ਵਿੱਚ ਨੌਟਿੰਘਮਸ਼ਾਇਰ ਦੇ ਖਿਲਾਫ ਲੀਸੇਸਟਰਸ਼ਾਇਰ ਲਈ 13 ਗੇਂਦਾਂ ਅਤੇ 8 ਮਿੰਟ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਸੀ।
ਆਕਾਸ਼ ਚੌਧਰੀ ਸੱਜੇ ਹੱਥ ਦੇ ਮੱਧਮ ਮੀਡੀਅਮ ਪੇਸਰ ਅਤੇ ਸੱਜੇ ਹੱਥ ਦੇ ਬੱਲੇਬਾਜ਼ ਹਨ। ਉਨ੍ਹਾਂ ਦਾ ਜਨਮ 28 ਨਵੰਬਰ, 1999 ਨੂੰ ਹੋਇਆ ਸੀ।
ਉਨ੍ਹਾਂ ਨੇ 30 ਫਰਸਟ ਕਲਾਸ ਮੈਚਾਂ ਵਿੱਚ 14.37 ਦੀ ਔਸਤ ਨਾਲ 503 ਦੌੜਾਂ ਬਣਾਈਆਂ ਹਨ।
ਉਨ੍ਹਾਂ ਨੇ 29.97 ਦੀ ਔਸਤ ਨਾਲ ਕੁੱਲ 87 ਵਿਕਟਾਂ ਲਈਆਂ ਹਨ।
ਉਨ੍ਹਾਂ ਤੋਂ ਪਹਿਲਾਂ, ਫਰਸਟ ਕਲਾਸ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਭਾਰਤੀ ਰਿਕਾਰਡ ਬਨਦੀਪ ਸਿੰਘ ਦੇ ਨਾਮ ਸੀ। ਸਾਲ 2015 ਵਿੱਚ, ਤ੍ਰਿਪੁਰਾ ਦੇ ਖਿਲਾਫ ਜੰਮੂ ਅਤੇ ਕਸ਼ਮੀਰ ਲਈ ਖੇਡਦੇ ਹੋਏ ਬੰਦੀਪ ਨੇ 15 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ।
ਛੇ ਗੇਂਦਾਂ ਵਿੱਚ ਛੇ ਛੱਕੇ ਲਗਾਉਣ ਦਾ ਰਿਕਾਰਡ ਸਭ ਤੋਂ ਪਹਿਲਾਂ ਗੈਰੀ ਸੋਬਰਸ ਦੇ ਨਾਮ ਸੀ। ਉਨ੍ਹਾਂ ਨੇ 1968 ਵਿੱਚ ਨਾਟਿੰਘਮਸ਼ਾਇਰ ਅਤੇ ਗਲੈਮੋਰਗਨ ਵਿਚਕਾਰ ਹੋਏ ਇੱਕ ਕਾਉਂਟੀ ਮੈਚ ਵਿੱਚ ਮੈਲਕਮ ਨੈਸ਼ ਦੇ ਇੱਕ ਓਵਰ ਵਿੱਚ ਇਹ ਕਾਰਨਾਮਾ ਕੀਤਾ ਸੀ।
ਭਾਰਤੀ ਆਲਰਾਊਂਡਰ ਰਵੀ ਸ਼ਾਸਤਰੀ ਨੇ 1984-85 ਵਿੱਚ ਰਣਜੀ ਟਰਾਫੀ ਮੈਚ ਵਿੱਚ ਬੜੌਦਾ ਵਿਰੁੱਧ ਬੰਬਈ ਲਈ ਖੇਡਦੇ ਹੋਏ ਇਹ ਉਪਲੱਬਧੀ ਹਾਸਲ ਕੀਤੀ ਸੀ। ਉਨ੍ਹਾਂ ਨੇ ਤਿਲਕ ਰਾਜ ਦੁਆਰਾ ਸੁੱਟੀਆਂ ਗਈਆਂ ਛੇ ਗੇਂਦਾਂ ਵਿੱਚ ਛੇ ਛੱਕੇ ਮਾਰੇ ਸਨ।

ਤਸਵੀਰ ਸਰੋਤ, Getty Images
ਕੌਣ ਹਨ ਆਕਾਸ਼ ਚੌਧਰੀ?
ਮੇਘਾਲਿਆ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਨਾਬਾ ਭੱਟਾਚਾਰੀਆ ਨੇ ਬੀਬੀਸੀ ਦੇ ਸਹਾਇਕ ਪੱਤਰਕਾਰ ਦਿਲੀਪ ਸ਼ਰਮਾ ਨਾਲ ਆਕਾਸ਼ ਚੌਧਰੀ ਦੇ ਪ੍ਰਦਰਸ਼ਨ ਬਾਰੇ ਗੱਲ ਕਰਦੇ ਹੋਏ ਕਿਹਾ, "ਆਕਾਸ਼ ਚੌਧਰੀ ਨੇ ਇਹ ਉਪਲੱਬਧੀ ਰਾਤੋ-ਰਾਤ ਹਾਸਲ ਨਹੀਂ ਕੀਤੀ।''
ਉਨ੍ਹਾਂ ਕਿਹਾ, ''ਉਹ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਖਿਡਾਰੀ ਰਿਹਾ ਹੈ। ਦਰਅਸਲ ਉਹ ਸਾਡੀ ਟੀਮ ਦਾ ਓਪਨਰ ਗੇਂਦਬਾਜ਼ ਹੈ, ਪਰ ਉਸ ਨੇ ਪਿਛਲੇ ਦੋ ਸਾਲਾਂ ਵਿੱਚ ਸਖਤ ਮਿਹਨਤ ਕਰਕੇ ਆਪਣੇ ਆਪ ਨੂੰ ਇੱਕ ਆਲਰਾਊਂਡਰ ਵਜੋਂ ਤਿਆਰ ਕੀਤਾ ਹੈ।''
''ਆਕਾਸ਼ ਨੇ ਪਿਛਲੇ ਕੁਝ ਸਾਲਾਂ ਵਿੱਚ ਅੰਡਰ-16 ਅਤੇ ਅੰਡਰ-19 ਮੈਚਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ 2021 ਤੋਂ ਰਣਜੀ ਟਰਾਫੀ ਵਿੱਚ ਖੇਡ ਰਿਹਾ ਹੈ।"
ਨਬਾ ਭੱਟਾਚਾਰੀਆ ਆਕਾਸ਼ ਚੌਧਰੀ ਬਾਰੇ ਅੱਗੇ ਦੱਸਦੇ ਹਨ, "ਉਹ ਇੱਕ ਬਹੁਤ ਹੀ ਨਿਮਰ ਪਰਿਵਾਰ ਤੋਂ ਹੈ। ਆਕਾਸ਼ ਦਾ ਜਨਮ ਅਤੇ ਪਾਲਣ-ਪੋਸ਼ਣ ਮੇਘਾਲਿਆ ਵਿੱਚ ਹੋਇਆ ਸੀ। ਉਸ ਦੇ ਪਿਤਾ ਮੇਘਾਲਿਆ ਵਿੱਚ ਕੇਂਦਰ ਸਰਕਾਰ ਲਈ ਕੰਮ ਕਰਦੇ ਹਨ।''
''ਆਕਾਸ਼ ਨੇ ਕੇਂਦਰੀ ਵਿਦਿਆਲਿਆ, ਸ਼ਿਲਾਂਗ ਤੋਂ ਪੜ੍ਹਾਈ ਕੀਤੀ ਅਤੇ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਕ੍ਰਿਕਟ ਖੇਡ ਰਿਹਾ ਹੈ। ਹਾਲਾਂਕਿ ਆਕਾਸ਼ ਦਾ ਪਰਿਵਾਰ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ, ਪਰ ਹੁਣ ਉਹ ਮੇਘਾਲਿਆ ਦੇ ਹੀ ਨਿਵਾਸੀ ਹਨ।"
ਨਬਾ ਭੱਟਾਚਾਰੀਆ ਨੂੰ ਉਮੀਦ ਹੈ ਕਿ ਆਕਾਸ਼ ਨੂੰ ਜਲਦ ਹੀ ਆਈਪੀਐਲ ਵਰਗੇ ਟੂਰਨਾਮੈਂਟ ਵਿੱਚ ਖੇਡਣ ਦਾ ਮੌਕਾ ਮਿਲੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












