ਪਾਰਟੀ ’ਚ ਵੱਧ ਸ਼ਰਾਬ ਪੀਣ ਕਾਰਨ ਹੁੰਦੇ ਹੈਂਗਓਵਰ ਨੂੰ ਇੰਝ ਘੱਟ ਕਰ ਸਕਦੇ ਹੋ, ਕਿਹੜੇ ਨੁਸਖ਼ੇ ਮਦਦ ਕਰ ਸਕਦੇ ਹਨ

ਤਸਵੀਰ ਸਰੋਤ, Olga Ihnatsyeva via Getty Images
ਪਿਛਲੀ ਰਾਤ ਖੂਬ ਮਜ਼ੇ ਕਰਨ ਤੋਂ ਬਾਅਦ ਤੁਸੀਂ ਸ਼ਾਇਦ ਦਰਦ ਵਿੱਚ ਉੱਠੋਂ ਅਤੇ ਇਹ ਜਾਣਨ ਦੀ ਬੇਚੈਨੀ ਭਰੀ ਉਤਸੁਕਤਾ ਮਹਿਸੂਸ ਕਰੋ ਕਿ ਤੁਸੀਂ ਪਿਛਲੀ ਰਾਤ ਕੀ ਕੀਤਾ ਸੀ।
ਯਾਦਦਾਸ਼ਤ ਕਮਜ਼ੋਰ ਹੋਣਾ, ਸਿਰਦਰਦ, ਸੁਸਤੀ, ਉਲਟੀ ਵਰਗਾ ਮਹਿਸੂਸ ਹੋਣਾ ਤੇ ਜਬਰਦਸਤ ਭੁੱਖ ਲੱਗਣਾ। ਤੁਸੀਂ ਜਦੋਂ ਇਨ੍ਹਾਂ ਲੱਛਣਾਂ ਨੂੰ ਗਿਣਦੇ ਹੋ ਤਾਂ ਇਹ ਕਿਸੇ ਭਿਆਨਕ ਨਵੀਂ ਬਿਮਾਰੀ ਦੇ ਲੱਛਣ ਲੱਗ ਸਕਦੇ ਹਨ।
ਪਰ ਹਾਂ ਇਹ ਸਿਰਫ ਇੱਕ ਹੈਂਗਓਵਰ ਹੈ, ਜੋ ਕਿਸੇ ਨੂੰ ਵੀ ਚਿੜਚਿੜਾ ਬਣਾ ਸਕਦਾ ਹੈ।
ਹਾਲਾਂਕਿ ਇਸ ਲਈ ਕਈ ਚਮਤਕਾਰੀ ਇਲਾਜ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਮਾਹਰਾਂ ਅਨੁਸਾਰ ਕੁਝ ਅਜਿਹੀਆਂ ਖਾਣ-ਪੀਣ ਦੀਆਂ ਚੀਜ਼ਾਂ ਹਨ, ਜੋ ਅਸਲ ਵਿੱਚ ਮਦਦ ਕਰ ਸਕਦੀਆਂ ਹਨ।
ਖੂਨ ਵਿੱਚ ਜ਼ੀਰੋ ਅਲਕੋਹਲ

ਤਸਵੀਰ ਸਰੋਤ, kieferpix via Getty Images
ਤੁਸੀਂ ਜੋ ਵੀ ਸੋਚੋ ਪਰ ਤੁਹਾਡੇ ਹੈਂਗਓਵਰ ਦਾ ਕਾਰਨ ਬਚੀ ਹੋਈ ਸ਼ਰਾਬ ਨਹੀਂ ਹੈ ਬਲਕਿ ਤੁਹਾਡੇ ਸਰੀਰ ਦਾ ਉਸ ਉਪਰ ਲਗਾਤਾਰ ਹੋਣ ਵਾਲਾ ਰਿਐਕਸ਼ਨ ਹੈ।
ਯੂਕੇ ਵਿੱਚ ਨੌਰਥੰਬਰੀਆ ਯੂਨੀਵਰਸਿਟੀ ਵਿੱਚ ਮਨੁੱਖੀ ਮਨੋਵਿਗਿਆਨ ਦੇ ਪ੍ਰੋਫੈਸਰ ਅਤੇ ਅਲਕੋਹਲ ਹੈਂਗਓਵਰ ਰਿਸਰਚ ਗਰੁੱਪ ਦੇ ਮੈਂਬਰ ਐਂਡਰਿਊ ਸ਼ੋਲੇ ਦੱਸਦੇ ਹਨ, ਅਸਲ ਵਿੱਚ ਇਹ ਲੱਛਣ ਉਸ ਸਮੇਂ ਹੁੰਦੇ ਹਨ, "ਜਦੋਂ ਤੁਹਾਡੇ ਖੂਨ ਵਿੱਚ ਅਲਕੋਹਲ ਦਾ ਲੇਵਲ ਜ਼ੀਰੋ ਹੋ ਜਾਂਦਾ ਹੈ ਜਾਂ ਉਸ ਦੇ ਨੇੜੇ ਪਹੁੰਚ ਜਾਂਦਾ ਹੈ।"
ਸਾਡਾ ਸਰੀਰ ਅਲਕੋਹਲ ਨੂੰ ਜ਼ਹਿਰੀਲੇ ਬਾਇਓਪ੍ਰੋਡਕਟਸ ਵਿੱਚ ਤੋੜ ਦਿੰਦਾ ਹੈ, ਜੋ ਬਾਅਦ ਵਿੱਚ ਸਾਡੇ ਖੂਨ ਰਾਹੀਂ ਪੂਰੇ ਸਰੀਰ ਵਿੱਚ ਫੈਲ ਜਾਂਦੇ ਹਨ।
ਪ੍ਰੋਫੈਸਰ ਸ਼ੋਲੇ ਨੇ ਬੀਬੀਸੀ ਵਰਲਡ ਸਰਵਿਸ ਦੇ ਪ੍ਰੋਗਰਾਮ ਦਿ ਫੂਡ ਚੇਨ ਨੂੰ ਦੱਸਿਆ, "ਕਿਉਂਕਿ ਅਲਕੋਹਲ ਇੱਕ ਟੌਕਸਿਨ ਹੈ, ਇਸ ਲਈ ਸਰੀਰ ਇੱਕ ਇਨਫਲੇਮੈਟਰੀ ਪ੍ਰਤੀਕਿਰਿਆ ਦਿੰਦਾ ਹੈ।"
ਇਸ ਦੌਰਾਨ ਅਜਿਹੇ ਪ੍ਰੋਟੀਨ ਨਿਕਲਦੇ ਹਨ, ਜੋ ਉਦੋਂ ਨਿਕਲਦੇ ਹਨ ਜਦੋਂ ਅਸੀਂ ਕਿਸੇ ਲਾਗ ਨਾਲ ਲੜਦੇ ਹਾਂ ਅਤੇ ਇਨ੍ਹਾਂ ਵਿੱਚੋਂ ਕਈ ਦਿਮਾਗ ਦੇ ਕੰਮ ਕਰਨ ਦੀ ਤਰੀਕੇ 'ਤੇ ਅਸਰ ਪਾ ਸਕਦੇ ਹਨ।
ਅਧਿਐਨ ਤੋਂ ਪਤਾ ਚੱਲਦਾ ਹੈ ਕਿ ਹੈਂਗਓਵਰ ਡਰਾਈਵਰ ਦੀ ਪਰਫਾਰਮੈਂਸ ਨੂੰ ਉਨਾ ਹੀ ਖਰਾਬ ਕਰ ਸਕਦਾ ਹੈ, ਜਿੰਨਾ ਕਿ ਅਲਕੋਹਲ। ਇਸ ਦਾ ਮਤਲਬ ਹੈ ਕਿ ਹੈਂਗਓਵਰ ਹੋਣ 'ਤੇ ਤੁਸੀਂ ਇੱਕ ਸ਼ਰਾਬੀ ਡਰਾਈਵਰ ਦੀ ਤਰ੍ਹਾਂ ਹੀ ਵਿਹਾਰ ਕਰ ਸਕਦੇ ਹੋ, ਭਾਵੇਂ ਤੁਹਾਡੇ ਖੂਨ ਵਿੱਚ ਅਲਕੋਹਲ ਦਾ ਕੋਈ ਨਿਸ਼ਾਨ ਨਾ ਹੋਵੇ।
ਹੈਂਗਓਵਰ ਨਾਲ ਕਿਵੇਂ ਨਜਿੱਠੀਏ
ਪਰ ਇਸ ਗੱਲ ਵਿੱਚ ਇੱਕ ਸੱਚਾਈ ਇਹ ਵੀ ਹੈ ਕਿ ਕੁਝ ਲੋਕਾਂ ਨੂੰ ਦੂਜਿਆਂ ਦੇ ਮੁਕਾਬਲੇ ਘੱਟ ਹੈਂਗਓਵਰ ਹੁੰਦਾ ਹੈ।
ਪ੍ਰੋਫੈਸਰ ਸ਼ੋਲੇ ਦੱਸਦੇ ਹਨ ਕਿ ਘੱਟ ਸ਼ਰਾਬ ਪੀਣ ਜਾਂ ਹੌਲੀ-ਹੌਲੀ ਪੀਣ ਦੀ ਆਦਤ ਤੋਂ ਇਲਾਵਾ, ਇਸ ਨੂੰ ਤੋੜਨ ਵਾਲੇ ਅੰਜਾਇਮ ਵਿੱਚ ਵੀ ਕੁਝ ਜੈਨੇਟਿਕ ਅੰਤਰ ਹੁੰਦੇ ਹਨ।
ਉਹ ਕਹਿੰਦੇ ਹਨ, "ਜੋ ਲੋਕ ਸ਼ਰਾਬ ਨੂੰ ਤੇਜ਼ੀ ਨਾਲ ਪਚਾ ਲੈਂਦੇ ਹਨ, ਉਨ੍ਹਾਂ ਨੂੰ ਘੱਟ ਗੰਭੀਰ ਹੈਂਗਓਵਰ ਹੁੰਦਾ ਹੈ।"
ਸਾਡੇ ਵਿੱਚੋਂ ਬਹੁਤ ਸਾਰੇ ਲੋਕ ਹੈਂਗਓਵਰ ਤੋਂ ਪ੍ਰੇਸ਼ਾਨ ਹੁੰਦੇ ਹਨ।
ਪ੍ਰੋਫੈਸਰ ਸ਼ੋਲੇ ਕਹਿੰਦੇ ਹਨ ਕਿ ਉਨ੍ਹਾਂ ਦੀ ਟੀਮ ਨੇ ਹੈਂਗਓਵਰ ਠੀਕ ਕਰਨ ਵਾਲੇ ਦਰਜਨਾਂ ਪ੍ਰੋਡਕਟਾਂ ਨੂੰ ਦੇਖਿਆ ਅਤੇ ਇਹ ਪਾਇਆ ਕਿ ਇਨ੍ਹਾਂ ਵਿਚੋਂ ਇੱਕ ਵੀ ਸਾਇੰਟਿਫਿਕ ਸਟੱਡੀਜ਼ ਨਾਲ ਸਮਰਪਿਤ ਨਹੀਂ ਸੀ।
ਉਹ ਕਹਿੰਦੇ ਹਨ, "ਬਦਕਿਸਮਤੀ ਨਾਲ ਹੈਂਗਓਵਰ ਠੀਕ ਕਰਨ ਵਾਲੇ ਅਜਿਹੇ ਪ੍ਰੋਡਕਟਸ ਦੇ ਮਾਮਲਿਆਂ ਵਿੱਚ ਸਬੂਤਾਂ ਦੀ ਬਜਾਏ ਮਾਰਕਿਟਿੰਗ ਬਹੁਤ ਜ਼ਿਆਦਾ ਹੁੰਦੀ ਹੈ, ਜੋ ਆਮ ਤੌਰ 'ਤੇ ਸਪਲੀਮੈਂਟਸ ਜਾਂ ਇਲੈਕਟ੍ਰੋਲਾਈਟਸ ਜਾਂ ਵਿਟਾਮਿਨ ਕੌਕਟੇਲ ਹੁੰਦੇ ਹਨ।"

ਤਸਵੀਰ ਸਰੋਤ, Matt Cardy / Stringer via Getty Images
ਇੱਥੇ ਕੋਈ ਜਾਦੂ ਵਾਲੀ ਗੋਲੀ ਨਹੀਂ ਹੈ ਅਤੇ ਉਹ ਚਾਹੁੰਦੇ ਹਨ ਕਿ ਲੋਕ ਸਮਝਣ ਕਿ ਉਨ੍ਹਾਂ ਨੂੰ ਰਿਕਵਰੀ ਪ੍ਰਕਿਰਿਆ ਵਿੱਚ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੈ। ਇਸ ਵਿੱਚ ਇਹ ਵੀ ਧਿਆਨ ਰੱਖਿਆ ਜਾਵੇ ਕਿ ਅਸੀਂ ਕੀ ਖਾਂਦੇ ਅਤੇ ਪੀਂਦੇ ਹਾਂ।
ਹੈਂਗਓਵਰ ਦੌਰਾਨ ਭੁੱਖ ਲੱਗਣ ਦੌਰਾਨ ਲੋਕ ਅਕਸਰ ਅਜਿਹੀਆਂ ਚੀਜ਼ਾਂ ਖਾਂਦੇ ਹਨ, ਜਿਨ੍ਹਾਂ ਵਿੱਚ ਖੰਡ, ਨਮਕ ਅਤੇ ਸੈਚੁਰੇਟੇਡ ਫੈਟ ਜ਼ਿਆਦਾ ਹੁੰਦੀ ਹੈ, ਜਿਨ੍ਹਾਂ ਨੂੰ ਅਕਸਰ ਅਲਟਰਾ-ਪ੍ਰੋਸੈਸਡ ਫੂਡ ਕਿਹਾ ਜਾਂਦਾ ਹੈ।
ਇਹ ਸੋਜ ਵਧਾਉਣ ਵਾਲੇ ਹੁੰਦੇ ਹਨ, ਜਿਸ ਨਾਲ ਸ਼ਰਾਬ ਦੇ ਟੁੱਟਣ ਨਾਲ ਹੋਣ ਵਾਲੀ ਸੋਜ ਹੋਰ ਵੱਧ ਜਾਂਦੀ ਹੈ।
ਪ੍ਰੋਫੈਸਰ ਸ਼ੋਲੇ ਕਹਿੰਦੇ ਹਨ, "ਇਸ ਲਈ ਇਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ।"
ਕੀ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ?

ਪਾਣੀ ਪੀਣ ਨਾਲ ਟੌਕਸਿਨ ਬਾਹਰ ਨਹੀਂ ਨਿਕਲੇਗਾ, ਜਿਵੇਂ ਕਿ ਕੁਝ ਲੋਕ ਦਾਅਵਾ ਕਰਦੇ ਹਨ।
ਪ੍ਰੋਫੈਸਰ ਸ਼ੋਲੇ ਕਹਿੰਦੇ ਹਨ, "ਅਧਿਐਨ ਵਿੱਚ ਇਹ ਦਿਖਾਇਆ ਗਿਆ ਹੈ ਕਿ ਭਾਵੇਂ ਬਹੁਤ ਸਾਰੇ ਲੋਕ ਹੈਂਗਓਵਰ ਦੇ ਲੱਛਣਾਂ ਨੂੰ ਘੱਟ ਕਰਨ ਲਈ ਸਿਰਫ ਵੱਧ ਪਾਣੀ ਪੀਣ 'ਤੇ ਜ਼ੋਰ ਦਿੰਦੇ ਹਨ ਪਰ ਇਸ ਨਾਲ ਹੈਂਗਓਵਰ ਘੱਟ ਨਹੀਂ ਹੁੰਦਾ।"
ਉਹ ਦੱਸਦੇ ਹਨ, "ਉਹ ਇੱਕ ਲੱਛਣ ਯਾਨੀ ਪਿਆਸ ਨੂੰ ਜ਼ਰੂਰ ਘੱਟ ਕਰੇਗਾ।"
ਪੈਰਾਗੁਏ ਦੀ ਇੱਕ ਰਜਿਸਟਰਡ ਨਿਊਟ੍ਰਿਸ਼ਨਿਸਟ ਮੈਰਿਸ ਮੋਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਖੀਰਾ, ਅਜਵਾਇਣ, ਨਾਰੀਅਲ ਪਾਣੀ, ਹਰਾ ਸੇਬ, ਅਜਮੋਦ ਅਤੇ ਅਦਰਕ ਦੇ ਗਰੀਨ ਜੂਸ ਨਾਲ ਖੁਦ ਨੂੰ ਹਾਈਡ੍ਰੇਟ ਕਰਨਾ ਪਸੰਦ ਹੈ।
ਉਹ ਸਲਾਹ ਦਿੰਦੇ ਹਨ, "ਅਦਰਕ ਮਤਲੀ ਲਈ ਸੱਚ ਵਿੱਚ ਬਹੁਤ ਚੰਗੀ ਹੁੰਦੀ ਹੈ।"
ਸ਼ਰਾਬ ਪੀਣ ਤੋਂ ਪਹਿਲਾਂ ਇਹ ਖਾਓ

ਤਸਵੀਰ ਸਰੋਤ, ollo via Getty Images
ਦੋਵੇਂ ਮਾਹਰ ਇਸ ਗੱਲ ਨਾਲ ਸਹਿਮਤ ਹਨ ਕਿ ਸ਼ਰਾਬ ਪੀਣ ਤੋਂ ਪਹਿਲਾਂ ਕੁਝ ਹਲਕਾ ਖਾਣਾ ਖਾਣ ਨਾਲ ਹੈਂਗਓਵਰ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ।
ਸ੍ਰੀਮਤੀ ਮੋਲ ਚਿਕਨ ਜਾਂ ਆਂਡੇ ਵਰਗੇ ਹਾਈ ਪ੍ਰੋਟੀਨ ਵਾਲੇ ਖਾਣੇ ਅਤੇ ਐਵੋਕਾਡੋ ਅਤੇ ਓਲਿਵ ਆਇਲ ਵਰਗੇ ਹੈਲਦੀ ਫੈਟਸ ਖਾਣ ਦੀ ਸਲਾਹ ਦਿੰਦੇ ਹਨ।
ਉਹ ਸੁਝਾਅ ਦਿੰਦੇ ਹਨ, "ਤੁਸੀਂ ਐਵੋਕਾਡੋ ਦਾ ਮਿਕਸ ਬਣਾ ਸਕਦੇ ਹੋ ਅਤੇ ਉਸ ਵਿੱਚ ਓਲਿਵ ਆਇਲ ਪਾ ਸਕਦੇ ਹੋ। ਤੁਸੀਂ ਇਸ ਨੂੰ ਚਿਕਨ ਦੇ ਨਾਲ ਸੌਸ ਦੀ ਤਰ੍ਹਾਂ ਖਾ ਸਕਦੇ ਹੋ।"
ਪ੍ਰੋਫੈਸਰ ਸ਼ੋਲੇ ਦੱਸਦੇ ਹਨ, "ਜੇ ਤੁਸੀਂ ਸ਼ਰਾਬ ਪੀਣ ਤੋਂ ਪਹਿਲਾਂ ਸਹੀ ਤਰੀਕੇ ਨਾਲ ਖਾਣਾ ਖਾਂਦੇ ਹੋ ਤਾਂ ਇਹ ਖੂਨ ਵਿੱਚ ਜਾਣ ਵਾਲੀ ਸ਼ਰਾਬ ਦੀ ਮਾਤਰਾ ਨੂੰ ਅੱਧਾ ਕਰ ਸਕਦਾ ਹੈ ਕਿਉਂਕਿ ਸ਼ਰਾਬ ਨੂੰ ਤੋੜਨ ਵਾਲੇ ਅੰਜਾਇਮ ਸਰੀਰ ਵਿੱਚ ਬਾਕੀ ਹਿੱਸਿਆਂ ਵਿੱਚ ਜਾਣ ਤੋਂ ਪਹਿਲਾਂ ਹੀ ਪੇਟ ਵਿੱਚ ਕੰਮ ਕਰ ਸਕਦੇ ਹਨ।"
ਪਰ ਆਖਿਰਕਾਰ ਹੈਂਗਓਵਰ ਤੋਂ ਬਚਣ ਦਾ ਇੱਕਮਾਤਰ ਅਸਲੀ ਤਰੀਕਾ ਇਹੀ ਹੈ ਕਿ ਤੁਸੀਂ ਸ਼ੁਰੂ ਵਿੱਚ ਹੀ ਜ਼ਿਆਦਾ ਸ਼ਰਾਬ ਨਾ ਪੀਓ।
ਪ੍ਰੋਫੈਸਰ ਸ਼ੋਲੇ ਕਹਿੰਦੇ ਹਨ, "ਅਤੇ ਇਹੀ ਹੈਂਗਓਵਰ ਤੋਂ ਬਚਣ ਦਾ ਪੱਕਾ ਤਰੀਕਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












