ਕੀ ਪੰਜਾਬ ’ਚ ਅਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਅਕਾਲੀ ਦਲ ਵਰਗੀ ਥਾਂ ਬਣਾ ਸਕੇਗੀ

ਤਸਵੀਰ ਸਰੋਤ, Getty Images
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਕੇ ਸਿਆਸੀ ਸਫ਼ਾਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ।
ਖ਼ਾਲਿਸਤਾਨੀ ਵਿਚਾਰਧਾਰਾ ਦੇ ਸਮਰਥਕ ਅਮ੍ਰਿਤਪਾਲ ਸਿੰਘ ਕੌਮੀ ਸੁਰੱਖਿਆ ਕਾਨੂੰਨ (ਐੱਨਐਸਏ) ਤਹਿਤ ਮਾਰਚ 2023 ਤੋਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਹਨ ਅਤੇ ਉਥੋਂ ਤੋਂ ਹੀ ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਕੇ ਲੋਕ ਸਭਾ ਦੇ ਮੈਂਬਰ ਚੁਣੇ ਗਏ ਹਨ।
ਨਵੀਂ ਸਿਆਸੀ ਪਾਰਟੀ ਬਾਰੇ ਕੁਝ ਦਿਨ ਪਹਿਲਾਂ ਅਮ੍ਰਿਤਪਾਲ ਸਿੰਘ ਦੇ ਪਿਤਾ ਨੇ ਵੀ ਐਲਾਨ ਕੀਤਾ ਸੀ ਅਤੇ ਹੁਣ ਅਮ੍ਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਅਕਾਊਟ ਐਕਸ ਉੱਤੇ ਇੱਕ ਪੋਸਟ ਪਾ ਕੇ ਬਕਾਇਦਾ ਇਸ ਦਾ ਐਲਾਨ ਕੀਤਾ ਕੀ ਹੈ।

ਅਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਆਧਾਰ ਕੀ ਹੈ
ਪੰਜਾਬ ਦੇ ਚਾਰ ਵਿਧਾਨ ਸਭਾ ਹਲਕੇ-ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਹੁਸ਼ਿਆਰਪੁਰ ਵਿੱਚ ਜ਼ਿਮਨੀ ਚੋਣ ਹੋਣੀ ਹੈ ਅਤੇ ਅਜਿਹੇ ਵਿੱਚ ਇਸ ਸਿਆਸੀ ਪਾਰਟੀ ਦੇ ਐਲਾਨ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
ਨਵੀਂ ਸਿਆਸੀ ਧਿਰ ਬਾਰੇ ਅਮ੍ਰਿਤਪਾਲ ਸਿੰਘ ਨੇ ਜੋ ਐਕਸ ਉੱਤੇ ਜਾਣਕਾਰੀ ਦਿੱਤੀ ਹੈ ਉਸ ਮੁਤਾਬਕ ‘ਪੰਜਾਬ ਨੂੰ ਇੱਕ ਖੇਤਰੀ ਸਿਆਸੀ ਧਿਰ ਦੀ ਲੋੜ ਹੈ ਅਤੇ ਇਸ ਦਾ ਮੰਤਵ ਸੂਬੇ ਦੇ ਹੱਕਾਂ ਲਈ ਸੰਘਰਸ਼ ਲੜਨਾ ਹੈ’।
ਇਸ ਤੋਂ ਪਹਿਲਾਂ ਅਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਦਾ ਕਹਿਣਾ ਹੈ, "ਪੰਜਾਬ ਦੀ ਸਥਿਤੀ ਨਾਜ਼ੁਕ ਦੌਰ ਵਿੱਚ ਲੰਘ ਰਹੀ ਹੈ, ਸਮਾਜਿਕ ਅਤੇ ਰਾਜਨੀਤਿਕ ਨਿਘਾਰ ਆ ਰਿਹਾ ਹੈ ਇਸ ਕਰ ਕੇ ਉਹ ਇੱਕ ਅਜਿਹੀ ਸਿਆਸੀ ਧਿਰ ਬਣਾਉਣ ਜਾ ਰਹੇ ਹਨ ਜੋ ਸਿੱਖਾਂ ਦੇ ਹਿਤਾਂ ਦੀ ਰਾਖੀ ਕਰ ਸਕੇ।"
ਅਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਮੁਤਾਬਕ ਨਵੀਂ ਸਿਆਸੀ ਧਿਰ ਪੂਰੇ ਪੰਜਾਬ ਦੀ ਰਾਜਨੀਤਿਕ ਪਾਰਟੀ ਹੋਵੇਗੀ ਜੋ ਧਰਮ ਨਿਰਪੱਖਤਾ ਨਾਲ ਕੰਮ ਕਰੇਗੀ ਅਤੇ ਇਸ ਵਿੱਚ ਹਰ ਧਰਮ ਨੂੰ ਬਰਾਬਰ ਦਾ ਸਨਮਾਨ ਦਿੱਤਾ ਜਾਵੇਗਾ।
ਉਨ੍ਹਾਂ ਮੁਤਾਬਕ ਪਾਰਟੀ ਦਾ ਮੁੱਖ ਏਜੰਡਾ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਹੈ।
ਪਾਰਟੀ ਦਾ ਨਾਮ ਕੀ ਹੋਵੇਗਾ ਇਸ ਬਾਰੇ ਨਾ ਤਾਂ ਅਮ੍ਰਿਤਪਾਲ ਸਿੰਘ ਦੀ ਟੀਮ ਵੱਲੋਂ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਖ਼ੁਲਾਸਾ ਕੀਤਾ ਹੈ।

ਤਸਵੀਰ ਸਰੋਤ, ANI
ਅਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਸਿਆਸੀ ਭਵਿੱਖ ਕੀ ਹੈ
ਯਾਦ ਰਹੇ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਖਡੂਰ ਸਾਹਿਬ ਤੋਂ ਅਮ੍ਰਿਤਪਾਲ ਸਿੰਘ ਅਤੇ ਫ਼ਰੀਦਕੋਟ (ਰਾਖਵੀਂ) ਤੋਂ ਸਰਬਜੀਤ ਸਿੰਘ ਖ਼ਾਲਸਾ ਚੋਣ ਜਿੱਤੇ ਕੇ ਲੋਕ ਸਭਾ ਪਹੁੰਚੇ ਹਨ ਅਤੇ ਦੋਵਾਂ ਨੇ ਇਹ ਚੋਣ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਲੜੀ ਸੀ।
ਅਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਿਸਤਾਨੀ ਵਿਚਾਰਧਾਰਾ ਦੇ ਸਮਰਥਕ ਹਨ।
ਉੱਘੇ ਸਿਆਸੀ ਵਿਸ਼ਲੇਸ਼ਕ ਡਾਕਟਰ ਪ੍ਰਮੋਦ ਕੁਮਾਰ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਬਰਾਬਰ ਪੰਥਕ ਧਿਰ ਬਣਾਉਣ ਦੀ ਇਹ ਕੋਈ ਪਹਿਲੀ ਕੋਸ਼ਿਸ਼ ਨਹੀਂ ਹੈ ਸਗੋਂ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਕੋਸ਼ਿਸ਼ਾਂ ਹੋਈਆਂ ਪਰ ਉਹ ਕਾਮਯਾਬ ਨਹੀਂ ਹੋ ਸਕੀਆਂ।
ਉਨ੍ਹਾਂ ਮੁਤਾਬਕ ਅਮ੍ਰਿਤਪਾਲ ਸਿੰਘ ਦਾ ਪਰਿਵਾਰ ਜਿਹੜੇ ਸੁਧਾਰਾਂ ਦੀ ਗੱਲ ਕਰਦਾ ਹੈ ਜੇਕਰ ਉਹ ਇੰਨੇ ਸੌਖੇ ਹੋਣ ਤਾਂ ਸਰਕਾਰ ਆਪ ਇਹ ਕਰ ਸਕਦੀ ਹੈ।
ਉਨ੍ਹਾਂ ਆਖਿਆ, "ਅਮ੍ਰਿਤਪਾਲ ਸਿੰਘ ਦੀ ਖ਼ਾਲਿਸਤਾਨੀ ਪੱਖੀ ਸੋਚ ਹੈ ਅਤੇ ਸਮਾਜ ਇਸ ਵਿਚਾਰਧਾਰਾ ਬਾਰੇ ਕੀ ਸੋਚਦਾ ਹੈ ਇਹ ਕਾਫੀ ਅਹਿਮ ਹੈ। ਜੇਕਰ ਕੋਈ ਧਿਰ ਇਹ ਸੋਚਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਕਮਜ਼ੋਰੀ ਦਾ ਫ਼ਾਇਦਾ ਉਨ੍ਹਾਂ ਨੂੰ ਮਿਲੇਗਾ ਤਾਂ ਇਹ ਆਸਾਰ ਫ਼ਿਲਹਾਲ ਕਾਫ਼ੀ ਘੱਟ ਨਜ਼ਰ ਆ ਰਹੇ ਹਨ।"
ਦੂਜੇ ਪਾਸੇ ਅਮ੍ਰਿਤਪਾਲ ਸਿੰਘ ਨਾਲ ਜੁੜਿਆਂ ਧੜਾ ਮੰਨਦਾ ਹੈ ਕਿ ਅਕਾਲੀ ਦਲ ਦੀ ਕਮਜ਼ੋਰੀ ਦਾ ਫ਼ਾਇਦਾ ਉਨ੍ਹਾਂ ਨੂੰ ਸਿਆਸੀ ਤੌਰ ਉੱਤੇ ਹੋ ਸਕਦਾ ਹੈ।
ਇਹ ਗੱਲ ਅਮ੍ਰਿਤਪਾਲ ਸਿੰਘ ਦੇ ਟਵੀਟ ਤੋਂ ਵੀ ਸਪਸ਼ਟ ਹੁੰਦੀ ਹੈ ਜਿਸ ਵਿੱਚ ਉਹ ਆਖਦੇ ਹਨ, "ਅਕਾਲੀ ਦਲ ਦੇ ਕਮਜ਼ੋਰ ਹੋਣ ਨਾਲ ਸਿੱਖਾਂ ਦੇ ਮੁੱਦੇ ਸਿਆਸਤ ਵਿਚੋਂ ਮਨਫ਼ੀ ਹੋ ਚੁੱਕੇ ਹਨ ਅਤੇ ਬਾਕੀ ਪੰਥਕ ਧਿਰਾਂ ਜ਼ਮੀਨੀ ਪੱਧਰ ਉੱਤੇ ਲੋਕਾਂ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਹੀਆਂ ਹਨ’।

ਜਾਣਕਾਰ ਇਹ ਮੰਨਦੇ ਹਨ ਕਿ ਪੰਜਾਬ ਦੇ ਵੱਖ ਵੱਖ ਮੁੱਦਿਆਂ ਬਾਰੇ ਅਮ੍ਰਿਤਪਾਲ ਸਿੰਘ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਹੋਵੇਗਾ ਕਿਉਂਕਿ ਸਿੱਖਾਂ ਤੋਂ ਇਲਾਵਾ ਸੂਬੇ ਵਿੱਚ ਹੋਰ ਧਿਰਾਂ ਦੀ ਕਾਫ਼ੀ ਜ਼ਿਆਦਾ ਅਹਿਮੀਅਤ ਹੈ।
ਜਾਣਕਾਰ ਇਹ ਵੀ ਮੰਨਦੇ ਹਨ ਕਿ ਅਮ੍ਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਦਾ ਰਾਹ ਸੌਖਾ ਨਹੀਂ ਹੈ ਕਿ ਕਿਉਂਕਿ ਪਾਰਟੀ ਦਾ ਜਥੇਬੰਦਕ ਢਾਂਚਾ ਕੋਈ ਨਹੀਂ ਹੈ ਅਤੇ ਖਡੂਰ ਸਾਹਿਬ ਅਤੇ ਫ਼ਰੀਦਕੋਟ ਤੋਂ ਜੋ ਜਿੱਤ ਮਿਲੀ ਹੈ ਉਹ ਆਜ਼ਾਦ ਉਮੀਦਵਾਰ ਵਜੋਂ ਹੈ ਨਾ ਕਿ ਸਿਆਸੀ ਪਾਰਟੀ ਦੇ ਤੌਰ ਉੱਤੇ।
ਜਾਣਕਾਰਾਂ ਮੁਤਾਬਕ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ ਪਰ ਫਿਰ ਇਸ ਦਾ ਪਿੰਡਾਂ ਵਿੱਚ ਵੱਡਾ ਆਧਾਰ ਹੈ।
ਅਮ੍ਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਦਾ ਏਜੰਡਾ ਅਤੇ ਸੰਵਿਧਾਨ ਕੀ ਹੋਵੇਗਾ ਇਹ ਸਪੱਸ਼ਟ ਹੋਣ ਤੋਂ ਬਾਅਦ ਹੀ ਇਸ ਸਿਆਸੀ ਪਾਰਟੀ ਦਾ ਭਵਿੱਖ ਤੈਅ ਹੋਵੇਗਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਕੁਲਦੀਪ ਸਿੰਘ ਮੁਤਾਬਕ ਅਮ੍ਰਿਤਪਾਲ ਸਿੰਘ ਦੀ ਰਾਜਸੀ ਪਾਰਟੀ ਦਾ ਭਵਿੱਖ ਕੀ ਹੋਵੇਗਾ ਇਸ ਬਾਰੇ ਫ਼ਿਲਹਾਲ ਟਿੱਪਣੀ ਕਰਨੀ ਜਲਦਬਾਜ਼ੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੇ ਕਮਜ਼ੋਰ ਹੋਣ ਉਤੇ ਨਵੀਂ ਪੰਥਕ ਧਿਰ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਪਹਿਲਾਂ ਵੀ ਹੋ ਚੁੱਕੀਆਂ ਹਨ ਪਰ ਇਹ ਕੋਸ਼ਿਸ਼ ਲੰਮਾ ਸਮਾਂ ਨਹੀਂ ਚੱਲ ਸਕੀਆਂ।

ਤਸਵੀਰ ਸਰੋਤ, GETTY IMAGES/SARABJIT SINGH KHALSA/FACEBOOK
ਪ੍ਰੋਫੈਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਇੱਕ ਸਮਾਂ ਸੀ, ਜਦੋਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਪੰਜਾਬ ਦੀਆਂ 13 ਵਿਚੋਂ 6 ਸੀਟਾਂ ਜਿੱਤ ਲਈਆਂ ਸਨ ਪਰ ਇਸ ਦੇ ਬਾਵਜੂਦ ਇਹ ਪਾਰਟੀ ਅਕਾਲੀ ਦਲ ਦੀ ਥਾਂ ਨਹੀਂ ਲੈ ਸਕੀ।
ਉਨ੍ਹਾਂ ਮੰਨਿਆ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਲੋਕ ਪੰਥਕ ਮੁੱਦਿਆਂ ਦੀ ਤਵੱਕੋਂ ਜ਼ਿਆਦਾ ਕਰਦੇ ਹਨ ਇਸ ਕਰਕੇ ਅਕਾਲੀ ਦਲ ਸਿਆਸੀ ਤੌਰ ਉੱਤੇ ਫ਼ਿਲਹਾਲ ਕਮਜ਼ੋਰ ਜ਼ਰੂਰ ਹੈ ਪਰ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇਸ ਦਾ ਆਧਾਰ ਅਜੇ ਵੀ ਮਜ਼ਬੂਤ ਹੈ।
ਪੰਜਾਬ ਦੀ ਸਿਆਸੀ ਫਿਜ਼ਾ ਨੂੰ ਸਮਝਣ ਵਾਲੇ ਅਤੇ ਪੰਥਕ ਰਾਜਨੀਤੀ ਦੀ ਸਮਝ ਰੱਖਣ ਵਾਲੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਮੁਤਾਬਕ ਜੇਕਰ ਕੋਈ ਧਿਰ ਖ਼ਾਲਸਾ ਰਾਜ ਵਾਲੀ ਖੇਤਰੀ ਪਾਰਟੀ ਬਣਾਉਣ ਦਾ ਖ਼ਿਆਲ ਰੱਖਦੇ ਹਨ ਤਾਂ ਮੌਜੂਦਾ ਸਮੇਂ ਵਿੱਚ ਇਹ ਚੱਲ ਨਹੀਂ ਸਕਦੀ।
ਉਨ੍ਹਾਂ ਮੁਤਾਬਕ ਇਸ ਪਾਰਟੀ ਦਾ ਵੀ ਭਵਿੱਖ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲਾ ਹੀ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਡੈਮੋਕ੍ਰੇਟਿਕ ਪੱਧਰ ਉੱਤੇ ਖੇਤਰੀ ਪਾਰਟੀ ਜ਼ਰੂਰ ਬਣ ਸਕਦੀ ਹੈ ਪਰ ਇਕੱਲੇ ਸਿੱਖਾਂ ਦੀ ਗੱਲ ਕਰਨ ਵਾਲੀ ਪਾਰਟੀ ਦਾ ਭਵਿੱਖ ਜ਼ਿਆਦਾ ਸੁਰੱਖਿਅਤ ਨਹੀਂ ਹੈ ਅਤੇ ਇਸ ਪਿੱਛੇ ਕਈ ਕਾਰਨ ਵੀ ਹਨ ਕਿਉਂਕਿ ਮੌਜੂਦਾ ਸਮੇਂ ਵਿੱਚ ਸਿੱਖਾਂ ਦੀਆਂ ਕਈ ਧਿਰਾਂ ਬਣ ਗਈਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












