ਇਨ੍ਹਾਂ 27 ਪਿੰਡਾਂ ਵਿੱਚ ਦਲਿਤ ਭਾਈਚਾਰੇ ਦੇ ਕਈ ਪਰਿਵਾਰ ਸਾਲਾਂ ਤੋਂ ਪੁਲਿਸ ਸੁਰੱਖਿਆ ਹੇਠ ਰਹਿਣ ਲਈ ਮਜਬੂਰ ਕਿਉਂ ਹਨ

ਤਸਵੀਰ ਸਰੋਤ, Bipin Tankaria
- ਲੇਖਕ, ਗੋਪਾਲ ਕਟੇਸੀਆ ਅਤੇ ਤੇਜਸ ਵੈਦਿਆ
- ਰੋਲ, ਬੀਬੀਸੀ ਪੱਤਰਕਾਰ
11 ਜੁਲਾਈ 2016 ਨੂੰ, ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਦੇ ਊਨਾ ਨੇੜੇ ਮੋਟਾ ਸਮਧਿਆਲਾ ਪਿੰਡ ਵਿੱਚ ਦਲਿਤ ਭਾਈਚਾਰੇ ਨਾਲ ਸਬੰਧਿਤ ਵਸ਼ਰਾਮ ਸਰਵਈਆ, ਉਨ੍ਹਾਂ ਦਾ ਛੋਟਾ ਭਰਾ ਰਮੇਸ਼ ਸਰਵਈਆ, ਚਚੇਰਾ ਭਰਾ ਅਸ਼ੋਕ ਸਰਵਈਆ ਅਤੇ ਬੇਚਰ ਸਰਵਈਆ ਇੱਕ ਮਰੀ ਹੋਈ ਗਾਂ ਦੀ ਖੱਲ ਉਤਾਰ ਰਹੇ ਸਨ।
ਇਸ ਦੌਰਾਨ ਖੁਦ ਨੂੰ ਗਊ ਰੱਖਿਅਕ ਅਖਵਾਉਣ ਵਾਲਿਆਂ ਨੇ ਉਨ੍ਹਾਂ 'ਤੇ ਗਊ ਹੱਤਿਆ ਦਾ ਇਲਜ਼ਾਮ ਲਗਾਉਂਦਿਆਂ ਕਥਿਤ ਤੌਰ 'ਤੇ ਹਮਲਾ ਕੀਤਾ ਕੀਤਾ।
ਜਦੋਂ ਵਸ਼ਰਾਮ ਦੇ ਪਿਤਾ ਬਾਲੂਭਾਈ ਸਰਵਈਆ ਅਤੇ ਮਾਂ ਕੁੰਵਰਬੇਨ ਤੇ ਉਨ੍ਹਾਂ ਦੇ ਦੋ ਰਿਸ਼ਤੇਦਾਰਾਂ ਨੇ ਵਸ਼ਰਾਮ ਅਤੇ ਹੋਰਾਂ ਨੂੰ ਬਚਾਉਣ ਲਈ ਆਏ, ਤਾਂ ਖੁਦ ਨੂੰ ਗਊ ਰੱਖਿਅਕ ਅਖਵਾਉਣ ਵਾਲਿਆਂ ਨੇ ਕਥਿਤ ਤੌਰ 'ਤੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ।
ਇਨ੍ਹਾਂ ਕਥਿਤ ਗਊ ਰੱਖਿਅਕਾਂ ਨੇ ਫਿਰ ਵਸ਼ਰਾਮ, ਰਮੇਸ਼, ਅਸ਼ੋਕ ਅਤੇ ਬੇਚਰ ਨੂੰ ਇੱਕ ਕਾਰ ਵਿੱਚ ਅਗਵਾ ਕਰ ਲਿਆ ਅਤੇ ਉਨ੍ਹਾਂ ਨੂੰ ਊਨਾ ਲੈ ਗਏ, ਰੱਸੀਆਂ ਨਾਲ ਕਾਰ ਨਾਲ ਬੰਨ੍ਹ ਦਿੱਤਾ, ਉਨ੍ਹਾਂ ਨੂੰ ਕੁੱਟਿਆ ਅਤੇ ਊਨਾ ਪੁਲਿਸ ਸਟੇਸ਼ਨ ਦੇ ਨੇੜੇ ਛੱਡ ਦਿੱਤਾ।
ਪੰਜ ਦਿਨਾਂ ਬਾਅਦ, ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਸੰਸਦ ਵਿੱਚ ਇਸ ਘਟਨਾ ਨੂੰ ਚੁੱਕਿਆ, ਜਿਸ ਨਾਲ ਦਲਿਤਾਂ 'ਤੇ ਹੋਏ ਕਥਿਤ ਅੱਤਿਆਚਾਰਾਂ ਨੂੰ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਗਿਆ।
ਇਸ ਘਟਨਾ ਨੇ ਗੁਜਰਾਤ ਵਿੱਚ ਦਲਿਤਾਂ ਵਿੱਚ ਗੁੱਸਾ ਪੈਦਾ ਕੀਤਾ, ਜਿਸ ਕਾਰਨ ਕੁਝ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਅਤੇ ਦੰਗੇ ਹੋਏ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਵੀ ਮੌਤ ਹੋ ਗਈ ਸੀ।

ਤਸਵੀਰ ਸਰੋਤ, Bipin Tankaria
ਗੁਜਰਾਤ ਦੀ ਤਤਕਾਲੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਤੋਂ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਫਿਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਾਲੂਭਾਈ, ਵਸ਼ਰਾਮ ਅਤੇ ਹੋਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਬਾਰੇ ਗੱਲ ਕੀਤੀ।
ਇਸ ਘਟਨਾ ਨੂੰ ਨੌਂ ਸਾਲ ਹੋ ਗਏ ਹਨ। ਸਰਵਈਆ ਪਰਿਵਾਰ ਦੇ ਮੈਂਬਰ ਕੁਝ ਹੱਦ ਤੱਕ ਆਮ ਜੀਵਨ ਜਿਉਂ ਰਹੇ ਜਾਪਦੇ ਹਨ।
ਇਸ ਵੇਲੇ, ਬਾਲੂਭਾਈ ਆਪਣਾ ਜ਼ਿਆਦਾਤਰ ਸਮਾਂ ਆਪਣੇ ਖੇਤ ਵਿੱਚ ਰੱਖੀਆਂ ਦੋ ਗਾਵਾਂ, ਦੋ ਮੱਝਾਂ, ਦੋ ਗਧਿਆਂ ਅਤੇ ਇੱਕ ਘੋੜੀ ਦੀ ਦੇਖਭਾਲ ਵਿੱਚ ਬਿਤਾਉਂਦੇ ਹਨ।
ਵਸ਼ਰਾਮ, ਰਮੇਸ਼ ਅਤੇ ਬੇਚਰ ਖੇਤ ਵਿੱਚ ਉਗਾਏ ਗਏ ਘਾਹ ਅਤੇ ਮੱਕੀ ਦੀ ਵਾਢੀ ਕਰਦੇ ਹਨ ਅਤੇ ਇਸ ਨੂੰ ਬਾਲੂਭਾਈ ਨੂੰ ਦਿੰਦੇ ਹਨ ਅਤੇ ਬਜ਼ੁਰਗ ਬਾਲੂਭਾਈ ਇਹ ਗਾਵਾਂ ਅਤੇ ਮੱਝਾਂ ਨੂੰ ਖੁਆਉਂਦੇ ਹਨ।
ਜਿਸ ਦਿਨ ਬੀਬੀਸੀ ਗੁਜਰਾਤੀ ਟੀਮ ਮੋਟਾ ਸਮਧਿਆਲਾ ਗਈ, ਉਸ ਦਿਨ ਉਨ੍ਹਾਂ ਦੀ ਪੰਜ ਸਾਲ ਦੀ ਧੀ ਵਾਦੀ ਤੋਂ ਘਰ ਪਹੁੰਚੀ ਤਾਂ ਉਨ੍ਹਾਂ ਨਾਲ ਚਿਪਕ ਗਈ।
ਘਰ ਵਿੱਚ, ਕੁੰਵਰਬੇਨ ਅਤੇ ਮਨੀਸ਼ਾ, ਵਸ਼ਰਾਮ ਦੀ ਪਤਨੀ, ਘਰੇਲੂ ਕੰਮਾਂ ਵਿੱਚ ਰੁੱਝੀਆਂ ਹੋਈਆਂ ਸਨ।
ਸਰਵਈਆ ਪਰਿਵਾਰ ਦੇ ਨਵੇਂ ਬਣੇ ਘਰ ਦੀਆਂ ਕੰਧਾਂ 'ਤੇ ਪਲੱਸਤਰ ਦਾ ਕੰਮ ਚੱਲ ਰਿਹਾ ਸੀ।
ਸਰਵਈਆ ਪਰਿਵਾਰ ਦੇ ਘਰ ਤੋਂ ਥੋੜ੍ਹੀ ਦੂਰ, ਬੱਚੇ ਚੌਕ ਵਿੱਚ ਕ੍ਰਿਕਟ ਖੇਡ ਰਹੇ ਸਨ ਅਤੇ ਕੁਝ ਨਿੰਮ ਦੇ ਦਰੱਖਤ ਹੇਠਾਂ ਬੈਂਚਾਂ 'ਤੇ ਬੈਠੇ ਸਨ।
ਪਰ, ਇਸ ਆਮ ਜਾਪਦੀ ਰੋਜ਼ਾਨਾ ਜ਼ਿੰਦਗੀ ਵਿੱਚ ਕੁਝ ਅਸਾਧਾਰਨ ਜਿਹਾ ਵੀ ਸੀ ਪੁਲਿਸ ਸਰਵਈਆ ਪਰਿਵਾਰ ਦੇ ਮੈਂਬਰਾਂ ਅਤੇ ਵੱਡੇ ਸਮਧਿਆਲਾ ਪਿੰਡ ਦੇ ਖੇਤਰ ਵਿੱਚ ਲਗਾਤਾਰ ਗਸ਼ਤ ਕਰਦੀ ਹੈ, ਜਿੱਥੇ ਉਹ ਰਹਿੰਦੇ ਹਨ।
ਇਸ ਪਰਿਵਾਰ ਦੀ ਸੁਰੱਖਿਆ ਲਈ ਸਟੇਟ ਰਿਜ਼ਰਵ ਪੁਲਿਸ (ਐੱਸਆਰਪੀ) ਦੇ ਤਿੰਨ ਹਥਿਆਰਬੰਦ ਕਾਂਸਟੇਬਲ, ਇੱਕ ਸਹਾਇਕ ਸਬ-ਇੰਸਪੈਕਟਰ ਅਤੇ ਸਥਾਨਕ ਪੁਲਿਸ ਦੇ ਦੋ ਕਾਂਸਟੇਬਲ ਮੌਜੂਦ ਹਨ।
ਜੇਕਰ ਵਸ਼ਰਾਮ, ਰਮੇਸ਼ ਜਾਂ ਬਾਲੂਭਾਈ ਸ਼ਹਿਰ ਤੋਂ ਬਾਹਰ ਜਾਂਦੇ ਹਨ ਤਾਂ ਇੱਕ ਪੁਲਿਸ ਵਾਲਾ ਵੀ ਉਨ੍ਹਾਂ ਦੇ ਨਾਲ ਹੁੰਦਾ ਹੈ ਅਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ।

ਤਸਵੀਰ ਸਰੋਤ, Bipin Tankaria
ਪੁਲਿਸ ਸੁਰੱਖਿਆ ਹੇਠ ਜ਼ਿੰਦਗੀ ਜਿਉਂਣ ਵਾਲੇ ਕਈ ਪਰਿਵਾਰ ਹਨ
ਮੋਟਾ ਸਮਧਿਆਲਾ ਦਾ ਸਰਵਈਆ ਪਰਿਵਾਰ ਪੁਲਿਸ ਸੁਰੱਖਿਆ ਹੇਠ ਜ਼ਿੰਦਗੀ ਜਿਉਂਣ ਵਾਲਾ ਕੋਈ ਇਕੱਲਾ ਪਰਿਵਾਰ ਨਹੀਂ ਹੈ।
ਦਰਅਸਲ, ਅਹਿਮਦਾਬਾਦ ਜ਼ਿਲ੍ਹੇ ਦੇ ਢੋਲਕਾ ਤਾਲੁਕਾ ਦੇ ਲੋਲੀਆ ਪਿੰਡ ਦੇ ਸਾਬਕਾ ਸਰਪੰਚ ਵਿਜੇਭਾਈ ਚਾਵੜਾ ਦਾ ਪਰਿਵਾਰ ਲਗਭਗ 12 ਸਾਲਾਂ ਤੋਂ ਪੁਲਿਸ ਸੁਰੱਖਿਆ ਹੇਠ ਰਹਿ ਰਿਹਾ ਹੈ।
1 ਜੁਲਾਈ, 2013 ਨੂੰ, ਲੋਲੀਆ ਪਿੰਡ ਵਿੱਚ ਰਹਿਣ ਵਾਲੇ ਰਘੂਭਾਈ ਹਰੀਭਾਈ ਪਰਮਾਰ, ਉਨ੍ਹਾਂ ਦੇ ਭਰਾਵਾਂ, ਪੁੱਤਰ ਜਿਗਨੇਸ਼ ਆਦਿ ਨੇ ਕਥਿਤ ਤੌਰ 'ਤੇ ਦਲਿਤ ਭਾਈਚਾਰੇ ਦੇ ਆਗੂ ਵਿਜੇਭਾਈ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।
ਜਦੋਂ ਵਿਜੇਭਾਈ 2006 ਤੋਂ 2011 ਤੱਕ ਸਰਪੰਚ ਸਨ ਤਾਂ ਰਘੂਭਾਈ ਨੂੰ ਡਿਪਟੀ ਸਰਪੰਚ ਚੁਣਿਆ ਗਿਆ ਸੀ।
ਪੁਲਿਸ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਰਘੂਭਾਈ, ਜੋ ਕਿ ਹੋਰ ਪੱਛੜੇ ਵਰਗਾਂ (ਓਬੀਸੀ) ਨਾਲ ਸਬੰਧਤ ਸੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਨੇ ਨਿੱਜੀ ਦੁਸ਼ਮਣੀ ਕਾਰਨ ਵਿਜੇਭਾਈ ਦਾ ਕਤਲ ਕੀਤਾ ਸੀ।
ਚੋਣਾਂ ਵਿੱਚ, ਵਿਜੇਭਾਈ ਪਿੰਡ ਦੇ ਖੱਤਰੀ ਭਾਈਚਾਰੇ ਦੇ ਨੇਤਾ ਅਤੇ ਫਿਰ ਸਰਪੰਚ ਚੰਦੂਭਾ ਵਾਘੇਲਾ ਨੂੰ ਹਰਾ ਕੇ ਸਰਪੰਚ ਬਣੇ ਸਨ।
ਵਿਜੇਭਾਈ ਦੇ ਕਤਲ ਤੋਂ ਬਾਅਦ, ਸਰਕਾਰ ਨੇ ਚਾਵੜਾ ਪਰਿਵਾਰ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ।
ਵਿਜੇਭਾਈ ਦੇ ਕਤਲ ਤੋਂ ਬਾਅਦ, ਉਨ੍ਹਾਂ ਦੀ ਵੱਡੀ ਭੈਣ ਪ੍ਰਵੀਨਾ ਚਾਵੜਾ ਨੇ ਇਨਸਾਫ਼ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਪ੍ਰਵੀਨਾਬੇਨ ਇੱਕ ਕਾਂਗਰਸ ਆਗੂ ਸੀ ਅਤੇ ਉਨ੍ਹਾਂ ਨੇ ਸ਼ੰਕਰ ਸਿੰਘ ਵਾਘੇਲਾ ਸਰਕਾਰ ਵਿੱਚ ਗੁਜਰਾਤ ਰਾਜ ਚਮੜਾ ਉਦਯੋਗ ਨਿਗਮ ਦੀ ਚੇਅਰਪਰਸਨ ਵਜੋਂ ਵੀ ਸੇਵਾ ਨਿਭਾਈ।
ਪਰ 27 ਫਰਵਰੀ, 2015 ਨੂੰ, ਅਹਿਮਦਾਬਾਦ ਵਿੱਚ ਅਦਾਲਤ ਵਿੱਚ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਉਨ੍ਹਾਂ ਦਾ ਵੀ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ।
ਉਸ ਸਮੇਂ, ਉਨ੍ਹਾਂ ਦੀ ਸੁਰੱਖਿਆ ਲਈ ਕੋਈ ਪੁਲਿਸ ਵਾਲਾ ਉਨ੍ਹਾਂ ਦੇ ਨਾਲ ਨਹੀਂ ਸੀ। ਹਾਲਾਂਕਿ, ਉਨ੍ਹਾਂ ਦੇ ਘਰ ਦੀ ਸੁਰੱਖਿਆ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ।

ਤਸਵੀਰ ਸਰੋਤ, Bipin Tankaria
ਬਗੋਦਰਾ ਪੁਲਿਸ ਸਟੇਸ਼ਨ ਵਿੱਚ ਦਰਜ ਸ਼ਿਕਾਇਤ ਦੇ ਅਨੁਸਾਰ, ਰਘੂਭਾਈ, ਉਨ੍ਹਾਂ ਦੇ ਦੂਜੇ ਪੁੱਤਰ ਹੀਰਲ ਅਤੇ ਰਘੂਭਾਈ ਦੇ ਭਰਾਵਾਂ ਨੇ ਪ੍ਰਵੀਨਾਬੇਨ ਨੂੰ ਅਹਿਮਦਾਬਾਦ ਤੋਂ ਇੱਕ ਕਾਰ ਵਿੱਚ ਅਗਵਾ ਕਰ ਕੇ ਮਾਰ ਦਿੱਤਾ ਅਤੇ ਉਨ੍ਹਾਂ ਦੀ ਲਾਸ਼ ਬਾਵਲਾ-ਬਗੋਦਰਾ ਹਾਈਵੇਅ 'ਤੇ ਰੋਹਿਕਾ ਪਿੰਡ ਦੇ ਇੱਕ ਪਾਸੇ ਸੁੱਟ ਦਿੱਤਾ ਸੀ।
ਵਿਜੇਭਾਈ ਅਤੇ ਪ੍ਰਵੀਨਾਬੇਨ ਦੇ ਕਥਿਤ ਕਤਲ ਤੋਂ ਬਾਅਦ, ਉਨ੍ਹਾਂ ਦੇ ਪਿਤਾ ਅਮਰਭਾਈ ਦੀ 2017 ਵਿੱਚ ਮੌਤ ਹੋ ਗਈ। ਇਸ ਸਮੇਂ, ਵਿਜੇਭਾਈ ਦੀ ਬਜ਼ੁਰਗ ਮਾਂ ਕੰਕੂਬੇਨ, ਵੱਡੀ ਭੈਣ ਹੰਸਾਬੇਨ ਮਕਵਾਨਾ ਅਤੇ ਹੰਸਾਬੇਨ ਦਾ ਪੁੱਤਰ ਪੁਲਿਸ ਸੁਰੱਖਿਆ ਹੇਠ ਰਹਿ ਰਹੇ ਹਨ।
ਇਸੇ ਤਰ੍ਹਾਂ, 15 ਜੂਨ, 2014 ਨੂੰ ਕੱਛ ਜ਼ਿਲ੍ਹੇ ਦੇ ਅਬਦਾਸਾ ਤਾਲੁਕਾ ਦੇ ਖੀਰਸਾਰਾ (ਵਿੰਝਨ) ਪਿੰਡ ਵਿੱਚ ਵਾਪਰੀ ਘਟਨਾ ਨੂੰ 11 ਸਾਲ ਬੀਤ ਗਏ ਹਨ।
ਜਦੋਂ ਪਿੰਡ ਵਿੱਚ ਕਬਰਿਸਤਾਨ ਦੀ ਕੰਧ ਨੂੰ ਲੈ ਕੇ ਹੋਏ ਝਗੜੇ ਵਿੱਚ ਹਾਰੂਨ ਮੂਸਾ ਹਿੰਗੋਰਾ ਅਤੇ 16 ਹੋਰ ਲੋਕਾਂ ਨੇ ਵੇਲਜੀਭਾਈ ਮਹੇਸ਼ਵਰੀ ਨਾਮ ਦੇ ਇੱਕ ਦਲਿਤ ਨੂੰ ਕਥਿਤ ਤੌਰ 'ਤੇ ਮਾਰ ਦਿੱਤਾ ਸੀ। ਪਰ ਵੇਲਜੀਭਾਈ ਦਾ ਪਰਿਵਾਰ ਵੀ ਪੁਲਿਸ ਸੁਰੱਖਿਆ ਹੇਠ ਰਹਿ ਰਿਹਾ ਹੈ।
ਇਸ ਦੌਰਾਨ, ਭਾਵਨਗਰ ਜ਼ਿਲ੍ਹੇ ਦੇ ਗਰੀਆਧਰ ਤਾਲੁਕਾ ਦੇ ਜਾਲੀਆ ਪਿੰਡ ਦੇ ਇੱਕ ਦਲਿਤ ਪ੍ਰਵੀਨਭਾਈ ਗੋਹਿਲ ਦਾ ਕਹਿਣਾ ਹੈ ਕਿ ਜਦੋਂ ਉਹ 2013 ਵਿੱਚ ਸਰਪੰਚ ਚੁਣੇ ਗਏ ਸਨ, ਤਾਂ ਉਨ੍ਹਾਂ ਨੇ ਇੱਕ ਰਿਵਾਇਤ ਨੂੰ ਤੋੜਿਆ ਸੀ।
ਦਰਅਸਲ ਇਸ ਪਰੰਪਰਾ ਦੇ ਤਹਿਤ ਪਿੰਡ ਦੇ ਸਿਰਫ਼ ਖੱਤਰੀ ਹੀ ਸਰਪੰਚ ਚੁਣੇ ਜਾਂਦੇ ਸਨ ਜਾਂ ਅਸਿੱਧੇ ਤੌਰ 'ਤੇ ਗ੍ਰਾਮ ਪੰਚਾਇਤ ਦਾ ਪ੍ਰਬੰਧਨ ਕਰਦੇ ਸਨ, ਜਿਸ ਨੂੰ ਉਨ੍ਹਾਂ ਨੇ ਤੋੜਿਆ।
ਇਸ ਮਗਰੋਂ ਉਨ੍ਹਾਂ ʼਤੇ ਸਾਬਕਾ ਸਰਪੰਚ 'ਤੇ ਇੰਦੂਬਾ ਗੋਹਿਲ 'ਤੇ ਕਥਿਤ ਤੌਰ 'ਤੇ ਉਨ੍ਹਾਂ ਦੇ ਪਤੀ ਰਾਣੂਭਾ ਗੋਹਿਲ ਅਤੇ ਖੱਤਰੀ ਭਾਈਚਾਰੇ ਦੇ ਹੋਰ ਲੋਕਾਂ ਨੇ ਹਮਲਾ ਕੀਤਾ ਸੀ।
ਇਸ ਤੋਂ ਬਾਅਦ, ਹਮਲੇ, ਧਮਕੀਆਂ, ਅੱਤਿਆਚਾਰ ਆਦਿ ਦੀਆਂ ਛੇ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਅੰਤ ਵਿੱਚ, ਸਰਕਾਰ ਨੇ 2018 ਵਿੱਚ ਪ੍ਰਵੀਨਭਾਈ ਦੇ ਘਰ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਅਤੇ ਇਹ ਅੱਜ ਵੀ ਜਾਰੀ ਹੈ।

ਤਸਵੀਰ ਸਰੋਤ, Bipin Tankaria
27 ਪਿੰਡਾਂ ਅਤੇ ਕਸਬਿਆਂ 'ਚ ਦਲਿਤ ਅਜੇ ਵੀ ਪੁਲਿਸ ਸੁਰੱਖਿਆ ਹੇਠ ਰਹਿੰਦੇ
ਮੋਟਾ ਸਮਧਿਆਲਾ, ਲੋਲੀਆ, ਖੀਰਸਾਰਾ (ਵਿੰਝਨ) ਅਤੇ ਜਾਲੀਆ ਪਿੰਡਾਂ ਦੇ ਦਲਿਤ ਪਰਿਵਾਰਾਂ ਦੀ ਸਥਿਤੀ ਸੂਬੇ ਦੇ 23 ਹੋਰ ਪਿੰਡਾਂ ਅਤੇ ਕਸਬਿਆਂ ਵਿੱਚ ਰਹਿਣ ਵਾਲੇ 23 ਹੋਰ ਦਲਿਤ ਪਰਿਵਾਰਾਂ ਵਰਗੀ ਹੈ।
ਮਹਿਸਾਣਾ ਦੇ ਵਕੀਲ ਕੌਸ਼ਿਕ ਪਰਮਾਰ ਦੁਆਰਾ ਦਾਇਰ ਸੂਚਨਾ ਅਧਿਕਾਰ (ਆਰਟੀਆਈ) ਅਰਜ਼ੀ ਦੇ ਜਵਾਬ ਵਿੱਚ, ਗੁਜਰਾਤ ਸਰਕਾਰ ਨੇ 25 ਫਰਵਰੀ, 2025 ਨੂੰ ਕਿਹਾ ਕਿ ਜੂਨ 2024 ਤੱਕ ਰਾਜ ਦੇ ਕੁੱਲ 27 ਪਿੰਡਾਂ/ਕਸਬਿਆਂ ਵਿੱਚ ਦਲਿਤਾਂ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।
ਇਨ੍ਹਾਂ ਪਰਿਵਾਰਾਂ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ ਸੀ ਅਤੇ ਅੱਤਿਆਚਾਰ ਦੇ ਮਾਮਲੇ ਦਰਜ ਕੀਤੇ ਗਏ ਸਨ। ਇਸ ਵਿੱਚ ਲੋਲੀਆ, ਖੀਰਸਾਰਾ (ਵਿੰਝਨ), ਸਨੋਦਰ (ਭਾਵਨਗਰ ਜ਼ਿਲ੍ਹਾ), ਜਲੀਲਾ (ਬੋਟਾਡ), ਚਾਰੇਲ (ਰਾਜਕੋਟ) ਅਤੇ ਸਮਧਿਆਲਾ (ਸੁਰੇਂਦਰਨਗਰ) ਵਿੱਚ ਦਲਿਤ ਭਾਈਚਾਰੇ ਦੇ ਕੁੱਲ ਸੱਤ ਲੋਕਾਂ ਦੇ ਕਤਲ ਦੇ ਮਾਮਲੇ ਸ਼ਾਮਲ ਹਨ।
ਜਿਨ੍ਹਾਂ 27 ਮਾਮਲਿਆਂ ਵਿੱਚ ਪੁਲਿਸ ਸੁਰੱਖਿਆ ਉਪਲੱਬਧ ਹੈ।
ਇਨ੍ਹਾਂ ਵਿੱਚੋਂ, 12 ਮਾਮਲਿਆਂ ਵਿੱਚ ਨਿੱਜੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਹੋਰ ਮਾਮਲਿਆਂ ਵਿੱਚ, ਆਂਢ-ਗੁਆਂਢ ਦੇ ਅੰਦਰ ਜਾਂ ਆਂਢ-ਗੁਆਂਢ ਨਾਲ ਵਿਅਕਤੀਗਤ ਤੌਰ 'ਤੇ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।
2013 ਤੋਂ ਲੋਲੀਆ ਪਿੰਡ ਨੂੰ ਦਿੱਤੀ ਗਈ ਸੁਰੱਖਿਆ ਸਭ ਤੋਂ ਲੰਬੀ ਹੈ, ਜਦੋਂ ਕਿ ਸਭ ਤੋਂ ਤਾਜ਼ਾ ਮਾਮਲਾ 26 ਜੂਨ, 2024 ਨੂੰ ਖੇੜਾ ਜ਼ਿਲ੍ਹੇ ਦੇ ਚਕਲਾਸੀ ਵਿੱਚ ਮੋਹਨਭਾਈ ਰੋਹਿਤ ਅਤੇ ਉਨ੍ਹਾਂ ਦੀ ਪਤਨੀ ਵਿਮਲਾਬੇਨ ਨੂੰ ਦਿੱਤੀ ਗਈ ਪੁਲਿਸ ਸੁਰੱਖਿਆ ਦਾ ਹੈ।
ਦਰਅਸਲ, ਮੋਟਰ ਕਾਰ ਚਲਾਉਣ ਦੇ ਵਿਵਾਦ ਤੋਂ ਬਾਅਦ ਉਨ੍ਹਾਂ ਦੇ ਹੀ ਪਿੰਡ ਦੇ ਨੌਂ ਬੰਦਿਆਂ ਨੇ ਉਨ੍ਹਾਂ 'ਤੇ ਕਥਿਤ ਤੌਰ ਉੱਤੇ ਹਮਲਾ ਕਰ ਦਿੱਤਾ ਸੀ।
ਬੀਬੀਸੀ ਨੇ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਭਾਨੂਬੇਨ ਬਾਬਰੀਆ ਅਤੇ ਰਾਜ ਸਰਕਾਰ ਦੇ ਬੁਲਾਰੇ ਮੰਤਰੀ ਰਿਸ਼ੀਕੇਸ਼ ਪਟੇਲ ਨਾਲ ਇਸ ਮਾਮਲੇ 'ਤੇ ਰਾਜ ਸਰਕਾਰ ਦਾ ਵਿਚਾਰ ਜਾਣਨ ਲਈ ਫ਼ੋਨ ਅਤੇ ਐੱਸਐੱਮਐੱਸ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ।

ਤਸਵੀਰ ਸਰੋਤ, Bipin Tankaria
ਪੁਲਿਸ ਸੁਰੱਖਿਆ ਕਿਉਂ ਜ਼ਰੂਰੀ ਹੈ?
ਵਸ਼ਰਾਮ ਸਰਵਈਆ ਆਪਣੇ ਪਿੰਡ ਵਿੱਚ ਖੁੱਲ੍ਹ ਕੇ ਘੁੰਮਦੇ ਹਨ, ਪਰ ਕਹਿੰਦੇ ਹਨ ਕਿ ਉਹ ਲਗਾਤਾਰ ਖ਼ਤਰਾ ਮਹਿਸੂਸ ਕਰਦੇ ਹਨ।
ਉਨ੍ਹਾਂ ਕਿਹਾ, "ਸਾਲ 2016 ਵਿੱਚ ਗਊ ਰੱਖਿਅਕਾਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਵੀ, ਸਾਡੇ 'ਤੇ ਦੋ ਵਾਰ ਹਮਲਾ ਹੋਇਆ ਹੈ। ਸਾਡੇ ਕੇਸ ਵਿੱਚ 45 ਮੁਲਜ਼ਮ ਹਨ ਅਤੇ ਉਹ ਸਾਰੇ ਇਸ ਸਮੇਂ ਜ਼ਮਾਨਤ ʼਤੇ ਰਿਹਾਅ ਹਨ।"
ਵਸ਼ਰਾਮ ਕਹਿੰਦੇ ਹਨ, "ਉਹ ਸਾਡੇ ਪਿੰਡ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਰਹਿੰਦੇ ਹਨ ਅਤੇ ਕੋਈ ਨਹੀਂ ਜਾਣਦਾ ਕਿ ਉਹ ਸਾਡੇ ਨਾਲ ਕੀ ਕਰਨਗੇ। ਇਸ ਲਈ ਸਾਡੇ ਮਾਮਲੇ ਵਿੱਚ ਪੁਲਿਸ ਸੁਰੱਖਿਆ ਬਹੁਤ ਮਹੱਤਵਪੂਰਨ ਹੈ।"
ਵਸ਼ਰਾਮ ਦੀ ਮਾਂ ਕੁੰਵਰਬੇਨ ਕਹਿੰਦੀ ਹੈ ਕਿ ਪੁਲਿਸ ਸੁਰੱਖਿਆ ਦੇ ਬਾਵਜੂਦ, ਉਹ ਚਿੰਤਤ ਰਹਿੰਦੇ ਹਨ।
ਲੋਲੀਆ ਪਿੰਡ ਵਿੱਚ, ਚਾਵੜਾ ਪਰਿਵਾਰ ਅਤੇ ਵੱਲਭਭਾਈ ਪਰਮਾਰ ਦੇ ਪਰਿਵਾਰ ਦੇ ਘਰ ਇੱਕੋ ਬਲਾਕ ਵਿੱਚ ਇੱਕ ਦੂਜੇ ਦੇ ਬਹੁਤ ਨੇੜੇ ਸਥਿਤ ਹਨ।
ਵੱਲਭਭਾਈ ਦਾ ਪਰਿਵਾਰ ਵੀ ਦਲਿਤ ਭਾਈਚਾਰੇ ਨਾਲ ਸਬੰਧਿਤ ਹੈ। ਹੰਸਾਬੇਨ ਕਹਿੰਦੀ ਹੈ ਕਿ ਜਦੋਂ ਵਿਜੇਭਾਈ ਨੂੰ ਮਾਰਿਆ ਗਿਆ ਸੀ, ਤਾਂ ਰਘੂਭਾਈ ਵੱਲਭਭਾਈ ਸਾਂਝੇ ਤੌਰ ʼਤੇ ਖੇਤੀਬਾੜੀ ਕਰਦੇ ਸਨ।
ਹਾਲਾਂਕਿ, ਇਸ ਗੁਆਂਢੀ ਪਰਿਵਾਰ ਦਾ ਕੋਈ ਵੀ ਮੈਂਬਰ ਕਤਲ ਕੇਸ ਵਿੱਚ ਮੁਲਜ਼ਮ ਨਹੀਂ ਹੈ। ਹਾਲਾਂਕਿ, ਪਿੰਡ ਵਾਸੀਆਂ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਵੱਲਭਾਈ ਅਤੇ ਚਾਵੜਾ ਪਰਿਵਾਰ ਵਿਚਕਾਰ ਤਣਾਅ ਹੈ।
ਹੰਸਾਬੇਨ ਕਹਿੰਦੀ ਹੈ, " ਵੱਲਭਾਈ ਦਾ ਪਰਿਵਾਰ ਆਪਣਾ ਘਰ ਛੱਡ ਕੇ ਕਈ ਸਾਲਾਂ ਤੋਂ ਅਹਿਮਦਾਬਾਦ ਵਿੱਚ ਰਹਿੰਦਾ ਹੈ। ਪੁਲਿਸ ਰਿਕਾਰਡ ਵਿੱਚ ਦਰਜ ਮਾਮਲੇ ਦੇ ਅਨੁਸਾਰ, ਵਿਜੇਭਾਈ 'ਤੇ ਹਮਲਾ ਕਰਨ ਤੋਂ ਬਾਅਦ, ਮੁਲਜ਼ਮਾਂ ਨੇ ਵਿਜੇਭਾਈ ਦੇ ਦੋਸਤ ਘਣਸ਼ਿਆਮਭਾਈ ਰਾਠੌੜ, ਉਨ੍ਹਾਂ ਦੀ ਮਾਂ ਅਤੇ ਛੋਟੇ ਭਰਾ 'ਤੇ ਵੀ ਹਮਲਾ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਦੇ ਘਰ ਦੇ ਬਾਹਰ ਪੁਲਿਸ ਵੀ ਤੈਨਾਤ ਹੈ।"
ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਕੁੱਲ 11 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਜ਼ਿਆਦਾਤਰ ਮੁਲਜ਼ਮ ਲੋਲੀਆ ਪਿੰਡ ਦੇ ਵਸਨੀਕ ਹਨ।
ਘਣਸ਼ਿਆਮਭਾਈ ਕਹਿੰਦੇ ਹਨ, "ਇਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ, ਜਦੋਂ ਕਿ ਦੋ ਨੂੰ ਛੱਡ ਕੇ ਸਾਰੇ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਗਈ ਹੈ। ਪ੍ਰਵੀਨਾਬੇਨ ਵਿਜੇਭਾਈ ਦੇ ਕਤਲ ਵਿੱਚ ਸ਼ਿਕਾਇਤਕਰਤਾ ਸੀ ਅਤੇ ਮੈਂ ਪੀੜਤ ਅਤੇ ਗਵਾਹ ਹਾਂ। ਜੇਕਰ ਉਹ ਸ਼ਿਕਾਇਤਕਰਤਾ ਨੂੰ ਮਾਰ ਰਹੇ ਹਨ, ਤਾਂ ਕੀ ਉਨ੍ਹਾਂ ਨੂੰ ਪੀੜਤ ਅਤੇ ਗਵਾਹ ਨੂੰ ਵੀ ਨਹੀਂ ਮਾਰਨਾ ਚਾਹੀਦਾ?"
"ਉਹ ਮੈਨੂੰ ਵੀ ਮਾਰ ਸਕਦੇ ਹਨ। ਇਸ ਲਈ ਮੈਨੂੰ ਸੁਰੱਖਿਆ ਮਿਲੀ ਹੈ।"
ਉਨ੍ਹਾਂ ਦਾ ਇਲਜ਼ਾਮ ਹੈ ਕਿ ਰਘੂਭਾਈ ਨੇ ਵਿਜੇਭਾਈ ਨੂੰ ਸਰਪੰਚ ਹੁੰਦਿਆਂ ਵਿਕਾਸ ਕਾਰਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਅਤੇ ਇਸ ਮੁੱਦੇ 'ਤੇ ਦੋਵਾਂ ਵਿਚਕਾਰ ਝਗੜਾ ਹੋ ਗਿਆ ਸੀ, ਜਿਸ ਦੇ ਨਤੀਜੇ ਵਜੋਂ ਕਤਲ ਹੋ ਗਿਆ ਸੀ।

ਤਸਵੀਰ ਸਰੋਤ, Bipin Tankaria
'ਦਲਿਤ ਭਾਈਚਾਰੇ ਉੱਤੇ ਹਮਲੇ ਦੇ ਆਰਥਿਕ ਅਤੇ ਸਮਾਜਿਕ ਕਾਰਨ'
ਮਨੁੱਖੀ ਅਧਿਕਾਰ ਕਾਰਕੁਨ ਅਤੇ ਅਹਿਮਦਾਬਾਦ ਨੇੜੇ ਨਵਸਰਜਨ ਅਤੇ ਦਲਿਤ ਸ਼ਕਤੀ ਕੇਂਦਰ ਵਰਗੇ ਸੰਗਠਨਾਂ ਦੇ ਸੰਸਥਾਪਕ ਮਾਰਟਿਨ ਮੈਕਵਾਨ ਕਹਿੰਦੇ ਹਨ ਕਿ ਗੁਜਰਾਤ ਵਿੱਚ ਦਲਿਤਾਂ 'ਤੇ ਆਰਥਿਕ ਅਤੇ ਸਮਾਜਿਕ ਕਾਰਨਾਂ ਕਰ ਕੇ ਉੱਚ ਵਰਗ ਦੇ ਲੋਕਾਂ ਦੁਆਰਾ ਜ਼ੁਲਮ ਕੀਤੇ ਜਾਂਦੇ ਹਨ।
ਉਹ ਅੱਗੇ ਕਹਿੰਦੇ ਹਨ, "ਜੇ ਤੁਸੀਂ ਜ਼ੁਲਮ ਦੇ ਕਾਰਨਾਂ ਨੂੰ ਦੇਖਦੇ ਹੋ, ਤਾਂ ਅਜਿਹਾ ਇਸ ਲਈ ਨਹੀਂ ਹੈ ਕਿਉਂਕਿ ਮੈਂ ਉਨ੍ਹਾਂ ਨਾਲ ਬਹਿਸ ਕੀਤੀ ਅਤੇ ਅੱਤਿਆਚਾਰ ਕੀਤਾ। ਨਹੀਂ, ਮੇਰੇ ਉੱਤੇ ਹਮਲਾ ਹੋਇਆ ਕਿਉਂਕਿ ਮੈਂ ਆਪਣੀ ਜ਼ਮੀਨ ʼਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਮੈਨੂੰ ਘੱਟੋ-ਘੱਟ ਉਜਰਤ ਨਹੀਂ ਮਿਲਦੀ ਅਤੇ ਮੈਂ ਸ਼ਿਕਾਇਤ ਕੀਤੀ।"
"ਇਸ ਲਈ ਆਰਥਿਕ ਕਾਰਨ ਪਹਿਲਾ ਅਤੇ ਸਭ ਤੋਂ ਵੱਡਾ ਕਾਰਨ ਹਨ। ਸਮਾਜਿਕ ਪੱਖਪਾਤ ਵਿੱਚ ਵੀ ਕੋਈ ਸੁਧਾਰ ਨਹੀਂ ਹੋਇਆ ਹੈ। ਇਸ ਤੋਂ ਇਲਾਵਾ, ਉਹ ਪੱਖਪਾਤ ਹੋਰ ਵੀ ਮਜ਼ਬੂਤ ਹੋ ਗਏ ਹਨ।"
ਉਹ ਸਵਾਲ ਕਰਦੇ ਹਨ, "2010 ਵਿੱਚ ਹੋਏ ਨਵਸਰਜਨ ਅਧਿਐਨ ਨੂੰ ਦੇਖੋ, ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ, 90.2 ਫੀਸਦ ਪਿੰਡਾਂ ਵਿੱਚ, ਦਲਿਤ ਹਿੰਦੂ ਹੋਣ ਦੇ ਬਾਵਜੂਦ ਮੰਦਰਾਂ ਵਿੱਚ ਦਾਖ਼ਲ ਨਹੀਂ ਹੋ ਸਕਦੇ ਅਤੇ 54 ਫੀਸਦ ਸਕੂਲਾਂ ਵਿੱਚ ਮਿਡ-ਡੇਅ ਮੀਲ ਲਈ ਵੱਖਰੀਆਂ ਕਤਾਰਾਂ ਹਨ। ਕੀ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਭਾਰਤ ਵਿੱਚ ਛੂਤ-ਛਾਤ ਜਾਰੀ ਰਹਿਣੀ ਚਾਹੀਦੀ ਹੈ?"

ਤਸਵੀਰ ਸਰੋਤ, Bipin Tankaria
ਪੁਲਿਸ ਸੁਰੱਖਿਆ ਦਾ ਕੀ ਅਰਥ ਹੈ?
ਮਾਰਟਿਨ ਮੈਕਈਵਾਨ ਕਹਿੰਦਾ ਹੈ ਕਿ ਦਲਿਤਾਂ 'ਤੇ ਅੱਤਿਆਚਾਰ ਇਸ ਗੱਲ ਦੀ ਨਿਸ਼ਾਨੀ ਹਨ ਕਿ ਆਜ਼ਾਦੀ ਤੋਂ ਬਾਅਦ ਵੀ ਭਾਰਤ ਵਿੱਚ ਜਾਤੀ ਪ੍ਰਣਾਲੀ ਮਜ਼ਬੂਤ ਹੈ।
ਉਹ ਪੁੱਛਦੇ ਹਨ, "ਸਾਡਾ ਸੁਪਨਾ ਸੀ ਕਿ ਭਾਰਤ ਇੱਕ ਏਕੀਕ੍ਰਿਤ ਰਾਸ਼ਟਰ ਬਣੇ, ਪਰ ਜੇਕਰ ਜਾਤੀ ਪ੍ਰਣਾਲੀ ਜਾਰੀ ਰਹੀ ਤਾਂ ਏਕੀਕ੍ਰਿਤ ਭਾਰਤ ਦੀ ਕੋਈ ਸੰਭਾਵਨਾ ਨਹੀਂ ਹੈ। ਸਿਰਫ਼ ਪੁਲਿਸ ਦੀ ਮੌਜੂਦਗੀ ਕਾਰਨ ਸੁਰੱਖਿਅਤ ਮਹਿਸੂਸ ਕਰਨਾ ਜ਼ਰੂਰੀ ਨਹੀਂ ਹੈ। ਦੂਜਾ ਸਵਾਲ ਇਹ ਹੈ ਕਿ ਤੁਸੀਂ ਕਿੰਨੀ ਦੇਰ ਤੱਕ ਪੁਲਿਸ ਸੁਰੱਖਿਆ ਪ੍ਰਦਾਨ ਕਰ ਸਕੋਗੇ?"
ਸੀਨੀਅਰ ਪੱਤਰਕਾਰ ਅਤੇ ਲੇਖਕ ਉਰਵਿਸ਼ ਕੋਠਾਰੀ ਦਲਿਤਾਂ ਨੂੰ ਦਿੱਤੀ ਜਾਣ ਵਾਲੀ ਪੁਲਿਸ ਸੁਰੱਖਿਆ ਦੀ ਤੁਲਨਾ ਸਮੁੰਦਰ ਦੇ ਵਿਚਕਾਰ ਜਹਾਜ਼ ਡੁੱਬਣ ਤੋਂ ਬਾਅਦ ਯਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਛੋਟੀਆਂ ਲਾਈਫਬੋਟਾਂ ਨਾਲ ਕਰਦੇ ਹਨ।
ਉਹ ਕਹਿੰਦੇ ਹਨ, "ਤੁਸੀਂ ਇੱਕ ਆਮ ਜ਼ਿੰਦਗੀ ਜੀਅ ਰਹੇ ਸੀ ਅਤੇ ਤੁਸੀਂ ਸਮੁੰਦਰ ਵਿੱਚ ਚਲੇ ਗਏ। ਤੁਹਾਡਾ ਜਹਾਜ਼ ਸਮੁੰਦਰ ਵਿੱਚ ਟੁੱਟ ਗਿਆ। ਤੁਹਾਨੂੰ ਇੱਕ ਲਾਈਫਬੋਟ ਮਿਲੀ। ਸਮੁੰਦਰ ਬਹੁਤ ਵੱਡਾ ਹੈ। ਤੁਹਾਡੇ ਕੋਲ ਇੱਕ ਲਾਈਫਬੋਟ ਹੈ ਅਤੇ ਤੁਸੀਂ ਇਸ ਨਾਲ ਕਿੰਨਾ ਸਮਾਂ ਬਚ ਸਕੋਗੇ?"
"ਉਸ ਤੋਂ ਬਾਅਦ, ਤੁਹਾਨੂੰ ਪਾਣੀ, ਭੋਜਨ ਅਤੇ ਸਾਰੀਆਂ ਚੀਜ਼ਾਂ ਦੀ ਲੋੜ ਪਵੇਗੀ, ਠੀਕ ਹੈ? ਇਸ ਲਈ ਸਮੁੰਦਰ ਵਿੱਚ ਅਜਿਹੀ ਸਥਿਤੀ ਵਿੱਚ ਪੁਲਿਸ ਸੁਰੱਖਿਆ ਇੱਕ ਲਾਈਫਬੋਟ ਹੈ। ਲਾਈਫਬੋਟ ਇੱਕ ਬਹੁਤ ਹੀ ਬੁਨਿਆਦੀ ਚੀਜ਼ ਹੈ।"
ਕੋਠਾਰੀ ਨੇ ਕਿਹਾ ਕਿ ਪੁਲਿਸ ਸੁਰੱਖਿਆ ਹੇਠ ਰਹਿਣਾ "ਤਸੀਹੇ ਝੱਲਣ ਵਾਂਗ" ਹੋ ਸਕਦਾ ਹੈ ਅਤੇ ਸਾਲਾਂ ਤੱਕ ਅਦਾਲਤੀ ਫ਼ੈਸਲੇ ਤੋਂ ਬਿਨਾਂ "ਮੱਧਮ ਨਿਆਂ" ਸਥਿਤੀ ਨੂੰ ਹੋਰ ਵੀ ਬਦਤਰ ਬਣਾਉਂਦਾ ਹੈ।
ਉਨ੍ਹਾਂ ਦੇ ਅਨੁਸਾਰ, "ਜੋ ਲੋਕ ਸੋਚਦੇ ਹਨ ਕਿ ਉਨ੍ਹਾਂ ਨੂੰ ਪੁਲਿਸ ਸੁਰੱਖਿਆ ਮਿਲ ਰਹੀ ਹੈ, ਮੈਂ ਉਨ੍ਹਾਂ ਸਾਰਿਆਂ ਨੂੰ ਚੁਣੌਤੀ ਦਿੰਦਾ ਹਾਂ, ਤੁਸੀਂ ਇੱਕ ਹਫ਼ਤੇ ਲਈ ਪੁਲਿਸ ਸੁਰੱਖਿਆ ਹੇਠ ਰਹੋ। ਦੇਖੋ ਕਿ ਇਹ ਮਾਨਸਿਕ ਤੌਰ 'ਤੇ ਕਿੰਨਾ ਮਾੜਾ ਹੋ ਸਕਦਾ ਹੈ, ਪੁਲਿਸ ਕਾਰਨ ਨਹੀਂ ਸਗੋਂ ਪੂਰੀ ਸਥਿਤੀ ਕਾਰਨ।"
"ਜਿਨ੍ਹਾਂ ਲੋਕਾਂ ਵਿਰੁੱਧ ਤੁਸੀਂ ਲੜ ਰਹੇ ਹੋ ਉਹ ਤੁਹਾਡੇ ਆਲੇ ਦੁਆਲੇ ਦੇ ਲੋਕ ਹਨ ਅਤੇ ਤੁਸੀਂ ਵਿਚਕਾਰ ਪੁਲਿਸ ਨਾਲ ਘਿਰੇ ਹੋਏ ਹੋ। ਇਸ ਦਾ ਮਤਲਬ ਹੈ ਕਿ ਉਹ ਲੋਕ ਆਜ਼ਾਦ ਹਨ ਅਤੇ ਤੁਸੀਂ ਘਰ ਵਿੱਚ ਨਜ਼ਰਬੰਦ ਹੋ।"
ਅਦਾਲਤ ਦੀ ਕਾਰਵਾਈ ਦੇ ਮੁੱਦੇ 'ਤੇ, ਉਹ ਕਹਿੰਦੇ ਹਨ, "ਅਦਾਲਤਾਂ ਦੀ ਸੁਸਤੀ ਨਿਆਂ ਦੇ ਵਿਰੁੱਧ ਹੈ ਅਤੇ ਇਹ ਸਿਰਫ਼ ਦਲਿਤ ਭਾਈਚਾਰੇ ਤੱਕ ਸੀਮਤ ਨਹੀਂ ਹੈ। ਪਰ ਕਿਉਂਕਿ ਦਲਿਤ ਭਾਈਚਾਰਾ ਖ਼ਾਸ ਤੌਰ 'ਤੇ ਅੱਤਿਆਚਾਰਾਂ ਤੋਂ ਪੀੜਤ ਹੈ ਅਤੇ ਇੱਕ ਵਿਸ਼ੇਸ਼ ਸਥਿਤੀ ਵਿੱਚ ਹਨ, ਉਨ੍ਹਾਂ ਨੂੰ ਜਲਦੀ ਨਿਆਂ ਮਿਲਣਾ ਚਾਹੀਦਾ ਹੈ।"
"ਮੈਂ ਜਲਦਬਾਜ਼ੀ ਵਿੱਚ ਨਿਆਂ ਦੀ ਗੱਲ ਨਹੀਂ ਕਰ ਰਿਹਾ, ਉਨ੍ਹਾਂ ਨੂੰ ਸਹੀ ਨਿਆਂ ਮਿਲਣਾ ਚਾਹੀਦਾ ਹੈ, ਸਹੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"

ਤਸਵੀਰ ਸਰੋਤ, Bipin Tankaria
ਸਰਕਾਰ ਕੀ ਕਹਿੰਦੀ ਹੈ?
ਪਿਛਲੇ ਅਪ੍ਰੈਲ ਦੇ ਤੀਜੇ ਹਫ਼ਤੇ, ਗੁਜਰਾਤ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ ਅਤੇ ਵਿਵਸਥਾ) ਐੱਸ ਰਾਜਕੁਮਾਰ ਪਾਂਡਿਅਨ ਨੇ ਪੁਲਿਸ ਸੁਰੱਖਿਆ ਪ੍ਰਾਪਤ ਕਰਨ ਵਾਲੇ ਦਲਿਤ ਪਰਿਵਾਰਾਂ ਦਾ ਦੌਰਾ ਕੀਤਾ।
ਬੀਬੀਸੀ ਨੇ ਉਨ੍ਹਾਂ ਦੀ ਫੇਰੀ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ, ਪਰ ਰਾਜਕੁਮਾਰ ਪਾਂਡਿਅਨ ਨਾਲ ਸੰਪਰਕ ਨਹੀਂ ਹੋ ਸਕਿਆ।
ਹਾਲਾਂਕਿ, ਉਨ੍ਹਾਂ ਦੀ ਫੇਰੀ ਦੌਰਾਨ ਮੌਜੂਦ ਲੋਕਾਂ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਨੇ ਦਲਿਤ ਪਰਿਵਾਰਾਂ ਨੂੰ ਦਿੱਤੀ ਗਈ ਸੁਰੱਖਿਆ ਦੀ ਸਮੀਖਿਆ ਕੀਤੀ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਦਾ ਸੁਝਾਅ ਦਿੱਤਾ।
ਘਨਸ਼ਿਆਮਭਾਈ ਨੇ ਕਿਹਾ, "ਉਨ੍ਹਾਂ ਨੇ ਸਾਡੇ ਇਲਾਕੇ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












