ਸ਼ਰਾਬ ਪੀਣਾ ਛੇਤੀ ਸ਼ੁਰੂ ਕਰਨ ਨਾਲ ਨੌਜਵਾਨਾਂ ਦੇ ਦਿਮਾਗ਼ ’ਤੇ ਕਿਵੇਂ ਮਾੜਾ ਅਸਰ ਪੈਂਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਡੇਵਿਡ ਰੋਬਸਨ
- ਰੋਲ, ਬੀਬੀਸੀ ਫਿਊਚਰ
ਮੈਂ ਜਿਸ ਦਿਨ ਯੂਨੀਵਰਸਿਟੀ ਜਾਣ ਲਈ ਆਪਣਾ ਘਰ ਛੱਡਿਆ ਉਸ ਦਿਨ ਤੋਂ 1 ਦਿਨ ਪਹਿਲਾਂ ਮੈਂ 18 ਸਾਲਾਂ ਦਾ ਹੋ ਗਿਆ ਸੀ।
ਹੁਣ ਮੈਂ ਯੂਕੇ ਵਿੱਚ ਸ਼ਰਾਬ ਕਾਨੂੰਨੀ ਤੌਰ ’ਤੇ ਖਰੀਦ ਸਕਦਾ ਸੀ ਅਤੇ ਉਨ੍ਹਾਂ ਪੱਬ ਅਤੇ ਬਾਰ ਵਿੱਚ ਜਾ ਸਕਦਾ ਸੀ ਜਿੱਥੇ ਵਿਦਿਆਰਥੀ ਜਾਂਦੇ ਹਨ।
ਜਦੋਂ ਮੈਂ ਆਪਣੇ ਘਰ ਦੇ ਨੇੜਲੇ ਡਾਕਟਰ ਕੋਲ ਗਿਆ ਤਾਂ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕਿ ਮੈਂ ਇੱਕ ਹਫ਼ਤੇ ਕਿੰਨੀ ਸ਼ਰਾਬ ਪੀਤੀ।
ਯੂਕੇ ਵਿੱਚ ਆਮ ਤੌਰ ’ਤੇ ਸ਼ਰਾਬ ਇੱਕ ਵਾਈਨ ਦੇ ਛੋਟੇ ਗਲਾਸ ਰਾਹੀਂ ਮਿਣੀ ਜਾਂਦੀ ਹੈ।
ਮੈਂ ਕਿਹਾ, “ਮੈਂ ਅਜਿਹੇ ਸੱਤ ਗਲਾਸ ਪੀ ਲੈਂਦਾ ਹਾਂ।”
ਇਸ ਮਗਰੋਂ ਮੈਂ ਆਪਣੇ ਦੋਸਤਾਂ ਨਾਲ ਰਾਤ ਨੂੰ ਪੀਤੀ ਵੋਡਕਾ ਤੇ ਓਰੈਂਜ ਨੂੰ ਮਿਣਨਾ ਸ਼ੁਰੂ ਕਰ ਦਿੱਤਾ।
ਮੈਂ ਸੋੋਚਿਆ ਕਿ ਇਹ ਘੱਟ ਹੀ ਹੈ, ਮੈਂ ਕਦੇ ਵੀ ਵੱਧ ਸ਼ਰਾਬ ਨਹੀਂ ਪੀਂਦਾ ਸੀ।
ਇਸ ਮਗਰੋਂ ਡਾਕਟਰ ਨੇ ਹੱਸਦਿਆਂ ਜਵਾਬ ਦਿੱਤਾ, “ਹੁਣ ਜਦੋਂ ਤੁਸੀਂ ਇੱਥੇ ਹੋ ਤਾਂ ਇਹ ਵੱਧ ਸਕਦਾ ਹੈ।”
ਉਹ ਗਲਤ ਨਹੀਂ ਸੀ।
ਵਿਦਿਆਰਥੀਆਂ ਦੇ ਬਾਰ ਵਿੱਚ ਸ਼ੌਟਸ ਪੀਣ ਤੋਂ ਪਹਿਲਾਂ ਮੈਂ ਖੁਸ਼ੀ-ਖੁਸ਼ੀ ਇੱਕ ਵਾਈਨ ਦੀ ਬੋਤਲ ਪੀ ਲੈਂਦਾ ਸੀ।
ਮੈਨੂੰ ਪਤਾ ਸੀ ਕਿ ਵੱਧ ਸ਼ਰਾਬ ਪੀਣ ਨਾਲ ਜ਼ਿੰਦਗੀ ਉੱਤੇ ਕੋਈ ਅਸਰ ਪੈ ਸਕਦਾ ਹੈ ਪਰ ਮੈਂ ਨਹੀਂ ਸੋਚਿਆ ਸੀ ਕਿ ਮੇਰੇ ਜਵਾਨ ਹੋਣ ਕਾਰਨ ਮੇਰੇ ਉੱਤੇ 30, 40 ਅਤੇ 50 ਸਾਲਾਂ ਦੇ ਕਿਸੇ ਵਿਅਕਤੀ ਨਾਲੋਂ ਵੱਧ ਅਸਰ ਹੋਵੇਗਾ।

ਤਸਵੀਰ ਸਰੋਤ, Jupiterimages/Getty Images
ਸ਼ਰਾਬ ਦੇ ਖ਼ਤਰੇ ਤਾਂ ਸਾਰਿਆਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਹਨ?
ਜੇਕਰ ਮੈਂ ਉਨ੍ਹਾਂ ਅਨੋਖੇ ਤਰੀਕਿਆਂ ਬਾਰੇ ਸੁਣਿਆ ਹੁੰਦਾ ਜਿਨ੍ਹਾਂ ਰਾਹੀਂ ਸ਼ਰਾਬ ਜਵਾਨ ਅਤੇ ਬਾਲਗਾਂ ਦੇ ਦਿਮਾਗ਼ ਉੱਤੇ ਅਸਰ ਕਰ ਸਕਦੀਆਂ ਹਨ ਤਾਂ ਮੈਂ ਕੁਝ ਸਾਵਧਾਨੀ ਵਰਤੀ ਹੁੰਦੀ।
18 ਸਾਲਾ ਦੀ ਉਮਰ ਵਿੱਚ ਮੇਰਾ ਦਿਮਾਗ਼ ਹਾਲੇ ਵਿਕਸਿਤ ਹੋ ਰਿਹਾ ਸੀ ਅਤੇ ਹਾਲੇ ਸੱਤ ਸਾਲਾਂ ਤੱਕ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਣਾ ਸੀ।
ਇਸ ਨਾਲ ਸਾਡਾ ਦਿਮਾਗ ਸ਼ਰਾਬ ਪ੍ਰਤੀ ਕਿਸ ਤਰੀਕੇ ਜਵਾਬ ਦਿੰਦਾ ਹੈ ਇਸ ਦਾ ਦਿਮਾਗ਼ ਦੇ ਵਿਕਾਸ ਉੱਤੇ ਕਾਫੀ ਅਸਰ ਪੈ ਸਕਦਾ ਹੈ।
ਨੌਜਵਾਨਾਂ ਉੱਤੇ ਸ਼ਰਾਬ ਦੇ ਅਸਰ ਬਾਰੇ ਗੱਲ ਕਰਦਿਆਂ ਮੈਂ ਇਸ ਦੇ ਨਾਲ-ਨਾਲ ਹੋਰ ਕਈ ਗੱਲਾਂ ਜਾਣ ਕੇ ਹੈਰਾਨ ਸੀ।
ਸੰਸਾਰ ਦੇ ਵਿੱਚ ਹੋ ਰਹੇ ਅਧਿਐਨਾਂ ਮਗਰੋਂ ਉਮਰ ਅਤੇ ਸ਼ਰਾਬ ਬਾਰੇ ਕਈ ਆਮ ਧਾਰਨਾਵਾਂ ਰੱਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਇਨ੍ਹਾਂ ਧਾਰਨਾਵਾਂ ਵਿੱਚ ਕੌਂਟੀਨੈਂਟਲ ਯੂਰਪ ਜਾਂ ਮੇਨਲੈਂਡ ਯੂਰਪ ਦਾ ਸ਼ਰਾਬ ਪੀਣ ਸਬੰਧੀ ਵਿਵਹਾਰ ਯੂਕੇ ਜਾਂ ਅਮਰੀਕਾ ਨਾਲੋਂ ਵੱਧ ਸਿਹਤਮੰਦ ਹੈ ਅਤੇ ਨੌਜਵਾਨ ਲੋਕਾਂ ਨੂੰ ਘਰ ਵਿੱਚ ਖਾਣੇ ਦੇ ਨਾਲ ਸ਼ਰਾਬ ਪੀਣਾ ਉਨ੍ਹਾਂ ਨੂੰ ਸ਼ਰਾਬ ਪ੍ਰਤੀ ਜ਼ਿੰਮੇਵਾਰ ਬਣਾਉਂਦਾ ਹੈ ਤੇ ਹੋਰ ਵੀ ਸ਼ਾਮਲ ਸਨ।
ਇਹ ਨਵੇਂ ਅਧਿਐਨ ਸ਼ਰਾਬ ਬਾਰੇ ਮੌਜੂਦਾ ਨਿਯਮਾਂ ਨੂੰ ਪ੍ਰਭਾਵਿਤ ਕਰਦੇ ਹਨ ਜਾਂ ਨਹੀਂ ਇਹ ਇੱਕ ਪੇਚੀਦਾ ਮਸਲਾ ਹੈ।
ਪਰ ਤੱਥਾਂ ਬਾਰੇ ਸਹੀ ਜਾਣਕਾਰੀ ਹੋਣ ਨਾਲ ਅਗਲੀਆਂ ਪੀੜ੍ਹੀਆਂ ਇਸ ਬਾਰੇ ਸਮਝਦਾਰੀ ਨਾਲ ਚੋਣ ਕਰ ਸਕਦੀਆਂ ਹਨ ਕਿ ਉਹ ਕਿਸ ਤਰੀਕੇ ਨਾਲ ਜਸ਼ਨ ਮਨਾਉਣਾ ਚਾਹੁੰਦੀਆਂ ਹਨ।
ਇਸ ਦੇ ਨਾਲ ਹੀ ਇਹ ਮਾਪਿਆਂ ਦੀ ਇਹ ਫ਼ੈਸਲਾ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ ਕਿ ਉਹ ਘਰ ਵਿੱਚ ਸ਼ਰਾਬ ਬਾਰੇ ਕੀ ਫ਼ੈਸਲੇ ਲੈ ਸਕਦੇ ਹਨ।
'ਕੋਈ ਵੀ ਮਾਤਰਾ ਸਿਹਤ ਲਈ ਸੁਰੱਖਿਅਤ ਨਹੀਂ'

ਤਸਵੀਰ ਸਰੋਤ, Getty Images
ਇਸ ਬਾਰੇ ਸਪਸ਼ਟ ਹੋਣਾ ਚਾਹੀਦਾ ਹੈ ਕਿ ਐਲਕੋਹਲ(ਸ਼ਰਾਬ) ਇੱਕ ਜ਼ਹਿਰੀਲਾ ਪਦਾਰਥ ਹੈ।
ਇਸ ਦੇ ਨੁਕਸਾਨਾਂ ਵਿੱਚ ਜਾਨਲੇਵਾ ਹਾਦਸੇ, ਲਿਵਰ ਦੇ ਰੋਗ, ਅਤੇ ਕਈ ਤਰੀਕਿਆਂ ਦੇ ਕੈਂਸਰ ਵੀ ਸ਼ਾਮਲ ਹਨ।
ਇਸ ਦੀ ਥੋੜ੍ਹੀ ਮਾਤਰਾ ਵੀ ਕੈਂਸਰ ਦਾ ਕਾਰਨ ਬਣ ਸਕਦੀ ਹੈ।
ਵਰਲਡ ਹੈਲਥ ਆਰਗਨਾਈਜ਼ੇਸ਼ਨ ਨੇ ਇਹ ਐਲਾਨ ਕੀਤਾ ਸੀ ਕਿ “ਸ਼ਰਾਬ ਦੀ ਕੋਈ ਵੀ ਮਾਤਰਾ ਸਿਹਤ ਲਈ ਸੁਰੱਖਿਅਤ ਨਹੀਂ ਹੋ ਸਕਦੀ।"
ਕੁਝ ਹੀ ਚੀਜ਼ਾਂ ਖ਼ਤਰੇ ਤੋਂ ਬਿਨਾ ਹੁੰਦੀਆਂ ਹਨ ਅਤੇ ਸ਼ਰਾਬ ਦੇ ਖ਼ਤਰਿਆਂ ਨੂੰ ਇਸ ਕਾਰਨ ਮਿਲਣ ਵਾਲੇ ਆਨੰਦ ਨਾਲ ਤੋਲਿਆ ਜਾਂਦਾ ਹੈ ।
ਇਸ ਲਈ ਸਿਹਤ ਸਬੰਧੀ ਸਾਡੀਆਂ ਨੀਤੀਆਂ ਥੋੜ੍ਹੀ ਮਾਤਰਾ ਵਿੱਚ ਸ਼ਰਾਬ ਪੀ ਕੇ ਖ਼ਤਰੇ ਨੂੰ ਘਟਾਉਣ ਉੱਤੇ ਜ਼ੋਰ ਦਿੰਦੀਆਂ ਹਨ।
ਅਮਰੀਕਾ ਵਿੱਚ ਇਸ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਇੱਕ ਮਰਦ ਨੂੰ ਦਿਨ ਵਿੱਚ ਸ਼ਰਾਬ ਦੇ ਦੋ ਯੂਨਿਟ ਤੋਂ ਵੱਧ ਨਹੀਂ ਪੀਣੀ ਚਾਹੀਦੀ ਅਤੇ ਔਰਤਾਂ ਨੂੰ ਇੱਕ ਤੋਂ ਵੱਧ ਨਹੀਂ ਪੀਣੀ ਚਾਹੀਦੀ।
ਹੋਰ ਮੁਲਕਾਂ ਵੱਲੋਂ ਵੀ ਅਜਿਹੀਆਂ ਹੀ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ।
ਭਾਂਵੇਂ ਕਿ ਬੀਅਰ ਅਤੇ ਵਾਈਨ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਪਰ ਅਮਰੀਕੀ ਹਦਾਇਤਾਂ ਮੁਤਾਬਕ ਕਿਸ ਕਿਸਮ ਦੀ ਸ਼ਰਾਬ ਪੀਤੀ ਜਾ ਰਹੀ ਹੈ ਨਾਲੋਂ ਇਹ ਵੱਧ ਮਹੱਤਵ ਰੱਖਦਾ ਹੈ ਕਿ ਉਸ ਵਿੱਚ ਅਲਕੋਹਲ ਦੀ ਮਾਤਰਾ ਕਿੰਨੀ ਹੈ।
“ਇੱਕ 12 ਆਊਂਸ ਦੀ ਬੀਅਰ ਵਿੱਚ ਉੱਨੀ ਹੀ ਅਲਕੋਹਲ ਹੁੰਦੀ ਹੈ ਜਿੰਨੀ ਵਾਈਨ ਦੇ ਪੰਜ ਆਊਂਸ ਗਲਾਸ ਵਿੱਚ ਹੁੰਦੀ ਹੈ ਜਾਂ ਸ਼ਰਾਬ ਦੇ 1.5 ਆਊਂਸ ਵਾਲੇ ਪੈੱਗ ਵਿੱਚ ਹੂੰਦੀ।”
ਸ਼ਰਾਬ ਖਰੀਦਣ ਬਾਰੇ ਉਮਰ ਤੈਅ ਕਰਨ ਵੇਲੇ ਵੀ ਖ਼ਤਰਾ ਘਟਾਉਣ ਦਾ ਇਹੀ ਤਰਕ ਵਰਤਿਆ ਜਾਂਦਾ ਹੈ।
ਇਹ ਕਾਨੂੰਨ ਬੱਚਿਆਂ ਦੀ ਰੱਖਿਆ ਕਰਦੇ ਹਨ ਅਤੇ ਨੌਜਵਾਨ ਬਾਲਗਾਂ ਨੂੰ ਚੋਣ ਕਰਨ ਦਿੰਦੇ ਹਨ, ਵਧੇਰੇ ਯੂਰਪੀ ਮੁਲਕਾਂ ਵਿੱਚ ਇਸ ਦੀ ਘੱਟੋ-ਘੱਟ ਉਮਰ 18 ਸਾਲ ਹੈ ਅਤੇ ਅਮਰੀਕਾ ਵਿੱਚ 21 ਸਾਲ ਹੈ।
ਸ਼ਰਾਬ ਉਨ੍ਹਾਂ ਨੌਜਵਾਨਾਂ – ਜਿਨ੍ਹਾਂ ਨੇ ਸ਼ਰਾਬ ਪੀਣ ਲਈ ਨਿਰਧਾਰਤ ਕਾਨੂੰਨੀ ਉਮਰ ਪਾਰ ਵੀ ਕਰ ਲਈ ਹੈ - ਲਈ ਵੀ ਵੱਧ ਖ਼ਤਰਨਾਕ ਹੋ ਸਕਦੀ ਹੈ।
ਇੱਕ ਹੈ ਸਾਈਜ਼ ਅਤੇ ਆਕਾਰ, ਨੌਜਵਾਨ 21 ਸਾਲ ਦੀ ਉਮਰ ਤੱਕ ਆਪਣੇ ਪੂਰੇ ਕੱਦ ਤੱਕ ਨਹੀਂ ਪਹੁੰਚਦੇ ਅਤੇ ਜਦੋਂ ਉਨ੍ਹਾਂ ਦਾ ਕੱਦ ਵੱਧਣਾ ਰੁੱਕ ਜਾਂਦਾ ਹੈ ਪਰ ਫਿਰ ਵੀ ਉਨ੍ਹਾਂ ਦਾ ਸਰੀਰ 30 ਜਾਂ 40 ਸਾਲਾਂ ਦੇ ਵਿਅਕਤੀ ਜਿੰਨਾ ਨਹੀਂ ਹੁੰਦਾ।

ਤਸਵੀਰ ਸਰੋਤ, Getty Images
ਮਾਸਟ੍ਰਿਚਟ ਯੂਨੀਵਰਸਿਟੀ ਵਿੱਚ ਪੋਸਟ ਡੋਕਟ੍ਰਲ ਰਿਸਰਚਰ ਅਤੇ ਬਿਓਂਡ ਲੈਜਿਸਲੇਸ਼ਨ ਦੇ ਲੇਖਕ ਰੁਡ ਰੂਡਬੀਨ ਕਹਿੰਦੇ ਹਨ ਕਿ ਇਸ ਲਈ ਇੱਕ ਗਲਾਸ ਅਲਕੋਹਲ ਪੀਣ ਨਾਲ ਨੌਜਵਾਨਾਂ ਵਿੱਚ ਹੋਰ ਬਾਲਗਾਂ ਨਾਲੋਂ ਖ਼ੂਨ ਵਿੱਚ ਵੱਧ ਐਲਕੋਹਲ ਕੰਟੈਂਟ ਲਿਆ ਸਕਦਾ ਹੈ।
ਉਨ੍ਹਾਂ ਦੀ ਕਿਤਾਬ ਬਿਓਂਡ ਲੈਜਿਸਲੇਸ਼ਨ ਸ਼ਰਾਬ ਪੀਣ ਦੀ ਘੱਟੋ-ਘੱਟ ਉਮਰ ਵਧਾਏ ਜਾਣ ਦੇ ਅਸਰ ਦੀ ਪਰਖ ਕਰਦੀ ਹੈ।
ਉਹ ਕਹਿੰਦੇ ਹਨ, “ਬਾਲਗਾਂ ਦੇ ਪਤਲੇ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਸਿਰ ਦਾ ਆਕਾਰ ਵੀ ਕਾਫੀ ਵੱਡਾ ਹੂੰਦਾ ਹੈ, ਜਦੋਂ ਮੈਂ ਨਿੱਕਾ ਹੁੰਦਾ ਸੀ ਉਦੋਂ ਮੈਂ ਇੱਕ ਵੱਡੇ ਸਿਰ ਵਾਲੇ ਖਿਡੌਣੇ ਜਿਹਾ ਲੱਗਦਾ ਸੀ। ਸਰੀਰ ਦੀ ਅਜਿਹੀ ਬਣਤਰ ਕਰਕੇ ਕਿਸੇ ਇਨਸਾਨ ਲਈ ਨਸ਼ੀਲੇ ਪਦਾਰਥ ਦਾ ਤਜਰਬਾ ਕਿਹੋ ਜਿਹਾ ਹੁੰਦਾ ਹੈ ਇਸ ਉੱਤੇ ਵੀ ਅਸਰ ਪੈਂਦਾ ਹੈ। "
ਉਹ ਅੱਗੇ ਦੱਸਦੇ ਹਨ, “ਜਦੋਂ ਤੁਸੀਂ ਸ਼ਰਾਬ ਪੀਂਦੇ ਉਹ ਤਾਂ ਇਹ ਤੁਹਾਡੀ ਖੂਨ ਦੀ ਨਾੜ ਵਿੱਚ ਜਾਂਦੀ ਹੈ ਅਤੇ ਤਹਾਡੇ ਸਰੀਰ ਵਿੱਚ ਫੈਲ ਜਾਂਦੀ ਹੈ। ਪੰਜ ਮਿੰਟਾਂ ਦੇ ਵਿੱਚ-ਵਿੱਚ ਹੀ ਇਹ ਤੁਹਾਡੇ ਦਿਮਾਗ ਤੱਕ ਚਲੀ ਜਾਂਦੀ ਹੈ ਅਤੇ ਇਹ ਖੂਨ ਅਤੇ ਦਿਮਾਗ ਵਿਚਲੀ ਰੋਕ ਨੂੰ ਆਸਾਨੀ ਨਾਲ ਪਾਰ ਕਰ ਜਾਂਦੀ ਹੈ, ਆਮ ਤੌਰ ਉੱਤੇ ਇਹ ਰੋਕ ਹੀ ਤੁਹਾਡੇ ਦਿਮਾਗ਼ ਨੂੰ ਨੁਕਸਾਨਦਾਇਕ ਪਦਾਰਥਾਂ ਤੋਂ ਬਚਾਉਂਦੀ ਹੈ।”
ਰੂਡਬੀਨ ਅੱਗੇ ਕਹਿੰਦੇ ਹਨ, “ਬਾਕੀ ਬਾਲਗਾਂ ਨਾਲੋਂ ਨੌਜਵਾਨਾਂ ਵਿੱਚ ਸ਼ਰਾਬ ਦੀ ਵੱਧ ਮਾਤਰਾ ਦਿਮਾਗ਼ ਵਿੱਚ ਰਹਿ ਜਾਂਦੀ ਹੈ ਇਹ ਇੱਕ ਹੋਰ ਕਾਰਨ ਹੈ ਕਿਉਂ ਨੌਜਵਾਨਾਂ ਨੂੰ ਅਲਕੋਹਲ ਕਾਰਨ ਫੈਲਣ ਵਾਲੇ ਜ਼ਹਿਰ ਦਾ ਵੱਧ ਖਤਰਾ ਹੁੰਦਾ ਹੈ।"
ਖੋਪੜੀ ਦੇ ਵਿੱਚ ਹੋਣ ਵਾਲੇ ਬਦਲਾਅ ਵੀ ਉੱਨੇ ਹੀ ਮਹੱਤਵਪੁਰਨ ਹਨ।
ਪਹਿਲਾਂ ਇਹ ਸੋਚਿਆਂ ਜਾਂਦਾ ਸੀ ਕਿ 18 ਤੋਂ 19 ਸਾਲ ਦੀ ਉਮਰ ਤੱਕ ਦਿਮਾਗ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦਾ ਹੈ ਅਤੇ ਪਿਛਲੇ ਸਮੇਂ ਦੌਰਾਨ ਹੋਏ ਅਧਿਐਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਮਨੁੱਖੀ ਦਿਮਾਗ 25 ਸਾਲ ਦੀ ਉਮਰ ਤੱਕ ਪੇਚੀਦਾ ਬਦਲਾਅ ਵਿਚੋਂ ਲੰਘਦਾ ਹੈ।
ਗਰੇਅ ਮੈਟਰ 'ਤੇ ਕੀ ਅਸਰ

ਤਸਵੀਰ ਸਰੋਤ, Getty Images
ਇਨ੍ਹਾਂ ਬਦਲਾਵਾਂ ਵਿੱਚ ਦਿਮਾਗ ਦੀ ਰੋਜ਼ਾਨਾ ਦੀ ਕਾਰਗੁਜ਼ਾਰੀ ਲਈ ਜ਼ਰੂਰੀ ‘ਗਰੇਅ ਮੈਟਰ’ ਦਾ ਘਟਣਾ ਵੀ ਸ਼ਾਮਲ ਹੈ। ਇਹ ਗਰੇਅ ਮੈਟਰ ਇਸ ਲਈ ਘਟਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਦਿਮਾਗ ਸਾਈਨੈਪਸਸ ਨਾਮ ਦੇ ਤੱਤ ਨੂੰ ਛਾਣਨਾ ਸ਼ੁਰੂ ਕਰ ਦਿੰਦਾ ਹੈ। ਸਾਈਨੈਪਸਸ ਇੱਕ ਸੈੱਲ ਦੀ ਦੂਜੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਜ਼ਰੁਰੀ ਹੇ।
ਇਸ ਦੇ ਨਾਲ ਹੀ ਵ੍ਹਾਈਟ ਮੈਟਰ ਵੱਧਣਾ ਸ਼ੁਰੂ ਹੋ ਜਾਂਦਾ ਹੈ। ਵ੍ਹਾਈਟ ਮੈਟਰ ਉਹ ਟਿਸ਼ੂ ਹੁੰਦੇ ਹਨ ਜਿਹੜੇ ਲੰਬੇ ਫ਼ਾਸਲੇ ਵਾਲੇ ਸੰਚਾਰ ਲਈ ਜ਼ਰੂਰੀ ਹੁੰਦੇ ਹਨ ਇਨ੍ਹਾਂ ਨੂੰ ਐਕਸਨਸ ਵੀ ਕਿਹਾ ਜਾਂਦਾ ਹੈ।
ਮੈਡੀਕਲ ਯੂਨੀਵਰਸਿਟੀ ਆਫ ਸਾਊਥ ਕੈਰੋਲੀਨਾ ਵਿੱਚ ਨਿਊਰੋਸਾਈਕੋਲੋਜਿਸਟ ਲਿੰਡਸੇ ਸਕੁਏਗਲਿਆ ਕਹਿੰਦੇ ਹਨ, “ਇਹ ਟਿਸ਼ੂ ਦਿਮਾਗ ਦੇ ਸੂਪਰ ਹਾਈਵੇਅਜ਼ ਜਿਹੇ ਹੁੰਦੇ ਹਨ। ਇਨ੍ਹਾ ਰਾਹੀਂ ਵੱਧ ਅਸਰਦਾਰ ਨਿਊਰਲ ਨੈਟਵਰਕ ਵਿਕਸਿਤ ਹੁੰਦਾ ਹੈ ਜਿਹੜਾ ਕਿ ਸੂਚਨਾ ਨੂੰ ਤੇਜ਼ੀ ਨਾਲ ਵਰਤ ਸਕਦਾ ਹੈ।
ਦਿਮਾਗ ਦਾ ਲਿੰਬਿਕ ਸਿਸਟਮ ਜੋ ਕਿ ਸੁਖ ਅਤੇ ਇਨਾਮ ਸਮੇਂ ਪੈਦਾ ਹੋਣ ਵਾਲੇ ਰਸਾਇਣਾ ਨਾਲ ਜੁੜਿਆ ਹੋਇਆ ਹੈ ਸਭ ਤੋਂ ਪਹਿਲਾਂ ਵਿਕਸਿਤ ਹੁੰਦਾ ਹੈ।
ਸਕੁਏਗਲੀਆ ਦੱਸਦੇ ਹਨ, “ਦਿਮਾਗ ਦਾ ਇਹ ਹਿੱਸਾ ਕਿਸ਼ੋਰ ਉਮਰ ਦੇ ਨੌਜਵਾਨਾਂ ਵਿੱਚ ਵੀ ਪੂਰੀ ਤਰ੍ਹਾਂ ਵਿਕਸਿਤ ਹੁੰਦਾ ਹੈ।"
ਉਹ ਦੱਸਦੇ ਹਨ ਕਿ ਮੱਥੇ ਦੇ ਪਿੱਛੇ ਸਥਿਤ ਪ੍ਰੀਫਰੰਟਲ ਕੋਰਟੈਕਸ ਹੌਲੀ-ਹੌਲੀ ਵਿਕਸਿਤ ਹੁੰਦਾ ਹੈ।
ਦਿਮਾਗ ਦਾ ਇਹ ਹਿੱਸਾ ਉੱਚ ਪੱਧਰ ਦੀ ਸੋਚਣੀ, ਭਾਵਨਾਵਾਂ ਦੇ ਉਤਰਾਅ-ਚੜ੍ਹਾਅ, ਫ਼ੈਸਲਾ ਲੈਣ ਅਤੇ ਆਪਣੇ ਆਪ ਦੇ ਕਾਬੂ ਰੱਖਣ ਨਾਲ ਜੁੜਿਆ ਹੋਇਆ ਹੈ।

ਤਸਵੀਰ ਸਰੋਤ, getty Images
ਦਿਮਾਗ ਦੇ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਅਸੰਤੁਲਨ ਹੀ ਇਸ ਗੱਲ ਦੀ ਵਿਆਖਿਆ ਦਿੰਦਾ ਹੈ ਕਿ ਨੌਜਵਾਨ ਕਈ ਖ਼ਤਰੇ ਵਾਲਾ ਕੰਮ ਕਰਨ ਵਿੱਚ ਬਾਕੀਆਂ ਨਾਲੋਂ ਅੱਗੇ ਕਿਉਂ ਹੁੰਦੇ ਹਨ।
ਸਕੁਏਗਲੀਆ ਦੱਸਦੇ ਹਨ, “ਕਈ ਲੋਕ ਇਸ ਨੂੰ ਇਦਾਂ ਪ੍ਰਭਾਸ਼ਿਤ ਕਰਦੇ ਹਨ ਕਿ ਕਿਉਂ ਲੋਕ ਨੌਜਵਾਨਾਂ ਦੇ ਦਿਮਾਗ਼ ਨੂੰ ਬਿਨਾ ਬਰੇਕਾਂ ਦੇ ਰੇਸ ਵਾਲਾ ਪੈਡਲ ਕਹਿੰਦੇ ਹਨ।"
ਉਹ ਕਹਿੰਦੇ ਹਨ ਕਿ ਆਪਣੇ ਨਿਊਰੋਨਜ਼ ਨੂੰ ਸ਼ਰਾਬ ਵਿੱਚ ਡੁਬਾ ਦੇਣਾ ਉਨ੍ਹਾਂ ਨੂੰ ਹੋਰ ਖੁੱਲ੍ਹ ਦੇ ਦੇਵੇਗਾ ਅਤੇ ਉਹ ਖ਼ਤਰੇ ਮੁੱਲ ਲੈਣ ਨੂੰ ਤਿਆਰ ਹੋ ਜਾਂਦੇ ਹਨ।
ਕਈ ਨੌਜਵਾਨਾਂ ਨੂੰ ਇਹ ਮਾੜੀਆਂ ਆਦਤਾਂ ਦਾ ਸ਼ਿਕਾਰ ਬਣਾ ਦਿੰਦਾ ਹੈ।
ਸਕੁਏਗਲੀਆ ਕਹਿੰਦੇ ਹਨ, “ਆਪਣੀਆਂ ਭਾਵਨਾਵਾਂ ਮੁਤਾਬਕ ਬਿਨਾ ਸੋਚੇ ਕੰਮ ਕਰਨ ਵਾਲੇ ਬੱਚੇ ਵੱਧ ਸ਼ਰਾਬ ਪੀਂਦੇ ਹਨ ਅਤੇ ਇਹ ਉਨ੍ਹਾਂ ਨੂੰ ਅਜਿਹਾ ਕਰਨ ਵੱਲ ਹੋਰ ਪ੍ਰੇਰਦਾ ਹੈ।”
ਜ਼ਿਆਦਾ ਵਾਰ ਅਤੇ ਵੱਧ ਮਾਤਰਾ ਵਿੱਚ ਸ਼ਰਾਬ ਪੀਣ ਨਾਲ ਦਿਮਾਗ ਦੀ ਲੋਂਗ ਟਰਮ ਜਾਂ ਬਹੁ ਪੱਖੀ ਵਿਕਾਸ ਉੱਤੇ ਅਸਰ ਪੈਂਦਾ ਹੈ।
ਇਸ ਬਾਰੇ (ਲੋਂਗੀਟੂਡਿਨਲ) ਅਧਿਐਨ ਇਹ ਦਰਸਾਉਂਦੇ ਹਨ ਕਿ ਜਵਾਨੀ ਦੇ ਸ਼ੁਰੂਆਤੀ ਸਾਲਾਂ ਵਿੱਚ ਸ਼ਰਾਬ ਪੀਣ ਨਾਲ ਦਿਮਾਗ ਵਿੱਚ ਗ੍ਰੇਅ ਮੈਟਰ ਘਟਦਾ ਹੈ ਅਤੇ ਵ੍ਹਾਈਟ ਮੈਟਰ ਦੇ ਵਿਕਾਸ ਉੱਤੇ ਵੀ ਅਸਰ ਪੈਂਦਾ ਹੈ।
ਸਕੁਏਗਲੀਆ ਕਹਿੰਦੇ ਹਨ, “ਸ਼ਰਾਬ ਪੀਣ ਵਾਲੇ ਬੱਚਿਆਂ ਵਿੱਚ ਉਹ ਸੂਪਰ ਹਾਈਵੇਅ ਇੰਨੇ ਵੱਧ ਸਮਤਲ ਅਤੇ ਪੱਧਰੇ ਨਹੀਂ ਹੁੰਦੇ।"
ਇਸ ਦੇ ਦਿਮਾਗ ਉੱਤੇ ਪੈਣ ਵਾਲੇ ਅਸਰ ਬੋਧਾਤਮਕ(ਕੋਗਨੀਟਿਵ) ਪ੍ਰੀਖਣ ਵਿੱਚ ਸਾਹਮਣੇ ਆ ਜਾਣਗੇ।
ਨੌਜਵਾਨਾਂ ਦੇ ਦਿਮਾਗ਼ ਵਿੱਚ ਮੁਸ਼ਕਲਾਂ ਸੁਲਝਾਉਣ ਲਈ ਜ਼ਿੰਮੇਵਾਰ ਖੇਤਰਾਂ ਨੂੰ ਆਮ ਨਾਲੋਂ ਵੱਧ ਯਤਨ ਕਰਨੇ ਪੈਂਦੇ ਹਨ ਤਾਂ ਜੋ ਇਸ ਘਾਟ ਨੂੰ ਠੀਕ ਕੀਤਾ ਜਾ ਸਕੇ।
ਪਰ ਅਜਿਹਾ ਹਮੇਸ਼ਾ ਜਾਰੀ ਨਹੀਂ ਰਹਿ ਸਕਦਾ ਸਕੁਏਗਲੀਆ ਕਹਿੰਦੇ ਹਨ, “ਕਈ ਸਾਲ ਸ਼ਰਾਬ ਪੀਣ ਤੋਂ ਬਾਅਦ ਅਸੀਂ ਦਿਮਾਗ਼ ਵਿੱਚ ਘੱਟ ਸਰਗਰਮੀ ਦੇਖਦੇ ਹਾਂ ਅਤੇ ਇਨ੍ਹਾਂ ਪ੍ਰੀਖਣਾਂ ਵਿੱਚ ਮਾੜਾ ਪ੍ਰਦਰਸ਼ਨ ਕਰਦੇ ਹਨ।”
ਨੌਜਵਾਨਾਂ ਵਿੱਚ ਸ਼ਰਾਬ ਪੀਣ ਨਾਲ ਮਾਨਸਿਕ ਸਿਹਤ ਉੱਤੇ ਵੀ ਅਸਰ ਪੈਂਦਾ ਹੈ ਅਤੇ ਉਮਰ ਵਧਣ ਤੋਂ ਬਾਅਦ ਵੱਧ ਮਾਤਰਾ ਵਿੱਚ ਸ਼ਰਾਬ ਪੀਣ ਲੱਗਦੇ ਹਨ।
ਇਹ ਉਨ੍ਹਾਂ ਲੋਕਾਂ ਵਿੱਚ ਵਧੇਰੇ ਸੱਚ ਹੁੰਦਾ ਹੈ ਜਿਨ੍ਹਾਂ ਦੀ ਪਰਿਵਾਰ ਦਾ ਇਤਿਹਾਸ ਅਜਿਹਾ ਰਿਹਾ ਹੋਵੇ।
ਉਹ ਲੋਕ ਜਿਨ੍ਹਾਂ ਜਲਦੀ ਸ਼ਰਾਬ ਪੀਣਾ ਸ਼ੁਰੂ ਕਰਦੇ ਹਨ ਉਨ੍ਹਾਂ ਵਿੱਚ ਸ਼ਰਾਬ ਦੀ ਆਦਤ ਪੈਣ ਦੀ ਸੰਭਾਵਨਾ ਉੱਨੀ ਹੀ ਵੱਧ ਹੁੰਦੀ ਹੈ।
ਇਸ ਨਾਲ ਸਬੰਧਤ ਜੀਨ ਦਿਮਾਗ ਦੇ ਵਿਕਸਿਤ ਹੋਣ ਦੇ ਇਸ ਮਹੱਤਵਪੂਰਨ ਸਮੇਂ ਵਿੱਚ ਵੱਧ ਪ੍ਰਭਾਵਸ਼ਾਲੀ ਹੁੰਦੇ ਹਨ।
ਸਕੁਏਗਲੀਆ ਕਹਿੰਦੇ ਹਨ, “ਅਤੇ ਕੋਈ ਜਿੰਨਾ ਵੱਧ ਸਮਾਂ ਰੋਕਣ ਦੇ ਸਮਰੱਥ ਹੈ ਉਨ੍ਹਾਂ ਦੇ ਜੀਨਸ ਦੇ ਕੰਮ ਕਰਨ ਦੇ ਸ਼ੁਰੂ ਹੋਣ ਦੀ ਸੰਭਾਵਨਾ ਵੀ ਉੱਨੀ ਹੀ ਘੱਟ ਹੁੰਦੀ ਹੈ।”
ਯੂਰਪੀ ਮਾਡਲ
ਇਸ ਅਧਿਐਨ ਵਿੱਚ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਨੌਜਵਾਨਾਂ ਦੀ ਚੋਣ ਅਤੇ ਉਨ੍ਹਾਂ ਨੇ ਮਾਪਿਆਂ ਦੇ ਫ਼ੈਸਲਿਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਅਤੇ ਉਨ੍ਹਾਂ ਨੂੰ ਕਦੋਂ ਘਰ ਸ਼ਰਾਬ ਪੀਣ ਦਿੱਤੀ ਜਾਵੇ?
ਸਕੁਏਗਲੀਆ ਕਹਿੰਦੇ ਹਨ, “ਸਾਡਾ ਸੁਨੇਹਾ ਹੈ ਕਿ ਸਾਨੂੰ ਉੱਨੀ ਦੇਰੀ ਨਾਲ ਹੀ ਪੀਣਾ ਚਾਹੀਦਾ ਹੈ ਜਿੰਨਾ ਚਿਰ ਤੁਸੀਂ ਰੁੱਕ ਸਕਦੇ ਹੋ, ਕਿਉਂਕਿ ਤੁਹਾਡਾ ਦਿਮਾਗ ਹਾਲੇ ਵੀ ਵਿਕਾਸ ਕਰ ਰਿਹਾ ਹੁੰਦਾ ਅਤੇ ਸ਼ਰਾਬ ਜਾਂ ਕੋਈ ਹੋਰ ਪਦਾਰਥ ਲੈਣ ਤੋਂ ਪਹਿਲਾਂ ਆਪਣੇ ਦਿਮਾਗ ਨੂੰ ਵਿਕਸਿਤ ਅਤੇ ਸਿਹਤਮੰਦ ਹੋਣ ਦਿਉ।”
ਸੁਕਏਗਲੀਆਂ ਕਹਿੰਦੇ ਹਨ ਇਸ ਸਬੰਧੀ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਜਾਂ ਨਹੀਂ ਇਹ ਵੱਖਰੀ ਗੱਲ ਹੈ।
ਉਹ ਕਹਿੰਦੇ ਹਨ ਕਿ ਐਲਕੋਹਲ ਬਾਰੇ ਉਨ੍ਹਾਂ ਦੇ ਜਨਤਕ ਵਖਿਆਨ ਵਿੱਚ ਲੋਕ ਅਕਸਰ “ਸ਼ਰਾਬ ਪੀਣ ਦੇ ਯੂਰਪੀ ਮਾਡਲ” ਉੱਤੇ ਸਵਾਲ ਚੁੱਕਦੇ ਹਨ।
ਫਰਾਂਸ ਜਿਹੇ ਦੇਸ਼ਾਂ ਵਿੱਚ ਬੀਅਰ ਨਾਬਾਲਗਾਂ ਨੂੰ ਪਰਿਵਾਰ ਨਾਲ ਖਾਣਾ ਖਾਣ ਵੇਲੇ ਇੱਕ ਵਾਈਨ ਦਾ ਗਿਲਾਸ ਅਤੇ ਬੀਅਰ ਪੀਣ ਦੀ ਇਜ਼ਾਜ਼ਤ ਹੈ।
ਯੂਰਪ ਤੋਂ ਬਾਹਰ ਕਈ ਮਾਪੇ ਇਹ ਮੰਨਦੇ ਹਨ ਕਿ ਹੌਲੀ ਸ਼ਰਾਬ ਸ਼ੁਰੂ ਕਰਨ ਨਾਲ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਸ਼ਰਾਬ ਪੀਣ ਦੀ ਸਿੱਖਿਆ ਮਿਲਦੀ ਹੈ ਅਤੇ ਉਹ ਇੱਕੋ ਵਾਰ ਕਾਫੀ ਮਾਤਰਾ ਵਿੱਚ ਸ਼ਰਾਬ ਪੀਣ ਤੋਂ ਬਚ ਸਕਦੇ ਹਨ।
ਉਹ ਕਹਿੰਦੇ ਹਨ ਸ਼ਰਾਬ ਉੱਤੇ ਵੱਧ ਰੋਕਾਂ ਲਾਉਣ ਨਾਲ ਲੋਕਾਂ ਵਿੱਚ ਇਸ ਪ੍ਰਤੀ ਲਾਲਸਾ ਵੱਧਦੀ ਹੈ।
ਸਕੁਏਗਲੀਆ ਕਹਿੰਦੇ ਹਨ ਕਿ ਇਹ ਇੱਕ ਮਿੱਥ ਹੈ। ਉਹ ਕਹਿੰਦੇ ਹਨ, “ਅਧਿਐਨਾਂ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਜਿਹੜੇ ਮਾਪੇ ਸ਼ਰਾਬ ਦੇ ਸੇਵਨ ਪ੍ਰਤੀ ਘੱਟ ਢਿੱਲ ਵਰਤਦੇ ਹਨ ਉਨ੍ਹਾਂ ਦੇ ਬੱਚਿਆਂ ਨੂੰ ਬਾਅਦ ਵਿੱਚ ਸ਼ਰਾਬ ਸਬੰਧੀ ਵੱਧ ਮੁਸ਼ਕਲਾਂ ਹੁੰਦੀਆਂ ਹਨ।”
ਇੱਕ ਸਮੀਖਿਆ ਵਿੱਚ ਸਾਹਮਣੇ ਆਇਆ, "ਸ਼ਰਾਬ ਦੀ ਵਰਤੋਂ ਨਾਲ ਸਬੰਧੀ ਆਪਣੇ ਬੱਚਿਆਂ ਉੱਤੇ ਸਖਤ ਨਿਯਮ ਲਾਗੂ ਕਰਨ ਵਾਲੇ ਮਾਪਿਆਂ ਨੂੰ ਸ਼ਰਾਬ ਸਬੰਧੀ ਮੁਸ਼ਕਲਾਂ ਦਾ ਘੱਟ ਸਾਹਮਣਾ ਕਰਨਾ ਪੈਂਦਾ ਹੈ"।
ਜ਼ਿਆਦਾਤਰ ਅਧਿਐਨਾਂ ਵਿੱਚ ਸਾਹਮਣੇ ਆਇਆ ਕਿ ਸ਼ਰਾਬ ਪੀਣ ਦੇ ਸਖ਼ਤ ਕਾਨੂੰਨ, ਖਰੀਦ ਲਈ ਘੱਟੋ-ਘੱਟ ਉਮਰ ਦੇ ਨਾਲ ਵੀ ਸ਼ਰਾਬ ਪੀਣ ਦੀ ਚੋਣ ਨੂੰ ਪ੍ਰਭਾਵਤ ਕਰਦੇ ਹਨ
ਆਸਟਰੀਆ ਵਿੱਚ 16 ਸਾਲ ਤੋਂ ਵੱਧ ਉਮਰ ਦਾ ਵਿਅਕਤੀ ਕਾਨੂੰਨੀ ਤੌਰ 'ਤੇ ਸ਼ਰਾਬ ਖਰੀਦ ਸਕਦਾ ਹੈ।
ਆਸਟਰੀਆ ਵਿੱਚ ਜੋਹਾਨਸ ਕੇਪਲਰ ਯੂਨੀਵਰਸਿਟੀ ਲਿੰਜ਼ ਵਿੱਚ ਅਲੈਗਜ਼ੈਂਡਰ ਅਹੈਮਰ ਵੱਲੋਂ ਕੀਤੇ ਗਏ ਇੱਕ ਅਧਿਐਨ ਮੁਤਾਬਕ ਜੇਕਰ ਸਖ਼ਤ ਕਾਨੂੰਨ ਸਿਰਫ਼ ਸ਼ਰਾਬ ਦੀ ਇੱਛਾ ਨੂੰ ਵਧਾਉਂਦੇ ਹਨ, ਤਾਂ ਤੁਸੀਂ ਆਸਟ੍ਰੀਆ ਵਿੱਚ ਅਮਰੀਕਾ ਨਾਲੋਂ ਸ਼ਰਾਬ ਸਬੰਧੀ ਵੱਧ ਜ਼ਿੰਮੇਵਾਰ ਰਵੱਈਏ ਦੀ ਉਮੀਦ ਕਰੋਗੇ - ਜਿੱਥੇ ਸ਼ਰਾਬ ਪੀਣ ਦੀ ਘੱਟੋ-ਘੱਟ ਕਾਨੂੰਨੀ ਉਮਰ 21 ਸਾਲ ਹੈ, ਪਰ ਅਜਿਹਾ ਨਹੀਂ ਹੈ।
ਕਿਸੇ ਵਿਅਕਤੀ ਦੇ ਸ਼ਰਾਬ ਲਈ ਘੱਟੋ-ਘੱਟ ਉਮਰ ਲੰਘ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਸ਼ਰਾਬ ਪੀਣ ਵਿੱਚ ਵਾਧਾ ਹੁੰਦਾ ਹੈ।
ਅਹਮਰ ਕਹਿੰਦਾ ਹੈ, "ਪਰ ਇਹ ਆਸਟਰੀਆ ਵਿੱਚ 16 ਟੱਪਣ ਤੋਂ ਬਾਅਦ 25 ਫ਼ੀਸਦ ਵੱਧ ਜਾਂਦੀ ਹੈ ਜੋ ਕਿ ਅਮਰੀਕਾ ਵਿੱਚ 21 ਟੱਪਣ ਨਾਲੋਂ ਵੱਧ ਹੈ"
ਇਸ ਤੋਂ ਵੀ ਸਾਹਮਣੇ ਆਉਂਦਾ ਹੈ ਕਿ ਕਾਨੂੰਨੀ ਤੌਰ ਉੱਤੇ ਸ਼ਰਾਬ ਖਰੀਦਣ ਦੀ ਘੱਟੋ-ਘੱਟ ਉਮਰ ਵੱਧ ਹੋਣ ਨਾਲ ਅਮਰੀਕੀਆਂ ਵਿੱਚ ਵੱਧ ਜ਼ਿੰਮੇਵਾਰ ਵਿਵਹਾਰ ਦੇਖਿਆ ਗਿਆ।
ਸਰਵੇਖਣ ਵਿੱਚ ਭਾਗ ਲੈਣ ਵਾਲੇ ਲੋਕਾਂ ਦੇ ਵਿਵਹਾਰ ਬਾਰੇ ਸਵਾਲ ਕਰਦੇ ਹੋਏ, ਅਹਮਰ ਨੇ ਇਹ ਦੇਖਿਆ ਕਿ ਸ਼ਰਾਬ ਪੀਣ ਨਾਲ ਜੁੜੇ ਖ਼ਤਰਿਆਂ ਬਾਰੇ 16 ਟੱਪਣ ਤੋਂ ਬਾਅਦ ਆਸਟ੍ਰੀਆ ਦੇ ਲੋਕਾਂ ਦੀ ਧਾਰਨਾ ਨਾਟਕੀ ਢੰਗ ਨਾਲ ਬਦਲ ਗਈ।
ਅਹਿਮਰ ਕਹਿੰਦੇ ਹਨ ਕਿ ਜਦੋਂ ਨੌਜਵਾਨ ਸ਼ਰਾਬ ਲਈ ਘੱਟੋ-ਘੱਟ ਉਮਰ ਟੱਪ ਜਾਂਦੇ ਹਨ ਤਾਂ ਉਨ੍ਹਾਂ ਇਹ ਘੱਟ ਖਤਰਨਾਕ ਲੱਗਣ ਲੱਗਦੀ ਹੈ।
16 ਸਾਲ ਦੀ ਉਮਰ ਵਿੱਚ ਸੁਰੱਖਿਆ ਦੀ ਇਹ ਝੂਠੀ ਭਾਵਨਾ ਖ਼ਤਰਨਾਕ ਹੋ ਸਕਦੀ ਹੈ, ਜਦੋਂ ਕਿ 21 ਸਾਲ ਦੀ ਉਮਰ ਵਿੱਚ, ਵਧੇਰੇ ਵਿਕਸਿਤ ਦਿਮਾਗ ਸ਼ਰਾਬ ਲਈ ਕੁਝ ਹੱਦ ਤੱਕ ਬਿਹਤਰ ਢੰਗ ਨਾਲ ਲੈਸ ਹੁੰਦਾ ਹੈ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅਨੁਸਾਰ, ਅੰਕੜੇ ਦਰਸਾਉਂਦੇ ਹਨ ਕਿ ਯੂਰਪੀਅਨ ਖੇਤਰ ਵਿੱਚ ਅਲਕੋਹਲ-ਵਿਸ਼ੇਸ਼ ਕੈਂਸਰਾਂ ਵਿੱਚੋਂ ਅੱਧੇ ਹਲਕੇ ਅਤੇ ਦਰਮਿਆਨੇ ਅਲਕੋਹਲ ਦੀ ਖਪਤ ਕਾਰਨ ਹੁੰਦੇ ਹਨ।

ਤਸਵੀਰ ਸਰੋਤ, Getty Images
ਵਿਗਿਆਨਕ ਸਬੂਤਾਂ ਦੇ ਮੱਦੇਨਜ਼ਰ, ਕੀ ਸਰਕਾਰਾਂ ਨੂੰ ਕਾਨੂੰਨੀ ਘੱਟੋ-ਘੱਟ ਉਮਰ 25 ਜਾਂ ਇਸ ਤੋਂ ਵੱਧ ਨਿਰਧਾਰਤ ਕਰਨੀ ਚਾਹੀਦੀ ਹੈ - ਇੱਕ ਵਾਰ ਜਦੋਂ ਦਿਮਾਗ ਦਾ ਵਿਕਾਸ ਬੰਦ ਹੋ ਜਾਂਦਾ ਹੈ?
ਮਾਹਰ ਦੱਸਦੇ ਹਨ ਕਿ ਇਹ ਇੰਨਾ ਸੌਖਾ ਨਹੀਂ ਹੈ, ਕਿਉਂਕਿ ਜਨਤਕ ਸਿਹਤ ਲਾਭਾਂ ਨੂੰ ਨਿੱਜੀ ਆਜ਼ਾਦੀ ਬਾਰੇ ਲੋਕਾਂ ਦੀਆਂ ਧਾਰਨਾਵਾਂ ਦੇ ਵਿਰੁੱਧ ਸੰਤੁਲਿਤ ਹੋਣ ਦੀ ਜ਼ਰੂਰਤ ਹੈ।
ਹੈਮਿਲਟਨ, ਓਨਟਾਰੀਓ ਵਿੱਚ ਮੈਕਮਾਸਟਰ ਯੂਨੀਵਰਸਿਟੀ ਵਿੱਚ ਨਸ਼ਾਖੋਰੀ ਦੇ ਵਿਵਹਾਰ ਦਾ ਅਧਿਐਨ ਕਰਨ ਵਾਲੇ ਜੇਮਸ ਮੈਕਕਿਲੋਪ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ 25 ਸਾਲ ਦੀ ਉਮਰ ਵਿੱਚ ਲੋਕਾਂ ਵਿੱਚ ਸ਼ਰਾਬ ਪੀਣ ਦੀ ਬਹੁਤ ਘੱਟ ਭੁੱਖ ਹੈ।"
ਘੱਟੋ ਘੱਟ ਕਾਨੂੰਨੀ ਉਮਰ ਜ਼ਿਆਦਾ ਰੱਖਣ ਨੂੰ ਵੀ ਠੀਕ ਨਹੀਂ ਮੰਨਿਆ ਜਾਂਦਾ, ਇਸ ਨੂੰ ਪਖੰਡ ਸਮਝਿਆ ਜਾਂਦਾ ਹੈ, ਜੇਕਰ ਵੋਟਿੰਗ ਲਈ ਬਹੁਮਤ ਦੀ ਕਾਨੂੰਨੀ ਉਮਰ, ਜਾਂ ਫੌਜ ਵਿੱਚ ਸੇਵਾ ਕਰਨ ਦੀ ਕਾਨੂੰਨੀ ਉਮਰ, 18 ਜਾਂ 19 ਹੋ ਸਕਦੀ ਹੈ ਤਾਂ ਇਸ ਲਈ ਕਿਉਂ ਨਹੀਂ ।"
ਅਹਮਰ ਸਹਿਮਤ ਹੈ। ਉਹ ਕਹਿੰਦੇ ਹਨ "ਕਿਸੇ ਸਮੇਂ 'ਤੇ ਸਾਨੂੰ ਲੋਕਾਂ ਨੂੰ ਆਪਣੇ ਫੈਸਲੇ ਲੈਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।"
ਮੈਕਕਿਲੋਪ ਸੁਝਾਅ ਦਿੰਦਾ ਹੈ ਕਿ ਕਿਸ਼ੋਰਾਂ ਨੂੰ ਸ਼ਰਾਬ ਦੇ ਜੋਖਮਾਂ ਅਤੇ ਇਸ ਦਾ ਦਿਮਾਗ ਦੇ ਵਿਕਾਸ ਉੱਤੇ ਕੀ ਅਸਰ ਪੈਂਦਾ ਹੈ ਬਾਰੇ ਬਿਹਤਰ ਸਿੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ,
ਉਹ ਕਹਿੰਦੇ ਹਨ, "ਸਿਰਫ਼ ਇਹ ਮੰਨਣਾ ਕਿ ਜਦੋਂ ਇਹਨਾਂ ਨਸ਼ੀਲੀਆਂ ਦਵਾਈਆਂ ਦੀ ਗੱਲ ਆਉਂਦੀ ਹੈ ਤਾਂ ਲੋਕ ਕੁਦਰਤੀ ਤੌਰ 'ਤੇ ਜ਼ਿੰਮੇਵਾਰ ਆਦਤਾਂ ਵਿਕਸਿਤ ਕਰਨਗੇ, ਇੱਕ ਕਾਫ਼ੀ ਆਸ਼ਾਵਾਦੀ ਧਾਰਨਾ ਹੈ।"
ਆਪਣੀ ਜਵਾਨੀ ਬਾਰੇ ਜੇਕਰ ਮੈਂ ਹੁਣ ਸੋਚਾਂ ਤਾਂ ਮੈਂ ਉਸ ਵੇਲੇ ਸ਼ਰਾਬ ਦੇ ਮੇਰੇ ਦਿਮਾਗ ਉੱਤੇ ਪੈਣ ਵਾਲੇ ਅਸਰ ਬਾਰੇ ਜਾਣਨ ਲਈ ਬਹੁਤ ਉਤਸੁਕ ਹੋਣਾ ਸੀ। ਮੈਨੂੰ ਨਹੀਂ ਲੱਗਦਾ ਕਿ ਇਸ ਬਾਰੇ ਜਾਣਨ ਤੋਂ ਬਾਅਦ ਮੈਂ ਸ਼ਰਾਬ ਪੂਰੀ ਤਰ੍ਹਾਂ ਛੱਡ ਦਿੰਦਾ, ਮੈਂ ਅੱਜ ਵੀ ਪੀਂਦਾ ਹੈ, ਪਰ ਜੇਕਰ ਮੈਨੂੰ ਉਦੋਂ ਪਤਾ ਹੁੰਦਾ ਤਾਂ ਮੈਂ ਵਾਧੂ ਪੈੱਗ ਲੈਣ ਤੋਂ ਪਹਿਲਾਂ ਦੋ ਵਾਰੀ ਸੋਚਦਾ।








