ਅੰਬੇਡਕਰ : ਦਲਿਤ ਪੱਖੀ ਅਖਵਾਉਣ ਵਾਲੇ ਗਾਂਧੀ ਨੂੰ ਭੀਮ ਰਾਓ ਨੇ ਕੀ ਸਵਾਲ ਕੀਤੇ ਸਨ

ਤਸਵੀਰ ਸਰੋਤ, Dhananjay Keer
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਪੱਤਰਕਾਰ
ਦਿਲਚਸਪ ਗੱਲ ਹੈ ਕਿ ਭਾਰਤ ਦੀਆਂ ਦੋ ਮਹਾਨ ਸ਼ਖ਼ਸੀਅਤਾਂ ਭੀਮਰਾਓ ਅੰਬੇਡਕਰ ਅਤੇ ਮਹਾਤਮਾ ਗਾਂਧੀ ਵਿਚਕਾਰ ਕਦੇ ਨਹੀਂ ਬਣੀ।
ਦੋਵੇਂ ਮਹਾਨ ਵਿਅਕਤੀਆਂ ਵਿਚਾਲੇ ਕਈ ਮੁਲਾਕਾਤਾਂ ਹੋਈਆਂ ਪਰ ਉਹ ਆਪਣੇ ਮਤਭੇਦਾਂ ਨੂੰ ਕਦੇ ਖਤਮ ਨਹੀਂ ਕਰ ਸਕੇ।
ਆਜ਼ਾਦੀ ਤੋਂ ਦਹਾਕੇ ਪਹਿਲਾਂ ਅੰਬੇਡਕਰ ਨੇ ਆਪਣੇ ਆਪ ਨੂੰ ਆਪਣੇ ਸਮਰਥਕਾਂ ਨਾਲ ਆਜ਼ਾਦੀ ਅੰਦੋਲਨ ਤੋਂ ਅਲੱਗ ਥਲੱਗ ਕਰ ਲਿਆ ਸੀ।
ਅਛੂਤਾਂ ਪ੍ਰਤੀ ਗਾਂਧੀ ਦੇ ਪਿਆਰ ਅਤੇ ਉਨ੍ਹਾਂ ਵੱਲੋਂ ਬੋਲਣ ਦੇ ਉਨ੍ਹਾਂ ਦੇ ਦਾਅਵਿਆਂ ਨੂੰ ਉਹ ਇੱਕ ਜੋੜ-ਤੋੜ ਦੀ ਰਣਨੀਤੀ ਮੰਨਦੇ ਸਨ।
ਇਹ ਵੀ ਪੜ੍ਹੋ-
ਜਦੋਂ 14 ਅਗਸਤ 1931 ਨੂੰ ਗਾਂਧੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ ਤਾਂ ਗਾਂਧੀ ਨੇ ਉਨ੍ਹਾਂ ਨੂੰ ਕਿਹਾ ਸੀ "ਮੈਂ ਅਛੂਤਾਂ ਦੀਆਂ ਸਮੱਸਿਆਵਾਂ ਬਾਰੇ ਉਦੋਂ ਤੋਂ ਸੋਚ ਰਿਹਾ ਹਾਂ ਜਦੋਂ ਤੁਸੀਂ ਪੈਦਾ ਵੀ ਨਹੀਂ ਹੋਏ ਸੀ। ਮੈਨੂੰ ਤਾਜ਼ੁਬ ਹੈ ਕਿ ਇਸ ਦੇ ਬਾਵਜੂਦ ਤੁਸੀਂ ਮੈਨੂੰ ਉਨ੍ਹਾਂ ਦਾ ਹਿਤੈਸ਼ੀ ਨਹੀਂ ਮੰਨਦੇ?"
ਧਨੰਜੈ ਕੀਰ ਨੇ ਅੰਬੇਡਕਰ ਦੀ ਜੀਵਨੀ 'ਡਾਕਟਰ ਅੰਬੇਡਕਰ: ਲਾਈਫ ਐਂਡ ਮਿਸ਼ਨ' ਵਿੱਚ ਲਿਖੀ ਹੈ, "ਅੰਬੇਡਕਰ ਨੇ ਗਾਂਧੀ ਨੂੰ ਕਿਹਾ ਕਿ ਜੇਕਰ ਤੁਸੀਂ ਅਛੂਤਾਂ ਦੇ ਖੈਰਖਵਾਹ ਹੁੰਦੇ ਤਾਂ ਆਪਣੇ ਕਾਂਗਰਸ ਦੇ ਮੈਂਬਰ ਹੋਣ ਲਈ ਖਾਦੀ ਪਹਿਨਣ ਦੀ ਸ਼ਰਤ ਦੀ ਬਜਾਏ ਅਛੂਤਤਾ ਨਿਵਾਰਣ ਨੂੰ ਪਹਿਲੀ ਸ਼ਰਤ ਬਣਾਇਆ ਹੁੰਦਾ।"

ਤਸਵੀਰ ਸਰੋਤ, Universal History Archive/ Getty Images
"ਕਿਸੇ ਵੀ ਵਿਅਕਤੀ ਨੂੰ ਜਿਸ ਨੇ ਆਪਣੇ ਘਰ ਵਿੱਚ ਘੱਟ ਤੋਂ ਘੱਟ ਇੱਕ ਅਛੂਤ ਵਿਅਕਤੀ ਜਾਂ ਮਹਿਲਾ ਨੂੰ ਨੌਕਰੀ ਨਹੀਂ ਦਿੱਤੀ ਹੋਵੇ ਜਾਂ ਉਸ ਨੇ ਇੱਕ ਅਛੂਤ ਵਿਅਕਤੀ ਦੇ ਪਾਲਣ ਪੋਸ਼ਣ ਦਾ ਬੀੜਾ ਨਾ ਚੁੱਕਿਆ ਹੋਵੇ ਜਾਂ ਉਸ ਨੇ ਘੱਟ ਤੋਂ ਘੱਟ ਹਫ਼ਤੇ ਵਿੱਚ ਇੱਕ ਵਾਰ ਕਿਸੇ ਅਛੂਤ ਵਿਅਕਤੀ ਨਾਲ ਖਾਣਾ ਨਾ ਖਾਧਾ ਹੋਵੇ, ਕਾਂਗਰਸ ਦਾ ਮੈਂਬਰ ਬਣਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਸੀ।"
"ਤੁਸੀਂ ਕਦੇ ਵੀ ਕਿਸੇ ਜ਼ਿਲ੍ਹਾ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਪਾਰਟੀ ਤੋਂ ਕੱਢਿਆ ਨਹੀਂ ਜੋ ਮੰਦਿਰਾਂ ਵਿੱਚ ਅਛੂਤਾਂ ਦੇ ਦਾਖਲੇ ਦਾ ਵਿਰੋਧ ਕਰਦੇ ਦੇਖਿਆ ਗਿਆ ਹੋਵੇ।"
26 ਫਰਵਰੀ 1955 ਵਿੱਚ ਜਦੋਂ ਬੀਬੀਸੀ ਨੇ ਅੰਬੇਡਕਰ ਤੋਂ ਗਾਂਧੀ ਬਾਰੇ ਉਨ੍ਹਾਂ ਦੀ ਰਾਏ ਜਾਨਣੀ ਚਾਹੀ ਤਾਂ ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ, "ਮੈਨੂੰ ਇਸ ਗੱਲ 'ਤੇ ਕਾਫ਼ੀ ਹੈਰਾਨੀ ਹੁੰਦੀ ਹੈ ਕਿ ਪੱਛਮ ਗਾਂਧੀ ਵਿੱਚ ਇੰਨੀ ਦਿਲਚਸਪੀ ਕਿਉਂ ਲੈਂਦਾ ਹੈ?"
"ਜਿੱਥੋਂ ਤੱਕ ਭਾਰਤ ਦੀ ਗੱਲ ਹੈ ਉਹ ਦੇਸ਼ ਦੇ ਇਤਿਹਾਸ ਦੇ ਇੱਕ ਹਿੱਸਾ ਭਰ ਹਨ। ਕੋਈ ਯੁੱਗ ਨਿਰਮਾਣ ਕਰਨ ਵਾਲੇ ਨਹੀਂ। ਗਾਂਧੀ ਦੀਆਂ ਯਾਦਾਂ ਇਸ ਦੇਸ਼ ਦੇ ਲੋਕਾਂ ਦੇ ਜ਼ਿਹਨ ਤੋਂ ਜਾ ਚੁੱਕੀਆਂ ਹਨ।"
ਅੰਬੇਡਕਰ ਸ਼ੁਰੂ ਤੋਂ ਹੀ ਜਾਤੀਗਤ ਭੇਦਭਾਵ ਦੇ ਸ਼ਿਕਾਰ ਹੋਏ
ਅੰਬੇਡਕਰ ਨੂੰ ਬਚਪਨ ਤੋਂ ਹੀ ਆਪਣੀ ਜਾਤ ਕਾਰਨ ਲੋਕਾਂ ਦੇ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ।

ਤਸਵੀਰ ਸਰੋਤ, Ellen len
1901 ਵਿੱਚ ਜਦੋਂ ਉਹ ਆਪਣੇ ਪਿਤਾ ਨੂੰ ਮਿਲਣ ਸਤਾਰਾ ਤੋਂ ਕੋਰੇਗਾਂਵ ਗਏ ਤਾਂ ਸਟੇਸ਼ਨ 'ਤੇ ਬੈਲ ਗੱਡੀ ਵਾਲੇ ਨੇ ਉਨ੍ਹਾਂ ਨੂੰ ਆਪਣੇ ਪਿਤਾ ਦੇ ਘਰ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ।
ਦੁੱਗਣੇ ਪੈਸੇ ਦੇਣ 'ਤੇ ਉਹ ਇਸ ਗੱਲ ਲਈ ਰਾਜ਼ੀ ਹੋ ਗਿਆ ਕਿ ਨੌਂ ਸਾਲ ਦੇ ਅੰਬੇਡਕਰ ਅਤੇ ਉਨ੍ਹਾਂ ਦੇ ਭਰਾ ਬੈਲ ਗੱਡੀ ਚਲਾਉਣਗੇ ਅਤੇ ਉਹ ਪੈਦਲ ਉਨ੍ਹਾਂ ਨਾਲ ਚੱਲੇਗਾ।
1945 ਵਿੱਚ ਵਾਇਸਰਾਏ ਦੀ ਕੌਂਸਲ ਦੇ ਲੇਬਰ ਮੈਂਬਰ ਵਜੋਂ ਭੀਮਰਾਓ ਅੰਬੇਡਕਰ ਉੜੀਸਾ ਦੇ ਜਗਨਨਾਥ ਮੰਦਿਰ ਗਏ ਤਾਂ ਉਨ੍ਹਾਂ ਨੂੰ ਉਸ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।
ਉਸੇ ਸਾਲ ਜਦੋਂ ਉਹ ਕਲਕੱਤਾ ਵਿੱਚ ਮਹਿਮਾਨ ਵਜੋਂ ਇੱਕ ਸ਼ਖ਼ਸ ਦੇ ਕੋਲ ਗਏ ਤਾਂ ਉਸ ਦੇ ਨੌਕਰਾਂ ਨੇ ਉਨ੍ਹਾਂ ਨੂੰ ਖਾਣਾ ਪਰੋਸਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਮਹਾਰ ਜਾਤ ਤੋਂ ਆਉਂਦੇ ਸਨ।

ਤਸਵੀਰ ਸਰੋਤ, NAvayana publishing house
ਸ਼ਾਇਦ ਇਹੀ ਸਭ ਕਾਰਨ ਸਨ ਜਿਨ੍ਹਾਂ ਦੀ ਵਜ੍ਹਾ ਨਾਲ ਅੰਬੇਡਕਰ ਨੇ ਆਪਣੀ ਜਵਾਨੀ ਦੇ ਦਿਨਾਂ ਵਿੱਚ ਜਾਤ ਵਿਵਸਥਾ ਦੀ ਵਕਾਲਤ ਕਰਨ ਵਾਲੀ ਮਨੂਸਮਰਿਤੀ ਨੂੰ ਸਾੜਿਆ ਸੀ।
ਭਾਰਤ ਦੇ ਸਭ ਤੋਂ ਪੜ੍ਹੇ ਲਿਖੇ ਸ਼ਖ਼ਸ
ਅੰਬੇਡਕਰ ਆਪਣੇ ਜ਼ਮਾਨੇ ਵਿੱਚ ਭਾਰਤ ਦੇ ਸੰਭਾਵਿਤ, ਸਭ ਤੋਂ ਪੜ੍ਹੇ ਲਿਖੇ ਵਿਅਕਤੀ ਸਨ।
ਉਨ੍ਹਾਂ ਨੇ ਮੁੰਬਈ ਦੇ ਮਸ਼ਹੂਰ ਅਲਫਿਸਟਨ ਕਾਲਜ ਤੋਂ ਬੀਏ ਦੀ ਡਿਗਰੀ ਲਈ ਸੀ। ਬਾਅਦ ਵਿੱਚ ਉਨ੍ਹਾਂ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ ਇਕਨੌਮਿਕਸ ਤੋਂ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ ਸੀ।
ਸ਼ੁਰੂ ਤੋਂ ਹੀ ਉਹ ਪੜ੍ਹਨ, ਬਾਗਬਾਨੀ ਕਰਨ ਅਤੇ ਕੁੱਤੇ ਪਾਲਣ ਦੇ ਸ਼ੌਕੀਨ ਸਨ। ਉਸ ਜ਼ਮਾਨੇ ਵਿੱਚ ਉਨ੍ਹਾਂ ਕੋਲ ਦੇਸ਼ ਵਿੱਚ ਕਿਤਾਬਾਂ ਦਾ ਸੰਭਾਵਿਤ, ਸਭ ਤੋਂ ਬਿਹਤਰੀਨ ਸੰਗ੍ਰਹਿ ਸੀ।
ਮਸ਼ਹੂਰ ਕਿਤਾਬ 'ਇਨਸਾਈਡ ਏਸ਼ੀਆ' ਦੇ ਲੇਖਕ ਜੌਨ ਗੁੰਥੇਰ ਨੇ ਲਿਖਿਆ ਹੈ, "ਜਦੋਂ 1938 ਵਿੱਚ ਮੇਰੀ ਰਾਜਗ੍ਰਹਿ ਵਿੱਚ ਅੰਬੇਡਕਰ ਨਾਲ ਮੁਲਾਕਾਤ ਹੋਈ ਸੀ ਤਾਂ ਉਨ੍ਹਾਂ ਕੋਲ 8000 ਕਿਤਾਬਾਂ ਸਨ। ਉਨ੍ਹਾਂ ਦੀ ਮੌਤ ਤੱਕ ਇਹ ਗਿਣਤੀ ਵਧ ਕੇ 35000 ਹੋ ਗਈ ਸੀ।"

ਤਸਵੀਰ ਸਰੋਤ, NAvayana publishing house
ਬਾਬਾ ਸਾਹੇਬ ਅੰਬੇਡਕਰ ਦੇ ਨਜ਼ਦੀਕੀ ਸਹਿਯੋਗੀ ਰਹੇ ਸ਼ੰਕਰਾਨੰਦ ਸ਼ਾਸਤਰੀ ਆਪਣੀ ਕਿਤਾਬ 'ਮਾਈ ਐਕਸਪੀਰੀਐਂਸੇਜ਼ ਐਂਡ ਮੈਮੋਰੀਜ਼ ਆਫ਼ ਡਾਕਟਰ ਬਾਬਾ ਸਾਹੇਬ ਅੰਬੇਡਕਰ' ਵਿੱਚ ਲਿਖਦੇ ਹਨ, "ਮੈਂ ਐਤਵਾਰ 20 ਦਸੰਬਰ, 1944 ਨੂੰ ਦੁਪਹਿਰ ਇੱਕ ਵਜੇ ਅੰਬੇਡਕਰ ਨੂੰ ਮਿਲਣ ਉਨ੍ਹਾਂ ਦੇ ਘਰ ਗਿਆ। ਉਨ੍ਹਾਂ ਨੇ ਮੈਨੂੰ ਆਪਣੇ ਨਾਲ ਜਾਮਾ ਮਸਜਿਦ ਇਲਾਕੇ ਵਿੱਚ ਚੱਲਣ ਲਈ ਕਿਹਾ।"
"ਉਹ ਉਨ੍ਹਾਂ ਦਿਨਾਂ ਵਿੱਚ ਪੁਰਾਣੀਆਂ ਕਿਤਾਬਾਂ ਖਰੀਦਣ ਦਾ ਅੱਡਾ ਹੁੰਦਾ ਸੀ। ਮੈਂ ਉਨ੍ਹਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਕਿ ਦਿਨ ਦੇ ਖਾਣੇ ਦਾ ਸਮਾਂ ਹੋ ਰਿਹਾ ਹੈ, ਪਰ ਉਨ੍ਹਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਜਾਮਾ ਮਸਜਿਦ ਵਿੱਚ ਹੋਣ ਦੀ ਖ਼ਬਰ ਚਾਰੇ ਪਾਸੇ ਫੈਲ ਗਈ ਅਤੇ ਲੋਕ ਉਨ੍ਹਾਂ ਦੇ ਚਾਰੇ ਪਾਸੇ ਇਕੱਠੇ ਹੋਣ ਲੱਗੇ।"
"ਇਸ ਭੀੜ ਵਿੱਚ ਵੀ ਉਨ੍ਹਾਂ ਨੇ ਵਿਭਿੰਨ ਵਿਸ਼ਿਆਂ 'ਤੇ ਲਗਭਗ ਦੋ ਦਰਜਨ ਕਿਤਾਬਾਂ ਖਰੀਦੀਆਂ। ਉਹ ਆਪਣੀਆਂ ਕਿਤਾਬਾਂ ਕਿਸੇ ਨੂੰ ਵੀ ਪੜ੍ਹਨ ਲਈ ਉਧਾਰ ਨਹੀਂ ਦਿੰਦੇ ਸਨ। ਉਹ ਕਿਹਾ ਕਰਦੇ ਸਨ ਕਿ ਜੇਕਰ ਕਿਸੇ ਨੂੰ ਉਨ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਲਾਇਬ੍ਰੇਰੀ ਵਿੱਚ ਆ ਕੇ ਪੜ੍ਹਨਾ ਚਾਹੀਦਾ ਹੈ।"
ਕਿਤਾਬਾਂ ਪ੍ਰਤੀ ਦੀਵਾਨਾਪਣ
ਕਰਤਾਰ ਸਿੰਘ ਪੋਲੋਨਿਯਸ ਨੇ ਚੇਨਈ ਤੋਂ ਪ੍ਰਕਾਸ਼ਿਤ ਹੋਣ ਵਾਲੇ 'ਜੈ ਭੀਮ' ਦੇ 13 ਅਪ੍ਰੈਲ 1947 ਦੇ ਅੰਕ ਵਿੱਚ ਲਿਖਿਆ ਸੀ, "ਇੱਕ ਵਾਰ ਮੈਂ ਬਾਬਾ ਸਾਹੇਬ ਨੂੰ ਪੁੱਛਿਆ ਕਿ ਤੁਸੀਂ ਇੰਨੀਆਂ ਢੇਰ ਸਾਰੀਆਂ ਕਿਤਾਬਾਂ ਕਿਵੇਂ ਪੜ੍ਹ ਲੈਂਦੇ ਹੋ ਤਾਂ ਉਨ੍ਹਾਂ ਦਾ ਜਵਾਬ ਸੀ ਲਗਾਤਾਰ ਕਿਤਾਬਾਂ ਪੜ੍ਹਦੇ ਰਹਿਣ ਨਾਲ ਉਨ੍ਹਾਂ ਨੂੰ ਇਹ ਅਨੁਭਵ ਹੋ ਗਿਆ ਸੀ ਕਿ ਕਿਸ ਤਰ੍ਹਾਂ ਕਿਤਾਬ ਦੇ ਮੁਲਾਂਕਣ ਨੂੰ ਆਤਮਸਾਤ ਕਰ ਕੇ ਉਸ ਦੀਆਂ ਫਜ਼ੂਲ ਚੀਜ਼ਾਂ ਨੂੰ ਦਰਕਿਨਾਰ ਕਰ ਦਿੱਤਾ ਜਾਵੇ।"
"ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਤਿੰਨ ਕਿਤਾਬਾਂ ਦਾ ਉਸ ਦੇ ਉੱਪਰ ਸਭ ਤੋਂ ਜ਼ਿਆਦਾ ਅਸਰ ਹੋਇਆ ਸੀ। ਪਹਿਲੀ ਸੀ 'ਲਾਈਫ ਆਫ ਟੌਲਸਟਾਇ' ਦੂਜੀ ਵਿਕਟਰ ਹਿਯੂਗੋ ਦੀ 'ਲਾ ਮਿਸਰਾ' ਅਤੇ ਤੀਜੀ ਟੌਮਸ ਹਾਰਡੀ ਦੀ 'ਫਾਰ ਫਰਾਮ ਦਿ ਮੈਡਨਿੰਗ ਕਰਾਊਡ' ਕਿਤਾਬਾਂ ਪ੍ਰਤੀ ਉਨ੍ਹਾਂ ਦੀ ਭਗਤੀ ਇਸ ਹੱਦ ਤੱਕ ਸੀ ਕਿ ਉਹ ਸਵੇਰ ਹੋਣ ਤੱਕ ਕਿਤਾਬਾਂ ਵਿੱਚ ਹੀ ਲੀਨ ਰਹਿੰਦੇ ਸਨ।''

ਤਸਵੀਰ ਸਰੋਤ, NAvayana publishing house
ਅੰਬੇਡਕਰ ਦੇ ਇੱਕ ਹੋਰ ਸ਼ਾਗਿਰਦ ਨਾਮਦੇਵ ਨਿਮਗੜੇ ਆਪਣੀ ਕਿਤਾਬ 'ਇਨ ਦਿ ਟਾਈਗਰਜ਼ ਸ਼ੈਡੋ: ਦਿ ਆਟੋਬਾਇਓਗ੍ਰਾਫ਼ੀ ਆਫ਼ ਐਨ ਅੰਬੇਡਕਰਾਈਟ' ਵਿੱਚ ਲਿਖਦੇ ਹਨ, "ਇੱਕ ਵਾਰ ਮੈਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਤੁਸੀਂ ਇੰਨੇ ਲੰਬੇ ਸਮੇਂ ਤੱਕ ਪੜ੍ਹਨ ਦੇ ਬਾਅਦ ਆਪਣਾ 'ਰਿਲੈਕਸੇਸ਼ਨ' ਯਾਨਿ ਮਨੋਰੰਜਨ ਕਿਸ ਤਰ੍ਹਾਂ ਕਰਦੇ ਹੋ ਤਾਂ ਉਨ੍ਹਾਂ ਦਾ ਜਵਾਬ ਸੀ ਮੇਰੇ ਲਈ 'ਰਿਲੈਕਸੇਸ਼ਨ' ਦਾ ਮਤਲਬ ਇੱਕ ਵਿਸ਼ੇ ਤੋਂ ਦੂਜੇ ਭਿੰਨ ਵਿਸ਼ੇ ਦੀ ਕਿਤਾਬ ਨੂੰ ਪੜ੍ਹਨਾ ਹੁੰਦਾ ਹੈ।"
ਨਿਮਗੜੇ ਅੱਗੇ ਲਿਖਦੇ ਹਨ, "ਰਾਤ ਵਿੱਚ ਅੰਬੇਡਕਰ ਆਪਣੀ ਪੜ੍ਹਾਈ ਵਿੱਚ ਇੰਨੇ ਮਘਨ ਹੋ ਜਾਂਦੇ ਸਨ ਕਿ ਉਨ੍ਹਾਂ ਨੂੰ ਬਾਹਰੀ ਦੁਨੀਆ ਦਾ ਕੋਈ ਧਿਆਨ ਨਹੀਂ ਰਹਿੰਦਾ ਸੀ।"
"ਇੱਕ ਵਾਰ ਦੇਰ ਰਾਤ ਮੈਂ ਉਨ੍ਹਾਂ ਦੀ ਸਟੱਡੀ ਵਿੱਚ ਗਿਆ ਅਤੇ ਉਨ੍ਹਾਂ ਦੇ ਪੈਰ ਛੂਹੇ। ਕਿਤਾਬਾਂ ਵਿੱਚ ਡੁੱਬੇ ਅੰਬੇਡਕਰ ਬੋਲੇ, 'ਟੌਮੀ ਇਸ ਤਰ੍ਹਾਂ ਨਾ ਕਰੋ।' ਮੈਂ ਥੋੜ੍ਹਾ ਹੈਰਾਨ ਹੋਇਆ।"
"ਜਦੋਂ ਬਾਬਾ ਸਾਹੇਬ ਨੇ ਆਪਣੀਆਂ ਅੱਖਾਂ ਉੱਪਰ ਚੁੱਕੀਆਂ ਤਾਂ ਮੈਨੂੰ ਦੇਖ ਕੇ ਉਹ ਝੇਪ ਗਏ। ਉਹ ਪੜ੍ਹਨ ਵਿੱਚ ਇੰਨੇ ਧਿਆਨ ਮਗਨ ਸਨ ਕਿ ਉਨ੍ਹਾਂ ਨੇ ਮੇਰੇ ਸਪਰਸ਼ ਨੂੰ ਕੁੱਤੇ ਦਾ ਸਪਰਸ਼ ਸਮਝ ਲਿਆ।'
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਟੌਇਲਟ ਵਿੱਚ ਅਖ਼ਬਾਰ ਅਤੇ ਕਿਤਾਬਾਂ ਪੜ੍ਹਨਾ ਸੀ ਪਸੰਦ
ਅੰਬੇਡਕਰ ਦੇ ਲਾਇਬ੍ਰੇਰੀਅਨ ਵਜੋਂ ਕੰਮ ਕਰਨ ਵਾਲੇ ਦੇਵੀ ਦਿਆਲ ਨੇ ਆਪਣੇ ਲੇਖ 'ਡੇਲੀ ਰੂਟੀਨ ਆਫ ਡਾਕਟਰ ਅੰਬੇਡਕਰ' ਵਿੱਚ ਲਿਖਿਆ ਹੈ, "ਅੰਬੇਡਕਰ ਆਪਣੇ ਸੌਣ ਵਾਲੇ ਕਮਰੇ ਨੂੰ ਆਪਣੀ ਸਮਾਧੀ ਸਮਝਦੇ ਸਨ। ਬਾਬਾ ਸਾਹੇਬ ਆਪਣੇ ਬਿਸਤਰੇ 'ਤੇ ਅਖ਼ਬਾਰ ਪੜ੍ਹਨਾ ਪਸੰਦ ਕਰਦੇ ਸਨ। ਇੱਕ ਦੋ ਅਖ਼ਬਾਰਾਂ ਨੂੰ ਪੜ੍ਹਨ ਤੋਂ ਬਾਅਦ ਉਹ ਬਾਕੀ ਅਖ਼ਬਾਰਾਂ ਨੂੰ ਆਪਣੇ ਨਾਲ ਟੌਇਲਟ ਵਿੱਚ ਲੈ ਜਾਂਦੇ ਸਨ।"
"ਕਦੇ-ਕਦੇ ਉਹ ਅਖ਼ਬਾਰ ਅਤੇ ਕਿਤਾਬਾਂ ਟੌਇਲਟ ਵਿੱਚ ਛੱਡ ਦਿੰਦੇ ਸਨ। ਮੈਂ ਉਨ੍ਹਾਂ ਨੂੰ ਉੱਥੋਂ ਉਠਾ ਕੇ ਉਨ੍ਹਾਂ ਦੀ ਤੈਅ ਜਗ੍ਹਾ 'ਤੇ ਰੱਖ ਦਿੰਦਾ ਸੀ।"
ਅੰਬੇਡਕਰ ਦੀ ਜੀਵਨੀ ਲਿਖਣ ਵਾਲੇ ਧਨੰਜੈ ਕੀਰ ਲਿਖਦੇ ਹਨ, "ਅੰਬੇਡਕਰ ਪੂਰੀ ਰਾਤ ਪੜ੍ਹਨ ਦੇ ਬਾਅਦ ਤੜਕੇ ਸੌਂ ਜਾਂਦੇ ਸਨ। ਸਿਰਫ਼ ਦੋ ਘੰਟੇ ਸੌਣ ਤੋਂ ਬਾਅਦ ਉਹ ਥੋੜ੍ਹੀ ਕਸਰਤ ਕਰਦੇ ਸਨ। ਉਸ ਦੇ ਬਾਅਦ ਉਹ ਨਹਾਉਣ ਦੇ ਬਾਅਦ ਨਾਸ਼ਤਾ ਕਰਦੇ ਸਨ।"
"ਅਖ਼ਬਾਰ ਪੜ੍ਹਨ ਤੋਂ ਬਾਅਦ ਉਹ ਆਪਣੀ ਕਾਰ ਤੋਂ ਕੋਰਟ ਜਾਂਦੇ ਸਨ। ਇਸ ਦੌਰਾਨ ਉਹ ਉਨ੍ਹਾਂ ਕਿਤਾਬਾਂ ਨੂੰ ਪਲਟ ਰਹੇ ਹੁੰਦੇ ਸਨ ਜੋ ਉਸ ਦਿਨ ਉਨ੍ਹਾਂ ਕੋਲ ਡਾਕ ਰਾਹੀਂ ਆਈਆਂ ਹੁੰਦੀਆਂ ਸਨ।"
"ਕੋਰਟ ਖਤਮ ਹੋਣ ਦੇ ਬਾਅਦ ਉਹ ਕਿਤਾਬਾਂ ਦੀਆਂ ਦੁਕਾਨਾਂ ਦਾ ਚੱਕਰ ਲਗਾਉਂਦੇ ਸਨ ਅਤੇ ਜਦੋਂ ਉਹ ਸ਼ਾਮ ਨੂੰ ਘਰ ਪਰਤਦੇ ਸਨ ਤਾਂ ਉਨ੍ਹਾਂ ਦੇ ਹੱਥ ਵਿੱਚ ਨਵੀਆਂ ਕਿਤਾਬਾਂ ਦਾ ਇੱਕ ਬੰਡਲ ਹੁੰਦਾ ਸੀ।"
ਜਿੱਥੋਂ ਤੱਕ ਬਾਗਬਾਨੀ ਦਾ ਸਵਾਲ ਹੈ ਦਿੱਲੀ ਵਿੱਚ ਉਨ੍ਹਾਂ ਵਰਗਾ ਚੰਗਾ ਅਤੇ ਦਰਸ਼ਨੀ ਬਗੀਚਾ ਕਿਸੇ ਕੋਲ ਨਹੀਂ ਸੀ।

ਤਸਵੀਰ ਸਰੋਤ, Keystone/Hulton Archive/Getty Images
ਇੱਕ ਵਾਰ ਬ੍ਰਿਟਿਸ਼ ਅਖ਼ਬਾਰ ਡੇਲੀ ਮੇਲ ਨੇ ਵੀ ਉਨ੍ਹਾਂ ਦੇ ਗਾਰਡਨ ਦੀ ਤਾਰੀਫ਼ ਕੀਤੀ ਸੀ। ਉਹ ਆਪਣੇ ਕੁੱਤਿਆਂ ਨੂੰ ਵੀ ਬਹੁਤ ਪਸੰਦ ਕਰਦੇ ਸਨ।
ਇੱਕ ਵਾਰ ਉਨ੍ਹਾਂ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਪਾਲਤੂ ਕੁੱਤੇ ਦੀ ਮੌਤ ਹੋ ਜਾਣ ਦੇ ਬਾਅਦ ਉਹ ਫੁੱਟ-ਫੁੱਟ ਕੇ ਰੋਏ ਸਨ।
ਖਾਣਾ ਬਣਾਉਣ ਦੇ ਸ਼ੌਕੀਨ
ਕਦੇ-ਕਦੇ ਛੁੱਟੀਆਂ ਵਿੱਚ ਬਾਬਾ ਸਾਹੇਬ ਖੁਦ ਖਾਣਾ ਬਣਾਉਂਦੇ ਸਨ ਅਤੇ ਲੋਕਾਂ ਨੂੰ ਆਪਣੇ ਨਾਲ ਖਾਣ ਲਈ ਸੱਦਾ ਦਿੰਦੇ ਸਨ।
ਅੰਬੇਡਕਰ ਦੇ ਨਾਲ ਕੰਮ ਕਰ ਚੁੱਕੇ ਦੇਵੀ ਦਿਆਲ ਲਿਖਦੇ ਹਨ, "3 ਸਤੰਬਰ, 1944 ਨੂੰ ਉਨ੍ਹਾਂ ਨੇ ਆਪਣੇ ਹੱਥ ਨਾਲ ਖਾਣਾ ਬਣਾਇਆ ਅਤੇ ਸੱਤ ਪਕਵਾਨ ਬਣਾਏ। ਇਸ ਨੂੰ ਬਣਾਉਣ ਵਿੱਚ ਉਨ੍ਹਾਂ ਨੂੰ ਤਿੰਨ ਘੰਟੇ ਲੱਗੇ।"
"ਉਨ੍ਹਾਂ ਨੇ ਖਾਣੇ 'ਤੇ ਦੱਖਣੀ ਭਾਰਤ ਅਨੁਸੂਚਿਤ ਜਾਤੀ ਫੈਡਰੇਸ਼ਨ ਦੀ ਪ੍ਰਮੁੱਖ ਮੀਨਾਂਬਲ ਸਿਵਰਾਜ ਨੂੰ ਬੁਲਾਇਆ। ਉਹ ਇਹ ਸੁਣ ਕੇ ਹੈਰਾਨ ਰਹਿ ਗਈ ਕਿ ਭਾਰਤ ਦੀ ਐਗਜ਼ੀਕਿਊਟਿਵ ਕੌਂਸਲ ਦੇ ਲੇਬਰ ਮੈਂਬਰ ਨੇ ਉਨ੍ਹਾਂ ਲਈ ਆਪਣੇ ਹੱਥਾਂ ਨਾਲ ਖਾਣਾ ਬਣਾਇਆ ਹੈ।"
ਬਾਬਾ ਸਾਹੇਬ ਨੂੰ ਮੂਲੀ ਅਤੇ ਸਰ੍ਹੋਂ ਦਾ ਸਾਗ ਪਕਾਉਣ ਦਾ ਬਹੁਤ ਸ਼ੌਕ ਸੀ। ਉਨ੍ਹਾਂ ਦੇ ਸਾਥੀ ਰਹੇ ਸੋਹਨ ਲਾਲ ਸ਼ਾਸਤਰੀ ਆਪਣੀ ਕਿਤਾਬ 'ਬਾਬਾ ਸਾਹੇਬ ਦੇ ਸੰਪਰਕ ਵਿੱਚ ਪੱਚੀ ਸਾਲ' ਵਿੱਚ ਲਿਖਦੇ ਹਨ, "ਅਸੀਂ ਦੋਵੇਂ ਇਹ ਸਾਗ ਬਹੁਤ ਸਾਰੇ ਤੇਲ ਵਿੱਚ ਪਕਾਉਂਦੇ ਹੁੰਦੇ ਸੀ ਕਿਉਂਕਿ ਉਨ੍ਹਾਂ ਨੂੰ ਪੰਜਾਬੀ ਸਟਾਈਲ ਵਿੱਚ ਸਾਗ ਬਣਾਉਣਾ ਪਸੰਦ ਸੀ।"
"ਉਨ੍ਹਾਂ ਨੂੰ ਆਪਣੇ ਸੂਬੇ ਮਹਾਰਾਸ਼ਟਰ 'ਤੇ ਵੀ ਮਾਣ ਸੀ। ਕਾਂਗਰਸ ਪਾਰਟੀ ਦੇ ਨੇਤਾਵਾਂ ਵਿੱਚ ਲੋਕਮਾਨਿਆ ਤਿਲਕ ਨੂੰ ਉਹ ਸਭ ਤੋਂ ਜ਼ਿਆਦਾ ਮੰਨਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਤਿਲਕ ਤੋਂ ਜ਼ਿਆਦਾ ਤਕਲੀਫ਼ ਕਿਸੇ ਕਾਂਗਰਸ ਨੇਤਾ ਨੇ ਨਹੀਂ ਝੱਲੀ।"

ਤਸਵੀਰ ਸਰੋਤ, Popular Prakashan
"ਤਿਲਕ ਨੂੰ ਛੇ ਫੁੱਟ ਚੌੜੀ ਅਤੇ ਅੱਠ ਫੁੱਟ ਲੰਬੀ ਕੋਠੜੀ ਵਿੱਚ ਰੱਖਿਆ ਜਾਂਦਾ ਸੀ ਅਤੇ ਉਹ ਜ਼ਮੀਨ 'ਤੇ ਸੌਂਦੇ ਹੁੰਦੇ ਸਨ ਜਦ ਕਿ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਅਤੇ ਗਾਂਧੀ ਨੇ ਏ ਕਲਾਸ ਤੋਂ ਹੇਠ ਕੋਈ ਸੁਵਿਧਾ ਸਵੀਕਾਰ ਨਹੀਂ ਕੀਤੀ।"
"ਆਪਣੇ ਸਮਕਾਲੀ ਲੋਕਾਂ ਵਿੱਚ ਗੋਵਿੰਦਵੱਲਭ ਪੰਤ ਲਈ ਉਨ੍ਹਾਂ ਦੇ ਮਨ ਵਿੱਚ ਬਹੁਤ ਇੱਜ਼ਤ ਸੀ। ਉਨ੍ਹਾਂ ਦੀ ਨਜ਼ਰ ਵਿੱਚ ਪੰਤ ਮਹਾਰਾਸ਼ਟਰ ਦੇ ਮੂਲ ਨਿਵਾਸੀ ਸਨ। ਉਨ੍ਹਾਂ ਦੇ ਪੁਰਖੇ 1857 ਵਿੱਚ ਨਾਨਾ ਸਾਹੇਬ ਦੇ ਵਿਦਰੋਹ ਦੌਰਾਨ ਉੱਤਰ ਭਾਰਤ ਵਿੱਚ ਆ ਕੇ ਵਸ ਗਏ ਸਨ।"
ਪਾਰਟੀਆਂ ਵਿੱਚ ਸਮਾਂ ਬਰਬਾਦ ਕਰਨ ਦੇ ਸਖ਼ਤ ਖਿਲਾਫ਼
1948 ਵਿੱਚ ਅੰਬੇਡਕਰ ਨੂੰ ਸ਼੍ਰੀ ਲੰਕਾ ਦੇ ਸੁਤੰਤਰਤਾ ਦਿਵਸ 'ਤੇ ਹੋ ਰਹੇ ਸਮਾਗਮ ਵਿੱਚ ਉੱਥੋਂ ਦੇ ਹਾਈ ਕਮਿਸ਼ਨਰ ਨੇ ਸੱਦਾ ਦਿੱਤਾ ਸੀ।
ਇਸ ਸਮਾਰੋਹ ਵਿੱਚ ਲਾਰਡ ਮਾਊਂਟਬੈਟਨ ਅਤੇ ਜਵਾਹਰ ਲਾਲ ਨਹਿਰੂ ਵੀ ਮੌਜੂਦ ਸਨ।
ਐੱਨਸੀ ਰੱਤੂ ਆਪਣੀ ਕਿਤਾਬ 'ਰੇਮਿਨੇਂਸੇਂਸੇਜ਼ ਐਂਡ ਰਿਮੈਂਬਰੈਂਸ ਆਫ ਡਾਕਟਰ ਬੀ ਆਰ ਅੰਬੇਡਕਰ' ਵਿੱਚ ਲਿਖਦੇ ਹਨ, "ਜਦੋਂ ਮੈਂ ਬਾਬਾ ਸਾਹੇਬ ਨੂੰ ਪੁੱਛਿਆ ਕਿ ਤੁਸੀਂ ਇਸ ਸਮਾਗਮ ਵਿੱਚ ਕਿਉ ਨਹੀਂ ਜਾ ਰਹੇ ਹੋ ਤਾਂ ਉਨ੍ਹਾਂ ਦਾ ਜਵਾਬ ਸੀ ਮੈਂ ਉੱਥੇ ਆਪਣਾ ਕੀਮਤੀ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ।"
"ਦੂਜਾ ਮੈਨੂੰ ਸ਼ਰਾਬ ਪੀਣ ਦਾ ਸ਼ੌਕ ਨਹੀਂ ਹੈ ਜੋ ਇਸ ਤਰ੍ਹਾਂ ਦੀਆਂ ਪਾਰਟੀਆਂ ਵਿੱਚ ਪਰੋਸੀ ਜਾਂਦੀ ਹੈ। ਅੰਬੇਡਕਰ ਨੂੰ ਨਾ ਤਾਂ ਨਸ਼ੇ ਦੀ ਕਿਸੇ ਚੀਜ਼ ਦਾ ਸ਼ੌਕ ਸੀ ਅਤੇ ਨਾ ਹੀ ਉਹ ਸਿਗਰਟ ਪੀਂਦੇ ਸਨ। ਇੱਕ ਵਾਰ ਜਦੋਂ ਉਨ੍ਹਾਂ ਨੂੰ ਖਾਂਸੀ ਹੋ ਰਹੀ ਸੀ ਤਾਂ ਮੈਂ ਉਨ੍ਹਾਂ ਨੂੰ ਪਾਨ ਖਾਣ ਦਾ ਸੁਝਾਅ ਦਿੱਤਾ।"
"ਉਨ੍ਹਾਂ ਨੇ ਮੇਰੀ ਬੇਨਤੀ 'ਤੇ ਪਾਣ ਖਾਧਾ ਜ਼ਰ਼ੂਰ, ਪਰ ਅਗਲੇ ਹੀ ਸੈਕਿੰਡ ਉਸ ਨੂੰ ਇਹ ਕਹਿੰਦੇ ਹੋਏ ਥੁੱਕ ਦਿੱਤਾ ਕਿ ਇਹ ਬਹੁਤ ਕੌੜਾ ਹੈ। ਉਹ ਬਹੁਤ ਸਾਧਾਰਨ ਖਾਣਾ ਖਾਂਦੇ ਸਨ ਜਿਸ ਵਿੱਚ ਬਾਜਰੇ ਦੀ ਇੱਕ ਛੋਟੀ ਰੋਟੀ, ਥੋੜ੍ਹੇ ਚਾਵਲ, ਦਹੀ ਅਤੇ ਮੱਛੀ ਦੇ ਤਿੰਨ ਟੁਕੜੇ ਹੁੰਦੇ ਸਨ।"
ਸਾਥੀ 'ਤੇ ਓਵਰਕੋਟ ਦਿੱਤਾ
ਘਰ 'ਤੇ ਸੁਦਾਮਾ ਨੂੰ ਅੰਬੇਡਕਰ ਦੇ ਕੰਮ ਵਿੱਚ ਮਦਦ ਲਈ ਰੱਖਿਆ ਗਿਆ ਸੀ। ਇੱਕ ਦਿਨ ਸੁਦਾਮਾ ਜਦੋਂ ਦੇਰ ਰਾਤ ਫਿਲਮ ਦੇਖ ਕੇ ਪਰਤਿਆ ਤਾਂ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਦੇ ਘਰ ਅੰਦਰ ਜਾਣ ਨਾਲ ਬਾਬਾ ਸਾਹੇਬ ਦੇ ਕੰਮ ਵਿੱਚ ਵਿਘਨ ਪਵੇਗਾ ਜੋ ਕਿ ਉਸ ਸਮੇਂ ਪੜ੍ਹਨ ਵਿੱਚ ਲੀਨ ਸਨ।
ਉਹ ਦਰਵਾਜ਼ੇ ਦੇ ਬਾਹਰ ਹੀ ਜ਼ਮੀਨ 'ਤੇ ਸੌਂ ਗਏ। ਅੱਧੀ ਰਾਤ ਦੇ ਬਾਅਦ ਜਦੋਂ ਅੰਬੇਡਕਰ ਤਾਜ਼ੀ ਹਵਾ ਲੈਣ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਦਰਵਾਜ਼ੇ ਦੇ ਬਾਹਰ ਸੁਦਾਮਾ ਨੂੰ ਸੌਂਦੇ ਹੋਏ ਦੇਖਿਆ।

ਤਸਵੀਰ ਸਰੋਤ, Indian Postal Department
ਉਹ ਬਿਨਾਂ ਆਵਾਜ਼ ਕੀਤੇ ਅੰਦਰ ਚਲੇ ਗਏ। ਜਦੋਂ ਅਗਲੇ ਦਿਨ ਸਵੇਰੇ ਸੁਦਾਮਾ ਦੀ ਨੀਂਦ ਖੁੱਲ੍ਹੀ ਤਾਂ ਉਨ੍ਹਾਂ ਨੇ ਦੇਖਿਆ ਕਿ ਉਸ 'ਤੇ ਬਾਬਾ ਸਾਹੇਬ ਨੇ ਆਪਣਾ ਓਵਰਕੋਟ ਪਾ ਦਿੱਤਾ ਹੈ।
ਬਿੜਲਾ ਵੱਲੋਂ ਦਿੱਤੇ ਪੈਸਿਆਂ ਨੂੰ ਅਸਵੀਕਾਰ ਕੀਤਾ
31 ਮਾਰਚ 1950 ਨੂੰ ਮਸ਼ਹੂਰ ਉਦਯੋਗਪਤੀ ਧਨਸ਼ਿਆਮ ਦਾਸ ਬਿੜਲਾ ਦੇ ਵੱਡੇ ਭਰਾ ਜੁਗਲ ਕਿਸ਼ੋਰ ਬਿੜਲਾ ਅੰਬੇਡਕਰ ਨੂੰ ਮਿਲਣ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਆਏ।
ਕੁਝ ਦਿਨ ਪਹਿਲਾਂ ਬਾਬਾ ਸਾਹੇਬ ਨੇ ਮਦਰਾਸ ਵਿੱਚ ਪੇਰਿਯਾਰ ਦੀ ਮੌਜੂਦਗੀ ਵਿੱਚ ਹਜ਼ਾਰਾਂ ਲੋਕਾਂ ਦੇ ਸਾਹਮਣੇ ਭਗਵਤ ਗੀਤਾ ਦੀ ਆਲੋਚਨਾ ਕੀਤੀ ਸੀ।
ਬਾਬਾ ਸਾਹੇਬ ਦੇ ਸਹਿਯੋਗੀ ਰਹੇ ਸ਼ੰਕਰਾਨੰਦ ਸ਼ਾਸਤਰੀ 'ਮਾਈ ਐਕਸਪੀਰੀਐਂਸੇਜ਼ ਐਂਡ ਮੈਮੋਰੀਜ਼ ਆਫ ਡਾਕਟਰ ਬਾਬਾ ਸਾਹੇਬ ਅੰਬੇਡਕਰ' ਵਿੱਚ ਲਿਖਦੇ ਹਨ, "ਬਿੜਲਾ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਤੁਸੀਂ ਗੀਤਾ ਦੀ ਆਲੋਚਨਾ ਕਿਉਂ ਕੀਤੀ ਜੋ ਕਿ ਹਿੰਦੂਆਂ ਦੀ ਸਭ ਤੋਂ ਵੱਡੀ ਧਾਰਮਿਕ ਕਿਤਾਬ ਹੈ, ਇਸ ਦੀ ਆਲੋਚਨਾ ਕਰਨ ਦੀ ਬਜਾਏ ਹਿੰਦੂ ਧਰਮ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।"

ਤਸਵੀਰ ਸਰੋਤ, NAvayana publishing house
"ਜਿੱਥੋਂ ਤੱਕ ਛੂਤਛਾਤ ਨੂੰ ਦੂਰ ਕਰਨ ਦੀ ਗੱਲ ਹੈ, ਉਹ ਇਸ ਲਈ ਦਸ ਲੱਖ ਰੁਪਏ ਦੇਣ ਲਈ ਤਿਆਰ ਹਨ।"
"ਇਸ ਦਾ ਜਵਾਬ ਦਿੰਦੇ ਹੋਏ ਅੰਬੇਡਕਰ ਨੇ ਕਿਹਾ, ਮੈਂ ਆਪਣੇ ਆਪ ਨੂੰ ਕਿਸੇ ਨੂੰ ਵੇਚਣ ਲਈ ਨਹੀਂ ਪੈਦਾ ਹੋਇਆ ਹਾਂ। ਮੈਂ ਗੀਤਾ ਦੀ ਇਸ ਲਈ ਆਲੋਚਨਾ ਕੀਤੀ ਸੀ ਕਿਉਂਕਿ ਇਸ ਵਿੱਚ ਸਮਾਜ ਨੂੰ ਵੰਡਣ ਦੀ ਸਿੱਖਿਆ ਦਿੱਤੀ ਗਈ ਹੈ।"
ਵਾਇਸਰਾਏ ਦੇ ਸਾਹਮਣੇ ਹਮੇਸ਼ਾ ਭਾਰਤੀ ਕੱਪੜਿਆਂ ਵਿੱਚ ਜਾਂਦੇ ਸਨ ਅੰਬੇਡਕਰ
ਹਾਲਾਂਕਿ ਉਹ ਅਕਸਰ ਨੀਲਾ ਸੂਟ ਪਹਿਨਿਆਂ ਕਰਦੇ ਸਨ, ਪਰ ਕੁਝ ਖਾਸ ਮੌਕਿਆਂ 'ਤੇ ਉਹ ਅਚਕਣ, ਚੂੜੀਦਾਰ ਪਜਾਮਾ ਅਤੇ ਕਾਲੇ ਜੁੱਤੇ ਕੱਢਦੇ ਸਨ।
ਪਰ ਜਦੋਂ ਵੀ ਉਹ ਵਾਇਸਰਾਏ ਨੂੰ ਮਿਲਣ ਜਾਂਦੇ ਸਨ, ਉਹ ਹਮੇਸ਼ਾ ਭਾਰਤੀ ਕੱਪੜੇ ਹੀ ਪਹਿਨਦੇ ਸਨ।
ਘਰ 'ਤੇ ਉਹ ਸਾਧਾਰਨ ਕੱਪੜੇ ਪਹਿਨਿਆ ਕਰਦੇ ਸਨ। ਗਰਮੀ ਵਿੱਚ ਉਹ ਲੂੰਗੀ ਨੂੰ ਕਮਰ ਵਿੱਚ ਲਪੇਟ ਲੈਂਦੇ ਸਨ।
ਉਸ ਦੇ ਉੱਪਰ ਉਹ ਗੋਡਿਆਂ ਤੱਕ ਦਾ ਕੁੜਤਾ ਪਹਿਨਦੇ ਸਨ। ਵਿਦੇਸ਼ ਵਿੱਚ ਰਹਿਣ ਦੌਰਾਨ ਤੋਂ ਹੀ ਉਹ ਨਾਸ਼ਤੇ ਵਿੱਚ ਦੋ ਟੋਸਟ ਆਂਡੇ ਅਤੇ ਚਾਹ ਲੈਂਦੇ ਸਨ।
ਦੇਵੀ ਦਿਆਲ ਲਿਖਦੇ ਹਨ ਕਿ ਜਦੋਂ ਉਹ ਨਾਸ਼ਤਾ ਕਰਦੇ ਸਨ ਤਾਂ ਖੱਬੇ ਪਾਸੇ ਉਨ੍ਹਾਂ ਦੇ ਅਖ਼ਬਾਰ ਖੁੱਲ੍ਹ ਜਾਂਦੇ ਸਨ।

ਤਸਵੀਰ ਸਰੋਤ, Bettmann/ Contributor
ਉਨ੍ਹਾਂ ਦੇ ਹੱਥ ਵਿੱਚ ਇੱਕ ਲਾਲ ਪੈਨਸਿਲ ਰਹਿੰਦੀ ਸੀ ਜਿਸ ਨਾਲ ਉਹ ਅਖ਼ਬਾਰਾਂ ਦੀਆਂ ਮੁੱਖ ਖ਼ਬਰਾਂ 'ਤੇ ਨਿਸ਼ਾਨ ਲਗਾਇਆ ਕਰਦੇ ਸਨ।
ਘਰ ਦੇ ਬਾਹਰ ਖਾਣਾ ਖਾਣ ਦੇ ਖਿਲਾਫ਼
ਬਾਬਾ ਸਾਹੇਬ ਮੌਜ ਮਸਤੀ ਲਈ ਕਦੇ ਬਾਹਰ ਨਹੀਂ ਜਾਂਦੇ ਸਨ। ਉਨ੍ਹਾਂ ਦੇ ਸਹਿਯੋਗੀ ਰਹੇ ਦੇਵੀ ਦਿਆਲ ਲਿਖਦੇ ਹਨ, "ਹਾਲਾਂਕਿ ਉਹ ਜਿਮਖਾਨਾ ਕਲੱਬ ਦੇ ਮੈਂਬਰ ਸਨ, ਪਰ ਉਹ ਸ਼ਾਇਦ ਹੀ ਉੱਥੇ ਗਏ ਹੋਣ। ਜਦੋਂ ਵੀ ਉਹ ਕਾਰ ਰਾਹੀਂ ਆਪਣੇ ਘਰ ਪਰਤਦੇ ਸਨ ਤਾਂ ਉਹ ਸਿੱਧੇ ਆਪਣੀ ਪੜ੍ਹਨ ਦੀ ਮੇਜ਼ 'ਤੇ ਜਾਂਦੇ ਸਨ।
"ਉਨ੍ਹਾਂ ਦੇ ਕੋਲ ਆਪਣੇ ਕੱਪੜੇ ਬਦਲਣ ਦਾ ਵੀ ਸਮਾਂ ਨਹੀਂ ਰਹਿੰਦਾ ਸੀ। ਇੱਕ ਵਾਰ ਉਹ ਇੱਕ ਫਿਲਮ 'ਏ ਟੇਲ ਆਫ ਟੂ ਸਿਟੀਜ਼' ਦੇਖਣ ਗਏ। ਉਸ ਨੂੰ ਦੇਖਦੇ ਸਮੇਂ ਉਨ੍ਹਾਂ ਦੇ ਮਨ ਵਿੱਚ ਕੋਈ ਵਿਚਾਰ ਆਇਆ ਅਤੇ ਉਹ ਫਿਲਮ ਵਿਚਕਾਰ ਹੀ ਛੱਡ ਕੇ ਘਰ ਪਰਤ ਕੇ ਉਨ੍ਹਾਂ ਵਿਚਾਰਾਂ ਨੂੰ ਲਿਖਣ ਲੱਗੇ।"
"ਉਹ ਘਰ ਦੇ ਬਾਹਰ ਖਾਣਾ ਨਹੀਂ ਪਸੰਦ ਕਰਦੇ ਸਨ। ਜਦੋਂ ਵੀ ਕੋਈ ਉਨ੍ਹਾਂ ਨੂੰ ਬਾਹਰ ਖਾਣੇ 'ਤੇ ਲੈ ਜਾਣਾ ਚਾਹੁੰਦਾ ਸੀ, ਉਨ੍ਹਾਂ ਦਾ ਜਵਾਬ ਹੁੰਦਾ ਸੀ ਜੇਕਰ ਤੁਸੀਂ ਮੈਨੂੰ ਦਾਵਤ ਹੀ ਦੇਣਾ ਚਾਹੁੰਦੇ ਹੋ ਤਾਂ ਮੇਰੇ ਲਈ ਘਰ ਹੀ ਖਾਣਾ ਲੈ ਆਓ, ਮੈਂ ਘਰੋ ਬਾਹਰ ਜਾਣ ਵਾਲਾ ਨਹੀਂ।"
"ਬਾਹਰ ਜਾਣ, ਵਾਪਸ ਆਉਣ ਅਤੇ ਵਿਅਰਥ ਦੀਆਂ ਗੱਲਾਂ ਵਿੱਚ ਮੇਰਾ ਘੱਟ ਤੋਂ ਘੱਟ ਇੱਕ ਘੰਟਾ ਬਰਬਾਦ ਹੋਵੇਗਾ। ਇਸ ਸਮੇਂ ਦੀ ਵਰਤੋਂ ਮੈਂ ਕੁਝ ਬਿਹਤਰ ਕੰਮ ਲਈ ਕਰਨਾ ਚਾਹਾਂਗਾ।"

ਤਸਵੀਰ ਸਰੋਤ, NAvayana publishing house
ਆਪਣੇ ਜੀਵਨ ਦੇ ਅੰਤਿਮ ਪੜਾਅ ਵਿੱਚ ਬਾਬਾ ਸਾਹੇਬ ਨੇ ਵਾਇਲਨ ਸਿੱਖਣਾ ਸ਼ੁਰੂ ਕੀਤਾ ਸੀ।
ਉਨ੍ਹਾਂ ਦੇ ਸਕੱਤਰ ਰਹੇ ਨਾਨਕ ਚੰਦ ਰੱਤੂ ਆਪਣੀ ਕਿਤਾਬ 'ਲਾਸਟ ਫਿਯੂ ਈਯਰਜ਼ ਆਫ ਡਾਕਟਰ ਅੰਬੇਡਕਰ' ਵਿੱਚ ਲਿਖਦੇ ਹਨ, "ਇੱਕ ਦਿਨ ਮੈਂ ਉਨ੍ਹਾਂ ਦੇ ਬੰਦ ਕਮਰੇ ਵਿੱਚ ਛੁਪ ਕੇ ਝਾਕ ਕੇ ਇੱਕ ਅਦਭੁੱਤ ਨਜ਼ਾਰਾ ਦੇਖਿਆ ਸੀ। ਬਾਬਾ ਸਾਹੇਬ ਦੁਨੀਆ ਦੀਆਂ ਚਿੰਤਾਵਾਂ ਤੋਂ ਦੂਰ ਆਪਣੇ ਆਪ ਵਿੱਚ ਮਗਨ ਕੁਰਸੀ 'ਤੇ ਬੈਠੇ ਵਾਇਲਨ ਵਜਾ ਰਹੇ ਸਨ।"
"ਮੈਂ ਜਦੋਂ ਇਹ ਗੱਲ ਘਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਦੱਸੀ ਤਾਂ ਸਭ ਨੇ ਵਾਰੀ-ਵਾਰੀ ਜਾ ਕੇ ਉਹ ਅਦਭੁੱਤ ਦ੍ਰਿਸ਼ ਦੇਖਿਆ ਅਤੇ ਅਨੰਦਿਤ ਹੋਏ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














