ਫਿਲੌਰ 'ਚ ਅੰਬੇਡਕਰ ਦੇ ਬੁੱਤ ਦੇ ਆਲੇ-ਦੁਆਲੇ ਲੱਗੇ ਸ਼ੀਸ਼ੇ 'ਤੇ ਲਿਖੇ ਗਏ ਵਿਵਾਦਿਤ ਨਾਅਰਿਆਂ ਦੀ ਜ਼ਿੰਮੇਵਾਰੀ ਕਿਸ ਨੇ ਲਈ

ਡਾ. ਬੀਆਰ ਅੰਬੇਡਕਰ
ਤਸਵੀਰ ਕੈਪਸ਼ਨ, ਡਾ ਭੀਆਰ ਅੰਬੇਡਕਰ ਦੇ ਸਮਰਥਕਾਂ ਵੱਲੋਂ ਘਟਨਾ ਨੂੰ ਅੰਬੇਡਕਰ ਦਾ ਅਪਮਾਨ ਕਰਾਰ ਦਿੱਤਾ ਗਿਆ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਸੋਮਵਾਰ ਨੂੰ ਜਲੰਧਰ ਜ਼ਿਲ੍ਹੇ ਦੇ ਫਿਲੌਰ ਸਬ ਡਿਵੀਜ਼ਨ ਵਿੱਚ ਪੈਂਦੇ ਨੰਗਲ ਪਿੰਡ ਵਿੱਚ ਸਾਰਾ ਦਿਨ ਤਣਾਅ ਵਾਲਾ ਮਾਹੌਲ ਰਿਹਾ।

ਦਰਅਸਲ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਕਥਿਤ ਛੇੜਛਾੜ ਕੀਤੀ ਗਈ।

ਅੰਬੇਡਕਰ ਦੇ ਬੁੱਤ ਦੇ ਬਾਹਰ ਲੱਗੇ ਸ਼ੀਸ਼ੇ ਦੇ ਫਰੇਮ ਉੱਤੇ ਵਿਵਾਦਿਤ ਨਾਅਰੇ ਲਿਖੇ ਗਏ ਅਤੇ ਰੈਫਰੈਂਡਮ ਪੱਖੀ ਝੰਡਾ ਲਗਾਇਆ ਗਿਆ ਜਿਸ ਮਗਰੋਂ ਇੱਥੇ ਮਾਹੌਲ ਤਣਾਅਪੂਰਨ ਬਣ ਗਿਆ।

ਦਲਿਤ ਭਾਈਚਾਰੇ ਦੇ ਆਗੂਆਂ ਅਤੇ ਡਾ. ਬੀ ਆਰ ਅੰਬੇਡਕਰ ਦੇ ਸਮਰਥਕਾਂ ਵੱਲੋਂ ਘਟਨਾ ਨੂੰ ਅੰਬੇਡਕਰ ਦਾ ਅਪਮਾਨ ਕਰਾਰ ਦਿੱਤਾ ਗਿਆ।

ਦਰਅਸਲ ਨੰਗਲ ਪਿੰਡ ਵਿੱਚ ਲੱਗੇ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਉੱਤੇ ਸ਼ਰਾਰਤੀ ਅਨਸਰਾਂ ਵੱਲੋਂ 'ਸਿੱਖਸ ਆਰ ਨੌਟ ਹਿੰਦੂ' ( ਸਿੱਖ ਹਿੰਦੂ ਨਹੀਂ ਹਨ) ਅਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਸਨ। ਇਸ ਮਗਰੋਂ ਅੰਬੇਡਕਰ ਦੇ ਸਮਰਥਕ ਲਗਭਗ ਸਾਰਾ ਦਿਨ ਉਨ੍ਹਾਂ ਦੇ ਬੁੱਤ ਦੁਆਲੇ ਇਕੱਠੇ ਹੋਏ ਰਹੇ।

ਇਸ ਘਟਨਾ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ, ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਇੱਕ ਵੀਡੀਓ ਰਾਹੀਂ ਲਈ ਗਈ ਹੈ। ਹਾਲਾਂਕਿ ਬੀਬੀਸੀ ਸੁਤੰਤਰ ਤੌਰ ਉੱਤੇ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ।

ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਘਟਨਾ ਕਦੋਂ ਵਾਪਰੀ

ਪੁਲਿਸ ਮੁਤਾਬਕ ਇਹ ਘਟਨਾ ਐਤਵਾਰ ਦੇਰ ਰਾਤ ਵਾਪਰੀ ਪਰ ਇਹ ਸੁਰਖੀਆਂ 'ਚ ਅੱਜ ਸਵੇਰੇ ਆਈ।

ਇਸ ਘਟਨਾ ਵਿੱਚ ਕੁਝ ਅਣਪਛਾਤੇ ਅਨਸਰਾਂ ਵੱਲੋਂ ਡਾਕਟਰ ਅੰਬੇਡਕਰ ਦੇ ਬੁੱਤ ਦੀ ਸੁਰੱਖਿਆ ਵਾਸਤੇ ਲਗਾਈ ਗਈ ਕੱਚ ਦੇ ਚਾਰ ਦੁਆਰੀ ਉੱਤੇ ਖਾਲਿਸਤਾਨਪੱਖੀ ਨਾਅਰੇ ਲਿਖੇ ਗਏ।

ਇਨਾਂ ਨਾਅਰਿਆਂ ਵਿੱਚ 'ਖਾਲਿਸਤਾਨ ਜ਼ਿੰਦਾਬਾਦ', 'ਸਿੱਖ ਹਿੰਦੂ ਨਹੀਂ ਹਨ' ਅਤੇ 'ਪੰਜਾਬ ਰੈਫਰੈਂਡਮ' ਆਦਿ ਸ਼ਾਮਿਲ ਹਨ।

ਘਟਨਾ ਸਾਹਮਣੇ ਕਿਵੇਂ ਆਈ

ਇਸ ਘਟਨਾ ਦਾ ਪਤਾ ਸਭ ਤੋਂ ਪਹਿਲਾਂ ਪਿੰਡ ਦੇ ਸਾਬਕਾ ਸਰਪੰਚ ਖੁਸ਼ੀ ਰਾਮ ਨੂੰ ਲੱਗਿਆ ਜਦੋਂ ਅੱਜ ਸਵੇਰੇ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਵੇਰ ਦੀ ਸੈਰ ਕਰ ਰਹੇ ਸਨ।

ਖੁਸ਼ੀ ਰਾਮ ਬਹੁਜਨ ਸਮਾਜ ਪਾਰਟੀ ਦੇ ਆਗੂ ਵੀ ਹਨ।

ਉਨਾਂ ਦੱਸਿਆ ਕਿ ਅੱਜ ਜਦੋਂ ਉਹ ਸਵੇਰੇ 6:30 ਵਜੇ ਦੇ ਕਰੀਬ ਸੈਰ ਕਰ ਰਹੇ ਸਨ ਤਾਂ ਉਨਾਂ ਨੂੰ ਅੰਬੇਡਕਰ ਦੇ ਬੁੱਤ ਉੱਤੇ ਵਿਵਾਦਿਤ ਸ਼ਬਦ ਲਿਖੇ ਨਜ਼ਰ ਆਏ।

ਉਨ੍ਹਾਂ ਨੇ ਕਿਹਾ, "ਇਸ ਘਟਨਾ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੰਜਾਮ ਦਿੱਤਾ ਗਿਆ।"

ਡਾ. ਬੀ ਆਰ ਅੰਬੇਡਕਰ
ਤਸਵੀਰ ਕੈਪਸ਼ਨ, ਇਸ ਘਟਨਾ ਦੀ ਜਿੰਮੇਵਾਰੀ ਕਥਿਤ ਤੌਰ ਉੱਤੇ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਨੇ ਲਈ ਹੈ

ਕਿਸ ਨੇ ਜ਼ਿੰਮੇਵਾਰੀ ਲਈ

ਇਸ ਘਟਨਾ ਦੀ ਜ਼ਿੰਮੇਵਾਰੀ ਕਥਿਤ ਤੌਰ ਉੱਤੇ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਨੇ ਲਈ ਹੈ।

ਗੁਰਪਤਵੰਤ ਪੰਨੂ ਨੇ ਕਥਿਤ ਤੌਰ ਉੱਤੇ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਜਾਰੀ ਕੀਤੀ।

ਪੁਲਿਸ ਮੁਤਾਬਕ ਸੰਗਠਨ ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ ਨੇ ਘਟਨਾ ਦੀ ਜ਼ਿੰਮੇਵਾਰੀ ਲੈਂਦਿਆਂ 14 ਅਪ੍ਰੈਲ ਨੂੰ ਡਾ. ਅੰਬੇਡਕਰ ਦੇ ਜਨਮ ਦਿਨ ਤੋਂ ਪਹਿਲਾਂ ਪੰਜਾਬ ਵਿੱਚੋਂ ਉਨ੍ਹਾਂ ਦੇ ਬੁੱਤ ਹਟਾਉਣ ਦੀ ਧਮਕੀ ਦਿੱਤੀ।

ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ

ਦਲਿਤ ਭਾਈਚਾਰੇ ਦੇ ਕਾਫੀ ਲੋਕ ਮੌਕੇ ਉੱਤੇ ਇਕੱਠੇ ਹੋ ਗਏ ਜਿਸ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਨੇ ਪਿੰਡ ਵਿੱਚ ਭਾਰੀ ਸੁਰੱਖਿਆ ਤਾਇਨਾਤ ਕੀਤੀ।

ਐੱਸਐੱਸਪੀ ਜਲੰਧਰ ਦਿਹਾਤੀ ਗੁਰਮੀਤ ਸਿੰਘ ਨੇ ਕਿਹਾ ਕਿ ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।

ਗੁਰਪਤਵੰਤ ਸਿੰਘ ਪੰਨੂ ਅਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 299 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ) ਤਹਿਤ ਫਿਲੌਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਸਮਰਥਕਾਂ ਨੇ ਕੀ ਕਿਹਾ

ਪਿੰਡ ਦੇ ਸਾਬਕਾ ਸਰਪੰਚ ਖੁਸ਼ੀ ਰਾਮ ਨੇ ਦੱਸਿਆ ਕਿ ਅੰਬੇਡਕਰ ਦੇ ਬੁੱਤ ਦੁਆਲੇ ਲੱਗੇ ਸ਼ੀਸ਼ੇ 'ਤੇ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਗਏ ਅਤੇ ਧਮਕੀਆਂ ਦਿੱਤੀਆਂ ਗਈਆਂ ਹਨ।

ਉਨ੍ਹਾਂ ਕਿਹਾ, "ਪਹਿਲਾਂ ਅੰਮ੍ਰਿਤਸਰ ਵਿੱਚ ਡਾਕਟਰ ਅੰਬੇਡਕਰ ਦਾ ਨਿਰਾਦਰ ਕੀਤਾ ਗਿਆ ਅਤੇ ਹੁਣ ਇੱਥੇ ਅੰਬੇਡਕਰ ਦਾ ਨਿਰਾਦਰ ਕੀਤਾ ਗਿਆ ਹੈ।"

ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਜਿੱਥੇ-ਜਿੱਥੇ ਵੀ ਡਾਕਟਰ ਅੰਬੇਡਕਰ ਦੇ ਬੁੱਤ ਲੱਗੇ ਹਨ, ਉਨਾਂ ਦੀ ਸੁਰੱਖਿਆ ਕਰੇ।

ਪਿੰਡ ਦੇ ਵਸਨੀਕ ਮਦਨ ਲਾਲ ਨੇ ਕਿਹਾ, "ਅੱਜ ਸਵੇਰੇ ਜਦੋਂ ਮੈਂ ਸੈਰ ਕਰਨ ਲਈ ਨਿਕਲਿਆ ਸੀ ਤਾਂ ਮੈਂ ਦੇਖਿਆ ਬੁੱਤ ਦੁਆਲੇ ਕਾਲੀ ਸਿਆਹੀ ਨਾਲ ਬਹੁਤ ਕੁਝ ਲਿਖਿਆ ਹੋਇਆ ਸੀ। ਇਹ ਕਿਸੇ ਨੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਹਾਲਾਤ ਸਧਾਰਨ ਹਨ ਅਤੇ ਸ਼ਾਂਤੀ ਬਣੀ ਹੋਈ ਹੈ।"

ਇਸ ਦੌਰਾਨ, ਕਈ ਦਲਿਤ ਭਾਈਚਾਰਿਆਂ ਦੇ ਮੈਂਬਰ, ਬਹੁਜਨ ਸਮਾਜ ਪਾਰਟੀ ਦੇ ਸੂਬਾ ਮੁਖੀ ਅਵਤਾਰ ਸਿੰਘ ਕਰੀਮਪੁਰੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪਹੁੰਚੇ।

ਉਨ੍ਹਾਂ ਕਿਹਾ, "ਇਹ ਘਟਨਾ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੇ ਮੱਦੇਨਜ਼ਰ ਇੱਕ ਸੋਚੀ ਸਾਜਿਸ਼ ਤਹਿਤ ਵਾਪਰੀ ਹੈ। ਸਾਨੂੰ ਕਿਸੇ ਤਰ੍ਹਾਂ ਦੀ ਭੜਕਾਹਟ ਵਿੱਚ ਆਉਣ ਦੀ ਲੋੜ ਨਹੀਂ ਹੈ। ਇਹ ਗਲਤ ਅਨਸਰਾਂ ਦਾ ਕੰਮ ਹੈ ਅਤੇ ਗਲਤ ਅਨਸਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।"

ਚਰਨਜੀਤ ਸਿੰਘ ਚੰਨੀ ਨੇ ਕਿਹਾ, "ਸਮਾਜ ਵਿੱਚ ਕੁੜੱਤਣ ਪੈਦਾ ਕਰਨ ਲਈ ਅਤੇ ਸਾਨੂੰ ਆਪਸ ਵਿੱਚ ਲੜਾਉਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਸਾਨੂੰ ਸ਼ਰਾਰਤੀ ਅਨਸਰਾਂ ਦੀਆਂ ਗੱਲ ਵਿੱਚ ਆਕੇ ਆਪਣਾ ਆਪਾ ਨਹੀਂ ਗਵਾਉਣਾ ਚਾਹੀਦਾ।"

"ਮੇਰੀ ਜਲੰਧਰ ਦੇ ਐਸਐਸਪੀ (ਦਿਹਾਤੀ)ਨਾਲ ਗੱਲ ਹੋਈ ਹੈ ਤੇ ਉਨ੍ਹਾਂ ਨੇ ਮੈਨੂੰ ਜਾਣਕਾਰੀ ਦਿੱਤੀ ਹੈ ਕਿ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਗ੍ਰਿਫ਼ਤਾਰੀ ਵੀ ਕਰ ਲਈ ਜਾਵੇਗੀ।"

ਅੰਮ੍ਰਿਤਸਰ ਦੀ ਘਟਨਾ

ਇਹ ਘਟਨਾ 26 ਜਨਵਰੀ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵੱਲ ਜਾਣ ਵਾਲੀ ਹੈਰੀਟੇਜ ਸਟਰੀਟ 'ਤੇ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਤੋਂ ਦੋ ਮਹੀਨੇ ਬਾਅਦ ਵਾਪਰੀ ਹੈ।

ਹਾਲਾਂਕਿ ਅਮ੍ਰਿਤਸਰ ਵਾਲੀ ਘਟਨਾ ਦਾ ਨੰਗਲ ਪਿੰਡ ਦੀ ਘਟਨਾ ਨਾਲ ਕੋਈ ਸਬੰਧ ਨਹੀਂ ਦੱਸਿਆ ਜਾ ਰਿਹਾ ਹੈ।

ਪੰਜਾਬ ਵਿੱਚ, ਦਲਿਤ (ਅਨੁਸੂਚਿਤ ਜਾਤੀਆਂ) ਕੁੱਲ ਆਬਾਦੀ ਦਾ ਲਗਭਗ 32% ਹਨ, ਜੋ ਕਿ ਰਾਸ਼ਟਰੀ ਔਸਤ 16.6% ਤੋਂ ਲਗਭਗ ਦੁੱਗਣਾ ਹੈ।

ਜਲੰਧਰ ਜ਼ਿਲ੍ਹੇ ਸਮੇਤ ਦੋਆਬਾ ਖੇਤਰ ਵਿੱਚ ਦਲਿਤ ਆਬਾਦੀ ਕਾਫ਼ੀ ਹੈ ਅਤੇ ਵੱਖਵਾਦੀ ਸੰਗਠਨ ਦੇ ਇਸ ਕਦਮ ਨੂੰ ਸੂਬੇ ਵਿੱਚ ਸਮਾਜਿਕ ਅਤੇ ਫਿਰਕੂ ਤਣਾਅ ਪੈਦਾ ਕਰਨ ਦੀ ਇੱਕ ਸ਼ਰਾਰਤੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਫਿਲਹਾਲ ਹਾਲਾਤ ਕਾਬੂ ਵਿੱਚ ਦੱਸੇ ਜਾ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)