ਆਮ ਨਾਲੋਂ ਮਹਿੰਗੀਆਂ ਵਿਕਣ ਵਾਲੀਆਂ ਰੰਗ-ਬਿਰੰਗੀਆਂ ਸ਼ਿਮਲਾ ਮਿਰਚਾਂ ਨਾਲ ਕਿਸਾਨ ਕਿਵੇਂ ‘ਲੱਖਾਂ ਰੁਪਏ ਕਮਾ ਰਹੇ’

ਰੰਗ-ਬਿਰੰਗੀਆਂ ਸ਼ਿਮਲਾ ਮਿਰਚਾਂ

ਤਸਵੀਰ ਸਰੋਤ, Getty Images

    • ਲੇਖਕ, ਕਮਲ ਸੈਣੀ
    • ਰੋਲ, ਬੀਬੀਸੀ ਸਹਿਯੋਗੀ

ਬਾਜ਼ਾਰ ਵਿੱਚ ਪਈਆਂ ਲਾਲ-ਪੀਲੀਆਂ ਸ਼ਿਮਲਾ ਮਿਰਚਾਂ (ਬੈੱਲ ਪੈਪਰ) ਨੇ ਤੁਹਾਡਾ ਵੀ ਧਿਆਨ ਖਿੱਚਿਆਂ ਹੋਣਾ ਪਰ ਇਸ ਦੀ ਕੀਮਤ ਆਮ ਸ਼ਿਮਲਾ ਮਿਰਚ ਨਾਲੋਂ ਵੱਧ ਹੋਣ ਕਾਰਨ ਤੁਸੀਂ ਪੈਰ ਪਿਛਾਂਹ ਵੀ ਕੀਤੇ ਹੋਣੇ ਹਨ।

ਆਮ ਯਾਨਿ ਕਿ ਹਰੀਆਂ ਸ਼ਿਮਲਾ ਮਿਰਚਾਂ ਨਾਲੋਂ ਕਿਤੇ ਮਹਿੰਗੀਆਂ ਵਿਕਣ ਵਾਲੀਆਂ ਇਨ੍ਹਾਂ ਰੰਗ-ਬਿਰੰਗੀਆਂ ਸ਼ਿਮਲਾ ਮਿਰਚਾਂ ਦੀ ਖੇਤੀ ਕਿਸਾਨ ਕਿਵੇਂ ਕਰਦੇ ਹਨ ਤੇ ਬਾਕੀ ਫਸਲਾਂ ਨਾਲੋਂ ਇਨ੍ਹਾਂ ਉੱਤੇ ਕਿੰਨੀ ਮਸ਼ੱਕਤ ਵੱਧ ਕਰਨੀ ਪੈਂਦੀ ਹੈ।

ਹਰਿਆਣਾ ਵਿੱਚ ਕੁਝ ਕਿਸਾਨ ਰੰਗ-ਬਿਰੰਗੀਆਂ ਸ਼ਿਮਲਾ ਮਿਰਚਾਂ ਦੀ ਖੇਤੀ ਕਰ ਰਹੇ ਹਨ ਤੇ ਇਸ ਤੋਂ ਚੰਗਾ ਮੁਨਾਫਾ ਵੀ ਕਮਾ ਰਹੇ ਹਨ।

ਚੇਤਨ ਸੈਣੀ

ਤਸਵੀਰ ਸਰੋਤ, Kamal Saini/BBC

ਤਸਵੀਰ ਕੈਪਸ਼ਨ, ਚੇਤਨ ਸੈਣੀ 2017 ਤੋਂ ਸ਼ਿਮਲਾ ਮਿਰਚਾ ਦੀ ਖੇਤੀ ਕਰ ਰਹੇ ਹਨ

ਜ਼ਿਲ੍ਹਾ ਕੁਰੂਕਸ਼ੇਤਰ ਦੇ ਪ੍ਰਤਾਪਗੜ੍ਹ ਦੇ ਰਹਿਣ ਵਾਲੇ ਕਿਸਾਨ ਚੇਤਨ ਸੈਣੀ ਨੇ ਦੱਸਿਆ ਕਿ ਉਨ੍ਹਾਂ ਨੇ 2017 ਵਿੱਚ ਇੱਕ ਏਕੜ ਵਿੱਚ ਬਾਗ਼ਬਾਨੀ ਵਿਭਾਗ ਦੀ ਮਦਦ ਨਾਲ ਆਪਣਾ ਪੋਲੀ ਹਾਊਸ ਲਗਾਇਆ ਗਿਆ ਸੀ।

ਇਸ ਪੋਲੀਹਾਊਸ ਵਿੱਚ ਉਹ ਖੀਰੇ ਅਤੇ ਰੰਗ-ਬਿਰੰਗੀਆਂ ਸ਼ਿਮਲਾ ਮਿਰਚਾਂ (ਲਾਲ ਅਤੇ ਪੀਲੀਆਂ) ਦੀ ਖੇਤੀ ਕਰ ਰਹੇ ਹਨ।

ਉਨ੍ਹਾਂ ਦਾ ਦਾਅਵਾ ਹੈ ਕਿ ਉਹ ਇਸ ਦੀ ਖੇਤੀ ਨਾਲ ਚੰਗਾ ਮੁਨਾਫਾ ਵੀ ਕਮਾ ਰਹੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਦਰਅਸਲ, ਪਹਿਲਾਂ ਉਹ ਰਵਾਇਤੀ ਖੇਤੀ ਕਰਦੇ ਸਨ ਪਰ ਉਨ੍ਹਾਂ ਦੇ ਇੱਕ ਜਾਣਕਾਰ ਨੇ ਉਨ੍ਹਾਂ ਨੂੰ ਰੰਗੀਨ ਸ਼ਿਮਲਾ ਮਿਰਚਾਂ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ।

ਇਸ ਤੋਂ ਬਾਅਦ ਤਾਂ ਚੇਤਨ ਨੇ ਬਾਗ਼ਬਾਨੀ ਵਿਭਾਗ ਤੋਂ ਇਸ ਖੇਤੀ ਬਾਰੇ ਵਧੇਰੇ ਜਾਣਕਾਰੀ ਲਈ ਜਿਸ ਮਗਰੋਂ ਉਨ੍ਹਾਂ ਨੇ ਇਸ ਫ਼ਸਲ ਵਿੱਚ ਆਉਣ ਦਾ ਫ਼ੈਸਲਾ ਲਿਆ।

ਉਨ੍ਹਾਂ ਮੁਤਾਬਕ, ਉਹ ਪਹਿਲਾਂ ਅਪ੍ਰੈਲ ਤੋਂ ਜੁਲਾਈ ਤੱਕ 4 ਮਹੀਨੇ ਖੀਰੇ ਦੀ ਖੇਤੀ ਕਰਦੇ ਹਨ ਤੇ ਉਸ ਤੋਂ ਬਾਅਦ ਰੰਗੀਨ ਸ਼ਿਮਲਾ ਮਿਰਚ ਬੀਜਦੇ ਹਨ।

ਸ਼ਿਮਲਾ ਮਿਰਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਜ਼ਾਰ ਵਿੱਚ ਮੌਜੂਜ ਰੰਗ-ਬਿਰੰਗੀਆਂ ਸ਼ਿਮਲਾ ਮਿਰਚਾਂ ਅਕਸਰ ਧਿਆਨ ਖਿੱਚਦੀਆਂ ਹਨ

ਬੀਬੀਸੀ ਨਾਲ ਗੱਲ ਕਰਦਿਆਂ ਚੇਤਨ ਸੈਣੀ ਦੱਸਦੇ ਹਨ, "ਅਸੀਂ ਸਾਲ ਵਿੱਚ ਦੋ ਫ਼ਸਲਾ ਕੱਢਦੇ ਹਾਂ। 20 ਅਪ੍ਰੈਲ ਤੋਂ ਅਸੀਂ ਖੀਰੇ ਦੀ ਬਿਜਾਈ ਕਰਦੇ ਹਾਂ ਅਤੇ 30-40 ਦਿਨਾਂ ਅੰਦਰ ਸਾਡਾ ਖੀਰਾ ਪੈਕ ਹੋ ਕੇ ਮਾਰਕਿਟ ਵਿੱਚ ਚਲਿਆ ਜਾਂਦਾ ਹੈ।"

"ਸਾਡੇ ਖੀਰੇ ਤਿੰਨ ਤੋਂ ਚਾਰ ਮਹੀਨੇ ਚੱਲਦੇ ਹਨ। ਫਿਰ ਉਸ ਤੋਂ ਬਾਅਦ ਅਸੀਂ ਅਗਸਤ ਵਿੱਚ ਸ਼ਿਮਲਾ ਮਿਰਚ ਬੀਜਦੇ ਹਾਂ। ਇਹ ਸਾਡੀਆਂ 7-8 ਮਹੀਨੇ ਯਾਨਿ ਮਾਰਚ-ਅਪ੍ਰੈਲ ਤੱਕ ਚੱਲਦੀਆਂ ਹਨ।"

ਸ਼ਿਮਲਾ ਮਿਰਚ

ਤਸਵੀਰ ਸਰੋਤ, Kamal Saini/BBC

ਤਸਵੀਰ ਕੈਪਸ਼ਨ, ਉਨ੍ਹਾਂ ਕਿਹਾ ਕਿ ਸਰਦੀਆਂ ਦੌਰਾਨ ਸ਼ਿਮਲਾ ਮਿਰਚ 250 ਤੋਂ 300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਸੀ

ਖਰਚਾ ਅਤੇ ਆਮਦਨ

ਇਸ ਖੇਤੀ ਉੱਤੇ ਖਰਚੇ ਬਾਰੇ ਦੱਸਦਿਆਂ ਚੇਤਨ ਸੈਣੀ ਕਹਿੰਦੇ ਹਨ, "ਮਜ਼ਦੂਰ, ਸਪ੍ਰੇਅ ਆਦਿ ਮਿਲਾ ਕੇ ਇਸ ʼਤੇ ਸਾਡਾ ਕੋਈ ਢਾਈ-ਤਿੰਨ ਲੱਖ ਰੁਪਏ ਦਾ ਖਰਚ ਆ ਜਾਂਦਾ ਹੈ। ਜੇਕਰ ਆਮਦਨੀ ਦੀ ਗੱਲ ਕਰੀਏ ਤਾਂ ਇਸ ਤੋਂ ਕੁੱਲ ਆਮਦਨ 7-8 ਲੱਖ ਰੁਪਏ ਨਿਕਲ ਆਉਂਦੀ ਹੈ ਤੇ ਖਰਚਾ ਕੱਢ ਕੇ ਸਾਨੂੰ ਕਰੀਬ 4-5 ਲੱਖ ਰੁਪਏ ਬਚ ਜਾਂਦੇ ਹਨ।"

ਉਹ ਦੱਸਦੇ ਹਨ ਕਿ ਪ੍ਰਤੀ ਏਕੜ ਵਿੱਚੋਂ 7-8 ਕੁਇੰਟਲ ਸ਼ਿਮਲਾ ਮਿਰਚ ਨਿਕਲ ਜਾਂਦੀਆਂ ਹਨ। ਇਸਦਾ ਮੁੱਲ ਤਾਂ ਮਾਰਕਿਟ ਦੇ ਹਿਸਾਬ ਨਾਲ ਹੁੰਦਾ ਹੈ। ਫਿਲਹਾਲ ਇਸ ਦਾ ਰੇਟ ਅੱਜਕੱਲ੍ਹ 60-70 ਚੱਲ ਰਿਹਾ ਹੈ।

ਉਹ ਕਹਿੰਦੇ ਹਨ, "ਰੇਟ ਤਾਂ ਮਾਰਕਿਟ ਦੇ ਹੱਥ ਵਿੱਚ ਹੈ, ਸਾਡੇ ਹੱਥ ਵਿੱਚ ਨਹੀਂ ਹੈ।"

ਚੇਤਨ ਸੈਣੀ ਦੱਸਦੇ ਹਨ ਕਿ ਪੋਲੀਹਾਊਸ ਵਿੱਚ ਕਿਸੇ ਵੀ ਕਿਸਮ ਦੀ ਸਬਜ਼ੀ ਜਾਂ ਫੁੱਲਾਂ ਦੀ ਖੇਤੀ ਕੀਤੀ ਜਾ ਸਕਦੀ ਹੈ। ਪਰ ਉਹ ਖੀਰੇ ਅਤੇ ਸ਼ਿਮਲਾ ਮਿਰਚ ਬੀਜਦੇ ਹਨ।

ਚੇਤਨ ਦੱਸਦੇ ਹਨ ਕਿ ਜੇਕਰ ਰਵਾਇਤੀ ਤਰੀਕੇ ਨਾਲ ਖੇਤੀ ਕੀਤੀ ਜਾਵੇ ਤਾਂ ਇੱਕ ਸਾਲ ਵਿੱਚ ਝੋਨੇ ਅਤੇ ਕਣਕ ਦੀ ਖੇਤੀ ਵਿੱਚ ਸ਼ਾਇਦ ਹੀ ਡੇਢ-ਦੋ ਲੱਖ ਰੁਪਏ ਦੀ ਬੱਚਤ ਹੁੰਦੀ ਹੈ।

"ਪਰ ਜੇਕਰ ਪੋਲੀਹਾਊਸ ਦੀ ਗੱਲ ਕਰੀਏ ਤਾਂ ਮੈਂ 1 ਏਕੜ ਤੋਂ 10 ਏਕੜ ਦੇ ਬਰਾਬਰ ਖੇਤੀ ਕਰ ਰਿਹਾ ਹਾਂ।"

ਉਨ੍ਹਾਂ ਕਿਹਾ ਕਿ ਸਰਦੀਆਂ ਦੌਰਾਨ ਸ਼ਿਮਲਾ ਮਿਰਚ 250 ਤੋਂ 300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਸੀ, ਪਰ ਗਰਮੀਆਂ ਸ਼ੁਰੂ ਹੋਣ ਨਾਲ ਇਹ ਥੋੜ੍ਹਾ ਮੱਠਾ ਪੈ ਗਿਆ ਹੈ।

ਚੇਤਨ ਸੈਣੀ

ਤਸਵੀਰ ਸਰੋਤ, Kamal Saini/BBC

ਹੋਰਨਾਂ ਨੂੰ ਵੀ ਰੁਜ਼ਗਾਰ

ਉਹ ਕਹਿੰਦੇ ਹਨ ,''ਰੰਗੀਨ ਸ਼ਿਮਲਾ ਮਿਰਚ ਖ਼ਾਸ ਹੈ, ਇਸ ਲਈ ਇਸ ਦੀ ਕੀਮਤ ਜ਼ਿਆਦਾ ਹੈ, ਇਹ ਦਿੱਲੀ ਆਜ਼ਾਦਪੁਰ ਮੰਡੀ ਵਿੱਚ ਸਪਲਾਈ ਹੁੰਦੀ ਹੈ। ਇੰਨਾਂ ਹੀ ਨਹੀਂ ਦੂਜਿਆਂ ਨੂੰ ਵੀ ਰੁਜ਼ਗਾਰ ਦਿੱਤਾ ਜਾਂਦਾ ਹੈ।''

ਉਨ੍ਹਾਂ ਦੱਸਿਆ ਕਿ ਪੋਲੀ ਹਾਊਸ ਬਣਾਉਣ ਨਾਲ ਜਿੱਥੇ ਕਿਸਾਨ ਪਰਿਵਾਰ ਨੂੰ ਮਦਦ ਮਿਲਦੀ ਹੈ, ਉੱਥੇ ਹੀ ਇਸ ਨਾਲ ਮਜ਼ਦੂਰਾਂ ਨੂੰ ਵੀ ਬਲ ਮਿਲਦਾ ਹੈ ਕਿਉਂਕਿ ਪੋਲੀ ਹਾਊਸ ਵਿੱਚ ਕਰੀਬ 5 ਤੋਂ 7 ਮਜ਼ਦੂਰ 12 ਮਹੀਨੇ ਮਜ਼ਦੂਰੀ ਲਈ ਰਹਿੰਦੇ ਹਨ।

ਚੇਤਨ ਮੁਤਾਬਕ ਉਨ੍ਹਾਂ ਦੇ ਪੋਲੀਹਾਊਸ ਵਿੱਚ 4-5 ਮਜ਼ਦੂਰ ਹਮੇਸ਼ਾ ਲੱਗੇ ਰਹਿੰਦੇ ਹਨ, ਜਿਨ੍ਹਾਂ ਵਿੱਚ ਔਰਤਾਂ ਸ਼ਾਮਲ ਹਨ।

ਇਸ ਨੂੰ ਤੋੜਨ ਤੋਂ ਬਾਅਦ ਉਹ ਪੈਕਿੰਗ ਕਰਕੇ ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਸਪਲਾਈ ਕਰਦੇ ਹਨ ਅਤੇ ਉਨ੍ਹਾਂ ਦਾ ਪੈਸਾ ਸਿੱਧਾ ਉਨ੍ਹਾਂ ਦੇ ਅਕਾਊਂਟ ਵਿੱਚ ਕਮਿਸ਼ਨ ਏਜੰਟ ਵੱਲੋਂ ਪਾ ਦਿੱਤਾ ਜਾਂਦਾ ਹੈ।

ਸ਼ਿਮਲਾ ਮਿਰਚ

ਤਸਵੀਰ ਸਰੋਤ, Kamal Saini/BBC

ਤਸਵੀਰ ਕੈਪਸ਼ਨ, ਚੇਤਨ ਨੇ ਲਾਲ ਅਤੇ ਪੀਲੇ ਰੰਗ ਦੀ ਸ਼ਿਮਲਾ ਮਿਰਚ ਬੀਜੀ ਹੋਈ ਹੈ

ਬਾਗ਼ਬਾਨੀ ਵਿਭਾਗ ਵੱਲੋਂ ਸਬਸਿਡੀ

ਚੇਤਨ ਸੈਣੀ ਦੱਸਦੇ ਹਨ ਕਿ ਉਨ੍ਹਾਂ ਨੂੰ ਪੋਲੀ ਹਾਊਸ ਬਣਾਉਣ ਲਈ ਬਾਗ਼ਬਾਨੀ ਵਿਭਾਗ ਵੱਲੋਂ 65 ਫੀਸਦੀ ਗਰਾਂਟ ਦਿੱਤੀ ਗਈ ਸੀ ਅਤੇ ਕੁੱਲ 10 ਲੱਖ ਰੁਪਏ ਖਰਚ ਕੀਤੇ ਗਏ ਸਨ।

ਸਰਕਾਰ ਸਬਜ਼ੀਆਂ ਉਗਾਉਣ ਲਈ ਬੀਜਾਂ ਅਤੇ ਪੌਦਿਆਂ 'ਤੇ ਸਬਸਿਡੀ ਵੀ ਦਿੰਦੀ ਹੈ, ਜਿਸ ਨਾਲ ਕਿਸਾਨ ਨੂੰ ਬਹੁਤ ਫਾਇਦਾ ਹੁੰਦਾ ਹੈ।

ਉਨ੍ਹਾਂ ਦੇ ਪਿਤਾ ਨੰਦ ਕਿਸ਼ੋਰ ਦਾ ਕਹਿਣਾ ਹੈ ਕਿ ਇਸ ਵਿੱਚ ਮਿਹਨਤ ਵੀ ਬਹੁਤ ਕਰਨੀ ਪੈਂਦੀ ਹੈ ਅਤੇ ਮਜ਼ਦੂਰ ਵੀ ਕਾਫੀ ਲਗਾਉਣੇ ਪੈਂਦੇ ਹਨ। ਦਵਾਈ ਵਗੈਰਾ ਪਾਉਣੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ 7 ਕੁ ਕਨਾਲ ਵਿੱਚ ਖੇਤੀ ਕੀਤੀ ਹੋਈ ਹੈ।

ਉਹ ਆਖਦੇ ਹਨ, "ਸਰਕਾਰ ਸਬਸਿਡੀ ਦਿੰਦੀ ਹੈ, ਜੇ ਸਬਸਿਡੀ ਨਾ ਮਿਲੇ ਤਾਂ ਜ਼ਿਮੀਂਦਾਰ ਲਗਾ ਹੀ ਨਹੀਂ ਸਕਦਾ ਹੈ।"

''ਜ਼ਿਮੀਂਦਾਰ ਦੀ ਆਪਣੀ ਕੋਈ ਹਿੰਮਤ ਨਹੀਂ ਹੈ ਕਿ ਉਹ ਇੰਨਾ ਵੱਡਾ ਪ੍ਰੋਜੈਕਟ ਲਗਾ ਸਕੇ। ਸਰਕਾਰ ਦੀ ਮਦਦ ਨਾਲ ਹੀ ਚੱਲਦੇ ਹਨ। ਬੀਜਾਂ ʼਤੇ ਵੀ ਸਰਕਾਰ ਸਬਸਿਡੀ ਦਿੰਦੀ ਹੈ।''

ਸੱਤਿਆਨਰਾਇਣ

ਤਸਵੀਰ ਸਰੋਤ, Kamal Saini/BBC

ਤਸਵੀਰ ਕੈਪਸ਼ਨ, ਕੁਰੂਕਸ਼ੇਤਰ ਦੇ ਡੀਐੱਚਓ ਸੱਤਿਆ ਨਾਰਾਇਣ ਮੁਤਾਬਕ ਕੁਰੂਕਸ਼ੇਤਰ ਵਿੱਚ 7 ਤੋਂ 8 ਕਿਸਾਨ ਇਹ ਖੇਤੀ ਕਰ ਰਹੇ ਹਨ

ਉਧਰ ਕੁਰੂਕਸ਼ੇਤਰ ਦੇ ਡੀਐੱਚਓ ਸੱਤਿਆਨਾਰਾਇਣ ਨੇ ਦੱਸਿਆ ਕਿ ਕੁਰੂਕਸ਼ੇਤਰ ਵਿੱਚ 7 ਤੋਂ 8 ਕਿਸਾਨ ਇਹ ਖੇਤੀ ਕਰ ਰਹੇ ਹਨ। ਇਹ ਖੇਤੀ ਪੌਲੀਹਾਊਸ ਦੇ ਨਾਲ-ਨਾਲ ਬੀਜਾਂ ਅਤੇ ਪੌਦਿਆਂ 'ਤੇ ਵੀ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।

ਰੰਗੀਨ ਸ਼ਿਮਲਾ ਦੀ ਖੇਤੀ ਸੁਰੱਖਿਅਤ ਖੇਤੀ ਹੈ ਜੋ ਪੋਲੀਹਾਊਸ ਜਾਂ ਨੈੱਟਹਾਊਸ ਵਿੱਚ ਹੀ ਹੋ ਸਕਦੀ ਹੈ। ਇਸ ਲਈ ਸਰਕਾਰ ਪੌਦਿਆਂ ਅਤੇ ਬੀਜਾਂ ʼਤੇ 50 ਫੀਸਦ ਸਬਸਿਡੀ ਦਿੰਦੀ ਹੈ। ਇੱਕ ਏਕੜ ਵਿੱਚ 10 ਤੋਂ 12 ਹਜ਼ਾਰ ਪੌਦੇ ਲੱਗ ਜਾਂਦੇ ਹਨ।

ਉਹ ਦੱਸਦੇ ਹਨ, "ਇਨ੍ਹਾਂ ਦੀ ਮਾਰਕਿਟ ਲੋਕਲ ਨਹੀਂ ਹੈ ਚੰਡੀਗੜ੍ਹ-ਦਿੱਲੀ ਵਰਗੇ ਸ਼ਹਿਰਾਂ ਵਿੱਚ ਜਾਂਦੀ ਹੈ। ਇਸ ਦੀ ਮਾਰਕਿਟ ਕੀਮਤ 200-250 ਪ੍ਰਤੀ ਕਿਲੋ ਹੁੰਦੀ ਹੈ।"

"ਸਰਕਾਰ ਕਿਸਾਨ ਨੂੰ ਨੈੱਟਹਾਊਸ ਜਾਂ ਪੋਲੀਹਾਊਸ ਬਣਾਉਣ ਵੇਲੇ ਢਾਂਚੇ ਲਈ 50 ਫੀਸਦ ਸਹਾਇਤਾ ਦਿੰਦੀ ਹੈ ਅਤੇ ਉਸ ਵਿੱਚ ਜੋ ਫ਼ਸਲ ਹੁੰਦੀ ਭਾਵੇਂ ਸ਼ਿਮਲਾ ਮਿਰਚ ਲਗਾ ਲੈਣ ਜਾਂ ਖੀਰਾ ਲਗਾ ਲੈਣ, ਉਸ ਵਿੱਚ ਸਾਡੇ ਘਰੌਂਡਾ ਸਥਿਤ ਵੈਜੀਟੇਬਲ ਸੈਂਟਰ ਤੋਂ ਕਿਸਾਨ 50 ਫੀਸਦ ਦੀ ਸਬਸਿਡੀ ʼਤੇ ਆਪਣੇ ਪੌਦੇ ਤਿਆਰ ਕਰਵਾ ਸਕਦਾ ਹੈ।"

ਅਧਿਕਾਰੀ ਮੁਤਾਬਕ, ਇੱਕ ਕਿਸਾਨ ਪਰਿਵਾਰ ਇੱਕ ਕਿੱਲੇ ਤੱਕ ਲਗਾ ਸਕਦੀ ਹੈ।

ਪੋਲੀਹਾਊਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੋਲੀਹਾਊਸ ਬੇਮੌਸਮੀ ਸਬਜ਼ੀਆਂ ਲਈ ਤਿਆਰ ਕੀਤਾ ਜਾਂਦਾ ਹੈ (ਸੰਕੇਤਕ ਤਸਵੀਰ)

ਪੋਲੀਹਾਊਸ ਕੀ ਹੁੰਦਾ ਹੈ

ਪੋਲੀਹਾਊਸ ਜਾਂ ਨੈੱਟਹਾਊਸ ਚਾਰੇ ਪਾਸਿਆਂ ਤੋਂ ਢੱਕੀ ਹੋਈ ਜਗ੍ਹਾ ਹੈ ਜੋ ਮੁੱਖ ਤੌਰ 'ਤੇ ਆਫ-ਸੀਜ਼ਨ (ਬੇਮੌਸਮੀ) ਫ਼ਸਲਾਂ ਉਗਾਉਣ ਲਈ ਬਣਾਈ ਜਾਂਦੀ ਹੈ।

ਇਸ ਵਿੱਚ ਫ਼ਸਲ ਦੇ ਅਨੁਸਾਰ ਮੌਸਮ, ਨਮੀ, ਧੁੱਪ, ਛਾਂ ਨੂੰ ਕੰਟ੍ਰੋਲ ਕੀਤਾ ਜਾ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)