ਯੂਕੇ ਦੰਗੇ: ਪੰਜਾਬੀ ਭਾਈਚਾਰੇ ਦੇ ਗੜ੍ਹ ਸਾਊਥਹਾਲ ਵਿਚਲੇ 1970ਵਿਆਂ ਦੇ ਦੰਗਿਆਂ ਦੇ ਜ਼ਖ਼ਮ ਹਰੇ ਹੋਏ

ਤਸਵੀਰ ਸਰੋਤ, Getty Images
- ਲੇਖਕ, ਸੀਮਾ ਕੋਟੇਚਾ
- ਰੋਲ, ਬੀਬੀਸੀ ਨਿਊਜ਼
ਮਸਜਿਦਾਂ ਉੱਤੇ ਇੱਟਾਂ ਅਤੇ ਪੱਥਰ ਮਾਰੇ ਗਏ। ਮੁਜ਼ਾਹਰਾਕਾਰੀ ਨਾਅਰੇ ਲਾ ਰਹੇ ਸਨ, “ਅਸੀਂ ਆਪਣਾ ਮੁਲਕ ਵਾਪਸ ਚਾਹੁੰਦੇ ਹਾਂ।”
ਇੱਕ ਨਸਲਵਾਦੀ ਹਮਲੇ ਵਿੱਚ ਇੱਕ ਬੰਦੇ ਦੇ ਸਿਰ ਉੱਤੇ ਸੱਟ ਲੱਗ ਗਈ ਸੀ।
ਪਿਛਲੇ ਹਫ਼ਤੇ ਵਿੱਚ ਇੰਗਲੈਂਡ ਅਤੇ ਉੱਤਰੀ ਆਇਰਲੈਂਡ ਵਿੱਚ ਬ੍ਰਿਟਿਸ਼ ਏਸ਼ੀਆਈ ਲੋਕਾਂ ਵਿੱਚ 1970ਵਿਆਂ ਅਤੇ 1980ਵਿਆਂ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਗਈਆਂ ਹਨ।
ਉਸ ਸਮੇਂ ਨਸਲਵਾਦੀ ਹਿੰਸਾ ਵੱਡੇ ਪੱਧਰ ਉੱਤੇ ਹੋਈ ਅਤੇ ਨੈਸ਼ਨਲ ਫਰੰਟ ਅੱਗੇ ਵੱਧ ਰਿਹਾ ਸੀ।

ਹਰੀਸ਼ ਪਟੇਲ ਇਸ ਵੇਲੇ ਆਪਣੀ ਉਮਰ ਦੇ 70ਵੇਂ ਦਹਾਕੇ ਵਿੱਚ ਹਨ ਮੌਜੂਦਾ ਹਾਲਤਾਂ ਨੇ ਉਨ੍ਹਾਂ ਦਾ ਦਿਲ ਤੋੜ ਦਿੱਤਾ।
ਉਹ ਕਹਿੰਦੇ ਹਨ ਕਿ ਨੌਜਵਾਨ ਬੱਚਿਆਂ ਨੇ ਆਪਣੇ ਮਾਪਿਆਂ ਅਤੇ ਦਾਦੇ ਦਾਦੀਆਂ ਤੋਂ ਇਸ ਬਾਰੇ ਜਾਣਿਆ ਹੋਵੇਗਾ ਕਿ ਇਸ ਮੁਲਕ ਵਿੱਚ ਜ਼ਿੰਦਗੀ ਕਿਹੋ ਜਿਹੀ ਹੋ ਸਕਦੀ ਹੈ।
“ਉਨ੍ਹਾਂ ਨੇ ਇਹ ਸੋਚਿਆ ਹੋਵੇਗਾ ਕਿ ਇਹ ਖ਼ਤਮ ਹੋ ਗਿਆ ਹੋਵੇਗਾ ਤੇ ਹੁਣ ਉਹ ਇਸ ਬਾਰੇ ਆਪ ਅਨੁਭਵ ਕਰ ਰਹੇ ਹਨ।”
ਇਹ ਅਸ਼ਾਂਤੀ ਤਿੰਨ ਨਿੱਕੀਆਂ ਕੁੜੀਆਂ ਦੇ ਸਾਊਥਪੋਰਟ ਵਿੱਚ ਕਤਲ ਤੋਂ ਬਾਅਦ ਵਧੀ, ਇਨ੍ਹਾਂ ਕਤਲਾਂ ਤੋਂ ਬਾਅਦ ਇਹ ਝੂਠੀ ਅਫ਼ਵਾਹ ਫੈਲਾਈ ਗਈ ਕਿ ਸ਼ੱਕੀ ਮੁਲਜ਼ਮ ਇੱਕ ਮੁਸਲਮਾਨ ਸ਼ਰਨਾਰਥੀ ਸੀ ਸੀ।
ਇਸ ਨੇ ਏਸ਼ੀਆਈ ਅਤੇ ਘੱਟਗਿਣਤੀ ਭਾਈਚਾਰੇ ਵਿੱਚ ਡਰ ਦੀ ਭਾਵਨਾ ਪੈਦਾ ਕੀਤੀ।

ਤਸਵੀਰ ਸਰੋਤ, Getty Images
ਮੁੰਗਰਾ ਬਜ਼ੁਰਗ ਏਸ਼ੀਆਈ ਔਰਤ ਹਨ। ਉਹ ਕੀਨੀਆ ਤੋਂ 50 ਸਾਲ ਪਹਿਲਾਂ ਇੱਥੇ ਆਏ ਸਨ, ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਲੰਡਨ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਦੀ ਯਾਦ ਆ ਗਈ।
ਉਹ ਦੱਸਦੇ ਹਨ ਕਿ ਵੱਧਦੀ ਹਿੰਸਾ ਕਾਰਨ ਉਨ੍ਹਾਂ ਨੂੰ ਨੁੱਕਰ ਵਾਲੀ ਦੁਕਾਨ ਤੋਂ ਦੁੱਧ ਲੈਣ ਵਿੱਚ ਵੀ ਡਰ ਲੱਗਦਾ ਹੈ।
ਉਹ ਕਹਿੰਦੇ ਹਨ, “ਅਜਿਹਾ ਹੀ ਅਸੀਂ ਉਨ੍ਹਾਂ ਦਿਨਾਂ ਵਿੱਚ ਮਹਿਸੂਸ ਕਰਦੇ ਸੀ।”
1950 ਵਿਆਂ ਵਿੱਚ ਹਜ਼ਾਰਾਂ ਦੱਖਣੀ ਏਸ਼ੀਆਈ ਲੋਕ ਯੂਕੇ ਦੀਆਂ ਫੈਕਟਰੀਆਂ ਅਤੇ ਹੋਰ ਜਨਤਕ ਸੇਵਾਵਾਂ ਵਿੱਚ ਕੰਮ ਕਰਨ ਲਈ ਆਏ। ਉਸ ਵੇਲੇ ਯੂਕੇ ਜੰਗ ਤੋਂ ਬਾਅਦ ਆਪਣੀ ਆਰਥਿਕਤਾ ਨੂੰ ਮੁੜ ਖੜ੍ਹਾ ਕਰ ਰਿਹਾ ਸੀ।
1970 ਵਿਆਂ ਦੀ ਸ਼ੂਰੂਅਤ ਤੱਕ ਉਨ੍ਹਾਂ ਦੀ ਆਬਾਦੀ 50 ਲੱਖ ਤੱਕ ਪਹੁੰਚ ਗਈ ਸੀ।
ਕਿਉਂਕਿ ਇਸ ਸਮੇਂ ਦੌਰਾਨ ਪਰਿਵਾਰ ਦੇ ਹੋਰ ਮੈਂਬਰ ਅਤੇ ਅਫ਼ਰੀਕਾ ਤੋਂ ਭੱਜ ਕੇ ਆਏ ਏਸ਼ੀਆਈ ਵੀ ਇੱਥੇ ਆ ਗਏ ਸਨ। ਇਨ੍ਹਾਂ ਵਿੱਚ ਬਹੁਤੇ ਯੁਗਾਂਡਾ ਤੋਂ ਕੱਢੇ ਗਏ ਸਨ।
ਪਰਵਾਸ ਇੱਕ ਸਿਆਸੀ ਮਸਲਾ ਬਣ ਗਿਆ ਸੀ। ਸਾਲ 1968 ਵਿੱਚ ਕੰਜ਼ਰਵੇਟਿਵ ਪਾਰਟੀ ਦੇ ਐੱਮਪੀ ਇਨੋਕ ਪੋਵੈੱਲ ਨੇ ‘ਰਿਵਰਜ਼ ਆਫ ਬਲੱਡ’ ਨਾਮ ਦਾ ਭਾਸ਼ਣ ਦਿੱਤਾ। ਇਸ ਭਾਸ਼ਣ ਵਿੱਚ ਉਨ੍ਹਾਂ ਨੇ ਕਿਹਾ ਕਿ ਵੱਡੇ ਪੱਧਰ ਉੱਤੇ ਪਰਵਾਸ ਹੋਣ ਦੇਣ ਨਾਲ ਮੁਲਕ ‘ਆਪਣੀ ਹੀ ਚਿਖ਼ਾ ਵਿੱਚ ਬਾਲਣ ਪਾ ਰਿਹਾ ਹੈ।’
ਸੱਜੇ ਪੱਖੀ ਨੈਸ਼ਨਲ ਫਰੰਟ ਇਸ ਬਾਰੇ ਵਿਚਾਰ ਰੱਖ ਰਿਹਾ ਸੀ ਅਤੇ ਰੈਲੀਆਂ ਕਰ ਰਿਹਾ ਸੀ।
ਏਸ਼ੀਆਈ ਲੋਕਾਂ ਨੂੰ ਹਰ ਦਿਨ ਛੇੜਛਾੜ ਅਤੇ ਪੁਲਿਸ ਦੇ ਸਖ਼ਤੀ ਦਾ ਸਾਹਮਣਾ ਕਰਨਾ ਪੈਂਦਾ ਸੀ।
ਮੁੰਗਰਾ ਕਹਿੰਦੇ ਹਨ, “ਡਰ ਅਤੇ ਨਸਲਵਾਦ ਦਾ ਮਾਹੌਲ ਬਹੁਤ ਗਹਿਰਾ ਸੀ ਅਤੇ ਇਸ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਸੀ ਕਿਊਕਿ ਮੈਂ ਗ਼ੈਰ ਯੂਰਪੀ ਮੂਲ ਦੀ ਸੀ।“
"ਗਲੀਆਂ ਵਿੱਚ ਤੁਰਦਿਆਂ ਮਾੜੀ ਸ਼ਬਦਾਵਲੀ ਦੀ ਵਰਤੋਂ ਬਹੁਤ ਆਮ ਸੀ।"

ਤਸਵੀਰ ਸਰੋਤ, Getty Images
ਮੁੰਗਰਾ ਨੇ ਸਾਊਥਹਾਲ ਵਿੱਚ ਦੰਗੇ ਦੇਖੇ ਸਨ। ਇਹ ਪੱਛਮੀ ਲੰਡਨ ਦਾ ਵੱਧ ਏਸ਼ੀਆਈ ਆਬਾਦੀ ਵਾਲਾ ਹਿੱਸਾ ਸੀ।
ਇਹ ਦੰਗੇ ਸਾਲ 1979 ਵਿੱਚ, ਸਥਾਨਕ ਸਿੱਖ ਨੌਜਵਾਨ ਗੁਰਦੀਪ ਸਿੰਘ ਚੰਗੜ ਦੇ ਨਸਲਵਾਦ ਤੋਂ ਪ੍ਰਭਾਵਿਤ ਕਤਲ ਤੋਂ ਬਾਅਦ ਹੋਏ।
ਆਮ ਚੋਣਾਂ ਤੋਂ ਕਈ ਹਫ਼ਤੇ ਪਹਿਲਾਂ ਨੈਸ਼ਨਲ ਫਰੰਟ ਨੇ ਇਹ ਫ਼ੈਸਲਾ ਲਿਆ ਕਿ ਉਹ ਸਾਊਥਹਾਲ ਦੇ ਟਾਊਨਹਾਲ ਵਿੱਚ ਇੱਕ ਮੀਟਿੰਗ ਕਰਨਗੇ।
ਨਸਲਵਾਦ ਵਿਰੋਧੀ ਸਹਿਯੋਗੀਆਂ ਦੇ ਨਾਲ-ਨਾਲ ਹਜ਼ਾਰਾਂ ਏਸ਼ੀਆਈ ਲੋਕਾਂ ਨੇ ਗਲੀਆਂ ਵਿੱਚ ਸੱਜੇ ਪੱਖੀਆਂ ਅਤੇ ਪੁਲਿਸ ਦੀ ਹਿੰਸਾ ਦੇ ਖ਼ਿਲਾਫ਼ ਮੁਜ਼ਾਹਰਾ ਕੀਤਾ।
40 ਲੋਕ ਜ਼ਖ਼ਮੀ ਹੋਏ ਸਨ, ਜਿਨ੍ਹਾਂ ਵਿੱਚ 21 ਪੁਲਿਸ ਮੁਲਾਜ਼ਮ ਵੀ ਸ਼ਾਮਲ ਸਨ। ਇਸ ਹਿੰਸਾ ਵਿੱਚ 300 ਲੋਕ ਗ੍ਰਿਫ਼ਤਾਰ ਹੋਏ ਸਨ ਅਤੇ ਇੱਕ ਅਧਿਆਪਕ ਦੀ ਮੌਤ ਹੋ ਗਈ ਸੀ।
ਮੈੱਟ ਪੁਲਿਸ ਦੀ ਰਿਪੋਰਟ ਦੇ ਮੁਤਾਬਕ ਇਹ ਮੌਤ ਇੱਕ ਅਫ਼ਸਰ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਹੋਈ ਹੋ ਸਕਦੀ ਹੈ।
'ਸੋਚਦਾ ਸੀ ਕਿ ਨਸਲੀ ਨਫ਼ਰਤ ਦੇ ਇਹ ਦਿਨ ਮੁੱਕ ਗਏ'
ਇਹ ਕਾਫ਼ੀ ਬੇਰਹਿਮੀ ਭਰੇ ਦਿਨ ਸਨ, ਜਿਨ੍ਹਾਂ ਨੇ ਉਨ੍ਹਾਂ ਲੋਕਾਂ ਉੱਤੇਆਪਣੀ ਛਾਪ ਛੱਡੀ, ਜਿਨ੍ਹਾਂ ਨੇ ਇਨ੍ਹਾਂ ਦਿਨਾਂ ਨੂੰ ਜੀਵਿਆ ਸੀ।
ਮੈਂ ਉਦੋਂ ਇੱਕ ਛੋਟੀ ਬੱਚੀ ਸੀ ਜਦੋਂ ਇੱਕ ਚਲਦਾ ਹੋਇਆ ਪਟਾਕਾ ਮੇਰੇ ਮਾਪਿਆਂ ਦੇ ਘਰ ਹੈਂਪਸ਼ਾਇਰ ਦੇ ਬਾਹਰ ਲੱਗੇ ਲੈਟਰਬਾਕਸ ਵਿੱਚ ਪਾ ਦਿੱਤਾ ਗਿਆ ਸੀ।
ਮੇਰੀ ਮਾਂ ਨੂੰ ਯਾਦ ਹੈ ਕਿ ਉਨ੍ਹਾਂ ਨੇ ਮੇਰੇ ਭਰਾ ਨੂੰ ਫੜਿਆ ਜੋ ਉਦੋਂ ਬਹੁਤ ਚੁਸਤ ਸੀ ਅਤੇ ਮੇਰੇ ਤੋਂ ਕੁਝ ਸਾਲ ਛੋਟਾ ਸੀ ਅਤੇ ਮੂਹਰਲੇ ਦਰਵਾਜ਼ੇ ਵੱਲ ਦੌੜ੍ਹ ਰਿਹਾ ਸੀ।
ਉਹ ਇਸ ਤੋਂ ਘੰਟਿਆਂ ਬਾਅਦ ਕੰਬਦੀ ਰਹੀ।
ਉਹ ਇਹ ਕਦੇ ਨਹੀਂ ਭੁੱਲੇਗੀ ਕਿ ਕਿਵੇਂ ਉਹ ਉਸ ਵੇਲੇ ਬਹੁਤ ਡਰੀ ਹੋਈ ਸੀ।
ਇਹ ਸਾਡੇ ਗੈਰਾਜ ਦੇ ਕਮਰੇ ਦੇ ਬਾਹਰ ਮਾੜੀ ਸ਼ਬਦਾਵਲੀ ਲਿਖੇ ਜਾਣ ਤੋਂ ਮਹੀਨਿਆਂ ਬਾਅਦ ਵਾਪਰੀ ਸੀ।
ਅਸੀਂ ਉਸ ਵੇਲੇ ਆਪਣੀ ਗੁਜਰਾਤੀ ਦਾਦੀ ਨਾਲ ਰਹਿ ਰਹੇ ਸੀ, ਜੋ ਸਾੜ੍ਹੀ ਪਾਉਂਦੇ ਸਨ, ਮੇਰੇ ਮਾਪੇ ਕਾਫ਼ੀ ਖ਼ਤਰੇ ਵਿੱਚ ਮਹਿਸੂਸ ਕਰ ਰਹੇ ਸਨ।
ਉਨ੍ਹਾਂ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਉਨ੍ਹਾਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਕਿਉਂਕਿ ਉਹ ਵੱਖਰੇ ਦਿਖਦੇ ਸਨ, ਉਹ ਸਿਰਫ਼ 1980ਵਿਆਂ ਦੇ ਬ੍ਰਿਟੇਨ ਵਿੱਚ ਇੱਕ ਚੰਗੀ ਜ਼ਿੰਦਗੀ ਬਤੀਤ ਕਰਨੀ ਚਾਹੁੰਦੇ ਸਨ।
ਅਸੀਂ ਥੋੜ੍ਹੇ ਸਮੇਂ ਬਾਅਦ ਹੀ ਥਾਂ ਬਦਲ ਲਈ।
ਹੁਣ ਦਹਾਕਿਆਂ ਬਾਅਦ ਮੈਂ ਏਸ਼ੀਆਈ ਲੋਕਾਂ ਨੂੰ ਸਣੇ ਮੇਰੇ ਪਰਿਵਾਰਕ ਮੈਂਬਰਾਂ ਦੇ – ਇਹ ਕਹਿੰਦੇ ਸੁਣ ਰਹੀ ਹਾਂ ਕਿ ਉਹ ਆਪਣੇ ਘਰੋਂ ਬਾਹਰ ਨਿਕਲਣ ਤੋਂ ਡਰ ਰਹੇ ਹਨ।
ਡਰ ਨਾਲ ਆਪਣੀਆਂ ਉਂਗਲੀਆਂ ਮਰੋੜਦਿਆਂ ਬੋਲਟਨ ਦੇ ਰਹਿਣ ਵਾਲੇ ਇੱਕ ਪਿਤਾ ਇਕਬਾਲ ਨੇ ਮੈਨੂੰ ਦੱਸਿਆ ਕਿ ਉਹ ਬਹੁਤ ਡਰੇ ਹੋਏ ਹਨ, ਉਨ੍ਹਾਂ ਦੇ ਬੱਚਿਆਂ ਨੇ ਉਨ੍ਹਾਂ ਨੂੰ ਬਾਹਰ ਜਾਣ ਤੋਂ ਮਨ੍ਹਾ ਕੀਤਾ ਸੀ।
ਉਹ ਕਹਿੰਦੇ ਹਨ, “ਮੈਂ ਸੋਚਦਾ ਸੀ ਕਿ ਨਸਲੀ ਨਫ਼ਰਤ ਦੇ ਇਹ ਦਿਨ ਮੁੱਕ ਗਏ ਹਨ।”

ਤਸਵੀਰ ਸਰੋਤ, Getty Images
ਸੱਤ ਦਿਨ ਚੱਲੇ ਦੰਗਿਆਂ ਵਿੱਚ ਜਿਨ੍ਹਾਂ ਹੋਟਲਾਂ ਵਿੱਚ ਸ਼ਰਨਾਰਥੀ ਰਹਿ ਰਹੇ ਸਨ, ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਘੱਟਗਿਣਤੀਆਂ ਦੇ ਵਪਾਰਕ ਅਦਾਰੇ ਲੁੱਟੇ ਗਏ ਅਤੇ ਕਾਰਾਂ ਅਤੇ ਇਮਾਰਤਾਂ ਨੂੰ ਅੱਗ ਲਾਈ ਗਈ।
400 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਮੁਸਲਮਾਨਾਂ ਨੂੰ ਮੁੱਖ ਤੌਰ ਉੱਤੇ ਨਿਸ਼ਾਨਾ ਬਣਾਇਆ ਗਿਆ ਸੀ। ਇਸਲਾਮੋਫੋਬਿਕ ਨਾਅਰੇ ਲਾਏ ਗਏ ਅਤੇ ਬਰਨਲੀ ਵਿੱਚ ਮੁਸਲਮਾਨੀ ਦੀਆਂ ਕਬਰਾਂ ਤੋੜੀਆਂ ਗਈਆਂ।
ਪੁਲਿਸ ਦੀ ਗਸ਼ਤ ਵਧਾ ਦਿੱਤੀ ਗਈ ਪਰ ਕੁਝ ਨੌਜਵਾਨ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਫ਼ਸਰਾਂ ਉੱਤੇ ਯਕੀਨ ਨਹੀਂ ਸੀ।
ਆਪਣੀ ਉਮਰ ਦੇ 20 ਵਿਆਂ ਵਿੱਚ ਮੁਹੰਮਦ ਕਹਿੰਦੇ ਹਨ, “ਸਾਨੂੰ ਨਹੀਂ ਲੱਗਦਾ ਕਿ ਉਹ ਸਾਡੇ ਨਾਲ ਹਨ, ਉਨ੍ਹਾਂ ਨੇ ਹਾਲੇ ਤੱਕ ਸਾਡੀ ਰੱਖਿਆ ਨਹੀਂ ਕੀਤੀ ਹੈ। ਅਸੀਂ ਡਰੇ ਹੋਏ ਹਾਂ ਤੇ ਸਾਨੂੰ ਲੱਗਦਾ ਹੈ ਸਾਨੂੰ ਆਪਣੀ ਰੱਖਿਆ ਆਪ ਹੀ ਕਰਨੀ ਪਵੇਗੀ।”

ਤਸਵੀਰ ਸਰੋਤ, Getty Images
ਪਰ ਬੁੱਧਵਾਰ ਇੱਕ ਬਦਲਾਅ ਵਾਲਾ ਦਿਨ ਸੀ।
ਜਿਵੇਂ ਭਾਈਚਾਰੇ ਦੇ ਲੋਕ ਅਸ਼ਾਂਤੀ ਦੀ ਰਾਤ ਵੱਲ ਵੱਧ ਰਹੇ ਸਨ। ਇਮੀਗ੍ਰੇਸ਼ਨ ਵਕੀਲਾਂ ਦੇ ਨਾਮ ਅਤੇ ਪਤੇ ਆਨਲਾਈਨ ਫੈਲਾਏ ਜਾ ਰਹੇ ਸਨ।
ਪਰ ਅਸ਼ਾਂਤੀ ਦੀ ਥਾਂ ਨਸਲਵਾਦ ਵਿਰੋਧੀ ਹਜ਼ਾਰਾਂ ਮੁਜ਼ਾਹਰਾਕਾਰੀ ਇੰਗਲੈਂਡ ਵਿੱਚ ਵੱਖ-ਵੱਖ ਥਾਵਾਂ ਉੱਤੇ ਆਏ, ਉਨ੍ਹਾਂ ਨੇ ਨਾਅਰੇ ਲਾਏ ‘ਨਸਲਵਾਦ ਸਾਡੀਆਂ ਗਲੀਆਂ ਤੋਂ ਬਾਹਰ ਨਿਕਲੇ।'
ਐਕਰਿੰਗਟਨ, ਲੈਨਕਾਸ਼ਾਇਰ ਵਿੱਚ ਇੱਕ ਸਥਾਨਕ ਮਸਜਿਦ ਦੀ ਰੱਖਿਆ ਕਰਨ ਜਾ ਰਹੇ ਫਾਸੀਵਾਦ ਵਿਰੋਧੀ ਮੁਸਲਮਾਨ ਮੁਜ਼ਾਹਰਾਕਾਰੀਆਂ ਨੂੰ ਪੱਬ ਵਿੱਚ ਜਾਣ ਵਾਲੇ ਨੌਜਵਾਨਾਂ ਨੇ ਏਕਤਾ ਦੇ ਇੱਕ ਵੱਡੇ ਪਲ ਵਜੋਂ ਗਲਵੱਕੜੀ ਵਿੱਚ ਲੈ ਲਿਆ।
ਇਸ ਸਮੂਹ ਵਿੱਚ ਸ਼ਾਮਲ ਹਾਦੀ ਮਲਿਕ ਕਹਿੰਦੇ ਹਨ,"ਇੱਥੇ 'ਸਤਿਕਾਰ' ਦੇ ਕੁਝ ਨਾਅਰੇ ਸਨ ਜੋ ਸ਼ਾਨਦਾਰ ਸਨ, ਸਾਨੂੰ ਇਸ ਸਾਰੇ ਸੱਜੇ-ਪੱਖੀ ਹਿੰਸਾ ਨੂੰ ਰੋਕਣ ਲਈ ਏਕਤਾ ਦੇਖਣ ਦੀ ਜ਼ਰੂਰਤ ਹੈ।"
ਤਾਕਤ ਦੇ ਪ੍ਰਦਰਸ਼ਨ ਨੇ ਲੋਕਾਂ ਨੂੰ ਉਮੀਦ ਅਤੇ ਹਿੰਮਤ, ਅਤੇ ਰਾਹਤ ਦੀ ਭਾਵਨਾ ਦੀ ਪੇਸ਼ਕਸ਼ ਕੀਤੀ ਹੈ।
ਪਰ ਧਮਕਾਉਣ ਦੀਆਂ ਲਹਿਰਾਂ ਅਜੇ ਸ਼ਾਂਤ ਨਹੀਂ ਹੋਈਆਂ। ਕਈਆਂ ਨੂੰ ਇਹ ਸੋਚ ਕੇ ਛੱਡ ਦਿੱਤਾ ਗਿਆ ਹੈ ਕਿ ਕੀ ਉਨ੍ਹਾਂ ਨੂੰ ਇਸ ਦੇਸ ਵਿੱਚ ਸੱਚਮੁੱਚ ਸਵੀਕਾਰ ਕੀਤਾ ਗਿਆ ਹੈ।
20 ਸਾਲਾ ਮੁਸਲਿਮ ਹਮਜ਼ਾ ਮੋਰਿਸ ਕਹਿੰਦੇ ਹਨ, “ਮੈਂ ਅਜਿਹਾ ਮਹਿਸੂਸ ਨਹੀਂ ਕਰਵਾਉਣਾ ਚਾਹੁੰਦਾ।,ਮੈਂ ਇਸ ਦੇਸ਼ ਦਾ ਓਨਾ ਹੀ ਹਿੱਸਾ ਹਾਂ, ਜਿੰਨਾ ਉਹ ਹਨ।”
ਇਸ ਵਿਚਾਲੇ, ਮੁੰਗਰਾ ਬੇਚੈਨੀ ਦੀ ਡੂੰਘੀ ਭਾਵਨਾ ਮਹਿਸੂਸ ਕਰ ਰਹੇ ਹਨ।
"ਪਿਛਲੇ ਹਫ਼ਤੇ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਅਸਲ ਵਿੱਚ ਬਹੁਤ ਕੁਝ ਨਹੀਂ ਬਦਲਿਆ ਹੈ, ਇਹ ਨਸਲਵਾਦ ਅਜੇ ਵੀ ਬਹੁਤ ਜ਼ਿਆਦਾ ਜ਼ਿੰਦਾ ਹੈ ਅਤੇ ਸਾਨੂੰ ਅਸਲ ਵਿੱਚ ਕਦੇ ਵੀ ਉਸੇ ਤਰ੍ਹਾਂ ਨਹੀਂ ਦੇਖਿਆ ਜਾਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












