ਵਿਰਾਟ ਕੋਹਲੀ ਦਾ ਸੈਂਕੜਾ ਕੀ ਉਨ੍ਹਾਂ ਦੇ ਆਲੋਚਕਾਂ ਲਈ ਇੱਕ ਜਵਾਬ ਸੀ, ਉਨ੍ਹਾਂ ਦੀ 'ਮਾਨਸਿਕ ਮਜ਼ਬੂਤੀ' ਬਾਰੇ ਕੀ ਚਰਚੇ ਹੋ ਰਹੇ

ਤਸਵੀਰ ਸਰੋਤ, Dibyangshu SARKAR / AFP via Getty Images
- ਲੇਖਕ, ਸੰਜੇ ਕਿਸ਼ੋਰ
- ਰੋਲ, ਸੀਨੀਅਰ ਖੇਡ ਪੱਤਰਕਾਰ, ਬੀਬੀਸੀ ਲਈ
ਰਾਂਚੀ ਦੀ ਸੁਨਿਹਰੀ ਸ਼ਾਮ ਨੂੰ ਵਿਰਾਟ ਕੋਹਲੀ ਸਿਰਫ਼ ਦੌੜਾਂ ਨਹੀਂ ਬਣਾ ਰਹੇ ਸਨ, ਉਹ ਤਾਂ ਇੰਝ ਸੀ ਜਿਵੇਂ ਸਮੇਂ ਨੂੰ ਹੀ ਪਿੱਛੇ ਧੱਕ ਰਹੇ ਸਨ। ਦੱਖਣੀ ਅਫਰੀਕਾ ਦੇ ਖ਼ਿਲਾਫ਼ ਖੇਡੀ ਗਈ 135 ਦੌੜਾਂ ਦੀ ਇਹ ਪਾਰੀ ਸਿਰਫ਼ ਇੱਕ ਪ੍ਰਦਰਸ਼ਨ ਹੀ ਨਹੀਂ, ਸਗੋਂ ਇੱਕ ਵਿਰਾਟ ਕਥਾਨਕ ਸੀ।
ਹਰ ਸ਼ੌਟ, ਹਰ ਸਟ੍ਰਾਈਡ, ਹਰ ਦੌੜ ਉਨ੍ਹਾਂ ਦੇ ਕਰੀਅਰ ਦੇ ਉਨ੍ਹਾਂ ਤਜਰਬਿਆਂ ਅਤੇ ਸੰਘਰਸ਼ ਦੀ ਕਹਾਣੀ ਬਿਆਨ ਕਰ ਰਿਹਾ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਦੁਨੀਆਂ ਦੇ ਸਭ ਤੋਂ ਭਰੋਸੇਮੰਦ ਤੇ ਪ੍ਰਭਾਵਸ਼ਾਲੀ ਬੱਲੇਬਾਜ਼ਾਂ ਵਿੱਚੋਂ ਇੱਕ ਬਣਾਇਆ।
ਰਾਂਚੀ ਵਿੱਚ ਮਾਰੇ ਸ਼ਾਨਦਾਰ ਸੈਂਕੜੇ ਦੇ ਨਾਲ ਹੀ ਉਹ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਤੋਂ ਅੱਗੇ ਨਿਕਲ ਗਏ ਹਨ।
ਵਿਰਾਟ ਕੋਹਲੀ ਹੁਣ ਇੱਕ ਹੀ ਫਾਰਮੈਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਉਹ ਸਚਿਨ ਤੇਂਦੁਲਕਰ ਦੇ ਨਾਲ ਬਰਾਬਰੀ ਉੱਤੇ ਸਨ। ਸਚਿਨ ਦੇ ਨਾਮ ਟੈਸਟ ਕ੍ਰਿਕਟ ਵਿੱਚ 51 ਸੈਂਕੜੇ ਹਨ।
ਅਣਸੁਲਝਿਆ ਸਵਾਲ: 'ਕਿੰਗ, ਤੁਸੀਂ ਟੈਸਟ ਕ੍ਰਿਕਟ ਕਿਉਂ ਛੱਡਿਆ? '
ਇਹ ਸਵਾਲ ਹਰ ਕ੍ਰਿਕਟ ਪ੍ਰੇਮੀ ਦੇ ਦਿਲ ਵਿੱਚ ਅੱਜ ਵੀ ਗੂੰਜਦਾ ਹੈ। ਉੱਥੇ ਹੀ ਵਿਰਾਟ, ਜਿਨ੍ਹਾਂ ਨੂੰ ਇੰਗਲੈਂਡ ਅਤੇ ਆਸਟ੍ਰੇਲੀਆ ਸਣੇ ਦੁਨੀਆਂ ਦੇ ਦਿੱਗਜ ਸਾਬਕਾ ਕ੍ਰਿਕਟਰ "ਟੈਸਟ ਕ੍ਰਿਕਟ ਦਾ ਬ੍ਰਾਂਡ ਅੰਬੈਸਡਰ" ਕਹਿੰਦੇ ਸਨ, ਹੁਣ ਲਾਲ ਗੇਂਦ ਤੋਂ ਦੂਰ ਹਨ।
ਅਤੇ ਰਾਂਚੀ ਦੀ ਇਸ ਪਾਰੀ ਨੇ ਇਸ ਸਵਾਲ ਨੂੰ ਮੁੜ ਜ਼ਿੰਦਾ ਕਰ ਦਿੱਤਾ ਕਿ ਕੀ ਉਨ੍ਹਾਂ ਦੇ ਟੈਸਟ ਕਰੀਅਰ ਦਾ ਅੰਤ ਕੁਦਰਤੀ ਸੀ ਜਾਂ ਮਜਬੂਰੀ 'ਚ ਬਣਾਇਆ ਗਿਆ ਸੀ? ਅਤੇ ਕੀ ਉਨ੍ਹਾਂ ਦੀ ਵਾਪਸੀ ਸੰਭਵ ਹੈ?
ਇਸ ਪਾਰੀ ਵਿੱਚ, ਵਿਰਾਟ ਦਾ ਫੁੱਟਵਰਕ ਤੇਜ਼, ਫ਼ੈਸਲਾਕੁੰਨ ਅਤੇ ਲਗਭਗ ਸੰਗੀਤ ਵਰਗਾ ਸੀ। ਕਵਰ ਡਰਾਈਵ ਵਿੱਚ ਪੁਰਾਣੀ ਚਮਕ, ਆਨ-ਡਰਾਈਵ ਵਿੱਚ ਉਹੀ ਜਾਣਿਆ-ਪਛਾਣਿਆ ਹਮਲਾਵਰ ਅੰਦਾਜ਼ ਅਤੇ ਰੱਖਿਆਤਮਕ ਸ਼ੌਟਾਂ ਵਿੱਚ "ਕੰਧ ਵਰਗੀ ਸ਼ਾਂਤੀ" ਦਿਖਾਈ ਦਿੱਤੀ।
ਇਹ ਉਹ ਵਿਰਾਟ ਕੋਹਲੀ ਸਨ ਜਿਨ੍ਹਾਂ ਨੂੰ ਦੇਖ ਕੇ ਹਰੇਕ ਗੇਂਦਬਾਜ਼ ਹੱਕਾ-ਬੱਕਾ ਰਹਿ ਜਾਂਦਾ ਹੈ।
ਕਾਮਯਾਬੀ ਦਾ ਰਾਜ਼ ਹੈ ਵਚਨਬੱਧਤਾ

ਤਸਵੀਰ ਸਰੋਤ, Getty Images
ਕੋਹਲੀ ਦੀ ਸਫ਼ਲਤਾ ਦਾ ਰਾਜ਼ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਕਦੇ ਵੀ ਆਪਣੇ ਆਪ ਤੋਂ ਸੰਤੁਸ਼ਟ ਨਾ ਹੋਣ ਦੀ ਉਨ੍ਹਾਂ ਦੀ ਆਦਤ ਹੈ।
17 ਸਾਲਾਂ ਵਿੱਚ 123 ਟੈਸਟ, 306 ਵਨਡੇ ਅਤੇ 125 ਟੀ-20 ਖੇਡਣ ਅਤੇ 27,000 ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਦੇ ਬਾਵਜੂਦ, ਉਨ੍ਹਾਂ ਦੀ ਵਚਨਬੱਧਤਾ ਹੀ ਉਨ੍ਹਾਂ ਨੂੰ ਮਹਾਨ ਖਿਡਾਰੀ ਬਣਾਉਂਦੀ ਹੈ।
ਉਹ ਦੱਖਣੀ ਅਫਰੀਕਾ ਵਿਰੁੱਧ ਮੈਚ ਤੋਂ ਪਹਿਲਾਂ ਜਲਦੀ ਰਾਂਚੀ ਪਹੁੰਚ ਗਏ ਸਨ।
ਮੈਚ ਤੋਂ ਬਾਅਦ ਵਿਰਾਟ ਕੋਹਲੀ ਨੇ ਕਿਹਾ, "ਮੈਂ ਜਲਦੀ ਇਸ ਲਈ ਆਇਆ ਸੀ ਤਾਂ ਜੋ ਹਾਲਾਤ ਨੂੰ ਚੰਗੀ ਤਰ੍ਹਾਂ ਸਮਝ ਸਕਾਂ, ਦਿਨ ਵਿੱਚ ਦੋ ਵਾਰ ਅਤੇ ਸ਼ਾਮ ਨੂੰ ਇੱਕ ਵਾਰ ਬੱਲੇਬਾਜ਼ੀ ਕਰ ਲਵਾਂ ਤਾਂ ਜੋ ਮੇਰੀ ਤਿਆਰੀ ਪੂਰੀ ਹੋ ਜਾਵੇ। ਮੈਂ ਮੈਚ ਤੋਂ ਇੱਕ ਦਿਨ ਪਹਿਲਾਂ ਆਰਾਮ ਕੀਤਾ ਕਿਉਂਕਿ ਮੈਂ ਹੁਣ 37 ਸਾਲਾਂ ਦਾ ਹਾਂ ਅਤੇ ਆਪਣੀ ਰਿਕਵਰੀ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ।"
ਆਲੋਚਕਾਂ ਨੂੰ ਜਵਾਬ

ਤਸਵੀਰ ਸਰੋਤ, Dibyangshu SARKAR / AFP via Getty Images
ਕਲਾਸਿਕ ਕਵਰ ਡਰਾਈਵ: 11ਵੇਂ ਓਵਰ ਵਿੱਚ ਕੋਰਬਿਨ ਬੌਸ਼ ਦੀ ਇੱਕ ਬੈਕ-ਆਫ-ਏ-ਲੈਂਥ ਗੇਂਦ ਆਫ-ਸਟੰਪ ਦੇ ਬਾਹਰ ਪਈ। ਵਿਰਾਟ ਨੇ ਬਿਨਾਂ ਕਿਸੇ ਜ਼ੋਰ ਦੇ ਬਸ ਸਟ੍ਰਾਈਡ ਵਧਾ ਕੇ, ਸਿਰ ਸਥਿਰ ਰੱਖਦੇ ਹੋਏ, ਕਵਰ ਡਰਾਈਵ ਖੇਡੀ। ਗੇਂਦ ਇੰਨੀ ਸਫਾਈ ਨਾਲ ਨਿਕਲੀ ਕਿ ਕਵਰ 'ਚ ਖੜ੍ਹੇ ਫੀਲਡਰ ਸਿਰਫ਼ ਦਰਸ਼ਕ ਬਣ ਕੇ ਰਹਿ ਗਏ।
ਰੱਖਿਆਤਮਕ ਸ਼ਾਂਤੀ: ਜਦੋਂ ਪ੍ਰਨੇਲਨ ਸੁਬ੍ਰੇਅਨ ਸਪਿਨ ਨਾਲ ਦਬਾਅ ਬਣਾ ਰਹੇ ਸਨ, ਉਸ ਵੇਲੇ ਵੀ ਵਿਰਾਟ ਦੇ ਰੱਖਿਆਤਮਕ ਸ਼ੌਟਸ ਵਿੱਚ ਸ਼ਾਂਤੀ ਸੀ। ਉਨ੍ਹਾਂ ਦਾ ਬੱਲਾ ਗੇਂਦ ਦੇ ਬਿਲਕੁਲ ਹੇਠਾਂ ਆਉਂਦਾ, ਅਤੇ ਗੇਂਦ ਹੌਲੀ-ਹੌਲੀ ਉਨ੍ਹਾਂ ਦੇ ਪੈਰਾਂ ਕੋਲ ਡਿੱਗਦੀ। ਇਹ ਦਰਸਾਉਂਦਾ ਹੈ ਕਿ ਉਹ ਗੇਂਦ ਨੂੰ ਦੇਰ ਤੋਂ ਦੇਖ ਰਹੇ ਸਨ, ਜਲਦਬਾਜ਼ੀ ਨਹੀਂ ਕਰ ਰਹੇ ਸਨ ਅਤੇ ਇਸ ਨੇ ਦਿਖਾਇਆ ਕਿ ਉਨ੍ਹਾਂ ਦੀ ਨੀਂਹ ਕਿੰਨੀ ਮਜ਼ਬੂਤ ਸੀ।
52ਵਾਂ ਸੈਂਕੜਾ: ਕੋਹਲੀ ਨੇ ਮਾਰਕੋ ਜੈਨਸਨ ਦੀ ਗੇਂਦ 'ਤੇ ਚੌਕਾ ਜੜ ਕੇ ਆਪਣਾ 52ਵਾਂ ਵਨਡੇ ਸੈਂਕੜਾ ਪੂਰਾ ਕੀਤਾ। ਇਹ ਸੈਂਕੜਾ ਉਨ੍ਹਾਂ ਨੇ ਬੈਕ-ਆਫ-ਏ-ਲੈਂਥ ਗੇਂਦ ਨੂੰ ਬੈਕਵਰਡ ਪੁਆਇੰਟ ਦੇ ਖੱਬੇ ਪਾਸੇ ਸਲਾਇਸ ਕਰਕੇ ਹਾਸਲ ਕੀਤਾ, ਜੋ ਉਨ੍ਹਾਂ ਦੀ ਸ਼ਾਨਦਾਰ ਟਾਈਮਿੰਗ ਦਾ ਸਬੂਤ ਸੀ।
ਫਰਵਰੀ 2025 ਤੋਂ ਬਾਅਦ ਇਹ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਵਿੱਚ ਉਨ੍ਹਾਂ ਦਾ ਪਹਿਲਾ ਅਤੇ ਇਸੇ ਮੈਦਾਨ 'ਤੇ ਤੀਜਾ ਸੈਂਕੜਾ ਸੀ। ਆਪਣਾ ਸੈਂਕੜਾ ਪੂਰਾ ਕਰਨ 'ਤੇ ਉਨ੍ਹਾਂ ਨੇ ਆਪਣਾ ਹੈਲਮੇਟ ਉਤਾਰਿਆ, ਜਸ਼ਨ ਵਿੱਚ ਹਵਾ ਵਿੱਚ ਮੁੱਕਾ ਮਾਰਿਆ, ਅਤੇ ਦਰਸ਼ਕਾਂ ਦੇ ਪਿਆਰ ਦਾ ਸਵਾਗਤ ਕੀਤਾ।
ਸੈਂਕੜਾ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਨੇ ਸੁਬ੍ਰੇਅਨ ਦੇ ਓਵਰ ਦੀਆਂ ਆਖ਼ਰੀ ਤਿੰਨ ਗੇਂਦਾਂ 'ਤੇ 6, 6 ਅਤੇ 4 ਦੌੜਾਂ ਬਣਾਈਆਂ, ਜਿਸ ਨਾਲ ਸਾਬਤ ਹੋਇਆ ਕਿ ਉਨ੍ਹਾਂ ਦੀ ਹਮਲਾਵਰ ਰਫ਼ਤਾਰ ਹੌਲੀ ਪਿੱਚ 'ਤੇ ਵੀ ਬਰਕਰਾਰ ਰਹੀ। 11 ਚੌਕੇ ਅਤੇ 7 ਛੱਕਿਆਂ ਵਾਲੀ ਇਸ ਪਾਰੀ ਨੇ ਦਿਖਾਇਆ ਕਿ ਉਨ੍ਹਾਂ ਦਾ ਸ਼ਾਟ-ਜਜਮੈਂਟ, ਸ਼ਾਟ-ਰੇਂਜ ਅਤੇ ਮਾਨਸਿਕ ਸੰਤੁਲਨ ਸਭ ਆਪਣੇ ਸਿਖਰ 'ਤੇ ਸੀ।
ਰਾਂਚੀ ਦੀ ਪਿੱਚ 'ਤੇ ਉਨ੍ਹਾਂ ਦੀ ਬੱਲੇਬਾਜ਼ੀ ਇੱਕ ਬੇਹਤਰੀਨ ਮਾਸਟਰਕਲਾਸ ਸਾਬਤ ਹੋਈ। 37 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਨੇ ਇਸ ਤਰ੍ਹਾਂ ਖੇਡਿਆ ਜਿਵੇਂ ਉਹ ਅਜੇ ਵੀ 25 ਸਾਲ ਦੇ ਹੋਣ- ਫਿੱਟ ਅਤੇ ਫੁਰਤੀਲੇ।

ਮਾਨਸਿਕ ਮਜ਼ਬੂਤੀ
ਉਹ ਮੈਚ ਨੂੰ ਖੇਡਣ ਤੋਂ ਪਹਿਲਾਂ ਹੀ ਉਸ ਨੂੰ ਆਪਣੇ ਦਿਮਾਗ਼ ਵਿੱਚ ਕਈ ਵਾਰ ਖੇਡ ਲੈਂਦੇ ਹਨ।
ਕੋਹਲੀ ਦਾ ਕਹਿਣਾ ਹੈ, "ਮੈਂ ਕਦੇ ਵੀ ਬਹੁਤ ਜ਼ਿਆਦਾ ਤਿਆਰੀ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ। ਮੇਰੀ ਪੂਰੀ ਕ੍ਰਿਕਟ ਹਮੇਸ਼ਾ ਮਾਨਸਿਕ ਰਹੀ ਹੈ। ਮੈਂ ਸਰੀਰਕ ਤੌਰ 'ਤੇ ਸਖ਼ਤ ਮਿਹਨਤ ਕਰਦਾ ਹਾਂ ਅਤੇ ਜਿੰਨਾ ਚਿਰ ਮੇਰਾ ਫਿਟਨੈਸ ਪੱਧਰ ਉੱਚਾ ਰਹਿੰਦਾ ਹੈ, ਮੈਂ ਬੱਲੇਬਾਜ਼ੀ ਬਾਰੇ ਸਪਸ਼ਟ ਤੌਰ 'ਤੇ ਸੋਚ ਸਕਦਾ ਹਾਂ ਅਤੇ ਚੰਗਾ ਮਹਿਸੂਸ ਕਰ ਸਕਦਾ ਹਾਂ।"
ਵਿਰਾਟ ਕੋਹਲੀ ਕਹਿੰਦੇ ਹਨ, "ਮੈਂ ਖੇਡ ਬਾਰੇ ਬਹੁਤ ਕਲਪਨਾਸ਼ੀਲ ਰਹਿੰਦਾ ਹਾਂ। ਜਦੋਂ ਮੈਂ ਖੇਡ ਬਾਰੇ ਸੋਚਦੇ ਹੋਏ ਆਪਣੇ ਆਪ ਨੂੰ ਤੀਬਰ, ਕੇਂਦ੍ਰਿਤ ਅਤੇ ਧਾਰਦਾਰ ਮਹਿਸੂਸ ਕਰਦਾ ਹਾਂ, ਤਾਂ ਮੈਨੂੰ ਪਤਾ ਹੁੰਦਾ ਹੈ ਕਿ ਮੈਂ ਮੈਦਾਨ 'ਤੇ ਜਾ ਕੇ ਆਪਣੇ ਖੇਡ ਨੂੰ ਪੂਰੀ ਸਹਿਜਤਾ ਨਾਲ ਨਿਭਾ ਸਕਦਾ ਹਾਂ।"
ਉਨ੍ਹਾਂ ਦੀ ਵਿਕਟ ਇੱਕ ਬੈਕ-ਆਫ-ਏ-ਲੈਂਥ ਗੇਂਦ 'ਤੇ ਡਿੱਗੀ, ਜੋ ਪੰਜਵੀਂ ਸਟੰਪ ਲਾਈਨ 'ਤੇ ਖੜ੍ਹੀ ਸੀ।
ਕੋਹਲੀ ਸ਼ੁਰੂਆਤ ਵਿੱਚ ਹੀ ਤੇਜ਼ੀ ਨਾਲ ਅੱਗੇ ਵਧੇ ਅਤੇ ਗੇਂਦ ਨੂੰ ਐਕਸਟ੍ਰਾ ਕਵਰ ਦੇ ਉੱਪਰ ਫਲੈਟ-ਬੈਟ ਕਰਨ ਦੀ ਕੋਸ਼ਿਸ਼ ਕੀਤੀ। ਪਰ ਥੋੜ੍ਹਾ ਜਿਹਾ ਬਾਹਰੀ ਕਿਨਾਰਾ ਲੱਗਣ ਕਾਰਨ ਗੇਂਦ ਉੱਚੀ ਉੱਛਲ ਗਈ।
ਕਵਰ ਤੋਂ ਰਿਕਲਟਨ ਨੇ ਕਮਾਲ ਦਾ ਐਥਲੈਟਿਸਿਜ਼ਮ ਦਿਖਾਉਂਦੇ ਹੋਏ ਤਿਰਛੀ ਦਿਸ਼ਾ 'ਚ ਲੰਬੀ ਦੌੜ ਲਗਾਈ ਅਤੇ ਫੁਲ ਲੈਂਥ ਡਾਈਵ ਮਾਰਦੇ ਹੋਏ ਸਲਾਈਡਿੰਗ ਕੈਚ ਲਪਕਿਆ। ਇਹ ਗੇਂਦ ਲਗਭਗ 115 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਆਈ ਸੀ, ਪਰ ਉਨ੍ਹਾਂ ਦਾ ਕੈਚ 'ਤੇ ਪੂਰਾ ਕੰਟਰੋਲ ਸੀ।
ਰੀਪਲੇਅ ਵਿੱਚ ਮਾਰਕਰਾਮ ਵੀ ਨਜ਼ਰ ਆਏ, ਜੋ ਨੇੜੇ ਜਾ ਕੇ ਕੋਹਲੀ ਨੂੰ ਲੋਅ ਫਾਈਵ ਦੇ ਕੇ ਉਨ੍ਹਾਂ ਦੀ ਸ਼ਾਨਦਾਰ ਪਾਰੀ ਦਾ ਸਨਮਾਨ ਕਰ ਰਹੇ ਸਨ।
ਇਹ ਪਾਰੀ 'ਅਰਥਪੂਰਨ' ਕਿਉਂ ਹੈ?

ਤਸਵੀਰ ਸਰੋਤ, Dibyangshu SARKAR / AFP via Getty Images
ਵਿਰਾਟ ਕੋਹਲੀ ਨੇ ਰਾਂਚੀ ਵਿੱਚ ਜੋ ਪਾਰੀ ਖੇਡੀ, ਉਹ ਉਨ੍ਹਾਂ ਦੇ ਕਰੀਅਰ ਦੇ ਇਸ ਮਹੱਤਵਪੂਰਨ ਪੜਾਅ 'ਤੇ ਇੱਕ ਜ਼ੋਰਦਾਰ ਐਲਾਨ ਸੀ।
ਮੂਕ ਦਬਾਅ: ਪਿਛਲੇ ਨੌਂ ਮਹੀਨਿਆਂ ਤੋਂ ਵਿਰਾਟ ਆਪਣੇ 52ਵੇਂ ਸੈਂਕੜੇ ਦੀ ਉਡੀਕ ਕਰ ਰਹੇ ਸਨ। ਇਹ ਸਿਰਫ਼ ਸਮੇਂ ਦੀ ਲੰਮੀ ਉਡੀਕ ਹੀ ਨਹੀਂ ਸੀ, ਸਗੋਂ ਇੱਕ ਮੂਕ ਰਾਸ਼ਟਰੀ ਦਬਾਅ ਵੀ ਸੀ। ਹਰੇਕ ਇਨਿੰਗ ਇੱਕ ਦੇਸ਼ ਵਿਆਪੀ ਬਹਿਸ ਬਣ ਜਾਂਦੀ ਸੀ: "ਕੀ ਵਿਰਾਟ 2027 ਵਿਸ਼ਵ ਕੱਪ ਤੱਕ ਖੇਡ ਸਕਣਗੇ?"
ਜ਼ਬਰਦਸਤ ਵਾਪਸੀ: ਕੁਝ ਹਫ਼ਤੇ ਪਹਿਲਾਂ ਉਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਲਗਾਤਾਰ ਦੋ ਵਾਰ ਡਕ ਆਊਟ (ਜ਼ੀਰੋ 'ਤੇ ਆਊਟ) ਹੋਣਾ ਪਿਆ, ਪਰ ਵਿਰਾਟ ਦਾ ਜਵਾਬ ਕਲੀਨਿਕਲ ਰਿਹਾ: ਪਹਿਲਾਂ ਸਿਡਨੀ ਵਿੱਚ 74* (ਨਾਬਾਦ), ਅਤੇ ਹੁਣ ਰਾਂਚੀ ਵਿੱਚ 135 ਦੌੜਾਂ।
ਪ੍ਰਤੀਕਾਤਮਕ ਜਸ਼ਨ: ਸੈਂਕੜੇ ਦਾ ਜਸ਼ਨ ਸਿਰਫ਼ ਰੁਟੀਨ ਨਹੀਂ ਸੀ, ਇਹ ਦਬਾਅ ਤੋਂ ਮਿਲੀ ਮੁਕਤੀ ਅਤੇ ਖੁਦ 'ਤੇ ਇੱਕ ਵਾਰ ਫਿਰ ਮੋਹਰ ਲਗਾਉਣ ਦਾ ਪਲ਼ ਸੀ। ਇਹ ਸੈਂਕੜਾ ਰੁਟੀਨ ਨਹੀਂ ਸੀ, ਇਹ ਜ਼ਰੂਰੀ ਸੀ ਅਤੇ ਇਹ ਸੰਕੇਤਾਮਕ ਸੀ।
135 ਦੌੜਾਂ ਦੀ ਇਹ ਪਾਰੀ ਉਮਰ, ਫਾਰਮੈਟ ਜਾਂ ਰਾਜਨੀਤੀ ਦੀ ਪਰਵਾਹ ਕੀਤੇ ਬਿਨਾਂ ਦਰਸਾਉਂਦੀ ਹੈ ਕਿ ਵਿਰਾਟ ਅਜੇ ਵੀ ਦੁਨੀਆ ਦੇ ਸਭ ਤੋਂ ਭਰੋਸੇਮੰਦ, ਬੁੱਧੀਮਾਨ ਅਤੇ ਫਿੱਟ ਬੱਲੇਬਾਜ਼ ਹਨ।
ਸਾਬਕਾ ਭਾਰਤੀ ਮੁੱਖ ਕੋਚ ਰਵੀ ਸ਼ਾਸਤਰੀ ਨੇ ਇਹ ਸਭ ਤੋਂ ਵਧੀਆ ਗੱਲ ਕਹੀ:
"ਇਹ ਹੈ ਉਨ੍ਹਾਂ ਦਾ 52ਵਾਂ ਸੈਂਕੜਾ। ਬਾਊਂਡ੍ਰੀ ਨਾਲ ਪੂਰਾ ਕੀਤਾ। ਹਵਾ ਵਿੱਚ ਮੁੱਕਾ ਮਾਰ ਕੇ ਜਸ਼ਨ ਮਨਾਇਆ। ਇਹ ਇੰਤਜ਼ਾਰ ਬਹੁਤ ਲੰਮਾ ਸੀ। ਹੁਣ ਇਹ ਉਹੀ ਫਾਰਮੈਟ ਹੈ ਜਿਸ ਨੂੰ ਉਹ ਸਭ ਤੋਂ ਵੱਧ ਖੇਡਦੇ ਹਨ, ਅਤੇ ਇਸ ਪਾਰੀ ਨੇ ਬਹੁਤ ਸਾਰੇ ਲੋਕਾਂ ਨੂੰ ਚੁੱਪ ਕਰਵਾ ਦਿੱਤਾ ਹੋਵੇਗਾ। ਇਸ ਮੈਦਾਨ 'ਤੇ ਉਨ੍ਹਾਂ ਦਾ ਤੀਜਾ ਸੈਂਕੜਾ। ਇਹ ਪਾਰੀ ਸ਼ਾਨਦਾਰ ਸੀ, ਖ਼ਾਸ ਕਰਕੇ ਜਿਸ ਅੰਦਾਜ਼ ਨਾਲ ਉਹ ਪਹੁੰਚੇ - ਉਸ ਸ਼ੌਟ ਦੀ ਟਾਈਮਿੰਗ ਬਸ ਕਮਾਲ ਦੀ ਸੀ।"
ਰੋਹਿਤ ਸ਼ਰਮਾ ਦੀ ਪ੍ਰਤੀਕਿਰਿਆ ਚਰਚਾ ਦਾ ਵਿਸ਼ਾ

ਤਸਵੀਰ ਸਰੋਤ, Dibyangshu SARKAR / AFP via Getty Images
ਡਰੈਸਿੰਗ ਰੂਮ ਵਿੱਚ ਮੌਜੂਦ ਤਤਕਾਲੀ ਕਪਤਾਨ ਰੋਹਿਤ ਸ਼ਰਮਾ ਦੀ ਇੱਕ ਅਨਫ਼ਿਲਟਰਡ ਅਤੇ ਬਹੁਤ ਖੁਸ਼ੀ ਵਾਲੀ ਪ੍ਰਤੀਕਿਰਿਆ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ।
ਜਿਵੇਂ ਹੀ ਵਿਰਾਟ ਕੋਹਲੀ ਨੇ ਆਪਣਾ ਸੈਂਕੜਾ ਪੂਰਾ ਕੀਤਾ, ਰੋਹਿਤ ਖੁਸ਼ੀ ਵਿੱਚ ਖੜ੍ਹੇ ਹੋ ਗਏ, ਜ਼ੋਰਦਾਰ ਤਾੜੀਆਂ ਮਾਰੀਆਂ ਅਤੇ ਖੁਸ਼ੀ ਦੇ ਪਲ ਦੌਰਾਨ ਉਨ੍ਹਾਂ ਦੇ ਮੂੰਹੋਂ ਨਿਕਲੇ ਕੁਝ ਅਪਸ਼ਬਦ ਵੀ ਕੈਮਰੇ 'ਚ ਰਿਕਾਰਡ ਹੋ ਗਏ।
ਇਹ ਦ੍ਰਿਸ਼ ਨਾ ਸਿਰਫ਼ ਕੋਹਲੀ ਦੀ ਪ੍ਰਾਪਤੀ 'ਤੇ ਰੋਹਿਤ ਦੀ ਸੱਚੀ ਖੁਸ਼ੀ ਨੂੰ ਦਰਸਾਉਂਦਾ ਹੈ, ਸਗੋਂ ਦੋ ਮਹਾਨ ਖਿਡਾਰੀਆਂ ਵਿਚਕਾਰ ਸਮਝ, ਸਤਿਕਾਰ ਅਤੇ ਡੂੰਘੀ ਦੋਸਤੀ ਨੂੰ ਵੀ ਉਜਾਗਰ ਕਰਦਾ ਹੈ।
ਇਹ ਕਲਿੱਪ ਤੁਰੰਤ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਵਾਇਰਲ ਹੋ ਗਈ ਅਤੇ ਮੈਚ ਦੀਆਂ ਸਭ ਤੋਂ ਯਾਦਗਾਰੀ ਝਲਕੀਆਂ ਵਿੱਚੋਂ ਇੱਕ ਬਣ ਉੱਭਰੀ।
ਟੈਸਟ ਸੰਨਿਆਸ ਦੀ ਕੌੜੀ ਸੱਚਾਈ
ਪਾਰਟੀ ਤੋਂ ਬਾਅਦ, ਜਦੋਂ ਹਰਸ਼ਾ ਭੋਗਲੇ ਨੇ ਸੰਨਿਆਸ ਦੇ ਫ਼ੈਸਲੇ ਨੂੰ ਪਲਟਣ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਹੁਣ ਸੰਨਿਆਸ ਤੱਕ ਭਾਰਤ ਲਈ "ਇੱਕ-ਫਾਰਮੈਟ ਦੇ ਖਿਡਾਰੀ" ਹਨ।
ਉਨ੍ਹਾਂ ਦੀ ਟੈਸਟ ਸੰਨਿਆਸ ਕ੍ਰਿਕਟ ਕਾਰਨਾਂ ਦੀ ਬਜਾਏ ਰਾਜਨੀਤਿਕ ਦਬਾਅ ਦਾ ਨਤੀਜਾ ਵਧੇਰੇ ਪ੍ਰਤੀਤ ਹੋਇਆ।
ਵਿਰਾਟ ਕੋਹਲੀ ਨੇ ਜਨਵਰੀ 2022 ਵਿੱਚ ਟੈਸਟ ਕਪਤਾਨੀ ਉਸ ਵਿਵਾਦ ਤੋਂ ਬਾਅਦ ਛੱਡੀ, ਜਿਸ ਦੀ ਸ਼ੁਰੂਆਤ ਟੀ-20 ਲੀਡਰਸ਼ਿਪ ਤੋਂ ਉਨ੍ਹਾਂ ਦੇ ਸਵੈ-ਇੱਛਾ ਨਾਲ ਅਸਤੀਫ਼ਾ ਦੇਣ ਨਾਲ ਸ਼ੁਰੂ ਹੋਈ ਸੀ।
ਸਤੰਬਰ 2021 ਵਿੱਚ ਉਨ੍ਹਾਂ ਟੀ-20 ਕਪਤਾਨੀ ਛੱਡ ਦਿੱਤੀ ਸੀ ਪਰ ਵਨਡੇ ਅੰਤਰਰਾਸ਼ਟਰੀ ਅਤੇ ਟੈਸਟ ਦੀ ਕਪਤਾਨੀ ਜਾਰੀ ਰੱਖਣ ਦੀ ਇੱਛਾ ਪ੍ਰਗਟ ਕੀਤੀ। ਇਸ ਦੇ ਬਾਵਜੂਦ, ਦਸੰਬਰ 2021 ਵਿੱਚ ਬੀਸੀਸੀਆਈ ਨੇ ਅਚਾਨਕ ਉਨ੍ਹਾਂ ਨੂੰ ਵਨਡੇ ਅੰਤਰਰਾਸ਼ਟਰੀ ਕਪਤਾਨੀ ਤੋਂ ਹਟਾ ਦਿੱਤਾ ਅਤੇ ਕੋਹਲੀ ਦੇ ਅਨੁਸਾਰ, ਉਨ੍ਹਾਂ ਨੂੰ ਇਸ ਫ਼ੈਸਲੇ ਬਾਰੇ ਸਿਰਫ 90 ਮਿੰਟ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ।
ਦੱਖਣੀ ਅਫਰੀਕਾ ਦੌਰੇ 'ਤੇ ਹਾਰ ਤੋਂ ਬਾਅਦ, ਉਨ੍ਹਾਂ ਨੇ ਵਧਦੇ ਮਤਭੇਦਾਂ ਅਤੇ ਪੂਰੇ ਘਟਨਾਕ੍ਰਮ ਤੋਂ ਪੈਦਾ ਹੋਈ ਅਸਹਿਜ ਸਥਿਤੀ ਕਾਰਨ 15 ਜਨਵਰੀ, 2022 ਨੂੰ ਟੈਸਟ ਕਪਤਾਨੀ ਵੀ ਛੱਡ ਦਿੱਤੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












