ਮਹਿਲਾ ਡਾਕਟਰ ਨੇ ਸੁਸਾਈਡ ਨੋਟ ਲਿਖ ਕੇ ਕੀਤੀ ਖੁਦਕੁਸ਼ੀ, ਫ਼ਰਾਰ ਪੁਲਿਸ ਮੁਲਾਜ਼ਮ ਵੱਲੋਂ ਆਤਮ ਸਮਰਪਣ, ਬਲਾਤਕਾਰ ਸਮੇਤ ਕੀ ਇਲਜ਼ਾਮ ਲੱਗੇ

ਲੰਘੇ ਵੀਰਵਾਰ ਨੂੰ ਇੱਕ ਮਹਿਲਾ ਡਾਕਟਰ ਨੇ ਸਤਾਰਾ ਦੇ ਫਲਟਣ ਦੇ ਇੱਕ ਹੋਟਲ ਵਿੱਚ ਖੁਦਕੁਸ਼ੀ ਕਰ ਲਈ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੰਘੇ ਵੀਰਵਾਰ ਨੂੰ ਇੱਕ ਮਹਿਲਾ ਡਾਕਟਰ ਨੇ ਸਤਾਰਾ ਦੇ ਫਲਟਣ ਦੇ ਇੱਕ ਹੋਟਲ ਵਿੱਚ ਖੁਦਕੁਸ਼ੀ ਕਰ ਲਈ ਸੀ

ਮਹਾਰਾਸ਼ਟਰ ਦੇ ਸਤਾਰਾ ਵਿੱਚ ਇੱਕ ਮਹਿਲਾ ਡਾਕਟਰ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਇੱਕ ਪੁਲਿਸ ਮੁਲਾਜ਼ਮ ਨੇ ਆਤਮ ਸਮਰਪਣ ਕਰ ਦਿੱਤਾ ਹੈ। ਇਸ ਤੋਂ ਪਹਿਲਾ ਇਸ ਕੇਸ ਵਿੱਚ ਇੱਕ ਗ੍ਰਿਫ਼ਤਾਰੀ ਹੋ ਚੁੱਕੀ ਹੈ।

ਮ੍ਰਿਤਕ ਮਹਿਲਾ ਨੇ ਆਪਣੇ ਹੱਥ ਦੀ ਤਲੀ 'ਤੇ ਲਿਖੇ ਕਥਿਤ ਸੁਸਾਈਡ ਨੋਟ ਵਿੱਚ ਇੱਕ ਪੁਲਿਸ ਅਧਿਕਾਰੀ ਅਤੇ ਇੱਕ ਹੋਰ ਵਿਅਕਤੀ 'ਤੇ ਜਿਨਸੀ ਸ਼ੋਸ਼ਣ ਸਮੇਤ ਕਈ ਗੰਭੀਰ ਇਲਜ਼ਾਮ ਲਗਾਏ ਹਨ।

ਇਸ ਘਟਨਾ ਨੇ ਸਤਾਰਾ ਜ਼ਿਲ੍ਹੇ ਵਿੱਚ ਹਲਚਲ ਮਚਾ ਦਿੱਤੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਮਾਮਲੇ ਵਿੱਚ ਇੱਕ ਮੁਲਜ਼ਮ ਪੀਐਸਆਈ ਗੋਪਾਲ ਬਦਨੇ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਫਰਾਰ ਸਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਸੀ।

ਇਸ ਦੌਰਾਨ, ਬਦਨੇ ਖੁਦ ਸ਼ਨੀਵਾਰ (25 ਅਕਤੂਬਰ) ਨੂੰ ਫਲਟਣ ਪੁਲਿਸ ਸਟੇਸ਼ਨ ਵਿੱਚ ਪੇਸ਼ ਹੋ ਗਏ। ਹਾਲਾਂਕਿ ਪੁਲਿਸ ਨੇ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਇਸ ਤੋਂ ਪਹਿਲਾਂ ਪੁਲਿਸ ਨੇ ਮਹਾਰਾਸ਼ਟਰ ਦੇ ਪੁਣੇ ਤੋਂ ਪ੍ਰਸ਼ਾਂਤ ਬੰਕਰ ਨਾਮ ਦੇ ਇੱਕ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ।

ਫਲਟਣ ਪੁਲਿਸ ਨੇ ਦੱਸਿਆ ਹੈ ਕਿ ਮੁਲਜ਼ਮ ਪ੍ਰਸ਼ਾਂਤ ਬੰਕਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 28 ਅਕਤੂਬਰ ਤੱਕ ਚਾਰ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

(ਆਤਮਹੱਤਿਆ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ ਤੋਂ ਗੁਜ਼ਰ ਰਹੇ ਹੋ ਤਾਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਮਾਮਲਾ ਕੀ ਹੈ?

ਮਹਿਲਾ ਦੇ ਹੱਥ 'ਤੇ ਲਿਖਿਆ ਕਥਿਤ ਸੁਸਾਈਡ ਨੋਟ
ਤਸਵੀਰ ਕੈਪਸ਼ਨ, ਮਹਿਲਾ ਨੇ ਆਪਣੇ ਹੱਥ 'ਤੇ ਲਿਖੇ ਕਥਿਤ ਸੁਸਾਈਡ ਨੋਟ ਵਿੱਚ ਇੱਕ ਪੁਲਿਸ ਅਧਿਕਾਰੀ ਅਤੇ ਇੱਕ ਹੋਰ ਵਿਅਕਤੀ 'ਤੇ ਜਿਨਸੀ ਸ਼ੋਸ਼ਣ ਸਮੇਤ ਕਈ ਗੰਭੀਰ ਇਲਜ਼ਾਮ ਲਗਾਏ ਹਨ

ਲੰਘੇ ਵੀਰਵਾਰ, 23 ਅਕਤੂਬਰ ਨੂੰ ਇੱਕ ਮਹਿਲਾ ਡਾਕਟਰ ਨੇ ਸਤਾਰਾ ਦੇ ਫਲਟਣ ਦੇ ਇੱਕ ਹੋਟਲ ਵਿੱਚ ਖੁਦਕੁਸ਼ੀ ਕਰ ਲਈ ਸੀ। ਮਹਿਲਾ ਦੇ ਹੱਥ 'ਤੇ ਜੋ ਸੁਸਾਈਡ ਨੋਟ ਲਿਖਿਆ ਹੈ, ਉਸ ਵਿੱਚ ਇੱਕ ਪੁਲਿਸ ਅਧਿਕਾਰੀ ਅਤੇ ਇੱਕ ਹੋਰ ਵਿਅਕਤੀ ਦੇ ਨਾਮ ਸ਼ਾਮਲ ਸੀ।

ਮਹਿਲਾ ਡਾਕਟਰ ਨੇ ਇਲਜ਼ਾਮ ਲਗਾਇਆ ਹੈ ਕਿ ਇੱਕ ਪੁਲਿਸ ਅਧਿਕਾਰੀ ਨੇ ਉਸ ਨਾਲ ਚਾਰ ਵਾਰ ਬਲਾਤਕਾਰ ਕੀਤਾ, ਜਦਕਿ ਇੱਕ ਹੋਰ ਵਿਅਕਤੀ ਨੇ ਉਸ ਦਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਸ਼ੋਸ਼ਣ ਕੀਤਾ।

ਮ੍ਰਿਤਕ ਮਹਿਲਾ ਦੇ ਭਰਾ ਨੇ ਦਾਅਵਾ ਕੀਤਾ ਹੈ ਕਿ ਮਹਿਲਾ ਡਾਕਟਰ 'ਤੇ ਝੂਠੀ ਪੋਸਟਮਾਰਟਮ ਰਿਪੋਰਟ ਤਿਆਰ ਕਰਨ ਲਈ ਸਿਆਸੀ ਅਤੇ ਪੁਲਿਸ, ਦੋਵਾਂ ਪੱਖਾਂ ਵੱਲੋਂ ਭਾਰੀ ਦਬਾਅ ਸੀ।

ਮਹਿਲਾ ਦੇ ਰਿਸ਼ਤੇਦਾਰਾਂ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ (ਮਹਿਲਾ ਡਾਕਟਰ) ਨੂੰ ਸੰਸਦ ਮੈਂਬਰ ਦੇ ਨਿੱਜੀ ਸਹਾਇਕ ਵੱਲੋਂ ਅਜਿਹੀ ਝੂਠੀ ਰਿਪੋਰਟ ਤਿਆਰ ਕਰਨ ਲਈ ਫੋਨ ਆਉਂਦੇ ਸਨ।

ਸਤਾਰਾ ਦੇ ਪੁਲਿਸ ਸੁਪਰਿਟੇਂਡੈਂਟ ਤੁਸ਼ਾਰ ਦੋਸ਼ੀ

ਇਸ ਸਬੰਧ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ ਮਹਿਲਾ ਦੇ ਭਰਾ ਨੇ ਕਿਹਾ, "ਪਿਛਲੇ ਇੱਕ ਸਾਲ ਤੋਂ ਉਸ 'ਤੇ ਸਿਆਸਤਦਾਨਾਂ ਅਤੇ ਪੁਲਿਸ ਵੱਲੋਂ ਝੂਠੀ ਪੋਸਟਮਾਰਟਮ ਰਿਪੋਰਟ ਤਿਆਰ ਕਰਨ ਦਾ ਬਹੁਤ ਦਬਾਅ ਸੀ। ਉਹ ਵਾਰ-ਵਾਰ ਆਪਣੀ ਭੈਣ ਨੂੰ ਇਸ ਬਾਰੇ ਦੱਸਦੀ ਸੀ।"

"ਪਰ, ਮੈਂ ਨਹੀਂ ਸੋਚਿਆ ਸੀ ਕਿ ਉਸ 'ਤੇ ਇੰਨਾ ਦਬਾਅ ਹੋਵੇਗਾ। ਆਖਿਰਕਾਰ ਥੱਕ ਕੇ, ਉਸ ਨੇ ਖੁਦਕੁਸ਼ੀ ਕਰ ਲਈ।"

ਭਰਾ ਨੇ ਅੱਗੇ ਕਿਹਾ, "ਉਨ੍ਹਾਂ ਨੇ ਆਪਣੇ ਹੱਥ 'ਤੇ ਉਨ੍ਹਾਂ ਲੋਕਾਂ ਦੇ ਨਾਮ ਲਿਖੇ ਹਨ, ਜਿਨ੍ਹਾਂ ਨੇ ਉਸ ਨੂੰ ਪਰੇਸ਼ਾਨ ਕੀਤਾ। ਉਸ ਨੇ ਪਿਛਲੇ ਦੋ ਸਾਲਾਂ 'ਚ ਡੀਐਸਪੀ ਅਤੇ ਐਸਪੀ ਨੂੰ ਵੀ ਇਸ ਬਾਰੇ ਸ਼ਿਕਾਇਤ ਪੱਤਰ ਲਿਖੇ ਸਨ।"

"ਦਫ਼ਤਰ 'ਚ ਉਨ੍ਹਾਂ ਦੇ ਪੱਤਰਾਂ ਦੇ ਆਉਣ-ਜਾਣ ਦਾ ਰਿਕਾਰਡ ਵੀ ਦਰਜ ਕੀਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਦੀ ਸ਼ਿਕਾਇਤ 'ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਇਲਾਵਾ, ਉਸ ਨੇ ਕੁਝ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਆਰਟੀਆਈ ਵੀ ਦਾਇਰ ਕੀਤੀ ਸੀ, ਪਰ ਉਸ ਦਾ ਵੀ ਕੋਈ ਜਵਾਬ ਨਹੀਂ ਮਿਲਿਆ।"

ਮੁੱਖ ਮੰਤਰੀ ਬੋਲੇ - ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਣਵੀਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਣਵੀਸ (ਫਾਈਲ ਫੋਟੋ)

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਣਵੀਸ ਨੇ ਇਸ ਨੂੰ ਬਹੁਤ ਗੰਭੀਰ ਅਤੇ ਦੁਖਦਾਈ ਘਟਨਾ ਦੱਸਿਆ।

ਮੁੰਬਈ 'ਚ ਇੱਕ ਸਮਾਗਮ 'ਚ ਸ਼ਾਮਲ ਹੋਣ ਪਹੁੰਚੇ ਸੀਐਮ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ, "ਸਰਕਾਰ ਨੇ ਤੁਰੰਤ ਸਬੰਧਤ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਗ੍ਰਿਫ਼ਤਾਰ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਸ ਮਾਮਲੇ ਵਿੱਚ ਜੋ ਕੋਈ ਵੀ ਸ਼ਾਮਲ ਪਾਇਆ ਜਾਵੇਗਾ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।"

ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ, "ਵਿਰੋਧੀ ਧਿਰ ਇਸ ਮੁੱਦੇ 'ਤੇ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਨਹੀਂ ਹੋਣੀ ਚਾਹੀਦੀ।"

ਪੁਲਿਸ ਨੇ ਪਹਿਲਾਂ ਕਾਰਵਾਈ ਕਿਉਂ ਨਹੀਂ ਕੀਤੀ?

ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਡਾਕਟਰ ਦੁਆਰਾ ਆਪਣੇ ਸੁਸਾਈਡ ਨੋਟ ਵਿੱਚ ਨਾਮਜ਼ਦ ਦੋ ਵਿਅਕਤੀਆਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦਕਿ ਪਹਿਲਾਂ ਫਰਾਰ ਦੱਸੇ ਜਾ ਰਹੇ ਪੁਲਿਸ ਅਧਿਕਾਰੀ ਖੁਦ ਪੁਲਿਸ ਅੱਗੇ ਪੇਸ਼ ਹੋ ਗਏ ਹਨ।

ਸਤਾਰਾ ਦੇ ਪੁਲਿਸ ਸੁਪਰਿਟੇਂਡੈਂਟ ਤੁਸ਼ਾਰ ਦੋਸ਼ੀ ਨੇ ਦੱਸਿਆ ਕਿ ਜਿਸ ਪੁਲਿਸ ਅਧਿਕਾਰੀ 'ਤੇ ਮਹਿਲਾ ਡਾਕਟਰ ਨੇ ਚਾਰ ਵਾਰ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਹੈ, ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।

ਮੀਡੀਆ ਨਾਲ ਗੱਲ ਕਰਦੇ ਹੋਏ, ਪੁਲਿਸ ਸੁਪਰਿਟੇਂਡੈਂਟ ਤੁਸ਼ਾਰ ਦੋਸ਼ੀ ਨੇ ਕਿਹਾ, "ਮਾਮਲਾ ਸ਼ੁੱਕਰਵਾਰ ਸਵੇਰੇ ਦਰਜ ਕੀਤਾ ਗਿਆ ਹੈ। ਮਹਿਲਾ ਡਾਕਟਰ ਨੇ ਆਪਣੇ ਹੱਥ 'ਤੇ ਦੋ ਨਾਮ ਲਿਖੇ ਹਨ। ਇਸ ਵਿੱਚ ਫਲਟਣ ਦਿਹਾਤੀ ਦੇ ਪੀਐਸਆਈ (ਪੁਲਿਸ ਸਬ-ਇੰਸਪੈਕਟਰ) ਅਤੇ ਇੱਕ ਹੋਰ ਵਿਅਕਤੀ ਦਾ ਜ਼ਿਕਰ ਹੈ।"

ਸਤਾਰਾ ਦੇ ਪੁਲਿਸ ਸੁਪਰਿਟੇਂਡੈਂਟ ਤੁਸ਼ਾਰ ਦੋਸ਼ੀ
ਤਸਵੀਰ ਕੈਪਸ਼ਨ, ਸਤਾਰਾ ਦੇ ਪੁਲਿਸ ਸੁਪਰਿਟੇਂਡੈਂਟ ਤੁਸ਼ਾਰ ਦੋਸ਼ੀ ਨੇ ਕਿਹਾ ਕਿ ਪਹਿਲਾਂ ਇਹ ਸਾਬਤ ਕਰਨਾ ਪਵੇਗਾ ਕਿ ਇਹ ਖੁਦਕੁਸ਼ੀ ਸੀ, ਉਸ ਤੋਂ ਬਾਅਦ ਖੁਦਕੁਸ਼ੀ ਦਾ ਕਾਰਨ ਪਤਾ ਲਗਾਉਣਾ ਪਵੇਗਾ

ਡਾਕਟਰ ਨੇ ਮੁਲਜ਼ਮ 'ਤੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੇ ਨਾਲ-ਨਾਲ ਬਲਾਤਕਾਰ ਦਾ ਇਲਜ਼ਾਮ ਵੀ ਲਗਾਇਆ ਹੈ।

ਪੁਲਿਸ ਨੇ ਪਹਿਲਾਂ ਦੱਸਿਆ ਸੀ ਕਿ, "ਮਾਮਲਾ ਦੋ ਧਾਰਾਵਾਂ - ਬਲਾਤਕਾਰ ਅਤੇ ਖੁਦਕੁਸ਼ੀ ਲਈ ਉਕਸਾਉਣਾ ਦੇ ਤਹਿਤ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਟੀਮ ਭੇਜੀ ਗਈ ਹੈ। ਕਿਉਂਕਿ ਸਬ-ਇੰਸਪੈਕਟਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ, ਇਸ ਲਈ ਉਨ੍ਹਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ।"

ਪੁਲਿਸ ਤੋਂ ਇੱਕ ਸਵਾਲ ਇਹ ਪੁੱਛਿਆ ਗਿਆ ਕਿ ਕੀ ਮਹਿਲਾ ਡਾਕਟਰ ਨੇ ਸ਼ਿਕਾਇਤ ਕੀਤੀ ਸੀ ਕਿ ਉਸ 'ਤੇ ਝੂਠੀ ਰਿਪੋਰਟ ਦੇਣ ਲਈ ਦਬਾਅ ਪਾਇਆ ਜਾ ਰਿਹਾ ਸੀ?

ਇਸ ਸਵਾਲ ਦਾ ਜਵਾਬ ਦਿੰਦੇ ਹੋਏ ਪੁਲਿਸ ਨੇ ਕਿਹਾ, ''ਮਹਿਲਾ ਨੇ ਉਸ ਸਮੇਂ ਦੇ ਐਸਡੀਪੀਓ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਉਨ੍ਹਾਂ (ਮਹਿਲਾ) ਦੇ ਖ਼ਿਲਾਫ਼ ਜ਼ਿਲ੍ਹਾ ਸਰਜਨ ਕੋਲ ਸ਼ਿਕਾਇਤ ਦਰਜ ਕਰਵਾਈ। ਦੋਵੇਂ ਸ਼ਿਕਾਇਤਾਂ ਇੱਕ-ਦੂਜੇ ਵਿਰੁੱਧ ਦਰਜ ਕੀਤੀਆਂ ਗਈਆਂ ਸਨ।"

ਪਰਿਵਾਰ ਦਾ ਇਲਜ਼ਾਮ ਹੈ ਕਿ ਮਹਿਲਾ ਡਾਕਟਰ 'ਤੇ ਸੰਸਦ ਮੈਂਬਰ ਦੇ ਪੀਏ ਵੱਲੋਂ ਵੀ ਦਬਾਅ ਪਾਇਆ ਜਾ ਰਿਹਾ ਸੀ।

ਤਾਂ ਕੀ ਪੁਲਿਸ ਦੀ ਜਾਂਚ ਸਿਆਸੀ ਦਬਾਅ ਨੂੰ ਲੈ ਕੇ ਵੀ ਕੀਤੀ ਜਾ ਰਹੀ ਹੈ? ਇਸ ਬਾਰੇ ਪੁੱਛੇ ਜਾਣ 'ਤੇ ਪੁਲਿਸ ਸੁਪਰਿਟੇਂਡੈਂਟ ਤੁਸ਼ਾਰ ਦੋਸ਼ੀ ਨੇ ਕਿਹਾ, "ਫਿਲਹਾਲ ਇਹ ਇੱਕ ਗੈਰ-ਕੁਦਰਤੀ ਮੌਤ ਲੱਗ ਰਹੀ ਹੈ। ਪਹਿਲੀ ਨਜ਼ਰੇ ਇਹ ਖੁਦਕੁਸ਼ੀ ਲੱਗ ਰਹੀ ਹੈ।"

"ਪਹਿਲਾਂ ਇਹ ਸਾਬਤ ਕਰਨਾ ਪਵੇਗਾ ਕਿ ਇਹ ਖੁਦਕੁਸ਼ੀ ਸੀ। ਉਸ ਤੋਂ ਬਾਅਦ ਖੁਦਕੁਸ਼ੀ ਦਾ ਕਾਰਨ ਪਤਾ ਲਗਾਉਣਾ ਪਵੇਗਾ। ਮਹਿਲਾ ਨੇ ਇਸ ਵਿੱਚ ਕੀ ਲਿਖਿਆ ਹੈ, ਉਸ ਨੇ ਪਹਿਲਾਂ ਕਿਸ ਨਾਲ ਗੱਲ ਕੀਤੀ ਸੀ, ਇਸ ਸਭ ਦੀ ਜਾਂਚ ਕੀਤੀ ਜਾਵੇਗੀ।"

'ਸ਼ਿਕਾਇਤਾਂ ਦੇ ਬਾਵਜੂਦ ਧਿਆਨ ਨਹੀਂ ਦਿੱਤਾ ਗਿਆ'

ਮਹਾਰਾਸ਼ਟਰ ਦੇ ਸਤਾਰਾ ਵਿੱਚ ਮਹਿਲਾ ਡਾਕਟਰ ਦੀ ਖ਼ੁਦਕੁਸ਼ੀ ਦਾ ਮਾਮਲਾ

ਮਹਿਲਾ ਡਾਕਟਰ ਨੇ ਕਥਿਤ ਤੌਰ 'ਤੇ ਆਪਣੀਆਂ ਸਮੱਸਿਆਵਾਂ ਬਾਰੇ ਵਾਰ-ਵਾਰ ਲਿਖਤੀ ਅਤੇ ਜ਼ੁਬਾਨੀ ਸ਼ਿਕਾਇਤਾਂ ਕੀਤੀਆਂ ਸਨ।

ਉਨ੍ਹਾਂ ਦੇ ਚਾਚਾ ਅਤੇ ਭਰਾ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ।

19 ਜੂਨ, 2025 ਨੂੰ ਮਹਿਲਾ ਡਾਕਟਰ ਨੇ ਫਲਟਣ ਦੇ ਡਿਪਟੀ ਸੁਪਰਿਟੇਂਡੈਂਟ ਆਫ਼ ਪੁਲਿਸ (ਡੀਐਸਪੀ) ਨੂੰ ਇੱਕ ਰਸਮੀ ਪੱਤਰ ਲਿਖ ਕੇ ਘਟਨਾ ਦੀ ਸ਼ਿਕਾਇਤ ਕੀਤੀ ਸੀ।

ਇਸ ਪੱਤਰ ਵਿੱਚ ਮਹਿਲਾ ਡਾਕਟਰ ਨੇ ਲਿਖਿਆ ਹੈ, "ਉਹ ਵਾਰ-ਵਾਰ ਮੇਰੇ 'ਤੇ ਇਹ ਰਿਪੋਰਟ ਕਰਨ ਲਈ ਦਬਾਅ ਪਾਉਂਦੇ ਹਨ ਕਿ ਮਰੀਜ਼ (ਮੁਲਜ਼ਮ) ਤੰਦਰੁਸਤ ਹੈ, ਜਦਕਿ ਉਹ ਤੰਦਰੁਸਤ ਨਹੀਂ ਹੈ, ਅਤੇ ਉਹ ਅਪਮਾਨਜਨਕ ਭਾਸ਼ਾ ਦਾ ਵੀ ਇਸਤੇਮਾਲ ਕਰਦੇ ਹਨ। ਜਦੋਂ ਮੈਂ ਪੁਲਿਸ ਇੰਸਪੈਕਟਰ ਨੂੰ ਫ਼ੋਨ 'ਤੇ ਇਸ ਬਾਰੇ ਦੱਸਿਆ, ਤਾਂ ਉਨ੍ਹਾਂ ਨੇ ਇਹ ਕਹਿੰਦੇ ਹੋਏ ਅਸਪਸ਼ਟ ਜਵਾਬ ਦਿੱਤਾ ਕਿ ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"

ਇਸ ਸ਼ਿਕਾਇਤ 'ਤੇ ਕੋਈ ਧਿਆਨ ਨਾ ਦਿੱਤੇ ਜਾਣ ਤੋਂ ਬਾਅਦ ਮਹਿਲਾ ਡਾਕਟਰ ਨੇ 13 ਅਗਸਤ ਨੂੰ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਇੱਕ ਆਰਟੀਆਈ ਵੀ ਦਾਇਰ ਕੀਤੀ ਸੀ।

ਮਹਿਲਾ ਡਾਕਟਰ ਨੇ ਇਸ ਆਰਟੀਆਈ ਰਾਹੀਂ ਆਪਣੀ ਸ਼ਿਕਾਇਤ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਮਹਿਲਾ ਦੇ ਭਰਾ ਨੇ ਕਿਹਾ ਕਿ ਆਰਟੀਆਈ ਦਾ ਕੋਈ ਜਵਾਬ ਨਹੀਂ ਮਿਲਿਆ।

ਇਸ ਤੋਂ ਬਾਅਦ, ਮਹਿਲਾ ਨੇ ਇੱਕ ਦੂਜੇ ਪੱਤਰ ਵਿੱਚ ਆਪਣੀਆਂ ਸ਼ਿਕਾਇਤਾਂ ਵਿਸਥਾਰ ਨਾਲ ਦੱਸੀਆਂ।

ਐਨਸੀਪੀ (ਸ਼ਰਦ ਪਵਾਰ) ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਨਸੀਪੀ (ਸ਼ਰਦ ਪਵਾਰ) ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਪੁੱਛਿਆ ਹੈ ਕਿ ਮਹਿਲਾ ਦੀ ਸ਼ਿਕਾਇਤ 'ਤੇ ਪਹਿਲਾਂ ਕਾਰਵਾਈ ਕਿਉਂ ਨਹੀਂ ਕੀਤੀ ਗਈ

ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਇਸ ਸਬੰਧ 'ਚ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ।

ਉਨ੍ਹਾਂ ਲਿਖਿਆ, "ਮਹਿਲਾ ਡਾਕਟਰ ਦੀ ਖੁਦਕੁਸ਼ੀ ਦਾ ਮਾਮਲਾ ਬਹੁਤ ਗੰਭੀਰ ਹੈ। ਇਸ ਮਹਿਲਾ ਵੱਲੋਂ ਲਿਖੇ ਗਏ ਸੁਸਾਈਡ ਨੋਟ ਵਿੱਚ ਉਸ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਵਾਰ-ਵਾਰ ਦੱਸਿਆ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ। ਪਰ ਉਸ ਦੀਆਂ ਸ਼ਿਕਾਇਤਾਂ 'ਤੇ ਧਿਆਨ ਨਹੀਂ ਦਿੱਤਾ ਗਿਆ। ਆਖਿਰਕਾਰ, ਉਸ ਨੇ ਇਹ ਕਦਮ ਚੁੱਕ ਲਿਆ।''

ਸੁਪ੍ਰੀਆ ਸੁਲੇ ਨੇ ਇਸ ਸਵਾਲ ਚੁੱਕਿਆ ਕਿ ਮਹਿਲਾ ਦੀ ਸ਼ਿਕਾਇਤ 'ਤੇ ਪਹਿਲਾਂ ਧਿਆਨ ਕਿਉਂ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਮਿਲਣੇ ਚਾਹੀਦੇ ਹਨ।

ਦੂਜੇ ਪਾਸੇ, ਸੂਬੇ ਦੇ ਮਹਿਲਾ ਕਮਿਸ਼ਨ ਦੇ ਮੁਖੀ ਰੂਪਾਲੀ ਚਾਕਣਕਰ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਹੈ।

ਉਨ੍ਹਾਂ ਕਿਹਾ, "ਸੂਬਾ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ। ਫਿਲਹਾਲ ਇਸ ਮਾਮਲੇ 'ਚ ਫਲਟਣ ਸਿਟੀ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 64 (2) ਅਤੇ 108 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਫਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਟੀਮ ਗਈ ਹੈ।"

ਰੁਪਾਲੀ ਚਾਕਣਕਰ ਨੇ ਕਿਹਾ, "ਕਮਿਸ਼ਨ ਨੇ ਪੁਲਿਸ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ਜਾਂਚ ਕਰੇ ਕਿ ਜੇਕਰ ਮਹਿਲਾ ਨੇ ਪਹਿਲਾਂ ਤੋਂ ਆਪਣੇ ਨਾਲ ਹੋ ਰਹੇ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ ਤਾਂ ਉਸ ਨੂੰ ਮਦਦ ਕਿਉਂ ਨਹੀਂ ਮਿਲੀ, ਇਸ ਮਾਮਲੇ ਨਾਲ ਸਬੰਧਿਤ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)