ਸੁੱਖ ਰਤੀਆ : ਸੋਸ਼ਲ ਮੀਡੀਆ ਇਨਫਲੂਐਂਸਰ ਕੌਣ ਹੈ,ਜਿਸ ਨੂੰ ਕਤਲ ਦੇ ਇਲਜ਼ਾਮ ਵਿੱਚ ਨਵੀਂ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ

ਸੁੱਖ ਰਤੀਆ

ਤਸਵੀਰ ਸਰੋਤ, _sukh_ratia/instagram

ਤਸਵੀਰ ਕੈਪਸ਼ਨ, ਸੁਖਪ੍ਰੀਤ ਸਿੰਘ ਉਰਫ ਸੁੱਖ ਰਤੀਆ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹਨ
    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਹਰਿਆਣਾ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਸੁਖਪ੍ਰੀਤ ਸਿੰਘ ਉਰਫ਼ ਸੁੱਖ ਰਤੀਆ ਨੂੰ ਇੱਕ ਔਰਤ ਦੇ ਕਤਲ ਮਾਮਲੇ ਵਿੱਚ ਮਹਾਰਾਸ਼ਟਰ ਦੀ ਨਵੀਂ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਨਵੀ ਮੁੰਬਈ ਪੁਲਿਸ ਨੇ ਰਤੀਆ ਦੇ ਨਾਲ ਗੁਰਪ੍ਰੀਤ ਸਿੰਘ ਨਾਮ ਦੇ ਇੱਕ ਹੋਰ ਸ਼ਖਸ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਬੀਬੀਸੀ ਸਹਿਯੋਗੀ ਅਲਪੇਸ਼ ਕਰਕਰੇ ਮੁਤਾਬਕ ਸੁਖਪ੍ਰੀਤ ਤੇ ਗੁਰਪ੍ਰੀਤ ਦੋਵੇਂ ਰਿਸ਼ਤੇਦਾਰ ਹਨ।

ਪੁਲਿਸ ਇਸ ਮਾਮਲੇ ਵਿੱਚ ਪਹਿਲਾਂ ਦੋ ਔਰਤਾਂ ਸਣੇ ਤਿੰਨ ਜਾਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਸੁਖਪ੍ਰੀਤ ਤੇ ਗੁਰਪ੍ਰੀਤ ਦੋਵਾਂ ਨੂੰ ਨਵੀਂ ਮੁੰਬਈ ਦੇ ਕ੍ਰਾਇਮ ਯੂਨਿਟ-2 ਅਤੇ ਉਲਵੇ ਪੁਲਿਸ ਸਟੇਸ਼ਨ ਦੀ ਸਾਂਝੀ ਟੀਮ ਨੇ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਮੁਤਾਬਕ ਗ੍ਰਿਫ਼ਤਾਰੀ ਦੀ ਇਹ ਕਾਰਵਾਈ ਯੂਪੀ ਪੁਲਿਸ ਦੀ ਨੋਇਡਾ ਐੱਸਟੀਐੱਫ ਦੀ ਮਦਦ ਨਾਲ ਸੰਭਵ ਹੋ ਸਕੀ।

ਉਨ੍ਹਾਂ ਨੂੰ ਨੋਇਡਾ ਤੋਂ 24 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਲਵੇ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਕੀ ਹੈ ਪੂਰਾ ਮਾਮਲਾ

ਸੁਖਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ

ਤਸਵੀਰ ਸਰੋਤ, navi mumbai police

ਤਸਵੀਰ ਕੈਪਸ਼ਨ, ਸੁਖਪ੍ਰੀਤ ਸਿੰਘ ਉਰਫ਼ ਸੁੱਖ ਰਤੀਆ (ਖੱਬੇ) ਤੇ ਗੁਰਪ੍ਰੀਤ ਸਿੰਘ (ਸੱਜੇ) ਨੂੰ ਪੁਲਿਸ ਨੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ

ਨਵੀ ਮੁੰਬਈ ਦੇ ਉਲਵੇ ਪੁਲਿਸ ਸਟੇਸ਼ਨ ਵਿੱਚ ਕਿਸ਼ੋਰ ਸਿੰਘ ਵੱਲੋਂ 18 ਮਈ, 2025 ਨੂੰ ਆਪਣੀ ਪਤਨੀ ਦੇ ਕਤਲ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਪੁਲਿਸ ਵੱਲੋਂ ਜਾਰੀ ਕੀਤੇ ਪ੍ਰੈਸ ਨੋਟ ਮੁਤਾਬਕ ਕਿਸ਼ੋਰ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਆਈਪੀਸੀ ਦੀ ਧਾਰਾ 103 (1) ਤਹਿਤ ਮਾਮਲਾ ਦਰਜ ਕੀਤਾ ਗਿਆ।

ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਤੀ ਨੇ ਹੀ ਆਪਣੀ ਪਤਨੀ ਦੇ ਕਤਲ ਲਈ 6 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ।

ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਤੀ ਨੂੰ 21 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਮੁਲਜ਼ਮ ਕਿਸ਼ੋਰ ਦੀਆਂ ਦੋ ਔਰਤਾਂ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

ਕਿਸ਼ੋਰ ਨਾਲ ਗ੍ਰਿਫ਼ਤਾਰ ਕੀਤੀਆਂ ਗਈਆਂ ਦੋ ਔਰਤਾਂ ਦੀ ਪਛਾਣ ਅਲੀਸ਼ਾ ਧਨਪ੍ਰਕਾਸ਼ ਤਿਆਗੀ ਵਾਸੀ ਗਾਜ਼ੀਆਬਾਦ, ਯੂਪੀ ਅਤੇ ਚਰਨਜੀਤ ਫਤਹਿ ਕੌਰ ਉਰਫ਼ ਡਿੰਪਲ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।

ਸੁਖਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ

ਤਸਵੀਰ ਸਰੋਤ, guri_shakarpuria/instagram

ਤਸਵੀਰ ਕੈਪਸ਼ਨ, ਪੁਲਿਸ ਦੇ ਦਾਅਵੇ ਮੁਤਾਬਕ ਪਤੀ ਨੇ ਪਤਨੀ ਦੇ ਕਤਲ ਦੀ ਸੁਪਾਈ ਦਿੱਤੀ ਸੀ

ਪੁਲਿਸ ਮੁਤਾਬਕ ਪਤੀ ਨੇ ਆਪਣੀ ਪਤਨੀ ਦੀ ਸੁਪਾਰੀ ਦਿੱਤੀ ਸੀ, ਕਿਉਂਕਿ ਪਤੀ ਤਲਾਕ ਲੈਣਾ ਚਾਹੁੰਦਾ ਸੀ ਅਤੇ ਪਤਨੀ ਅਜਿਹਾ ਨਹੀਂ ਕਰ ਰਹੀ ਸੀ।

ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਨਾਲ ਹੀ ਆਰਥਿਕ ਕਾਰਨਾਂ ਕਰਕੇ ਵੀ ਦੋਵਾਂ ਵਿਚਾਲੇ ਵਿਵਾਦ ਸੀ।

ਇਸ ਸਭ ਤੋਂ ਛੁਟਕਾਰਾ ਪਾਉਣ ਦੇ ਲਈ ਕਿਸ਼ੋਰ ਸਿੰਘ ਨੇ 6 ਲੱਖ ਰੁਪਏ ਦੀ ਸੁਪਾਰੀ ਦੇ ਕੇ ਪਤਨੀ ਦੇ ਕਤਲ ਦੀ ਯੋਜਨਾ ਬਣਾਈ।

ਮੁਲਜ਼ਮਾਂ ਨੇ ਉਲਵੇ ਇਲਾਕੇ ਵਿੱਚ 18 ਮਈ ਦੀ ਰਾਤ ਸੜਕ ਉੱਪਰ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਘਟਨਾ ਉੱਥੇ ਇੱਕ ਇਮਾਰਤ 'ਤੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।

ਕੌਣ ਹੈ ਸੁੱਖ ਰਤੀਆ

ਹਰਿਆਣਾ ਦੇ ਫਤਿਹਾਬਾਦ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਉਰਫ ਸੁੱਖ ਰਤੀਆ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹਨ।

ਇੰਸਟਾਗ੍ਰਾਮ ਉੱਪਰ ਉਨ੍ਹਾਂ ਦੇ ਕਰੀਬ 5.25 ਲੱਖ ਫੋਲੋਅਰਜ਼ ਹਨ ਤੇ ਉਹ ਪੇਸ਼ੇ ਵਜੋਂ ਖੁਦ ਨੂੰ ਮਾਡਲ ਦਿਖਾਉਂਦੇ ਹਨ।

ਉਹ ਇੰਸਟਾਗ੍ਰਾਮ 'ਤੇ ਮਾਡਲਿੰਗ ਨਾਲ ਜੁੜੀਆਂ ਰੀਲਜ਼ ਅਪਲੋਡ ਕਰਦੇ ਰਹੇ ਹਨ, ਜਿਨ੍ਹਾਂ ਨੂੰ ਲੱਖਾਂ ਵਿੱਚ ਦੇਖਿਆ ਜਾਂਦਾ ਹੈ।

ਉਨ੍ਹਾਂ ਨੂੰ ਆਪਣੇ ਸਰੀਰ ਉਪਰ ਬਣਵਾਏ ਟੈਟੂਆਂ ਲਈ ਵੀ ਜਾਣਿਆ ਜਾਂਦਾ। ਸੁੱਖ ਰਤੀਆ ਨੇ ਕੁਝ ਗੀਤਾਂ ਵਿੱਚ ਵੀ ਮਾਡਲਿੰਗ ਕੀਤੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਉਹ ਮੁੰਬਈ ਵੀ ਮਾਡਲਿੰਗ ਕਰਨ ਗਏ ਸੀ। ਜਾਣਕਾਰੀ ਮੁਤਾਬਕ ਸੁੱਖਪ੍ਰੀਤ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ।

ਸੁੱਖ ਰਤੀਆ ਵੱਲੋਂ ਆਪਣੇ ਇੰਸਟਾਗ੍ਰਾਮ ਖਾਤੇ ਉਪਰ ਪਾਈ ਇੱਕ ਪੋਸਟ ਮੁਤਾਬਕ ਉਹ 23 ਤੇ 24 ਮਈ ਨੂੰ ਇੱਕ ਸ਼ੋਅ ਸਬੰਧੀ ਦਿੱਲੀ-ਐੱਨਸੀਆਰ ਪਹੁੰਚ ਰਹੇ ਸੀ। ਉਨ੍ਹਾਂ ਨੇ ਇਹ ਪੋਸਟ 9 ਮਈ ਨੂੰ ਪਾਈ ਸੀ।

ਨੋਇਡਾ ਐੱਸਟੀਐੱਫ ਨੇ ਕੀ ਕਿਹਾ

ਨੋਇਡਾ ਐੱਸਟੀਐੱਫ ਮੁਤਾਬਕ ਨਵੀ ਮੁੰਬਈ ਦੀ ਪੁਲਿਸ ਨੇ ਇੱਕ ਮਾਮਲੇ ਵਿੱਚ ਯੂਪੀ ਐੱਸਟੀਐੱਫ ਕੋਲੋਂ ਸਹਿਯੋਗ ਮੰਗਿਆ ਸੀ।

ਸੂਚਨਾ ਦੇ ਆਧਾਰ 'ਤੇ ਇਸ ਮਾਮਲੇ ਸਬੰਧੀ ਸਾਂਝਾ ਆਪਰੇਸ਼ਨ ਚਲਾਇਆ ਗਿਆ ਅਤੇ ਮਾਮਲੇ ਵਿੱਚ ਲੋੜੀਂਦੇ ਦੋ ਮੁਲਜ਼ਮਾਂ ਨੂੰ ਸੂਰਜਪੁਰ ਇਲਾਕੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਜਿਨ੍ਹਾਂ ਨੂੰ ਬਾਅਦ ਵਿੱਚ ਮੁੰਬਈ ਪੁਲਿਸ ਨੂੰ ਸੌਂਪ ਦਿੱਤਾ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)