ਸ਼ੇਫਾਲੀ ਵਰਮਾ ਅਤੇ ਦੀਪਤੀ ਸ਼ਰਮਾ ਨੇ ਕਿਵੇਂ ਭਾਰਤ ਨੂੰ ਬਣਾਇਆ ਚੈਂਪੀਅਨ, ਵਿਸ਼ਵ ਕੱਪ ਟੀਮ ਵਿੱਚ ਪਹਿਲਾਂ ਕਿਉਂ ਨਹੀਂ ਸਨ ਸ਼ੇਫਾਲੀ

ਸ਼ੈਫਾਲੀ ਵਰਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਾਈਨਲ ਵਿੱਚ ਸ਼ੈਫਾਲੀ ਵਰਮਾ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ
    • ਲੇਖਕ, ਪ੍ਰਵੀਣ
    • ਰੋਲ, ਬੀਬੀਸੀ ਪੱਤਰਕਾਰ

8 ਮਾਰਚ, 2020 ਨੂੰ ਇੱਕ ਫੋਟੋ ਇੰਟਰਨੈੱਟ 'ਤੇ ਵਾਇਰਲ ਹੁੰਦੀ ਹੈ। ਇਹ ਫੋਟੋ ਆਸਟ੍ਰੇਲੀਆ ਦੇ ਮਸ਼ਹੂਰ ਮੈਲਬੌਰਨ ਕ੍ਰਿਕਟ ਸਟੇਡੀਅਮ ਦੀ ਸੀ।

ਕਰੀਬ 1 ਲੱਖ ਦਰਸ਼ਕਾਂ ਦੀ ਸਮਰੱਥਾ ਵਾਲਾ ਮੈਲਬੌਰਨ ਕ੍ਰਿਕਟ ਸਟੇਡੀਅਮ ਦਾ ਖਚਾਖਚ ਭਰਿਆ ਹੋਣਾ ਕੋਈ ਨਵੀਂ ਗੱਲ ਨਹੀਂ ਸੀ, ਪਰ ਉਸ ਫੋਟੋ ਦੇ ਚਰਚਾ ਦਾ ਵਿਸ਼ਾ ਬਣਨ ਦੇ ਦੋ ਕਾਰਨ ਸਨ। ਉਸ ਸਮੇਂ ਕੋਵਿਡ-19 ਮਹਾਂਮਾਰੀ ਦਸਤਕ ਦੇ ਚੁੱਕੀ ਸੀ। ਦੁਨੀਆਂ ਦੇ ਕਈ ਦੇਸ਼ਾਂ 'ਚ ਲੌਕਡਾਊਨ ਲੱਗ ਚੁੱਕਿਆ ਸੀ ਅਤੇ ਬਹੁਤ ਸਾਰੇ ਦੇਸ਼ ਲੌਕਡਾਊਨ ਵੱਲ ਵਧ ਰਹੇ ਸਨ।

ਪਰ ਉਸੇ ਦੌਰਾਨ, ਮਹਿਲਾਵਾਂ ਦੇ ਖੇਡ ਨਾਲ ਜੁੜੇ ਕਿਸੇ ਮੁਕਾਬਲੇ ਨੂੰ ਦੇਖਣ ਲਈ 93 ਹਜ਼ਾਰ ਤੋਂ ਵੱਧ ਦਰਸ਼ਕ ਮੈਦਾਨ ਵਿੱਚ ਪਹੁੰਚੇ ਸਨ। ਇਹ 2020 ਮਹਿਲਾ ਟੀ-20 ਵਿਸ਼ਵ ਕੱਪ ਦਾ ਉਹ ਫਾਈਨਲ ਮੁਕਾਬਲਾ ਸੀ, ਜੋ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਖੇਡਿਆ ਗਿਆ ਸੀ।

ਸ਼ੇਫਾਲੀ ਵਰਮਾ ਨੇ ਉਸ ਮੈਚ ਤੋਂ ਕੁਝ ਮਹੀਨੇ ਪਹਿਲਾਂ ਹੀ ਭਾਰਤੀ ਟੀਮ ਲਈ ਆਪਣਾ ਡੈਬਿਊ ਕੀਤਾ ਸੀ। ਸ਼ੇਫਾਲੀ ਉਸ ਮੈਚ ਵਿੱਚ ਸਿਰਫ਼ ਦੋ ਦੌੜਾਂ ਹੀ ਬਣਾ ਸਕੇ ਸਨ ਅਤੇ ਮੈਚ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ ਕਿ "ਮੈਦਾਨ ਵਿੱਚ ਇੰਨਾ ਸ਼ੋਰ ਸੀ ਕਿ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ।"

ਆਸਟ੍ਰੇਲੀਆਈ ਦਰਸ਼ਕਾਂ ਦੇ ਉਸ ਸ਼ੋਰ ਵਿਚਕਾਰ, ਤੀਜੀ ਵਾਰ ਭਾਰਤੀ ਮਹਿਲਾ ਟੀਮ ਦਾ ਮੈਲਬੌਰਨ ਵਿੱਚ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਫਾਈਨਲ ਵਿੱਚ ਪਹੁੰਚਣ ਦੇ ਬਾਵਜੂਦ ਅਧੂਰਾ ਹੀ ਰਹਿ ਗਿਆ ਸੀ।

ਪਰ ਸਾਢੇ ਪੰਜ ਸਾਲਾਂ ਬਾਅਦ ਐਤਵਾਰ, 2 ਨਵੰਬਰ ਨੂੰ ਇਹ ਸ਼ਾਇਦ ਦੂਜਾ ਮੌਕਾ ਸੀ ਜਦੋਂ ਸਟੇਡੀਅਮ ਮਹਿਲਾ ਕ੍ਰਿਕਟ ਦੇ ਕਿਸੇ ਮੁਕਾਬਲੇ ਲਈ ਮੈਦਾਨ ਲਗਭਗ ਖਚਾਖਚ ਭਰਿਆ ਹੋਇਆ ਸੀ।

ਭਾਰਤੀ ਮਹਿਲਾ ਕ੍ਰਿਕਟ ਟੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ

ਮੈਚ ਤੋਂ ਪਹਿਲਾਂ ਮੈਦਾਨ ਦੇ ਬਾਹਰ ਦਰਸ਼ਕਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਦੀਆਂ ਤਸਵੀਰਾਂ ਮਹਿਲਾ ਕ੍ਰਿਕਟ ਵਿੱਚ ਬਦਲਾਅ ਦੀ ਕਹਾਣੀ ਬਿਆਨ ਕਰ ਰਹੀਆਂ ਸਨ।

ਮੈਚ ਮੀਂਹ ਕਾਰਨ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਇਆ। ਪਰ ਇਹ ਬਦਲਾਅ ਇੰਨਾ ਮਹੱਤਵਪੂਰਨ ਸੀ ਕਿ ਮੀਂਹ ਵਿਚਕਾਰ ਜਦੋਂ-ਜਦੋਂ ਵੀ ਕੈਮਰਾ ਦਰਸ਼ਕਾਂ ਵੱਲ ਗਿਆ ਤਾਂ ਮੈਦਾਨ 'ਤੇ ਦੂਰ-ਦੂਰ ਤੱਕ ਇੱਕ ਵੀ ਸੀਟ ਖਾਲੀ ਨਜ਼ਰ ਨਹੀਂ ਆਈ।

ਅਤੇ ਰਾਤ ਹੁੰਦਿਆਂ-ਹੁੰਦਿਆਂ ਸ਼ੇਫਾਲੀ ਵਰਮਾ ਅਤੇ ਦੀਪਤੀ ਸ਼ਰਮਾ ਨੇ ਮੰਨੋ ਸਮੇਂ ਦਾ ਰੁਖ ਹੀ ਬਦਲ ਦਿੱਤਾ। ਮੀਂਹ ਵਿੱਚ ਵੀ ਦਰਸ਼ਕਾਂ ਦਾ ਮੈਦਾਨ 'ਚ ਡਟੇ ਰਹਿਣਾ ਸਫਲ ਰਿਹਾ।

ਸ਼ੇਫਾਲੀ ਅਤੇ ਦੀਪਤੀ ਨੇ ਗੇਂਦ ਅਤੇ ਬੱਲੇ ਨਾਲ ਅਜਿਹਾ ਕਮਾਲ ਦਿਖਾਇਆ ਕਿ ਕਰੋੜਾਂ ਭਾਰਤੀਆਂ ਨੂੰ, ਜਿਨ੍ਹਾਂ ਨੂੰ ਮੈਲਬੌਰਨ ਵਿੱਚ ਚੁੱਪ ਨਸੀਬ ਹੋਈ ਸੀ, ਉਨ੍ਹਾਂ ਨੂੰ ਰੌਲਾ ਪਾਉਣ ਦਾ ਮੌਕਾ ਮਿਲ ਗਿਆ।

ਭਾਰਤੀ ਟੀਮ ਨੇ ਉਸ ਲਾਈਨ ਨੂੰ ਪਾਰ ਕਰਕੇ ਪਹਿਲੀ ਵਾਰ ਸਫਲਤਾ ਪ੍ਰਾਪਤ ਕੀਤੀ, ਜਿਸ ਦਾ ਜ਼ਿਕਰ ਕਪਤਾਨ ਹਰਮਨਪ੍ਰੀਤ ਕੌਰ ਟੂਰਨਾਮੈਂਟ ਤੋਂ ਪਹਿਲਾਂ ਕਰ ਰਹੇ ਸਨ।

ਟੂਰਨਾਮੈਂਟ ਤੋਂ ਪਹਿਲਾਂ, ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਸੀ, "ਅਸੀਂ ਪਿਛਲੇ ਕੁਝ ਸਾਲਾਂ ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ। ਪਰ ਅਸੀਂ ਮਹੱਤਵਪੂਰਨ ਮੌਕਿਆਂ 'ਤੇ ਆ ਕੇ ਲਾਈਨ ਨੂੰ ਪਾਰ ਨਹੀਂ ਕਰ ਪਾਉਂਦੇ। ਅਸੀਂ ਇਸ ਵਾਰ ਲਾਈਨ ਪਾਰ ਕਰਨੀ ਹੈ।"

ਐਤਵਾਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਣ 'ਚ ਕਾਮਯਾਬ ਹੋਈ।

ਵਿਸ਼ਵ ਕੱਪ ਟੀਮ ਵਿੱਚ ਨਹੀਂ ਸਨ ਸ਼ੇਫਾਲੀ ਵਰਮਾ

ਸ਼ੇਫਾਲੀ ਵਰਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੇਫਾਲੀ ਵਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 87 ਦੌੜਾਂ ਬਣਾਈਆਂ

ਭਾਰਤੀ ਟੀਮ ਦੀ ਜਿੱਤ ਤੋਂ ਬਾਅਦ ਜਿਸ ਖਿਡਾਰਨ ਬਾਰੇ ਸਭ ਤੋਂ ਵੱਧ ਚਰਚਾ ਹੋ ਰਹੀ ਹੈ, ਉਹ ਹੈ ਸ਼ੇਫਾਲੀ ਵਰਮਾ। ਉਨ੍ਹਾਂ ਨੂੰ ਵਿਸ਼ਵ ਕੱਪ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।

ਵਿਸ਼ਵ ਕੱਪ ਫਾਈਨਲ ਤੋਂ ਸੱਤ ਦਿਨ ਪਹਿਲਾਂ ਤੱਕ ਸ਼ੇਫਾਲੀ ਵਰਮਾ ਸੂਰਤ ਵਿੱਚ ਸਨ ਅਤੇ ਸੀਨੀਅਰ ਮਹਿਲਾ ਟੀ-20 ਟ੍ਰਾਫ਼ੀ ਵਿੱਚ ਹਿੱਸਾ ਲੈ ਰਹੇ ਸਨ। ਉਨ੍ਹਾਂ ਕੋਲ ਹਰਿਆਣਾ ਟੀਮ ਦੀ ਕਮਾਨ ਸੀ।

ਪਰ 26 ਅਕਤੂਬਰ ਨੂੰ ਬੰਗਲਾਦੇਸ਼ ਵਿਰੁੱਧ ਖੇਡੇ ਮੈਚ ਵਿੱਚ ਭਾਰਤੀ ਓਪਨਰ ਪ੍ਰਤੀਕਾ ਰਾਵਲ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ। ਇਸ ਤੋਂ ਬਾਅਦ ਸ਼ੇਫਾਲੀ ਵਰਮਾ ਨੂੰ ਟੀਮ ਵਿੱਚ ਮੌਕਾ ਮਿਲਿਆ।

ਜਦੋਂ 30 ਅਕਤੂਬਰ ਨੂੰ ਖੇਡੇ ਗਏ ਸੈਮੀਫਾਈਨਲ ਵਿੱਚ ਸ਼ੇਫਾਲੀ ਵਰਮਾ ਮੈਦਾਨ 'ਤੇ ਉਤਰੇ ਤਾਂ ਉਨ੍ਹਾਂ ਦੀ ਪਾਰੀ ਪੰਜ ਗੇਂਦਾਂ ਤੋਂ ਅੱਗੇ ਨਹੀਂ ਵਧ ਸਕੀ।

ਪਰ ਤਿੰਨ ਦਿਨ ਬਾਅਦ, 2 ਨਵੰਬਰ ਨੂੰ ਸ਼ੇਫਾਲੀ ਉਨ੍ਹਾਂ ਤੇਵਰਾਂ ਨਾਲ ਹੀ ਮੈਦਾਨ 'ਤੇ ਉਤਰੇ, ਜਿਨ੍ਹਾਂ ਕਾਰਨ ਉਨ੍ਹਾਂ ਨੂੰ ਮਹਿਜ਼ 15 ਸਾਲ ਦੀ ਉਮਰ ਵਿੱਚ ਭਾਰਤੀ ਟੀਮ ਲਈ ਡੈਬਿਊ ਕਰਨ ਦਾ ਮੌਕਾ ਮਿਲ ਗਿਆ ਸੀ।

ਸ਼ੇਫਾਲੀ ਨੇ ਸ਼ੁਰੂਆਤ ਤੋਂ ਹੀ ਅਫਰੀਕੀ ਗੇਂਦਬਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਸਮ੍ਰਿਤੀ ਮੰਧਾਨਾ ਦੇ ਨਾਲ ਮਿਲ ਕੇ ਪਹਿਲੇ 10 ਓਵਰਾਂ ਵਿੱਚ 64 ਦੌੜਾਂ ਜੋੜੀਆਂ। ਸਮ੍ਰਿਤੀ ਦੇ ਆਊਟ ਹੋਣ ਤੋਂ ਬਾਅਦ ਵੀ ਸ਼ੇਫਾਲੀ ਤੇਜ਼ੀ ਨਾਲ ਦੌੜਾਂ ਬਣਾਉਂਦੇ ਰਹੇ ਅਤੇ ਭਾਰਤੀ ਟੀਮ ਲਈ ਇੱਕ ਚੰਗੇ ਸਕੋਰ ਦੀ ਨੀਂਹ ਰੱਖੀ।

ਸ਼ੇਫਾਲੀ ਨੇ 78 ਗੇਂਦਾਂ ਵਿੱਚ ਦੋ ਛੱਕੇ ਅਤੇ ਸੱਤ ਚੌਕਿਆਂ ਦੀ ਮਦਦ ਨਾਲ 87 ਦੌੜਾਂ ਬਣਾਈਆਂ। ਜਦੋਂ ਸ਼ੇਫਾਲੀ ਆਊਟ ਹੋਏ ਤਾਂ ਭਾਰਤ ਦਾ ਸਕੋਰ 27.5 ਓਵਰਾਂ ਵਿੱਚ 166 ਦੌੜਾਂ ਸੀ।

ਸ਼ੇਫਾਲੀ ਵਰਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੇਫਾਲੀ ਵਰਮਾ ਨੇ ਗੇਂਦ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ

ਮੈਚ ਤੋਂ ਬਾਅਦ ਸ਼ੇਫਾਲੀ ਨੇ ਕਿਹਾ, "ਮੈਂ ਪਹਿਲਾਂ ਵੀ ਕਿਹਾ ਸੀ ਕਿ ਰੱਬ ਨੇ ਮੈਨੂੰ ਕੁਝ ਖਾਸ ਕਰਨ ਲਈ ਭੇਜਿਆ ਹੈ ਅਤੇ ਅੱਜ ਅਜਿਹਾ ਹੋਇਆ ਹੈ। ਇਹ ਔਖਾ ਸੀ, ਪਰ ਮੈਂ ਆਪਣੇ ਆਪ ਵਿੱਚ ਵਿਸ਼ਵਾਸ ਬਣਾਈ ਰੱਖਿਆ। ਮੈਂ ਆਪਣੇ ਆਪ ਨੂੰ ਯਕੀਨ ਦਿਵਾਇਆ ਕਿ ਮੈਂ ਕੁਝ ਵੀ ਕਰ ਸਕਦੀ ਹਾਂ।"

ਆਪਣੀ ਗੱਲ ਨੂੰ ਸਹੀ ਸਾਬਤ ਕਰਦੇ ਹੋਏ, ਸ਼ੇਫਾਲੀ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ।

299 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਦੱਖਣੀ ਅਫਰੀਕਾ 20 ਓਵਰਾਂ ਵਿੱਚ 113 ਦੌੜਾਂ ਬਣਾ ਕੇ ਲੱਖਾਂ ਭਾਰਤੀਆਂ ਦੇ ਸੁਪਨਿਆਂ ਨੂੰ ਚੂਰ-ਚੂਰ ਕਰਨ ਲਈ ਅੱਗੇ ਵਧ ਰਹੀ ਸੀ।

ਉਸੇ ਵੇਲੇ ਕਪਤਾਨ ਹਰਮਨਪ੍ਰੀਤ ਕੌਰ ਨੇ ਗੇਂਦ ਸ਼ੇਫਾਲੀ ਵਰਮਾ ਨੂੰ ਸੌਂਪ ਦਿੱਤੀ।

ਇਹ ਵੀ ਪੜ੍ਹੋ-

ਸ਼ੇਫਾਲੀ, ਜਿਨ੍ਹਾਂ ਨੇ 31 ਵਨਡੇ ਮੈਚ ਖੇਡੇ ਹਨ, ਨੇ ਪਹਿਲਾਂ ਸਿਰਫ ਪੰਜ ਮੈਚਾਂ ਵਿੱਚ ਹੀ ਗੇਂਦਬਾਜ਼ੀ ਕੀਤੀ ਸੀ ਅਤੇ ਸਿਰਫ ਇੱਕ ਵਿਕਟ ਲਈ ਸੀ।

ਪਰ ਇਸ ਮੈਚ 'ਚ ਉਨ੍ਹਾਂ ਨੇ ਆਪਣੀ ਦੂਜੀ ਗੇਂਦ 'ਤੇ ਹੀ ਸਫਲਤਾ ਹਾਸਲ ਕੀਤੀ। ਕਪਤਾਨ ਲੌਰਾ ਨਾਲ ਮਿਲ ਕੇ ਸੁਨੇ ਲੂਸ ਮੈਚ ਨੂੰ ਭਾਰਤ ਦੀ ਪਕੜ ਤੋਂ ਦੂਰ ਲੈ ਕੇ ਜਾ ਰਹੇ ਸਨ, ਪਰ ਸ਼ੇਫਾਲੀ ਨੇ ਉਨ੍ਹਾਂ ਨੂੰ ਆਊਟ ਕਰ ਦਿੱਤਾ।

ਆਪਣੇ ਦੂਜੇ ਓਵਰ ਦੀ ਪਹਿਲੀ ਗੇਂਦ 'ਤੇ ਸ਼ੇਫਾਲੀ ਨੇ ਇੱਕ ਹੋਰ ਕਾਰਨਾਮਾ ਕੀਤਾ। ਦੱਖਣੀ ਅਫਰੀਕਾ ਦੀ ਸਭ ਤੋਂ ਕਾਮਯਾਬ ਆਲਰਾਊਂਡਰ, ਮਾਰੀਜ਼ਾਨ ਕਾਪ ਨੂੰ ਸਿਰਫ ਚਾਰ ਦੌੜਾਂ 'ਤੇ ਹੀ ਆਊਟ ਕਰ ਦਿੱਤਾ। ਮਹਿਜ਼ 13 ਗੇਂਦਾਂ ਦੇ ਅੰਦਰ ਦੱਖਣੀ ਅਫਰੀਕਾ ਨੇ ਦੋ ਵਿਕਟਾਂ ਗੁਆ ਦਿੱਤੀਆਂ ਅਤੇ ਉਨ੍ਹਾਂ ਦੀ ਪਾਰੀ ਲੜਖੜਾ ਗਈ।

ਸ਼ੇਫਾਲੀ ਦੇ ਅਧੂਰੇ ਕੰਮ ਨੂੰ ਦੀਪਤੀ ਨੇ ਕੀਤਾ ਪੂਰਾ

ਦੀਪਤੀ ਸ਼ਰਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੀਪਤੀ ਸ਼ਰਮਾ ਨੂੰ ਪਲੇਅਰ ਆਫ਼ ਦ ਟੂਰਨਾਮੈਂਟ ਚੁਣਿਆ ਗਿਆ

ਭਾਰਤੀ ਟੀਮ ਦੀ ਬੱਲੇਬਾਜ਼ੀ ਹੋਵੇ ਜਾਂ ਗੇਂਦਬਾਜ਼ੀ, ਸ਼ੇਫਾਲੀ ਵਰਮਾ ਦੇ ਅਧੂਰੇ ਕੰਮ ਨੂੰ ਦੀਪਤੀ ਸ਼ਰਮਾ ਨੇ ਫਾਈਨਲ ਮੁਕਾਬਲੇ ਵਿੱਚ ਪੂਰਾ ਕੀਤਾ।

ਸ਼ੇਫਾਲੀ ਦੇ ਆਊਟ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਸੈਮੀਫਾਈਨਲ ਦੀ ਹੀਰੋ ਜੇਮੀਮਾ ਵੀ ਪੈਵੇਲੀਅਨ ਪਰਤ ਗਏ ਸਨ। ਪਰ ਦੀਪਤੀ ਸ਼ਰਮਾ ਨੇ ਕਪਤਾਨ ਹਰਮਨਪ੍ਰੀਤ ਕੌਰ ਦੇ ਨਾਲ ਮਿਲ ਕੇ ਪਾਰੀ ਨੂੰ ਸਾਂਭ ਲਿਆ।

ਦੀਪਤੀ ਸ਼ਰਮਾ ਨੇ ਤਿੰਨ ਓਵਰਾਂ ਵਿੱਚ ਦੋ ਵਿਕਟਾਂ ਗੁਆਉਣ ਦੇ ਦਬਾਅ ਨੂੰ ਜਲਦ ਹੀ ਖਤਮ ਕਰ ਕੀਤਾ। ਉਨ੍ਹਾਂ ਨੇ 58 ਗੇਂਦਾਂ ਵਿੱਚ 58 ਦੌੜਾਂ ਬਣਾਈਆਂ ਅਤੇ 50 ਓਵਰਾਂ ਵਿੱਚ ਭਾਰਤ ਦੇ ਸਕੋਰ ਨੂੰ 298 ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਗੇਂਦਬਾਜ਼ੀ ਵਿੱਚ ਵੀ ਦੀਪਤੀ ਨੇ ਸ਼ੇਫਾਲੀ ਦੇ ਕੰਮ ਨੂੰ ਵੀ ਅੱਗੇ ਵਧਾਇਆ। ਲਗਾਤਾਰ ਡਿੱਗ ਰਹੀਆਂ ਵਿਕਟਾਂ ਦੇ ਵਿਚਕਾਰ ਦੱਖਣੀ ਅਫ਼ਰੀਕੀ ਕਪਤਾਨ ਲੌਰਾ ਨੇ ਸਿਨਾਲੋ ਜਾਫਟਾ ਦੇ ਨਾਲ ਮਿਲ ਕੇ ਦੱਖਣੀ ਅਫ਼ਰੀਕੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ।

ਪਰ ਦੀਪਤੀ ਸ਼ਰਮਾ ਨੇ ਸਿਨਾਲੋ ਜਾਫਟਾ ਦੀ ਪਾਰੀ ਨੂੰ 16 ਦੌੜਾਂ ਤੋਂ ਅੱਗੇ ਨਹੀਂ ਵਧਣ ਦਿੱਤਾ। ਫਿਰ ਲੌਰਾ ਨੇ ਐਨੇਰੀ ਡਰਕਸਨ ਨਾਲ ਛੇਵੀਂ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕੀਤੀ, ਪਰ ਦੀਪਤੀ ਸ਼ਰਮਾ ਨੇ ਇਸ 'ਤੇ ਵੀ ਬ੍ਰੇਕ ਲਗਾ ਦਿੱਤੀ।

ਦੀਪਤੀ ਸ਼ਰਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੀਪਤੀ ਸ਼ਰਮਾ ਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ 22 ਵਿਕਟਾਂ ਲਈਆਂ

ਦੀਪਤੀ ਨੇ 40ਵੇਂ ਓਵਰ ਦੀ ਤੀਜੀ ਗੇਂਦ 'ਤੇ ਐਨੇਰੀ ਡਰਕਸਨ ਨੂੰ ਬੋਲਡ ਕਰ ਦਿੱਤਾ। ਉਸ ਸਮੇਂ ਦੱਖਣੀ ਅਫਰੀਕਾ ਦਾ ਸਕੋਰ 209 ਸੀ।

ਆਪਣੇ ਅਗਲੇ ਹੀ ਓਵਰ ਦੀ ਪਹਿਲੀ ਗੇਂਦ 'ਤੇ ਦੀਪਤੀ ਨੇ ਕਪਤਾਨ ਲੌਰਾ ਨੂੰ 101 ਦੌੜਾਂ 'ਤੇ ਆਊਟ ਕਰ ਦਿੱਤਾ। ਦੱਖਣੀ ਅਫਰੀਕਾ ਦੀ ਪਾਰੀ ਦੇ 42ਵੇਂ ਓਵਰ ਦੀ ਚੌਥੀ ਗੇਂਦ 'ਤੇ ਦੀਪਤੀ ਨੇ ਇੱਕ ਹੋਰ ਬੱਲੇਬਾਜ਼ ਨੂੰ ਆਊਟ ਕਰ ਦਿੱਤਾ।

ਆਪਣੇ ਹਿੱਸੇ ਦੇ ਆਖਰੀ ਓਵਰ ਦੀ ਤੀਜੀ ਗੇਂਦ 'ਤੇ ਦੀਪਤੀ ਨੇ ਦੱਖਣੀ ਅਫਰੀਕਾ ਦਾ ਆਖਰੀ ਵਿਕਟ ਲੈ ਕੇ ਭਾਰਤ ਨੂੰ ਚੈਂਪੀਅਨ ਬਣਾ ਦਿੱਤਾ। ਦੀਪਤੀ ਨੇ 9.3 ਓਵਰਾਂ ਵਿੱਚ 39 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਅਤੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ਭਾਰਤੀ ਮਹਿਲਾ ਟੀਮ ਦੀ ਨੰਬਰ ਵਨ ਆਲਰਾਊਂਡਰ ਕਿਉਂ ਮੰਨਿਆ ਜਾਂਦਾ ਹੈ।

ਭਾਰਤ ਨੂੰ ਜਿੱਤ ਦਿਵਾਉਣ ਵਾਲੇ ਸ਼ੇਫਾਲੀ ਵਰਮਾ ਨੂੰ ਫਾਈਨਲ ਮੁਕਾਬਲੇ ਵਿੱਚ ਪਲੇਅਰ ਆਫ ਦਿ ਮੈਚ ਚੁਣਿਆ ਗਿਆ ਅਤੇ ਵਿਸ਼ਵ ਕੱਪ ਵਿੱਚ 22 ਵਿਕਟਾਂ ਲੈਣ ਵਾਲੇ ਦੀਪਤੀ ਸ਼ਰਮਾ ਨੂੰ ਪਲੇਅਰ ਆਫ ਦਿ ਟੂਰਨਾਮੈਂਟ ਚੁਣਿਆ ਗਿਆ।

ਮੈਚ ਤੋਂ ਬਾਅਦ, ਦੀਪਤੀ ਸ਼ਰਮਾ ਨੇ ਕਿਹਾ, "ਇਸ ਗੱਲ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਕਿ ਅਸੀਂ ਚੈਂਪੀਅਨ ਬਣ ਗਏ ਹਾਂ। ਇਹ ਇੱਕ ਸੁਪਨੇ ਵਰਗਾ ਲੱਗ ਰਿਹਾ ਹੈ।"

ਪਰ ਬੇਸ਼ੱਕ ਸ਼ੇਫਾਲੀ ਵਰਮਾ ਦੇ ਨਾਲ ਮਿਲ ਕੇ ਦੀਪਤੀ ਸ਼ਰਮਾ ਨੇ ਇਹ ਯਕੀਨੀ ਬਣਾ ਦਿੱਤਾ ਹੈ ਕਿ ਭਵਿੱਖ ਵਿੱਚ ਮਹਿਲਾ ਕ੍ਰਿਕਟ ਮੈਚਾਂ ਦੌਰਾਨ ਇੱਕ ਜਾਂ ਦੋ ਵਾਰ ਨਹੀਂ ਸਗੋਂ ਕਈ ਮੌਕਿਆਂ 'ਤੇ ਮੈਦਾਨ ਦਰਸ਼ਕਾਂ ਨਾਲ ਭਰੇ ਹੋਣਗੇ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)