ਦਲਿਤ ਨੌਜਵਾਨ ਨੂੰ ਪਿਸ਼ਾਬ ਪੀਣ ਲਈ ਮਜਬੂਰ ਕਰਨ ਦਾ ਇਲਜ਼ਾਮ, 15 ਦਿਨਾਂ ਵਿੱਚ ਤੀਜਾ ਕੇਸ

ਤਸਵੀਰ ਸਰੋਤ, Saurabh Jatav
- ਲੇਖਕ, ਵਿਸ਼ਣੂਕਾਂਤ ਤਿਵਾਰੀ
- ਰੋਲ, ਬੀਬੀਸੀ ਪੱਤਰਕਾਰ
ਨੋਟ: ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ
"ਉਨ੍ਹਾਂ ਨੇ ਮੈਨੂੰ ਬੰਦੂਕ ਦੀ ਨੋਕ 'ਤੇ ਗੱਡੀ 'ਚ ਬਿਠਾ ਲਿਆ। ਮੇਰੇ ਨਾਲ ਕੁੱਟਮਾਰ ਕੀਤੀ ਤੇ ਜ਼ਬਰਦਸਤੀ ਬੋਤਲ 'ਚ ਪਿਸ਼ਾਬ ਭਰ ਕੇ ਮੈਨੂੰ ਪਿਆਇਆ ਗਿਆ, ਜੇ ਮੈਂ ਦਲਿਤ ਨਾ ਹੁੰਦਾ ਤਾਂ ਕੀ ਮੈਨੂੰ ਪਿਸ਼ਾਬ ਪਿਆਇਆ ਜਾਂਦਾ?"
ਇਹ ਪੁੱਛਦੇ ਹੋਏ ਦਲਿਤ ਭਾਈਚਾਰੇ ਦੇ 33 ਸਾਲਾ ਗਿਆਨ ਸਿੰਘ ਜਾਟਵ ਰੋ ਪੈਂਦੇ ਹਨ।
ਸ਼ਿਕਾਇਤ ਦੇ ਮੁਤਾਬਕ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ 'ਚ 20 ਅਕਤੂਬਰ ਨੂੰ ਗਿਆਨ ਸਿੰਘ ਜਾਟਵ ਨਾਲ ਕੁੱਟਮਾਰ ਕੀਤੀ ਗਈ ਅਤੇ ਜ਼ਬਰਦਸਤੀ ਪਿਸ਼ਾਬ ਪਿਲਾਇਆ ਗਿਆ।
ਪਿਛਲੇ 15 ਦਿਨਾਂ ਵਿੱਚ ਮੱਧ ਪ੍ਰਦੇਸ਼ ਅੰਦਰ ਦਲਿਤਾਂ 'ਤੇ ਜ਼ੁਲਮ ਦੇ ਤਿੰਨ ਗੰਭੀਰ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਤਾਜ਼ਾ ਮਾਮਲਾ ਭਿੰਡ ਤੋਂ ਆਇਆ ਹੈ, ਜਿਸ ਨੇ ਸੂਬੇ ਦੀ ਕਾਨੂੰਨ-ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਮੱਧ ਪ੍ਰਦੇਸ਼ ਦੇ ਡੀਜੀਪੀ ਕੈਲਾਸ਼ ਮਕਵਾਣਾ ਨਾਲ ਬੀਬੀਸੀ ਨੇ ਫੋਨ ਅਤੇ ਵਟਸਐਪ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਇਸੇ ਵਿਚਾਲੇ ਭਿੰਡ ਪੁਲਿਸ ਨੇ ਗਿਆਨ ਸਿੰਘ ਨਾਲ ਹੋਏ ਤਸ਼ੱਦਦ ਦੇ ਮਾਮਲੇ ਵਿੱਚ ਸੋਨੂ ਬਰੂਆ, ਆਲੋਕ ਸ਼ਰਮਾ ਅਤੇ ਛੋਟੂ ਨਾਂ ਦੇ ਵਿਅਕਤੀਆਂ 'ਤੇ ਐੱਫਆਈਆਰ ਦਰਜ ਕੀਤੀ ਹੈ।
ਭਿੰਡ ਜ਼ਿਲ੍ਹੇ ਦੇ ਵਧੀਕ ਪੁਲਿਸ ਸੁਪਰਡੈਂਟ ਸੰਜੀਵ ਪਾਠਕ ਨੇ ਬੀਬੀਸੀ ਨੂੰ ਕਿਹਾ, "ਅਸੀਂ ਇਸ ਮਾਮਲੇ ਵਿੱਚ ਕੁੱਟਮਾਰ, ਅਗਵਾ ਅਤੇ ਐੱਸਸੀ-ਐੱਸਟੀ ਐਕਟ ਦੀਆਂ ਸੰਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਤੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਜਾਂਚ ਜਾਰੀ ਹੈ ਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ।"
ਦੂਜੇ ਪਾਸੇ, ਭਿੰਡ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਗਿਆਨ ਸਿੰਘ ਦਾ ਕਹਿਣਾ ਹੈ ਕਿ ਇਹ ਘਟਨਾ ਸਿਰਫ਼ ਇਸ ਲਈ ਹੋਈ ਕਿਉਂਕਿ ਉਹ ਦਲਿਤ ਭਾਈਚਾਰੇ ਤੋਂ ਹਨ ਅਤੇ ਇਸ ਦਾ ਅਸਰ ਉਨ੍ਹਾਂ ਦੇ ਸਾਰੇ ਪਰਿਵਾਰ 'ਤੇ ਪੈ ਰਿਹਾ ਹੈ।
ਕੀ ਹੈ ਪੂਰਾ ਮਾਮਲਾ

ਗਿਆਨ ਸਿੰਘ ਪੇਸ਼ੇ ਤੋਂ ਡਰਾਈਵਰ ਹਨ। ਗਿਆਨ ਸਿੰਘ ਨੇ ਦਾਅਵਾ ਕੀਤਾ ਕਿ 18 ਅਕਤੂਬਰ ਨੂੰ ਨਜ਼ਦੀਕੀ ਪਿੰਡ ਦੇ ਸੋਨੂ ਬਰੂਆ ਨੇ ਉਨ੍ਹਾਂ ਨੂੰ ਆਪਣੀ ਗੱਡੀ ਚਲਾਉਣ ਲਈ ਕਿਹਾ ਸੀ।
ਉਨ੍ਹਾਂ ਨੇ ਦੱਸਿਆ, "ਉਨ੍ਹਾਂ ਨੇ ਮੈਨੂੰ ਬਤੌਰ ਡਰਾਈਵਰ ਬੁਲਾਇਆ ਸੀ ਪਰ ਮੈਂ ਉਨ੍ਹਾਂ ਨਾਲ ਕੰਮ ਨਹੀਂ ਕਰਨਾ ਚਾਹੁੰਦਾ ਸੀ। ਸਾਡਾ ਪਿੰਡ ਉਨ੍ਹਾਂ ਦੇ ਪਿੰਡ ਤੋਂ ਅੱਧਾ ਕਿਲੋਮੀਟਰ ਦੂਰ ਹੈ। ਮੈਨੂੰ ਪਤਾ ਸੀ ਕਿ ਉਹ ਲੋਕ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਹਨ, ਇਸ ਲਈ ਮੈਂ ਉਨ੍ਹਾਂ ਨਾਲ ਕੰਮ ਨਹੀਂ ਕਰਨਾ ਚਾਹੁੰਦਾ ਸੀ।"
ਗਿਆਨ ਸਿੰਘ ਦਾ ਇਲਜ਼ਾਮ ਹੈ, "ਜਦੋਂ ਮੈਂ ਡਰਾਈਵਰ ਦੀ ਡਿਊਟੀ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਇਨ੍ਹਾਂ ਲੋਕਾਂ ਨੇ ਮੈਨੂੰ ਬੰਦੂਕ ਦੀ ਨੋਕ 'ਤੇ ਘਰੋਂ ਅਗਵਾ ਕਰ ਲਿਆ ਅਤੇ ਕੁੱਟਮਾਰ ਕੀਤੀ।"
ਹਸਪਤਾਲ 'ਚ ਜ਼ੇਰੇ ਇਲਾਜ ਗਿਆਨ ਸਿੰਘ ਭਰੇ ਮਨ ਨਾਲ ਕਹਿੰਦੇ ਹਨ, "ਮੇਰਾ ਜੁਰਮ ਕੀ ਸੀ ਸਰ? ਉਨ੍ਹਾਂ ਨੇ ਮੈਨੂੰ ਗੱਡੀ ਚਲਾਉਣ ਲਈ ਕਿਹਾ, ਮੈਂ ਮਨ੍ਹਾਂ ਕਰ ਦਿੱਤਾ। ਡਰ ਦੇ ਮਾਰੇ ਮੈਂ ਉਨ੍ਹਾਂ ਦੀ ਗੱਡੀ ਚਲਾਉਣ ਤੋਂ ਨਾਂਹ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਘਰੋਂ ਅਗਵਾ ਕੀਤਾ, ਮਾਰਿਆ ਤੇ ਜ਼ਬਰਦਸਤੀ ਪਿਸ਼ਾਬ ਪਿਆਇਆ।"
ਗਿਆਨ ਸਿੰਘ ਦੋ ਬੱਚਿਆਂ ਦੇ ਪਿਤਾ ਹਨ। ਉਨ੍ਹਾਂ ਦੀ ਪਤਨੀ ਪਿੰਕੀ ਜਾਟਵ ਕਹਿੰਦੇ ਹਨ, "ਮੇਰੇ ਪਤੀ ਨੂੰ ਇੰਨਾ ਮਾਰਿਆ ਕਿ ਉਹ ਦੋ ਦਿਨ ਤੋਂ ਹਸਪਤਾਲ ਵਿੱਚ ਦਾਖ਼ਲ ਹਨ। ਸਰੀਰ ਦੇ ਜਖ਼ਮ ਤਾਂ ਭਰ ਜਾਣਗੇ ਪਰ ਪਿਸ਼ਾਬ ਪਿਆ ਦਿੱਤਾ ਜਿਸ ਦਾ ਸਾਰੇ ਪਿੰਡ ਨੂੰ ਪਤਾ ਹੈ।"
"ਸਾਡੀ ਜ਼ਿੰਦਗੀ ਮੁਸ਼ਕਲਾਂ 'ਚ ਪਾ ਦਿੱਤੀ, ਹਰ ਕੋਈ ਹੁਣ ਸਾਨੂੰ ਅਜਿਹੀ ਨਜ਼ਰ ਨਾਲ ਹੀ ਦੇਖੇਗਾ, ਮੇਰੇ ਬੱਚਿਆਂ ਨੂੰ ਵੀ ਇਹੀ ਸਹਿਣਾ ਪਵੇਗਾ।"
ਇੱਕ ਪਾਸੇ ਭਿੰਡ ਵਿੱਚ ਗਿਆਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਲਈ ਪਰੇਸ਼ਾਨੀਆਂ ਵੱਧ ਰਹੀਆਂ ਹਨ ਤਾਂ ਦੂਜੇ ਪਾਸੇ ਭਿੰਡ ਤੋਂ ਲਗਭਗ 500 ਕਿਲੋਮੀਟਰ ਦੂਰ ਕਟਨੀ ਜ਼ਿਲ੍ਹੇ ਵਿੱਚ ਰਾਜਕੁਮਾਰ ਚੌਧਰੀ ਦਾ ਪਰਿਵਾਰ ਵੀ ਸਦਮੇ ਵਿੱਚ ਹੈ।
ਕਟਨੀ ਵਿੱਚ 10 ਦਿਨ ਪਹਿਲਾਂ ਦਲਿਤ ਭਾਈਚਾਰੇ ਨਾਲ ਸਬੰਧਿਤ ਵਿਅਕਤੀ ਨਾਲ ਕੁੱਟਮਾਰ ਅਤੇ ਪਿਸ਼ਾਬ ਪਿਲਾਉਣ ਦੀ ਇਕ ਹੋਰ ਘਟਨਾ ਸਾਹਮਣੇ ਆਈ ਸੀ।
ਕਟਨੀ 'ਚ ਦਲਿਤ ਨਾਲ ਹਿੰਸਾ, ਪਿਸ਼ਾਬ ਪਿਆਉਣ ਦਾ ਇਲਜ਼ਾਮ

ਤਸਵੀਰ ਸਰੋਤ, Rajkumar's Family
ਮੱਧ ਪ੍ਰਦੇਸ਼ ਦੇ ਕਟਨੀ ਜ਼ਿਲ੍ਹੇ ਵਿੱਚ 36 ਸਾਲ ਦੇ ਦਲਿਤ ਕਿਸਾਨ ਰਾਜਕੁਮਾਰ ਚੌਧਰੀ ਨੇ ਵੀ ਆਪਣੇ ਨਾਲ ਕੁੱਟਮਾਰ ਅਤੇ ਪਿਸ਼ਾਬ ਪਿਆਉਣ ਦਾ ਇਲਜ਼ਾਮ ਲਾਇਆ ਹੈ।
ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਰਾਜਕੁਮਾਰ ਨੇ ਇਲਜ਼ਾਮ ਲਗਾਏ ਕਿ ਹਨ 13 ਅਕਤੂਬਰ ਦੀ ਸ਼ਾਮ ਉਨ੍ਹਾਂ ਨੇ ਆਪਣੇ ਖੇਤ ਦੇ ਨੇੜੇ ਸਰਕਾਰੀ ਜ਼ਮੀਨ 'ਤੇ ਹੋ ਰਹੀ ਗ਼ੈਰ ਕਾਨੂੰਨੀ ਖਣਨ ਦਾ ਵਿਰੋਧ ਕੀਤਾ ਸੀ।
ਇਸ ਕਰਕੇ ਮਾਈਨਿੰਗ ਕਰ ਰਹੇ ਰਾਮ ਬਿਹਾਰੀ, ਪਿੰਡ ਦੇ ਸਰਪੰਚ ਰਾਮਾਨੁਜ ਪਾਂਡੇ, ਉਸ ਦੇ ਪੁੱਤਰ ਪਵਨ ਪਾਂਡੇ ਅਤੇ ਕੁਝ ਹੋਰ ਲੋਕਾਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਰਾਜਕੁਮਾਰ ਕਹਿੰਦੇ ਹਨ, "ਮੈਨੂੰ ਲੱਤਾਂ ਨਾਲ ਮਾਰਿਆ ਗਿਆ ਤੇ ਕੁੱਟਮਾਰ ਦੌਰਾਨ ਪਿੰਡ ਦੇ ਸਰਪੰਚ ਰਾਮਾਨੁਜ ਪਾਂਡੇ ਦੇ ਪੁੱਤਰ ਪਵਨ ਪਾਂਡੇ ਨੇ ਮੇਰੇ ਮੂੰਹ 'ਤੇ ਪਿਸ਼ਾਬ ਕਰ ਦਿੱਤਾ। ਮੈਨੂੰ ਬਚਾਉਣ ਆਈ ਮੇਰੀ ਮਾਂ ਨੂੰ ਵੀ ਵਾਲਾਂ ਤੋਂ ਘਸੀਟਿਆ ਗਿਆ ਅਤੇ ਜਾਤੀ ਸੂਚਕ ਸ਼ਬਦਾਂ ਨਾਲ ਭੱਦੀ ਸ਼ਬਦਾਵਲੀ ਵਰਤੀ ਸੀ।"
ਪੁਲਿਸ ਨੇ ਇਸ ਮਾਮਲੇ ਵਿੱਚ ਦੋਵਾਂ ਪੱਖਾਂ ਦੀਆਂ ਸ਼ਿਕਾਇਤਾਂ 'ਤੇ ਕਰਾਸ ਐੱਫਆਈਆਰ ਦਰਜ ਕੀਤੀ ਹੈ। ਇੱਕ ਸ਼ਿਕਾਇਤ ਆਮ ਵਰਗ ਦੇ ਪਰਿਵਾਰ ਵੱਲੋਂ 13 ਅਕਤੂਬਰ ਨੂੰ ਦਰਜ ਹੋਈ ਸੀ, ਜਦਕਿ ਰਾਜਕੁਮਾਰ ਵੱਲੋਂ ਦਿੱਤੀ ਸ਼ਿਕਾਇਤ 'ਤੇ ਦੋ ਦਿਨ ਬਾਅਦ ਐੱਸਸੀ-ਐੱਸਟੀ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ।
ਕਟਨੀ ਪੁਲਿਸ ਸੁਪਰਡੈਂਟ ਅਭਿਨਵ ਵਿਸ਼ਵਕਰਮਾ ਨੇ ਬੀਬੀਸੀ ਨੂੰ ਕਿਹਾ, "ਅਸੀਂ ਪੀੜਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਅਜੇ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ, ਪਰ ਪੁਲਿਸ ਦੀ ਕਾਰਵਾਈ ਜਾਰੀ ਹੈ ਅਤੇ ਜਲਦੀ ਹੀ ਗ੍ਰਿਫ਼ਤਾਰੀ ਕੀਤੀ ਜਾਵੇਗੀ।"
ਮੱਧ ਪ੍ਰਦੇਸ਼ ਵਿੱਚ ਕੰਮ ਕਰ ਰਹੀ ਵਕੀਲ ਨਿਕਿਤਾ ਸੋਨਵਾਣੇ ਨੇ ਕਿਹਾ ਕਿ ਐੱਸਸੀ-ਐੱਸਟੀ ਐਕਟ ਦੇ ਤਹਿਤ ਪਰਚਾ ਦਰਜ ਕਰਨ ਵੇਲੇ ਵੀ ਕਈ ਤਰ੍ਹਾਂ ਦੀਆਂ ਲਾਪਰਵਾਹੀਆਂ ਕੀਤੀਆਂ ਜਾਂਦੀਆਂ ਹਨ।
ਬੀਬੀਸੀ ਨਾਲ ਗੱਲਬਾਤ ਦੌਰਾਨ ਨਿਕਿਤਾ ਨੇ ਦੱਸਿਆ, "ਇਹ ਅਪਰਾਧ ਸਿਰਫ਼ ਸਮਾਜਕ ਪੱਖਪਾਤ ਕਾਰਨ ਨਹੀਂ ਹੁੰਦੇ, ਸਗੋਂ ਪ੍ਰਸ਼ਾਸਨਿਕ ਕਮਜ਼ੋਰੀ ਤੇ ਜਵਾਬਦੇਹੀ ਦੀ ਘਾਟ ਵੀ ਵੱਡਾ ਕਾਰਨ ਹੈ। ਕਈ ਵਾਰ ਮੁਲਜ਼ਮ 'ਤੇ ਦਰਜ ਮਾਮਲਿਆਂ ਨੂੰ ਆਪਸੀ ਝਗੜਾ ਦੱਸ ਕੇ ਜਾਂ ਕਰਾਸ ਐੱਫਆਈਆਰ ਕਰ ਕੇ ਕਮਜ਼ੋਰ ਕਰ ਦਿੱਤਾ ਜਾਂਦਾ ਹੈ।"
ਉਹ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਕਾਰਵਾਈ ਨਾਲ ਪੀੜਤ ਪੱਖ 'ਤੇ ਬੇਵਜ੍ਹਾ ਦਬਾਅ ਬਣਦਾ ਹੈ।
ਦਮੋਹ ਜ਼ਿਲ੍ਹੇ ਦੇ ਸਤਰੀਆ ਪਿੰਡ ਦੀ ਘਟਨਾ

ਤਸਵੀਰ ਸਰੋਤ, Azam Khan
ਦੇਸ਼ ਦਾ ਦਿਲ ਕਹੇ ਜਾਣ ਵਾਲੇ ਮੱਧ ਪ੍ਰਦੇਸ਼ ਵਿੱਚ ਦਲਿਤ ਭਾਈਚਾਰੇ ਵਿਰੁੱਧ ਹੋ ਰਹੇ ਅਪਰਾਧਾਂ ਨੇ ਸੂਬੇ ਦੀ ਕਾਨੂੰਨ-ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਕਟਨੀ ਅਤੇ ਭਿੰਡ ਤੋਂ ਆਏ ਮਾਮਲਿਆਂ ਤੋਂ ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਸਤਰੀਆ ਪਿੰਡ ਤੋਂ ਵੀ ਉਤਪੀੜਨ ਦੀ ਇਕ ਘਟਨਾ ਸਾਹਮਣੇ ਆਈ ਸੀ।
20 ਸਾਲ ਦੇ ਪੁਰਸ਼ੋਤਮ ਕੁਸ਼ਵਾਹਾ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਇੱਕ ਬ੍ਰਾਹਮਣ ਨੌਜਵਾਨ ਅਨੁਜ ਪਾਂਡੇ ਦੇ ਪੈਰ ਧੋ ਕੇ ਪੁਰਸ਼ੋਤਮ ਨੂੰ ਉਹੀ ਪਾਣੀ ਪੀਣ ਲਈ ਮਜਬੂਰ ਕੀਤਾ ਗਿਆ।
ਪੁਰਸ਼ੋਤਮ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਘਟਨਾ ਪਿੰਡ ਵਿੱਚ ਸ਼ਰਾਬਬੰਦੀ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਹੋਈ। ਪਿੰਡ ਦੇ ਲੋਕਾਂ ਨੇ ਅਨੁਜ ਪਾਂਡੇ ਉੱਤੇ ਸ਼ਰਾਬਬੰਦੀ ਦੇ ਦੌਰਾਨ ਸ਼ਰਾਬ ਵੇਚਣ ਦਾ ਦੋਸ਼ ਲਗਾਇਆ ਸੀ, ਜਿਸ ਕਰ ਕੇ ਕੁਸ਼ਵਾਹਾ ਸਮਾਜ ਅਤੇ ਪਾਂਡੇ ਪਰਿਵਾਰ ਵਿੱਚ ਤਣਾਅ ਵੱਧ ਗਿਆ।
ਬਾਅਦ ਵਿੱਚ ਪੁਰਸ਼ੋਤਮ ਨੇ ਸੋਸ਼ਲ ਮੀਡੀਆ 'ਤੇ ਅਨੁਜ ਪਾਂਡੇ ਦੀ ਇੱਕ ਤਸਵੀਰ 'ਤੇ ਜੁੱਤੀਆਂ ਦੀ ਮਾਲਾ ਪਾ ਕੇ ਪੋਸਟ ਕੀਤੀ ਸੀ, ਜਿਸ ਨੂੰ ਕੁਝ ਸਮੇਂ ਬਾਅਦ ਹਟਾ ਦਿੱਤਾ ਗਿਆ।
ਪਰਿਵਾਰ ਦੇ ਅਨੁਸਾਰ, ਇਸ ਪੋਸਟ ਤੋਂ ਬਾਅਦ ਪਿੰਡ ਦੇ ਬ੍ਰਾਹਮਣ ਸਮਾਜ ਦੇ ਕੁਝ ਲੋਕਾਂ ਨੇ ਪੰਚਾਇਤ ਬੁਲਾਈ, ਜਿਸ ਵਿੱਚ ਪੁਰਸ਼ੋਤਮ ਤੋਂ ਜਨਤਕ ਤੌਰ 'ਤੇ ਮਾਫ਼ੀ ਮੰਗਵਾਈ ਗਈ, ਅਨੁਜ ਪਾਂਡੇ ਦੇ ਪੈਰ ਧਵਾਏ ਗਏ ਅਤੇ ਉਹੀ ਪਾਣੀ ਪੀਣ ਲਈ ਕਿਹਾ ਗਿਆ।
ਇਸ ਸਾਰੀ ਘਟਨਾ ਦਾ ਵੀਡੀਓ ਬਣਾਕੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਗਿਆ, ਜਿਸ ਤੋਂ ਬਾਅਦ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ।
ਇਸ ਘਟਨਾ ਤੋਂ ਬਾਅਦ ਪੁਰਸ਼ੋਤਮ ਨੇ ਸ਼ਿਕਾਇਤ ਦਰਜ ਨਾ ਕਰਨ ਦੀ ਗੁਜ਼ਾਰਿਸ਼ ਕੀਤੀ ਸੀ। ਉਨ੍ਹਾਂ ਨੇ ਬੀਬੀਸੀ ਨੂੰ ਕਿਹਾ ਸੀ, "ਸਾਨੂੰ ਇੱਥੇ ਹੀ ਰਹਿਣਾ ਹੈ, ਸ਼ਿਕਾਇਤ ਤੇ ਐੱਫਆਈਆਰ ਕਰਕੇ ਅਸੀਂ ਕਿੱਥੇ ਜਾਵਾਂਗੇ?"
ਹਾਲਾਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਮੋਹ ਪੁਲਿਸ ਨੇ ਇਸ ਮਾਮਲੇ ਵਿੱਚ ਅਨੁਜ ਪਾਂਡੇ ਅਤੇ ਹੋਰ ਮੁਲਜ਼ਮਾਂ ਵਿਰੁੱਧ ਭਾਰਤੀ ਨਿਆਂ ਸਹਿਤਾ (ਬੀਐੱਨਐੱਸ) ਦੀ ਧਾਰਾ 196(1)(ਬੀ) ਤਹਿਤ ਐੱਫਆਈਆਰ ਦਰਜ ਕੀਤੀ ਹੈ।
ਪੁਲਿਸ ਅਧਿਕਾਰੀ ਸ਼ਰੁਤ ਕੀਰਤੀ ਸੋਮਵੰਸ਼ੀ ਨੇ 12 ਅਕਤੂਬਰ ਨੂੰ ਬੀਬੀਸੀ ਨੂੰ ਦੱਸਿਆ ਸੀ, "ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਬੂਤਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।"
ਵੀਡੀਓ ਵਾਇਰਲ ਹੋਣ ਤੋਂ ਬਾਅਦ ਅਨੁਜ ਪਾਂਡੇ ਨੇ ਵੀ ਇੱਕ ਵੀਡੀਓ ਜਾਰੀ ਕੀਤਾ, ਜਿਸ ਵਿੱਚ ਉਸ ਨੇ ਕਿਹਾ, "ਸਾਡਾ ਅਤੇ ਪੁਰਸ਼ੋਤਮ ਦਾ ਗੁਰੂ-ਚੇਲੇ ਦਾ ਰਿਸ਼ਤਾ ਹੈ। ਉਸ ਨੇ ਆਪਣੇ ਮਨ ਨਾਲ ਮੇਰੇ ਪੈਰ ਧੋਏ ਤੇ ਮਾਫ਼ੀ ਮੰਗੀ ਸੀ। ਜੇ ਕੁਸ਼ਵਾਹਾ ਸਮਾਜ ਨੂੰ ਸਾਡੇ ਪੈਰ ਧਵਾਉਣ ਨਾਲ ਤਕਲੀਫ਼ ਹੋਈ ਹੈ ਤਾਂ ਮੈਂ ਦੁਖ ਪ੍ਰਗਟ ਕਰਦਾ ਹਾਂ।"
ਅਨੁਜ ਪਾਂਡੇ ਦੇ ਭਰਾ ਦੀਨਦਿਆਲ ਪਾਂਡੇ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਅਸੀਂ ਕਿਸੇ ਨਾਲ ਜਬਰ ਨਹੀਂ ਕੀਤੀ। ਸਾਹਮਣੇ ਵਾਲੇ ਨੇ ਆਪਣੀ ਮਰਜ਼ੀ ਨਾਲ ਗੁਰੂ ਮੰਨਦੇ ਹੋਏ ਪੈਰ ਧੋਏ ਸਨ। ਉਸ ਨੇ ਅਨੁਜ ਦੀ ਫੋਟੋ 'ਤੇ ਜੁੱਤੀਆਂ ਦੀ ਮਾਲਾ ਪਾਈ ਸੀ ਅਤੇ ਉਸੇ ਹਰਕਤ ਦੀ ਮਾਫ਼ੀ ਮੰਗੀ ਸੀ।"
ਦਲਿਤਾਂ ਅਤੇ ਪੱਛੜੇ ਵਰਗਾਂ ਵਿਰੁੱਧ ਅੱਤਿਆਚਾਰਾਂ ਦਾ ਲੰਬਾ ਇਤਿਹਾਸ

ਮੱਧ ਪ੍ਰਦੇਸ਼ ਵਿੱਚ ਦਲਿਤਾਂ ਅਤੇ ਪੱਛੜੇ ਵਰਗਾਂ ਵਿਰੁੱਧ ਅੱਤਿਆਚਾਰ ਨਵੇਂ ਨਹੀਂ ਹਨ।
ਇਸ ਤੋਂ ਪਹਿਲਾਂ, 2023 ਵਿੱਚ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਵਿੱਚ ਭਾਜਪਾ ਨੇਤਾ ਪ੍ਰਵੇਸ਼ ਸ਼ੁਕਲਾ ਦੁਆਰਾ ਇੱਕ ਆਦਿਵਾਸੀ ਨੌਜਵਾਨ 'ਤੇ ਪਿਸ਼ਾਬ ਕਰਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ।
ਇਸ ਮਾਮਲੇ ਵਿੱਚ ਪ੍ਰਵੇਸ਼ ਸ਼ੁਕਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਹ ਮਾਮਲਾ ਇਸ ਸਮੇਂ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਨਵੀਨਤਮ ਐੱਨਸੀਆਰਬੀ ਰਿਪੋਰਟ 2023 ਤੱਕ ਦੇ ਅਪਰਾਧਾਂ ਨੂੰ ਕਵਰ ਕਰਦੀ ਹੈ। ਇਸ ਰਿਪੋਰਟ ਦੇ ਅਨੁਸਾਰ, ਮੱਧ ਪ੍ਰਦੇਸ਼ 2021, 2022 ਅਤੇ 2023 ਵਿੱਚ ਦੇਸ਼ ਭਰ ਵਿੱਚ ਅਨੁਸੂਚਿਤ ਜਾਤੀਆਂ ਵਿਰੁੱਧ ਅਪਰਾਧਾਂ ਵਿੱਚ ਲਗਾਤਾਰ ਤੀਜੇ ਸਥਾਨ 'ਤੇ ਰਿਹਾ, ਇਸ ਤੋਂ ਉੱਤੇ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਰਹੇ ਹਨ।
ਅਨੁਸੂਚਿਤ ਜਨਜਾਤੀਆਂ ਵਿਰੁੱਧ ਅਪਰਾਧਾਂ ਵਿੱਚ ਮੱਧ ਪ੍ਰਦੇਸ਼ 2021 ਅਤੇ 2022 ਵਿੱਚ ਪਹਿਲੇ ਸਥਾਨ 'ਤੇ ਰਿਹਾ ਅਤੇ 2023 ਵਿੱਚ ਦੂਜੇ ਸਥਾਨ 'ਤੇ ਰਿਹਾ।
ਭੋਪਾਲ-ਅਧਾਰਤ ਸਮਾਜਿਕ ਕਾਰਕੁਨ, ਮਾਧੁਰੀ ਦਾ ਕਹਿਣਾ ਹੈ ਕਿ ਜਾਤੀ ਹਿੰਸਾ ਅਤੇ ਵਿਤਕਰਾ ਅਜੇ ਵੀ ਸਾਡੇ ਸਮਾਜ ਵਿੱਚ ਡੂੰਘਾਈ ਨਾਲ ਜੜ੍ਹਿਆ ਹੋਇਆ ਹੈ।
"ਕਾਨੂੰਨ ਤਾਂ ਹੈ, ਪਰ ਨਿਆਂ ਤੱਕ ਪਹੁੰਚ ਅਜੇ ਵੀ ਬਹੁਤ ਮੁਸ਼ਕਲ ਹੈ। ਇਹ ਕੁਝ ਕੁ ਮਾਮਲੇ ਹਨ ਜੋ ਖ਼ਬਰਾਂ ਵਿੱਚ ਆਉਂਦੇ ਹਨ, ਪਰ ਅਣਗਿਣਤ ਪੀੜਤ ਹਨ ਜਿਨ੍ਹਾਂ ਦੀ ਰਿਪੋਰਟ ਤੱਕ ਨਹੀਂ ਲਿਖੀ ਜਾਂਦੀ।"
ਮਾਧੁਰੀ ਦਾ ਮੰਨਣਾ ਹੈ ਕਿ ਅਜਿਹੀਆਂ ਘਟਨਾਵਾਂ ਵਿੱਚ ਰਾਜਨੀਤਕ ਸਰਪ੍ਰਸਤੀ ਦੀ ਇੱਕ ਅਦਿੱਖ ਢਾਲ ਹੁੰਦੀ ਹੈ, ਜੋ ਮੁਲਜ਼ਮਾਂ ਨੂੰ ਬਚਾਅ ਲੈਂਦੀ ਹੈ।
"ਜੇ ਤੁਸੀਂ ਇਨ੍ਹਾਂ ਮਾਮਲਿਆਂ ਵਿੱਚ ਡੂੰਘਾਈ ਨਾਲ ਜਾਂਚ ਕਰਦੇ ਹੋ, ਤਾਂ ਤੁਸੀਂ ਦੇਖੋਗੇ ਕਿ ਮੁਲਜ਼ਮਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਕਤੀ ਤੋਂ ਸੁਰੱਖਿਆ ਮਿਲਦੀ ਹੀ ਹੈ ਅਤੇ ਇਸੇ ਕਰਕੇ ਇਹ ਹਿੰਸਾ ਵਾਰ-ਵਾਰ ਦੁਹਰਾਈ ਜਾਂਦੀ ਹੈ।"
ਨਿਕਿਤਾ ਸੋਨਵਾਨੇ ਕਹਿੰਦੀ ਹੈ, "ਜ਼ਮੀਨੀ ਪੱਧਰ 'ਤੇ ਜਾਂਚ ਪ੍ਰਕਿਰਿਆ ਅਕਸਰ ਅਧੂਰੀ ਅਤੇ ਸਤਹੀ ਹੁੰਦੀ ਹੈ। ਕਈ ਵਾਰ, ਐੱਫਆਈਆਰ ਵੀ ਦਰਜ ਨਹੀਂ ਕੀਤੀ ਜਾਂਦੀ, ਜਿਸ ਕਾਰਨ ਜ਼ਿਆਦਾਤਰ ਮਾਮਲਿਆਂ ਵਿੱਚ ਮੁਲਜ਼ਮ ਬਰੀ ਹੋ ਜਾਂਦੇ ਹਨ ਜਾਂ ਕੇਸ ਅੱਗੇ ਨਹੀਂ ਵਧਦਾ।"
ਉਨ੍ਹਾਂ ਨੇ ਅੱਗੇ ਕਿਹਾ ਕਿ ਸੂਬੇ ਦੀ ਭੂਮਿਕਾ ਸਿਰਫ਼ ਪ੍ਰਤੀਕਿਰਿਆ ਦੇਣ ਤੱਕ ਸੀਮਤ ਰਹਿ ਗਈ ਹੈ, ਜਦੋਂ ਕਿ ਕਾਨੂੰਨ ਸਪੱਸ਼ਟ ਤੌਰ 'ਤੇ ਰੋਕਥਾਮ ਉਪਾਵਾਂ ਦੀ ਵਿਵਸਥਾ ਕਰਦਾ ਹੈ।
"ਸਰਕਾਰਾਂ ਕਾਨੂੰਨੀ ਤੌਰ 'ਤੇ ਲੋੜੀਂਦੇ ਸਾਵਧਾਨੀ ਵਾਲੇ ਕਦਮ ਨਹੀਂ ਚੁੱਕਦੀਆਂ ਅਤੇ ਨਾ ਹੀ ਪੀੜਤਾਂ ਨੂੰ ਸਮੇਂ ਸਿਰ ਨਿਆਂ ਅਤੇ ਸੁਰੱਖਿਆ ਮਿਲਦੀ ਹੈ। ਨਤੀਜੇ ਵਜੋਂ, ਅਪਰਾਧੀ ਨਿਡਰ ਹੋ ਗਏ ਹਨ, ਅਤੇ ਪੀੜਤ ਭਾਈਚਾਰਿਆਂ ਵਿੱਚ ਵਿਸ਼ਵਾਸ ਦੀ ਭਾਵਨਾ ਲਗਾਤਾਰ ਖ਼ਤਮ ਹੋ ਰਹੀ ਹੈ।"
ਨਿਕਿਤਾ ਨੇ ਕਿਹਾ, "ਜਦੋਂ ਤੱਕ ਸੂਬਾ ਸਰਕਾਰਾਂ ਖ਼ੁਦ ਇਨ੍ਹਾਂ ਮਾਮਲਿਆਂ ਵਿੱਚ ਸਰਗਰਮੀ ਨਾਲ ਦਖ਼ਲ ਨਹੀਂ ਦਿੰਦੀਆਂ ਅਤੇ ਰੋਕਥਾਮ ਨੂੰ ਤਰਜੀਹ ਨਹੀਂ ਦਿੰਦੀਆਂ, ਇਹ ਕਾਰਵਾਈਆਂ ਸਿਰਫ਼ ਕਾਗਜ਼ਾਂ 'ਤੇ ਹੀ ਲਾਗੂ ਰਹਿਣਗੀਆਂ।"
ਦਲਿਤ ਭਾਈਚਾਰੇ ਦੇ ਬੱਚਿਆਂ 'ਤੇ ਇਨ੍ਹਾਂ ਘਟਨਾਵਾਂ ਦੇ ਪ੍ਰਭਾਵ ਬਾਰੇ ਬੋਲਦਿਆਂ ਮਾਧੁਰੀ ਨੇ ਕਿਹਾ, "ਇਨ੍ਹਾਂ ਘਟਨਾਵਾਂ ਨਾਲ ਜੋ ਡਰ, ਗੁੱਸਾ, ਬੇਬਸੀ ਅਤੇ ਕੁੜੱਤਣ ਪੈਦਾ ਹੁੰਦੀ ਹੈ, ਉਹ ਬੱਚਿਆਂ ਦੇ ਧੁਰ ਅੰਦਰ ਤੱਕ ਚਲੀ ਜਾਂਦੀ ਹੈ।"
"ਇਹ ਬੱਚੇ ਇੱਕ ਅਜਿਹੇ ਮਾਹੌਲ ਵਿੱਚ ਵੱਡੇ ਹੁੰਦੇ ਹਨ ਜਿੱਥੇ ਅਸਮਾਨਤਾ ਅਤੇ ਅਪਮਾਨ ਨੂੰ ਆਮ ਮੰਨਿਆ ਜਾਂਦਾ ਹੈ। ਇਹ ਸਿਰਫ਼ ਸਮਾਜਿਕ ਜਾਂ ਕਾਨੂੰਨੀ ਨਹੀਂ ਹੈ, ਸਗੋਂ ਭਾਵਨਾਤਮਕ ਅਤੇ ਪੀੜ੍ਹੀ ਦਰ ਪੀੜ੍ਹੀ ਹਿੰਸਾ ਹੈ, ਜਿਸ ਦੇ ਦਾਗ਼ ਪੀੜ੍ਹੀਆਂ ਤੱਕ ਗੂੰਜਦੇ ਰਹਿੰਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












