ਸ਼ਰਾਬ ਦੀ ਥੋੜ੍ਹੀ ਮਾਤਰਾ ਵੀ ਸਰੀਰ ਲਈ ਕਿਵੇਂ ਖ਼ਤਰਨਾਕ ਹੈ, ਵਿਸ਼ਵ ਸਿਹਤ ਸੰਗਠਨ ਦੇ ਅਧਿਐਨ ’ਚ ਹੋਏ ਖੁਲਾਸੇ

ਤਸਵੀਰ ਸਰੋਤ, Getty Images
ਦੁਨੀਆਂ ਦੇ ਜ਼ਿਆਦਾਤਰ ਲੋਕਾਂ ਲਈ ਸ਼ਰਾਬ ਤੋਂ ਬਿਨਾਂ ਕੋਈ ਵੀ ਜਸ਼ਨ ਅਧੂਰਾ ਹੁੰਦਾ ਹੈ ਤਾਂ ਕੁਝ ਨੂੰ ਵਾਈਨ ਦੀ ਘੁੱਟ ਅਜਨਬੀਆਂ ਨਾਲ ਗੱਲਬਾਤ ਦਾ ਹੌਂਸਲਾ ਦਿੰਦੀ ਹੈ।
ਲੋਕ ਕਈ ਕਾਰਨਾਂ ਕਰ ਕੇ ਸ਼ਰਾਬ ਪੀਂਦੇ ਹਨ, ਜਿਵੇਂ ਜ਼ਸ਼ਨ ਲਈ, ਸਮਾਜਿਕ ਮੇਲਜੋਲ ਵਧਾਉਣ ਲਈ, ਦਿਲ ਬਹਿਲਾਉਣ ਲਈ ਅਤੇ ਇੱਥੋਂ ਤੱਕ ਕਈ ਤਣਾਅ ਦੂਰ ਕਰਨ ਲਈ ਵੀ ਪੀਂਦੇ ਹਨ।
ਪਿਛਲੇ ਸਮੇਂ ਦੀਆਂ ਕੁਝ ਖੋਜਾਂ ਨੇ ਸਾਬਿਤ ਕੀਤਾ ਹੈ ਕਿ ਰੈੱਡ ਵਾਈਨ ਨੂੰ ਸੀਮਤ ਮਾਤਰਾ ਵਿੱਚ ਪੀਣਾ ਸਿਹਤ ਲਈ ਲਾਹੇਵੰਦ ਵੀ ਹੋ ਸਕਦਾ ਹੈ।
ਹਾਲਾਂਕਿ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦਾ ਕਹਿਣਾ ਹੈ ਕਿ ਸ਼ਰਾਬ ਦੀ ਤੁਹਾਡੀ ਸਿਹਤ ਲਈ ਕੋਈ ਸੁਰੱਖਿਅਤ ਮਾਤਰਾ ਨਹੀਂ ਹੈ।
ਬੀਬੀਸੀ ਵਰਲਡ ਸਰਵਿਸ ਦੇ ਪ੍ਰੋਗਰਾਮ ਦਿ ਫੂਡ ਚੇਨ ਨੇ ਸ਼ਰਾਬ ਪੀਣ ਦੇ ਜੋਖ਼ਮਾਂ ਅਤੇ ਫਾਇਦਿਆਂ ʼਤੇ ਗ਼ੌਰ ਕੀਤਾ ਹੈ
ਕੈਂਸਰ ਅਤੇ ਮੌਤਾਂ

ਤਸਵੀਰ ਸਰੋਤ, Getty Images
ਡਬਲਿਊਐੱਚਓ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, ਸ਼ਰਾਬ ਕਾਰਨ ਵਿਸ਼ਵ ਭਰ ਵਿੱਚ ਸਾਲਾਨਾ 26 ਲੱਖ ਮੌਤਾਂ ਹੁੰਦੀਆਂ ਹਨ।
ਆਂਦਰਾਂ ਅਤੇ ਛਾਤੀ ਦੇ ਕੈਂਸਰ ਸਮੇਤ ਸ਼ਰਾਬ ਘੱਟੋ-ਘੱਟ ਸੱਤ ਕਿਸਮ ਦੇ ਕੈਂਸਰ ਦਾ ਕਾਰਨ ਬਣਦੀ ਹੈ।
ਡਬਲਿਊਐੱਚਓ ਦੇ ਇੱਕ ਹੋਰ ਅਧਿਐਨ ਵਿੱਚ ਦੇਖਿਆ ਗਿਆ ਹੈ ਕਿ ਸ਼ਰਾਬ ਦਾ ਘੱਟ ਅਤੇ ਮੱਧਮ ਸੇਵਨ ਵੀ ਖ਼ਤਰਨਾਕ ਹੈ, ਜਿਸ ਵਿੱਚ 1.5 ਲੀਟਰ ਤੋਂ ਘੱਟ ਵਾਈਨ ਜਾਂ, 3.5 ਲੀਟਰ ਤੋਂ ਘੱਟ ਬੀਅਰ ਜਾਂ 450 ਮਿਲੀਲੀਟਰ ਤੋਂ ਘੱਟ ਸਪਿਰਟ ਵੀ ਸ਼ਾਮਲ ਸੀ।
ਡਬਲਿਊਐੱਚਓ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ, ਕੋਈ ਮਾਤਰਾ ਸੁਰੱਖਿਅਤ ਨਹੀਂ ਹੈ ਅਤੇ "ਸ਼ਰਾਬ ਪੀਣ ਵਾਲੇ ਦੀ ਸਿਹਤ ਲਈ ਖ਼ਤਰਾ ਇਸਦੀ ਪਹਿਲੀ ਬੂੰਦ ਤੋਂ ਸ਼ੁਰੂ ਹੋ ਜਾਂਦਾ ਹੈ।"
ਸ਼ਰਾਬ ਦੀ ਵਰਤੋਂ ਵਿੱਚ ਕਮੀ
ਡਬਲਿਊਐੱਚਓ ਦੇ ਅੰਕੜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਦੁਨੀਆਂ ਵਿੱਚ ਪ੍ਰਤੀ ਵਿਅਕਤੀ ਸ਼ਰਾਬ ਦੀ ਕੁੱਲ ਖਪਤ 2010 ਤੋਂ 5.7 ਲੀਟਰ ਤੋਂ ਥੋੜ੍ਹੀ ਘੱਟ ਹੋ ਕੇ 2019 ਵਿੱਚ 5.5 ਲੀਟਰ ਹੋ ਗਈ ਹੈ।
ਦੁਨੀਆਂ ਭਰ ਵਿੱਚ ਜ਼ਿਆਦਾਤਰ ਸ਼ਰਾਬ ਪੀਣ ਵਾਲੇ ਮਰਦ ਹਨ ਜੋ ਕਿ ਔਸਤ 8.2 ਲੀਟਰ ਜਦਕਿ ਔਰਤਾਂ 2.2 ਲੀਟਰ ਪ੍ਰਤੀ ਸਾਲ ਸ਼ਰਾਬ ਪੀਂਦੀਆਂ ਹਨ।
ਇੰਗਲੈਂਡ ਵਾਸੀ 44 ਸਾਲਾ ਐਨਾ ਟੈਟ ਵਰਗੇ ਕੁਝ ਲੋਕਾਂ ਨੇ ਮੁਕੰਮਲ ਤੌਰ ʼਤੇ ਸ਼ਰਾਬ ਨੂੰ ਤਿਆਗ ਦਿੱਤਾ ਹੈ।
ਟੈਟ ਦਾ ਕਹਿੰਦੀ ਹੈ, "ਮੈਂ ਨਹੀਂ ਕਹਾਂਗੀ ਕਿ ਮੈਂ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੈ ਪਰ ਹਰੇਕ ਸ਼ੁੱਕਰਵਾਰ ਬਹੁਤ ਪੀਤੀ ਹੈ।ਬੀਅਰ ਦੀਆਂ ਕੁਝ ਬੋਤਲਾਂ ਖੋਲ੍ਹਣ ਤੋਂ ਲੈ ਕੇ, ਕੰਮ ਤੋਂ ਬਾਅਦ ਕੁਝ ਜਿੰਨ ਅਤੇ ਫਿਰ ਜਲਦੀ ਹੀ ਆਪਣੇ ਪਤੀ ਨਾਲ ਵਾਈਨ ਦੀ ਬੋਤਲ ਸਾਂਝੀ ਕਰਨ ਤੱਕ।”
ਸ਼ਨੀਵਾਰ ਵੀ ਇਹੀ ਹਾਲ ਹੁੰਦਾ ਗਿਆ। ਟੈਟ ਨੂੰ ਅਹਿਸਾਸ ਹੋਇਆ ਕਿ ਉਹ ਵੀਰਵਾਰ ਅਤੇ ਐਤਵਾਰ ਨੂੰ ਵੀ ਸ਼ਰਾਬ ਪੀ ਰਹੇ ਸੀ।
ਪਰ ਫਿਰ ਇਸ ਸਾਲ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਮੈਰਾਥਨ ਲਈ ਤਿਆਰੀ ਕਰਨੀ ਸ਼ੁਰੂ ਕੀਤੀ ਤਾਂ ਕੋਚ ਨੇ ਉਨ੍ਹਾਂ ਨੂੰ ਸ਼ਰਾਬ ਛੱਡਣ ਲਈ ਕਿਹਾ।
ਉਨ੍ਹਾਂ ਦੇ ਪਤੀ ਅਤੇ ਉਨ੍ਹਾਂ ਨੇ, ਦੋਹਾਂ ਨੇ ਹੀ ਸ਼ਰਾਬ ਪੀਣੀ ਘਟਾ ਦਿੱਤੀ।
ਟੈਟ ਨੇ ਕਿਹਾ, "ਇਬ ਬਹੁਤ ਵੱਡਾ ਬਦਲਾਅ ਸੀ, ਮੈਂ ਬੇਹੱਦ ਵਧੀਆ ਅਤੇ ਮਜ਼ਬੂਤ ਮਹਿਸੂਸ ਕੀਤਾ।"
ਲੇਕਿਨ ਟੈਟ ਦਾ ਕਹਿਣਾ ਹੈ ਕਿ ਜਦੋਂ ਉਹ ਕਿਸੇ ਇਕੱਠ ਵਿੱਚ ਹੁੰਦੇ ਹਨ ਤੇ ਉਨ੍ਹਾਂ ਦੇ ਦੋਸਤਾਂ ਨੂੰ ਪਤਾ ਲੱਗਦਾ ਹੈ ਕਿ ਉਹ ਅਤੇ ਉਨ੍ਹਾਂ ਦੇ ਪਤੀ ਸ਼ਰਾਬ ਵਿੱਚ ਸਾਥ ਨਹੀਂ ਦੇਣਗੇ ਤਾਂ ਉਹ ਨਿਰਾਸ਼ ਹੁੰਦੇ ਹਨ।
ਜਰਮਨੀ ਵਿੱਚ ਬਵਾਰੀਆ ਦੀ 22 ਸਾਲਾ ਐਮਿਲੀ ਹਿਊਨਸਟੀਨ ਨੇ ਸ਼ਰਾਬ ਛੱਡਣ ਲਈ ਆਪਣੇ ਦੋਸਤਾਂ ਦਾ ਸਹਾਰਾ ਲਿਆ।
ਐਮਿਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੈਂਗਓਵਰ ਚੰਗਾ ਨਹੀਂ ਲੱਗਦਾ ਸੀ, "ਮੈਨੂੰ ਲੱਗਦਾ ਸੀ ਕਿ ਸ਼ਰਾਬ ਤੋਂ ਬਿਨਾਂ ਮੈਨੂੰ ਆਨੰਦ ਨਹੀਂ ਆਉਂਦਾ ਸੀ।"
"ਮੈਂ ਸ਼ਰਾਬ ਪੀਣਾ ਛੱਡਣਾ ਚਾਹੁੰਦੀ ਸੀ ਕਿਉਂਕਿ ਐਤਵਾਰ ਨੂੰ ਸਵੇਰੇ ਉੱਠਣਾ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਤੁਹਾਨੂੰ ਇਹ ਵੀ ਯਾਦ ਨਹੀਂ ਰਹਿੰਦਾ ਕਿ ਤੁਸੀਂ ਪਿਛਲ ਰਾਤੀਂ ਕੀ ਕੀਤਾ ਸੀ।"
ਸ਼ਰਾਬ ਛੱਡਣ ਦੀ ਆਪਣੀ ਕੋਸ਼ਿਸ਼ ਤੋਂ ਉਹ ਬਹੁਤ ਖੁਸ਼ ਹਨ।

ਕੀ ਸਾਇੰਸ ਨੂੰ ਟਪਲਾ ਲੱਗ ਗਿਆ?
ਇਨ੍ਹਾਂ ਦੋ ਔਰਤਾਂ ਦਾ ਤਜਰਬਾ ਦਰਸਾਉਂਦਾ ਹੈ ਕਿ ਸ਼ਰਾਬ ਛੱਡਣ ਦੇ ਫਾਇਦੇ ਜ਼ਿਆਦਾ ਹਨ।
ਡਾ. ਟਿਮ ਸਟਾਕਵੈਲ ਕੈਨੇਡੀਅਨ ਇੰਸਟੀਚਿਊਟ ਫਾਰ ਸਬਸਟੈਂਸ ਯੂਜ ਰਿਸਰਚ ਵਿੱਚ ਵਿਗਿਆਨੀ ਹਨ ਅਤੇ ਉਹ ਡਬਲਯੂਐੱਚਓ ਦੀ ਚੇਤਾਵਨੀ ਦੀ ਪੁਸ਼ਟੀ ਕਰਦੇ ਹਨ।
"ਸ਼ਰਾਬ ਲਾਜ਼ਮੀ ਤੌਰ 'ਤੇ ਇੱਕ ਖ਼ਤਰਨਾਕ ਪਦਾਰਥ ਹੈ ਅਤੇ ਜਿਉਂ ਹੀ ਤੁਸੀਂ ਇਸ ਨੂੰ ਪੀਣਾ ਸ਼ੁਰੂ ਕਰਦੇ ਹੋ, ਖ਼ਤਰਾ ਵਧ ਜਾਂਦਾ ਹੈ।"
ਉਨ੍ਹਾਂ ਨੇ ਘੱਟ ਸ਼ਰਾਬ ਪੀਣ ਅਤੇ ਮੌਤ ਦੇ ਵਿਚਾਲੇ ਸਬੰਧ ਲੱਭਣ ਲਈ 107 ਵਿਗਿਆਨਕ ਪੱਤਰਾਂ ਦਾ ਮੈਟਾ- ਅਨੈਲਸਿਸ ਕੀਤਾ ਹੈ।
ਬ੍ਰਿਟਿਸ਼ ਮੈਡੀਕਲ ਜਰਨਲ ਮੁਤਾਬਕ ਜੇਕਰ ਸੌ ਵਿੱਚੋਂ ਇੱਕ ਮੌਤ ਦਾ ਖ਼ਤਰਾ ਹੈ, ਤਾਂ ਇਸ ਨੂੰ ਦਰਮਿਆਨਾ ਤੇ ਇੱਕ ਹਜ਼ਾਰ ਪਿੱਛੇ ਇੱਕ ਮੌਤ ਨੂੰ ਨੀਵਾਂ ਪੱਧਰ ਕਿਹਾ ਜਾਂਦਾ ਹੈ।
ਘੱਟ ਸ਼ਰਾਬ ਪੀਣਾ ਕੀ ਹੈ ਤੇ ਇਸਦੀ ਦਰਮਿਆਨੀ ਮਾਤਰਾ ਕੀ ਹੈ, ਇਸ ਦੀ ਪਰਿਭਾਸ਼ਾ ਹਰ ਦੇਸ ਵਿੱਚ ਵੱਖੋ-ਵੱਖ ਹੈ।
ਯੂਕੇ ਸਰਕਾਰ ਹਫ਼ਤੇ ਵਿੱਚ ਚੌਦਾਂ ਯੂਨਿਟਾਂ ਤੋਂ ਵੱਧ ਸ਼ਰਾਬ ਨਾ ਪੀਣ ਦੀ ਸਲਾਹ ਦਿੰਦੀ ਹੈ, (ਹਫ਼ਤੇ ਵਿੱਚ ਲਗਭਗ ਛੇ ਦਰਮਿਆਨੇ ਗਿਲਾਸ ਵਾਈਨ ਜਾਂ ਬੀਅਰ ਦੇ ਪਿੰਟ)।
ਸਟਾਕਵੈਲ ਮੁਤਾਬਕ ਸੀਮਤ ਮਾਤਰਾ ਵਿੱਚ ਸ਼ਰਾਬ ਸ਼ਰਾਬ ਪੀਣਾ ਚੰਗਾ ਹੈ, ਇਹ ਨਤੀਜਾ ਮਾੜੀ ਖੋਜ ਵਿਧੀ ਕਾਰਨ ਨਿਕਲਿਆ ਹੈ।
ਸਵਾਲ ਸਟੀਕ ਨਹੀਂ ਸਨ ਅਤੇ ਖੋਜਕਾਰਾਂ ਨੇ ਸ਼ਰਾਬ ਦੀ ਪਿਛਲੀ ਆਦਤ ਬਾਰੇ ਪੁੱਛਣ ਦੀ ਖੇਚਲ ਨਹੀਂ ਕੀਤੀ। ਕੁਝ ਮੁੱਖ ਕਾਰਕਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ।
ਸਟਾਕਵੈੱਲ ਕਹਿੰਦੇ ਹਨ, "ਦਰਮਿਆਨੀ ਸ਼ਰਾਬ ਪੀਣ ਵਾਲਿਆਂ ਦੀ ਆਮਦਨ ਵੱਧ ਸੀ, ਉਨ੍ਹਾਂ ਦੀ ਖੁਰਾਕ ਬਿਹਤਰ ਸੀ, ਉਹ ਕਸਰਤ ਕਰਦੇ ਸਨ, ਸਿਹਤ ਸੇਵਾਲਾਂ ਤੱਕ ਉਨ੍ਹਾਂ ਦੀ ਬਿਹਤਰ ਪਹੁੰਚ ਸੀ, ਉਨ੍ਹਾਂ ਦੇ ਦੰਦ ਠੀਕ ਸਨ ਅਤੇ ਲੱਕ ਪਤਲਾ ਸੀ।"
ਨਫ਼ੇ ਨੁਕਸਾਨ ਦਾ ਸਮਤੋਲ

ਤਸਵੀਰ ਸਰੋਤ, Getty Images
ਲੇਕਿਨ ਸ਼ਰਾਬ ਨਾਲ ਜੁੜੇ ਖ਼ਤਰੇ ਚਿੰਤਾਜਨਕ ਹਨ, ਅਜਿਹਾ ਹਰ ਕੋਈ ਨਹੀਂ ਸੋਚਦਾ।
ਪ੍ਰੋਫੈਸਰ ਸਰ ਡੇਵਿਡ ਸਪੀਗਲਹਾਲਟਰ ਦਾ ਤਰਕ ਹੈ, "ਮੈਂ ਅਸਲ ਵਿੱਚ ਇੱਕ ਜਾਂ ਦੋ ਡ੍ਰਿੰਕ ਰੋਜ਼ਾਨਾ ਪੀਣ ਦੇ ਖ਼ਤਰਿਆਂ ਨੂੰ ਇਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਪਿਛਲੇ ਇਸ ਜਨੂੰਨ ਨੂੰ ਨਹੀਂ ਸਮਝ ਸਕਿਆ।"
ਡੇਵਿਚ ਬ੍ਰਿਟੇਨ ਵਿੱਚ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਸਟੈਟਸਟਿਕ ਦੇ ਅਮੈਰਿਟਸ ਪ੍ਰੋਫੈਸਰ ਹਨ।
"ਡਰਾਈਵਿੰਗ ਦਾ ਕੋਈ ਵੀ ਸੁਰੱਖਿਅਤ ਪੱਧਰ ਨਹੀਂ ਹੈ, ਜਿਉਣ ਦਾ ਕੋਈ ਸੁਰੱਖਿਅਤ ਪੱਧਰ ਨਹੀਂ ਹੈ। ਲੇਕਿਨ ਕੋਈ ਵੀ ਪਰਹੇਜ਼ ਕਰਨ ਦੀ ਸਲਾਹ ਨਹੀਂ ਦਿੰਦਾ। ਸਾਨੂੰ ਨਫ਼ੇ-ਨੁਕਸਾਨ ਦੇ ਸਮਤੋਲ ਧਿਆਨ ਖਿੱਚਣ ਦੀ ਲੋੜ ਹੈ।”
ਡਾ. ਡੇਵਿਡ ਨੂੰ ਖ਼ਤਰਿਆਂ ਦਾ ਸਟੀਕ ਆਂਕਲਣ ਕਰਨ ਦੀ ਸਾਡੀ ਸਮਰੱਥਾ ਬਾਰੇ ਸ਼ੱਕ ਹੈ।
"ਮੈਨੂੰ ਲਗਦਾ ਹੈ ਕਿ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਲੋਕ ਇਸ ਲਈ ਪੀਂਦੇ ਹਨ ਕਿਉਂਕਿ ਉਹ ਇਸ ਦਾ ਆਨੰਦ ਲੈਣਾ ਚਾਹੁੰਦੇ ਹਨ।"
ਇਸ ਗੱਲ ʼਤੇ ਜ਼ੋਰ ਦਿੰਦੇ ਹੋਏ ਕਿ ਉਹ ਨਾ ਤਾਂ ਸ਼ਰਾਬ ਲੌਬੀ ਦਾ ਹਿੱਸਾ ਹਨ ਅਤੇ ਨਾ ਹੀ ਇਸਦੇ ਵਿਰੋਧੀਆਂ ਵਿੱਚੋਂ ਹਨ।
ਲੇਕਿਨ ਡੇਵਿਡ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਥੋੜ੍ਹੀ-ਬਹੁਤ ਸ਼ਰਾਬ ਪੀਣਾ ਵਧੀਆ ਲਗਦਾ ਹੈ।
“ਪੰਜਾਹ ਸਾਲ, ਰੋਜ਼ਾਨਾ ਇੱਕ ਤਰਕਸੰਗਤ ਮਾਤਰਾ ਵਿੱਚ ਸ਼ਰਾਬ ਪੀਣ ਨਾਲ ਤੁਹਾਡੇ ਜ਼ਿੰਦਗੀ ਦੇ ਛੇ ਮਹੀਨੇ ਜਾਂ ਹਰ ਦਿਨ ਦੇ 15 ਮਿੰਟ ਘਟ ਜਾਂਦੇ ਹਨ।”
ਡਾ. ਡੇਵਿਡ ਇਹ ਵੀ ਦੱਸਦੇ ਹਨ ਕਿ ਦਿਨ ਵਿੱਚ ਇੱਕ ਘੰਟਾ ਟੀਵੀ ਦੇਖਣ ਜਾਂ ਹਫ਼ਤੇ ਵਿੱਚ ਦੋ ਵਾਰ ਬੇਕਨ ਸੈਂਡਵਿਚ ਖਾਣ ਦੇ ਵੀ ਸਿਹਤ ਨੂੰ ਨੁਕਸਾਨ ਹਨ। ਉਹ ਚਾਹੁੰਦੇ ਹਨ ਕਿ ਬਾਲਗ਼ ਆਪਣਾ ਫ਼ੈਸਲਾ ਆਪ ਕਰਨ ਕਿ ਕਿ ਉਨ੍ਹਾਂ ਲਈ ਕੀ ਚੰਗਾ ਹੈ ਕੀ ਮਾੜਾ।
ਡਾ਼ ਟਿਮ ਖ਼ੁਦ ਸ਼ਰਾਬ ਪੀਂਦੇ ਹਨ ਅਤੇ ਅਨੰਦ ਲੈਂਦੇ ਹਨ ਉਹ ਮੁਕੰਮਲ ਪਰਹੇਜ਼ ਲਈ ਨਹੀਂ ਕਹਿੰਦੇ।
ਉਨ੍ਹਾਂ ਮੁਤਾਬਕ, "ਜੇ ਤੁਹਾਨੰ ਸ਼ਰਾਬ ਨੂੰ ਇੱਕ ਅਦਭੁਤ ਆਨੰਦ ਦੇਣ ਵਾਲੀ ਲਗਦੀ ਹੈ, ਤਾਂ ਤੁਹਾਨੂੰ ਸਿਹਤ ਦੇ ਸਨਮੁੱਖ ਮਾਮੂਲੀ ਖ਼ਤਰਿਆਂ ਦੇ ਨਾਲ ਸੰਤੁਲਨ ਬਣਾਉਣਾ ਪਵੇਗਾ।"
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












