ਕੁਆਡ ਸਿਖ਼ਰ ਸੰਮੇਲਨ: ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਮੋਦੀ ਦੀ ਫੇਰੀ ਇੰਨੀ ਅਹਿਮ ਕਿਉਂ ਹੈ?

ਪ੍ਰਧਾਨ ਮੰਤਰੀ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਮੋਦੀ ਨਾਲ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (ਫਾਈਲ ਫੋਟੋ, 2023)
    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਲੰਡਨ ਤੋਂ ਬੀਬੀਸੀ ਸਹਿਯੋਗੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੰਨ ਦਿਨਾਂ ਅਮਰੀਕਾ ਫੇਰੀ ਅਜਿਹੇ ਮੌਕੇ ਹੋ ਰਹੀ ਹੈ, ਜਦੋਂ ਅਮਰੀਕਾ ਵਿੱਚ ਕੁਝ ਹਫ਼ਤਿਆਂ ਅੰਦਰ ਹੀ ਉੱਥੇ ਨਵੇਂ ਰਾਸ਼ਟਰਪਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ।

ਅਮਰੀਕਾ ਦੇ ਨਵੇਂ ਪ੍ਰਸ਼ਾਸਨ ਦੀ ਅਗਵਾਈ ਕਮਲਾ ਹੈਰਿਸ ਜਾਂ ਡੌਨਲਡ ਟਰੰਪ ਵਿੱਚੋਂ ਕੋਈ ਇੱਕ ਕਰੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਫੇਰੀ ਦੌਰਾਨ ਉਹ ਕਈ ਅਹਿਮ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਗੇ।

ਉਹ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ‘ਸਮਿਟ ਆਫ ਦਿ ਫਿਊਚਰ’ ਨੂੰ ਸੰਬੋਧਨ ਕਰਨਗੇ।

ਇਸ ਸਿਖ਼ਰ ਸੰਮੇਲਨ ਦਾ ਮੁੱਖ ਟੀਚਾ ਜਲਵਾਯੂ ਤਬਦੀਲੀ, ਤਕਨਾਲੋਜੀ ਅਤੇ ਗੈਰਬਰਾਬਰੀ ਵਰਗੀਆਂ ਵੱਡੀਆਂ ਚੁਣੌਤੀਆਂ ਨਾਲ ਨਜਿੱਠਣਾ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਜੋਅ ਬਾਇਡਨ ਦੇ ਜੱਦੀ ਸ਼ਹਿਰ ਵਿਲਮਿੰਗਟਨ ਵਿੱਚ ਰੱਖੇ ਗਏ ਕੁਆਡ ਸਿਖ਼ਰ ਸੰਮੇਲਨ ਵਿੱਚ ਹਿੱਸਾ ਲਿਆ। ਇੱਥੇ ਦੋਵਾਂ ਆਗੂਆਂ ਨੇ ਦੁਵੱਲੀ ਗੱਲਬਾਤ ਵੀ ਕੀਤੀ ਹੈ।

ਇਸ ਦੇ ਵਿਚਾਲੇ ਉਹ ਐਤਵਾਰ ਨੂੰ ਸਨਅਤੀ ਖੇਤਰ ਦੇ ਆਗੂਆਂ ਨੂੰ ਮਿਲਣਗੇ ਅਤੇ ਭਾਰਤੀ ਪਰਵਾਸੀਆਂ ਦੇ ਇਕੱਠ ਨੂੰ ਸੰਬੋਧਨ ਕੀਤਾ।

ਬਾਇਡਨ ਤੋਂ ਪਰੇ ਭਾਰਤ-ਅਮਰੀਕਾ ਦੇ ਸਬੰਧ

ਸਾਲ 2006 ਵਿੱਚ ਜਦੋਂ ਜੋਅ ਬਾਇਡਨ ਇੱਕ ਸੀਨੀਅਰ ਸੈਨੇਟਰ ਹੁੰਦੇ ਸਨ ਤਾਂ ਉਸ ਸਮੇਂ ਉਨ੍ਹਾਂ ਨੇ ਭਾਰਤ ਦੇ ਸੀਨੀਅਰ ਪੱਤਰਕਾਰ ਅਜ਼ੀਜ਼ ਹਨੀਫਾ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਪੇਸ਼ੀਨਗੋਈ ਕਰਦਿਆਂ ਕਿਹਾ ਸੀ,“2020 ਵਿੱਚ ਭਾਰਤ ਅਤੇ ਅਮਰੀਕਾ, ਦੁਨੀਆਂ ਦੇ ਦੋ ਸਭ ਤੋਂ ਨਜ਼ੀਦੀਕੀ ਦੇਸ ਹੋਣਗੇ।”

ਇਹ ਇੰਟਰਵਿਊ ਉਦੋਂ ਲਿਆ ਗਿਆ ਸੀ ਜਦੋਂ ਅਮਰੀਕੀ ਸੈਨੇਟ ਵੱਲੋਂ ਨਾਗਰਿਕ ਪਰਮਾਣੂ ਸਹਿਯੋਗ ਸਮਝੌਤੇ ’ਤੇ ਵਿਚਾਰ ਕੀਤੀ ਜਾ ਰਹੀ ਸੀ।

ਇੰਟਰਵਿਊ ਦੌਰਾਨ ਬਾਇਡਨ ਨੇ ਇਹ ਵੀ ਉਮੀਦ ਪ੍ਰਗਟਾਈ ਸੀ ਕਿ ਜਿਨ੍ਹਾਂ ਤਿੰਨ ਜਾਂ ਚਾਰ ਆਲਮੀ ਸੁਰੱਖਿਆ ਲਈ ਜੋ ਤਿੰਨ ਜਾਂ ਚਾਰ ਥੰਮ੍ਹ ਹੋਣਗੇ, ਭਾਰਤ ਤੇ ਅਮਰੀਕਾ ਉਨ੍ਹਾਂ ਵਿੱਚੋਂ ਦੋ ਹੋਣਗੇ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਨਰਿੰਦਰ ਮੋਦੀ ਦੀ ਬਾਇਡਨ ਦੇ ਕਾਰਜਕਾਲ ਦੇ ਆਖਰੀ ਦਿਨਾਂ ਵਿੱਚ ਹੋ ਰਹੀ ਇਹ ਮੁਲਾਕਾਤ ਕਾਫੀ ਮਹੱਤਵਪੂਰਨ ਹੈ।

ਵਿਸ਼ਲੇਸ਼ਕ ਸੀ ਰਾਜਾ ਮੋਹਨ ਨੇ ਲਿਖਿਆ,“2020 ਦੇ ਅੰਤ ਵਿੱਚ ਸਵਾਲ ਇਹ ਸੀ ਕਿ ਕੀ ਬਾਇਡਨ ਪ੍ਰਸ਼ਾਸਨ ਟਰੰਪ ਦੀਆਂ ਤਿੰਨ ਮੁੱਖ ਰਣਨੀਤੀਆਂ ਨੂੰ ਜਾਰੀ ਰੱਖਣਗੇ— ਅਫਗਾਨਿਸਤਾਨ ਵਿੱਚ ਲਗਾਤਾਰ ਫ਼ੌਜ ਦੀ ਮੌਜੂਦਗੀ ਦੀ ਨਾਕਾਮੀ ਨੂੰ ਮੰਨਣਾ, ਪਾਕਿਸਤਾਨ ਨਾਲ ਸਬੰਧਾਂ ਵਿੱਚ ਕਮੀ ਅਤੇ ਏਸ਼ੀਆ ਵਿੱਚ ਚੀਨੀ ਹਮਲੇ ਦਾ ਸਾਹਮਣਾ ਕਰਨਾ।”

“ਪਹਿਲੇ ਦੋ ਕਾਰਕਾਂ ਨੇ ਅਮਰੀਕੀ ਰਣਨੀਤੀ ਦੇ ਲਿਹਾਜ਼ ਵਿੱਚ ਪਾਕਿਸਤਾਨ ਨੂੰ ਹਾਸ਼ੀਏ ਉੱਤੇ ਧੱਕਿਆ..ਤੀਜਾ ਕਾਰਕ,ਚੀਨ ਨੂੰ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਅਮਰੀਕਾ ਦੇ ਹਿੱਸੇਦਾਰ ਵਜੋਂ ਦੇਖਣ ਤੋਂ ਬਾਅਦ ਬੀਜਿੰਗ ਨੂੰ ਵਾਸ਼ਿੰਗਟਨ ਲਈ ਇੱਕ ਚੁਣੌਤੀ ਵਜੋਂ ਪੇਸ਼ ਕਰਦਾ ਹੈ।”

ਪ੍ਰਧਾਨ ਮੰਤਰੀ ਮੋਦੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਮੋਦੀ ਅਮਰੀਕਾ ਦੌਰੇ ਲਈ ਸ਼ਨੀਵਾਰ ਨੂੰ ਫਿਲਾਡੇਲਫੀਆ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੇ

ਮਾਹਿਰਾਂ ਦਾ ਮੰਨਣਾ ਹੈ ਕਿ ਜੋਅ ਬਾਇਡਨ ਉਨ੍ਹਾਂ ਲੋਕਾਂ ਵਿੱਚੋਂ ਹਨ, ਜਿਨ੍ਹਾਂ ਦੀ ਅਮਰੀਕਾ-ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਨਿੱਜੀ ਦਿਲਚਸਪੀ ਰਹੀ ਹੈ।

ਵਾਸ਼ਿੰਗਟਨ ਡੀਸੀ ਦੇ ਵਿਲਸਨ ਸੈਂਟਰ ਥਿੰਕ ਟੈਂਕ ਵਿੱਚ ਦੱਖਣੀ ਏਸ਼ੀਆ ਇੰਸਟੀਚਿਊਟ ਦੇ ਡਾਇਰੈਕਟਰ ਮਾਈਕਲ ਕੁਗਲਮੈਨ ਨੇ ਕਿਹਾ, “ਇਹ ਉਹੀ (ਬਾਇਡਨ) ਹਨ ਜਿਨ੍ਹਾਂ ਨੇ ਇਨ੍ਹਾਂ ਸਬੰਧਾਂ ਨੂੰ 21ਵੀਂ ਸਦੀ ਦੀ ਸਭ ਤੋਂ ਵੱਧ ਮਹੱਤਵਪੂਰਨ ਅਮਰੀਕੀ ਭਾਈਵਾਲੀਆਂ ਵਿੱਚੋਂ ਇੱਕ ਕਿਹਾ ਹੈ। ਬਾਇਡਨ ਇੱਕ ਅਜਿਹੇ ਵਿਅਕਤੀ ਹਨ, ਜਿਨ੍ਹਾਂ ਦੀ ਇਸ ਰਿਸ਼ਤੇ ਨੂੰ ਮਜ਼ਬੂਤ ਕਰਨ ਵਿੱਚ ਸੱਚੀ ਦਿਲਚਸਪੀ ਰਹੀ ਹੈ।”

ਭਾਰਤ-ਅਮਰੀਕਾ ਦਾ ਵਪਾਰ 200 ਬਿਲੀਅਨ ਦੇ ਸਿਖ਼ਰ ’ਤੇ ਪਹੁੰਚਣ ਦੀ ਸੰਭਾਵਨਾ ਹੈ। ਅਮਰੀਕਾ ਭਾਰਤ ਦੇ ਚੋਟੀ ਦੇ ਕਾਰੋਬਾਰੀ ਭਾਈਵਾਲਾਂ ਵਿੱਚੋਂ ਇੱਕ ਹੈ।

ਭਾਰਤ ਵੀ ਚੀਨ ਦੇ ਬਦਲ ਵਜੋਂ ਗਲੋਬਲ ਨਿਰਮਾਣ ਧੁਰੇ ਵਜੋਂ ਉਭਰਨ ਲਈ ਕਦਮ ਚੁੱਕ ਰਿਹਾ ਹੈ। ਅਮਰੀਕਾ ਦਾ ਸਹਿਯੋਗ ਇਸ ਵਿੱਚ ਸਭ ਤੋਂ ਅਹਿਮ ਹੈ।

ਇਸ ਦਿਸ਼ਾ ਵਿੱਚ ਜਨਵਰੀ 2023 ਵਿੱਚ ‘ਕ੍ਰਿਟੀਕਲ ਐਂਡ ਇਮਰਜਿੰਗ ਟੈਕਨੌਲੋਜੀਜ਼’ ਬਾਰੇ ਦੋਵਾਂ ਦੇਸਾਂ ਦੀ ਪਹਿਲ ਇੱਕ ਮਹੱਤਵਪੂਰਨ ਕਦਮ ਸੀ, ਜਿਸਦਾ ਮਕਸਦ ਸੀ, “ਦੋਵਾਂ ਦੇਸਾਂ ਦੀਆਂ ਸਰਕਾਰਾਂ, ਕਾਰੋਬਾਰਾਂ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਰਣਨੀਤਕ ਤਕਨੀਕੀ ਭਾਈਵਾਲੀ ਅਤੇ ਰੱਖਿਆ ਉਦਯੋਗਿਕ ਸਹਿਯੋਗ ਨੂੰ ਵਧਾਉਣਾ ਅਤੇ ਉਸਦਾ ਵਿਸਥਾਰ ਕਰਨਾ।”

ਵਾਸ਼ਿੰਗਟਨ ਵਿੱਚ ਅਲੋਚਕ ਇਹ ਸਵਾਲ ਚੁੱਕ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਵਿੱਚ ‘ਲੋਕਤੰਤਰੀ ਨਿਘਾਰ’ ਆਇਆ ਹੈ। ਜਦਕਿ ਅਮਰੀਕਾ ਦੀਆਂ ਦੋਵੇਂ ਵੱਡੀਆਂ ਪਾਰਟੀਆਂ ਵਿੱਚ ਇਹ ਸਹਿਮਤੀ ਹੈ ਕਿ ਦੋਵਾਂ ਦੇਸਾਂ ਦੇ ਆਪਸੀ ਸੰਬੰਧਾਂ ਨੂੰ ਹੋਰ ਡੂੰਘਾ ਕੀਤਾ ਜਾਵੇ।

ਇਸਦਾ ਕਾਰਨ ਇਹ ਹੈ ਕਿ ਭਾਰਤ ਨੂੰ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨ ਦੇ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ। ਹਾਲਾਂਕਿ ਭਾਰਤ ਦਾ ਨਜ਼ਰੀਆ ਮੁਖ਼ਤਲਿਫ਼ ਹੈ

ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਵਿਹਾਰਕ ਅਰਥ ਸ਼ਾਸਤਰ ਦੇ ਪ੍ਰੋਫੈਸਰ ਅਤੇ ਰਾਸ਼ਟਰਪਤੀ ਰੋਨਾਲਡ ਰੀਗਨ ਦੀ ਆਰਥਿਕ ਸਲਾਹਕਾਰ ਕਾਊਂਸਲ ਦੇ ਸਾਬਕਾ ਮੈਂਬਰ ਸਟੀਵ ਐੱਚ ਹੈਂਕੀ ਦਾ ਕਹਿਣਾ ਹੈ,“ਕੌਮਾਂਤਰੀ ਮੰਚ ’ਤੇ ਹੋਣਾ ਨਾ ਸਿਰਫ਼ ਉਨ੍ਹਾਂ ਲਈ ਸਗੋਂ ਭਾਰਤ ਲਈ ਵੀ ਚੰਗਾ ਹੈ। ਮੋਦੀ ਦਾ ਧਿਆਨ ਰੱਖਿਆ, ਤਕਨੀਕੀ ਅਤੇ ਬੁਨਿਆਦੀ ਢਾਂਚੇ ’ਤੇ ਰਹੇਗਾ।”

ਇਤਿਹਾਸਕ ਸਬੰਧ

ਅਮਰੀਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ (2000) ਨਾਲ।

ਰਾਸ਼ਟਰਪਤੀ ਜੋਅ ਬਾਇਡਨ ਦੇ ਕਾਰਜਕਾਲ ਦੇ ਇਹ ਆਖਰੀ ਹਫ਼ਤੇ ਭਾਵੇਂ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਨ੍ਹਾਂ ਮੁਲਾਕਾਤ ਕਾਫ਼ੀ ਮਹੱਤਵਪੂਰਨ ਹੈ।

ਅਮਰੀਕਾ ਨਾਲ ਭਾਰਤ ਦੀ ਸਭ ਤੋਂ ਮਹੱਤਵਪੂਰਨ ਨਾਗਰਿਕ ਪਰਮਾਣੂ ਸੰਧੀ ਅਕਤੂਬਰ 2008 ਵਿੱਚ ਕੀਤੀ ਗਈ ਸੀ। ਉਹ ਵੀ ਤਤਕਾਲੀ ਰਾਸ਼ਟਰਪਤੀ ਜਾਰਜ ਬੁਸ਼ ਦੇ ਕਾਰਜਕਾਲ ਦੇ ਅਖੀਰਲੇ ਦਿਨ ਸਨ।

ਇਸੇ ਤਰ੍ਹਾਂ 2000 ਵਿੱਚ ਰਾਸ਼ਟਰਪਤੀ ਬਿਲ ਕਲਿੰਟਨ ਨੇ ਆਪਣੇ ਦੂਜੇ ਕਾਰਜਕਾਲ ਦੌਰਾਨ ਭਾਰਤ ਦੀ ਇਤਿਹਾਸਕ ਯਾਤਰਾ ਕੀਤੀ, ਜਿਸ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਮਿਲੀ ਸੀ।

ਇਸ ਦੌਰੇ ਨੂੰ ਰਾਹ-ਦਸੇਰਾ ਮੰਨਿਆ ਜਾਂਦਾ ਹੈ, ਕਿਉਂਕਿ ਸਾਲ 1998 ਵਿੱਚ ਭਾਰਤ ਦੇ ਪਰਮਾਣੂ ਪ੍ਰੀਖਣਾਂ ਤੋਂ ਬਾਅਦ ਸਬੰਧ ਵਿਗੜੇ ਸਨ। ਉਸੇ ਪਿਛੋਕੜ ਵਿੱਚ ਇਹ ਦੌਰਾਨ ਹੋਇਆ ਸੀ।

ਹਡਸਨ ਇੰਸਟੀਚਿਊਟ ਦੀ ਦੱਖਣੀ ਏਸ਼ੀਆ ਮਾਹਿਰ, ਅਪਰਨਾ ਪਾਂਡੇ ਨੇ ਕਿਹਾ ਰਿਸ਼ਤਾ ਦੋ-ਪੱਖੀ ਹੈ ਅਤੇ ਚੋਣ ਨਤੀਜਿਆਂ ’ਤੇ ਨਿਰਭਰ ਨਹੀਂ ਕਰਦਾ। ਉਹ ਕਹਿੰਦੇ ਹਨ, “ਡੈਮੋਕਰੇਟਸ ਅਤੇ ਰਿਪਬਲਿਕਨ ਦੋਵੇਂ ਹੀ ਭਾਰਤ ਨੂੰ ਇੱਕ ਮਹੱਤਵਪੂਰਨ ਸਾਥੀ ਅਤੇ ਦੋਸਤ ਦੇ ਰੂਪ ਵਿੱਚ ਦੇਖਦੇ ਹਨ।”

ਅਮਰੀਕੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਅਤੇ ਤਤਕਾਲੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਾਲ 2006 ਵਿੱਚ ਪ੍ਰਮਾਣੂ ਸੰਧੀ ਸਹੀਬੱਧ ਕਰਨ ਤੋਂ ਬਾਅਦ ਹੈਦਰਾਬਾਦ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ

ਕੁਆਡ ਸਿਖ਼ਰ ਸੰਮੇਲਨ: ਬਾਇਡਨ ਦੀ ਆਖਰੀ ਕੋਸ਼ਿਸ਼

ਰਾਸ਼ਟਰਪਤੀ ਵਜੋਂ ਇਹ ਬਾਇਡਨ ਦਾ ਆਖਰੀ ਕੁਆਡ ਸਿਖ਼ਰ ਸੰਮੇਲਨ ਹੋਵੇਗਾ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਵਿੱਚ ਸ਼ਿਰਕਤ ਅਹਿਮ ਹੋਵੇਗੀ।

ਕੁਆਡ ਦੀ ਸਥਾਪਨਾ 2004 ਵਿੱਚ ਕੀਤੀ ਗਈ ਸੀ ਲੇਕਿਨ ਇਹ ਉਦੋਂ ਤੱਕ ਰਫ਼ਤਾਰ ਹਾਸਲ ਨਹੀਂ ਕਰ ਸਕਿਆਂ ਜਦੋਂ ਤੱਕ ਟਰੰਪ ਤੇ ਬਾਇਡਨ ਨੇ ਉਸ ਨੂੰ ਸਿਖ਼ਰ ਸੰਮੇਲਨ ਦੇ ਪੱਧਰ ਤੱਕ ਨਹੀਂ ਪਹੁੰਚਾਇਆ।

ਕੁਆਡ ਨੂੰ ਭਾਰਤ, ਅਮਰੀਕਾ, ਜਪਾਨ ਤੇ ਆਸਟਰੇਲੀਆ ਵਿਚਾਲੇ ਜੋ ਸਹਿਯੋਗ ਲਈ ਜਾਣਿਆ ਜਾਂਦਾ ਹੈ । ਇਸ ਤੋਂ ਇਲਾਵਾ ਇਹ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਵਧਦੇ ਰਸੂਖ ਦੇ ਇੱਕ ਜਵਾਬ ਵਜੋਂ ਵੀ ਦੇਖਿਆ ਜਾਂਦਾ ਹੈ।

ਮਾਹਿਰ ਰਾਜਾ ਮੋਹਨ ਲਿਖਦੇ ਹਨ, “ਬਾਇਡਨ ਭਾਰਤ ਦੀ ਸੋਚ ਦੇ ਨਾਲ ਜਾਣ ਦਾ ਫੈਸਲਾ ਕੀਤਾ ਕਿ ਕੁਆਡ ਨੂੰ ਫੌਜੀ ਗਠਜੋੜ ਵਜੋਂ ਵਿਕਸਿਤ ਨਹੀਂ ਕੀਤਾ ਜਾਣਾ ਚਾਹੀਦਾ ਹੈ ਸਗੋਂ ਇਹ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਜਨਤਕ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਮੰਚ ਵਜੋਂ ਵੇਖਿਆ ਜਾਣਾ ਚਾਹੀਦਾ ਹੈ।”

2023 ਦੇ ਕਵਾਡ ਸਮਿਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2023 ਦੇ ਕਵਾਡ ਸਮਿਟ ਦੀ ਤਸਵੀਰ ਵਿੱਚ (ਖੱਬਿਓਂ ਸੱਜੇ) ਜੋਅ ਬਾਇਡਨ, ਅਸਟਰੇਲੀਆ ਦੇ ਪੀਐੱਮ ਐਂਥਨੀ ਅਲਬਨੀਜ਼, ਜਪਾਨ ਦੇ ਪੀਐੱਮ ਫਿਊਮੀਓ ਕਿਸ਼ੀਦਾ ਅਤੇ ਨਰਿੰਦਰ ਮੋਦੀ

“ਇਸ ਨਾਲ ਸਮੁੰਦਰ ਦੇ ਮਾਮਲਿਆਂ ਵਿੱਚ ਜਾਗਰੂਕਤਾ, ਮਨੁੱਖੀ ਮਦਦ, ਆਪਦਾ ਪ੍ਰਬੰਧਨ ਬਾਰੇ, ਸਾਈਬਰ ਸੁਰੱਖਿਆ ਤੇ ਦੂਰ-ਸੰਚਾਰ ਵਰਗੇ ਖੇਤਰਾਂ ਵਿੱਚ ਆਪਸੀ ਸਹਿਯੋਗ ਵਧਿਆ ਹੈ।”

ਉਂਝ ਤਾਂ ਇਹ ਸਿਖ਼ਰ ਸੰਮੇਲਨ ਦਾ ਮੁੱਖ ਧਿਆਨ ਵਿਸ਼ਵੀ ਕਾਰੋਬਾਰ ਅਤੇ ਸੁਰੱਖਿਆ ਲਈ ਅਹਿਮ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਸ਼ਾਂਤੀ ਤੇ ਸਥਿਰਤਾ ਨੂੰ ਵਧਾਉਣ ਉੱਤੇ ਹੈ। ਲੇਕਿਨ ਇਨ੍ਹਾਂ ਸਾਰਿਆਂ ਦੇ ਨਾਲ ਉਮੀਦ ਸੀ ਕਿ ਗਾਜ਼ਾ ਉੱਤੇ ਇਜ਼ਰਾਈਲ ਦੀ ਫ਼ੌਜੀ ਕਾਰਵਾਈ ਉੱਤੇ ਵੀ ਗੱਲਬਾਤ ਹੋ ਸਕਦੀ ਹੈ ਜੋ ਨਹੀਂ ਹੋਈ। ਹਾਲਾਂਕਿ ਰੂਸ-ਯੂਕਰੇਨ ਯੁੱਧ ਬਾਰੇ ਚਰਚਾ ਜ਼ਰੂਰ ਹੋਈ।

ਪ੍ਰੋਫੈਸਰ ਹੈਂਕੀ ਕਹਿੰਦੇ ਹਨ, “ਅਜੇ ਤੱਕ ਕੁਆਡ ਮਹੱਤਵਹੀਣ ਹੀ ਰਿਹਾ ਹੈ ਤੇ ਲਗਦਾ ਹੈ ਕਿ ਇਹ ਕੇਵਲ ਚੀਨ ਨੂੰ ਰੋਕਣ ਦੀ ਅਮਰੀਕੀ ਕੋਸ਼ਿਸ਼ ਹੈ।”

ਅਪਰਨਾ ਪਾਂਡੇ ਕਹਿੰਦੇ ਹਨ ਕਿ ਭਾਵੇਂ ਕੁਆਡ ਕੋਈ ਸੁਰੱਖਿਆ ਲਈ ਕੀਤਾ ਗਠਜੋੜ ਨਹੀਂ ਹੈ ਪਰ ਇਸ ਦੇ ਤਿੰਨ ਮੈਂਬਰਾਂ ਦੇ ਆਪਸ ਵਿੱਚ ਸੁਰੱਖਿਆ ਨੂੰ ਸੰਧੀ ਹੈ।

ਉਹ ਕਹਿੰਦੇ ਹਨ, “ਕੁਆਡ ਚੀਨ ਦੀ ਵਿਸਥਾਰਵਾਦੀ ਨੀਤੀ ਨੂੰ ਰੋਕਣ ਦੀਆਂ ਛੋਟੀਆਂ ਕੋਸ਼ਿਸ਼ਾਂ ਵਿੱਚੋਂ ਇੱਕ ਹੈ।”

ਮਾਈਕਲ ਕੁਗੇਲਮੈਨ ਕਹਿੰਦੇ ਹਨ ਕਿ ਕੁਆਡ ਨੇ ਭਾਵੇਂ ਪਹਿਲਾਂ ਰਫ਼ਤਾਰ ਫੜਨ ਵਿੱਚ ਸੰਘਰਸ਼ ਕੀਤਾ ਪਰ ਜਿਵੇਂ ਹੀ ਚਾਰ ਮੈਂਬਰਾਂ ਦੇ ਚੀਨ ਨਾਲ ਰਿਸ਼ਤੇ ਵਗੜੇ ਹਨ ਇਸ ਵਿੱਚ ਤਰੱਕੀ ਹੋਈ ਹੈ।

ਕੁਆਡ ਦੇਸਾਂ ਦੇ ਆਗੂ

ਤਸਵੀਰ ਸਰੋਤ, @MEAIndi

ਤਸਵੀਰ ਕੈਪਸ਼ਨ, ਕੁਆਡ ਦੇ ਸਾਰੇ ਮੈਂਬਰਾਂ ਨੇ ਦੇਖਿਆ ਹੈ ਕਿ ਚੀਨ ਨਾਲ ਉਨ੍ਹਾਂ ਸਾਰਿਆਂ ਦੇ ਰਿਸ਼ਤੇ ਆਪਣੇ ਸਭ ਤੋਂ ਨੀਵੇਂ ਪੱਧਰ ਤੱਕ ਡਿੱਗੇ ਹਨ।

ਉਨ੍ਹਾਂ ਦਾ ਕਹਿਣਾ ਹੈ, “ਸਾਰਿਆਂ ਦੇ ਇੱਕੋ ਜਿਹੇ ਤਜਰਬਿਆਂ ਕਰਕੇ ਕੁਆਡ ਮੈਂਬਰਾਂ ਵਿੱਚ ਏਕਾ ਹੋਇਆ ਹੈ ਜਿਸ ਕਰਕੇ ਮਜ਼ਬੂਤ ਕਦਮ ਚੁੱਕੇ ਜਾ ਰਹੇ ਹਨ।”

ਕੁਆਡ ਦੇ ਸਾਰੇ ਮੈਂਬਰਾਂ ਨੇ ਦੇਖਿਆ ਹੈ ਕਿ ਚੀਨ ਨਾਲ ਉਨ੍ਹਾਂ ਸਾਰਿਆਂ ਦੇ ਰਿਸ਼ਤੇ ਆਪਣੇ ਸਭ ਤੋਂ ਨੀਵੇਂ ਪੱਧਰ ਤੱਕ ਡਿੱਗੇ ਹਨ।

ਉਨ੍ਹਾਂ ਦਾ ਸਾਂਝਾ ਅਨੁਭਵ ਉਨ੍ਹਾਂ ਨੂੰ ਨੇੜੇ ਲਿਆਇਆ ਹੈ ਅਤੇ ਕੁਝ ਪੁਖ਼ਤਾ ਕਦਮ ਚੁੱਕਣ ਵੱਲ ਲੈ ਕੇ ਗਿਆ ਹੈ।

“ਕਿਹਾ ਜਾਵੇ ਤਾਂ ਉਹ ਇੱਕ-ਮੁੱਠ ਕਰਨ ਵਾਲਾ ਕਾਰਕ ਰਿਹਾ ਹੈ। ਜਿਸ ਨੇ ਇਨ੍ਹਾਂ ਦੇਸਾਂ ਨੂੰ ਕੁਆਡ ਨੂੰ ਕਾਮਯਾਬ ਕਰਨ ਲਈ ਮਜਬੂਰ ਕੀਤਾ ਹੈ।”

‘ਸਮਿਟ ਆਫ ਦਿ ਫਿਊਚਰ’

ਸਿਖ਼ਰ ਸੰਮੇਲਨ ਵਿੱਚ ਖਾਸ ਕਰਕੇ ਸੰਯੁਕਤ ਪ੍ਰਤੀ, ਖ਼ਾਸ ਕਰਕੇ ਰਾਸ਼ਟਰ ਰੱਖਿਆ ਕਾਊਂਸਲ ਪ੍ਰਤੀ ਵਿਆਪਕ ਅਸੰਤੁਸ਼ਟੀ ਦੀ ਝਲਕ ਮਿਲਣੀ ਤੈਅ ਹੈ। ਭਾਰਤ ਖਾਸ ਤੌਰ ਤੇ ਇਸ ਆਲਮੀ ਪੰਚਾਇਤ ਵਿੱਚ ਸੁਧਾਰਾਂ ਲਈ ਅਤੇ ਰੱਖਿਆ ਕਾਊਂਸਲ ਵਿੱਚ ਆਪਣੇ ਸਥਾਈ ਸਥਾਨ ਲਈ ਦਬਾਅ ਬਣਾਏਗਾ।

ਸਟੀਵ ਹੈਂਕੇ ਦਾ ਕਹਿਣਾ ਹੈ ਕਿ ਭਵਿੱਖ ਦੇ ਇਸ ਸੰਮੇਲਨ ਵਿੱਚ ਮੋਦੀ ਦੱਖਣ ਦਾ ਗੀਤ ਗਾਉਣਗੇ ਇੱਕ ਅਜਿਹਾ ਗੀਤ ਜੋ ਕਿ ਚੀਨ-ਪੱਖੀ ਹੈ।

ਅਪਰਨਾ ਪਾਂਡੇ ਰੱਖਿਆ ਕਾਊਂਸਲ ਦੇ ਸੁਧਾਰਾਂ ਨੇ ਇੱਕ ਲੰਬੀ ਅਤੇ ਪੇਚੀਦਾ ਪ੍ਰਕਿਰਿਆ ਦੱਸਦੇ ਹਨ, ਜੋ ਰਾਤੋ-ਰਾਤ ਨਹੀਂ ਹੋਣ ਵਾਲੇ। ਮਾਈਕਲ ਕੁਗਲਮੈਨ ਸੰਯੁਕਤ ਰਾਸ਼ਟਰ ਵਰਗੇ ਵੱਡੇ ਨੌਕਰਸ਼ਾਹ ਸੰਗਠਨਾਂ ਵਿੱਚ ਸੁਧਾਰਾਂ ਦੀਆਂ ਮੁਸ਼ਕਿਲਾਂ ਨੂੰ ਸਵੀਕਾਰ ਕਰਦੇ ਹਨ।

ਉਹ ਕਹਿੰਦੇ ਹਨ, “ਸੁਧਾਰ ਚੁਣੌਤੀਪੂਰਨ ਹਨ, ਲੇਕਿਨ ਵਿਸ਼ਵੀ ਦੱਖਣ ਵਿੱਚ ਸੰਯੁਕਤ ਰਾਸ਼ਟਰ ਅਤੇ ਹੋਰ ਪੁਰਾਣੀਆਂ ਕੌਮਾਂਤਰੀ ਸੰਸਥਾਵਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸੁਧਾਰ ਦੇ ਹੱਕ ਵਿੱਚ ਰਾਇ ਬਣ ਰਹੀ ਹੈ।”

ਅਪਰਨਾ ਮੁਤਾਬਕ ਜਿੱਥੇ ਪੱਛਮ ਇਨ੍ਹਾਂ ਸੁਧਾਰਾਂ ਦੀ ਸਿਧਾਂਤਕ ਹਮਾਇਤ ਕਰ ਰਿਹਾ ਹੈ, ਉੱਥੇ ਅਸਲੀ ਚੁਣੌਤੀ ਤਾਂ ਰੱਖਿਆ ਕਾਊਂਸਲ ਦੇ ਵੀਟੋ ਧਾਰੀ ਮੈਂਬਰਾਂ ਵਿੱਚ ਸਹਿਮਤੀ ਬਣਾਉਣ ਦੀ ਹੈ।

ਇਹ ਦੇਖਣ ਵਾਲਾ ਹੈ ਕਿ ਉਹ ਕੋਈ ਪੁਖਤਾ ਕਦਮ ਚੁੱਕਣਗੇ ਕਿ ਨਹੀਂ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)