ਕਿਸਾਨ ਅੰਦੋਲਨ: ਸ਼ੰਭੂ ਬਾਰਡਰ ’ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਬਾਰੇ ਉਗਰਾਹਾਂ ਨੇ ਕੀਤਾ ਐਲਾਨ

ਜੋਗਿੰਦਰ ਸਿੰਘ ਉਗਰਾਹਾਂ

ਤਸਵੀਰ ਸਰੋਤ, Getty Images

ਮੰਗਲਵਾਰ ਤੋਂ ਜਾਰੀ ਕਿਸਾਨ ਅੰਦੋਲਨ ਜਿਸ ਨੂੰ ਕਈ ਲੋਕ ਕਿਸਾਨ ਅੰਦੋਲਨ-2 ਵੀ ਕਹਿ ਰਹੇ ਹਨ। ਅੱਜ ਆਪਣੇ ਚੌਥੇ ਦਿਨ ਵਿੱਚ ਦਾਖਲ ਹੋ ਗਿਆ ਹੈ।

ਕਿਸਾਨ ਸਰਕਾਰ ਉੱਪਰ ਦਬਾਅ ਬਣਾ ਰਹੇ ਹਨ ਕਿ ਜਾਂ ਤਾਂ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ ਨਹੀਂ ਤਾਂ ਉਨ੍ਹਾਂ ਨੂੰ ਦਿੱਲੀ ਜਾ ਕੇ ਮੁਜ਼ਾਹਰਾ ਕਰਨ ਦਿੱਤਾ ਜਾਵੇ।

ਮੋਟੇ ਤੌਰ ਉੱਤੇ ਦੇਖਿਆ ਜਾਵੇ ਤਾਂ ਮੌਜੂਦਾ ਅੰਦੋਲਨ 2020-21 ਦੇ ਅੰਦੋਲਨ ਤੋਂ ਬਾਅਦ ਸਰਕਾਰ ਵੱਲੋਂ ਕਥਿਤ ਤੌਰ 'ਤੇ ਕਈ ਵਾਅਦੇ ਪੂਰੇ ਨਾ ਕਰਨ ਦੀ ਨਰਾਜ਼ਗੀ ਤੋਂ ਨਿਕਲਿਆ ਹੈ।

ਮਸਲੇ ਦੇ ਹੱਲ ਲਈ ਸਰਕਾਰ ਅਤੇ ਕਿਸਾਨਾਂ ਦਰਮਿਆਨ ਤਿੰਨ ਗੇੜ ਦੀ ਗੱਲਬਾਤ ਹੋ ਚੁੱਕੀ ਹੈ। ਸਰਕਾਰ ਮੁਤਾਬਕ ਗੱਲਬਾਤ ਸਾਰਥਕ ਸੀ ਜਦਕਿ ਕਿਸਾਨਾਂ ਦਾ ਕਹਿਣਾ ਹੈ ਕਿ ਗੱਲਬਾਤ ਉੱਤੇ ਸਰਕਾਰ ਦੇ ਅਮਲ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ।

ਸੰਯੁਕਤ ਕਿਸਾਨ ਮੋਰਚੇ ਵੱਲ਼ੋਂ ਵੀਰਵਾਰ ਨੂੰ ਭਾਰਤ ਬੰਦ ਖਾਸ ਕਰਕੇ ਪੇਂਡੂ ਇਲਾਕਿਆਂ ਵਿੱਚ ਕੰਮਕਾਜ ਠੱਪ ਕਰਨ ਦਾ ਸੱਦਾ ਦਿੱਤਾ ਗਿਆ ਹੈ।

ਇਸਦੇ ਮੱਦੇਨਜ਼ਰ ਦਿੱਲੀ ਅਤੇ ਹੋਰ ਥਾਵਾਂ ਉੱਤੇ ਪ੍ਰਸ਼ਾਸਨ ਵੱਲੋਂ ਕਰੜੇ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ।

ਭਾਰਤ ਬੰਦ ਦਾ ਸੱਦਾ

ਕਿਸਾਨ ਅੰਦੋਲਨ

ਤਸਵੀਰ ਸਰੋਤ, Gurminder Singh Garewal/BBC

ਤਸਵੀਰ ਕੈਪਸ਼ਨ, ਲੁਧਿਆਣਾ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜਿਲਿਆਂ ਵਿੱਚ ਬਾਜ਼ਾਰਾਂ ਸਮੇਤ ਬੱਸਾਂ ਵੀ ਬੰਦ ਹਨ
ਇੱਕ ਸਿੱਖ ਕਿਸਾਨ ਸੜਕ ਕਿਨਾਰੇ ਬੈਠਾ ਹੱਥ ਉੱਤੇ ਰੋਟੀ ਰੱਖ ਕੇ ਖਾ ਰਿਹਾ ਹੈ, ਨਾਲ ਹੀ ਟਰਾਲੀਆਂ ਦੀ ਲੰਬੀ ਕਤਾਰ ਨਜ਼ਰ ਆ ਰਹੀ ਹੈ

ਇਸੇ ਦੌਰਾਨ ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ 'ਚ ਸੰਯੁਕਤ ਕਿਸਾਨ ਮੋਰਚਾ ਸਮੇਤ ਕਈ ਕਿਸਾਨ ਜਥੇਬੰਦੀਆਂ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ।

ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਇਸ ਦੇ ਅਧੀਨ 37 ਕਿਸਾਨ ਸਮੂਹ ਸ਼ੁੱਕਰਵਾਰ ਨੂੰ ਦੇਸ ਵਿਆਪੀ ਹੜਤਾਲ ਕਰਨਗੇ, ਜਿਸ ਨਾਲ "ਪਿੰਡਾਂ ਵਿੱਚ ਕੰਮ ਠੱਪ" ਹੋ ਜਾਵੇਗਾ।

ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਉਹ ਇਸ ਦੀ ਹਮਾਇਤ ਕਰਨਗੇ ਅਤੇ ਕੌਮੀ ਮਾਰਗ, ਰੇਲਵੇ ਲਾਈਨਾਂ ਅਤੇ ਮੁੱਖ ਸੜਕਾਂ ਨੂੰ ਬੰਦ ਕਰਨਗੇ।

ਦੇਸ ਭਰ ਦੀਆਂ ਕੁਝ ਮਜ਼ਦੂਰ ਜਥੇਬੰਦੀਆਂ ਵੀ ਇਸ ਵਿੱਚ ਹਿੱਸਾ ਲੈਣਗੀਆਂ।

ਇਸ ਬੰਦ ਵਿੱਚ ਸ਼ਾਮਲ ਹੋਣ ਲਈ ਦਿੱਲੀ ਵੱਲ ਮਾਰਚ ਕਰ ਰਹੇ ਪੰਜਾਬ ਦੇ ਕੁਝ ਕਿਸਾਨਾਂ ਨੂੰ ਅੰਬਾਲਾ ਨੇੜੇ ਹਰਿਆਣਾ ਵਿੱਚ ਰੋਕ ਲਿਆ ਗਿਆ। ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ।

ਭਾਰਤ ਬੰਦ ਦੇ ਮੱਦੇਨਜ਼ਰ ਰਾਜਧਾਨੀ ਦਿੱਲੀ ਸਮੇਤ ਕਈ ਸੂਬਿਆਂ ਵਿੱਚ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਦਿੱਲੀ ਪੁਲਸ ਮੁਤਾਬਕ ਮੁਜ਼ਾਹਰਾਕਾਰੀਆਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ।

ਕਿਸਾਨਾਂ ਦੀ ਇੱਕ ਹੋਰ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਨੇ ਵੀ ਲੋਕਾਂ ਨੂੰ ਭਾਰਤ ਬੰਦ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਗੁਰਦਾਸਪੁਰ ਦੇ ਬਜ਼ੁਰਗ ਕਿਸਾਨ ਦੀ ਮੌਤ

ਕਿਸਾਨ ਗਿਆਨ ਸਿੰਘ

ਤਸਵੀਰ ਸਰੋਤ, Gurpreet Singh Chawla/BBC

ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਮੁਤਾਬਕ ਵੀਰਵਾਰ ਸਵੇਰੇ ਸ਼ੰਭੂੂ ਬਾਰਡਰ ਉੱਤੇ ਗੁਰਦਾਸਪੁਰ ਦੇ 63 ਸਾਲਾ ਕਿਸਾਨ ਗਿਆਨ ਸਿੰਘ ਦੀ ਜਾਨ ਚਲੀ ਗਈ ਹੈ।

ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਏ ਗਏ। ਉੱਥੇ ਹੀ ਉਨ੍ਹਾਂ ਨੇ ਆਖਰੀ ਸਾਹ ਲਏ।

ਮੌਜੂਦਾ ਕਿਸਾਨ ਅੰਦੋਲਨ ਦੌਰਾਨ ਜਾਣ ਵਾਲੀ ਇਹ ਪਹਿਲੀ ਜਾਨ ਹੈ।

ਗਿਆਨ ਸਿੰਘ ਪਿੰਡ ਚਾਚੋਕੀ, ਜ਼ਿਲ੍ਹਾ ਗੁਰਦਾਸਪੁਰ ਦੇ ਵਾਸੀ ਸਨ। ਪਿੱਛੇ ਉਨ੍ਹਾਂ ਦੇ ਪਿੰਡ ਅਤੇ ਘਰ ਵਿੱਚ ਮਾਤਮ ਦਾ ਛਾ ਗਿਆ ਹੈ।

ਏਕਤਾ ਉਗਰਾਹਾਂ ਨੇ ਇਹ ਫੈਸਲੇ ਲਏ

ਜੋਗਿੰਦਰ ਸਿੰਘ ਉਗਰਾਹਾਂ

ਤਸਵੀਰ ਸਰੋਤ, facebook

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਆਪਣੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਸੱਦ ਕੇ ਲਏ ਗਏ ਅਹਿਮ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ।

ਇਹ ਫੈਸਲੇ ਹਨ-

  • ਚੰਡੀਗੜ੍ਹ ਵਿੱਚ 24 ਫਰਵਰੀ ਤੋਂ ਅਣਮਿੱਥਾ ਮੋਰਚਾ ਲਾਉਣ ਦੇ ਫੈਸਲੇ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ।
  • ਐਸਕੇਐਮ ਦਾ ਸੱਦਾ ਆਉਣ ਤੱਕ ਤਿੰਨ ਪ੍ਰਮੁੱਖ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ 2 ਦਿਨਾਂ ਲਈ ਧਰਨੇ ਲਾਏ ਜਾਣਗੇ।

ਇਹ ਆਗੂ ਹਨ- ਪੰਜਾਬ ਭਾਜਪਾ ਪ੍ਰਧਾਨ- ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਪੰਜਾਬ- ਕੈਪਟਨ ਅਮਰਿੰਦਰ ਸਿੰਘ ਅਤੇ ਬਰਾਨਾਲਾ ਤੋਂ ਕੇਵਲ ਢਿੱਲੋਂ।

  • ਪੰਜਾਬ ਦੇ ਸਾਰੇ ਟੋਲ ਫਰੀ ਕਰਨ ਦਾ ਫੈਸਲਾ ਵੀ ਲਿਆ ਗਿਆ।
  • ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਪਰ ਬੈਠੇ ਕਿਸਾਨਾਂ ਨੂੰ ਸੁਨੇਹਾ ਦਿੰਦੇ ਹਾਂ ਕਿ ਅਸੀਂ ਇਸ ਸੰਘਰਸ਼ ਵਿੱਚ ਆਉਣ ਦਾ ਫੈਸਲਾ ਕਰ ਲਿਆ ਹੈ।

ਉਗਰਾਹਾਂ ਨੇ ਕਿਹਾ ਕਿ ਸੰਘਰਸ਼ੀ ਸਾਥੀਆਂ ਨੂੰ ਮੋਰਚਾ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆ ਨਾਲ ਏਕਤਾ ਕਰਨੀ ਚਾਹੀਦੀ ਸੀ।

ਉਨ੍ਹਾਂ ਨੇ ਸੰਘਰਸ਼ ਰਲ-ਮਿਲ ਕੇ ਅੱਗੇ ਵਧਾਉਣ ਦਾ ਸੱਦਾ ਦਿੱਤਾ।

ਸ਼ੰਭੂ ਤੋਂ ਆਗੂਆਂ ਨੇ ਇਹ ਜਾਣਕਾਰੀ ਦਿੱਤੀ

ਕਿਸਾਨ ਆਗੂ ਸਰਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਕਿਸਾਨ ਆਗੂ ਸਰਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ

ਸ਼ੰਭੂ ਬਾਰਡਰ ਤੋਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ।

ਇਸ ਮੌਕੇ ਪੰਧੇਰ ਨੇ ਕਿਹਾ ਕਿ ਮੀਡੀਆ ਨੂੰ ਅੰਦੋਲਨ ਦੀ ਸਚਾਈ ਦਿਖਾਉਣੀ ਚਾਹੀਦੀ ਹੈ।

ਉਨ੍ਹਾਂ ਨੇ ਦੁਹਰਾਇਆ, “ਬੈਰੀਕੇਡ ਤੋੜਨਾ, ਦਿੱਲੀ ਜਾਣਾ, ਅਣਖ ਦਾ ਸਵਾਲ ਨਹੀਂ ਹੈ ਪਰ ਦਿੱਲੀ ਮੋਰਚਾ ਲਾਵਾਂਗੇ ਅਜੇ ਅਸੀਂ ਇਸ ਫੈਸਲੇ ਉੱਪਰ ਕਾਇਮ ਹਾਂ।”

“ਅਸੀਂ ਇਸ ਲਈ ਰੁਕੇ ਹਾਂ ਤਾਂ ਜੋ ਗੱਲਬਾਤ ਨਾਲ ਕੋਈ ਹੱਲ ਨਿਕਲ ਆਵੇ। ਮੰਗਾਂ ਮੰਗਵਾਉਣਾ ਤਾਂ ਅਣਖ ਦਾ ਸਵਾਲ ਬਣਾ ਸਕਦੇ ਹਾਂ। ਕਿ ਪਿਛਲੇ 75 ਸਾਲਾਂ ਤੋਂ ਕਿਸੇ ਸਰਕਾਰ ਨੇ ਨਹੀਂ ਮੰਨੀਆਂ ਉਹ ਮੰਨ ਲਓ।”

  • ਪੰਧੇਰ ਨੇ ਦੱਸਿਆ ਕਿ ਬੁੱਧਵਾਰ ਦੀ ਬੈਠਕ ਵਿੱਚ ਸਾਰੀਆਂ ਮੰਗਾਂ ਬਾਰੇ ਸੁਖਾਵੀਂ ਗੱਲਬਾਤ ਹੋਈ ਹੈ।
  • ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਅਸੀਂ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਹਾਂ।
  • ਹਾਲਾਂਕਿ ਸਰਕਾਰ ਕਿਵੇਂ ਆਪਣੇ ਭਰੋਸਿਆਂ ਨੂੰ ਕਨੂੰਨੀ ਤੇ ਅਮਲੀ ਜਾਮਾ ਪਹਿਨਾਉਂਦੀ ਹੈ, ਇਸੇ ਉੱਪਰ ਸਭ ਕੁਝ ਨਿਰਭਰ ਕਰੇਗਾ।
  • ਉਨ੍ਹਾਂ ਨੇ ਕਿਹਾ ਕਿ ਮੋਰਚਾ ਹਰ ਰੋਜ਼ ਵਧਦਾ ਜਾ ਰਿਹਾ ਹੈ।
  • ਉਨ੍ਹਾਂ ਨੇ ਕਿਹਾ ਕਿ ਸ਼ੰਭੂ ਬਾਰਡਰ, ਖਨੌਰੀ ਬਾਰਡ ਤੋਂ ਇਲਾਵਾ ਹੋਰ ਬਾਰਡਰਾਂ ਉੱਪਰ ਵੀ ਲੱਖਾਂ ਲੋਕ ਇਕੱਠੇ ਹਨ।
  • ਹਰਿਆਣਾ ਵਿੱਚ ਵੀ ਤਿੰਨ ਥਾਂ ਉੱਤੇ ਮੁਜ਼ਾਹਰੇ ਸ਼ੁਰੂ ਹੋ ਚੁੱਕੇ ਹਨ ਜਿਸ ਦੀ ਖ਼ਬਰ ਇੰਟਰਨੈੱਟ ਬੰਦ ਹੋਣ ਕਾਰਨ ਨਹੀਂ ਪਹੁੰਚ ਰਹੀ।
  • ਗਾਜ਼ੀਪੁਰ ਤੋਂ ਵੀ ਕਿਸਾਨ ਦਿੱਲੀ ਵੱਲ ਵਧ ਰਹੇ ਹਨ।
  • ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਉਹ ਸੰਗਠਿਤ ਹੋ ਕੇ ਅਤੇ ਲੀਡਰਸ਼ਿਪ ਦੀ ਅਗਵਾਈ ਵਿੱਚ ਹੀ ਕੰਮ ਕਰਨ।
  • ਅਜਿਹਾ ਕੁਝ ਨਾ ਕਰਨ ਜਿਸ ਨਾਲ ਸਰਕਾਰ ਨੂੰ ਸਾਡੀ ਬਦਨਾਮੀ ਕਰਨ ਦਾ ਮੌਕਾ ਮਿਲੇ।
  • ਸਰਕਾਰ ਸਾਨੂੰ ਐਂਟੀ-ਨੈਸ਼ਨਲ, ਖਾਲ਼ਿਸਤਾਨੀ ਨਾਲ, ਕਾਂਗਰਸ ਪਾਰਟੀ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ। ਪਹਿਲਾਂ ਨਿਰਣਾ ਤਾਂ ਕਰ ਲਵੋ ਕਿ ਕਹਿਣਾ ਕੀ ਹੈ।
  • ਮੋਦੀ ਜੀ ਨੂੰ ਲਗਦਾ ਹੈ ਕਿ ਜੇ ਸਾਰੇ ਦੇਸ ਦਾ ਕਿਸਾਨ ਮਜ਼ਦੂਰ ਖੜ੍ਹਾ ਹੋ ਗਿਆ ਤਾਂ ਮੰਗਾਂ ਮੰਨਣੀਆਂ ਪੈਣਗੀਆਂ।
  • ਸਾਡੀਆਂ ਦੋਵਾਂ ਫੋਰਮਾਂ ਵੱਲੋਂ ਇਹ ਪੱਕੀ ਗੱਲ ਹੈ ਕਿ ਸਾਡੀ ਸਟੇਜ ਉੱਤੋਂ ਸੰਸਦੀ ਚੋਣਾਂ ਲੜਨ ਵਾਲੀ ਕਿਸੇ ਵੀ ਪਾਰਟੀ ਨੂੰ ਬੋਲਣ ਨਹੀਂ ਦਿੱਤਾ ਜਾਵੇਗਾ।

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਭਾਰਤ ਬੰਦ ਦਾ ਅਸਰ

ਜਲੰਧਰ ਬੱਸ ਅੱਡਾ

ਤਸਵੀਰ ਸਰੋਤ, Pardeep Sharma/BBC

ਤਸਵੀਰ ਕੈਪਸ਼ਨ, ਜਲੰਧਰ ਬੱਸ ਅੱਡਾ

ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਵੱਲੋਂ ਵੀ ਭਾਰਤ ਬੰਦ ਦੇ ਮੱਦੇਨਜ਼ਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀਆਂ ਹੀ ਬੱਸਾਂ ਦਾ ਚੱਕਾ ਜਾਮ ਰਹੇਗਾ ਤੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਰਵਿਸ ਨਹੀਂ ਚੱਲੇਗੀ।

ਪੰਜਾਬ ਤੋਂ ਬਾਹਰ ਵੀ ਕੋਈ ਪੀਆਰਟੀਸੀ ਜਾਂ ਫਿਰ ਪੰਜਾਬ ਰੋਡਵੇਜ਼ ਦੀ ਬੱਸ ਨਹੀਂ ਜਾਵੇਗੀ।

ਇਸ ਦਾ ਐਲਾਨ ਪੰਜਾਬ ਰੋਡਵੇਜ਼ ਮੁਲਾਜ਼ਮ ਯੂਨੀਅਨ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਵੜੈਚ ਨੇ ਜਾਣਕਾਰੀ ਸਾਂਝੀ ਕਰਦਿਆਂ ਕੀਤਾ ਹੈ।

ਉਨ੍ਹਾਂ ਦੱਸਿਆ, "ਮੁਕੰਮਲ ਚੱਕਾ ਜਾਮ ਰਹੇਗਾ ਅਤੇ ਜਿਹੜੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ, ਉਨ੍ਹਾਂ ਕੋਲੋਂ ਅਸੀਂ ਪਹਿਲਾਂ ਹੀ ਮਾਫ਼ੀ ਮੰਗਦੇ ਹਾਂ। ਕਿਉਂਕਿ ਇਸ ਦਾ ਐਲਾਨ ਪਹਿਲਾ ਹੀ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ।"

ਭਾਰਤ ਬੰਦ

ਤਸਵੀਰ ਸਰੋਤ, Pardeep Sharma/BBC

ਤਸਵੀਰ ਕੈਪਸ਼ਨ, ਕਿਤਾਬਾਂ ਲਈ ਮਸ਼ਹੂਰ ਜਲੰਧਰ ਦਾ ਮਾਈ ਹੀਰਾ ਗੇਟ

ਜਲੰਧਰ ਤੋਂ ਬੀਬੀਸੀ ਸਹਿਯੋਗੀ ਪਰਦੀਪ ਸ਼ਰਮਾ ਮੁਤਾਬਕ ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦੇ ਸੱਦੇ ਨੂੰ ਸ਼ਹਿਰ ਵਿੱਚ ਭਰਵਾਂ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ। ਕਿਤਾਬਾਂ ਲਈ ਮਸ਼ਹੂਰ ਮਾਈ ਹੀਰਾਂ ਗੇਟ ਮੁਕੰਮਲ ਤੌਰ ’ਤੇ ਬੰਦ ਹੈ। ਇਸੇ ਤਰਾਂ ਜਲੰਧਰ ਦਾ ਬੱਸ ਅੱਡਾ ਤੇ ਹੋਰ ਬਾਜ਼ਾਰ ਵੀ ਬੰਦ ਹਨ । ਪਨਬਸ ਵਲੋਂ ਇਸ ਬੰਦ ਚ ਸ਼ਾਮਲ ਹੋਣ ਕਰਕੇ ਜਲੰਧਰ ਬੱਸ ਅੱਡੇ ਤੇ ਸੁਨ ਪਸਰੀ ਨਜ਼ਰ ਆ ਰਹੀ ਹੈ। ਕਿਸਾਨ ਜਥੇਬੰਦੀਆਂ ਦੇ ਲੋਕ ਸ਼ਹਿਰਾਂ ਵਿੱਚ ਆ ਕੇ ਖੁੱਲ੍ਹੇ ਅਦਾਰਿਆਂ ਨੂੰ ਬੰਦ ਕਰਨ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ।

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਜਿਲਾ ਗੁਰਦਾਸਪੁਰ ਦੇ ਸ਼ਹਿਰਾਂ ਅਤੇ ਪਿੰਡਾਂ ਚ ਵੀ ਭਾਰਤ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪਿੰਡਾਂ ਵਿੱਚ ਵੀ ਦੁਕਾਨਾਂ ਸਵੇਰ ਤੋਂ ਬੰਦ ਅਤੇ ਸੜਕੀ ਆਵਾਜਾਈ ਵੀ ਘੱਟ ਦੇਖੀ ਗਈ।

ਗੁਰਦਾਸਪੁਰ ਸ਼ਹਿਰ

ਤਸਵੀਰ ਸਰੋਤ, GURPREET SINGH CHAWALA/BBC

ਤਸਵੀਰ ਕੈਪਸ਼ਨ, ਗੁਰਦਾਸਪੁਰ ਸ਼ਹਿਰ ਦੀ ਦੁਕਾਨਾਂ ਭਾਵੇਂ ਬੰਦ ਹਨ ਪਰ ਲੋਕ ਕੰਮ ਕਾਜ ਲਈ ਬਾਹਰ ਨਿਕਲ ਰਹੇ ਹਨ

ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ ਹਾਲਾਂਕਿ ਪੇਂਡੂ ਇਲਾਕਿਆਂ ਵਿੱਚ ਮੁਕੰਮਲ ਬੰਦ ਦੇਖਿਆ ਗਿਆ।ਪਰੰਤੂ ਵੱਡੇ ਸ਼ਹਿਰਾਂ ਲੁਧਿਆਣਾ ਅਤੇ ਪਟਿਆਲਾ ਵਿੱਚ ਕਾਫੀ ਦੁਕਾਨਾਂ ਆਮ ਵਾਂਗ ਖੁੱਲੀਆਂ ਹਨ।

ਸਕੂਲ ਦੇ ਬੱਚੇ ਲੁਧਿਆਣਾ ਵਿੱਚ ਜ਼ਿਆਦਾਤਰ ਸਕੂਲ ਵੀ ਖੁੱਲੇ ਹਨ ਅਤੇ ਦੁਕਾਨਾਂ ਬਾਜ਼ਾਰ ਆਦਿ ਵੀ ਆਮ ਦਿਨਾਂ ਵਾਂਗ ਚੱਲ ਰਹੇ ਹਨ। ਹਾਲਾਂਕਿ ਦੁਕਾਨਾਂ ਤੇ ਗ੍ਰਾਹਕ ਘੱਟ ਹਨ ਅਤੇ ਲੋਕਾਂ ਨੇ ਘਰੋਂ ਘੱਟ ਨਿਕਲਣ ਦਾ ਫੈਸਲਾ ਕੀਤਾ ਹੈ ਪਰ ਇਸ ਦੇ ਬਾਵਜੂਦ ਬਾਜ਼ਾਰਾਂ ਦੇ ਵਿੱਚ ਰੌਣਕ ਵਿਖਾਈ ਦੇ ਰਹੀ ਹੈ। ਲੁਧਿਆਣਾ ਦੇ ਚੌੜਾ ਬਾਜ਼ਾਰ, ਘੰਟਾਘਰ ਚੌਂਕ ਦੇ ਵਿੱਚ ਦੁਕਾਨਾਂ ਖੁੱਲੀਆਂ ਸਨ ਅਤੇ ਆਵਾਜਾਈ ਚੱਲ ਰਹੀ ਸੀ।

ਕਿਸਨਾਂ ਦਾ ਭਾਰਤ ਬੰਦ ਦਾ ਸੱਦਾ

ਤਸਵੀਰ ਸਰੋਤ, BHARAT BHUSHAN/BBC

ਬੀਬੀਸੀ ਸਹਿਯੋਗੀ ਭਾਰਤ ਭੂਸ਼ਣ ਮੁਤਾਬਕ ਫਰੀਦਕੋਟ, ਮੁਕਤਸਰ ਜ਼ਿਲ੍ਹਿਆਂ ਅੰਦਰ ਭਰਵਾਂ ਹੁੰਗਾਰਾ ਮਿਲਿਆ ਹੈ। ਫਰੀਦਕੋਟ ਅਤੇ ਮੁਕਤਸਰ ਜ਼ਿਲ੍ਹੇ ਦੇ ਬਾਜ਼ਾਰਾਂ ਅੰਦਰ ਦੁਕਾਨਾਂ ਬੰਦ ਹਨ। ਸ਼ਹਿਰਾਂ ਅੰਦਰ ਛੋਟੀਆਂ ਜਿਵੇਂ ਚਾਹ ਬਣਾਉਣ ਵਾਲੇ ਕੋਠਿਆਂ ਤੇ ਵੀ ਤਾਲੇ ਵਜੇ ਹੋਏ ਹਨ। ਸਬਜ਼ੀ ਮਾਰਕੀਟ ਅੰਦਰ ਵੀ ਬੰਦ ਪੂਰਾ ਪ੍ਰਭਾਵ ਵੇਖਿਆ ਜਾ ਰਿਹਾ ਹੈ।

ਮੁਕਤਸਰ ਅਤੇ ਫਰੀਦਕੋਟ ਜ਼ਿਲ੍ਹੇ ਅੰਦਰ ਪੈਟਰੋਲ ਪੰਪ ਖੁੱਲ੍ਹੇ ਹਨ। ਬੱਸਾਂ ਦੀ ਆਵਾਜਾਈ ਸੜਕਾਂ ਤੇ ਨਹੀਂ ਵਿਖ ਰਹੀ। ਕਿਸਾਨ ਯੂਨੀਅਨਾਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਮੁਕਤਸਰ ਦੇ ਉਦੇਕਰਨ ਚੌਂਕ, ਫਰੀਦਕੋਟ ਦੇ ਸਾਦਿਕ, ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ, ਬਾਜਾਖਾਨਾ ਦੇ ਹਾਈਵੇ, ਜੈਤੋ ਦੇ ਕੋਟਕਪੂਰਾ ਰੋਡ ਅਤੇ ਫਰੀਦਕੋਟ ਦੇ ਟਹਿਣਾ ਟੀ-ਪੁਆਇੰਟ ਵਿਖੇ ਸਵੇਰੇ 10 ਤੋਂ 4 ਵਜੇ ਤੱਕ ਰੋਸ ਪ੍ਰਦਰਸ਼ਨ ਤੇ ਆਵਾਜਾਈ ਠੱਪ ਕਰਨ ਦਾ ਪ੍ਰੋਗਰਾਮ ਹੈ।

ਮੌਜੂਦਾ ਅੰਦੋਲਨ ਦੀਆਂ ਮੁੱਖ ਮੰਗਾਂ

ਕਿਸਾਨ ਅੰਦੋਲਨ ਦੌਰਾਨ ਵੀਰਵਾਰ ਦੀ ਸਵੇਰ ਕੁਝ ਨੌਜਵਾਨ ਅੱਗ ਸੇਕਦੇ ਹੋਏ ਜਦਕਿ ਦੋ ਜਣੇ ਖੇਸ ਲਈ ਕੋਲ ਹੀ ਨਿੱਘ ਵਿੱਚ ਸੁੱਤੇ ਹੋਏ ਹਨ
  • ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ
  • ਲੈਂਡ ਐਕੁਈਜ਼ੀਸ਼ਨ ਐਕਟ 2013 ਨੂੰ ਕੌਮੀ ਪੱਧਰ 'ਤੇ ਲਾਗੂ ਕਰਨਾ, ਜ਼ਮੀਨ ਐਕੁਆਇਰ ਕਰਨ ਬਾਰੇ ਕਿਸਾਨ ਦੀ ਲਿਖਤੀ ਸਹਿਮਤੀ ਅਤੇ ਕੁਲੈਕਟਰ ਰੇਟ ਤੋਂ ਚਾਰ ਗੁਣਾ ਭਾਅ ਦੇਣਾ
  • ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨਾ
  • ਮਨਰੇਗਾ ਨੂੰ ਖੇਤੀ ਨਾਲ ਜੋੜਨਾ ਅਤੇ 700 ਰੁਪਏ ਦੀ ਦਿਹਾੜੀ ਮੁਤਾਬਕ ਸਾਲ ਵਿੱਚ 200 ਦਿਨ ਦੇ ਰੁਜ਼ਗਾਰ ਦੀ ਗਾਰੰਟੀ
  • ਕਿਸਾਨਾਂ ਅਤੇ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ
  • ਲਖੀਮਪੁਰ ਖੀਰੀ ਕਾਂਡ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ
  • 2020-21 ਦੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰ ਵਿੱਚੋਂ ਇੱਕ ਜੀਅ ਨੂੰ ਸਰਕਾਰੀ ਨੌਕਰੀ
  • ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ
  • ਨਕਲੀ ਕੀਟਨਾਸ਼ਕਾਂ, ਖਾਦਾਂ ਅਤੇ ਬੀਜ ਬਣਾਉਣ ਵਾਲੀਆਂ ਕੰਪਨੀਆਂ ਤੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦਾ ਪ੍ਰਬੰਧ
  • ਹਲਦੀ, ਮਿਰਚਾਂ ਅਤੇ ਹੋਰ ਮਸਾਲਿਆਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਮਿਸ਼ਨ ਸਥਾਪਨਾ ਕਰਨਾ ਸ਼ਾਮਲ ਹਨ।
ਕਿਸਾਨ ਅੰਦੋਲਨ

13 ਤੋਂ 16 ਫਰਵਰੀ ਤੱਕ ਦਾ ਸੰਖੇਪ

ਕਿਸਾਨਾਂ ਨੂੰ ਰੋਕਣ ਲਈ ਤਿਆਰ ਖੜ੍ਹੇ ਸੁਰੱਖਿਆ ਦਸਤੇ

ਤਸਵੀਰ ਸਰੋਤ, Kamal Saini/BBC

ਤਸਵੀਰ ਕੈਪਸ਼ਨ, ਕੁਰੂਕਸ਼ੇਤਰ ਦੇ ਪੇਹਵਾ ਪਟਿਆਲਾ ਰੋਡ ਟੁੱਕਰ ਬਾਰਡਰ 'ਤੇ 5 ਲੇਅਰ ਬੈਰੀਕੇਡਿੰਗ, ਆਰਏਐੱਫ, ਸੀਆਰਪੀ ਅਤੇ ਹਰਿਆਣਾ ਪੁਲਿਸ ਦੇ ਜਵਾਨ ਤਾਇਨਾਤ ਹਨ। (ਤਸਵੀਰ- 13 ਫਰਵਰੀ)

ਕਿਸਾਨ ਧਰਨੇ ਦਾ ਸੱਦਾ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਵੱਲੋਂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਸਾਂਝੇ ਤੌਰ ’ਤੇ ਦਿੱਤਾ ਗਿਆ ਸੀ।

13 ਫਰਵਰੀ ਨੂੰ ਕਿਸਾਨਾਂ ਦੇ ਹਰਿਆਣੇ ਦੇ ਬਾਰਡਰਾਂ ਉੱਪਰ ਪਹੁੰਚਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਤਿਆਰੀ ਕਰ ਲਈ ਗਈ ਸੀ।

ਇਨ੍ਹਾਂ ਬੰਦੋਬਸਤਾਂ ਦੇ ਤਹਿਤ 15 ਫਰਵਰੀ ਤੱਕ ਇੰਟਰਨੈੱਟ 'ਤੇ ਪਾਬੰਦੀ ਲਗਾਉਣ ਤੋਂ ਇਲਾਵਾ, ਹਰਿਆਣਾ ਪੁਲਿਸ ਨੇ ਪਟਿਆਲਾ ਵਾਲੇ ਪਾਸੇ ਤੋਂ ਪੰਜਾਬ-ਹਰਿਆਣਾ ਸ਼ੰਭੂ ਸਰਹੱਦ 'ਤੇ ਬਹੁ-ਪੱਧਰੀ ਨਾਕਾਬੰਦੀਆਂ ਰਾਹੀਂ ਕਿਸਾਨਾਂ ਦੇ ਦਾਖਲੇ 'ਤੇ ਰੋਕ ਲਾਈ ਜਾ ਚੁੱਕੀ ਹੈ।

ਸ਼ੰਭੂ ਬਾਰਡਰ ਉੱਤੇ ਕਿਸਾਨਾਂ ਅਤੇ ਸੁਰੱਖਿਆ ਦਸਤਿਆਂ ਦਰਮਿਆਨ ਝੜਪਾਂ ਵੀ ਹੋਈਆਂ। ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਅਥੱਰੂ ਗੈਸ ਦੇ ਗੋਲੇ ਡਰੋਨ ਰਾਹੀਂ ਸੁੱਟੇ ਗਏ।

ਕਿਸਾਨਾਂ ਉੱਤੇ ਅੱਥਰੂ ਗੈਸ ਦੀ ਵਰਤੋਂ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਹਰਿਆਣੇ ਦੇ ਬਾਰਡਰਾਂ ਉੱਪਰ ਕਿਸਾਨਾਂ ਉੱਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ

ਇਸ ਤੋਂ ਇਲਾਵਾ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪੁਲਿਸ ਵੱਲੋਂ ਰਬੜ ਦੀਆਂ ਗੋਲੀਆਂ ਅਤੇ ਇੱਥੋਂ ਤੱਕ ਕਿ ਐੱਸਐਲਆਰ ਰਾਈਫਲ ਦੇ ਕਾਰਤੂਸ ਵੀ ਕਿਸਾਨਾਂ ਨੂੰ ਮਿਲੇ ਹਨ।

ਫਿਲਹਾਲ ਕਿਸਾਨ ਸ਼ੰਭੂ ਬਾਰਡਰ ਉੱਤੇ ਹੀ ਬੈਠੇ ਹਨ। ਇਸ ਦੌਰਾਨ ਮਸਲੇ ਦੇ ਹੱਲ ਲਈ ਕਿਸਾਨਾਂ ਅਤੇ ਸਰਕਾਰ ਦਰਮਿਆਨ ਤਿੰਨ ਗੇੜਾਂ ਦੀਆਂ ਬੈਠਕਾਂ ਹੋ ਚੁੱਕੀਆਂ ਹਨ।

ਕਈ ਸਾਰੇ ਕਿਸਾਨ ਆਗੂਆਂ ਜਿਵੇਂ ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ, ਬੀਕੇਯੂ (ਸ਼ਹੀਦ ਭਗਤ ਸਿੰਘ) ਦੇ ਬੁਲਾਰੇ ਤੇਜਵੀਰ ਸਿੰਘ ਅੰਬਾਲਾ, ਕਿਸਾਨ ਆਗੂ ਰਮਨਦੀਪ ਸਿੰਘ ਮਾਨ ਅਤੇ ਹੋਰਾਂ ਦੇ ਐਕਸ ਖਾਤਿਆਂ 'ਤੇ ਰੋਕ ਲੱਗੀ ਹੈ।

ਇਸ ਤੋਂ ਇਲਾਵਾ ਪੱਤਰਕਾਰ ਮਨਦੀਪ ਪੂਨੀਆ ਦੇ ਸੋਸ਼ਲ ਮੀਡਿਆ ਖਾਤਿਆਂ 'ਤੇ ਰੋਕ ਲੱਗੀ ਹੈ। ਮਨਦੀਪ ਪੂਨੀਆ ਆਪਣਾ ਚੈਨਲ 'ਗਾਓਂ ਸਵੇਰਾ' ਚਲਾਉਂਦੇ ਹਨ।

ਹਾਲਾਂਕਿ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਸਾਨਾਂ ਨਾਲ ਹੋਈ ਬੈਠਕ ਵਿੱਚ ਇਸ ਪਿੱਛੇ ਸਰਕਾਰ ਦੀ ਕੋਈ ਭੂਮਿਕਾ ਹੋਣ ਤੋਂ ਇਨਕਾਰ ਕੀਤਾ।

ਤਮਿਲ ਨਾਡੂ ਦੇ ਕਿਸਾਨ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਤਮਿਲ ਨਾਡੂ ਦੇ ਤ੍ਰਿਚੀ ਜ਼ਿਲ੍ਹੇ ਦੇ ਕਿਸਾਨਾਂ ਨੇ ਮੰਗਲਵਾਰ ਨੂੰ 'ਦਿੱਲੀ ਚੱਲੋ' ਦੇ ਸੱਦੇ ਨੂੰ ਆਪਣਾ ਸਮਰਥਨ ਦਿੱਤਾ
ਕਿਸਾਨ ਅੰਦੋਲਨ

ਤਸਵੀਰ ਸਰੋਤ, bbc

ਤੀਜੇ ਗੇੜ ਦੀ ਬੈਠਕ ਵੀਰਵਾਰ ਰਾਤੀਂ ਕਰੀਬ ਡੇਢ ਵਜੇ ਖ਼ਤਮ ਹੋਈ।

ਚੰਡੀਗੜ੍ਹ ਵਿੱਚ 6 ਘੰਟਿਆਂ ਤੋਂ ਵੱਧ ਸਮਾਂ ਚੱਲੀ ਇਸ ਗੱਲਬਾਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਨੇ ਸਾਰਥਕ ਗੱਲਬਾਤ ਦੱਸਿਆ ਹੈ।

ਐੱਮਐੱਸਪੀ, ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਤੇ ਕਿਸਾਨਾਂ ਦੇ ਕਰਜ਼ੇ ਸਣੇ ਸਾਰੀਆਂ ਮੰਗਾਂ ਉੱਤੇ ਚਰਚਾ ਹੋਈ ਹੈ। ਹੁਣ ਕੇਂਦਰੀ ਮੰਤਰੀ ਸਰਕਾਰ ਨਾਲ ਚਰਚਾ ਕਰਕੇ ਐਤਵਾਰ ਨੂੰ ਮੁੜ ਗੱਲਬਾਤ ਲਈ ਆਉਂਣਗੇ।

ਸਰਕਾਰ ਇਸ ਉੱਤੇ ਪੇਪਰ ਵਰਕ ਕਰਕੇ ਐਤਵਾਰ ਨੂੰ ਨਤੀਜਾ ਕੱਢ ਕੇ ਪ੍ਰਸਤਾਵ ਨਾਲ ਆਵੇਗੀ। ਇਸ ਦੌਰਾਨ ਚੋਣਾਂ ਲਈ ਲੱਗਣ ਵਾਲੇ ਕੋਡ ਆਫ਼ ਕੰਡਕਟ ਦੀ ਵੀ ਚਰਚਾ ਕੀਤੀ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)