ਪਾਸਟਰ ਬਜਿੰਦਰ ਸਿੰਘ 'ਤੇ ਜਿਨਸੀ ਛੇੜਛਾੜ ਦੇ ਇਲਜ਼ਾਮਾਂ ਤਹਿਤ ਕੇਸ ਦਰਜ, ਪਾਸਟਰ ਨੇ ਕੀ ਦਿੱਤੀ ਸਫ਼ਾਈ

ਤਸਵੀਰ ਸਰੋਤ, Prophet Bajinder Singh Ministries/FB
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਜਲੰਧਰ ਵਿੱਚ ਪੈਂਦੇ 'ਦਿ ਚਰਚ ਆਫ ਗਲੋਰੀ ਐਂਡ ਵਿਜ਼ਡਮ' ਦੇ ਸੰਸਥਾਪਕ ਪਾਸਟਰ ਬਜਿੰਦਰ ਸਿੰਘ ਵਿਵਾਦਾਂ ਵਿੱਚ ਘਿਰ ਗਏ ਹਨ।
ਉਨ੍ਹਾਂ ਉੱਤੇ ਪੁਲਿਸ ਨੇ ਇੱਕ ਔਰਤ ਨਾਲ ਕਥਿਤ ਤੌਰ ਉੱਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਪਾਸਟਰ ਬਜਿੰਦਰ ਸਿੰਘ ਵੱਲੋਂ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ।
ਕਪੂਰਥਲਾ ਪੁਲਿਸ ਕੋਲ ਦਰਜ ਕਰਵਾਈ ਗਈ ਐੱਫਆਈਆਰ ਵਿੱਚ ਪੀੜਤਾ ਨੇ ਕਿਹਾ ਉਹ ਬਜਿੰਦਰ ਸਿੰਘ ਦੀ ਚਰਚ ਦੀ ਇੱਕ ਟੀਮ ਵਿੱਚ ਸਾਲ 2017 ਵਿੱਚ ਜੁੜੀ ਸੀ।

ਐੱਫਆਈਆਰ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਸਾਲ 2022 ਤੋਂ ਉਕਤ ਮੁਲਜ਼ਮ ਵੱਲੋਂ ਪੀੜਤਾ ਨਾਲ ਛੇੜਛਾੜ ਕਰਨੀ ਸ਼ੁਰੂ ਕੀਤੀ ਗਈ ਅਤੇ ਉਨ੍ਹਾਂ ਨੂੰ ਕਈ ਵਾਰ ਗ਼ਲਤ ਸੁਨੇਹੇ ਵੀ ਭੇਜੇ ਗਏ।
ਪੀੜਤਾ ਨੇ ਇਲਜ਼ਾਮ ਲਗਾਏ ਕਿ ਪਾਸਟਰ ਬਜਿੰਦਰ ਸਿੰਘ ਵੱਲੋਂ ਉਸ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ।
ਦੂਜੇ ਪਾਸੇ ਪਾਸਟਰ ਬਜਿੰਦਰ ਵੱਲੋਂ ਆਪਣੇ ਉੱਤੇ ਲੱਗੇ ਇਨ੍ਹਾਂ ਇਲਜ਼ਾਮਾਂ ਨੂੰ ਸਾਜਿਸ਼ ਦੱਸਿਆ ਗਿਆ ਹੈ।
ਉੱਧਰ ਕਪੂਰਥਲਾ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਦਾ ਵੀ ਗਠਨ ਕੀਤਾ ਹੈ।

ਪੀੜਤਾ ਨੇ ਕੀ ਇਲਜ਼ਾਮ ਲਗਾਏ ਹਨ
ਪੀੜਤਾ ਨੇ ਦੱਸਿਆ ਕਿ ਉਸ ਨੇ ਜਲੰਧਰ ਜ਼ਿਲ੍ਹੇ ਦੇ ਪਿੰਡ ਤਾਜਪੁਰ ਵਿੱਚ ਸਥਿਤ ਇੱਕ ਸਤਸੰਗ, ਜਿਸ ਨੂੰ 'ਗਲੋਰੀ ਆਫ ਵਿਜ਼ਡਮ ਚਰਚ' ਕਿਹਾ ਜਾਂਦਾ ਹੈ, ਵਿੱਚ ਦਸੰਬਰ 2017 ਵਿੱਚ ਇਸ ਚਰਚ ਵਿੱਚ ਜਾਣਾ ਸ਼ੁਰੂ ਕੀਤਾ ਸੀ।
ਸਾਲ 2020 ਵਿੱਚ ਉਹ ਇਸ ਚਰਚ ਦੀ ਇੱਕ ਟੀਮ ਵਿੱਚ ਸ਼ਾਮਲ ਹੋ ਗਈ ਸੀ ਅਤੇ ਪਾਸਟਰ ਦੀਆਂ ਨਜ਼ਰਾਂ ਵਿੱਚ ਆ ਗਈ ਸੀ।
ਐੱਫਆਈਆਰ ਮੁਤਾਬਕ ਔਰਤਾਂ ਨੇ ਇਲਜ਼ਾਮ ਲਗਾਇਆ ਕਿ ਸਾਲ 2020 ਵਿੱਚ ਪਾਸਟਰ ਨੇ ਉਸ ਦਾ ਮੋਬਾਈਲ ਨੰਬਰ ਲੈ ਲਿਆ ਸੀ ਅਤੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਸੀ।
ਐੱਫਆਈਆਰ ਦੇ ਅਨੁਸਾਰ, ਔਰਤ ਨੇ ਦਾਅਵਾ ਕੀਤਾ ਕਿ ਉਹ ਪਾਦਰੀ ਦੀ ਚੇਲੀ ਸੀ ਅਤੇ ਉਸ ਨੇ ਉਸ ਨੂੰ ਗ਼ਲਤ ਢੰਗ ਨਾਲ ਛੂਹਿਆ ਸੀ।
ਉਸ ਨੇ ਇਲਜ਼ਾਮ ਲਗਾਇਆ ਕਿ ਮੁਲਜ਼ਮ ਨੇ ਉਸ ਨੂੰ ਕਈ ਵਾਰ ਫੋਨ 'ਤੇ ਅਣਉਚਿਤ ਟੈਕਸਟ ਸੁਨੇਹੇ ਵੀ ਭੇਜੇ।

ਤਸਵੀਰ ਸਰੋਤ, Prophet Bajinder Singh Ministries/FB
ਔਰਤ ਨੇ ਇਲਜ਼ਾਮ ਲਗਾਇਆ ਕਿ ਪਾਦਰੀ ਨੇ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਸ਼ਿਕਾਇਤ ਕੀਤੀ ਤਾਂ ਉਹ ਉਸ ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਖ਼ਤਮ ਕਰ ਦੇਵੇਗਾ।
ਉਸ ਨੇ ਇਹ ਵੀ ਇਲਜ਼ਾਮ ਲਗਾਏ ਕਿ ਸਾਲ 2022 ਵਿੱਚ ਪਾਸਟਰ ਨੇ ਉਸ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਅਤੇ 'ਗੰਦੇ ਤਰੀਕੇ' ਨਾਲ ਛੂਹਿਆ।
ਪਾਦਰੀ ਉਸ ਨੂੰ ਵਿਆਹ ਕਰਵਾਉਣ ਲਈ ਵੀ ਕਹਿੰਦਾ ਸੀ ਜਦਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ।
ਇਲਜ਼ਾਮਾਂ ਵਿੱਚ ਉਸ ਨੇ ਵੀ ਕਿਹਾ ਕਿ ਜਦੋਂ ਉਹ ਕਾਲਜ ਜਾਂਦੀ ਸੀ ਤਾਂ ਮੁਲਜ਼ਮ ਉਸ ਦਾ ਪਿੱਛਾ ਕਰਦਾ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੰਦੇ ਸੀ।
ਐੱਫਆਈਆਰ ਮੁਤਾਬਕ ਪੁਲਿਸ ਨੂੰ ਆਪਣੇ ਬਿਆਨ ਵਿੱਚ ਪੀੜਤਾ ਨੇ ਕਿਹਾ ਕਿ ਪਾਸਟਰ ਉਸ ਨੂੰ ਵਿਆਹ ਕਰਵਾਉਣ ਲਈ ਵੀ ਕਹਿੰਦਾ ਸੀ ਜਦਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ।

ਪਾਸਟਰ ਬਜਿੰਦਰ ਸਿੰਘ ਦਾ ਸਪੱਸ਼ਟੀਕਰਨ
ਜਲੰਧਰ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਪਾਸਟਰ ਨੇ ਇੱਕ ਹੋਰ ਪਾਸਟਰ ਦੀ ਤਸਵੀਰ ਦਿਖਾ ਕੇ ਕਿਹਾ ਕਿ ਉਹ ਉਨ੍ਹਾਂ ਨਾਲ ਪਿਛਲੇ ਪੰਜਾਂ ਸਾਲਾਂ ਤੋਂ ਮਾੜਾ ਵਤੀਰਾ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ, "ਉਹ ਬੰਦਾ ਉੱਥੇ ਹੀ ਰਹਿੰਦਾ ਹੈ ਜਿੱਥੇ ਉਹ ਰਹਿੰਦੇ ਹਨ ਅਤੇ ਉਹ ਪਹਿਲਾ ਪਾਸਟਰ ਬਣਿਆ ਮੈਂ ਬਾਅਦ ਵਿੱਚ ਬਣਿਆ। ਇਸ ਲਈ ਉਹ ਮੇਰੇ ਤੋਂ ਝਿੜਨ ਲੱਗ ਗਿਆ। ਉਸ ਨੇ ਮੇਰੇ ਬਾਰੇ ਪੁੱਠੀਆਂ-ਸਿੱਧੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।"
"ਉਸ ਨੇ ਮਰੇ ਉੱਤੇ ਇਲਜ਼ਾਮ ਲਗਾਏ ਕਿ ਇਹ ਕੁੜੀਆਂ ਰੱਖਦਾ ਹੈ। ਅਸੀਂ ਪੰਜਾਬ ਵਿੱਚ ਲੋਕਾਂ ਨੂੰ ਸਿੱਖਿਆ ਦਿੰਦੇ ਹਾਂ ਕਿ ਉਹ ਨਸ਼ੇ ਤੋਂ ਆਜ਼ਾਦ ਹੋਣ, ਰੱਬ ਦੇ ਦੱਸੇ ਮਾਰਗ ʼਤੇ ਚੱਲਣ। ਇਹ ਮੇਰੇ ਉੱਤੇ ਕੋਈ ਵੀ ਝਗੜੇ ਦੇ ਜਾਂ ਨਸ਼ੇ ਦਾ ਪਰਚਾ ਦੱਸ ਦੇਣ।"
ਇਸ ਮੌਕੇ ਉਨ੍ਹਾਂ ਵੱਲੋਂ ਉਸ ਬੰਦੇ ʼਤੇ ਉਨ੍ਹਾਂ ਵੱਲੋਂ ਕਰਵਾਈ ਗਈ ਐੱਫਆਈਆਰ ਵੀ ਦਿਖਾਈ।
ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਖ਼ਿਲਾਫ਼ ਸਕੈਂਡਲ ਹੈ ਅਤੇ ਤਾਂ ਹੀ ਕੁੜੀ ਨਾਲ ਪ੍ਰੈੱਸ ਕਾਨਫਰੰਸ ਵਿੱਚ ਨਜ਼ਰ ਆ ਰਿਹਾ ਹੈ।
ਪਾਸਟਰ ਨੇ ਇਹ ਵੀ ਕਿਹਾ ਕਿ ਇਲਜ਼ਾਮ ਲਗਾਉਣ ਵਾਲੀ ਕੁੜੀ ਦਾ ਪਤੀ ਉਸੇ ਬੰਦੇ ਦਾ ਫੌਲੋਅਰ ਵੀ ਹੈ।
ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਇਹ ਕੁੜੀ ਉਨ੍ਹਾਂ ਦੇ ਚਰਚ ਵਿੱਚ ਆਉਂਦੀ ਸੀ।
ਬਜਿੰਦਰ ਨੇ ਕਿਹਾ, "ਨਾ ਮੈਂ ਫੋਨ ਰੱਖਦਾ ਹਾਂ ਅਤੇ ਨਾ ਹੀ ਮੈਂ ਕਿਸੇ ਨੂੰ ਮਿਲਦਾ ਹਾਂ। ਮੇਰਾ ਕੰਮ ਹੈ ਪ੍ਰਾਰਥਨਾ ਕਰਨਾ। ਮੇਰੇ ਕੋਲ ਤਾਂ ਇੰਨਾ ਸਮਾਂ ਹੀ ਨਹੀਂ ਹੁੰਦਾ।"
"ਇਹ ਮੇਰੇ ਉੱਤੇ ਇਲਜ਼ਾਮ ਇਸ ਲਈ ਲਗਾ ਰਹੇ ਹਨ ਕਿ ਦੋ-ਢਾਈ ਸਾਲ ਪਹਿਲਾਂ ਇਹ ਇੱਥੇ ਚਰਚ ਵਿੱਚ ਵਲੰਟੀਅਰ ਸਨ। ਇਹ ਇੱਥੇ ਠੱਗੀ ਕਰਦੇ ਹੋਏ ਫੜ੍ਹੇ ਗਏ ਸਨ, ਲੋਕਾਂ ਤੋਂ ਪੈਸੇ ਮੰਗਦੇ ਹਨ। ਅਸੀਂ ਪਹਿਲਾਂ ਇਸ ਨੂੰ ਮੌਖਿਕ ਚੇਤਾਵਨੀ ਦਿੱਤੀ ਪਰ ਜਦੋਂ ਨਹੀਂ ਮੰਨੇ ਤਾਂ ਅਸੀਂ ਕੇਸ ਵੀ ਕੀਤਾ ਸੀ।"
"ਜਿਸ ਦਿਨ ਇਸ ਨੇ ਸ਼ਿਕਾਇਤ ਕਰਵਾਈ ਉਸ ਦਿਨ ਉਸ ਦਾ ਸਕਾ ਮਾਮਾ ਇੱਥੇ ਚਰਚ ਵਿੱਚ ਸੀ ਅਤੇ ਉਹ ਬਿਲਕੁਲ ਨਾਲ-ਨਾਲ ਘਰ ਵਿੱਚ ਰਹਿੰਦੇ ਹਨ। ਉਹ (ਕੁੜੀ ਦਾ ਪਰਿਵਾਰ) ਇੱਥੇ ਕਿਉਂ ਆਉਂਦਾ ਸੀ ਅਤੇ ਬਾਅਦ ਵਿੱਚ ਉਸ ਨੇ ਮਾਮੇ ਨੂੰ ਵੀ ਆਉਣ ਤੋਂ ਹਟਾ ਦਿੱਤਾ। ਜਦਕਿ ਇਸ ਕੁੜੀ ਦਾ ਸਕਾ ਮਾਮਾ ਕਹਿੰਦਾ ਹੈ ਕਿ ਉਹ ਗ਼ਲਤ ਇਲਜ਼ਾਮ ਲਗਾ ਰਹੀ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਤੁਸੀਂ ਦੇਖ ਲਓ ਇੱਥੇ ਚਰਚ ਵਿੱਚ ਕੈਮਰੇ ਲੱਗੇ ਹੋਏ ਹਨ। ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੈ। ਮੇਰੇ ਵੀ ਬੱਚੇ ਹਨ, ਉਹ ਵੀ ਪਰੇਸ਼ਾਨ ਹੋ ਰਹੇ ਹਨ। ਮੇਰੀ ਆਪਣੀ ਧੀ 14 ਸਾਲ ਦੀ ਹੈ, ਮੈਂ ਅਜਿਹਾ ਕੰਮ ਕਿਉਂ ਕਰਾਂਗਾ।"
"ਮੇਰੀ ਧੀ ਮੈਨੂੰ ਸਵਾਲ ਕਰ ਰਹੀ ਹੈ। ਅਸੀਂ ਪਰਿਵਾਰ ਵਾਲੇ ਹਾਂ। ਸਾਡਾ ਕੰਮ ਸੇਵਾ ਕਰਨਾ ਹੈ ਜਾਂ ਪ੍ਰਾਰਥਨਾ ਕਰਨਾ। ਅਜਿਹੀਆਂ ਹਰਕਤਾਂ ਕਿਉਂ ਕਰਾਂਗੇ।"
ਪੁਲਿਸ ਨੇ ਕਾਰਵਾਈ ਕੀਤੀ
ਫਿਲਹਾਲ ਕਪੂਰਥਲਾ ਪੁਲਿਸ ਨੇ ਸਿਟੀ ਥਾਣੇ ਵਿੱਚ ਆਈਪੀਸੀ ਦੀ ਧਾਰਾ 354-ਏ, 354-ਡੀ ਅਤੇ 506 ਤਹਿਤ ਕੇਸ ਦਰਜ ਕੀਤਾ ਹੈ।

ਤਸਵੀਰ ਸਰੋਤ, Prophet Bajinder Singh Ministries/FB
ਪਾਸਟਰ ਬਜਿੰਦਰ ਸਿੰਘ ਕੌਣ ਹਨ
ਪਾਸਟਰ ਬਰਜਿੰਦਰ ਦਾ ਸਬੰਧ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨਾਲ ਹੈ ਅਤੇ ਉਹ ਜਾਟ ਭਾਈਚਾਰੇ ਨਾਲ ਸਬੰਧਤ ਰੱਖਦੇ ਹਨ। ਉਨ੍ਹਾਂ ਦੀ ਚਰਚ ਦੀਆਂ ਪੂਰੇ ਦੇਸ਼ ਵਿੱਚ 260 ਇਕਾਈਆਂ ਹਨ ਅਤੇ ਸਭ ਤੋਂ ਵੱਡੀ ਬਰਾਂਚ ਮੁਹਾਲੀ ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਵਿੱਚ ਹੈ।
ਪਾਸਟਰ ਬਜਿੰਦਰ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਤਾਜਪੁਰ ਵਿੱਚ ਇੱਕ ਚਰਚ ਚਲਾਉਂਦੇ ਹਨ। ਜਿਸ ਨੂੰ 'ਗਲੋਰੀ ਆਫ ਵਿਜ਼ਡਮ ਚਰਚ' ਸੱਦਿਆ ਜਾਂਦਾ ਹੈ।
ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਜਾਟ ਪਰਿਵਾਰ ਵਿੱਚ ਜੰਮੇ, ਬਜਿੰਦਰ ਸਿੰਘ ਨੇ ਲਗਭਗ 15 ਸਾਲ ਪਹਿਲਾਂ ਇੱਕ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੋਣ 'ਤੇ ਈਸਾਈ ਧਰਮ ਅਪਣਾ ਲਿਆ ਸੀ।

ਤਸਵੀਰ ਸਰੋਤ, Prophet Bajinder Singh Ministries/FB
ਹੋਰ ਕਿਹੜੇ-ਕਿਹੜੇ ਵਿਵਾਦਾਂ ਨਾਲ ਜੁੜੇ ਰਹੇ
ਪੀੜਤ ਵੱਲੋਂ ਪਾਸਟਰ ਉੱਤੇ ਲਾਏ ਗਏ ਇਲਜ਼ਾਮਾਂ ਤੋਂ ਬਿਨਾਂ ਪਹਿਲਾਂ ਵੀ ਪਾਸਟਰ ਬਜਿੰਦਰ ਸਿੰਘ ਵਿਵਾਦਾਂ ਵਿੱਚ ਘਿਰੇ ਰਹੇ ਹਨ।
ਸਾਲ 2018 ਵਿੱਚ ਪਾਸਟਰ ਬਜਿੰਦਰ ਸਿੰਘ ਉੱਤੇ ਜ਼ੀਰਕਪੁਰ ਇਲਾਕੇ ਨਾਲ ਸਬੰਧਤ ਇੱਕ ਔਰਤ ਨੇ ਬਲਾਤਕਾਰ ਦੇ ਇਲਜ਼ਾਮ ਲਗਾਏ ਸਨ ਅਤੇ ਪੁਲਿਸ ਨੇ ਇਸ ਸਬੰਧੀ ਇੱਕ ਕੇਸ ਵੀ ਦਰਜ ਕੀਤਾ ਸੀ।
ਪੁਲਿਸ ਨੇ ਇਸ ਮਾਮਲੇ ਵਿੱਚ ਪਾਸਟਰ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਪਾਸਟਰ ਬਜਿੰਦਰ ਨੂੰ ਇਸ ਕੇਸ ਵਿੱਚ ਜ਼ਮਾਨਤ ਮਿਲੀ ਹੋਈ ਹੈ।
ਸਾਲ 2023 ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਜਲੰਧਰ ਵਿੱਚ ਪਾਸਟਰ ਬਜਿੰਦਰ ਨਾਲ ਸਬੰਧਤ ਟਿਕਾਣਿਆਂ ਉੱਤੇ ਰੇਡ ਵੀ ਕੀਤੀ ਗਈ ਸੀ।
ਇਸ ਤੋਂ ਇਲਾਵਾ ਪਾਸਟਰ ਬਜਿੰਦਰ ਕਈ ਸਾਲ ਪਹਿਲਾਂ ਕਤਲ ਦੇ ਇੱਕ ਕੇਸ ਵਿੱਚ ਜੇਲ੍ਹ ਵੀ ਗਏ ਸਨ।

ਤਸਵੀਰ ਸਰੋਤ, Prophet Bajinder Singh Ministries/FB
ਇਲਜ਼ਾਮ ਤੋਂ ਇਨਕਾਰ
ਪਾਸਟਰ ਬਜਿੰਦਰ ਸਿੰਘ ਮਨਿਸਟਰੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹੈ।
ਉਨ੍ਹਾਂ ਨੇ ਕਿਹਾ, "ਪਾਸਟਰ ਬਜਿੰਦਰ ਸਿੰਘ ਉੱਤੇ ਲੱਗੇ ਇਲਜ਼ਾਮ ਝੂਠੇ ਅਤੇ ਬੇਬੁਨਿਆਦ ਹਨ। ਇਹ ਇਲਜ਼ਾਮ ਇੱਕ ਸਾਜ਼ਿਸ਼ ਤਹਿਤ ਲਗਾਏ ਗਏ ਹਨ।"
ਉਨ੍ਹਾਂ ਜਾਣਕਾਰੀ ਦਿੱਤੀ ਕਿ ਸਾਲ 2018 ਵਿੱਚ ਪਾਸਟਰ ਬਜਿੰਦਰ ਸਿੰਘ ਖ਼ਿਲਾਫ਼ ਜਿਹੜਾ ਬਲਾਤਕਾਰ ਦਾ ਮਾਮਲਾ ਜ਼ੀਰਕਪੁਰ ਵਿੱਚ ਦਰਜ ਹੋਇਆ ਸੀ, ਉਸ ਕੇਸ ਵਿੱਚ ਪਾਸਟਰ ਦੀ ਗ੍ਰਿਫ਼ਤਾਰੀ ਹੋਈ ਸੀ ਪਰ ਉਹ ਜ਼ਮਾਨਤ ਉੱਤੇ ਰਿਹਾ ਹੋ ਗਏ ਸਨ।
ਉਨ੍ਹਾਂ ਦਾਅਵਾ ਕੀਤਾ ਕਿ ਇਹ ਕੇਸ ਵੀ ਝੂਠਾ ਸੀ।
ਅਵਤਾਰ ਨੇ ਜਾਣਕਾਰੀ ਦਿੱਤੀ ਕਿ ਇਨਕਮ ਟੈਕਸ ਵਿਭਾਗ ਵੱਲੋਂ ਜਲੰਧਰ ਵਿੱਚ ਰੇਡ ਕੀਤੀ ਗਈ ਸੀ। ਕਈ ਸਾਲ ਪਹਿਲਾਂ ਹੋਏ ਕਤਲ ਕੇਸ ਬਾਬਤ ਅਵਤਾਰ ਸਿੰਘ ਨੇ ਕਿਹਾ ਇਹ ਮਾਮਲਾ ਉਨ੍ਹਾਂ ਦੇ ਪਾਸਟਰ ਨਾਲ ਜੁੜਨ ਤੋਂ ਪਹਿਲਾਂ ਦਾ ਹੈ।
ਪੰਜਾਬ 'ਚ ਈਸਾਈਆਂ ਦੀ ਗਿਣਤੀ ਤੇ ਸੰਸਥਾਵਾਂ
ਪੰਜਾਬ ਵਿੱਚ ਇਸਾਈ ਧਰਮ ਦੀ ਆਬਾਦੀ ਕੁੱਲ ਆਬਾਦੀ ਦਾ ਡੇਢ ਫ਼ੀਸਦੀ ਤੋਂ ਵੀ ਘੱਟ ਹੈ। 2011 ਤੱਕ ਇਸ ਭਾਈਚਾਰੇ ਦੀ ਆਬਾਦੀ 3 ਲੱਖ 48 ਹਜ਼ਾਰ ਦੇ ਕਰੀਬ ਸੀ।
ਜਾਣਕਾਰਾਂ ਮੁਤਾਬਕ ਜ਼ਿਆਦਾਤਰ ਧਰਮ ਪਰਿਵਰਤਨ ਸਰਹੱਦੀ ਇਲਾਕੇ ਬਟਾਲਾ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਮਜੀਠਾ, ਤਰਨਤਾਰਨ, ਅਜਨਾਲਾ ਅਤੇ ਅੰਮ੍ਰਿਤਸਰ ਵਿੱਚ ਹੋਇਆ ਹੈ।
ਇਸਾਈ ਧਰਮ ਦੇ ਵਿੱਚ ਵੀ ਵੱਖ-ਵੱਖ ਵਰਗ ਹਨ ਪਰ ਪੰਜਾਬ ਵਿੱਚ ਦੋ ਮੁੱਖ ਧਾਰਾ ਦੇ ਚਰਚ ਹਨ।
ਇਸ ਵਿੱਚ ਇੱਕ ਚਰਚ ਆਫ਼ ਨਾਰਥ ਇੰਡੀਆ (ਸੀਐੱਨਆਈ) ਜਿਸ ਅਧੀਨ ਉੱਤਰੀ ਭਾਰਤ ਵਿੱਚ ਜ਼ਿਆਦਾਤਰ ਪ੍ਰੋਟੈਸਟੈਂਟ ਚਰਚ ਹਨ ਅਤੇ ਦੂਜਾ ਹੈ ਜਲੰਧਰ ਡਾਇਓਸਿਸ, ਜਿਸ ਦੇ ਅਧਿਕਾਰ ਖੇਤਰ ਵਿੱਚ ਰੋਮਨ ਕੈਥੋਲਿਕ ਚਰਚ ਆਉਂਦੇ ਹਨ। ਇਸ ਦੇ ਚਰਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਜੂਦ ਹਨ।
ਡਾਇਓਸੀਸ ਆਫ਼ ਅੰਮ੍ਰਿਤਸਰ ਅਤੇ ਡਾਇਓਸੀਸ ਆਫ਼ ਜਲੰਧਰ ਪੂਰੀ ਤਰਾਂ ਸੰਗਠਿਤ ਹਨ ਤੇ ਇਨ੍ਹਾਂ ਦੀ ਅਗਵਾਈ ਬਿਸ਼ਪ ਵੱਲੋਂ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਸਾਲਵੇਸ਼ਨ ਆਰਮੀ, ਮੈਥੋਡਿਸਟ ਚਰਚ (ਪ੍ਰਮੁੱਖ ਚਰਚ ਬਟਾਲਾ ਅਤੇ ਪਟਿਆਲਾ) ਅਤੇ ਸੈਵਨਥ ਡੇਅ ਐਡਵੈਂਟਿਸਟ ਚਰਚ (ਐੱਸਡੀਏਸੀ) ਵੀ ਪੰਜਾਬ ਵਿੱਚ ਮੌਜੂਦ ਹਨ।
ਮੁੱਖ ਧਾਰਾ ਦੇ ਚਰਚਾਂ ਤੋਂ ਇਲਾਵਾ ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਪਾਸਟਰ ਹਨ ਜੋ ਨਿੱਜੀ ਤੌਰ ਉੱਤੇ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਹਨ।
ਇਨ੍ਹਾਂ ਨੇ ਆਪਣੇ ਵੱਡੇ-ਵੱਡੇ ਡੇਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਾਪਤ ਕਰ ਲਏ ਹਨ।
ਇਨ੍ਹਾਂ ਡੇਰਿਆਂ ਨੂੰ ਮੰਨਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ।
ਇਨ੍ਹਾਂ ਵਿੱਚੋਂ ਪ੍ਰਮੁੱਖ ਡੇਰੇ ਹਨ ਪਾਸਟਰ ਬਜਿੰਦਰ ਸਿੰਘ, ਅੰਕੁਰ ਯੂਸਫ਼ ਨਰੂਲਾ, ਪਾਸਟਰ ਹਰਪ੍ਰੀਤ ਦਿਓਲ ਖੋਜੇਵਾਲਾ।
ਇਸ ਤੋਂ ਇਲਾਵਾ ਪਾਸਟਰ ਅੰਮ੍ਰਿਤ ਸੰਧੂ, ਪਾਸਟਰ ਹਰਜੀਤ, ਪਾਸਟਰ ਮਨੀਸ਼ ਗਿੱਲ, ਪਾਸਟਰ ਕੰਚਨ ਮਿੱਤਲ, ਪਾਸਟਰ ਦਵਿੰਦਰ ਸਿੰਘ, ਪਾਸਟਰ ਰਮਨ ਦੇ ਡੇਰੇ ਵੀ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












