ਯੂਕੇ ਮੁਜ਼ਾਹਰੇ: ਕਿਵੇਂ ਇੱਕ ਅਫ਼ਵਾਹ ਨੇ ਹਾਲਾਤ ਬੇਕਾਬੂ ਕਰ ਦਿੱਤੇ, ਆਖ਼ਰ ਹਿੰਸਾ ਭੜਕੀ ਕਿਵੇਂ

ਯੂਕੇ ਮੁਜ਼ਾਹਰੇ

ਤਸਵੀਰ ਸਰੋਤ, BBC

ਤਸਵੀਰ ਕੈਪਸ਼ਨ, ਏਸ਼ੀਆਈ ਮੂਲ ਦੇ ਲੋਕਾਂ ਉੱਤੇ ਹਮਲਾ ਕਰਦੀ ਹੋਈ ਭੀੜ ਦੀ ਵੀਡੀਓ ਦਾ ਸਕਰੀਨ ਸ਼ੌਟ
    • ਲੇਖਕ, ਮਰਲਿਨ ਥੋਮਸ, ਸ਼ਿਆਨ ਸਰਦਾਰੀਜ਼ਾਦੇਹ, ਬੇਨੇਡਿਕਟ ਗਰਮਾਨ ਅਤੇ ਕੇਲੀਨ ਡੇਵਲੀਨ
    • ਰੋਲ, ਬੀਬੀਸੀ ਵੈਰੀਫਾਈ

ਯੂਕੇ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਲੰਘੇ ਹਫ਼ਤੇ ਦੇ ਅਖ਼ੀਰ ’ਤੇ ਵਾਪਰੇ ਹਿੰਸਕ ਦ੍ਰਿਸ਼ਾਂ ਵਿੱਚੋਂ ਇੱਕ ਅਜਿਹਾ ਸੀ, ਜੋ ਸਭ ਤੋਂ ਹੈਰਾਨ ਕਰ ਦੇਣ ਵਾਲਾ ਸੀ।

ਹਲ ਨਾਮਕ ਸਥਾਨ ਉੱਤੇ ਗੋਰਿਆਂ ਦੀ ਭੜਕੀ ਹੋਈ ਭੀੜ ਨੇ ਇੱਕ ਕਾਰ ਨੂੰ ਘੇਰ ਲਿਆ ਅਤੇ ਉਸ ਅੰਦਰ ਏਸ਼ੀਆਈ ਮੂਲ ਦੇ ਲੋਕਾਂ 'ਤੇ ਹਮਲਾ ਕਰ ਦਿੱਤਾ। ਕਾਰ ਵਿੱਚ ਸਵਾਰ ਸਾਰੇ ਮਰਦ ਸਨ।

ਸੋਸ਼ਲ ਮੀਡੀਆ 'ਤੇ ਘਟਨਾ ਦੀਆਂ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਵਿੱਚ ਭੀੜ ਇੱਕ ਸਿਲਵਰ ਰੰਗ ਦੀ ਬੀਐੱਮਡਬਲਿਊ ਵੱਲ ਵੱਧਦੀ ਹੋਈ ਦਿਖਾਈ ਦਿੰਦੀ ਹੈ ਅਤੇ ਕਾਰ ਦੇ ਦਰਵਾਜ਼ੇ ਖੋਲ੍ਹਣ ਲਈ ਜ਼ੋਰ ਲਗਾਉਂਦੀ ਹੈ ਤੇ ਫੇਰ ਅੰਦਰ ਬੈਠੇ ਲੋਕਾਂ 'ਤੇ ਹਮਲਾ ਕਰਦੀ ਹੈ।

ਵੀਡੀਓਜ਼ ਵਿੱਚ ਨਸਲਵਾਦੀ ਲੋਕਾਂ ਨੂੰ ਗਾਲ਼ਾਂ ਕੱਢਦੇ ਹਨ ਅਤੇ ‘ਉਨ੍ਹਾਂ ਨੂੰ ਬਾਹਰ ਕੱਢੋ’ ਕਹਿੰਦੇ ਸੁਣਿਆ ਜਾ ਸਕਦਾ ਹੈ।

ਬੀਬੀਸੀ ਵੈਰੀਫਾਈ ਨੇ ਘਟਨਾ ਦੀ ਸੋਸ਼ਲ ਮੀਡੀਆ ਫੁਟੇਜ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਹਲ ਨਾਮਕ ਜਗ੍ਹਾ ਉੱਤੇ ਕੀ ਹੋਇਆ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਭੜਕੀ ਭੀੜ

ਬੀਐੱਮਡਬਲਿਊ 'ਤੇ ਹਮਲਾ ਸ਼ਨੀਵਾਰ ਦੁਪਹਿਰ ਨੂੰ ਹਲ ਸਿਟੀ ਸੈਂਟਰ ਦੇ ਉੱਤਰ-ਪੱਛਮ ਵਿੱਚ ਹੋਇਆ ਸੀ।

ਬੀਬੀਸੀ ਵੈਰੀਫਾਈ ਵੱਲੋਂ ਸੋਸ਼ਲ ਮੀਡੀਆ ਵਿਡੀਓਜ਼ ਦੇ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਕਾਰ ਅਤੇ ਇਸ ਵਿੱਚ ਸਵਾਰ ਵਿਅਕਤੀਆਂ ਉੱਤੇ ਹਮਲਾ ਸ਼ਾਮੀਂ 4 ਵਜ ਕੇ 45 ਮਿੰਟ ਦੇ ਕਰੀਬ ਹੋਇਆ।

ਇੱਕ ਵੀਡੀਓ ਵਿੱਚ, ਧੂੰਏਂ ਦੇ ਵੱਡੇ ਕਾਲੇ ਬੱਦਲ ਅਸਮਾਨ ਵਿੱਚ ਉੱਡਦੇ ਦੇਖੇ ਜਾ ਸਕਦੇ ਹਨ। ਵੀਡੀਓ ਬਣਾਉਣ ਵਾਲਾ ਵਿਅਕਤੀ ਹਾਲ ਸਟ੍ਰੀਟ ਤੋਂ ਹੇਠਾਂ ਵੱਲ ਅਤੇ ਇੱਕ ਕਾਰ ਪਾਰਕਿੰਗ ਵੱਲ ਜਾਂਦਾ ਹੈ, ਜਿੱਥੇ ਇੱਕ ਕਾਰ ਨੂੰ ਅੱਗ ਲੱਗੀ ਹੋਈ ਹੈ ਅਤੇ ਕਾਰ ਦਾ ਹਾਰਨ ਵੱਜ ਰਿਹਾ ਹੈ।

ਵੱਡੀ ਭੀੜ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਬੀਐੱਮਡਬਲਿਊ ਫਿਰ ਮਿਲਕੀ ਸਟ੍ਰੀਟ ਤੋਂ ਕੋਨੇ ਤੋਂ ਪਿੱਛੇ ਮੁੜਦੀ ਹੈ।

ਕਾਰ ਫੁੱਟਪਾਥ 'ਤੇ ਫ਼ਸ ਗਈ ਹੈ ਅਤੇ ਤੇਜ਼ੀ ਨਾਲ ਗੁੱਸੇ ਵਾਲੀ ਭੀੜ ਉਸ ’ਤੇ ਹਮਲਾ ਕਰ ਦਿੰਦੀ ਹੈ, ਜਿਨ੍ਹਾਂ ਵਿੱਚੋਂ ਕਈਆਂ ਨੇ ਨਕਾਬ ਪਹਿਨੇ ਹੋਏ ਹਨ।

ਉਹ ਲੋਕ ਕਾਰ ਦੀਆਂ ਟੇਲ ਲਾਈਟਾਂ ਨੂੰ ਤੋੜਨ ਲਈ ਅਤੇ ਕਾਰ ਦੇ ਦਰਵਾਜ਼ੇ ਖੋਲ੍ਹ ਕੇ ਲੋਕਾਂ ਨੂੰ ਬਾਹਰ ਕੱਢਣ ਲਈ ਸਕ੍ਰਿਊਡ੍ਰਾਈਵਰਾਂ ਵਰਗੀਆਂ ਨਜ਼ਰ ਆਉਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ।

ਕੁਝ ਲੋਕਾਂ ਨੂੰ ਕਾਰ 'ਤੇ ਇੱਟਾਂ ਅਤੇ ਸ਼ਾਪਿੰਗ ਟਰਾਲੀ ਸੁੱਟਦੇ ਦੇਖਿਆ ਜਾ ਸਕਦਾ ਹੈ। ਇੱਕ ਹੋਰ ਆਦਮੀ ਨੂੰ ਨਾਜ਼ੀ ਸਲਾਮੀ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।

ਵੀਡੀਓਜ਼ ਵਿੱਚੋਂ ਇੱਕ ਦੇ ਪਿੱਛਿਓਂ ਜ਼ੋਰ ਦੀ ਆਵਾਜ਼ ਆਉਂਦੀ ਹੈ, "ਉਨ੍ਹਾਂ ਨੂੰ ਫੜ੍ਹੋ”, (ਉਹ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ।)

ਯੂ ਕੇ ਮੁਜ਼ਾਹਰੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਕੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਚੱਲ ਰਹੇ ਮੁਜ਼ਾਹਰਿਆਂ ਦੀ ਇੱਕ ਤਸਵੀਰ

ਸੇਂਟ ਜਾਰਜ ਦੇ ਝੰਡੇ ਵਾਲੀ ਟੀ-ਸ਼ਰਟ ਪਹਿਨੇ ਇੱਕ ਵਿਅਕਤੀ ਨੂੰ ਬੀਐੱਮਡਬਲਿਊ ਦੀਆਂ ਖਿੜਕੀਆਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਚਿਹਰੇ ਦੀ ਪਛਾਣ ਕਰਨ ਵਾਲੇ ਸੌਫਟਵੇਅਰ ਅਤੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਵਰਤੋਂ ਕਰਦੇ ਹੋਏ, ਅਸੀਂ ਉਸ ਦੀ ਪਛਾਣ ਜੌਹਨ ਹਨੀ ਵਜੋਂ ਕੀਤੀ ਹੈ।

ਉਹ ਦਿਨ ਬਾਅਦ ਵਿੱਚ ਸ਼ਹਿਰ ਦੇ ਕੇਂਦਰ ਵਿੱਚ ਲੁੱਟ-ਖੋਹ ਕਰਦੇ ਹੋਰ ਵੀਡੀਓਜ਼ ਵਿੱਚ ਨਜ਼ਰ ਆਉਂਦਾ ਹੈ।

ਉਸ ਤੋਂ ਬਾਅਦ ਉਸ ’ਤੇ ਹਿੰਸਕ ਵਿਗਾੜ, ਲੁੱਟ-ਖੋਹ ਦੇ ਤਿੰਨ ਮਾਮਲੇ, ਚੋਰੀ ਦੇ ਦੋ ਮਾਮਲੇ ਅਤੇ ਅਪਰਾਧਿਕ ਨੁਕਸਾਨ ਦੇ ਇਲਜ਼ਾਮ ਲਗਾਏ ਗਏ ਹਨ ਅਤੇ ਉਹ ਹਿਰਾਸਤ ਵਿੱਚ ਹੈ।

ਹੰਬਰਸਾਈਡ ਪੁਲਿਸ ਨੇ ਸੋਮਵਾਰ ਦੁਪਹਿਰ ਵੇਲੇ ਦੱਸਿਆ ਕਿ ਕੁੱਲ 28 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਕਾਰ ਦੇ ਆਲੇ-ਦੁਆਲੇ, ਇੱਕ ਆਦਮੀ ਪਿੱਠ 'ਤੇ ਇੱਕ ਵੱਡਾ ਜਿਹਾ ਬੈਗ਼ ਲੈ ਕੇ ਡਰਾਈਵਰ ਦਾ ਦਰਵਾਜ਼ਾ ਖੋਲ੍ਹਦਾ ਹੈ ਅਤੇ ਡਰਾਈਵਰ ਨੂੰ ਕਈ ਵਾਰ ਮਾਰਦਾ ਹੋਇਆ ਦਿਖਾਈ ਦਿੰਦਾ ਹੈ।

10 ਸਕਿੰਟ ਬਾਅਦ ਕਾਰ ਪੂਰੀ ਤਰ੍ਹਾਂ ਘਿਰ ਜਾਂਦੀ ਹੈ, ਇੱਕ ਯਾਤਰੀ ਕਿਸੇ ਤਰ੍ਹਾਂ ਕਾਰ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੁੰਦਾ ਹੈ, ਪਰ ਉਸ ਦੀ ਇੱਕ ਜੁੱਤੀ ਗੁਆਚ ਜਾਂਦੀ ਹੈ। ਉਸ ਤੋਂ ਬਾਅਦ ਇੱਕ ਨਕਾਬਪੋਸ਼ ਆਦਮੀ ਲੋਹੇ ਦੀ ਰਾਡ ਲੈ ਕੇ ਉਸ ਪਿੱਛਾ ਕਰਦਾ ਹੈ।

ਵੀਡੀਓ ਫਿਰ ਸੱਜੇ ਪਾਸੇ ਪੈਨ ਅਤੇ ਦੰਗਾ ਪੁਲਿਸ ਨੂੰ ਨੇੜੇ ਆਉਂਦੇ ਦੇਖਿਆ ਜਾ ਸਕਦਾ ਹੈ। ਇਹ ਭੀੜ ਨੂੰ ਖਿੰਡਾਉਣ ਲਈ ਪ੍ਰੇਰਿਤ ਕਰਦਾ ਜਾਪਦਾ ਹੈ।

ਉਸ ਤੋਂ ਬਾਅਦ ਵੀਡੀਓ ਸੱਜੇ ਪਾਸੇ ਵੱਲ ਮੁੜਦੀ ਹੈ ਅਤੇ ਮੌਕੇ ਉੱਤੇ ਪਹੁੰਚਦੀ ਹੋਈ ਪੁਲਿਸ ਨਜ਼ਰ ਆਉਂਦੀ ਹੈ। ਇਸ ਤੋਂ ਭੀੜ ਖਿੰਡਰਦੀ ਹੋਈ ਨਜ਼ਰ ਆਉਂਦੀ ਹੈ।

ਕਾਰ ਤੋਂ ਭੱਜਣ ਵਾਲੇ ਡਰਾਈਵਰ ਅਤੇ ਇੱਕ ਯਾਤਰੀ ਨੂੰ ਹਮਲੇ ਤੋਂ ਲਗਭਗ 20 ਮੀਟਰ (66 ਫੁੱਟ) ਦੂਰ ਸੁਰੱਖਿਅਤ ਦੇਖਿਆ ਗਿਆ।

ਅਸੀਂ ਨਹੀਂ ਜਾਣਦੇ ਕਿ ਉਹ ਕੌਣ ਹਨ ਅਤੇ ਇਹ ਅਸਪੱਸ਼ਟ ਹੈ ਕਿ ਕੀ ਉਨ੍ਹਾਂ ਨਾਲ ਕਾਰ ਵਿੱਚ ਕੋਈ ਹੋਰ ਲੋਕ ਵੀ ਸਫ਼ਰ ਕਰ ਰਹੇ ਸਨ ਜਾਂ ਨਹੀਂ।

ਕੈਮਰਾ ਫਿਰ ਹਫੜਾ-ਦਫੜੀ ਵਾਲੇ ਦ੍ਰਿਸ਼ ’ਤੇ ਮੁੜ ਆਉਂਦਾ ਹੈ ਤੇ ਦਿਖਾਉਂਦਾ ਹੈ ਕਿ ਅੱਗ ਵਿੱਚ ਹੋਰ ਕਾਰਾਂ ਸੜ੍ਹ ਰਹੀਆਂ ਹਨ, ਹਵਾ ਵਿੱਚ ਕਾਲਾ ਸ਼ਾਹ ਧੂੰਆਂ ਉੱਡ ਰਿਹਾ ਹੈ।

ਬੀਬੀਸੀ ਵੈਰੀਫਾਈ ਨੇ ਚਿਹਰੇ ਦੀ ਪਛਾਣ ਕਰਨ ਵਾਲੇ ਸਾਧਨਾਂ ਦੀ ਵਰਤੋਂ ਕਰਦੇ ਅਤੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਨਾਲ ਤੁਲਨਾ ਕਰਕੇ ਹੋਏ ਘਟਨਾ ਵਿੱਚ ਮੌਜੂਦ ਇੱਕ ਹੋਰ ਵਿਅਕਤੀ ਦੀ ਪਛਾਣ ਕੀਤੀ ਹੈ। ਜਿਸ ਦਾ ਨਾਮ ਕੋਨਰ ਲੋਂਡੇਸਬਰੋ ਹੈ।

ਫੁਟੇਜ ਵਿੱਚ ਉਸ ਨੂੰ ਕਾਰ ਨੇੜੇ ਖੜ੍ਹਾ ਦੇਖਿਆ ਜਾ ਸਕਦਾ ਹੈ ਅਤੇ ਹਮਲਾਵਰਾਂ ਨਾਲ ਗੱਲ ਕਰ ਰਿਹਾ ਹੈ ਪਰ ਉਹ ਹਮਲੇ ਵਿੱਚ ਸ਼ਾਮਲ ਨਹੀਂ ਹੋ ਰਿਹਾ।

ਵਿਰੋਧ ਪ੍ਰਦਰਸ਼ਨ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਨੈਸ਼ਨਲ ਡਿਫੈਂਸ ਲੀਗ, (ਇੱਕ ਪਰਵਾਸੀ ਵਿਰੋਧੀ ਔਨਲਾਈਨ ਸਮੂਹ) ਦੀ ਇੱਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿੱਚ ਲਿਖਿਆ ਸੀ "ਸ਼ਾਂਤੀ ਲਈ ਤਿਆਰ, ਯੁੱਧ ਲਈ ਤਿਆਰ"।

ਲੋਂਡੇਸਬਰੋ ਨੂੰ ਪਹਿਲਾਂ ਵੀ ਅਗਵਾ, ਅਗਜ਼ਨੀ ਅਤੇ ਲੁੱਟ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਪਹਿਲਾਂ ਵਿਕਟੋਰੀਆ ਸਕੁਏਅਰ ਵਿੱਚ ਮੁਜ਼ਾਹਰੇ ਵਿੱਚ ਮੌਜੂਦ ਸਨ ਅਤੇ ਉਹ ਕਾਰ ਹਮਲੇ ਦੀ ਘਟਨਾ ਵਿੱਚ ਸਿਰਫ ਦੂਜਿਆਂ ਨੂੰ ਕਾਰ ਉੱਤੇ ਹਮਲਾ ਕਰਨ ਤੋਂ ਰੋਕਣ ਲਈ ਗਏ ਸਨ।

ਯੂਕੇ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਵਿਰੋਧ ਸ਼ੁਰੂ ਹੋਣ ਮਗਰੋਂ ਇਕੱਠੇ ਹੋਏ ਦੋਵਾਂ ਸਮੂਹਾਂ ਨੂੰ ਪੁਲਿਸ ਨੇ ਵੱਖ ਕਰਨ ਦਾ ਕੰਮ ਕੀਤਾ

'ਕੋਸ਼ਿਸ਼ ਕਰੋ ਤੇ ਜਿਨ੍ਹਾਂ ਹੋ ਸਕੇ ਧੀਰਜ ਰੱਖੋ'

ਕਈ ਘੰਟੇ ਪਹਿਲਾਂ, ਹਲ ਸਿਟੀ ਸੈਂਟਰ ਵਿੱਚ ਭੀੜ ਇਕੱਠੀ ਹੋ ਗਈ ਸੀ।

"ਬੱਸ ਬਹੁਤ ਹੋਇਆ" ਸ਼ਬਦ ਲਿਖੇ ਹੋਏ ਔਨਲਾਈਨ ਪੋਸਟਰ ਸਾਂਝੇ ਕੀਤੇ ਗਏ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਦੁਪਹਿਰ ਵੇਲੇ ਵਿਕਟੋਰੀਆ ਸਕੁਏਅਰ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ।

ਇੱਕ ਫੇਸਬੁੱਕ ਪੋਸਟ ਦਰਸਾਉਂਦੀ ਹੈ ਕਿ ਇਹ ਸ਼ੁਰੂ ਵਿੱਚ ‘ਹਲ ਪੈਟਰੋਟਿਕ ਪ੍ਰੋਟੈਸਟਰਜ਼’ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਹ ਇੱਕ ਨਿੱਜੀ ਸਮੂਹ ਹੈ, ਜੋ "ਸਾਡੇ ਸ਼ਹਿਰ ਵਿੱਚ ਗ਼ੈਰ-ਕਾਨੂੰਨੀ ਹਮਲਾਵਰਾਂ ਦੀ ਆਮਦ" ਅਤੇ "ਸਾਡੇ ਸ਼ਹਿਰ ਦੀ ਆਰਥਿਕ ਗਿਰਾਵਟ ਅਤੇ ਵਿੱਤੀ ਅਣਗਹਿਲੀ" ਸਣੇ ਕਈ ਚਿੰਤਾਵਾਂ ਨੂੰ ਸੂਚੀਬੱਧ ਕਰਦਾ ਹੈ।

ਇੱਕ ਹੋਰ ਫੇਸਬੁੱਕ ਇਸ਼ਤਿਹਾਰ ਲੋਕਾਂ ਨੂੰ 'ਕੋਸ਼ਿਸ਼ ਕਰੋ ਤੇ ਜਿਨ੍ਹਾਂ ਹੋ ਸਕੇ ਧੀਰਜ ਰੱਖੋ' ਅਤੇ ‘ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਇਹ ਕਿਸੇ ਵਿਅਕਤੀ ਦੀ ਚਮੜੀ ਦੇ ਰੰਗ ਬਾਰੇ ਨਹੀਂ ਹੈ।’

ਇਸ ਵਿੱਚ ਕਿਹਾ ਗਿਆ ਹੈ ਕਿ ਇਹ ਸਮਾਗਮ ਸਾਊਥਪੋਰਟ ਵਿੱਚ ਕਤਲ ਕੀਤੀਆਂ ਗਈਆਂ ਤਿੰਨ ਕੁੜੀਆਂ ਲਈ ਰੱਖੇ ਗਏ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਸ਼ੁਰੂ ਹੋਇਆ ਹੈ।

ਮੁਜ਼ਾਹਰੇ ਦੀ ਫੁਟੇਜ ਵਿੱਚ ਇੱਕ ਵਿਅਕਤੀ ਨੂੰ ਪਰਵਾਸੀ ਵਿਰੋਧੀ ਭਾਸ਼ਣ ਦਿੰਦੇ ਹੋਏ ਅਤੇ ਨੇੜੇ ਹੀ ਇੱਕ ਵਿਰੋਧ ਮੁਜ਼ਾਹਰੇ ਕਰਦੇ ਹੋਏ ਦਿਖਾਇਆ ਗਿਆ ਹੈ।

ਪੁਲਿਸ ਅਧਿਕਾਰੀਆਂ ਦੀ ਇੱਕ ਕਤਾਰ ਵੱਲੋਂ ਦੋਵਾਂ ਸਮੂਹਾਂ ਨੂੰ ਵੱਖ-ਵੱਖ ਰੱਖਿਆ ਗਿਆ ਹੈ।

ਯੂਕੇ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸਮੂਹਾਂ ਦੀ ਝੜਪ ਦੌਰਾਨ ਪੁਲਿਸ ਨੇ ਵਿੱਚ ਪੈ ਕੇ ਉਨ੍ਹਾਂ ਨੂੰ ਰੋਕਿਆ

'ਉਨ੍ਹਾਂ ਨੂੰ ਘਰ ਭੇਜੋ'

ਕਰੀਬ ਸਵਾ ਇੱਕ ਵਜੇ ਬੀਬੀਸੀ ਦੇ ਇੱਕ ਸਹਿਯੋਗੀ ਨੇ ਵਿਕਟੋਰੀਆ ਸਕੁੇਅਰ ਭੀੜ ਦੇ ਮੈਂਬਰਾਂ ਨੂੰ ਰਾਇਲ ਹੋਟਲ ਦੇ ਬਾਹਰ ਪੰਜ ਮਿੰਟ ਦੀ ਦੂਰੀ 'ਤੇ ਜਾਂਦੇ ਦੇਖਿਆ, ਜਿੱਥੇ ਕਥਿਤ ਤੌਰ 'ਤੇ ਸ਼ਰਨ ਮੰਗਣ ਵਾਲੇ ਲੋਕਾਂ ਨੂੰ ਰੱਖਿਆ ਜਾਂਦਾ ਹੈ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਹੋਟਲ 'ਤੇ ਕਈ ਜ਼ੋਰ ਨਾਲ ਚੀਜ਼ਾਂ ਸੁੱਟਦੇ ਹੋਏ ਅਤੇ ਖਿੜਕੀਆਂ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਦੇਖਿਆ।

ਅਸੀਂ ਜਿਨ੍ਹਾਂ ਵੀਡੀਓਜ਼ ਦਾ ਵਿਸ਼ਲੇਸ਼ਣ ਕੀਤਾ, ਉਨ੍ਹਾਂ ਵਿੱਚ, ਲੋਹੇ ਦੇ ਬੈੇਰੀਕੇਡਾਂ ਦੇ ਪਿੱਛੇ ਲੋਕਾਂ ਦਾ ਇੱਕ ਵੱਡਾ ਸਮੂਹ ਰੋਇਟ ਪੁਲਿਸ ਦੇ ਸਾਹਮਣੇ ‘ਉਨ੍ਹਾਂ ਨੂੰ ਘਰ ਭੇਜੋ’ ਅਤੇ ‘ਉਨ੍ਹਾਂ ਨੂੰ ਬਾਹਰ ਕੱਢੋ’ ਦੇ ਨਾਅਰੇ ਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

ਅਧਿਕਾਰੀਆਂ ਉੱਤੇ ਬੋਤਲਾਂ, ਬਲ਼ਦੀਆਂ ਚੀਜ਼ਾਂ ਅਤੇ ਇੱਟਾਂ ਸੁੱਟੀਆਂ ਗਈਆਂ।

ਬਾਅਦ ਵਿੱਚ ਦੁਪਹਿਰੇ ਤਿੰਨ ਵਜ ਕੇ 33 ਮਿੰਟ ’ਤੇ ਸੱਜੇ-ਪੱਖੀ ਕਾਰਕੁਨ ਟੌਮੀ ਰੌਬਿਨਸਨ, ਨੇ ਐਕਸ 'ਤੇ ਪੋਸਟ ਕੀਤਾ ਕਿ ਹੋਟਲ ਵਿੱਚ ‘ਕਰਦਾਤਾਵਾਂ ਦੇ ਖਰਚੇ 'ਤੇ ਅਣਪਛਾਤੇ ਪਰਵਾਸੀ’ ਰੱਖੇ ਗਏ ਹਨ।

ਬੀਐੱਮਡਬਲਿਊ ਦੇ ਘੇਰਨ ਅਤੇ ਹਮਲਾ ਕਰਨ ਦੇ ਕੁਝ ਘੰਟਿਆਂ ਬਾਅਦ, ਸ਼ਹਿਰ ਦੇ ਕੇਂਦਰ ਵਿੱਚ ਇੱਕ ਵਾਰ ਫਿਰ ਭੀੜ ਇਕੱਠਾ ਹੋ ਗਈ ਅਤੇ ਲੁੱਟ-ਖਸੁਟ ਸ਼ੁਰੂ ਹੋ ਗਈ।

ਲੋਕ ਜੇਮਸਨ ਸਟਰੀਟ 'ਤੇ ਇਕੱਠੇ ਹੋ ਗਏ। ਸੋਸ਼ਲ ਮੀਡੀਆ 'ਤੇ ਸਭ ਤੋਂ ਪਹਿਲਾਂ ਲੁੱਟ ਦੀਆਂ ਵੀਡੀਓਜ਼ ਜਿਨ੍ਹਾਂ ਦੀ ਅਸੀਂ ਪਛਾਣ ਕੀਤੀ ਹੈ, ਉਹ ਸ਼ਾਮੀਂ 6 ਵਜ ਕੇ 38 ਮਿੰਟ ਦੇ ਹਨ ਅਤੇ O2 ਫੋਨ ਦੀ ਦੁਕਾਨ ਵਿੱਚ ਭੰਨਤੋੜ ਕੀਤੀ ਜਾ ਸਕਦੀ ਹੈ।

ਅਸੀਂ ਸ਼ੂਜ਼ੋਨ ਵਿੱਚ ਲੁੱਟ ਦੇ ਵੀਡੀਓ ਵੀ ਦੇਖੇ ਹਨ, ਜਿੱਥੇ ਜੁੱਤੀਆਂ ਦਾ ਇੱਕ ਵੱਡਾ ਢੇਰ ਬਾਹਰ ਲਗਾਇਆ ਗਿਆ ਅਤੇ ਉਸ ਨੂੰ ਅੱਗ ਲਗਾ ਦਿੱਤੀ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)