ਮਿਰਜ਼ਾ ਸਾਹਿਬਾਂ ਦੇ ਕਿੱਸੇ ਵਿੱਚ ਸਾਹਿਬਾਂ ਦਾ ਅਕਸ ਖਲਨਾਇਕਾ ਵਾਲਾ ਕਿਵੇਂ ਬਣ ਗਿਆ

ਮਿਰਜ਼ਾ-ਸਾਹਿਬਾਂ

ਤਸਵੀਰ ਸਰੋਤ, Puneet Barnala/BBC

ਤਸਵੀਰ ਕੈਪਸ਼ਨ, ਮਿਰਜ਼ਾ-ਸਾਹਿਬਾਂ ਕਿੱਸੇ ਗਾਉਣ ਵਾਲੇ ਹਜ਼ਾਰਾਂ ਮਰਦਾਂ ਨੇ ਸਾਹਿਬਾ ਨੂੰ "ਖਲਨਾਇਕਾ'' ਦੇ ਤੌਰ ਉੱਤੇ ਹੀ ਪੇਸ਼ ਕੀਤਾ ਹੈ
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

'ਸੱਤ ਭਰਾ ਇੱਕ ਮਿਰਜ਼ਾ ਬਾਕੀ ਕਿੱਸਾਕਾਰਾਂ ਨੇ'

'ਕੱਲੀ ਸਾਹਿਬਾਂ ਬੁਰੀ ਬਣਾ ਤੀ ਮਰਦ ਹਜ਼ਾਰਾਂ ਨੇ'

ਪੰਜਾਬੀ ਗਾਇਕ ਗੁਰਦਾਸ ਮਾਨ ਦੇ ਗੀਤ 'ਕੁੜੀਏ ਕਿਸਮਤ ਪੁੜੀਏ..' ਦੀਆਂ ਇਹ ਸਤਰਾਂ ਪੰਜਾਬੀ ਲੋਕ ਨਾਇਕਾ ਸਾਹਿਬਾਂ ਦੀ ਕਿੱਸਾਕਾਰਾਂ ਦੀ ਕਲਮ ਹੱਥੋਂ ਹੋਈ ਕਿਰਦਾਰਕੁਸ਼ੀ ਨੂੰ ਪੇਸ਼ ਕਰਦੀਆਂ ਹਨ।

ਪੰਜਾਬੀ ਲੋਕ ਧਾਰਾ ਨਾਲ ਸਬੰਧਤ ਸਾਰੇ ਪ੍ਰੇਮ ਕਿੱਸਿਆਂ ਵਿੱਚ ਨਾਇਕਾਵਾਂ ਦਾ ਜ਼ਿਕਰ ਨਾਇਕ ਤੋਂ ਪਹਿਲਾਂ ਆਉਂਦਾ ਹੈ, ਜਿਵੇਂ ਹੀਰ-ਰਾਂਝਾ, ਸੱਸੀ-ਪੁੰਨੂੰ, ਸੋਹਣੀ-ਮਹੀਵਾਲ।

ਪਰ ਸਾਹਿਬਾਂ ਇੱਕੋ-ਇੱਕ ਅਜਿਹੀ ਲੋਕ ਨਾਇਕਾ ਹੈ, ਜਿਸ ਦਾ ਨਾਂ ਉਸ ਦੇ ਆਸ਼ਕ ਤੋਂ ਬਾਅਦ ਆਉਂਦਾ ਹੈ।

ਮਿਰਜ਼ਾ-ਸਾਹਿਬਾਂ ਕਿੱਸੇ ਦੇ ਮੂਲ ਲੇਖਕ ਪੀਲੂ ਤੋਂ ਸ਼ੁਰੂ ਹੋ ਕੇ ਇਸ ਕਿੱਸੇ ਨੂੰ ਲਿਖਣ, ਗਾਉਣ ਵਾਲੇ ਹਜ਼ਾਰਾਂ ਮਰਦਾਂ ਨੇ ਸਾਹਿਬਾ ਨੂੰ "ਖਲਨਾਇਕਾ'' ਦੇ ਤੌਰ ਉੱਤੇ ਹੀ ਪੇਸ਼ ਕੀਤਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸਾਹਿਬਾਂ ਦੀ ਗਾਥਾ ਦਾ ਮੂਲ ਕੀ ਹੈ ?

ਸਦੀਆਂ ਤੋਂ ਜ਼ੁਬਾਨੀ-ਕਲਾਮੀ ਸਫ਼ਰ ਤੈਅ ਕਰਦੀਆਂ ਤੇ ਲਿਖਤੀ ਰੂਪ ਵਿੱਚ ਕਿੱਸਾਕਾਰਾਂ ਦੀਆਂ ਕਲਮਾਂ ਰਾਹੀਂ ਮੌਜੂਦਾ ਪੀੜ੍ਹੀ ਤੱਕ ਪਹੁੰਚੀਆਂ ਇਹ ਪ੍ਰੇਮ ਕਹਾਣੀਆਂ ਇਤਿਹਾਸਕ ਹਨ ਜਾਂ ਕਾਲਪਨਿਕ। ਇਸ ਬਾਰੇ ਇਤਿਹਾਸਕਾਰਾਂ ਅਤੇ ਸਾਹਿਤਕਾਰਾਂ ਵਿਚਾਲੇ ਬਹਿਸ ਵੀ ਲਗਾਤਾਰ ਚੱਲਦੀ ਰਹੀ ਹੈ।

ਡਾਕਟਰ ਸਰਬਜੀਤ ਸਿੰਘ ਮਿਰਜ਼ਾ-ਸਾਹਿਬਾਂ ਨੂੰ ਇਤਿਹਾਸਕ ਪਾਤਰ ਮੰਨਦੇ ਹਨ। ਡਾਕਟਰ ਸਰਬਜੀਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਜਾਬੀ ਸਾਹਿਤ ਦੇ ਪ੍ਰੋਫੈਸਰ ਹਨ।

ਉਹ ਮਿਰਜ਼ਾ-ਸਾਹਿਬਾਂ ਨੂੰ ਇਤਿਹਾਸਕ ਪਾਤਰ ਤਾਂ ਕਹਿੰਦੇ ਹਨ ਪਰ ਨਾਲ ਹੀ ਕਹਿੰਦੇ ਹਨ ਕਿ ਇਨ੍ਹਾਂ ਬਾਰੇ ਹੋਰ ਇਤਿਹਾਸਕ ਤੱਥ ਲੱਭਣੇ ਔਖੇ ਹਨ।

ਉਹ ਕਹਿੰਦੇ ਹਨ, ''ਉਨ੍ਹਾਂ ਸਮਿਆਂ ਵਿੱਚ ਛਾਪੇਖਾਨੇ ਹੋਣ ਕਰਕੇ ਇਹ ਕਿੱਸੇ ਸਾਡੇ ਮੌਖਿਕ ਰੂਪ ਵਿੱਚ ਕੋਲ ਦੰਤ ਕਥਾਵਾਂ ਜਾਂ ਲੋਕ ਕਹਾਣੀਆਂ ਦੇ ਰੂਪ ਵਿੱਚ ਪਹੁੰਚੇ, ਇਹੀ ਕਾਰਨ ਹੈ ਕਿ ਇਨ੍ਹਾਂ ਵਿੱਚ ਬਹੁਤ ਬਦਲਾਅ ਹੁੰਦੇ ਗਏ। ਇਨ੍ਹਾਂ ਦੇ ਪਾਤਰ ਵੀ ਲੇਖਕਾਂ ਤੇ ਗਾਇਕਾਂ ਦੇ ਵਿਚਾਰਾਂ ਮੁਤਾਬਕ ਕਾਲਪਨਿਕ ਹੁੰਦੇ ਗਏ।''

ਇਹ ਵੀ ਪੜ੍ਹੋ-

ਇਸ ਤੱਥ ਬਾਰੇ ਪੰਜਾਬੀ ਦੇ ਇੱਕ ਹੋਰ ਜਾਣੇ-ਪਛਾਣੇ ਸਾਹਿਤ ਦੇ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਮੰਨਦੇ ਹਨ ਕਿ ਸਾਡੀਆਂ ਪ੍ਰੀਤ ਗਾਥਾਵਾਂ ਦੇ ਨਾਇਕ ਇਤਿਹਾਸਕ ਨਹੀਂ ਹੁੰਦੇ, ਇਹ ਲੋਕ ਮਨਾਂ ਨੇ ਸਿਰਜੇ ਹੁੰਦੇ ਹਨ।

ਉਨ੍ਹਾਂ ਦੀ ਦਲੀਲ ਹੈ, ''ਸਾਡਾ ਲੋਕ ਮਨ, ਆਪਣੇ ਬੁਨਿਆਦੀ ਸਾਵਾਲਾਂ ਦੀਆਂ ਇਨ੍ਹਾਂ ਕਹਾਣੀਆਂ ਜ਼ਰੀਏ ਕਲਪਨਾ ਕਰਦਾ ਹੈ। ਪਰ ਇਹ ਪਾਤਰ ਨਿਰੋਲ ਕਲਪਨਾ ਵੀ ਨਹੀਂ ਹੁੰਦੇ, ਕਿਉਂਕਿ ਕਲਾਕਾਰ ਦੀ ਕਲਪਨਾ ਦੀ ਬੁਨਿਆਦ ਸਮਾਜਿਕ ਜੀਵਨ ਹੁੰਦਾ ਹੈ।''

ਮਿਰਜ਼ਾ-ਸਾਹਿਬਾਂ ਕਿਸ ਦੀ ਰਚਨਾ

ਮਿਰਜ਼ਾ-ਸਾਹਿਬਾਂ ਦਾ ਸਭ ਤੋਂ ਪਹਿਲਾ ਕਿੱਸਾ ਪੀਲੂ ਦੇ ਕਿੱਸੇ ਨੂੰ ਮੰਨਿਆ ਜਾਂਦਾ ਹੈ।

ਡਾ. ਸਰਬਜੀਤ ਸਿੰਘ ਦੱਸਦੇ ਹਨ ਕਿ ਪੀਲੂ ਦੇ ਮੌਖਿਕ ਕਿੱਸੇ ਨੂੰ ਸਥਾਨਕ ਲੋਕਾਂ ਤੋਂ ਸੁਣ ਕੇ ਇੱਕ ਅੰਗਰੇਜ਼ ਅਫ਼ਸਰ ਨੇ ਲਿਖਿਆ ਸੀ।

ਉਹ ਕਹਿੰਦੇ ਹਨ, ''ਜਦੋਂ ਅੰਗਰੇਜ਼ ਹਿੰਦੁਸਤਾਨ ਵਿੱਚ ਆਏ ਤਾਂ ਉਨ੍ਹਾਂ ਨੇ ਬਹੁਤ ਚੰਗੀ ਤਰ੍ਹਾਂ ਸਮਝ ਲਿਆ ਸੀ ਕਿ ਲੋਕਾਂ 'ਤੇ ਕਬਜ਼ਾ ਤਾਂ ਕਰ ਲਵਾਂਗੇ, ਪਰ ਉਨ੍ਹਾਂ ਦੇ ਮਨਾਂ ਨੂੰ ਤਾਂ ਹੀ ਜਾਣਿਆ ਜਾ ਸਕਦਾ ਹੈ, ਜੇ ਉਨ੍ਹਾਂ ਦੀ ਬੋਲੀ, ਸੱਭਿਆਚਾਰ ਤੇ ਲੋਕ ਧਾਰਾ ਦਾ ਗਿਆਨ ਹੋਵੇ।''

ਡਾਕਟਰ ਸਰਬਜੀਤ ਕਹਿੰਦੇ ਹਨ,''ਇਸ ਮੰਤਵ ਨਾਲ ਵੱਡੇ-ਵੱਡੇ ਅੰਗਰੇਜ਼ ਅਫ਼ਸਰਾਂ ਦੀ ਡਿਊਟੀ ਲਗਾਈ ਜਾਂਦੀ ਸੀ ਕਿ ਆਪੋ-ਆਪਣੇ ਇਲਾਕੇ ਦਾ ਸਾਹਿਤ, ਇਤਿਹਾਸ ਤੇ ਲੋਕ ਗਾਥਾਵਾਂ ਇਕੱਠੀਆਂ ਕੀਤੀਆਂ ਜਾਣ।''

ਡਾਕਟਰ ਸਰਬਜੀਤ ਸਿੰਘ
ਤਸਵੀਰ ਕੈਪਸ਼ਨ, ਡਾਕਟਰ ਸਰਬਜੀਤ ਸਿੰਘ ਦੱਸਦੇ ਹਨ ਕਿ ਪੀਲੂ ਦੇ ਮੌਖਿਕ ਕਿੱਸੇ ਨੂੰ ਸਥਾਨਕ ਲੋਕਾਂ ਤੋਂ ਸੁਣ ਕੇ ਇੱਕ ਅੰਗਰੇਜ਼ ਅਫ਼ਸਰ ਨੇ ਲਿਖਿਆ ਸੀ

ਉਨ੍ਹਾਂ ਅੱਗੇ ਦੱਸਿਆ, ਇਸੇ ਤਰ੍ਹਾਂ ਇੱਕ ਅੰਗਰੇਜ਼ ਆਰ.ਸੀ ਟੈਂਪਲ ਨੇ ਮਿਰਜ਼ਾ ਸਾਹਿਬਾਂ ਦਾ ਕਿੱਸਾ ਪਹਿਲੀ ਵਾਰ ਆਪਣੀ ਕਿਤਾਬ 'ਲੀਜੈਂਡਜ਼ ਆਫ ਪੰਜਾਬ' ਵਿੱਚ ਲਿਖਿਆ ਸੀ।

ਦੋ ਕਲਾਕਾਰ (ਮਰਾਸੀ ਭਾਈਚਾਰੇ ਨਾਲ ਸਬੰਧਤ) ਪੀਲੂ ਦਾ ਇਹ ਕਿੱਸਾ ਗਾ ਰਹੇ ਸੀ, ਜਿਸ ਨੂੰ ਸੁਣ ਕੇ ਟੈਂਪਲ ਨੇ ਆਪਣੀ ਕਿਤਾਬ ਵਿੱਚ ਇਸ ਨੂੰ ਕਲਮਬੱਧ ਕੀਤਾ। ਸ਼ਾਇਰ ਪੀਲੂ ਬਾਰੇ ਬਹੁਤੀ ਜਾਣਕਾਰੀ ਤੱਥਾਤਮਕ ਰੂਪ ਵਿੱਚ ਸਾਡੇ ਕੋਲ ਨਹੀਂ ਹੈ।

ਪ੍ਰੋਫੈਸਰ ਸਿਰਸਾ ਮੁਤਾਬਕ ਪੀਲੂ ਦਾ ਜੀਵਨ ਕਾਲ ਸੋਲਵੀਂ-ਸਤਾਰਵੀਂ ਸਦੀ ਵਿੱਚ ਹੋਣ ਦਾ ਅੰਦਾਜ਼ਾ ਹੈ, ਪਰ ਉਸ ਬਾਰੇ ਬਹੁਤ ਯਕੀਨੀ ਤੌਰ ਉੱਤੇ ਨਹੀਂ ਕਿਹਾ ਜਾ ਸਕਦਾ।

ਉਨ੍ਹਾਂ ਦੱਸਿਆ ਕਿ ਪੀਲੂ ਤੋਂ ਬਾਅਦ ਮਿਰਜ਼ਾ-ਸਾਹਿਬਾਂ ਦਾ ਕਿੱਸਾ ਰਚਣ ਵਾਲਿਆਂ ਵਿੱਚ ਅਗਲਾ ਨਾਮ ਹਾਫਿਜ਼ ਬਰਖੁਰਦਾਰ, ਮੁਹਮੰਦ ਬੂਟਾ ਗੁਜਰਾਤੀ, ਭਗਵਾਨ ਸਿੰਘ ਅਤੇ ਮੌਲਾ ਬਖਸ਼ ਕੁਸ਼ਤਾ ਦਾ ਆਉਂਦਾ ਹੈ।

ਕੀ ਸੀ ਮਿਰਜ਼ਾ-ਸਾਹਿਬਾਂ ਦੀ ਕਹਾਣੀ?

ਮਿਰਜ਼ਾ-ਸਾਹਿਬਾਂ ਕੌਣ ਸਨ, ਉਨ੍ਹਾਂ ਦਾ ਪਰਿਵਾਰਕ ਪਿਛੋਕੜ ਕੀ ਸੀ? ਇਸ ਬਾਰੇ ਤੱਥ ਪੀਲ਼ੂ ਦੇ ਕਿੱਸੇ ਦੇ ਹਵਾਲੇ ਨਾਲ ਹੀ ਦਿੱਤੇ ਜਾਂਦੇ ਹਨ।

ਪੀਲੂ ਦੇ ਕਿੱਸੇ ਮੁਤਾਬਕ ਸਾਹਿਬਾਂ ਵੀ ਹੀਰ (ਹੀਰ-ਰਾਂਝਾ) ਵਾਂਗ ਹੀ ਸਿਆਲਾਂ ਦੀ ਧੀ ਸੀ। ਸਾਹਿਬਾਂ ਦੇ ਪਿਤਾ ਦਾ ਨਾਮ ਖਾਨ ਖੀਵਾ ਸੀ।

ਮਿਰਜ਼ਾ ਦਾਨਾਬਾਦ (ਮੌਜੂਦਾ ਪਾਕਿਸਤਾਨ) ਦੇ ਵੰਝਲ ਦਾ ਪੁੱਤ ਸੀ। ਉਹ ਸਾਹਿਬਾਂ ਦੀ ਭੂਆ ਦਾ ਮੁੰਡਾ ਸੀ, ਜੋ ਆਪਣੇ ਨਾਨਕੇ ਪਿੰਡ ਰਹਿੰਦਾ ਸੀ।

ਪੀਲੂ ਦੇ ਕਿੱਸੇ ਮੁਤਾਬਕ, ''ਇਸੇ ਪਿੰਡ ਵਿੱਚ ਦੋਵਾਂ ਦਾ ਪਿਆਰ ਪੈਂਦਾ ਹੈ। ਸਾਹਿਬਾਂ ਅਤੇ ਮਿਰਜ਼ੇ ਦੇ ਪਿਆਰ ਦੀ ਭਿਣਕ ਲਗਦੀ ਹੈ ਤਾਂ ਮਿਰਜ਼ੇ ਨੂੰ ਉਸ ਦੇ ਪਿੰਡ ਵਾਪਸ ਭੇਜ ਦਿੱਤਾ ਜਾਂਦਾ ਹੈ ਅਤੇ ਸਾਹਿਬਾਂ ਦਾ ਵਿਆਹ ਚੰਦੜ੍ਹਾਂ ਦੇ ਮੁੰਡੇ ਨਾਲ ਰੱਖ ਦਿੱਤਾ ਜਾਂਦਾ ਹੈ।''

''ਸਾਹਿਬਾਂ, ਕਰਮੂ ਬ੍ਰਾਹਮਣ ਜ਼ਰੀਏ ਮਿਰਜ਼ੇ ਨੂੰ ਸੁਨੇਹਾ ਭੇਜਦੀ ਹੈ। ਵਿਆਹ ਤੋਂ ਇੱਕ ਰਾਤ ਪਹਿਲਾਂ ਮਿਰਜ਼ਾ ਸਾਹਿਬਾਂ ਨੂੰ ਉਧਾਲ ਕੇ ਲੈ ਜਾਂਦਾ ਹੈ। ਦਾਨਾਬਾਦ ਪਹੁੰਚਣ ਦੀ ਬਜਾਏ ਉਹ ਰਸਤੇ ਵਿੱਚ ਹੀ ਜੰਡ ਥੱਲੇ ਅਰਾਮ ਕਰਨ ਲੱਗਦਾ ਹੈ।''

ਪੀਲੂ ਦੇ ਕਿੱਸੇ ਮੁਤਾਬਕ, ''ਸਾਹਿਬਾਂ, ਮਿਰਜ਼ੇ ਨੂੰ ਵਾਰ-ਵਾਰ ਕਹਿੰਦੀ ਹੈ ਕਿ ਉਹ ਰਾਹ ਵਿੱਚ ਨਾ ਰੁਕੇ, ਸਾਹਿਬਾਂ ਉਸ ਨੂੰ ਉੱਥੋਂ ਉੱਠ ਕੇ ਚੱਲਣ ਦੇ ਵਾਸਤੇ ਪਾਉਂਦੀ ਹੈ, ਪਰ ਮਿਰਜ਼ਾ ਨਹੀਂ ਮੰਨਦਾ।''

ਪੀਲੂ ਦੇ ਕਿੱਸੇ ਮੁਤਾਬਕ, ''ਮਿਰਜ਼ਾ ਜੰਡ ਥੱਲੇ ਸੁੱਤਾ ਰਹਿੰਦਾ ਹੈ, ਉਹ ਸਾਹਿਬਾਂ ਦੇ ਸੱਤ ਭਰਾਵਾਂ ਵੱਲੋਂ ਪਿੱਛਾ ਕੀਤੇ ਜਾਣ ਦੀ ਵੀ ਪਰਵਾਹ ਨਹੀਂ ਕਰਦਾ। ਜਦੋਂ ਉਹ ਸੌਂ ਰਿਹਾ ਹੁੰਦਾ ਹੈ ਤਾਂ ਸਾਹਿਬਾਂ ਦੇ ਭਰਾ ਉੱਥੇ ਪਹੁੰਚ ਜਾਂਦੇ ਹਨ ਅਤੇ ਉਸ ਨੂੰ ਲਲਕਾਰਦੇ ਹਨ।''

ਕਿੱਸਾ ਅੱਗੇ ਤੁਰਦਾ ਹੈ, ''ਸਾਹਿਬਾਂ ਦੇ ਮਨ ਵਿੱਚ ਭਰਾਵਾਂ ਦਾ ਮੋਹ ਜਾਗ ਜਾਂਦਾ ਹੈ ਅਤੇ ਉਹ ਉਸ ਦੇ ਤੀਰ ਤੋੜ ਕੇ ਤਰਕਸ਼ ਜੰਡ ਉੱਤੇ ਟੰਗ ਦਿੰਦੀ ਹੈ। ਸਾਹਿਬਾਂ ਦੇ ਭਰਾ ਉੱਥੇ ਪਹੁੰਚਦੇ ਹਨ ਤਾਂ ਦੋਵਾਂ ਨੂੰ ਮਾਰ ਦਿੰਦੇ ਹਨ।''

ਮਿਰਜ਼ਾ-ਸਾਹਿਬਾਂ

ਤਸਵੀਰ ਸਰੋਤ, Puneet Barnala/BBC

ਤਸਵੀਰ ਕੈਪਸ਼ਨ, ਪੀਲੂ ਦੇ ਕਿੱਸੇ ਮੁਤਾਬਕ ਸਾਹਿਬਾਂ ਵੀ ਹੀਰ (ਹੀਰ-ਰਾਂਝਾ) ਵਾਂਗ ਹੀ ਸਿਆਲਾਂ ਦੀ ਧੀ ਸੀ ਅਤੇ ਮਿਰਜ਼ਾ ਦਾਨਾਬਾਦ (ਮੌਜੂਦਾ ਪਾਕਿਸਤਾਨ) ਦੇ ਵੰਝਲ ਦਾ ਪੁੱਤ ਸੀ

ਕੀ ਸਾਹਿਬਾਂ ਨੂੰ ਔਰਤ ਦੇ ਨਜ਼ਰੀਏ ਨਾਲ ਸਮਝਣ ਦੀ ਕੋਸ਼ਿਸ਼ ਹੋਈ ?

ਸਾਹਿਬਾਂ ਨੂੰ ਅਕਸਰ ਹੀ ਜਾਂ ਤਾਂ ਘਰੋਂ ਭੱਜ ਜਾਣ ਵਾਲੀ 'ਬਦਕਾਰ' ਜਾਂ ਤੀਰ ਤੋੜ ਕੇ ਮਿਰਜ਼ੇ ਨੂੰ ਮਰਵਾ ਦੇਣ ਵਾਲੀ 'ਬੇਵਫ਼ਾ' ਵਜੋਂ ਪ੍ਰਚਾਰਿਆ ਗਿਆ ਹੈ।

ਡਾ. ਸਰਬਜੀਤ ਸਿੰਘ ਕਹਿੰਦੇ ਹਨ, "ਕਿਉਂਕਿ ਸਾਡੇ ਕਿੱਸੇ ਮਰਦਾਂ ਨੇ ਲਿਖੇ, ਮਰਦ ਨੇ ਔਰਤ ਨੂੰ ਉਸੇ ਰੂਪ ਵਿੱਚ ਚਿਤਰਿਆ ਜਿਸ ਰੂਪ ਵਿੱਚ ਉਹ ਉਸ ਨੂੰ ਦੇਖਣਾ ਚਾਹੁੰਦਾ ਹੈ, ਜਾਂ ਜਿਸ ਰੂਪ ਵਿੱਚ ਉਸ ਨੂੰ ਸਥਾਪਿਤ ਕਰਨੀ ਚਾਹੁੰਦਾ ਹੈ। ਜੇ ਔਰਤ ਇਹ ਕਿੱਸਾ ਲਿਖਦੀ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਫਿਰ ਸਾਹਿਬਾਂ ਦਾ ਇਹ ਰੂਪ ਨਹੀਂ ਸੀ ਹੋਣਾ, ਬਲਕਿ ਉਸ ਦੇ ਅੰਤਰ-ਮਨ ਦੀਆਂ ਹੋਰ ਵੀ ਬਹੁਤ ਸਾਰੀਆਂ ਪਰਤਾਂ ਸਾਹਮਣੇ ਆਉਣੀਆਂ ਸੀ।"

ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਕਹਿੰਦੇ ਹਨ ਕਿ ਸਾਡੇ ਮੱਧ ਕਾਲ ਕੇ ਕਿੱਸਾਕਾਰਾਂ ਨੇ ਮੱਧਕਾਲੀ ਸੰਵੇਦਨਾ ਮੁਤਾਬਕ ਹੀ ਕਿੱਸੇ ਰਚੇ। ਮੱਧ-ਕਾਲ ਦਾ ਭਾਰਤੀ ਸਮਾਜ ਪਿਤਰਸੱਤਾ ਦੇ ਦਬਦਬੇ ਵਾਲਾ ਹੈ।

ਇਸ ਲਈ ਮੱਧ ਕਾਲ ਦੇ ਕਿੱਸਾਕਾਰ ਮਰਦਾਵੀਂ ਨੈਤਿਕਤਾ ਦੇ ਅਧਾਰ 'ਤੇ ਕਿੱਸਾ ਲਿਖ ਰਹੇ ਹਨ। ਉਹ ਸਾਹਿਬਾਂ ਨੂੰ ਬੇਵਫ਼ਾ ਕਹਿ ਰਹੇ ਹਨ ਅਤੇ ਮਿਰਜ਼ੇ ਦੀ ਮੌਤ ਦਾ ਕਾਰਨ ਸਾਹਿਬਾਂ ਵੱਲੋਂ ਉਸ ਦੇ ਤੀਰ ਤੋੜ ਦੇਣ ਨੂੰ ਦੱਸਦੇ ਹਨ।

ਮਿਰਜ਼ੇ ਦੀ ਮੌਤ ਦਾ ਕੀ ਸੀ ਅਸਲ ਕਾਰਨ

ਸਿਰਸਾ ਦੱਸਦੇ ਹਨ, "ਇਸ ਕਿੱਸੇ ਨੂੰ ਦੇਖੀਏ ਤਾਂ ਮਿਰਜ਼ੇ ਦੀ ਮੌਤ ਦਾ ਕਾਰਨ ਮਿਰਜ਼ੇ ਦਾ ਹੰਕਾਰ ਅਤੇ ਸਥਿਤੀਆਂ ਨੂੰ ਨਾ ਭਾਂਪ ਸਕਣਾ ਵੀ ਹੈ। ਸਾਹਿਬਾਂ ਨੂੰ ਉਧਾਲਣ ਤੋਂ ਬਾਅਦ ਉਹ ਰਸਤੇ ਵਿੱਚ ਹੀ ਜੰਡ ਥੱਲੇ ਬਹਿ ਜਾਂਦਾ ਹੈ। ਸਾਹਿਬਾਂ ਉਸ ਨੂੰ ਉੱਥੋਂ ਉੱਠ ਚੱਲਣ ਲਈ ਕਹਿੰਦੀ ਹੈ, ਪਰ ਉਹ ਆਪਣੀ ਸੂਰਮਗਤੀ ਦੇ ਦਮਗਜੇ ਮਾਰਦਾ ਹੈ।"

''ਮਰਦਾਂ ਨੇ ਸਾਹਿਬਾਂ ਨੂੰ ਔਰਤ ਦੇ ਨੁਕਤਾਨਿਗ੍ਹਾ ਤੋਂ ਦੇਖਿਆ ਹੀ ਨਹੀਂ। ਇੱਕ ਮਰਦ ਕਿੱਸਾਕਾਰ, ਸਾਹਿਬਾਂ ਦੀ ਆਤਮਾ ਵਿੱਚ ਬਹਿ ਕੇ ਸੋਚ ਹੀ ਨਹੀਂ ਸੀ ਸਕਦਾ।''

''ਉਨ੍ਹਾਂ ਨੇ ਸਾਹਿਬਾਂ ਦੇ ਦਰਦ ਨੂੰ ਜਾਣਿਆ ਹੀ ਨਹੀਂ। ਸਿਰਸਾ ਮੁਤਾਬਕ ਸਿਰਫ਼ ਭਗਵਾਨ ਸਿੰਘ ਹੀ ਅਜਿਹੇ ਕਿੱਸਾਕਾਰ ਸਨ, ਜਿਨ੍ਹਾਂ ਨੇ ਸਾਹਿਬਾਂ ਦੀ ਸਥਿਤੀ ਨੂੰ ਸਮਝਣ ਕੁਝ ਪ੍ਰਸੰਗ ਜੋੜਣ ਦੀ ਕੋਸ਼ਿਸ਼ ਕੀਤੀ।''

ਪੰਜਾਬੀ ਸਾਹਿਤ ਵਿੱਚ ਸਾਹਿਬਾਂ ਦਾ ਨਵਾਂ ਅਵਤਾਰ

ਮਿਰਜ਼ਾ-ਸਾਹਿਬਾਂ

ਤਸਵੀਰ ਸਰੋਤ, Puneet Barnala/BBC

ਤਸਵੀਰ ਕੈਪਸ਼ਨ, ਡਾ.ਸਰਬਜੀਤ ਸਿੰਘ ਦੱਸਦੇ ਹਨ ਕਿ ਬਹੁਤ ਸਾਰੇ ਲੋਕ ਗੀਤ ਖਾਸ ਕਰਕੇ ਦੁਆਬੇ ਦੇ ਲੋਕ ਗੀਤ ਹਨ, ਜਿਨ੍ਹਾਂ ਵਿੱਚ ਸਾਹਿਬਾਂ ਬਹੁਤ ਹੀ ਇਮਾਨਦਾਰ, ਪ੍ਰਤੀਬੱਧ ਅਤੇ ਵਫ਼ਾਦਾਰ ਹੈ

ਸਿਰਸਾ ਦੱਸਦੇ ਹਨ, "ਇਸ ਕਿੱਸੇ ਨੂੰ ਦੇਖੀਏ ਤਾਂ ਮਿਰਜ਼ੇ ਦੀ ਮੌਤ ਦਾ ਕਾਰਨ ਮਿਰਜ਼ੇ ਦਾ ਹੰਕਾਰ ਅਤੇ ਸਥਿਤੀਆਂ ਨੂੰ ਨਾ ਭਾਂਪ ਸਕਣਾ ਵੀ ਹੈ। ਸਾਹਿਬਾਂ ਨੂੰ ਉਧਾਲਣ ਤੋਂ ਬਾਅਦ ਉਹ ਰਸਤੇ ਵਿੱਚ ਹੀ ਜੰਡ ਥੱਲੇ ਬਹਿ ਜਾਂਦਾ ਹੈ। ਸਾਹਿਬਾਂ ਉਸ ਨੂੰ ਉੱਥੋਂ ਉੱਠ ਚੱਲਣ ਲਈ ਕਹਿੰਦੀ ਹੈ, ਪਰ ਉਹ ਆਪਣੀ ਸੂਰਮਗਤੀ ਦੇ ਦਮਗਜੇ ਮਾਰਦਾ ਹੈ।"

''ਮਰਦਾਂ ਨੇ ਸਾਹਿਬਾਂ ਨੂੰ ਔਰਤ ਦੇ ਨੁਕਤਾਨਿਗ੍ਹਾ ਤੋਂ ਦੇਖਿਆ ਹੀ ਨਹੀਂ। ਇੱਕ ਮਰਦ ਕਿੱਸਾਕਾਰ, ਸਾਹਿਬਾਂ ਦੀ ਆਤਮਾ ਵਿੱਚ ਬਹਿ ਕੇ ਸੋਚ ਹੀ ਨਹੀਂ ਸੀ ਸਕਦਾ।''

''ਉਨ੍ਹਾਂ ਨੇ ਸਾਹਿਬਾਂ ਦੇ ਦਰਦ ਨੂੰ ਜਾਣਿਆ ਹੀ ਨਹੀਂ। ਸਿਰਸਾ ਮੁਤਾਬਕ ਸਿਰਫ਼ ਭਗਵਾਨ ਸਿੰਘ ਹੀ ਅਜਿਹੇ ਕਿੱਸਾਕਾਰ ਸਨ, ਜਿਨ੍ਹਾਂ ਨੇ ਸਾਹਿਬਾਂ ਦੀ ਸਥਿਤੀ ਨੂੰ ਸਮਝਣ ਕੁਝ ਪ੍ਰਸੰਗ ਜੋੜਣ ਦੀ ਕੋਸ਼ਿਸ਼ ਕੀਤੀ।''

ਪੰਜਾਬੀ ਸਾਹਿਤ ਵਿੱਚ ਸਾਹਿਬਾਂ ਦਾ ਨਵਾਂ ਅਵਤਾਰ

ਸਿਰਸਾ ਦੱਸਦੇ ਹਨ ਕਿ ਮਿਰਜ਼ਾ ਸਾਹਿਬਾਂ ਬਾਰੇ ਜਿੰਨੀਆਂ ਵੀ ਕਹਾਣੀਆਂ ਸੁਣਦੇ ਹਾਂ, ਜ਼ਿਆਦਾਤਾਰ ਪੀਲੂ ਦੇ ਕਿੱਸੇ ਅਧਾਰਤ ਹੀ ਸੁਣਨ ਨੂੰ ਮਿਲਦੀਆਂ ਹਨ।

ਕੁਝ ਆਧੁਨਿਕ ਨਾਟਕਕਾਰਾਂ ਜਿਵੇਂ ਕਿ ਸੁਰਜੀਤ ਸਿੰਘ ਸੇਠੀ, ਬਲਵੰਤ ਗਾਰਗੀ, ਸੀ.ਐਲ.ਨਾਰੰਗ, ਮਨਜੀਤਪਾਲ ਕੌਰ, ਅਜਮੇਰ ਸਿੰਘ ਔਲਖ ਤੇ ਜੋਗਿੰਦਰ ਬਾਹਰਲਾ ਹੁਰਾਂ ਨੇ ਜ਼ਰੂਰ ਸਾਹਿਬਾਂ ਦੀ ਸੰਵੇਦਨਾ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਔਰਤ ਦੇ ਨੁਕਤਾ ਨਿਗ੍ਹਾ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ।

ਉਹ ਅਜਮੇਰ ਸਿੰਘ ਔਲ਼ਖ ਹੁਰਾਂ ਦੇ ਨਾਟਕ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ ਕਿ ਕਿਵੇਂ ਉਨ੍ਹਾਂ ਨੇ ਸਾਹਿਬਾਂ ਦੀ ਹਾਲਤ ਨੂੰ ਬਹੁਤ ਸੋਹਣੇ ਢੰਗ ਨਾਲ ਬਿਆਨਿਆ ਹੈ।

"ਮੈਂ ਵੱਢੀ ਵਿੱਚ ਵਿਚਾਲਿਓਂ, ਮੇਰੀ ਕਿਸੇ ਸੁਣੀ ਨਾ ਹੂਕ

ਇੱਕ ਧੜ ਮੇਰਾ ਭੈਣ ਦਾ, ਇੱਕ ਧੜ ਮੇਰਾ ਮਸ਼ੂਕ"

ਸਿਰਸਾ ਇੱਕ ਹੋਰ ਹਵਾਲਾ ਦਿੰਦਿਆਂ ਸਾਹਿਬਾਂ ਦੇ ਨਜ਼ਰੀਏ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ

"ਦੱਸ ਵੇ ਅੱਲ੍ਹਾ ਮੇਰਿਆ, ਇਸ ਤੱਤੀ ਨੂੰ ਰਾਹ

ਦਾਗ਼ ਇਸ਼ਕ ਨੂੰ ਲਾ ਦਿਆਂ ਜਾਂ ਵੀਰ ਲਵਾਂ ਮਰਵਾ"

ਪ੍ਰੋਫੈਸਰ ਸਿਰਸਾ, ਨਾਟਕਕਾਰ ਜੋਗਿੰਦਰ ਬਾਹਰਲੇ ਦੇ ਲਿਖੇ ਨਾਟਕ 'ਸਾਹਿਬਾਂ' ਦਾ ਵੀ ਜ਼ਿਕਰ ਕਰਦੇ ਹਨ, ਜਿਸ ਵਿੱਚ ਉਹ ਮੱਧ-ਕਾਲ ਵਿੱਚ ਔਰਤ ਦੀ ਸਥਿਤੀ, ਔਰਤ ਨਾਲ ਹੁੰਦੀ ਜ਼ਿਆਦਤੀ ਨੂੰ ਵੀ ਬਿਆਨ ਕਰ ਰਹੇ ਹਨ।

''ਉਹ ਦਰਸਾਉਂਦੇ ਹਨ ਕਿ ਮੱਧ-ਕਾਲ ਵਿੱਚ ਮਾੜੀ ਸਥਿਤੀ ਸਿਰਫ਼ ਹੀਰ ਜਾਂ ਸਾਹਿਬਾਂ ਦੀ ਨਹੀਂ, ਬਲਕਿ ਹਰ ਔਰਤ ਦੀ ਮਾੜੀ ਹਾਲਤ ਹੈ ਭਾਵੇਂ ਉਹ ਸਾਹਿਬਾਂ ਦੀ ਮਾਸੀ ਜਾਂ ਮਿਰਜ਼ੇ ਦੀ ਮਾਂ ਹੀ ਕਿਉਂ ਨਾ ਹੋਵੇ।''

ਮਿਰਜ਼ਾ-ਸਾਹਿਬਾਂ ਕਿੱਸੇ ਦੇ ਲੇਖਕ ਪੀਲੂ

ਤਸਵੀਰ ਸਰੋਤ, Puneet Barnala/BBC

ਤਸਵੀਰ ਕੈਪਸ਼ਨ, ਮਿਰਜ਼ਾ-ਸਾਹਿਬਾਂ ਦਾ ਸਭ ਤੋਂ ਪਹਿਲਾ ਕਿੱਸਾ ਪੀਲੂ ਦੇ ਕਿੱਸੇ ਨੂੰ ਮੰਨਿਆ ਜਾਂਦਾ ਹੈ

ਮੱਧ-ਕਾਲ ਵਿੱਚ ਔਰਤਾਂ ਦੀ ਹਾਲਤ ਬਾਰੇ ਜੋਗਿੰਦਰ ਬਾਹਰਲਾ ਦੇ ਨਾਟਕ ਵਿੱਚੋਂ ਸਿਰਸਾ ਇੱਕ ਹਵਾਲਾ ਦਿੰਦੇ ਹਨ-

ਜੀਕਰ ਡੈਣਾਂ ਦੀ ਗੋਦ ਵਿੱਚ ਬਾਲ ਪਲਦੇ

ਧੀਆਂ ਜੱਟਾਂ ਦੇ ਘਰਾਂ ਵਿੱਚ ਪਲਦੀਆਂ ਨੇ

ਸਾਰੀ ਉਮਰ ਜ਼ੁਬਾਨ 'ਤੇ ਰਹਿਣ ਜਿੰਦਰੇ

ਲਾਟਾਂ ਦਿਲਾਂ ਅੰਦਰ ਪਈਆਂ ਬਲਦੀਆਂ ਨੇ

ਬਾਬਲ ਚੂਚਕ ਹੋਵੇ ਜਾਂ ਖਾਨ ਖੀਵਾ

ਸਾਹਿਬਾਂ ਕਰਨੀਆਂ ਦੋਹਾਂ ਦੀਆਂ ਰਲਦੀਆਂ ਨੇ

ਸਾਡੀ ਗੀਤਕਾਰੀ ਵਿੱਚ ਮਿਰਜ਼ਾ-ਸਾਹਿਬਾਂ ਬਾਰੇ ਕਾਫ਼ੀ ਕੁਝ ਲਿਖਿਆ ਗਿਆ, ਪਰ ਇਨ੍ਹਾਂ ਗੀਤਾਂ ਦਾ ਰੰਗ ਰੂਪ ਵੀ ਪੀਲੂ ਦੇ ਕਿੱਸੇ ਦੇ ਇਰਦ-ਗਿਰਦ ਹੀ ਘੁੰਮਦਾ ਹੈ। ਜਿਵੇਂ ਕਿ 'ਸਾਹਿਬਾਂ ਬਣੀ ਭਰਾਵਾਂ ਦੀ, ਭਾਈਆਂ ਤੋਂ ਯਾਰ ਮਰਾਤਾ '

ਸਾਹਿਬਾਂ ਦੇ ਕਿੱਸਾਕਾਰੀ ਅਕਸ ਦਾ ਅਧਾਰ

ਇੱਕੀਵੀਂ ਸਦੀ ਵਿੱਚ ਵੀ ਸਾਹਿਬਾਂ ਨੂੰ ਉਸੇ ਤਰ੍ਹਾਂ ਚਿਤਰਿਆ ਗਿਆ ਅਤੇ ਸਰੋਤਿਆਂ ਵੱਲੋਂ ਸਵੀਕਾਰਿਆ ਵੀ ਗਿਆ। ਇਸ ਦਾ ਕਾਰਨ ਡਾ.ਸਰਬਜੀਤ ਸਿੰਘ ਦੱਸਦੇ ਹਨ ਕਿ ਕਿਉਂਕਿ ਅੱਜ ਵੀ ਸਾਡੇ ਪੰਜਾਬੀ ਸਮਾਜ ਵਿੱਚ ਉਸੇ ਚੀਜ਼ ਨੂੰ ਸਵੀਕਾਰਿਆ ਜਾਂਦਾ ਹੈ, ਜਿਸ ਨੂੰ ਮਰਦ ਸਵੀਕਾਰਦਾ ਹੈ।

ਡਾ. ਸਰਬਜੀਤ ਸਿੰਘ ਕਹਿੰਦੇ ਹਨ ਕਿ ਇੱਕ ਪਾਸੇ ਸਾਹਿਬਾਂ ਨੂੰ ਬੇਵਫ਼ਾ ਚਿਤਰਨ ਵਾਲੇ ਇਹ ਕਿੱਸੇ ਤੇ ਗੀਤ ਹਨ ਅਤੇ ਦੂਜੇ ਪਾਸੇ ਸਾਡੇ ਬਹੁਤ ਸਾਰੇ ਲੋਕ ਗੀਤ ਖਾਸ ਕਰਕੇ ਦੁਆਬੇ ਦੇ ਲੋਕ ਗੀਤ ਹਨ, ਜਿਨ੍ਹਾਂ ਵਿੱਚ ਸਾਹਿਬਾਂ ਦਾ ਅਕਸ ਸਿਰਫ਼ ਦਗਾ ਦੇਣ ਵਾਲੀ ਔਰਤ ਦਾ ਨਹੀਂ, ਬਲਕਿ ਹੋਰ ਵੀ ਬਹੁਤ ਸਾਰੇ ਰੂਪ ਹਨ।

ਉਨ੍ਹਾਂ ਗੀਤਾਂ ਵਿੱਚ ਸਾਹਿਬਾਂ ਬਹੁਤ ਹੀ ਇਮਾਨਦਾਰ, ਪ੍ਰਤੀਬੱਧ ਅਤੇ ਵਫ਼ਾਦਾਰ ਹੈ। ਕਿਉਂਕਿ ਲੋਕ ਗੀਤ, ਸਾਡੀਆਂ ਔਰਤਾਂ ਦੀ ਸਿਰਜਣਾ ਹਨ।

ਲੋਕ ਧਾਰਾ ਵਿਗਿਆਨੀ ਡਾ.ਕਰਮ ਸਿੰਘ ਨੇ ਆਪਣੀ ਕਿਤਾਬ ਵਿੱਚ ਅਜਿਹੇ ਗੀਤ ਛਪਵਾਏ ਹਨ।

ਡਾ. ਸਰਬਜੀਤ ਸਿੰਘ ਨੇ ਇਹ ਵੀ ਦੱਸਿਆ, ''ਸਾਡੀ ਕਵਿਤਾ ਅੰਦਰ ਸਾਹਿਬਾਂ ਨੂੰ ਔਰਤ ਦੇ ਨਜ਼ਰੀਏ ਤੋਂ ਜ਼ਰੂਰ ਦੇਖਿਆ ਗਿਆ ਹੈ। ਉਹ ਕਹਿੰਦੇ ਹਨ ਕਿ ਕਵਿਤਾ ਵਿੱਚ ਔਰਤ ਤਾਅਨੇ ਜ਼ਰੂਰ ਮਾਰਦੀ ਹੈ ਕਿ ਸਾਹਿਬਾਂ ਨੂੰ ਹਮੇਸ਼ਾ ਇੰਝ ਨਾ ਚਿਤਰਿਆ ਜਾਵੇ।''

ਉਹ ਕਹਿੰਦੇ ਹਨ ਕਿ ਸਾਡੇ ਆਧੁਨਿਕ ਸਾਹਿਤ ਵਿੱਚ ਸਾਹਿਬਾਂ, ਸੀਤਾ, ਦਰੋਪਦੀ ਜਿਹੇ ਕਿਰਦਾਰ ਵਿਦਰੋਹ ਦੀਆਂ ਮਿਸਾਲਾਂ ਬਣ ਜਾਂਦੇ ਹਨ।

"ਸਾਡੇ ਆਧੁਨਿਕ ਲੇਖਕਾਵਾਂ ਨੇ ਔਰਤ ਦੀ ਅਵਾਜ਼ ਚੁੱਕ ਕੇ ਵਰਤਮਾਨ ਔਰਤ ਵਿੱਚ ਚੇਤਨਾ ਜ਼ਰੂਰ ਪੈਦਾ ਕੀਤੀ ਹੈ, ਪਰ ਅਤੀਤ ਦੀਆਂ ਔਰਤਾਂ ਬਾਰੇ ਇਸ ਕਿਸਮ ਦੇ ਵਿਸ਼ਲੇਸ਼ਣ ਸਾਡੇ ਹੋਏ ਨਹੀਂ ਹਨ, ਜੋ ਕਿ ਹੋਣੇ ਚਾਹੀਦੇ ਹਨ।"

ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ
ਤਸਵੀਰ ਕੈਪਸ਼ਨ, ਸਾਹਿਤ ਦੇ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਮੰਨਦੇ ਹਨ ਕਿ ਸਾਡੀਆਂ ਪ੍ਰੀਤ ਗਾਥਾਵਾਂ ਦੇ ਨਾਇਕ ਇਤਿਹਾਸਕ ਨਹੀਂ ਹੁੰਦੇ, ਇਹ ਲੋਕ ਮਨਾਂ ਨੇ ਸਿਰਜੇ ਹੁੰਦੇ ਹਨ

"ਸਾਹਿਬਾਂ ਬਦਕਾਰ ਤਾਂ ਮਿਰਜ਼ਾ ਬਹਾਦਰ ਯੋਧਾ ਕਿਵੇਂ!''

ਪ੍ਰੋਫੈਸਰ ਸਿਰਸਾ ਕਹਿੰਦੇ ਹਨ ਕਿ ਇਸ਼ਕ ਦੇ ਮਾਮਲੇ ਵਿੱਚ ਔਰਤ ਨੂੰ ਮਰਦ ਦੇ ਮੁਕਾਬਲੇ ਵਧੇਰੇ ਦੁੱਖ ਭੋਗਣਾ ਪੈਂਦਾ ਹੈ, ਉਸ ਨੂੰ ਘਰ ਛੱਡਣਾ ਪੈਂਦਾ ਹੈ, ਉਸ ਦੀ ਬੇਗਾਨੇ ਘਰ ਪ੍ਰਵਾਨਗੀ ਹੋਵੇ ਨਾ ਹੋਵੇ ਇਹ ਬਾਅਦ ਦੀ ਗੱਲ ਹੈ। ਉਹ ਕਹਿੰਦੇ ਹਨ, "ਸਾਹਿਬਾਂ ਮਿਰਜ਼ੇ ਲਈ ਆਪਣਾ ਘਰ ਛੱਡਦੀ ਹੈ, ਮਿਰਜ਼ੇ ਲਈ ਮਰਨਾ ਮਿਥਦੀ ਹੈ।"

''ਜਦੋਂ ਸਾਹਿਬਾਂ ਦੇ ਭਰਾ ਮਿਰਜ਼ੇ ਨੂੰ ਮਾਰਨ ਲਗਦੇ ਹਨ, ਤਾਂ ਉਹ ਕਹਿੰਦੀ ਹੈ ਕਿ ਮਿਰਜ਼ੇ ਤੋਂ ਪਹਿਲਾਂ ਮੈਨੂੰ ਮਾਰੋ।''

ਸਿਰਸਾ ਮੁਤਾਬਕ, ''ਕੁਝ ਪ੍ਰਸੰਗਾਂ ਵਿੱਚ ਇਹ ਵੀ ਆਉਂਦਾ ਹੈ ਜਦੋਂ ਉਸ ਦੇ ਭਰਾ ਮਿਰਜ਼ੇ ਨੂੰ ਮਾਰਨ ਲਗਦੇ ਹਨ ਤਾਂ ਉਹ ਮਿਰਜ਼ੇ ਦੇ ਉੱਤੇ ਡਿੱਗਦੀ ਹੈ ਅਤੇ ਮਿਰਜ਼ੇ ਤੋਂ ਪਹਿਲਾਂ ਉਹ ਵੱਢੀ ਜਾਂਦੀ ਹੈ।''

ਇੱਕ ਪ੍ਰਸੰਗ ਇਹ ਵੀ ਹੈ ਕਿ ਉਹ ਪਹਿਲਾਂ ਮਿਰਜ਼ੇ ਨੂੰ ਮਾਰਦੇ ਹਨ, ਫਿਰ ਸਾਹਿਬਾਂ ਨੂੰ ਵੱਢਦੇ ਹਨ। ਇੱਕ ਥਾਂ ਸਾਹਿਬਾਂ ਨੂੰ ਜਿਉਂਦਿਆਂ ਧਰਤੀ ਵਿੱਚ ਗੱਢ ਦੇਣ ਦਾ ਪ੍ਰਸੰਗ ਵੀ ਆਉਂਦਾ ਹੈ। ਕੁਝ ਕਿੱਸਾਕਾਰਾਂ ਨੇ ਇਹ ਵੀ ਕਿਹਾ ਕਿ ਸਾਹਿਬਾਂ ਦਾ ਸਿਰ, ਧੜ ਤੋਂ ਲਾਹ ਦਿੰਦੇ ਹਨ।

ਯਾਨੀ ਸਿਰਫ਼ ਮਿਰਜ਼ਾ ਨਹੀਂ ਮਰਦਾ, ਸਾਹਿਬਾਂ ਵੀ ਇਸ਼ਕ ਲਈ ਮਰਦੀ ਹੈ ਪਰ ਸਾਹਿਬਾਂ ਦੀ ਕੁਰਬਾਨੀ ਨੂੰ ਅਣਦੇਖਿਆਂ ਕਰਕੇ ਉਸ ਦੀ ਬੇਵਫ਼ਾਈ ਨੂੰ ਉਭਾਰਿਆ ਜਾਂਦਾ ਹੈ ।

ਸਿਰਸਾ ਤੀਰ ਤੋੜਣ ਪਿੱਛੇ ਸਾਹਿਬਾਂ ਦੇ ਮਨ ਦੇ ਖ਼ਦਸ਼ੇ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਹਿੰਦੇ ਹਨ ਕਿ ਸਾਹਿਬਾਂ ਪੇਕੇ ਛੱਡ ਆਈ ਹੈ ਅਤੇ ਮਿਰਜ਼ਾ ਸਹੁਰੇ ਘਰ ਨਾ ਲਿਆਂਣ ਦੀ ਬਜਾਏ ਰਸਤੇ ਵਿੱਚ ਹੀ ਜੰਡ ਥੱਲੇ ਅਰਾਮ ਕਰਨ ਬੈਠਦਾ ਹੈ। ਉਸ ਵੇਲੇ ਸਾਹਿਬਾਂ ਦੇ ਮਨ ਵਿੱਚ ਡਰ ਹੈ ਕਿ ਉਸ ਦੇ ਭਰਾ ਆ ਕੇ ਮਿਰਜ਼ੇ ਨੂੰ ਨਾ ਮਾਰ ਦੇਣ, ਜਾਂ ਮਿਰਜ਼ਾ ਉਸ ਦੇ ਭਰਾਵਾਂ ਨੂੰ ਨਾ ਮਾਰ ਦੇਵੇ।

ਸਿਰਸਾ ਦੱਸਦੇ ਹਨ, ''ਸਾਹਿਬਾਂ ਇਹ ਵੀ ਸੋਚ ਰਹੀ ਹੋਏਗੀ ਕਿ ਜੇ ਮਿਰਜ਼ੇ ਨੇ ਉਸ ਦੇ ਭਰਾਵਾਂ ਨੂੰ ਮਾਰ ਦਿੱਤਾ ਅਤੇ ਸਹੁਰਿਆਂ ਵਿੱਚ ਵੀ ਉਸ ਦਾ ਮਿਰਜ਼ੇ ਨਾਲ ਵਿਆਹ ਪ੍ਰਵਾਨ ਨਾ ਹੋਇਆ ਤਾਂ ਉਹ ਕਿਤੋਂ ਦੀ ਵੀ ਨਹੀਂ ਰਹੇਗੀ।''

ਉਹ ਇਹ ਵੀ ਕਹਿੰਦੇ ਹਨ ਕਿ ਮੱਧ-ਕਾਲ ਵਿੱਚ ਖੂਨ ਦਾ ਰਿਸ਼ਤਾ, ਵਿਆਹ ਦੇ ਰਿਸ਼ਤੇ ਤੋਂ ਵੱਧ ਅਹਿਮੀਅਤ ਰੱਖਦਾ ਹੈ। ਇੱਕ ਕਾਰਨ ਇਹ ਵੀ ਹੈ ਕਿ ਉਸ ਦੌਰ ਵਿੱਚ ਕੁੜੀਆਂ ਪੇਕਿਆਂ ਦੇ ਸਿਰ 'ਤੇ ਹੀ ਸਹੁਰਿਆਂ ਵਿੱਚ ਵਸ ਸਕਦੀਆਂ ਸਨ।

ਪ੍ਰੋਫੈਸਰ ਸਿਰਸਾ ਸਾਹਿਬਾਂ ਦੇ ਮਨ ਦੀ ਦੁਚਿੱਤੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਧਰ ਡਾ. ਸਰਬਜੀਤ ਇਹ ਨਹੀਂ ਮੰਨਦੇ ਕਿ ਸਾਹਿਬਾਂ ਦੇ ਮਨ ਵਿੱਚ ਕਿਸੇ ਤਰ੍ਹਾਂ ਦੀ ਦੁਚਿੱਤੀ ਸੀ। ਉਹ ਮੰਨਦੇ ਹਨ ਕਿ ਉਹ ਮਿਰਜ਼ੇ ਲਈ ਦ੍ਰਿੜ ਸੀ। ਜੇ ਉਸ ਦੇ ਮਨ ਵਿੱਚ ਕੋਈ ਦੁਚਿੱਤੀ ਹੁੰਦੀ ਤਾਂ ਉਹ ਕਰਮੂ ਬ੍ਰਾਹਮਣ ਜ਼ਰੀਏ ਮਿਰਜ਼ੇ ਨੂੰ ਸੁਨੇਹਾ ਨਾ ਭੇਜਦੀ ਅਤੇ ਨਾ ਹੀ ਵਿਆਹ ਤੋਂ ਪਹਿਲਾਂ ਮਿਰਜ਼ੇ ਨਾਲ ਉਧਲਦੀ।

ਉਹ ਸਵਾਲ ਚੁੱਕਦੇ ਹਨ ਕਿ ਰਸਤੇ ਵਿੱਚ ਜੰਡ ਥੱਲੇ ਰੁਕ ਜਾਣ ਵਾਲੇ ਮਿਰਜ਼ੇ ਨੂੰ ਕੋਈ ਗਲਤ ਕਿਉਂ ਨਹੀਂ ਕਹਿੰਦਾ।

ਉਹ ਕਹਿੰਦੇ ਹਨ, "ਮਿਰਜ਼ਾ, ਸਾਹਿਬਾਂ ਨੂੰ ਕੱਢ ਕੇ ਲਿਜਾਂਦਾ ਹੈ। ਸਾਹਿਬਾਂ, ਮਿਰਜ਼ੇ ਨਾਲ ਨਿੱਕਲਦੀ ਹੈ। ਦੋਹੇਂ ਕੰਮ ਤਾਂ ਇੱਕੋ ਹੀ ਕਰ ਰਹੇ ਹਨ, ਪਰ ਸਾਹਿਬਾਂ ਬਦਕਾਰ ਹੈ ਤੇ ਮਿਰਜ਼ਾ ਬਹਾਦਰ ਯੋਧਾ ਹੈ। ਇਹ ਹੈ ਮਰਦ ਮਾਨਸਿਕਤਾ। ਕਿਉਂਕਿ ਕਿੱਸੇ ਮਰਦਾਂ ਨੇ ਲਿਖੇ ਹਨ।"

ਅਜੋਕੇ ਸਮੇਂ ਸਾਹਿਬਾਂ ਦੀ ਪ੍ਰਸੰਗਿਕਤਾ

ਸਾਹਿਬਾਂ

ਤਸਵੀਰ ਸਰੋਤ, Puneet Barnala/BBC

ਤਸਵੀਰ ਕੈਪਸ਼ਨ, ਪ੍ਰੋਫੈਸਰ ਸਿਰਸਾ ਮੁਤਾਬਕ, ''ਕੁਝ ਪ੍ਰਸੰਗਾਂ 'ਚ ਇਹ ਵੀ ਆਉਂਦਾ ਹੈ ਜਦੋਂ ਉਸ ਦੇ ਭਰਾ ਮਿਰਜ਼ੇ ਨੂੰ ਮਾਰਨ ਲਗਦੇ ਹਨ ਤਾਂ ਉਹ ਮਿਰਜ਼ੇ ਦੇ ਉੱਤੇ ਡਿੱਗਦੀ ਹੈ ਤੇ ਮਿਰਜ਼ੇ ਤੋਂ ਪਹਿਲਾਂ ਉਹ ਵੱਢੀ ਜਾਂਦੀ ਹੈ।''

ਮੱਧ-ਕਾਲ ਵਿੱਚ ਜੋ ਸਥਿਤੀ ਸਾਹਿਬਾਂ ਜਾਂ ਹੋਰ ਔਰਤਾਂ ਦੀ ਸੀ, ਕੀ ਮੌਜੂਦਾ ਯੁੱਗ ਵਿੱਚ ਅਜਿਹਾ ਨਹੀਂ ਹੈ?

ਔਰਤ ਦੇ ਪੜ੍ਹਨ-ਲਿਖਣ, ਕਮਾਈ ਕਰਨ ਅਤੇ ਸੁਚੇਤ ਹੋਣ ਕਾਰਨ ਕਾਫ਼ੀ ਕੁਝ ਬਦਲਿਆ ਜ਼ਰੂਰ ਹੈ, ਪਰ ਹਾਲੇ ਵੀ ਔਰਤ ਅਜ਼ਾਦ ਤੌਰ 'ਤੇ ਖ਼ੁਦ ਲਈ ਫ਼ੈਸਲੇ ਨਹੀਂ ਲੈ ਸਕਦੀ।

ਡਾ.ਸਰਬਜੀਤ ਸਿੰਘ ਮੁਤਾਬਕ ਜਦੋਂ ਤੱਕ ਮਰਦ ਪ੍ਰਧਾਨਤਾ ਵਾਲਾ ਸਮਾਜ ਹੈ, ਔਰਤ ਕੋਲ ਵਿਦਰੋਹ ਦਾ ਇੱਕੋ ਇੱਕ ਤਰੀਕਾ ਹੈ ਆਪਣੀ ਪਸੰਦ ਦਾ ਵਰ ਚੁਨਣਾ।

ਉਹ ਕਹਿੰਦੇ ਹਨ, "ਅਜੋਕੇ ਦੌਰ ਵਿੱਚ ਵੀ ਜੇ ਔਰਤ ਨੂੰ ਪਸੰਦ ਦਾ ਵਿਆਹ ਕਰਾ ਕੇ ਹਾਈ ਕੋਰਟ ਤੋਂ ਸੁਰੱਖਿਆ ਲੈਣੀ ਪੈ ਰਹੀ ਹੈ ਤਾਂ ਜ਼ਾਹਿਰ ਹੁੰਦਾ ਹੈ ਕਿ ਅੱਜ ਵੀ ਉਸ ਉੱਤੇ ਮਰਦ ਪ੍ਰਧਾਨ ਸਮਾਜ ਦਾ ਦਾਬਾ ਹੈ। ਅੱਜ ਵੀ ਅਖੌਤੀ ਅਣਖ ਪਿੱਛੇ ਕਤਲ਼ ਹੋ ਰਹੇ ਹਨ।"

ਪ੍ਰੋਫੈਸਰ ਸਿਰਸਾ ਕਹਿੰਦੇ ਹਨ, "ਅੱਜ ਵੀ ਹਰਿਆਣਾ ਦੀਆਂ ਖਾਪ ਪੰਚਾਇਤਾਂ ਦਾ ਵਤੀਰਾ ਚੂਚਕ, ਖਾਨ ਖੀਵੇ ਜਾਂ ਮੱਧ ਕਾਲ ਦੇ ਸਮਾਜ ਵਰਗਾ ਹੈ।"

ਸਿਰਸਾ ਕਹਿੰਦੇ ਹਨ ਕਿ ਇੱਕ ਪਾਸੇ ਬਹੁ-ਸੱਭਿਆਚਾਰੀ ਦੁਨੀਆਂ ਦੀ ਗੱਲ ਕਰਦੇ ਹਾਂ, ਪਰ ਅਸੀਂ ਅੱਜ ਵੀ ਅੰਤਰ-ਸੱਭਿਆਚਾਰਕ, ਅੰਤਰ-ਜਾਤੀ ਵਿਆਹਾਂ ਨੂੰ ਸਵੀਕਾਰ ਨਹੀਂ ਕਰ ਰਹੇ। ਉਹ ਕਹਿੰਦੇ ਹਨ ਕਿ ਸਾਹਿਬਾਂ ਇੱਕ ਪ੍ਰੇਰਨਾਦਾਇਕ ਕਿਰਦਾਰ ਹੈ ਕਿ ਔਰਤ ਨੂੰ ਆਪਣੇ ਹੱਕ ਲਈ ਲੜਣਾ ਚਾਹੀਦਾ ਹੈ।

ਡਾ. ਸਰਬੀਜਤ ਸਿੰਘ ਕਹਿੰਦੇ ਹਨ ਕਿ ਅੱਜ ਦੀਆਂ ਕੁੜੀਆਂ ਨੂੰ ਇਨ੍ਹਾਂ ਦੰਤ ਕਥਾਵਾਂ ਦੀਆਂ ਔਰਤਾਂ ਨੂੰ ਆਪਣੇ ਆਦਰਸ਼ ਬਣਾਉਣਾ ਚਾਹੀਦਾ ਹੈ ਅਤੇ ਆਪਣਾ ਸੰਘਰਸ਼ ਲੜਣਾ ਚਾਹੀਦਾ ਹੈ।

ਨਾਲ ਹੀ ਉਹ ਕਹਿੰਦੇ ਹਨ, "ਪਰ ਸਾਡੀ ਔਰਤ ਹਾਲੇ ਓਨੀ ਦਲੇਰ ਨਹੀਂ ਹੋਈ ਕਿ ਸਾਹਿਬਾਂ ਨੂੰ ਆਦਰਸ਼ ਕਹਿ ਸਕੇ। ਸਾਡੀ ਔਰਤ ਮਰਦਾਂ ਦੇ ਦਾਬੇ ਵਿੱਚ ਰਹੀ ਹੋਣ ਕਰਕੇ ਇਹ ਮਹਿਸੂਸ ਕਰਦੀ ਹੈ ਕਿ ਮਰਦ ਦੀਆਂ ਤਿਆਰ ਕੀਤੀਆਂ ਸ਼ਰਤਾਂ 'ਤੇ ਪੂਰੀ ਉਤਰਦੀ ਹਾਂ ਤਾਂ ਹੀ ਸਮਾਜ ਵਿੱਚ ਸਵੀਕਾਰੀ ਜਾਵਾਂਗੀ। ਔਰਤ ਪਹਿਲਾਂ ਤੋਂ ਵੱਧ ਸੁਚੇਤ ਹੋਈ ਹੈ, ਪਰ ਉਹ ਵੀ ਸਮਾਂ ਆਏਗਾ ਜਦੋਂ ਉਹ ਆਪਣੇ ਫ਼ੈਸਲੇ ਆਪ ਲੈਣ ਲੱਗ ਜਾਏਗੀ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)