ਮੰਗੂ ਰਾਮ: ਜਦੋਂ ਮੀਂਹ ਝੱਖੜ ਕਾਰਨ ਜਮਾਤ ਦੇ ਕਮਰੇ ’ਚ ਦਾਖ਼ਲ ਹੋਣ ’ਤੇ ਜਾਨਵਰਾਂ ਵਾਂਗ ਕੁੱਟਿਆ

ਮੰਗੂ ਰਾਮ

ਤਸਵੀਰ ਸਰੋਤ, Provided by Balbir Madhopuri

ਤਸਵੀਰ ਕੈਪਸ਼ਨ, ਮੰਗੂ ਰਾਮ ਦਾ ਜਨਮ 14 ਜਨਵਰੀ 1886 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁੱਗੋਵਾਲ ਪਿੰਡ ਹੋਇਆ ਸੀ
    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

-ਮੰਗੂ ਰਾਮ ਜਮਾਤ ਦੇ ਕਮਰੇ ਵਿੱਚ ਦਾਖ਼ਲ ਨਹੀਂ ਹੋ ਸਕਦਾ।

-ਮੰਗੂ ਰਾਮ ਖੂਹ ਤੋਂ ਆਪ ਪਾਣੀ ਨਹੀਂ ਪੀ ਸਕਦਾ।

-ਚੰਗੇ ਕੱਪੜੇ ਪਾ ਕੇ ਸਕੂਲ ਨਹੀਂ ਆਏਗਾ।

-ਗਰਮੀਆਂ ਵਿੱਚ ਧੁੱਪੇ ਅਤੇ ਸਰਦੀਆਂ ਵਿੱਚ ਛਾਵੇਂ ਬੈਠ ਕੇ ਸਕੂਲ ਪੜ੍ਹੇਗਾ।

-ਮਾਸਟਰ ਇਸ ਨੂੰ ਵੱਖਰਾ ਸਬਕ ਨਹੀਂ ਦੇਣਗੇ ਅਤੇ ਨਾ ਹੀ ਉਸ ਤੋਂ ਸਵਾਲ ਪੁੱਛਣਗੇ।

ਇਹ ਨਿਯਮਾਵਲੀ ਹੁਸ਼ਿਆਰਪੁਰ ਦੇ ਪਿੰਡ ਮੁੱਗੋਵਾਲ ਨੇੜਲੇ ਇੱਕ ਸਕੂਲ ਵਿੱਚ ਲਿਖ ਕੇ ਲਾਈ ਗਈ ਸੀ।

ਮੰਗੂ ਰਾਮ ਜਮਾਤ ਦਾ ਇੱਕੋ ਇੱਕ ਦਲਿਤ ਵਿਦਿਆਰਥੀ ਸੀ। ਜਿਨ੍ਹਾਂ ਲਈ ਉਸ ਵੇਲੇ 'ਅਛੂਤ' ਸ਼ਬਦ ਵਰਤਿਆ ਜਾਂਦਾ ਸੀ।

ਸਕੂਲ ਦੇ ਮੁਖੀ ਦਾ ਨਾਮ ਪੋਲ਼ੋ ਰਾਮ ਸੀ, ਜੋ ਬ੍ਰਾਹਮਣ ਜਾਤ ਨਾਲ ਸਬੰਧ ਰੱਖਦਾ ਸੀ।

ਪੋਲ਼ੋ ਰਾਮ ਕਥਿਤ ਨੀਵੀਂ ਜਾਤੀ ਸਮਝੇ ਜਾਣ ਵਾਲੀਆਂ ਜਾਤਾਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ 'ਅਛੂਤ' ਮੰਨਦਾ ਸੀ।

ਇੱਕ ਦਿਨ ਜ਼ਬਰਦਸਤ ਮੀਂਹ- ਹਨ੍ਹੇਰੀ ਆ ਗਈ, ਸਕੂਲ ਵਿੱਚ ਅਛੂਤ ਮੰਨਿਆ ਜਾ ਰਿਹਾ ਵਿਦਿਆਰਥੀ, ਭੱਜ ਕੇ ਜਮਾਤ ਦੇ ਕਮਰੇ ਵਿੱਚ ਵੜ੍ਹ ਗਿਆ।

ਉਸ ਨੂੰ ਮਾਸਟਰ ਅਤੇ ਕਥਿਤ ਉੱਚ ਜਾਤੀ ਦੇ ਮੁੰਡਿਆਂ ਨੇ ਬੇਦਰਦੀ ਨਾਲ ਕੁੱਟਿਆ ਮਾਰਿਆ। ਇਸ ਬੱਚੇ ਨੂੰ ਘਰ ਜਾ ਕੇ ਬੁਖਾਰ ਚੜ੍ਹ ਗਿਆ।

ਪਰ ਘਰ ਵਾਲਿਆਂ ਨੇ ਉਸ ਨੂੰ ਸਮਝਾ ਬੁਝਾ ਕੇ ਅਗਲੇ ਦਿਨ ਮੁੜ ਸਕੂਲ ਭੇਜ ਦਿੱਤਾ।

ਮੰਗੂ ਰਾਮ

ਤਸਵੀਰ ਸਰੋਤ, Provided by Balbir Madhopuri

ਤਸਵੀਰ ਕੈਪਸ਼ਨ, ਮੰਗੂ ਰਾਮ ਜਮਾਤ ਦਾ ਇੱਕੋ ਇੱਕ ਦਲਿਤ ਵਿਦਿਆਰਥੀ ਸੀ

ਜਦੋਂ ਉਹ ਸਕੂਲ ਗਿਆ ਤਾਂ ਜਮਾਤ ਦੇ ਕਮਰੇ ਵਿੱਚੋਂ ਮਾਸਟਰ ਦੀ ਕੁਰਸੀ, ਟੇਬਲ ਅਤੇ ਹੋਰ ਸਮਾਨ ਬਾਹਰ ਕੱਢਿਆ ਪਿਆ ਸੀ।

ਕਮਰੇ ਦੇ ਫਰਸ਼ ਤੇ ਦੀਵਾਰਾਂ ਸਣੇ ਸਾਰੇ ਸਮਾਨ ਨੂੰ ਪਾਣੀ ਨਾਲ ਧੋਤਾ ਜਾ ਰਿਹਾ ਸੀ। ਅਖ਼ੇ! ਅਛੂਤ ਕਮਰੇ ਵਿੱਚ ਵੜ੍ਹ ਗਿਆ ਅਤੇ ਸਾਰਾ ਕੁਝ ਭਿੱਟਿਆ ਗਿਆ ਹੈ।

ਮੰਗੂ ਰਾਮ ਨੂੰ ਮੁੜ ਸਕੂਲ ਆਉਂਦਾ ਦੇਖ ਕੇ ਮਾਸਟਰ ਨੇ ਮੁੜ ਕੁੱਟ ਮਾਰ ਕੀਤੀ, ਜਿਸ ਤੋਂ ਬਾਅਦ ਉਸ ਨੇ ਸਦਾ ਲਈ ਸਕੂਲ ਛੱਡ ਦਿੱਤਾ।

ਅਜਿਹੇ ਹਾਲਾਤ ਵਿੱਚ ਪੜ੍ਹਨ ਵਾਲਾ ਇਹ ਵਿਦਿਆਰਥੀ ਕਲਾਸ ਵਿੱਚ ਦੂਜੇ ਨੰਬਰ ਉੱਤੇ ਆਇਆ ਸੀ। ਪਰ ਫੇਰ ਵੀ ਉਸ ਨੂੰ ਸਕੂਲ ਛੱਡਣ ਲਈ ਮਜ਼ਬੂਰ ਹੋਣਾ ਪਿਆ।

ਇਹ ਬੱਚਾ ਵੱਡਾ ਹੋ ਕੇ ਮੰਗੂ ਰਾਮ ਮੁਗੋਵਾਲੀਆਂ ਦੇ ਨਾਂ ਨਾਲ ਮਸ਼ਹੂਰ ਹੋਇਆ ਅਤੇ ਭਾਰਤ ਦੀ ਅਜ਼ਾਦੀ ਲਈ ਅਮਰੀਕਾ ਵਿੱਚੋਂ ਖੜ੍ਹੀ ਹੋਈ ਗਦਰ ਲਹਿਰ ਦਾ ਵੱਡਾ ਆਗੂ ਬਣਿਆ।

ਇਹ ਉਹੀ ਮੰਗੂ ਰਾਮ ਮੁਗੋਵਾਲੀਆ ਸੀ, ਜੋ ਆਦਿ ਧਰਮ ਲਹਿਰ ਦੇ ਮੋਢੀ ਸਨ।

ਇਹ ਜਾਣਕਾਰੀ ਪੰਜਾਬੀ ਲੇਖਕ ਬਲਬੀਰ ਮਾਧੋਪੁਰੀ ਵੱਲੋਂ ਲਿਖੀ ਮੰਗੂ ਰਾਮ ਹੁਰਾਂ ਦੀ ਜੀਵਨੀ 'ਆਦਿ ਧਰਮ ਦੇ ਬਾਨੀ ਗ਼ਦਰੀ ਬਾਬਾ ਮੰਗੂ ਰਾਮ' ਵਿੱਚ ਦਰਜ ਹੈ।

ਉਨ੍ਹਾਂ ਨੇ ਦਲਿਤਾਂ ਨੂੰ ਜ਼ਮੀਨ ਖਰੀਦਣ ਦਾ ਹੱਕ ਦੁਆਇਆ, ਅਛੂਤ ਵਜੋਂ ਜਾਣੀਆਂ ਜਾਂਦੀਆਂ ਜਾਤਾਂ ਦੇ ਲੋਕਾਂ ਵਿੱਚ ਇੱਥੋਂ ਦੇ ਮੂਲ ਲੋਕ ਹੋਣ ਦਾ ਸਨਮਾਨ ਭਰਿਆ। ਉਨ੍ਹਾਂ ਲਈ ਹਿੰਦੂ, ਸਿੱਖ ਅਤੇ ਮੁਸਲਮਾਨਾਂ ਤੋਂ ਅਲੱਗ ਕੌਮ ਆਦਿ ਧਰਮ ਦੀ ਨੀਂਹ ਰੱਖੀ।

ਮੰਗੂ ਰਾਮ

ਮੰਗੂ ਰਾਮ ਮੁਗੋਵਾਲੀਆਂ ਦਾ ਪਰਿਵਾਰਕ ਪਿਛੋਕੜ

ਭਾਰਤ ਸਰਕਾਰ ਦੀ ਅਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ ਵੈੱਬਸਾਈਟ ਮੁਤਾਬਕ ਮੰਗੂ ਰਾਮ ਇਨਕਲਾਬੀ, ਸਮਾਜ ਸੁਧਾਰਕ ਅਤੇ ਸਿਆਸੀ ਕਾਰਕੁਨ ਸਨ। ਜਿਨ੍ਹਾਂ ਦਾ ਜਨਮ 14 ਜਨਵਰੀ 1886 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁੱਗੋਵਾਲ ਪਿੰਡ ਹੋਇਆ ਸੀ ਅਤੇ 22 ਅਪ੍ਰੈਲ 1980 ਨੂੰ ਉਨ੍ਹਾਂ ਦਾ ਦੇਹਾਂਤ ਹੋਇਆ ਸੀ।

ਉਨ੍ਹਾਂ ਦੇ ਪਿਤਾ ਦਾ ਨਾਂ ਹਰਨਾਮ ਦਾਸ ਅਤੇ ਮਾਤਾ ਦਾ ਨਾਂ ਅਤਰੀ ਸੀ।

ਉਸ ਵੇਲੇ ਜਲੰਧਰ ਬੂਟ ਮੇਕਿੰਗ ਅਤੇ ਚਮੜਾ ਇੰਡਸਟਰੀ ਵਜੋਂ ਉੱਭਰ ਰਿਹਾ ਸੀ।

ਮੰਗੂ ਰਾਮ ਦੇ ਪਰਿਵਾਰ ਦਾ ਪਿਛੋਕੜ ‘ਚਮਾਰ’ ਜਾਤ ਨਾਲ ਸੀ, ਜਿਸ ਨੂੰ ਸਮਾਜ ਵਿੱਚ ਕਥਿਤ ਤੌਰ ਉੱਤੇ ਅਛੂਤ ਸਮਝਿਆ ਜਾਂਦਾ ਸੀ।

“ਆਦਿ ਧਰਮ ਦੇ ਬਾਨੀ ਗ਼ਦਰੀ ਬਾਬਾ ਮੰਗੂ ਰਾਮ’’ ਨਾਮਕ ਕਿਤਾਬ ਲਿਖਣ ਵਾਲੇ ਬਲਬੀਰ ਮਾਧੋਪੁਰੀ ਦੱਸਦੇ ਹਨ, ‘‘ਉਨ੍ਹਾਂ ਦਿਨਾਂ ਵਿੱਚ ਦੁਆਬਾ ਇਲ਼ਾਕਾ ਚਮੜੇ ਦੇ ਕਾਰੋਬਾਰ ਅਤੇ ਰੋਜ਼ੀ-ਰੋਟੀ ਲਈ ਵਿਦੇਸ਼ ਜਾਣ ਵਾਲਿਆਂ ਦੀ ਹੱਬ ਬਣ ਰਿਹਾ ਸੀ।’’

ਮਾਧੋਪੁਰੀ ਦੱਸਦੇ ਹਨ, ''ਮੰਗੂ ਦੇ ਪਿਤਾ ਹਰਨਾਮ ਦਾਸ ਦਾ ਚਮੜੇ ਦਾ ਵੱਡਾ ਕਾਰੋਬਾਰ ਸੀ। ਉਨ੍ਹਾਂ ਦਾ ਕਾਰੋਬਾਰ ਜਲੰਧਰ ਤੋਂ ਲੈ ਕੇ ਦੇਹਰਾਦੂਨ ਤੇ ਮਿੰਟਗੁੰਮਰੀ ਤੱਕ ਫੈਲਿਆ ਹੋਇਆ ਸੀ। ਭਾਵੇਂ ਕਿ ਇਸ ਪਰਿਵਾਰ ਦਾ ਪਿਛੋਕੜ ਗੜ੍ਹਵਾਲ ਇਲਾਕੇ ਵਿੱਚ ਦੇਹਰਾਦੂਨ ਤੋਂ ਕਰੀਬ 100 ਕਿਲੋਮੀਟਰ ਦੂਰ ਦੂਨ ਵੈਲੀ ਵਿੱਚ ਗੰਗੜ ਪਿੰਡ ਨਾਲ ਸੀ।''

ਇਸ ਲਈ ਮੰਗੂ ਰਾਮ ਦਾ ਵੱਡਾ ਭਰਾ ਦੇਹਰਾਦੂਨ ਦੇ ਨਿੱਜੀ ਸਕੂਲ ਵਿੱਚ ਪੜ੍ਹਦਾ ਸੀ। ਇੱਥੇ ਹੀ ਮੰਗੂ ਰਾਮ ਨੂੰ ਪੜ੍ਹਨੇ ਪਾਇਆ ਗਿਆ, ਪਰ ਦੋ ਸਾਲ ਬਾਅਦ ਉਨ੍ਹਾਂ ਨੂੰ ਪਿੰਡ ਦੇ ਸਕੂਲ ਮੁਗੋਵਾਲ ਵਿੱਚ ਦਾਖਲ ਕੀਤਾ ਗਿਆ।

ਹਰਨਾਮ ਦਾਸ ਚਾਹੁੰਦੇ ਸਨ ਕਿ ਉਨ੍ਹਾਂ ਦੇ ਪੁੱਤਰ ਪੜ੍ਹਾਈ ਕਰਕੇ ਅੰਗਰੇਜ਼ੀ ਵਿੱਚ ਬਿਲਟੀਆਂ ਪੜ੍ਹਨ ਤੇ ਲਿਖਣ ਦੇ ਕਾਬਲ ਹੋ ਜਾਣ ਪਰ ਮੰਗੂ ਰਾਮ ਨਾਲ ਜੋ ਸਕੂਲ ਵਿੱਚ ਵਿਵਹਾਰ ਹੋਇਆ, ਉਸ ਕਾਰਨ ਉਨ੍ਹਾਂ ਸਕੂਲ ਛੱਡ ਦਿੱਤਾ।

ਉਸ ਵੇਲੇ ਕਿਸੇ ਨੂੰ ਕੀ ਪਤਾ ਸੀ ਕਿ ਸਕੂਲ ਛੱਡਣ ਲਈ ਮਜ਼ਬੂਰ ਹੋਣ ਵਾਲਾ ਇਹ ਨੌਜਵਾਨ ਇੱਕ ਦਿਨ ਲੱਖਾਂ ਪਛੜੇ ਲੋਕਾਂ ਦਾ ਰਾਹ ਦਸੇਰਾ ਬਣੇਗਾ।

ਮੰਗੂ ਰਾਮ

ਤਸਵੀਰ ਸਰੋਤ, Provided by Balbir Madhopuri

ਗ਼ਦਰ ਲਹਿਰ ਵਿੱਚ ਯੋਗਦਾਨ

ਯੂਨੀਵਰਿਸਟੀ ਆਫ਼ ਕੈਲੇਫੋਰਨੀਆਂ ਬਰਕਲੇ ਦੇ ਮਾਰਕ ਜਗਨਜ਼ਮੇਅਰ, ਅਜਿਹੇ ਵਿਦਵਾਨ ਹਨ, ਜਿਨ੍ਹਾਂ ਨੇ ਭਾਰਤ ਆ ਕੇ ਮੰਗੂ ਰਾਮ ਨਾਲ ਕਈ ਵਾਰ ਮੁਲਾਕਾਤਾਂ ਕੀਤੀਆਂ।

ਉਨ੍ਹਾਂ ਦੀ ‘‘ਰਿਲੀਜੀਅੱਸ ਰੀਬੈੱਲਜ਼ ਇਨ ਪੰਜਾਬ’’ ਨਾਂ ਦੀ ਕਿਤਾਬ ਵਿੱਚ ਮੰਗੂ ਰਾਮ ਦੇ ਗ਼ਦਰ ਪਾਰਟੀ ਵਿੱਚ ਯੋਗਦਾਨ ਅਤੇ ਆਦਿ ਧਰਮ ਲਹਿਰ ਦਾ ਵਿਸਥਾਰਤ ਜ਼ਿਕਰ ਕੀਤਾ ਹੈ।

ਉਹ ਲਿਖਦੇ ਹਨ ਮੰਗੂ ਰਾਮ ਬਹੁਤ ਦੀ ਰੌਸ਼ਨ ਦਿਮਾਗ, ਪੜ੍ਹਿਆ ਲਿਖਿਆ ਅਤੇ ਵਿੱਤੀ ਤੌਰ ਉੱਤੇ ਸੁੰਤਤਰ ਨੌਜਵਾਨ ਸੀ।

ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਪੜ੍ਹ ਲਿਖ ਕੇ ਚਮੜੇ ਦੇ ਪਰਿਵਾਰਕ ਕਾਰੋਬਾਰ ਨੂੰ ਅੱਗੇ ਵਧਾਏ।

ਪਰ ਜਿਵੇਂ ਸਕੂਲ ਵਿੱਚ ਮੰਗੂ ਰਾਮ ਨੂੰ ਜਾਤ ਕਾਰਨ ਸ਼ੋਸ਼ਣ ਸਹਿਣਾ ਪਿਆ ਸੀ, ਪਰਿਵਾਰ ਦੇ ਬਾਕੀ ਮੈਂਬਰ ਵੀ ਇਸੇ ਤਰ੍ਹਾਂ ਦੇ ਤਜਰਬੇ ਤੋਂ ਪ੍ਰੇਸ਼ਾਨ ਸਨ।

ਜਗਨਜ਼ਮੇਅਰ ਲਿਖਦੇ ਹਨ, ‘‘ਮੰਗੂ ਰਾਮ ਨੂੰ ਪਿੰਡ ਦੇ ਨੇੜੇ ਸਕੂਲ ਪੜ੍ਹਨ ਪਾਇਆ ਤਾਂ ਉਹ ਕਲਾਸ ਦਾ ਇੱਕੋ-ਇੱਕ ਅਛੂਤ ਬੱਚਾ ਸੀ, ਜਿਸ ਨੂੰ ਕਲਾਸ ਦੇ ਬਾਹਰ ਬਿਠਾ ਕੇ ਪੜ੍ਹਾਇਆ ਜਾਂਦਾ, ਪਰ ਉਹ ਬਾਹਰ ਬੈਠਾ ਵੀ ਕਲਾਸ ਵਿੱਚੋਂ ਸੈਕਿੰਡ ਆ ਗਿਆ। ਜਦੋਂ ਉਨ੍ਹਾਂ ਨੇ ਸਕੂਲ ਛੱਡ ਦਿੱਤਾ ਤਾਂ 1909 ਵਿੱਚ ਉਨ੍ਹਾਂ ਨੂੰ ਪਿੰਡ ਦੇ ਇੱਕ ਜਿਮੀਂਦਾਰ ਪਰਿਵਾਰ ਕੋਲ਼ ਲੇਬਰ ਦੇ ਤੌਰ ਉੱਤੇ ਅਮਰੀਕਾ ਭੇਜ ਦਿੱਤਾ ਗਿਆ।’’

ਮੰਗੂ ਰਾਮ ਨੇ ਇੱਥੇ ਖੇਤਾਂ ਵਿੱਚ ਫਲ਼ ਤੋੜਨ ਅਤੇ ਲੱਕੜ ਮਿੱਲ ਵਿੱਚ ਕੰਮ ਕੀਤਾ,ਇੱਥੇ ਹੀ ਉਨ੍ਹਾਂ ਦੀ ਮੁਲਾਕਾਤ ਪਹਿਲਾਂ ਲਾਲਾ ਹਰਦਿਆਲ ਨਾਲ ਅਤੇ ਫੇਰ ਬਾਬਾ ਸੋਹਨ ਸਿੰਘ ਭਕਨਾ ਨਾਲ ਹੋਈ। ਜੋ ਭਾਰਤ ਨੂੰ ਬਰਤਾਨਵੀਂ ਹਕੂਮਤ ਤੋਂ ਅਜ਼ਾਦ ਕਰਵਾਉਣ ਲਈ ਭਾਰਤ ਵਿੱਚ ਹਥਿਆਰਬੰਦ ਸੰਘਰਸ਼ ਦੀ ਯੋਜਨਾ ਘੜ ਰਹੇ ਸਨ।

ਮੰਗੂ ਰਾਮ

ਤਸਵੀਰ ਸਰੋਤ, Provided by Balbir Madhopuri

ਮੰਗੂ ਰਾਮ ਵੀ ਇਸ ਵਿੱਚ ਸ਼ਾਮਲ ਹੋ ਗਏ ਅਤੇ ਉਹ 'ਗ਼ਦਰ' ਅਖ਼ਬਾਰ ਛਾਪਣ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਂਦੇ ਰਹੇ।

ਜਗਨਜ਼ਮੇਅਰ ਮੁਤਾਬਕ ਜਦੋਂ ਗਦਰ ਦੀ ਵਾਰੀ ਆਈ ਤਾਂ ਮੰਗੂ ਰਾਮ, ਬਾਬਾ ਸੋਹਨ ਸਿੰਘ ਭਕਨਾ ਨਾਲ ਉਸ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਬਣੇ ਜਿਸ ਨੇ ਗਦਰ ਸਾਹਿਤ ਅਤੇ ਹਥਿਆਰ ਅਮਰੀਕਾ ਦੇ ਕੈਲੇਫੋਰਨੀਆ ਤੋਂ ਪੰਜਾਬ (ਭਾਰਤ) ਤੱਕ ਲਿਜਾਉਣੇ ਸਨ।

ਯੋਜਨਾ ਮੁਤਾਬਕ ਮਿਸ਼ਨ ਸਮੁੰਦਰੀ ਜਹਾਜ਼ ਮੈਵਰਿਕ ਰਾਹੀ ਲਾਸ ਏਂਜ਼ਲਸ ਸ਼ਹਿਰ ਤੋਂ 23 ਅਪ੍ਰੈਲ 1915 ਵਿੱਚ ਮੈਕਸੀਕੋ ਦੇ ਸੈਨਰੋਰੋ ਟਾਪੂ ਤੋਂ ਸ਼ੁਰੂ ਹੋਣਾ ਸੀ।

16 ਹਜ਼ਾਰ ਰਫ਼ਲਾ ਅਤੇ 4 ਲੱਖ ਗੋਲ਼ੀਆਂ ਮੈਵਰਿਕ ਤੱਕ ਐਨੀ ਲਾਰਸਨ ਨਾਂ ਛੋਟੇ ਜਹਾਜ਼ ਰਾਹੀ ਲਿਆਂਦੇ ਜਾਣੇ ਸਨ। ਪਰ ਇਹ ਮਿਸ਼ਨ ਫੇਲ੍ਹ ਹੋ ਗਿਆ।

ਜਗਨਜ਼ਮੇਅਰ ਨੂੰ ਮੰਗੂ ਰਾਮ ਨੇ ਇੰਟਰਵਿਊ ਵਿੱਚ ਦੱਸਿਆ ਸੀ, ''ਸਮੁੰਦਰ ਵਿੱਚ ਤੂਫ਼ਾਨ ਆ ਗਿਆ ਅਤੇ ਜਹਾਜ਼ ਸਿੰਘਾਪੁਰ ਲੈ ਕੇ ਜਾਣਾ ਪਿਆ। ਇੱਥੇ ਦੋ ਜਾਸੂਸ ਬੇਲਾ ਸਿੰਘ ਤੇ ਭਾਗ ਨੇ ਮੰਗੂ ਰਾਮ ਨੂੰ ਗ੍ਰਿਫ਼ਤਾਰ ਕਰਵਾ ਕੇ ਬਰਤਾਵਨੀਂ ਹਕੂਮਤ ਹਵਾਲੇ ਕਰ ਦਿੱਤਾ। ਉਨ੍ਹਾਂ ਨੂੰ ਤੋਪ ਅੱਗੇ ਬੰਨ੍ਹ ਕੇ ਉਡਾਉਣ ਦਾ ਹੁਕਮ ਜਾਰੀ ਹੋਇਆ। ਜਰਮਨ ਮੰਗੂ ਰਾਮ ਨੂੰ ਬਚਾ ਕੇ ਲੈ ਗਏ ਅਤੇ ਮਨੀਲਾ ਜਾਣ ਵਾਲੇ ਜਹਾਜ਼ ਵਿੱਚ ਬਿਠਾ ਦਿੱਤਾ।''

ਜਦੋਂ ਮੰਗੂ ਰਾਮ ਫਿਲਪੀਨ ਪਹੁੰਚੇ ਤਾਂ ਉਨ੍ਹਾਂ 'ਮਨੀਲਾ ਟਾਇਮਜ਼' ਵਿੱਚ ਦੇਖਿਆ ਕਿ ਉਨ੍ਹਾਂ ਨੂੰ ਫ਼ਾਂਸੀ ਦੇ ਕੇ ਮਾਰਨ ਦੀ ਖ਼ਬਰ ਛਪੀ ਸੀ, ਮੰਗੂ ਰਾਮ ਦਾ ਗ਼ਦਰੀ ਨਾਮ ‘ਨਿਜ਼ਾਮੂਦੀਨ’ ਸੀ, ਉਹ ਸਮਝ ਗਏ ਕਿ ਉਨ੍ਹਾਂ ਦੇ ਕਿਸੇ ਸਾਥੀ ਨੇ ਉਨ੍ਹਾਂ ਨੂੰ ਬਚਾਉਣ ਲਈ ਖੁਦ ਮੌਤ ਨੂੰ ਗਲ਼ ਲਾ ਲਿਆ।

ਪਰ ਮੰਗੂ ਰਾਮ ਦੇ ਜ਼ਿੰਦਾ ਹੋਣ ਦੀ ਜਾਣਕਾਰੀ ਘਰ ਵਾਲਿਆਂ ਨੂੰ ਕਾਫ਼ੀ ਸਮਾਂ ਬਾਅਦ ਉਨ੍ਹਾਂ ਆਪ ਦਿੱਤੀ, ਉਦੋਂ ਚਿੱਠੀਆਂ ਦਾ ਯੁੱਗ ਸੀ ਅਤੇ ਵਿਦੇਸ਼ਾਂ ਤੋਂ ਚਿੱਠੀ ਆਉਣ ਨੂੰ ਕਈ-ਕਈ ਮਹੀਨੇ ਲੱਗ ਜਾਂਦੇ ਸਨ।

ਇਸ ਲਈ ਜਦੋਂ ਤੱਕ ਮੰਗੂ ਰਾਮ ਦੇ ਜ਼ਿੰਦਾ ਹੋਣ ਦੀ ਖ਼ਬਰ ਪਰਿਵਾਰ ਤੱਕ ਪਹੁੰਚੀ, ਉਹ ਉਨ੍ਹਾਂ ਦੀਆਂ ਅੰਤਿਮ ਰਸਮਾਂ (ਭੋਗ) ਆਦਿ ਪਾ ਚੁੱਕੇ ਸਨ।

ਮੰਗੂ ਰਾਮ

ਤਸਵੀਰ ਸਰੋਤ, Provided by Balbir Madhopuri

ਵਤਨ ਵਾਪਸੀ ਤੇ ਆਦਿ ਧਰਮ ਦਾ ਗਠਨ

ਮੰਗੂ ਰਾਮ ਦੇ ਸਫ਼ਰਨਾਮੇ ਮੁਤਾਬਕ ਉਹ ਸ਼੍ਰੀਲੰਕਾ ਰਾਹੀਂ ਤਮਿਲਨਾਡੂ ਪਹੁੰਚ ਗਏ। ਇੱਥੋਂ ਦੇ ਮਧੁਾਰਾਇ ਵਿੱਚ ਉਹ ਸ਼ਿਵ ਮੰਦਰ ਦੇਖਣ ਗਏ।

ਉਹ ਲਿਖਦੇ ਹਨ, ‘‘ਜਦੋਂ ਮੈਂ ਮੰਦਰ ਜਾ ਰਿਹਾ ਸੀ ਤਾਂ ਮੈਨੂੰ ਮੇਰੀ ਹੀ ਕੌਮ ਦੇ ਲੋਕ ਦਿਖਾਈ ਦਿੱਤੇ। ਉਨ੍ਹਾਂ ਨੇ ਮੈਨੂੰ ਅਵਾਜ਼ ਦਿੱਤੀ, ਅਸੀਂ ਮਲੀਨ ਕੌਮ ਹਾਂ, ਸਾਡੇ ਨਾਲ ਲੱਗ ਕੇ ਹਿੰਦੂ ਕੌਮਾਂ ਦਾ ਧਰਮ ਭ੍ਰਿਸ਼ਟ ਹੋ ਜਾਂਦਾ ਹੈ। ਸਾਡੇ ਤੋਂ ਦੂਰ ਰਹੋ। ਪਰ ਮੈਨੂੰ ਉਨ੍ਹਾਂ ਦੀ ਭਾਸ਼ਾ ਸਮਝ ਨਹੀਂ ਆ ਰਹੀ ਸੀ, ਮੈਂ ਉਨ੍ਹਾਂ ਕੋਲ਼ ਗਿਆ ਅਤੇ ਇੱਕ ਨੌਜਵਾਨ ਨੂੰ ਅੰਗਰੇਜ਼ੀ ਵਿੱਚ ਪੁੱਛਿਆ, ਤਾਂ ਉਸ ਨੇ ਸਾਰੀ ਹਕੀਕਤ ਦੱਸੀ।’’

ਮੰਗੂ ਰਾਮ ਅੱਗੇ ਲਿਖਦੇ ਹਨ, ‘‘ਫੇਰ ਮੈਂ ਪੁੱਛਿਆ ਮਲੀਨ ਕੌਮਾਂ ਕਿਹੜੀਆਂ ਹਨ, ਉਨ੍ਹਾਂ ਦਾ ਉੱਤਰ ਸੀ ਦ੍ਰਾਵਿੜ, ਕੋਲ, ਭੀਲ, ਚੂਹੜੇ, ਚਮਾਰ, ਰਾਖ਼ਸ਼. ਅਤੇ ਚੰਡਾਲ ਆਦਿ।’’

ਮੰਗੂ ਰਾਮ ਦੱਖਣੀ ਭਾਰਤ ਦੇ ਸੂਬਿਆਂ ਤੋਂ ਘੁੰਮਦੇ ਘੁਮਾਉਂਦੇ, ਮਲੀਨ ਸਮਝੀਆਂ ਜਾਂਦੀਆਂ ਕੌਮਾਂ ਦਾ ਹਾਲ ਜਾਣਦੇ ਅਤੇ ਅਧਿਐਨ ਕਰਦੇ ਹੋਏ, ਪੰਜਾਬ ਤੱਕ ਪਹੁੰਚ ਗਏ। ਇੱਥੇ ਉਨ੍ਹਾਂ ਆਪਣੇ ਪਿੰਡ ਦੇ ਅਛੂਤ ਸਮਝੀਆਂ ਜਾਂਦੀਆਂ ਜਾਤਾਂ ਦੇ ਬੱਚਿਆਂ ਲਈ ਸਕੂਲ ਸ਼ੁਰੂ ਕੀਤਾ ਅਤੇ ਆਪ ਪੜ੍ਹਾਉਣ ਲੱਗੇ।

ਇੱਥੇ ਹੀ ਉਨ੍ਹਾਂ ਦੀ ਮੁਲਾਕਾਤ ਕੁਝ ਅਜਿਹੇ ਪੜ੍ਹੇ-ਲਿਖੇ ਅਛੂਤ ਸਮਝੀਆਂ ਜਾਂਦੀਆਂ ਜਾਤਾਂ ਨਾਲ ਸਬੰਧਤ ਹੋਰ ਲੋਕਾਂ ਨਾਲ ਹੋਈ, ਜਿਹੜੇ ਆਰਿਆ ਸਮਾਜੀ ਸਨ, ਉਨ੍ਹਾਂ ਮੰਗੂ ਰਾਮ ਨੂੰ ਆਪਣੇ ਨਾਲ ਮਿਲ ਕੇ ਕੰਮ ਕਰਨ ਲਈ ਪ੍ਰੇਰਿਆ, ਪਰ ਮੰਗੂ ਰਾਮ ਉਨ੍ਹਾਂ ਦੇ ਕੰਮ ਤੋਂ ਪ੍ਰਭਾਵਿਤ ਹੋਏ ਪਰ ਉਨ੍ਹਾਂ ਦੇ ਸਕੂਲ ਮੁਗੋਵਾਲ ਵਿੱਚ ਜਿਹੜੀ ਪਹਿਲੀ ਬੈਠਕ ਹੋਈ ਉਸ ਵਿੱਚ ਉਨ੍ਹਾਂ ਆਦਿ ਧਰਮ ਜਥੇਬੰਦੀ ਦੀ ਨੀਂਹ ਰੱਖੀ ਗਈ।

ਇਸ ਦਾ ਪਹਿਲਾ ਕੰਮ ਅਛੂਤ ਸਮਝੀਆਂ ਜਾਂਦੀਆਂ ਜਾਤੀਆਂ ਦੇ ਮੁੰਡੇ ਕੁੜੀਆਂ ਨੂੰ ਸਕੂਲਾਂ ਵਿੱਚ ਪੜ੍ਹਨ ਲ਼ਈ ਪ੍ਰੇਰਣਾ ਸੀ।

ਮੰਗੂ ਰਾਮ ਭਾਰਤ ਤੋਂ ਪੜ੍ਹ ਕੇ ਅਮਰੀਕਾ ਗਏ ਤੇ ਗ਼ੁਲਾਮੀ ਦੀਆਂ ਜੰਜੀਰਾਂ ਤੋੜਨ ਲਈ ਵਾਪਸ ਭਾਰਤ ਆਏ ਸਨ।

ਜਦੋਂ ਮੰਗੂ ਰਾਮ ਇੱਥੇ ਸਕੂਲ ਵਿੱਚ ਅਛੂਤ ਸਮਝੀਆਂ ਜਾਂਦੀਆਂ ਜਾਤਾਂ ਦੇ ਬੱਚਿਆਂ ਨੂੰ ਪੜ੍ਹਾ ਰਹੇ ਸਨ ਤਾਂ ਉਨ੍ਹਾਂ ਨਾਲ ਇੱਕ ਘਟਨਾ ਘਟੀ।

ਜਿਸ ਦਾ ਵੇਰਵਾ ਬਲਬੀਰ ਮਾਧੋਪੁਰੀ ਆਪਣੀ ਕਿਤਾਬ ਵਿੱਚ ਇਸ ਤਰ੍ਹਾਂ ਦਿੰਦੇ ਹਨ-

"ਇੱਕ ਦਿਨ ਉਨ੍ਹਾਂ ਦੇ ਟੱਬਰ ਦੇ ਨਿਆਣੇ ਚੋਅ ਦੇ ਕਿਨਾਰਿਓਂ ਪੱਠੇ ਵੱਢ ਰਹੇ ਸਨ ਤਾਂ ਪਿੰਡ ਦੇ ਜੱਟ ਨੇ ਉਨ੍ਹਾਂ ਨਿਆਣਿਆਂ ਦੇ ਵੱਢੇ ਹੋਏ ਪੱਠੇ ਆਪਣੇ ਪਸ਼ੂਆਂ ਨੂੰ ਪਾ ਦਿੱਤੇ ਅਤੇ ਰੰਬਾ-ਦਾਤੀਆਂ ਖੋਹ ਲਏ।

ਨਿਆਣੇ ਰੋਂਦੇ ਹੋਏ ਮੰਗੂ ਰਾਮ ਕੋਲ ਆਏ। ਮੰਗੂ ਰਾਮ ਨੇ ਜੱਟ ਨੂੰ ਪੁੱਛਿਆ ਬੱਚਿਆਂ ਦੇ ਪੱਠੇ ਕਿਉਂ ਖੋਹੇ, ਉਸ ਨੇ ਜਵਾਬ ਵਿੱਚ ਆਖਿਆ, ਚੋਅ ਦਾ ਇਹ ਹਿੱਸਾ ਮੇਰਾ ਹੈ, ਇਨ੍ਹਾਂ ਨੂੰ ਇੱਥੋਂ ਘਾਹ-ਪੱਠਾ ਵੱਢਣ ਦਾ ਹੱਕ ਨਹੀਂ।"

ਇਹ ਘਟਨਾ ਸਾਲ 1925-26 ਵਿੱਚ ਵਾਪਰੀ ਸੀ।

ਮੰਗੂ ਰਾਮ ਪੱਤਰ

ਤਸਵੀਰ ਸਰੋਤ, Provided by Balbir Madhopuri

ਮੰਗੂ ਰਾਮ ਨੇ ਪਿੰਡ ਦੇ ਬਜ਼ੁਰਗਾਂ ਨੂੰ ਪੁੱਛਿਆ ਕਿ ਅਸੀਂ ਲੋਕ ਜ਼ਮੀਨਾਂ ਖਰੀਦ ਸਕਦੇ ਹਾਂ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇੰਤਕਾਲੇ ਇਰਾਜ਼ੀ ਕਨੂੰਨ (1900) ਤਹਿਤ ਇਹ ਸੰਭਵ ਨਹੀਂ।

ਸਾਰਾ ਮਸਲਾ ਸਮਝਣ ਤੋਂ ਬਾਅਦ ਮੰਗੂ ਰਾਮ ਨੇ ਇੱਕ ਵਕੀਲ ਨਾਲ ਵਿਚਾਰ-ਵਟਾਂਦਰਾ ਕੀਤਾ ਕਿ ਕੋਈ ਇਸ ਤਰ੍ਹਾਂ ਕਨੂੰਨ ਹੈ, ਜਿਸ ਨਾਲ ਅਸੀਂ ਲੋਕ (ਅਛੂਤ ਜਾਤਾਂ) ਜ਼ਮੀਨ ਖਰੀਦ ਸਕੀਏ। ਵਕੀਲ ਨੇ ਸਲਾਹ ਦਿੱਤੀ ਕਿ ਕੋਈ ਵੱਖਰਾ ਨਾਮ ਰੱਖ ਲਓ ਫਿਰ ਤੁਸੀਂ ਜ਼ਮੀਨ ਦੇ ਹੱਕਦਾਰ ਬਣ ਸਕਦੇ ਹੋ। ਅਛੂਤ ਹੁੰਦੇ ਹੋਏ ਵੀ ਤੁਸੀਂ ਕੋਈ ਜ਼ਮੀਨ ਨਹੀਂ ਖਰੀਦ ਸਕਦੇ।

ਮੰਗੂ ਰਾਮ ਭਾਰਤ ਵਿੱਚ ਜਾਤਪਾਤ ਦੇ ਨਾਮ 'ਤੇ ਹੁੰਦੇ ਸ਼ੋਸ਼ਣ ਅਤੇ ਅਮਰੀਕਾ ਵਿੱਚ ਕਾਲੇ ਲੋਕਾਂ ਵਿਰੁੱਧ ਜ਼ੁਲਮਾਂ ਨੂੰ ਅੱਖਾਂ ਨਾਲ ਦੇਖ ਅਤੇ ਭੁਗਤ ਚੁੱਕੇ ਸਨ।

ਉਨ੍ਹਾਂ ਨੇ ਸਾਰੇ ਹਾਲਾਤ ਨੂੰ ਦੇਖਦਿਆਂ ਸਮਝਦਿਆਂ ਗ਼ਦਰ ਪਾਰਟੀ ਨੂੰ ਪੱਤਰ ਲਿਖਿਆ। ਉਨ੍ਹਾਂ ਨੇ ਲਿਖਿਆ, "ਜੇ ਦੇਸ਼ ਆਜ਼ਾਦ ਹੋਵੇ ਤਾਂ ਅੰਗਰੇਜ਼ਾ ਦੇ ਗ਼ੁਲਾਮਾਂ ਨੂੰ ਆਜ਼ਾਦੀ ਮਿਲ ਜਾਵੇਗੀ ਤੇ ਇਨ੍ਹਾਂ ਹਿੰਦੁਸਾਤਨੀ ਗ਼ੁਲਾਮ ਅਛੂਤ ਲੋਕ ਆਜ਼ਾਦ ਨਹੀਂ ਹੋ ਸਕਣਗੇ। 8-9 ਕਰੋੜ (ਉਸ ਵੇਲੇ ਮੁਤਾਬਕ) ਇਹ ਆਬਾਦੀ ਐਵੇਂ ਹੀ ਰੁਲਦੀ ਰਹੇਗੀ। ਇਸ ਪੱਤਰ ਤੋਂ ਬਾਅਦ ਗ਼ਦਰ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਨੂੰ ਅਛੂਤਾਂ ਦੀ ਬਿਹਤਰੀ ਲਈ ਕੰਮ ਕਰਨ ਦੀ ਆਗਿਆ ਦੇ ਦਿੱਤੀ। 1925-26 ਦੇ ਅਖ਼ੀਰ ਵਿੱਚ ਆਦਿ ਧਰਮ ਦੀ ਸਥਾਪਨਾ ਕੀਤੀ।"

ਇਸ ਦਾ ਮਕਸਦ ਹਿੰਦੂਆਂ ਨਾਲੋਂ ਨਾਤਾ ਤੋੜ ਕੇ ਅਲੱਗ ਕੌਮ ਵਜੋਂ ਮਾਨਤਾ ਹਾਸਲ ਕਰਨੀ ਸੀ। ਇਨ੍ਹਾਂ ਦਾ ਪੂਰਾ ਸਿਧਾਂਤ, ਜਿਸ ਗੱਲ 'ਤੇ ਟਿਕਿਆ ਹੋਇਆ ਹੈ, ਉਸ ਬਾਰੇ ਬਲਬੀਰ ਮਾਧੋਪੁਰੀ ਲਿਖਦੇ ਹਨ-

"ਅਸੀਂ ਆਦਿ ਕੌਮ ਹਾਂ-ਹਿੰਦੁਸਤਾਨ ਦੇ ਮੂਲ ਬਾਸ਼ਿੰਦੇ। ਸਾਡੇ ਵਿਰਸੇ ਨੂੰ ਇਨ੍ਹਾਂ ਨੇ ਤਬਾਹ ਕੀਤਾ ਹੈ। ਹਿੰਦੂ ਚਾਹੇ ਸਨਾਨਤ ਧਰਮ ਦਾ ਚੋਲਾ ਪਾ ਲੈਣ, ਆਰਿਆ ਸਮਾਜੀ ਹੋ ਕੇ ਅਛੂਤਾਂ ਵੱਲ ਨਰਮ ਰਵੱਈਆ ਅਪਨਾਉਣ ਦਾ ਦਮ ਰਚ ਲੈਣ, ਹਿੰਦੂ ਧਰਮ ਵਿੱਚ ਸੁਧਾਰ ਦੀਆਂ ਚਾਲਾਂ ਭਰਮਾਉਣ- ਇਹ ਕਦੇ ਵੀ ਅਛੂਤਾਂ ਦੇ ਹਿਤੈਸ਼ੀ ਨਹੀਂ ਬਣ ਸਕਦੇ। ਸੋ ਭਰਾਵੋਂ ਇਕੱਠੇ ਹੋ ਜਾਓ ਅਤੇ ਇਨਸਾਨੀ ਹੱਕਾਂ ਲਈ ਜੂਝੋ।"

ਅਜਿਹੇ ਪ੍ਰਚਾਰ ਨਾਲ ਮੰਗੂ ਰਾਮ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ (ਸਾਂਝ ਪੰਜਾਬ) ਵਿੱਚ ਇੱਕ ਲਹਿਰ ਦਾ ਨਿੱਘਰ ਆਧਾਰ ਤਿਆਰ ਕਰ ਦਿੱਤਾ।

26 ਫਰਵਰੀ 1930 ਨੂੰ ਆਦਿ ਧਰਮ ਨੂੰ ਬਕਾਇਦਾ ਰਜਿਸਟਰਡ ਕਰਵਾਇਆ ਗਿਆ ਅਤੇ 1931 ਦੀ ਜਨਗਣਨਾ ਮੌਕੇ ਸਾਢੇ ਚਾਰ ਲੱਖ ਤੋਂ ਵੱਧ ਵਿਅਕਤੀਆਂ ਨੇ ਆਪਣੇ-ਆਪ ਨੂੰ ਆਦਿ ਧਰਮੀ ਦੇ ਤੌਰ 'ਤੇ ਰਜਿਸਟਰਡ ਕਰਵਾਇਆ।

1932 ਵਿੱਚ ਇਸ ਨੂੰ ਬਕਾਇਦਾ ਵੱਖਰੇ ਧਰਮ ਵਜੋਂ ਮਾਨਤਾ ਦਿੱਤੀ ਗਈ। ਜਦੋਂ ਧਰਮ ਦੇ ਤੌਰ 'ਤੇ ਮਾਨਤਾ ਲੈਣੀ ਸੀ ਉਸ ਲਈ ਇਸ ਦਾ ਇੱਕ ਵੱਖਰਾ ਧਰਮ ਗ੍ਰੰਥ ਹੋਣ ਦੀ ਜ਼ਰੂਰਤ ਸੀ।

ਉਸ ਲਈ ਸ਼੍ਰੀ ਆਦਿ ਪ੍ਰਕਾਸ਼ ਰਤਨਾਕਰ ਦੇ ਨਾਂ ਹੇਠ 1248 ਪੰਨਿਆਂ ਦਾ ਗ੍ਰੰਥ ਲਿਖਿਆ ਗਿਆ। ਇਸ ਨੂੰ 1957-58 ਵਿੱਚ ਪ੍ਰਕਾਸ਼ਿਤ ਕਰਵਾਇਆ ਗਿਆ ਅਤੇ ਇਸ ਦੇ ਸੰਗ੍ਰਿਹਕਰਤਾ ਸਵਾਮੀ ਈਸ਼ਰ ਦਾਸ ਸਨ।

ਕਿਤਾਬ

ਤਸਵੀਰ ਸਰੋਤ, Provided by Balbir Madhopuri

ਤਸਵੀਰ ਕੈਪਸ਼ਨ, ਮੰਗੂ ਰਾਮ ਉੱਤੇ ਮਾਧੋਪੁਰੀ ਦੀ ਲਿਖੀਹੋਈ ਕਿਤਾਬ

ਮੰਗੂ ਰਾਮ ਦੇ ਕੁਝ ਹੋਰ ਅਹਿਮ ਕੰਮ

ਸੁਖਦੇਵ ਮਾਧੋਪੁਰੀ ਵੱਲੋਂ ਲਿਖੀ ਕਿਤਾਬ ਮੁਤਾਬਕ ਮੰਗੂ ਰਾਮ ਹੁਰਾਂ ਦਾ ਕਈ ਹੋਰ ਅਹਿਮ ਕਾਰਜਾਂ ਵਿੱਚ ਯੋਗਦਾਨ ਰਿਹਾ।

1932 ਵਿੱਚ ਜਦੋਂ ਗੋਲਮੇਜ ਕਾਨਫਰੰਸ ਲਈ ਡਾਕਟਰ ਭੀਮ ਰਾਓ ਅੰਬੇਡਕਰ ਨੇ ਆਪਣਾ ਨਾਮ ਅਛੂਤ ਲੋਕਾਂ ਦੇ ਨੁਮਾਇੰਦੇ ਵਜੋਂ ਪੇਸ਼ ਕੀਤਾ ਤਾਂ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਇਸ ਦਾ ਵਿਰੋਧ ਕੀਤਾ।

ਅੰਬੇਡਕਰ ਨੇ ਮੰਗੂ ਰਾਮ ਸਣੇ ਆਦਿ ਧਰਮ ਦੇ ਆਗੂਆਂ ਨੂੰ ਟੈਲੀਗ੍ਰਾਮ ਕਰ ਕੇ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਟੈਲੀਗ੍ਰਾਮਾਂ ਕਰਨ ਲਈ ਕਿਹਾ ਤਾਂ ਅੰਬੇਦਕਰ ਦੇ ਹੱਕ ਵਿੱਚ ਸਭ ਤੋਂ ਵੱਧ ਟੈਲੀਗ੍ਰਾਮਾਂ ਮੰਗੂ ਰਾਮ ਨੇ ਕਰਵਾਈਆਂ ਅਤੇ ਅੰਬੇਦਕਰ ਨੂੰ ਅਛੂਤ ਲੋਕਾਂ ਦੇ ਨੁਮਾਇੰਦੇ ਵਜੋਂ ਮਾਨਤਾ ਮਿਲੀ।

1943 ਦੀ ਦੂਜੀ ਵਿਸ਼ਵ ਜੰਗ ਦੌਰਾਨ ਮੰਗੂ ਰਾਮ ਅਤੇ ਕੁਝ ਹੋਰ ਦਲਿਤ ਆਗੂਆਂ ਦੀ ਪਹਿਲਕਦਮੀ ਉੱਤੇ ਚਮਾਰ ਰੈਜੀਮੈਂਟ ਦਾ ਗਠਨ ਹੋਇਆ ਅਤੇ ਪਹਿਲੀ ਵਾਰ ਅਛੂਤ ਸਮਝੀਆਂ ਜਾਂਦੀਆਂ ਜਾਤਾਂ ਨਾਲ ਸਬੰਧਤ ਲੋਕਾਂ ਨੂੰ ਫੌਜ, ਪੁਲਿਸ ਵਿੱਚ ਸਿਪਾਹੀ ਤੌਰ 'ਤੇ ਭਰਤੀ ਹੋਣ ਦਾ ਰਾਹ ਖੁੱਲ੍ਹਿਆ।

ਇਸ ਤੋਂ ਪਹਿਲਾਂ ਉਨ੍ਹਾਂ ਨੂੰ ਲੋਡਰ (ਸਮਾਨ ਦੀ ਢੋਆ-ਢੁਆਈ ਵਾਲਾ) ਵਜੋਂ ਹੀ ਭਰਤੀ ਕੀਤਾ ਜਾਂਦਾ ਸੀ।

1936 ਦੀਆਂ ਚੋਣਾਂ ਵਿੱਚ ਮੰਗੂ ਰਾਮ ਨੇ ਆਦਿ ਧਰਮ ਵੱਲੋਂ ਚੋਣਾਂ ਜਿੱਤੀਆਂ ਅਤੇ ਸਿੰਕਦਰ ਹਯਾਤ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਵੇਲੇ ਪਿੰਡ ਦੀਆਂ ਸ਼ਾਮਲਾਟ ਜ਼ਮੀਨਾਂ ਜੋ ਦਲਿਤਾਂ ਨੂੰ ਘਰ ਬਣਾਉਣ ਲਈ ਦਿੱਤੀਆਂ ਜਾਂਦੀਆਂ ਸਨ ਅਤੇ ਉਸ ਲਈ ਉਨ੍ਹਾਂ ਤੋਂ ਬਿਨਾਂ ਪੈਸੇ (ਵਗਾਰ) ਦਿੱਤੇ ਮਜ਼ਦੂਰੀ ਕਰਵਾਈ ਜਾਂਦੀ ਸੀ, ਉਸ ਨੂੰ ਖ਼ਤਮ ਕਰਵਾਇਆ।

ਇਹ ਮੰਗ ਵੀ ਚੁੱਕੀ ਗਈ ਕਿ ਉਸ ਵੇਲੇ ਪੰਜਾਬ ਵਿਚਲੀ ਡੇਢ ਕਰੋੜ ਏਕੜ ਜ਼ਮੀਨ ਦੇ ਮਾਲਕਾਨਾ ਹੱਕ ਦਲਿਤਾਂ ਨੂੰ ਦਿੱਤੇ ਜਾਣ। ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਆਗਿਆ ਹੋਵੇ ਅਤੇ ਵੋਟਿੰਗ ਹੱਕ ਮਿਲਣ।

1905 ਵਿੱਚ ਲਾਹੌਰ ਹਾਈ ਕੋਰਟ ਰਾਹੀਂ ਦਲਿਤਾਂ ਲਈ ਪੜ੍ਹਨ ਦਾ ਅਧਿਕਾਰ ਹਾਸਿਲ ਕੀਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)