ਮੁਕਤਸਰ: 300 ਰੁਪਏ ਦਿਹਾੜੀ 'ਤੇ ਜੁੱਤੀਆਂ ਬਣਾਉਣ ਵਾਲੇ ਦੇ ਪੁੱਤ ਨੇ ਕਿਵੇਂ ਹਾਸਲ ਕੀਤਾ ਨੀਟ 'ਚ ‘ਟਾਪ ਰੈਂਕ’, ਪਿਓ ਨੇ ਤਾਂ ਚਪੜਾਸੀ ਦੀ ਨੌਕਰੀ ਦੇ ਸੁਪਨੇ ਵੇਖੇ ਸੀ

- ਲੇਖਕ, ਭਰਤ ਭੂਸ਼ਣ, ਰਾਜੇਸ਼ ਕੁਮਾਰ ਗੋਲਡੀ
- ਰੋਲ, ਬੀਬੀਸੀ ਸਹਿਯੋਗੀ
"ਜਦੋਂ ਮੇਰਾ ਪੁੱਤ ਛੋਟਾ ਸੀ ਤਾਂ ਮੈਂ ਆਪਣੇ ਪੁੱਤ ਨੂੰ ਸਮਝਾਉਂਦਾ ਸੀ ਕਿ ਪੁੱਤ ਆਪਣੇ ਪਰਿਵਾਰ ਵਿੱਚ ਅੱਜ ਤੱਕ ਕੋਈ ਸਰਕਾਰੀ ਨੌਕਰੀ ਤੱਕ ਨਹੀਂ ਪਹੁੰਚਿਆ, ਕੋਈ ਪੜ੍ਹਿਆ ਲਿਖਿਆ ਨਹੀਂ ਹੈ।"
"ਇਸ ਲਈ ਮੈਂ ਚਾਹੁੰਦਾ ਸੀ ਕਿ ਦਿਹਾੜੀ ਕਰਕੇ ਕਿਸੇ ਤਰ੍ਹਾਂ ਬੱਚੇ ਨੂੰ ਅੱਗੇ ਲੈ ਕੇ ਜਾਵਾਂਗਾ।"
ਇਹ ਬੋਲ ਉਸ ਪਿਤਾ ਦੇ ਹਨ, ਜਿਨ੍ਹਾਂ ਦੇ ਪੁੱਤ ਦੀ ਅੱਤ ਦੀ ਗਰੀਬੀ ਨਾਲ ਜੂਝਦਿਆਂ ਕੀਤੀ ਮਿਹਨਤ ਰੰਗ ਲਿਆਈ ਹੈ।
ਮਲੋਟ ਦੇ ਗੁਰੂ ਰਵਿਦਾਸ ਨਗਰ ਵਿੱਚ ਰਹਿੰਦੇ ਜਤਿਨ ਨੇ 'ਨੈਂਸ਼ਨਲ ਇਲੀਜੀਬਿਲਿਟੀ ਕਮ ਐਂਟਰੈਂਸ ਟੈਸਟ' NEET-UG ਵਿੱਚ ਆਲ ਇੰਡੀਆ ਰੈਂਕ 7191 ਅਤੇ ਐੱਸਸੀ (SC) ਕੈਟੇਗਰੀ ਵਿੱਚ 170ਵਾਂ ਰੈਂਕ ਹਾਸਲ ਕੀਤਾ ਹੈ।
ਇਹ ਰਿਜ਼ਲਟ 14 ਜੂਨ ਨੂੰ ਆਇਆ ਸੀ।

ਬਿਨ੍ਹਾਂ ਪਲਸਤਰ ਵਾਲੇ ਉਨ੍ਹਾਂ ਦੇ ਘਰ ਵਿੱਚ ਅੱਜ ਰੌਣਕਾਂ ਲੱਗੀਆਂ ਹੋਈਆਂ ਹਨ, ਢੋਲ ਵੱਜ ਰਹੇ ਹਨ ਤੇ ਮੂੰਹ ਮਿੱਠੇ ਕਰਵਾਏ ਜਾ ਰਹੇ ਹਨ।
ਜੁੱਤੀਆਂ ਬਣਾਉਣ ਦਾ ਕੰਮ ਕਰਦੇ ਜਤਿਨ ਦੇ ਪਿਤਾ ਧਰਮਵੀਰ ਤੇ ਉਨ੍ਹਾਂ ਦੇ ਮਾਤਾ ਸੁਮਨ ਰਾਣੀ ਕੋਲੋਂ ਆਪਣੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਹੈ।
ਜਤਿਨ ਦੇ ਪਿਤਾ ਨੂੰ ਪੰਜਾਬੀ ਜੁੱਤੀਆਂ ਬਣਾਉਣ ਦੇ ਕੰਮ ਤੋਂ ਕਰੀਬ 300 ਰੁਪਏ ਦਿਹਾੜੀ ਬਣਦੀ ਹੈ।
ਪੁਣੇ ਰਹਿ ਕੇ ਕੀਤੀ ਤਿਆਰੀ

ਜਤਿਨ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਜਵਾਹਰ ਨਵੋਦਿਆ ਵਿਦਿਆਲਾ ਮੁਕਤਸਰ ਸਾਹਿਬ ਤੋਂ ਕੀਤੀ ਹੈ। ਦਸਵੀਂ ਵਿੱਚ ਉਨ੍ਹਾਂ ਦੇ 91 ਫੀਸਦ ਅਤੇ 12ਵੀਂ ਵਿੱਚ 92 ਫੀਸਦੀ ਅੰਕ ਹਾਸਲ ਕੀਤੇ।
ਪੰਜਵੀਂ ਤੱਕ ਦੀ ਪੜ੍ਹਾਈ ਉਨ੍ਹਾਂ ਨੇ ਆਪਣੇ ਇਲਾਕੇ ਵਿਚਲੇ ਹੀ ਇੱਕ ਪ੍ਰਾਈਵੇਟ ਸਕੂਲ ਤੋਂ ਕੀਤੀ ਸੀ, ਇਸ ਤੋਂ ਬਾਅਦ ਉਨ੍ਹਾਂ ਨੇ ਨਵੋਦਿਆ ਵਿਦਿਆਲੇ ਵਿੱਚ ਦਾਖ਼ਲੇ ਲਈ ਪੇਪਰ ਦਿੱਤਾ ਤੇ ਉਨ੍ਹਾਂ ਦਾ ਦਾਖਲਾ ਹੋ ਗਿਆ।
ਉਨ੍ਹਾਂ ਨੇ 10ਵੀਂ ਕਲਾਸ ਵਿੱਚ ਨੀਟ ਦਾ ਪੇਪਰ ਦੇਣ ਬਾਰੇ ਸੋਚਿਆ ਸੀ।
ਬਾਰ੍ਹਵੀਂ ਮਗਰੋਂ ਉਨ੍ਹਾਂ ਦੀ ਦਕਸ਼ਿਣਾ ਫਾਊਂਡੇਸ਼ਨ, ਪੁਣੇ ਵਿੱਚ ਪੜ੍ਹਾਈ ਲਈ ਚੋਣ ਹੋ ਗਈ।
ਦਕਸ਼ਿਣਾ ਫਾਉਂਡੇਸ਼ਨ ਵਲੋਂ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਕੀਤੀ ਜਾਂਦੀ ਹੈ।


ਜਤਿਨ ਦੱਸਦੇ, "ਮੈਂ ਇੱਕ ਸਾਲ ਘਰ ਰਹਿੰਦਿਆਂ ਨੀਟ ਦੀ ਤਿਆਰੀ ਕੀਤੀ, ਮੈਂ ਇੱਕ ਸਾਲ ਪੇਪਰ ਨਹੀਂ ਦਿੱਤਾ ਤਾਂ ਜੋ ਬਿਹਤਰ ਤਿਆਰੀ ਕਰ ਸਕਾਂ, ਮੇਰੇ ਮਾਪਿਆਂ ਨੇ ਇੰਨੀ ਗਰੀਬੀ ਦੇ ਬਾਵਜੂਦ ਕਦੇ ਮੈਨੂੰ ਇਹ ਨਹੀਂ ਕਿਹਾ ਪੈਸੇ ਨਹੀਂ ਹਨ ਜਾਂ ਮੈਨੂੰ ਛੱਡ ਦੇਣਾ ਚਾਹੀਦਾ ਹੈ।"
ਭਵਿੱਖ ਵਿੱਚ ਉਹ ਕੀ ਕਰਨਾ ਚਾਹੁੰਦੇ ਹਨ, ਇਸ ਸਵਾਲ ਦੇ ਜਵਾਬ ਵਿੱਚ ਜਤਿਨ ਕਹਿੰਦੇ ਹਨ, "ਕਈ ਵਾਰ ਗਰੀਬਾਂ ਦੀ ਚੰਗੀ ਤਰ੍ਹਾਂ ਸੁਣਵਾਈ ਨਹੀਂ ਹੁੰਦੀ ਤੇ ਉਹ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ, ਮੈਂ ਚਾਹੁੰਦਾਂ ਹਾਂ ਕਿ ਮੈਂ ਇੱਕ ਵੱਡਾ ਹਸਪਤਾਲ ਖੋਲ੍ਹਾਂ ਅਤੇ ਗਰੀਬਾਂ ਦੀ ਸਹਾਇਤਾ ਕਰਾਂ।"
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਮਾਪਿਆਂ, ਰਿਸ਼ਤੇਦਾਰਾਂ, ਸਕੂਲ ਦੇ ਅਧਿਆਪਕਾਂ ਤੇ ਦਕਸ਼ਿਣਾ ਸੰਸਥਾ ਨੇ ਉਨ੍ਹਾਂ ਦੇ ਇਸ ਸਫ਼ਰ ਵਿੱਚ ਸਾਥ ਦਿੱਤਾ।

'ਮੇਰੀ ਇੱਥੋਂ ਤੱਕ ਸੋਚ ਨਹੀਂ ਸੀ'

ਜਤਿਨ ਦੇ ਪਿਤਾ ਦੱਸਦੇ ਹਨ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਬੱਚੇ ਨੇ ਕਿਹੜੀ ਸਟ੍ਰੀਮ ਰੱਖਣੀ ਹੈ।
ਉਹ ਦੱਸਦੇ ਹਨ, "ਜਦੋਂ ਦਕਸ਼ਿਣਾ ਫਾਊਂਡੇਸ਼ਨ ਤੋਂ ਜਤਿਨ ਦੀ ਕੋਚਿੰਗ ਲਈ ਸਿਲੈਕਸ਼ਨ ਹੋਣ ਬਾਰੇ ਫੋਨ ਆਇਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ, ਅਸੀਂ ਆਪ ਜਾ ਕੇ ਉੱਥੇ ਛੱਡ ਕੇ ਆਏ।"
"ਮੇਰੀ ਇੱਥੋਂ ਤੱਕ ਸੋਚ ਨਹੀਂ ਸੀ, ਮੈਂ ਚਾਹੁੰਦਾ ਸੀ ਕਿ ਉਹ ਚਪੜਾਸੀ ਭਰਤੀ ਹੀ ਹੋ ਜਾਵੇ ਭਾਵੇਂ, ਜਿੱਥੇ ਉਹ ਪਹੁੰਚਿਆ ਇੱਥੇ ਸਾਡੇ ਪਰਿਵਾਰ ਵਿੱਚੋਂ ਕੋਈ ਨਹੀਂ ਪਹੁੰਚਿਆ।"
ਬਿਨਾ ਲੈਪਟਾਪ ਤੋਂ ਕੀਤੀ ਪੜ੍ਹਾਈ
ਧਰਮਵੀਰ ਦੱਸਦੇ ਹਨ ਕਿ ਉਨ੍ਹਾਂ ਨੇ ਸੋਚਿਆ ਨਹੀਂ ਸੀ ਕਿ ਉਨ੍ਹਾਂ ਦਾ ਪੁੱਤ ਇੱਥੋਂ ਤੱਕ ਪਹੁੰਚ ਜਾਵੇਗਾ।
ਧਰਮਵੀਰ ਦੱਸਦੇ ਹਨ ਕਿ ਜਤਿਨ ਨੇ ਲੈਪਟਾਪ ਦੇ ਬਗੈਰ ਹੀ ਪੜ੍ਹਾਈ ਕੀਤੀ, ਉਹ ਦੱਸਦੇ ਹਨ, "ਅਸੀਂ ਇੱਕ ਪੁਰਾਣਾ ਮੋਬਾਇਲ ਲਿਆ ਸੀ ਜਿਸ ਨੂੰ ਜਤਿਨ ਨੇ ਪੜ੍ਹਾਈ ਲਈ ਵਰਤਿਆ।
ਉਹ ਦੱਸਦੇ ਹਨ, ਜਤਿਨ ਨੇ ਪਹਿਲਾਂ ਵੀ ਪੇਪਰ ਦਿੱਤਾ ਜਿਸ ਵਿੱਚੋਂ ਉਸ ਦੇ 459 ਨੰਬਰ ਆਏ, ਉਹ ਚਾਹੁੰਦਾ ਸੀ ਕਿ ਉਹ ਏਮਜ਼ ਵਿੱਚ ਪੜ੍ਹਾਈ ਕਰੇ ਜਿਸ ਲਈ ਉਸ ਨੇ ਪੁਣੇ ਜਾ ਕੇ ਦਿਨ-ਰਾਤ ਪੜ੍ਹਾਈ ਕੀਤੀ, 16-16 ਘੰਟੇ ਵੀ ਲਾਏ ਤੇ ਇਹ ਨਤੀਜਾ ਆਇਆ।
ਇਸ ਮਗਰੋਂ ਸਾਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਜਤਿਨ ਦੱਸਦੇ ਹਨ ਕਿ ਉਹ ਯੂਟਿਊਬ 'ਤੇ ਨੀਟ ਯੂਜੀ ਦੀਆਂ ਪ੍ਰੀਖਿਆਵਾਂ ਸਬੰਧੀ ਵੀਡੀਓਜ਼ ਵੇਖਦਾ ਸੀ ਅਤੇ ਉਸ ਨੂੰ ਲੱਗਿਆ ਕਿ ਉਹ ਪ੍ਰੀਖਿਆ ਪਾਸ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਿਆ ਘਰ

ਆਰਥਿਕ ਪੱਖੋਂ ਕਮਜ਼ੋਰ ਹੋਣ ਦੇ ਬਾਵਜੂਦ ਜਤਿਨ ਦੇ ਮਾਪਿਆਂ ਨੇ ਉਨ੍ਹਾਂ ਦਾ ਹਰ ਪੱਖੋਂ ਸਾਥ ਦਿੱਤਾ ਤੇ ਅੱਜ ਉਹ ਆਪਣੀ ਮਿਹਨਤ ਸਦਕਾ ਇਸ ਮੁਕਾਮ ਉੱਤੇ ਪਹੁੰਚੇ ਹਨ।
ਜਤਿਨ ਦਾ ਪਰਿਵਾਰ ਜਿਸ ਘਰ ਵਿੱਚ ਰਹਿੰਦਾ ਹੈ ਉਹ ਪਹਿਲਾਂ ਕੱਚਾ ਸੀ, ਉਨ੍ਹਾਂ ਨੇ ਇਸ ਘਰ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਿਲਣ ਵਾਲੀ ਰਕਮ ਨਾਲ ਪੱਕਾ ਬਣਵਾਇਆ।
ਉਨ੍ਹਾਂ ਦੇ ਘਰ ਵਿੱਚ ਤਿੰਨ ਕਮਰੇ ਹਨ ਜਿਸ ਵਿੱਚ ਉਨ੍ਹਾਂ ਜਤਿਨ, ਉਨ੍ਹਾਂ ਦਾ ਭਰਾ, ਮਾਪੇ ਤੇ ਦਾਦੀ ਰਹਿੰਦੇ ਹਨ।
ਜਤਿਨ ਦੀ ਮਾਂ ਕਹਿੰਦੇ ਹਨ, 'ਮੇਰਾ ਸੁਪਨਾ ਸੀ ਕਿ ਮੇਰਾ ਪੁੱਤ ਇੱਕ ਅਫ਼ਸਰ ਬਣੇ ਅਤੇ ਪਰਿਵਾਰ ਦੇ ਸੁਪਨੇ ਪੂਰੇ ਕਰੇ।'
ਜਤਿਨ ਦੇ ਘਰ ਦੀ ਹਾਲਤ ਖਸਤਾ ਹੈ, ਉਨ੍ਹਾਂ ਦੇ ਪਰਿਵਾਰ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਪੁੱਤ ਦੀ ਜ਼ਿੰਦਗੀ ’ਚ ਆਏ ਇਸ ਮੋੜ ਨਾਲ ਉਨ੍ਹਾਂ ਦੀ ਜ਼ਿੰਦਗੀ ਵੀ ਬਿਹਤਰ ਹੋਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












