ਪੰਜਾਬ 'ਚ ਟੋਲ ਟੈਕਸ ਦੀਆਂ ਕੀਮਤਾਂ 'ਚ ਵਾਧਾ, ਜਾਣੋ ਟੋਲ ਪਲਾਜ਼ਿਆਂ ਦੀ ਫ਼ੀਸ ਕਿਵੇਂ ਤੈਅ ਹੁੰਦੀ ਹੈ

ਪਲਾਜ਼ਾ

ਤਸਵੀਰ ਸਰੋਤ, Getty Images

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਟੋਲ ਪਲਾਜ਼ਿਆਂ ਤੋਂ ਲੰਘਣ ਵਾਲੇ ਵਾਹਨਾਂ ਨੂੰ ਹੁਣ ਜ਼ਿਆਦਾ ਟੋਲ ਟੈਕਸ ਭਰਨਾ ਪਵੇਗਾ। ਇਸ ਦੀ ਜਾਣਕਾਰੀ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੇ ਦਿੱਤੀ ਹੈ।

ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨੂੰ ਲਾਡੋਵਾਲ ਟੋਲ ਪਲਾਜ਼ਾ ਦੇ ਸੀਨੀਅਰ ਮੈਨੇਜਰ ਨੇ ਦੱਸਿਆ ਕਿ ਕੱਲ੍ਹ ਭਾਵ ਆਉਂਦੀ 1 ਅਪ੍ਰੈਲ ਤੋਂ ਹੀ ਟੋਲ ਟੈਕਸ ਵਿੱਚ 5 ਫੀਸਦੀ ਦਾ ਵਾਧਾ ਲਾਗੂ ਕਰ ਦਿੱਤਾ ਜਾਵੇਗਾ।

ਨਵੀਆਂ ਦਰਾਂ ਅਨੁਸਾਰ, ਹੁਣ ਟੋਲ ਪਲਾਜ਼ਾ ਤੋਂ ਲੰਘਣ ਵਾਲੀ ਕਾਰ, ਜੀਪ, ਵੈਨ ਅਤੇ ਹਲਕੇ ਮੋਟਰ ਵਾਹਨਾਂ ਨੂੰ ਇੱਕ ਪਾਸੇ ਲਈ 230 ਰੁਪਏ ਅਤੇ ਦੋ ਪਾਸਿਆਂ ਲਈ 345 ਰੁਪਏ ਅਦਾ ਕਰਨੇ ਪੈਣਗੇ। ਇਸੇ ਤਰ੍ਹਾਂ ਮਹੀਨੇ ਭਰ ਦੇ ਪਾਸ ਲਈ ਇਨ੍ਹਾਂ ਵਾਹਨਾਂ ਨੂੰ 7620 ਦਾ ਟੋਲ ਟੈਕਸ ਦੇਣਾ ਪਵੇਗਾ।

ਨੋਟੀਫਿਕੇਸ਼ਨ ਵਿੱਚ ਹੋਰ ਵਾਹਨਾਂ ਲਈ ਵਧਾਏ ਗਏ ਟੈਕਸ ਦੀ ਵੀ ਜਾਣਕਾਰੀ ਦਿੱਤੀ ਗਈ ਹੈ।

ਇਸ ਸਭ ਦੇ ਵਿਚਾਲੇ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਪੂਰੇ ਮੁਲਕ ਵਿੱਚ ਕਿੰਨੀ ਤਰ੍ਹਾਂ ਦੇ ਟੋਲ ਪਲਾਜ਼ਾ ਹੁੰਦੇ ਹਨ, ਟੋਲ ਕਿਵੇਂ ਤੈਅ ਕੀਤਾ ਜਾਂਦਾ ਹੈ ਅਤੇ ਕਿਸ ਤਰ੍ਹਾਂ ਦੀ ਹਿੱਸੇਦਾਰੀ ਨਾਲ ਇਹ ਚਲਾਏ ਜਾਂਦੇ ਹਨ।

ਪੰਜਾਬ 'ਚ ਟੋਲ ਟੈਕਸ ਦੀਆਂ ਕੀਮਤਾਂ 'ਚ ਵਾਧਾ

ਪੰਜਾਬ ਵਿੱਚ ਕਿੰਨੇ ਟੋਲ ਪਲਾਜ਼ਾ ਹਨ

ਪਲਾਜ਼ਾ

ਤਸਵੀਰ ਸਰੋਤ, Getty Images

ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅੰਕੜਿਆਂ ਮੁਤਾਬਕ 30 ਨਵੰਬਰ 2022 ਤੱਕ ਦੇਸ਼ ਵਿੱਚ 835 ਟੋਲ ਪਲਾਜ਼ੇ ਹਨ।

ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੇ ਲੋਕ ਨਿਰਮਾਣ ਵਿਭਾਗ ਮੁਤਾਬਕ ਇਸ ਵਕਤ ਵੱਖ-ਵੱਖ ਮਾਰਗਾਂ ਉੱਤੇ ਤਿੰਨ ਤਰ੍ਹਾਂ ਦੇ ਟੋਲ ਪਲਾਜ਼ਾ ਹਨ।

ਇਹਨਾਂ ਵਿੱਚੋਂ ਪੀਪੀਪੀ (ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ), ਸਾਂਭ ਸੰਭਾਲ ਮਾਡਲ ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਟੋਲ ਪਲਾਜ਼ਾ ਸ਼ਾਮਲ ਹਨ।

ਪੀਪੀਪੀ ਮਾਡਲ ਦੇ ਤਹਿਤ 12, ਸਾਂਭ ਸੰਭਾਲ ਮਾਡਲ ਦੇ ਤਹਿਤ 2 (ਜਗਰਾਉਂ-ਨਕੋਦਰ ਅਤੇ ਮੱਖੂ), ਨੈਸ਼ਨਲ ਹਾਈਵੇਅ ਅਥਾਰਿਟੀ ਦੇ 7 ਟੋਲ ਪਲਾਜ਼ਾ ਇਸ ਸਮੇਂ ਸੂਬੇ ਵਿੱਚ ਕੰਮ ਕਰ ਰਹੇ ਹਨ।

ਇਹਨਾਂ ਵਿੱਚੋਂ ਜੇਕਰ ਨੈਸ਼ਨਲ ਹਾਵੀਏ ਅਥਾਰਿਟੀ ਦੇ ਟੋਲ ਪਲਾਜ਼ਿਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਵੇਰਵਾ ਹੈ:-

  • ਸ਼ੰਭੂ ਤੋਂ ਜਲੰਧਰ (147 ਕਿੱਲੋਮੀਟਰ)
  • ਜਲੰਧਰ ਪਠਾਨਕੋਟ (112 ਕਿੱਲੋ ਮੀਟਰ)
  • ਅੰਮ੍ਰਿਤਸਰ -ਪਠਾਨਕੋਟ (102 ਕਿੱਲੋ ਮੀਟਰ)
  • ਲੁਧਿਆਣਾ- ਮੋਗਾ- ਤਲਵੰਡੀ ਭਾਈ ਕੇ (78 ਕਿੱਲੋ ਮੀਟਰ)
  • ਕੁਰਾਲੀ -ਕੀਰਤਪੁਰ ਸਾਹਿਬ (54 ਕਿੱਲੋ ਮੀਟਰ)
  • ਜ਼ੀਰਕਪੁਰ-ਅੰਬਾਲਾ (30.90 ਕਿੱਲੋ ਮੀਟਰ)
  • ਅੰਮ੍ਰਿਤਸਰ – ਜਲੰਧਰ ਚਾਰ ਲੇਨ (49 ਕਿੱਲੋ ਮੀਟਰ)

ਕਿਵੇਂ ਤੈਅ ਹੁੰਦਾ ਹੈ ਰੇਟ

ਟੋਲ ਪਲਾਜ਼ਾ

ਤਸਵੀਰ ਸਰੋਤ, Getty Images

ਨੈਸ਼ਨਲ ਹਾਈਵੇਅ ਅਥਾਰਿਟੀ ਦੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਦੇਸ਼ ਭਰ ਵਿੱਚ ਦੋ ਤਕਨੀਕਾਂ ਨਾਲ ਟੋਲ ਲਗਾਇਆ ਜਾਂਦਾ ਹੈ।

ਪਹਿਲੀ ਤਕਨੀਕ ਹੈ ਇੰਜੀਨੀਅਰਿੰਗ, ਖ਼ਰੀਦ ਅਤੇ ਉਸਾਰੀ (ਈਪੀਸੀ Engineering procurement and construction)।

ਇਸ ਤਕਨੀਕ ਰਾਹੀ ਠੇਕੇਦਾਰ ਸੜਕ ਬਣਾ ਕੇ ਸਰਕਾਰ ਨੂੰ ਦੇ ਦਿੰਦਾ ਹੈ ਅਤੇ ਫਿਰ ਨੈਸ਼ਨਲ ਹਾਈਵੇਅ ਅਥਾਰਿਟੀ ਉਸ ਉੱਤੇ ਟੋਲ ਲਗਾਉਂਦੀ ਹੈ।

ਦੂਜੀ ਪ੍ਰਣਾਲੀ ਵਿੱਚ ਠੇਕੇਦਾਰ ਸੜਕ ਬਣਾਉਂਦਾ ਹੈ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਉਸ ਠੇਕੇਦਾਰ ਨੂੰ 30 ਸਾਲ ਲਈ ਟੋਲ ਰਾਹੀਂ ਆਪਣਾ ਪੈਸਾ ਵਸੂਲਣ ਦਾ ਅਧਿਕਾਰ ਦੇ ਦਿੰਦੀ ਹੈ।

ਠੇਕੇਦਾਰ ਜੋ ਪੈਸਾ ਉੱਥੋਂ ਇਕੱਠਾ ਕਰੇਗਾ ਉਸ ਦਾ ਕੁਝ ਪ੍ਰਤੀਸ਼ਤ ਸਰਕਾਰ ਨੂੰ ਵੀ ਜਾਵੇਗਾ।

ਭਾਵ ਜੇਕਰ ਠੇਕੇਦਾਰ 200 ਰੁਪਏ ਟੋਲ ਇੱਕ ਕਾਰ ਚਾਲਕ ਤੋਂ ਵਸੂਲ ਕਰਦਾ ਹੈ ਤਾਂ ਉਸ ਦਾ ਕੁਝ ਪ੍ਰਤੀਸ਼ਤ ਸਰਕਾਰ ਨੂੰ ਦੇਣਾ ਲਾਜ਼ਮੀ ਹੋਵੇਗਾ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਟੋਲ ਦਾ ਰੇਟ ਕਿਵੇਂ ਤੈਅ ਕੀਤਾ ਜਾਂਦਾ ਹੈ?

ਇਸ ਵਿੱਚ ਇੱਕ ਫ਼ਾਰਮੂਲਾ ਵਰਤਿਆਂ ਜਾਂਦਾ ਹੈ ਜਿਸ ਦੇ ਤਹਿਤ ਸਭ ਤੋਂ ਪਹਿਲਾਂ ਟੋਲ ਵਾਲੀ ਸੜਕ ਦੀ ਉਸਾਰੀ ਕਰਨ ਵਿੱਚ ਕਿੰਨਾ ਖ਼ਰਚ ਆਇਆ ਹੈ ਉਹ ਰਾਸ਼ੀ ਦੇਖੀ ਜਾਂਦੀ ਹੈ।

ਉਸ ਤੋਂ ਬਾਅਦ ਸੜਕ ਉੱਤੋਂ ਕਿੰਨੀਆਂ ਗੱਡੀਆਂ ਇੱਕ ਘੰਟੇ ਵਿੱਚ ਲੰਘਦੀਆਂ ਦੀਆਂ ਹਨ।

ਇਸ ਵਿੱਚ ਇਹ ਵੀ ਦੇਖਿਆ ਜਾਂਦਾ ਹੈ ਕਿ ਕਿੰਨੀਆਂ ਗੱਡੀਆਂ ਛੋਟੀਆਂ ਹਨ ਅਤੇ ਕਿੰਨੀਆਂ ਵੱਡੀਆਂ।

ਇਸ ਸਭ ਨੂੰ ਦੇਖਣ ਤੋਂ ਬਾਅਦ ਸੜਕ ਦੇ ਨਿਰਮਾਣ ਵਿੱਚ ਖ਼ਰਚ ਕੀਤੀ ਗਈ ਰਾਸ਼ੀ ਨੂੰ ਵੰਡ ਦਿੱਤਾ ਜਾਂਦਾ ਹੈ ਅਤੇ ਰੇਟ ਤੈਅ ਕਰ ਦਿੱਤਾ ਜਾਂਦਾ ਹੈ।

ਇਸ ਤੋਂ ਇਲਾਵਾ ਜੇਕਰ ਕਿਸੇ ਕਾਰਨ ਕਰਕੇ ਟੋਲ ਬੰਦ ਹੋ ਜਾਂਦਾ ਹੈ ਜਿਵੇਂ ਕੋਰੋਨਾ ਅਤੇ ਕਿਸਾਨ ਅੰਦਲੋਨ ਕਾਰਨ ਟੋਲ ਬੰਦ ਹੋ ਗਿਆ ਸੀ ਤਾਂ ਇਸ ਦੀ ਭਰਪਾਈ ਕਰਨ ਦੀ ਵਿਵਸਥਾ ਵੀ ਨੈਸ਼ਨਲ ਹਾਈਵੇਅ ਅਥਾਰਿਟੀ ਨੇ ਕੀਤੀ ਹੋਈ ਹੈ।

ਟੋਲ ਪਲਾਜ਼ਾ ਉੱਤੇ ਕੀ ਹੁੰਦੀਆਂ ਹਨ ਸੁਵਿਧਾਵਾਂ

ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਟੋਲ ਪਲਾਜ਼ਾ ਲਈ ਕੁਝ ਸ਼ਰਤਾਂ ਵੀ ਤੈਅ ਕੀਤੀਆਂ ਹੋਈਆਂ ਹਨ।

ਇਸ ਦੇ ਤਹਿਤ 24 ਘੰਟੇ ਐਂਬੂਲੈਂਸ, ਗਸ਼ਤ ਵਾਹਨ ਅਤੇ ਕਰੇਨ ਵਰਗੀਆਂ ਐਮਰਜੈਂਸੀ ਸੇਵਾਵਾਂ ਦਾ ਹੋਣਾ ਲਾਜ਼ਮੀ ਕੀਤਾ ਹੈ।

ਇਸ ਤੋਂ ਇਲਾਵਾ ਕੁਝ ਚੋਣਵੇਂ ਸਥਾਨਾਂ ਉੱਤੇ ਵੇਅ ਸਾਈਡ ਸਹੂਲਤਾਂ ਵੀ ਵਿਕਸਤ ਕੀਤੀਆਂ ਹਨ ਜਿਸ ਵਿੱਚ ਪੈਟਰੋਲ ਪੰਪ, ਰੈਸਟੋਰੈਂਟ, ਬਾਥਰੂਮ ਅਤੇ ਪਾਰਕਿੰਗ ਦੀ ਵਿਵਸਥਾ ਕੀਤੀ ਹੈ।