ਦਲਿਤ ਨੌਜਵਾਨ ਦੀ ਕਾਲਜ 'ਚ ਕੁੱਟਮਾਰ: 'ਤੂੰ ਡਫ਼ਲੀ ਵਜਾਉਦਾ ਹੈ ਤੇ ਝਾੜੂ ਮਾਰਦਾ ਹੈ, ਤੈਨੂੰ ਪੜ੍ਹਾਈ ਦੀ ਕੀ ਲੋੜ ਹੈ'

ਸੋਨਪੇਠ ਪੁਲਿਸ ਥਾਣਾ

ਤਸਵੀਰ ਸਰੋਤ, kiran sakale

ਤਸਵੀਰ ਕੈਪਸ਼ਨ, 17 ਸਾਲਾ ਦਲਿਤ ਨੌਜਵਾਨ ਦੀ ਇਹ ਕਹਿੰਦਿਆਂ ਕਾਲਜ ਵਿੱਚ ਕੁੱਟਮਾਰ ਕੀਤੀ ਗਈ ਕਿ ਉਸ ਨੂੰ ਪੜ੍ਹਾਈ ਦੀ ਲੋੜ ਨਹੀਂ
    • ਲੇਖਕ, ਸ਼ੀਕਾਂਤ ਬੰਗਾਲੇ
    • ਰੋਲ, ਬੀਬੀਸੀ ਪੱਤਰਕਾਰ

"ਤੂੰ ਡਫ਼ਲੀ ਵਜਾਉਂਦਾ ਹੈਂ, ਝਾੜੂ ਮਾਰਦਾ ਹੈਂ, ਤੈਨੂੰ ਇੱਥੇ ਪੜ੍ਹਨ ਆਉਣ ਦੀ ਕੀ ਲੋੜ ਹੈ?"

ਇਹ ਕਹਿਣਾ ਹੈ 17 ਸਾਲਾ ਪੀੜਤ ਨੌਜਵਾਨ ਦਾ, ਜੋ ਮਾਤੰਗ ਭਾਈਚਾਰੇ ਨਾਲ ਸਬੰਧਿਤ ਹੈ। ਨੌਜਵਾਨ ਦਾ ਨਾਮ ਗੁਪਤ ਰੱਖਿਆ ਗਿਆ ਹੈ ਕਿਉਂਕਿ ਉਹ ਹਾਲੇ ਨਾਬਾਲਗ ਹੈ।

ਕਾਲਜ ਗਏ ਇਸ ਮੁੰਡੇ ਨੂੰ ਉਸਦੀ ਜਾਤ ਦਾ ਹਵਾਲਾ ਦੇ ਕੇ ਤਾਅਨੇ ਮਾਰੇ ਗਏ, ਅਤੇ ਫਿਰ ਬੇਰਹਿਮੀ ਨਾਲ ਕੁੱਟਿਆ ਗਿਆ।

ਪੀੜਤ ਨੌਜਵਾਨ ਮਹਾਂਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਸੋਨਪੇਠ ਤਾਲੁਕਾ ਦੇ ਇੱਕ ਪਿੰਡ ਵਿੱਚ ਰਹਿਣ ਵਾਲਾ ਹੈ। ਉਹ ਕਾਲਜ ਵਿੱਚ ਪੜ੍ਹਨ ਲਈ ਹਰ ਰੋਜ਼ ਆਪਣੇ ਪਿੰਡ ਤੋਂ ਸੋਨਪੇਠ ਜਾਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਸਦਾ ਕਾਲਜ ਦੇ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ, ਜੋ ਬਾਅਦ ਵਿੱਚ ਲੜਾਈ ਵਿੱਚ ਬਦਲ ਗਿਆ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਨੌਜਵਾਨ ਨੇ ਦੱਸਿਆ, "ਪਹਿਲਾਂ, ਇੱਕ ਮੁੰਡਾ ਮੈਨੂੰ ਪਿੱਛੇ ਤੋਂ ਪੈੱਨ ਨਾਲ ਮਾਰਦਾ ਸੀ। ਜਾਂ ਮੈਨੂੰ ਚਾਕ ਨਾਲ ਮਾਰਦਾ ਸੀ। ਉਹ ਮੈਨੂੰ ਜਾਤ ਦੇ ਆਧਾਰ 'ਤੇ ਤੰਗ ਕਰਦਾ ਸੀ (ਜਾਤ ਦੇ ਆਧਾਰ 'ਤੇ ਮੈਨੂੰ ਗਾਲ੍ਹਾਂ ਕੱਢਦਾ ਸੀ)। ਇੱਕ ਦਿਨ, ਜਦੋਂ ਮੈਂ ਉਸਨੂੰ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕੀਤਾ, ਤਾਂ ਅਗਿਓਂ ਉਹ ਹੋਰ ਬੋਲਣ ਲੱਗ ਪਿਆ।"

"ਫਿਰ ਮੈਂ ਉਸਨੂੰ ਥੱਪੜ ਮਾਰ ਦਿੱਤਾ। ਉਸ ਦਿਨ, ਉਸਨੇ ਕੁਝ ਨਹੀਂ ਕੀਤਾ। ਅਗਲੇ ਦਿਨ, ਉਹ ਇੱਕ ਮੁੰਡੇ ਨੂੰ ਕ੍ਰਿਕਟ ਦੇ ਮੈਦਾਨ ਵਿੱਚ ਲੈ ਆਇਆ। ਉੱਥੇ, ਉਸਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ।"

ਉਹ ਅੱਗੇ ਕਹਿੰਦਾ ਹੈ, "ਮੈਨੂੰ 25 ਮਾਰਚ ਨੂੰ ਕੁੱਟਿਆ ਗਿਆ ਸੀ। ਇੱਕ ਮੁੰਡੇ ਦੇ ਹੱਥ ਵਿੱਚ ਮਾਰਨ ਲਈ ਚਾਕੂ ਸੀ। ਦੂਜੇ ਦੇ ਹੱਥ ਵਿੱਚ ਇੱਕ ਬਰਛਾ ਸੀ। ਚਾਕੂ ਨਾਲ ਮੇਰੀ ਗੱਲ੍ਹ 'ਤੇ ਵਾਰ ਕੀਤਾ ਅਤੇ ਬਰਛਾ ਮੇਰੇ ਨੱਕ 'ਤੇ ਮਾਰਿਆ ਗਿਆ। ਮੇਰਾ ਨੱਕ ਟੁੱਟ ਗਿਆ।"

ਸੋਨਪੇਠ ਦਾ ਪੰਚਾਇਤੀ ਘਰ

ਤਸਵੀਰ ਸਰੋਤ, kiran sakale

ਤਸਵੀਰ ਕੈਪਸ਼ਨ, ਪੀੜਤ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ

'ਮੁਲਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ'

ਪੀੜਤ ਸੋਨਪੇਠ ਦੇ ਇੱਕ ਕਾਲਜ ਵਿੱਚ ਪੜ੍ਹਦਾ ਇੱਕ ਨੌਜਵਾਨ ਹੈ।

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਇਸ ਘਟਨਾ ਸਬੰਧੀ ਸ਼ਿਕਾਇਤ ਦਰਜ ਕਰਨ ਤੋਂ ਝਿਜਕ ਰਹੀ ਹੈ।

ਪੀੜਤ ਨੌਜਵਾਨ ਨੇ ਦੱਸਿਆ, "ਮੈਂ ਪੁਲਿਸ ਸਟੇਸ਼ਨ ਗਿਆ ਸੀ। ਮੈਨੂੰ ਚੱਕਰ ਆ ਰਹੇ ਸਨ। ਮੈਂ ਉੱਥੇ ਹੀ ਸੌਂ ਗਿਆ। ਪੁਲਿਸ ਸਾਡਾ ਕੇਸ ਵੀ ਨਹੀਂ ਲੈ ਰਹੀ ਸੀ। ਮੈਂ ਦੋ-ਤਿੰਨ ਘੰਟੇ ਉੱਥੇ ਪਿਆ ਰਿਹਾ। ਫਿਰ ਮੈਂ ਦੁਬਾਰਾ ਸਰਕਾਰੀ ਹਸਪਤਾਲ ਗਿਆ। ਉੱਥੇ ਮੈਨੂੰ ਉਲਟੀਆਂ ਆਈਆਂ। ਫਿਰ ਮੈਂ ਪਰਭਣੀ ਚਲਾ ਗਿਆ।"

ਪੀੜਤ ਦੀ ਮਾਂ ਦਾ ਕਹਿਣਾ ਹੈ, "ਅਸੀਂ ਪੂਰੀ ਰਿਪੋਰਟ ਲੈਣ ਲਈ ਸੋਨਪੇਠ ਗਏ ਸੀ। ਉਥੋਂ ਸਾਨੂੰ ਗੰਗਾਖੇੜ ਜਾਣ ਲਈ ਕਿਹਾ ਗਿਆ। ਫਿਰ ਅਸੀਂ ਗੰਗਾਖੇੜ ਗਏ। ਉੱਥੇ, ਪੁਲਿਸ ਨੇ ਸਾਡਾ ਬਿਆਨ ਲਿਆ।"

ਦਲਿਤ ਨੌਜਵਾਨ ਨਾਲ ਕੁੱਟਮਾਰ

ਪੁਲਿਸ ਨੇ ਕੀ ਦੱਸਿਆ

ਇਸ ਸਬੰਧੀ 28 ਮਾਰਚ ਨੂੰ ਸੋਨਪੇਠ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਪ੍ਰਸ਼ਾਸਨ ਨੇ ਕੇਸ ਦਰਜ ਕਰਨ ਤੋਂ ਝਿਜਕਣ ਦੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ।

ਗੰਗਾਖੇੜ ਦੇ ਸਬ-ਡਿਵੀਜ਼ਨਲ ਪੁਲਿਸ ਅਧਿਕਾਰੀ ਡਾਕਟਰ ਦਿਲੀਪ ਟਿਪਰਸੇ ਨੇ ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਕਿਹਾ, "ਇਸ ਮਾਮਲੇ ਵਿੱਚ ਅੱਤਿਆਚਾਰ ਅਤੇ ਗੰਭੀਰ ਸੱਟਾਂ ਦੇ ਮਾਮਲੇ ਦਰਜ ਕੀਤੇ ਗਏ ਹਨ।"

"ਇਸ ਮਾਮਲੇ ਦੇ ਸਾਰੇ ਮੁਲਜ਼ਮ ਨਾਬਾਲਗ ਹਨ। ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।"

"ਅਸੀਂ ਸਕੂਲ ਵਿੱਚ ਇੱਕ ਮੀਟਿੰਗ ਕੀਤੀ ਹੈ ਅਤੇ ਵਿਦਿਆਰਥੀਆਂ ਨੂੰ ਇਸ ਬਾਰੇ ਸਮਝਾਇਆ ਹੈ। ਇਸ ਮਾਮਲੇ ਵਿੱਚ ਇੱਕ ਚਾਰਜਸ਼ੀਟ ਕਿਸ਼ੋਰ ਨਿਆਂ ਬੋਰਡ ਨੂੰ ਭੇਜੀ ਜਾਵੇਗੀ।"

'ਕੀ ਗਰੀਬਾਂ ਦੇ ਬੱਚੇ ਨਹੀਂ ਪੜ੍ਹ ਸਕਦੇ?'

ਭੀਮ ਰਾਓ ਅੰਬੇਡਕਰ

ਤਸਵੀਰ ਸਰੋਤ, Getty Images

ਇਸ ਮਾਮਲੇ ਵਿੱਚ ਪੀੜਤ ਨੂੰ ਸੋਨਪੇਠ ਦੇ ਇੱਕ ਖੇਤ ਵਿੱਚ ਕੁੱਟਿਆ ਗਿਆ ਸੀ।

ਉਸ ਦਾ ਕਹਿਣਾ ਹੈ ਕਿ ਉਸਨੂੰ ਤਕਰੀਬਨ 10-15 ਲੋਕਾਂ ਨੇ ਕੁੱਟਿਆ ਸੀ, ਪਰ ਉਸਨੂੰ ਉਨ੍ਹਾਂ ਵਿੱਚੋਂ ਥੋੜ੍ਹਿਆਂ ਦੇ ਨਾਮ ਯਾਦ ਹਨ।

ਨੌਜਵਾਨ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।

ਨੌਜਵਾਨ ਦੀ ਮਾਂ ਦਾ ਕਹਿਣਾ, "ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕਿਉਂ ਨਹੀਂ? ਉਨ੍ਹਾਂ ਨੇ ਸਾਡੇ ਪੁੱਤ ਨੂੰ ਕੁੱਟਿਆ ਹੈ। ਉਹ ਇਕੱਲਾ ਕੀ ਕਰ ਸਕਦਾ ਸੀ? ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਸਨੂੰ ਕੁੱਟਣ ਵਾਲੇ ਲੋਕਾਂ ਵਿੱਚੋਂ ਇੱਕ ਦੁੱਧਗਾਓਂ ਦਾ ਰਹਿਣ ਵਾਲਾ ਹੈ, ਦੂਜਾ ਪਿਪਰੀ ਦਾ ਰਹਿਣ ਵਾਲਾ ਹੈ।"

ਪੀੜਤ ਪਰਿਵਾਰ ਕੋਲ ਆਪਣੀ ਜ਼ਮੀਨ ਨਹੀਂ ਹੈ। ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਮਜ਼ਦੂਰੀ 'ਤੇ ਨਿਰਭਰ ਕਰਦਾ ਹੈ। ਉਹ ਪਿੰਡ ਦੀ ਇੱਕ ਦਲਿਤ ਬਸਤੀ ਵਿੱਚ ਰਹਿੰਦੇ ਹਨ।

ਮੁੰਡੇ ਦੀ ਮਾਂ ਨੇ ਪੁੱਛਿਆ, "ਜਾਤ ਬਾਰੇ ਕਿਉਂ ਗੱਲ ਕਰਦੇ ਹੋ, ਕਿਉਂ ਮਾਰਦੇ ਹੋ? ਕੀ ਗਰੀਬਾਂ ਦੇ ਬੱਚੇ ਨਹੀਂ ਪੜ੍ਹ ਸਕਦੇ?"

ਸਕੂਲਾਂ ਅਤੇ ਕਾਲਜਾਂ ਵਿੱਚ ਫ਼ਿਰਕਾਪ੍ਰਸਤੀ ਕਿਉਂ ਫ਼ੈਲ ਰਹੀ ਹੈ

ਸਮਾਜਿਕ ਕਾਰਕੁਨ ਗਣਪਤ ਭੀਸੇ

ਤਸਵੀਰ ਸਰੋਤ, kiran sakale

ਤਸਵੀਰ ਕੈਪਸ਼ਨ, ਸਮਾਜਿਕ ਕਾਰਕੁਨ ਗਣਪਤ ਭੀਸੇ

ਜਾਤ ਪ੍ਰਧਾਨ ਮਾਨਸਿਕਤਾ ਕਾਇਮ ਰਹਿਣ ਕਾਰਨ, ਲੋਕ ਅਜੇ ਵੀ ਇਸ ਦਾ ਸ਼ਿਕਾਰ ਹੁੰਦੇ ਦੇਖੇ ਜਾ ਸਕਦੇ ਹਨ।

ਸਮਾਜਿਕ ਕਾਰਕੁਨ ਗਣਪਤ ਭੀਸੇ ਕਹਿੰਦੇ ਹਨ, "ਸਾਡਾ ਬਾਹਰੀ ਵਿਵਹਾਰ ਬਦਲ ਗਿਆ ਹੈ। ਸਾਡਾ ਪਹਿਰਾਵਾ ਬਦਲ ਗਿਆ ਹੈ। ਪਰ ਅੰਦਰਲੀ ਜਾਤ ਉਲਾਰ ਮਾਨਸਿਕਤਾ ਕੁਝ ਵੀ ਕਰਨ ਲਈ ਤਿਆਰ ਨਹੀਂ ਹੈ। ਇੱਕ ਕਿਸਮ ਦੀ ਫੀਲਡਿੰਗ ਹੈ ਜਿਸਨੂੰ ਅਪਰਾਧ ਦੇ ਰੂਪ ਵਿੱਚ ਦਰਜ ਨਹੀਂ ਕੀਤਾ ਜਾਣਾ ਚਾਹੀਦਾ ਸੀ।"

ਭੀਸੇ ਅੱਗੇ ਕਹਿੰਦੇ ਹਨ, "ਦਲਿਤ ਸਖ਼ਤ ਮਿਹਨਤ ਅਤੇ ਸਿੱਖਿਆ ਰਾਹੀਂ ਆਪਣੇ ਆਪ ਨੂੰ ਬਦਲ ਰਹੇ ਹਨ। ਪਰ ਇੱਥੇ ਉੱਚ ਜਾਤੀ ਦੀ ਮਾਨਸਿਕਤਾ ਵਿੱਚ ਰਹਿਣ ਵਾਲੇ ਲੋਕ ਇਸ ਬਦਲਾਅ ਦੀ ਪ੍ਰਕਿਰਿਆ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਨ, ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।"

"ਜਿਸ ਤਰ੍ਹਾਂ ਬਹੁਤੇ ਮਾਪੇ ਸੋਚਦੇ ਹਨ, ਸਕੂਲਾਂ ਅਤੇ ਕਾਲਜਾਂ ਵਿੱਚ ਬੱਚੇ ਵੀ ਉਸੇ ਤਰ੍ਹਾਂ ਸੋਚਣਾ ਅਤੇ ਵਿਚਰਣਾ ਸ਼ੁਰੂ ਕਰ ਦਿੰਦੇ ਹਨ।"

ਇਸ ਮਾਮਲੇ ਵਿੱਚ ਨੌਜਵਾਨ ਪੀੜਤ ਦਾ 3 ਦਿਨਾਂ ਤੱਕ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲਿਆ। ਉਸਦੀ ਸਿਹਤ ਇਸ ਵੇਲੇ ਸਥਿਰ ਹੈ। ਉਸਦੇ ਚਿਹਰੇ 'ਤੇ ਕੁੱਟਮਾਰ ਦੇ ਜ਼ਖ਼ਮ ਅਜੇ ਵੀ ਮੌਜੂਦ ਹਨ।

ਪੀੜਤ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਿਸ ਪਿੰਡ ਵਿੱਚ ਪੀੜਤ ਰਹਿੰਦਾ ਹੈ, ਉੱਥੇ ਕੋਈ ਜਾਤੀ ਭੇਦਭਾਵ ਨਹੀਂ ਹੈ ਅਤੇ ਸਾਰੇ ਸਦਭਾਵਨਾ ਨਾਲ ਰਹਿੰਦੇ ਹਨ। ਉਸ ਦਾ ਕਹਿਣਾ ਹੈ ਕਿ ਉਸਨੂੰ ਅੰਦਾਜ਼ਾ ਨਹੀਂ ਸੀ ਕਿ ਉਸਦੇ ਨਾਲ ਅਜਿਹਾ ਕੁਝ ਵਾਪਰੇਗਾ।

ਇਸ ਪਿੰਡ ਵਿੱਚ ਮਾਤੰਗ ਭਾਈਚਾਰੇ ਦੇ 30-35 ਘਰ ਹਨ।

ਪੀੜਤਾ ਦੇ ਘਰ ਵਿੱਚ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਹੈ। ਇਸ 'ਤੇ ਲਿਖਿਆ ਹੈ, "ਮੈਂ ਪਹਿਲਾਂ ਭਾਰਤੀ ਹਾਂ ਅਤੇ ਅੰਤ ਵਿੱਚ ਵੀ ਭਾਰਤੀ ਹਾਂ।"

ਪੀੜਤ ਨੌਜਵਾਨ ਦਾ ਕਹਿਣਾ ਹੈ, "ਬਾਬਾਸਾਹਿਬ ਨੇ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ, ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਨੂੰ ਆਪਣੀ ਪੜ੍ਹਾਈ 'ਤੇ ਧਿਆਨ ਦੇਣਾ ਚਾਹੀਦਾ ਹੈ।"

ਨੌਜਵਾਨ ਨੂੰ ਭਰੋਸਾ ਹੈ ਕਿ ਇਸ ਮਾਮਲੇ ਵਿੱਚ ਕੇਸ ਦਰਜ ਹੋਣ ਕਰਕੇ ਹੁਣ ਉਸ ਨੂੰ ਹੋਰ ਪਰੇਸ਼ਾਨੀ ਨਹੀਂ ਝੱਲਣੀ ਪਵੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)