ਲੁਧਿਆਣਾ ਵਿੱਚ ਪੰਜ ਸਾਲਾ ਬੱਚੀ ਦੇ ਰੇਪ ਅਤੇ ਕਤਲ ਮਾਮਲੇ ਵਿੱਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ, ਜੱਜ ਨੇ ਫੈਸਲੇ ਵਿੱਚ ਕੀ ਕਿਹਾ

ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਫਾਸਟ ਟ੍ਰੈਕ ਕੋਰਟ ਨੇ ਇਹ ਫੈਸਲਾ ਸੁਣਾਇਆ

ਤਸਵੀਰ ਸਰੋਤ, Gurminder Grewal/BBC

    • ਲੇਖਕ, ਗੁਰਮਿੰਦਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਨੇ ਇੱਕ 5 ਸਾਲਾ ਬੱਚੀ ਦੇ ਬਲਾਤਕਾਰ ਅਤੇ ਕਤਲ ਦੇ ਦੋਸ਼ ਵਿੱਚ 28 ਸਾਲਾ ਮੁਲਜ਼ਮ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

ਇਹ ਫ਼ੈਸਲਾ ਪੋਕਸੋ ਦੀ ਫਾਸਟ ਟ੍ਰੈਕ ਅਦਾਲਤ ਦੇ ਅਧੀਨ ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਨੇ ਸੁਣਾਇਆ ਹੈ।

ਫ਼ੈਸਲੇ ਦੌਰਾਨ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਫਤਿਹਪੁਰ ਦੇ ਰਹਿਣ ਵਾਲੇ ਸੋਨੂੰ ਨੂੰ ਦੋਸ਼ੀ ਠਹਿਰਾਇਆ ਅਤੇ ਮੌਤ ਦੀ ਸਜ਼ਾ ਸੁਣਾਈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਦਰਅਸਲ ਇਹ ਮਾਮਲਾ ਸਾਲ 2023 ਦਾ ਹੈ। ਦੋਸ਼ੀ ਸੋਨੂੰ ਉੱਤੇ ਇਲਜ਼ਾਮ ਸੀ ਕਿ ਉਹ ਬੱਚੀ ਨੂੰ ਆਪਣੇ ਨਾਲ ਲੈ ਗਿਆ ਤੇ ਉਸ ਮਗਰੋਂ ਬੱਚੀ ਬਾਰੇ ਪਤਾ ਨਹੀਂ ਲੱਗਾ।

ਜਦੋਂ ਬੱਚੀ ਦਾ ਕੋਈ ਸੁਰਾਗ਼ ਨਾਲ ਮਿਲਿਆ ਤਾਂ ਘਰਦਿਆਂ ਨੇ ਡਾਬਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਕੀਤੀ ਹੈ।

ਇਸ ਫ਼ੈਸਲੇ ਬਾਰੇ ਬੋਲਦਿਆਂ ਵਕੀਲ ਰਾਜੇਸ਼ ਮਹਿਰਾ ਨੇ ਦੱਸਿਆ, "ਸੋਨੂ ਸਿੰਘ ਨਾਮ ਦਾ ਵਿਅਕਤੀ ਨੇ 5 ਸਾਲਾ ਬੱਚੀ ਨੂੰ ਚੌਕਲੇਟ ਦੇਣ ਦੇ ਬਹਾਨੇ ਲੈ ਗਿਆ। ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਕਮਰੇ ਵਿੱਚ ਬੱਚੀ ਨੂੰ ਲੈ ਗਿਆ ਅਤੇ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਤੇ ਫਿਰ ਉਸ ਦਾ ਕਤਲ ਕਰ ਦਿੱਤਾ।"

ਉਨ੍ਹਾਂ ਨੇ ਦੱਸਿਆ, "ਅਦਾਲਤ ਨੇ ਫਾਂਸੀ ਦੀ ਹੀ ਸਜ਼ਾ ਦਿੱਤੀ ਅਤੇ ਨਾਲ ਸਾਢੇ ਪੰਜ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਦੋਸ਼ੀ ਬੱਚੀ ਦੇ ਪਰਿਵਾਰ ਨੂੰ ਆਪਣੇ ਕਿਸੇ ਰਿਸ਼ਤੇਦਾਰ ਕਰ ਕੇ ਜਾਣਦਾ ਸੀ।

ਰਾਜੇਸ਼
ਤਸਵੀਰ ਕੈਪਸ਼ਨ, ਵਕੀਲ ਰਾਜੇਸ਼ ਮਹਿਰਾ

ਦੋਸ਼ੀ ਬਾਰੇ ਕੀ-ਕੀ ਪਤਾ

ਪੀੜਤਾ ਦਾ ਪਰਿਵਾਰ ਵੀ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਪੀੜਤਾ ਦੇ ਪਿਤਾ ਲੁਧਿਆਣਾ ਵਿੱਚ ਰਹਿੰਦੇ ਹਨ ਜਦਕਿ ਉਹ ਆਪਣੀ ਮਾਂ ਅਤੇ ਦੋ ਭਰਾਵਾਂ ਦੇ ਨਾਲ ਬਿਹਾਰ ਰਹਿੰਦੀ ਸੀ।

ਪਰ ਉਹ ਆਪਣੀ ਮਾਸੀ ਨਾਲ ਲੁਧਿਆਣਾ ਆਪਣੇ ਪਿਤਾ ਕੋਲ ਆਈ ਹੋਈ ਸੀ।

ਪੀੜਤਾ ਦੇ ਪਿਤਾ ਮੁਤਾਬਕ, ਦੋਸ਼ੀ ਦਾ ਰਿਸ਼ਤੇਦਾਰ ਨੇੜੇ ਕਿਰਾਏ ʼਤੇ ਰਹਿੰਦਾ ਸੀ ਅਤੇ ਸੋਨੂੰ ਪਿਛਲੇ 4-5 ਦਿਨਾਂ ਤੋਂ ਉਨ੍ਹਾਂ ਦੇ ਘਰ ਰਹਿ ਰਿਹਾ ਸੀ।

ਉੱਤਰ ਪ੍ਰਦੇਸ਼ ਦਾ ਪਿਛੋਕੜ ਰੱਖਣ ਵਾਲਾ ਸੋਨੂੰ ਉੱਥੇ ਕਿਸੇ ਪੈਟ੍ਰੋਲ ਪੰਪ ʼਤੇ ਲੱਗੇ ਹੋਇਆ ਸੀ।

ਲੁਧਿਆਣਾ

ਉਨ੍ਹਾਂ ਮੁਤਾਬਕ, "28 ਦਸੰਬਰ 2023 ਨੂੰ ਕਰੀਬ 9 ਵਜੇ ਪੀੜਤਾ ਦੇ ਨਾਨਾ ਆਪਣੀ ਦੁਕਾਨ ʼਤੇ ਬੈਠੇ ਸਨ ਅਤੇ ਪੀੜਤਾ ਵੀ ਉੱਥੇ ਹੀ ਮੌਜੂਦ ਸੀ। ਸੋਨੂੰ ਉਨ੍ਹਾਂ ਦੀ ਦੁਕਾਨ ʼਤੇ ਆਏ ਉਸ ਨੇ ਇੱਕ ਚੌਕਲੇਟ ਖਰੀਦੀ, ਉਹੀ ਚੌਕਲੇਟ ਉਸ ਨੇ ਪੀੜਤਾ ਬੱਚੀ ਨੂੰ ਵੀ ਤੇ ਉਸ ਨਾਲ ਖੇਡਣ ਲੱਗਾ।"

"ਉਹ ਬੱਚੀ ਨਾਲ ਖੇਡਣ ਲਈ ਉਸ ਨੂੰ ਆਪਣੇ ਨਾਲ ਲੈ ਗਿਆ। ਪਰ ਜਦੋਂ 4-5 ਘੰਟੇ ਬੱਚੀ ਨਾ ਆਈ ਤਾਂ ਉਹ ਉਸ ਦੇ ਘਰ ਦੇਖਣ ਲਈ ਚੱਲੇ ਗਏ। ਪਰ ਉੱਥੇ ਨਾ ਹੀ ਬੱਚੀ ਸੀ ਅਤੇ ਨਾ ਹੀ ਸੋਨੂੰ ਸੀ। ਸਾਰੇ ਪਾਸੇ ਭਾਲਣ ʼਤੇ ਜਦੋਂ ਕੁਝ ਪਤਾ ਲੱਗਾ ਤਾੰ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।"

ਪੀੜਤਾ ਦੇ ਪਿਤਾ ਨੇ ਅੱਗੇ ਕਿਹਾ, "ਪੁਲਿਸ ਆਈ ਅਤੇ ਉਸ ਨੇ ਘਰ ਦੀ ਤਲਾਸ਼ੀ ਲਈ। ਜਦੋਂ ਬੈੱਡ ਦਾ ਬਕਸਾ ਖੋਲ੍ਹਿਆ ਤਾਂ ਬੱਚੀ ਨਗਨ ਹਾਲਤ ਵਿੱਚ ਉਸ ਵਿੱਚ ਪਈ ਸੀ। ਸੋਨੂੰ ਬੱਚੀ ਬਹਾਨੇ ਨਾਲ ਆਪਣੇ ਨਾਲ ਲੈ ਗਿਆ ਤੇ ਉਸ ਨਾਲ ਬਲਾਤਕਾਰ ਕੀਤਾ ਤੇ ਫਿਰ ਉਸ ਨੂੰ ਮਾਰ ਦਿੱਤਾ।"

ਪੀੜਤਾ ਦੀ ਲਾਸ਼ ਨੂੰ ਸਿਵਿਲ ਹਸਪਤਾਲ ਲਿਆਂਦਾ ਗਿਆ ਜਿੱਥੇ ਬਲਾਤਕਾਰ ਅਤੇ ਕਤਲ ਦੀ ਪੁਸ਼ਟੀ ਹੋਈ।

ਬੱਚੀ

ਤਸਵੀਰ ਸਰੋਤ, iStock

ਜੱਜ ਨੇ ਕੀ ਕਿਹਾ

ਹਾਲਾਂਕਿ, ਅਦਾਲਤ ਵਿੱਚ ਦਲੀਲਾਂ ਦੌਰਾਨ ਬਚਾਅ ਪੱਖ ਕਈ ਤੱਥ ਰੱਖਣ ਦੀ ਕੋਸ਼ਿਸ਼ ਕੀਤੀ। ਜਿਸ ਵਿੱਚ ਇਹ ਵੀ ਕਿਹਾ ਗਿਆ ਕਿ ਦੋਸ਼ੀ ਗਰੀਬ ਹੈ ਅਤੇ ਅਨਾਥ ਹੈ।

ਪਰ ਜੱਜ ਫ਼ੈਸਲੇ ਦੌਰਾਨ ਕਿਹਾ ਕਿ ਇਸ ਗੱਲ ਨੂੰ ਅੱਖੋਂ ਪਰੋਖੇ ਨਹੀਂ ਰੱਖਿਆ ਜਾ ਸਕਦਾ ਹੈ ਦੋਵੇਂ ਪਰਿਵਾਰ ਹੀ ਆਰਥਿਕ ਪੱਖੋਂ ਇੱਕ-ਜਿਹੇ ਹਨ। ਇਸ ਲਈ ਇਸ ਨੂੰ ਦੋਸ਼ੀ ਦੇ ਕਾਰੇ ਵਜੋਂ ਉਸ ਦੇ ਹੱਕ ਵਿੱਚ ਰੱਖ ਕੇ ਨਹੀਂ ਦੇਖਿਆ ਜਾ ਸਕਦਾ।

"ਮਾਸੂਮ ਬੱਚੀ ਨਾਲ ਕੀਤੇ ਗਏ ਘਿਨਾਉਣੇ ਅਪਰਾਧ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਗੱਲ ʼਤੇ ਬਹਿਸ ਕਰਨਾ ਕਿ ਦੋਸ਼ੀ ਗਰੀਬ ਹੈ, ਗ਼ਲਤ ਹੋਵੇਗਾ। ਇਸ ਨਾਲ ਸਮਾਜ ਵਿੱਚ ਗ਼ਲਤ ਸੰਦੇਸ਼ ਜਾਵੇਗਾ।"

ਉਨ੍ਹਾਂ ਨੇ ਅੱਗੇ ਕਿਹਾ, "ਇਹ ਇੱਕ ਅਜਿਹਾ ਮਾਮਲਾ ਹੈ, ਜਿੱਥੇ ਅਪਰਾਧੀ ਵੱਲੋਂ ਕੀਤਾ ਗਿਆ ਕਾਰਾ ਕਾਨੂੰਨ ਦਾ ਅਪਮਾਨ ਹੀ ਨਹੀਂ ਹੈ ਬਲਕਿ ਸੱਭਿਆ ਸਮਾਜ ʼਤੇ ਇਸ ਦਾ ਵਿਨਾਸ਼ਕਾਰੀ ਪ੍ਰਭਾਵ ਵੀ ਪੈਂਦਾ ਹੈ। ਅਪਰਾਧ ਦੀ ਗੰਭੀਰਤਾ ਦਾ ਅੰਦਾਜ਼ਾ ਅਪਰਾਧ ਦੀ ਪ੍ਰਕਿਰਤੀ ਤੋਂ ਹੀ ਕੀਤਾ ਜਾਣਾ ਚਾਹੀਦਾ ਹੈ।"

"ਦੋਸ਼ੀ ਵੱਲੋਂ ਕੀਤਾ ਗਿਆ ਇਹ ਅਪਰਾਧ ਉਦੋਂ ਹੋਰ ਘਿਨਾਉਣਾ ਹੋ ਜਾਂਦਾ ਹੈ ਜਦੋਂ ਗੰਭੀਰ ਅਪਰਾਧ ਕਰਨ ਵਾਲੇ ਨੂੰ ਪੀੜਤ ਪਰਿਵਾਰ ਜਾਣਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)