ਡਰੱਗ ਡੀਲਰ ਤੋਂ ਪਾਦਰੀ ਬਣ ਕੇ ਲੋਕਾਂ ਦਾ ਕੂੜਾ ਚੁੱਕਣ ਤੇ ਲੰਗਰ ਲਾਉਣ ਵਾਲੇ ਵਿਅਕਤੀ ਦੀ ਕਹਾਣੀ

ਪਾਦਰੀ ਮਿਕ
ਤਸਵੀਰ ਕੈਪਸ਼ਨ, ਮਿਕ ਇੱਕ ਵੇਲੇ ਖ਼ਤਰਨਾਕ, ਹਿੰਸਕ ਡਰੱਗ ਲੈਣ ਵਾਲੇ ਅਤੇ ਡਰੱਗ ਡੀਲਰ ਸਨ
    • ਲੇਖਕ, ਐਡ ਥੋਮਸ
    • ਰੋਲ, ਬੀਬੀਸੀ ਪੱਤਰਕਾਰ

ਦੋ ਹਫ਼ਤੇ ਪਹਿਲਾਂ ਹਜ਼ਾਰਾਂ ਲੋਕਾਂ ਨੇ ਬੀਬੀਸੀ ਨਿਊਜ਼ 'ਤੇ ਪਾਦਰੀ ਮਿਕ ਫ਼ਲੈਮਿੰਗ ਅਤੇ ਫ਼ਾਦਰ ਅਲੈਕਸ ਨੂੰ ਬਰਨਲੇ ਵਿੱਚ ਗਰੀਬ ਲੋਕਾਂ ਨੂੰ ਭੋਜਨ ਅਤੇ ਕੱਪੜੇ ਵੰਡਦਿਆਂ ਦੇਖਿਆ।

ਬਹੁਤ ਸਾਰੇ ਲੋਕ ਉਨ੍ਹਾਂ ਦੇ ਕੰਮ ਤੋਂ ਪ੍ਰੇਰਿਤ ਹੋਏ ਅਤੇ ਉਸ ਸਮੇਂ ਤੋਂ ਉਨ੍ਹਾਂ ਨੂੰ 2,50,000 ਪੋਂਡ ਦਾਨ ਦੇ ਰੂਪ ਵਿੱਚ ਮਿਲੇ।

ਪਰ ਮਿਕ ਦੀ ਜ਼ਿੰਦਗੀ ਹਮੇਸ਼ਾਂ ਇੰਨਾ ਪਿਆਰ ਅਤੇ ਸਰੋਕਾਰ ਰੱਖਣ ਵਾਲੀ ਨਹੀਂ ਸੀ।

ਇਹ ਵੀ ਪੜ੍ਹੋ

ਉਹ ਇੱਕ ਵੇਲੇ ਖ਼ਤਰਨਾਕ, ਹਿੰਸਕ ਡਰੱਗ ਲੈਣ ਵਾਲੇ ਅਤੇ ਡਰੱਗ ਡੀਲਰ ਸਨ। ਇਹ ਸਭ ਬਚਪਨ ਦੀਆਂ ਤਲਖ਼ ਤਕਲੀਫ਼ਦੇਹ ਯਾਦਾਂ ਤੋਂ ਦੂਰ ਰਹਿਣ ਲਈ ਸੀ। ਤੇ ਇਹ ਉਦੋਂ ਤੱਕ ਜਾਰੀ ਰਿਹਾ, ਜਦੋਂ ਤੱਕ ਇੱਕ ਪਲ ਨੇ ਸਭ ਕੁਝ ਬਦਲ ਨਾ ਦਿੱਤਾ।

ਉਹ ਲੈਂਕਸ਼ਾਇਰ ਵਿੱਚਲੇ ਆਪਣੇ ਘਰੇਲੂ ਜ਼ਿਲ੍ਹੇ ਤੋਂ ਬਹੁਤ ਦੂਰ, ਇੱਕ ਹਿੰਸਕ ਇੰਡਸਟਰੀਅਲ ਇਲਾਕੇ ਵਿੱਚ ਸਨ, ਇਥੇ ਸਵੇਰ ਦੇ ਦਸ ਵਜੇ ਸਨ।

ਪਾਦਰੀ ਮਿਕ

ਚਾਲ੍ਹੀਵਿਆਂ ਦੇ ਸ਼ੁਰੂਆਤੀ ਸਾਲਾਂ ਦੇ ਮਿਕ ਫ਼ਲੈਮਿੰਗ ਜਿਮ ਦੇ ਬਾਹਰ ਖੜ੍ਹੇ ਕਿਸੇ ਦੇ ਆਉਣ ਦੀ ਉਡੀਕ ਕਰ ਰਹੇ ਸਨ।

ਮਿਕ ਇੱਕ ਚੋਰੀ ਕੀਤੀ ਹੋਈ ਕਾਰ ਵਿੱਚ ਸਨ, ਇੱਕ ਗੂੜ੍ਹੇ ਨੀਲੇ ਰੰਗ ਦੀ ਵੌਕਸਹਾਲ ਕੈਵਾਲੀਅਰ, ਕਾਰ ਦਾ ਇੰਜਨ ਚੱਲ ਰਿਹਾ ਸੀ।

ਇਹ ਸਭ ਕੁਝ ਬਹੁਤ ਤੇਜ਼ੀ ਨਾਲ ਹੋਣ ਵਾਲਾ ਸੀ।

ਉਨ੍ਹਾਂ ਦੱਸਿਆ, "ਸੂਰਜ ਨਹੀਂ ਸੀ ਚੜ੍ਹਿਆ, ਇਹ ਇੱਕ ਹਨੇਰ ਦਿਨ ਸੀ, ਮੈਂ ਉਸਦੀ ਰੁਟੀਨ ਬਾਰੇ ਜਾਣਦਾ ਸੀ, ਉਸ ਬਾਰੇ ਸਭ ਕੁਝ। ਉਹ ਵੀ ਮੇਰੀ ਤਰ੍ਹਾਂ ਇੱਕ ਹੋਰ ਡਰੱਗ ਡੀਲਰ ਸੀ।"

ਮਿਕ ਉੱਤਰ ਪੱਛਮੀ ਇੰਗਲੈਂਡ ਦੇ ਪੂਰੀ ਤਰ੍ਹਾਂ ਸਥਾਪਿਤ ਅੰਡਰਵਰਲਡ ਦਾ ਕਾਰੋਬਾਰ ਚਲਾਉਣ ਵਾਲੇ ਸਨ। ਉਹ ਲੋਕਾਂ ਦੀਆਂ ਕਰਜ਼ਿਆਂ ਨਾਲ ਸੰਬੰਧਿਤ ਮੁਸ਼ਕਿਲਾਂ ਦਾ ਹੱਲ ਕਰਨ ਵਾਲੇ ਸਨ।

ਲੋਕ ਡਰੱਗ ਦੇ ਕਰਜ਼ਿਆਂ ਦੇ ਭੁਗਤਾਨ ਲਈ ਉਨ੍ਹਾਂ ਨਾਲ ਸੰਪਰਕ ਕਰਦੇ ਅਤੇ ਉਨ੍ਹਾਂ ਨੂੰ ਸੰਪਰਕ ਕਰਨ ਦਾ ਮਤਲਬ ਸੀ ਉਹ, ਉਨ੍ਹਾਂ ਜਿੰਨੇ ਹੀ ਖ਼ਤਰਨਾਕ ਲੋਕਾਂ ਤੋਂ ਬਹੁਤ ਕਰਜ਼ਾ ਲੈ ਕੇ ਬੁਰੀ ਤਰ੍ਹਾਂ ਫ਼ਸੇ ਹੋਏ ਸਨ ਤੇ ਉਹ ਬੁਰੀ ਤਰ੍ਹਾਂ ਕੁੱਟਮਾਰ ਦਾ ਸ਼ਿਕਾਰ ਹੋਣ ਵਾਲੇ ਸਨ।

"ਮੇਰੀ ਬੰਦੂਕ ਇੱਕ ਪਲਾਸਟਿਕ ਦੇ ਕੈਰੀਅਰ ਬੈਗ ਵਿੱਚ ਹੁੰਦੀ ਸੀ, ਯਾਤਰੀ ਸੀਟ ਦੇ ਘੁੱਟ ਕੇ ਲਪੇਟੀ ਹੋਈ। ਤੁਸੀਂ ਬੰਦੂਕ ਦਾ ਆਕਾਰ ਦੇਖ ਸਕਦੇ ਸੀ, ਕੋਈ ਡੀਐਨਏ ਜਾਂ ਨਿਸ਼ਾਨ ਪਿੱਛੇ ਨਹੀਂ ਸੀ ਛੱਡਿਆ ਜਾਂਦਾ। ਛੇ ਗੋਲੀਆਂ, ਇਕੱਠੀਆਂ ਪਾਈਆਂ ਹੋਈਆਂ, ਇਹ ਕਦੀ ਵੀ ਅਸਫ਼ਲ ਨਹੀਂ ਹੋਇਆ।"

ਪਾਦਰੀ ਮਿਕ
ਤਸਵੀਰ ਕੈਪਸ਼ਨ, ਮਿਕ ਇੱਕ ਬੱਚੀ ਦੇ ਹੱਥਾਂ ਵਿੱਚੋਂ ਨਿਕਲਦੀ ਰੋਸ਼ਨੀ ਦੇਖਣ ਬਾਰੇ ਵਿਸਥਾਰ ਵਿੱਚ ਦੱਸਦੇ ਹਨ

ਬਦਲਾਅ ਦੇ ਪਲ

ਉਨ੍ਹਾਂ ਨੂੰ ਲੰਬਾ ਸਮਾਂ ਉਡੀਕ ਨਾ ਕਰਨੀ ਪਈ।

"ਮੈਂ ਉਸਨੂੰ ਜਿਮ ਤੋਂ ਬਾਹਰ ਆਉਂਦਿਆਂ ਦੇਖਿਆ। ਪਰ ਇਸ ਵਾਰ ਕੁਝ ਵੱਖਰਾ ਸੀ। ਉਸ ਨਾਲ ਦੋ ਬੱਚੇ ਸਨ, ਦੋ ਛੋਟੇ ਬੱਚੇ, ਕਰੀਬ ਪੰਜਾਂ ਕੁ ਸਾਲਾਂ ਦੀ ਉਮਰ ਦੀਆਂ ਸੁਨਿਹਰੀ ਵਾਲਾਂ ਵਾਲੀਆਂ ਬੱਚੀਆਂ।"

"ਮੈਂ ਕਾਰ ਵਿੱਚੋਂ ਬਾਹਰ ਆਇਆ ਅਤੇ ਤੁਰਿਆ, ਮੇਰਾ ਹੱਥ ਪਲਾਸਟਿਕ ਅੰਦਰ ਗਿਆ। ਪਰ ਤਦ ਮੈਂ ਦੁਬਾਰਾ ਉਨ੍ਹਾਂ ਬੱਚਿਆਂ ਵੱਲ ਦੇਖਿਆ, ਫ਼ਿਰ ਤੋਂ ਉਨ੍ਹਾਂ ਦੇ ਚਹਿਰਿਆਂ ਵੱਲ, ਉਨ੍ਹਾਂ ਦੇ ਸੁਨਿਹਰੀ ਵਾਲ, ਮਸੂਮ ਬੱਚੇ।"

"ਉਸ ਸਮੇਂ ਇਹ ਵਾਪਰਿਆ।"

ਮਿਕ ਉਨ੍ਹਾਂ ਵਿੱਚੋਂ ਇੱਕ ਬੱਚੀ ਦੇ ਹੱਥਾਂ ਵਿੱਚੋਂ ਨਿਕਲਦੀ ਰੋਸ਼ਨੀ ਦੇਖਣ ਬਾਰੇ ਵਿਸਥਾਰ ਵਿੱਚ ਦੱਸਦੇ ਹਨ।

ਉਹ ਦੱਸਦੇ ਹਨ, "ਇਹ ਸਫ਼ੇਦ, ਚਮਕਦੀ ਸਫ਼ੇਦ ਸੀ। ਮੈਂ 15 ਸਕਿੰਟਾਂ ਤੱਕ ਦੇਖ ਨਾ ਸਕਿਆ। ਇਹ ਸੂਰਜ ਵੱਲ ਦੇਖਣ ਵਰਗਾ ਸੀ ਅਤੇ ਮੈਂ ਇਸ ਨਾਲ ਸੁੰਨ ਹੋ ਗਿਆ।"

ਇਹ ਵੀ ਪੜ੍ਹੋ

ਮਿਕ ਅਸਲ ਵਿੱਚ ਨਹੀਂ ਜਾਣਦੇ ਉਨ੍ਹਾਂ ਨਾਲ ਉਸ ਦਿਨ ਕੀ ਹੋਇਆ, ਪਰ ਇੱਕ ਗੱਲ ਬਾਰੇ ਉਨ੍ਹਾਂ ਨੂੰ ਯਕੀਨ ਹੈ, ਇਹ ਉਹ ਪਲ ਸਨ ਜਿਨਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਹਮੇਸ਼ਾਂ ਲਈ ਬਦਲ ਦਿੱਤਾ।

ਉਹ ਦੱਸਦੇ ਹਨ, "ਮੈਂ ਡਿੱਗ ਗਿਆ, ਅਤੇ ਫ਼ਿਰ ਵਾਪਸ ਕਾਰ ਵਿੱਚ ਜਾਣ ਲਈ ਸੰਘਰਸ਼ ਕੀਤਾ। ਮੈਂ ਬੀਮਾਰ ਮਹਿਸੂਸ ਕਰ ਰਿਹਾ ਸੀ, ਮੈਂ ਕੰਬ ਰਿਹਾ ਸੀ, ਪਸੀਨਾ ਆ ਰਿਹਾ ਸੀ, ਦਿਲ ਤੇਜ਼ ਧੜਕ ਰਿਹਾ ਸੀ। ਮੈਂ ਆਪਣੀ ਨਬਜ਼ ਨਹੀਂ ਸੁਣ ਸਕਦਾ ਸੀ ਜਿਵੇਂ ਕਿ ਮੈਂ ਮਰ ਗਿਆ ਹੋਵਾਂ। ਮੈਨੂੰ ਨਹੀਂ ਸੀ ਪਤਾ ਮੇਰੇ ਨਾਲ ਕੀ ਹੋ ਰਿਹਾ ਸੀ।"

ਉਨ੍ਹਾਂ ਦੱਸਿਆ, ਫ਼ਿਰ ਉਨ੍ਹਾਂ ਨੇ ਪ੍ਰਮਾਤਮਾ ਤੋਂ ਮਦਦ ਲਈ ਬੇਨਤੀ ਕੀਤੀ। ਪਰ ਕੁਝ ਨਾ ਹੋਇਆ।

ਉਹ ਕਹਿੰਦੇ ਹਨ ਕਿ ਸਿਰਫ਼ ਇੱਕ ਚੀਜ਼ ਜਿਹੜੀ ਖਮੋਸ਼ੀ ਨੂੰ ਤੋੜ ਰਹੀ ਸੀ, ਉਹ ਜੌਨੀ ਕੈਸ਼ ਦਾ ਬੇਤਰਤੀਬੀ ਨਾਲ ਰੇਡੀਓ 'ਤੇ ਪ੍ਰਸਾਰਿਤ ਹੋਣਾ ਸੀ। ਗੀਤ ਸੀ 'ਮੈਨ ਇੰਨ ਬਲੈਕ' (ਕਾਲੇ ਕੱਪੜਿਆਂ ਵਿੱਚ ਆਦਮੀ)।

"ਮੈਂ ਮਹਿਸੂਸ ਕੀਤਾ ਜਿਵੇਂ ਕਾਲੇ ਕੱਪੜਿਆਂ ਵਾਲਾਂ ਆਦਮੀ ਮੈਂ ਹੀ ਹੋਵਾਂ। ਪਰ ਜ਼ਿੰਦਗੀ ਵਿੱਚ ਇਸ ਮੋੜ 'ਤੇ ਮੈਂ ਕਤਲ ਦੀ ਕੋਸ਼ਿਸ਼ ਕਰਨ, ਅਗਵਾਹ ਕਰਨ ਅਤੇ ਹਥਿਆਰ ਰੱਖਣ ਦੇ ਜ਼ੁਰਮਾਂ ਅਧੀਨ ਗ੍ਰਿਫ਼ਤਾਰ ਹੋ ਗਿਆ। ਮੈਂ ਮਰ ਜਾਣਾ ਚਾਹੁੰਦਾ ਸੀ, ਮੈਂ ਇਹ ਸਭ ਬਹੁਤ ਕਰ ਲਿਆ ਸੀ।"

ਮਿਕ ਨੇ ਬੰਦੂਕ ਚੁੱਕੀ ਆਪਣੀ ਠੋਡੀ ਕੋਲ ਦਬਾਈ, ਇਹ ਹਾਲੇ ਵੀ ਪਲਾਸਟਿਕ ਵਿੱਚ ਲਪੇਟੀ ਹੋਈ ਸੀ ਅਤੇ ਬੰਦੂਕ ਦਾ ਘੋੜਾ ਦੱਬਿਆ।

ਇਹ ਨਾ ਚੱਲੀ।

"ਮੈਂ ਢਹਿ ਗਿਆ, ਹੰਝੂ ਰੁਕ ਨਹੀਂ ਸਨ ਰਹੇ ਅਤੇ ਮੈਂ ਫ਼ਿਰ ਤੋਂ ਬੀਮਾਰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਘਬਰਾਹਟ ਹੋ ਰਹੀ ਸੀ ਅਤੇ ਮੈਂ ਮੁੱਕਾ ਮਾਰਿਆ ਅਤੇ ਕਾਰ ਦਾ ਰੇਡੀਓ ਤੋੜ ਦਿੱਤਾ, ਮੇਰੇ ਹੱਥ ਵਿੱਚੋਂ ਖ਼ੂਨ ਨਿਕਲਣਾ ਸ਼ੁਰੂ ਹੋ ਗਿਆ।"

"ਉਨ੍ਹਾਂ ਪਲਾਂ ਵਿੱਚ ਮੈਂ ਦੇਖ ਰਿਹਾ ਸੀ ਅਸਲ ਵਿੱਚ ਮੈਂ ਕੀ ਸੀ। ਮੈਂ ਕਰੀਬ 30 ਸਾਲਾਂ ਤੋਂ ਰੋਇਆ ਨਹੀਂ ਸੀ। ਪਿਛਲੀ ਵਾਰ ਮੈਂ ਇਸ ਤਰ੍ਹਾਂ ਰੋਇਆ ਸੀ, ਜਦੋਂ ਮੈਂ ਗਿਆਰ੍ਹਾਂ ਸਾਲਾਂ ਦਾ ਸੀ। ਕਾਰ ਵਿੱਚ ਬੈਠਿਆਂ ਮੈਂ ਇਸ ਤਰ੍ਹਾਂ ਰੋ ਰਿਹਾ ਸੀ ਜਿਵੇਂ ਉਸ ਲਈ ਰੋ ਰਿਹਾ ਹੋਵਾਂ, ਉਹ ਬੱਚਾ, ਉਹ ਮੁੰਡਾ ਜੋ ਮੈਂ ਸੀ ਅਤੇ ਅਜਿਹੀ ਜ਼ਿੰਦਗੀ ਲਈ ਜਿਸ ਤਰ੍ਹਾਂ ਦੀ ਮੇਰੀ ਹੋ ਸਕਦੀ ਸੀ।"

ਮਿਕ ਪੂਰੀ ਤਰ੍ਹਾਂ ਟੁੱਟਣ ਦੀ ਤਕਲੀਫ਼ ਜਰ ਰਿਹਾ ਸੀ, ਉਨ੍ਹਾਂ ਦਾ ਹਿੰਸਕ ਅਤੀਤ ਉਨ੍ਹਾਂ ਨੂੰ ਫੜ੍ਹ ਰਿਹਾ ਸੀ, ਇਹ ਦਹਾਕਿਆਂ ਦੇ ਦਰਦ ਦਾ ਅੰਤ ਸੀ।

ਪਾਦਰੀ ਮਿਕ
ਤਸਵੀਰ ਕੈਪਸ਼ਨ, ਮਿਕ ਦਾ ਜਨਮ ਬਰਨਲੇ ਦੇ ਇੱਕ ਕਰਮਚਾਰੀ ਜਮਾਤ ਦੇ ਪਰਿਵਾਰ ਵਿੱਚ ਸਾਲ 1966 ਵਿੱਚ ਹੋਇਆ

ਤਕਲੀਫ਼ਦੇਹ ਬਚਪਨ

ਮਿਕ ਦਾ ਜਨਮ ਬਰਨਲੇ ਦੇ ਇੱਕ ਕਰਮਚਾਰੀ ਜਮਾਤ ਦੇ ਪਰਿਵਾਰ ਵਿੱਚ ਸਾਲ 1966 ਵਿੱਚ ਹੋਇਆ ਜਿਸ ਸਾਲ ਯੂਕੇ ਨੇ ਵਿਸ਼ਵ ਕੱਪ ਜਿੱਤਿਆ ਸੀ।

ਉਨ੍ਹਾਂ ਦੇ ਪਿਤਾ ਇੱਕ ਬਾਰ੍ਹੀਆਂ ਸਾਫ਼ ਕਰਨ ਵਾਲੇ ਸਨ। ਉਨ੍ਹਾਂ ਕੋਲ ਸ਼ਹਿਰ ਵਿੱਚ ਫ਼ੈਕਟਰੀਆਂ ਦੀ ਸਫ਼ਾਈ ਕਰਨ ਦਾ ਠੇਕਾ ਸੀ। ਮਿਕ ਆਪਣੇ ਪਿਤਾ ਨੂੰ "ਇੱਕ ਮੁਕੰਮਲ ਮਜ਼ਦੂਰ ਹਮਾਇਤੀ ਆਦਮੀ" ਵਜੋਂ ਦੱਸਦੇ ਹਨ।

"ਇਹ ਗ਼ਰੀਬੀ ਨਹੀਂ ਸੀ ਪਰ ਐਸ਼ੋ ਅਰਾਮ ਵੀ ਨਹੀਂ ਸੀ। ਇਹ ਇੱਕ ਸਖ਼ਤ ਪਾਲਣ ਪੋਸ਼ਣ ਸੀ। ਸਾਨੂੰ ਚਰਚ ਜਾਣ ਲਈ ਮਜਬੂਰ ਕੀਤਾ ਜਾਂਦਾ ਸੀ, ਅਸੀਂ ਲਾਈਨ ਵਿੱਚੋਂ ਬਾਹਰ ਪੈਰ ਨਹੀਂ ਰੱਖ ਸਕਦੇ ਸੀ, ਇਹ ਪੁਰਾਣੇ ਸਕੂਲ ਵਾਲਾ ਅਨੁਸ਼ਾਸਨ ਸੀ।"

ਪਰ ਫ਼ਰਵਰੀ 1977 ਦੀ ਸ਼ੁਰੂਆਤ ਵਿੱਚ ਦੋ ਦਿਨਾਂ ਵਿੱਚ ਸਭ ਕੁਝ ਬਦਲ ਗਿਆ। ਮਹੀਨੇ ਦੇ ਪਹਿਲੇ ਦਿਨ ਮਿਕ ਜਦ ਸਕੂਲ ਜਾ ਰਹੇ ਸਨ, ਰਾਹ ਵਿੱਚ ਇੱਕ ਅਣਜਾਣ ਵਿਅਕਤੀ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਹ ਮਹਿਜ਼ 11 ਸਾਲਾਂ ਦੇ ਸਨ।

ਉਹ ਦੱਸਦੇ ਹਨ, "ਮੈਂ ਸਦਮੇ ਵਿੱਚ ਸੀ, ਮੇਰਾ ਜਿਣਸੀ ਸ਼ੋਸ਼ਣ ਕੀਤਾ ਗਿਆ ਅਤੇ ਮੈਂ ਇਸ ਦਾ ਸਾਹਮਣਾ ਨਾ ਕਰ ਸਕਿਆ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮਿਕ ਨੇ ਮਹਿਸੂਸ ਕੀਤਾ ਉਨ੍ਹਾਂ ਨੂੰ ਮਦਦ ਦੀ ਲੋੜ ਹੈ, ਪਰ ਪਹਿਲਾਂ ਉਨ੍ਹਾਂ ਨੂੰ ਆਪਣੇ ਮਾਂ ਬਾਪ ਨੂੰ ਦੱਸਣਾ ਪਵੇਗਾ।

ਉਹ ਆਪਣੇ ਕਮਰੇ ਵਿੱਚੋਂ ਨਿਕਲੇ ਜਿਥੇ ਉਹ ਰੋ ਰਹੇ ਸਨ, ਅਤੇ ਪੌੜੀਆਂ ਉੱਤਰ ਕੇ ਹੇਠਾਂ ਆਪਣੀ ਮਾਂ ਨੂੰ ਦੇਖਿਆ ਸਿੱਧਾ ਮਾਂ ਦੀਆਂ ਅੱਖਾਂ ਵਿੱਚ। ਪਰ ਜੋ ਉਸ ਤੋਂ ਬਾਅਦ ਹੋਇਆ ਉਹ ਬੇਰਹਿਮੀ ਭਰਿਆ ਅਤੇ ਅਸਧਾਰਨ ਸੀ।

"ਇਸ ਤੋਂ ਪਹਿਲਾਂ ਕਿ ਮੈਂ ਆਪਣਾ ਮੂੰਹ ਖੋਲ੍ਹ ਸਕਦਾ, ਮੂਹਰਲਾ ਦਰਵਾਜ਼ਾ ਖੁੱਲ੍ਹਿਆ। ਇਹ ਮੇਰੇ ਪਿਤਾ ਸਨ। ਉਹ ਚੀਕੇ, 'ਤੇਰੀ ਭੈਣ ਮਰ ਗਈ ਹੈ।' ਇਹ ਬਹੁਤ ਬੇਰਹਿਮ ਸੀ।"

"ਮੈਨੂੰ ਯਾਦ ਹੈ ਚੁੱਪ ਦੇ ਪਲ ਮੇਰੀ ਮਾਂ ਦੀ ਕੁਰਲਾਹਟ ਨਾਲ ਵਿਨ੍ਹੇ ਗਏ, ਉਸਦੇ ਜਾਨਵਰਾਂ ਵਾਂਗ ਵਿਲਕਣ ਨਾਲ।"

ਮਿਕ ਆਪਣੀ 20 ਸਾਲਾ ਭੈਣ ਐਨ ਦੇ ਬਹੁਤ ਨਜ਼ਦੀਕ ਸਨ। ਮਿਕ ਕਹਿੰਦੇ ਹਨ ਉਹ ਉਨ੍ਹਾਂ ਦਾ ਧਿਆਨ ਰੱਖਦੀ ਸੀ, ਉਨ੍ਹਾਂ ਨੂੰ ਪੈਸੇ ਦਿੰਦੀ ਸੀ ਅਤੇ ਉਨ੍ਹਾਂ ਲਈ ਕੱਪੜੇ ਖ਼ਰੀਦਦੀ ਸੀ।

ਐਨ ਬਾਰੇ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਆਪਣੇ ਪਿਤਾ ਦੀਆਂ ਬਾਹਾਂ ਵਿੱਚ ਬਰਨਲੇ ਹਸਪਤਾਲ ਦੇ ਦਰਵਾਜਿਆਂ 'ਤੇ ਹੀ ਦਮ ਤੋੜ ਗਈ ਸੀ।

ਉਹ ਦੱਸਦੇ ਹਨ, "ਮੇਰੇ ਪਿਤਾ ਇੱਕ ਸਖ਼ਤ ਵਿਅਕਤੀ ਸਨ, ਪਰ ਇਹ ਜ਼ਰੂਰ ਹੀ ਉਨ੍ਹਾਂ ਲਈ ਦਿਲ ਦਹਿਲਾਉਣ ਵਾਲਾ ਰਿਹਾ ਹੋਵੇਗਾ। ਉਨ੍ਹਾਂ ਨੇ ਡਾਕਟਰਾਂ ਅਤੇ ਨਰਸਾਂ ਨੂੰ ਮੇਰੀ ਭੈਣ ਨੂੰ ਬਚਾਉਣ ਲਈ ਸਖ਼ਤ ਕੋਸ਼ਿਸ਼ ਕਰਦਿਆਂ ਦੇਖਿਆ।"

ਮਿਕ ਨੇ ਮੈਨੂੰ ਦੱਸਿਆ ਇਹ ਪਲ ਸੀ ਜਦੋਂ ਉਨ੍ਹਾਂ ਦਾ ਬਚਪਨ ਖ਼ਤਮ ਹੋ ਗਿਆ। 48 ਘੰਟਿਆਂ ਵਿੱਚ ਜ਼ਿੰਦਗੀ ਬਦਲ ਗਈ।

ਪਾਦਰੀ ਮਿਕ

ਤਸਵੀਰ ਸਰੋਤ, MICK FLEMING

ਤਸਵੀਰ ਕੈਪਸ਼ਨ, ਮਹੀਨੇ ਦੇ ਪਹਿਲੇ ਦਿਨ ਮਿਕ ਜਦ ਸਕੂਲ ਜਾ ਰਹੇ ਸਨ, ਰਾਹ ਵਿੱਚ ਇੱਕ ਅਣਜਾਣ ਵਿਅਕਤੀ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ

ਜੁਰਮ ਦੀ ਦੁਨੀਆਂ ਨਾਲ ਸੰਬੰਧ

"ਮੇਰਾ ਹੱਲ ਡਰੱਗ ਸਨ ਅਤੇ ਇਹ ਮੇਰੀ ਪਹਿਚਾਣ ਸੀ। ਅਗਲੇ 30 ਵਰ੍ਹੇ ਨਰਕ ਸਨ। ਮੁਕੰਮਲ ਨਰਕ। ਮੈਂ ਕੋਈ ਵੀ ਡਰੱਗ ਇਸਤੇਮਾਲ ਕਰਦਾ ਅਤੇ ਹਮੇਸ਼ਾਂ ਸ਼ਰਾਬ ਪੀਂਦਾ।"

ਪਰ ਇਸ ਨਿਰਭਰਤਾ ਨਾਲ ਜੁਰਮ ਵੀ ਆ ਗਿਆ। ਉਹ ਸਿਰਫ਼ 14 ਸਾਲਾਂ ਦੇ ਸਨ ਜਦੋਂ ਡਰੱਗ ਦਾ ਲੈਣ ਦੇਣ ਕਰਨ ਲੱਗੇ। ਬਰਨਲੇ ਦੇ ਲੋਕ ਭਾਵੇਂ ਸਿਰਫ਼ ਇਹ ਸੋਚਦੇ ਸਨ ਕਿ ਉਹ ਸ਼ਹਿਰ ਤੋਂ ਬਾਹਰ ਆਪਣਾ ਕਾਰੋਬਾਰ ਕਰ ਰਹੇ ਹਨ। ਸਚਾਈ ਕੁਝ ਹੋਰ ਸੀ।

"ਮੈਂ ਇੱਕ ਡਰੱਗ ਸਪਲਾਈ ਕਰਨ ਵਾਲਾ ਅਤੇ ਕਰਜ਼ੇ ਇਕੱਠੇ ਕਰਨ ਵਾਲਾ ਸੀ। ਮੈਂ ਆਪਣੇ ਕੰਮ ਵਿੱਚ ਚੰਗਾ ਸੀ। ਮੈਂ ਲੋਕਾਂ ਨੂੰ ਤਕਲੀਫ਼ ਦਿੰਦਾ ਸੀ। ਮੈਂ ਪਰਵਾਹ ਨਹੀਂ ਕਰਦਾ ਸੀ। ਮੈਨੂੰ ਕਤਲ ਕਰਨ ਲਈ ਦੋ ਵਾਰ ਗ੍ਰਿਫ਼ਤਾਰ ਕੀਤਾ ਗਿਆ, ਤਿੰਨ ਵਾਰ ਹਥਿਆਰਾਂ ਦੀ ਲੁੱਟ ਲਈ ਅਤੇ ਅਣਗਿਣਤ ਵਾਰ ਹਥਿਆਰਾਂ ਨਾਲ ਸੰਬੰਧਿਤ ਜੁਰਮਾਂ ਲਈ।"

"ਮੈਂ ਬੇਅੰਤ ਪੈਸਾ ਬਣਾ ਰਿਹਾ ਸੀ, ਪਰ ਇਸ ਬਾਰੇ ਕੁਝ ਵੀ ਆਕਰਸ਼ਕ ਨਹੀਂ ਸੀ। ਮੈਂ ਗੁਆਚਿਆ ਹੋਇਆ ਸੀ, ਆਪਣਾ ਦਰਦ ਦਬਾਉਣ ਦੀ ਕੋਸ਼ਿਸ਼ ਕਰਦਾ, ਇਸ ਨੂੰ ਲੁਕਾਉਂਦਾ। ਇਨਾਂ ਵਿਚੋਂ ਕੁਝ ਵੀ ਕੰਮ ਨਾ ਕੀਤਾ।"

ਨੱਬੇਵਿਆਂ ਵਿੱਚ ਮਿਕ ਦੀ ਜ਼ਿੰਦਗੀ ਵਿੱਚ ਦੋ ਗੰਭੀਰ ਵਾਕਿਆ ਹੋਏ, ਇੱਕ ਟਰੈਫ਼ਿਕ ਲਾਈਟਾਂ 'ਤੇ ਡਰਾਈਵ-ਵੇਅ 'ਤੇ ਅਤੇ ਦੂਸਰਾ ਇੱਕ ਘਰ 'ਤੇ ਹਮਲੇ ਸਮੇਂ, ਜੋ ਕਿ ਗ਼ਲਤ ਹੋਇਆ।

"ਜੁਰਮ ਮੇਰੀ ਦੁਨੀਆਂ ਸੀ। ਮੈਂ ਨਹੀਂ ਸੀ ਜਾਣਦਾ ਫ਼ੈਕਟਰੀ ਵਿੱਚ ਕੰਮ ਕਿਵੇਂ ਕਰਨਾ ਹੈ, ਮੈਂ ਸਹਿਜ ਨਹੀਂ ਹੋ ਸਕਦਾ ਸੀ। ਮੈਂ ਲੋਕਾਂ ਨੂੰ ਸੈਂਡਵਿੱਚ ਦੇ ਡੱਬਿਆਂ ਨਾਲ ਕੰਮ ਦੇ ਜਾਂਦਿਆਂ ਦੇਖਦਾ ਅਤੇ ਮੈਂ ਅਜਿਹਾ ਨਹੀਂ ਚਾਹੁੰਦਾ ਸਾਂ। ਮੈਂ ਦੂਸਰਿਆਂ ਤੋਂ ਵੱਖਰਾ ਖੜਾ ਹੋਣਾ ਚਾਹੁੰਦਾ ਸੀ।"

"ਡਰੱਗ ਮੇਰੇ ਆਲੇ ਦੁਆਲੇ ਲਗਾਤਾਰ ਸਨ, ਮੇਰਾ ਸਭ ਤੋਂ ਨਜ਼ਦੀਕੀ ਮਿੱਤਰ 16 ਸਾਲ ਦੀ ਉਮਰ ਵਿੱਚ ਪੀਣ ਕਰਕੇ ਮਰ ਗਿਆ। ਉਸ ਨੇ ਆਪਣੀ ਉੱਲਟੀ 'ਤੇ ਦਮ ਤੋੜ ਦਿੱਤਾ। ਮੇਰੇ ਇੱਕ ਹੋਰ ਦੋਸਤ ਨੇ 17 ਸਾਲ ਦੀ ਉਮਰ ਵਿੱਚ ਮੈਥਾਡੋਨ ਉਵਰਡੋਜ਼ ਦਾ ਸਾਹਮਣਾ ਕੀਤਾ।"

"ਪਰ ਮੈਂ ਮੌਤ ਲਈ ਸਖ਼ਤ ਬਣ ਗਿਆ। ਮੈਂ ਹਮੇਸ਼ਾਂ ਪ੍ਰਮਾਤਮਾ ਵਿੱਚ ਭਰੋਸਾ ਕਰਦਾ, ਪਰ ਮੈਂ ਇਹ ਵੀ ਮੰਨਦਾ ਸੀ ਕਿ ਪ੍ਰਮਾਤਮਾ ਨੇ ਮੇਰੇ ਬਾਰੇ ਬਹੁਤਾ ਨਹੀਂ ਸੋਚਿਆ।"

ਮਿਕ ਇੱਕ ਦੁਹਰੀ ਜ਼ਿੰਦਗੀ ਜੀ ਰਹੇ ਸਨ, ਉਨ੍ਹਾਂ ਦੀ ਇੱਕ ਪਤਨੀ ਅਤੇ ਤਿੰਨ ਬੱਚੇ ਸਨ। ਪਰ ਝੂਠ ਦੇ ਸਾਲਾਂ ਨੇ ਉਨ੍ਹਾਂ ਦਾ ਪੱਲ੍ਹਾ ਫੜ੍ਹ ਲਿਆ ਸੀ। ਸਮਾਜਿਕ ਸੇਵਾਵਾਂ ਦੇ ਦਖ਼ਲ ਤੋਂ ਬਚਾ ਕਰਨ ਲਈ ਮਿਕ ਦੀ ਮਾਂ ਨੂੰ ਬੱਚਿਆਂ ਦੀ ਦੇਖਭਾਲ ਦੀ ਜ਼ਿਮੇਵਾਰੀ ਚੁਕਣੀ ਪਈ।

ਉਹ ਕਹਿੰਦੇ ਹਨ ਉਨ੍ਹਾਂ ਦੇ ਭਿਆਨਕ ਦੌਰ ਵਿੱਚ ਪੁਲਿਸ ਡਰੱਗ ਜਾਂ ਬੰਦੂਕਾਂ ਦੀ ਤਲਾਸ਼ ਵਿੱਚ ਉਨ੍ਹਾਂ ਦੇ ਘਰ ਛਾਪੇ ਮਾਰਦੀ ਰਹਿੰਦੀ ਸੀ।

ਉਹ ਦੱਸਦੇ ਹਨ, "ਇਸ ਸਭ ਨੇ ਮੇਰੀ ਮਾਨਸਿਕ ਸਿਹਤ ਨੂੰ ਵੀ ਨਸ਼ਟ ਕਰ ਦਿੱਤਾ। ਮੈਂ ਹੋਰ ਨਸ਼ੇ ਲੈਣੇ ਸ਼ੁਰੂ ਕਰ ਦਿੱਤੇ। ਮੈਂ ਹੁਣ ਇੱਕ ਬਹੁਤ ਹੀ ਖ਼ਤਰਨਾਕ ਆਦਮੀ ਸੀ, ਕਰਜ਼ਿਆਂ ਦੀ ਉਗਰਾਹੀ ਕਰਦਾ ਅਤੇ ਲੋਕਾਂ ਨੂੰ ਤਕਲੀਫ਼ ਦਿੰਦਾ। ਮੈਂ ਕਦੇ ਆਮ ਵਾਂਗ ਜਿਊਣ ਦਾ ਨਹੀਂ ਸੀ ਸੋਚਿਆ, ਮੈਂ ਹਮੇਸ਼ਾਂ ਮੰਨਦਾ ਕਿ ਮੈਂ ਜਵਾਨੀ ਵਿੱਚ ਹੀ ਮਰਾਂਗਾ। ਮੈਂ ਜਿਊਣਾ ਨਹੀਂ ਸੀ ਚਾਹੁੰਦਾ, ਮੈਂ ਨਹੀਂ ਸੀ ਜਾਣਦਾ ਕਿਵੇਂ ਬਦਲਾਂ।"

ਪਾਦਰੀ ਮਿਕ

ਤਸਵੀਰ ਸਰੋਤ, MICK FLEMING

ਤਸਵੀਰ ਕੈਪਸ਼ਨ, ਮਿਕ ਕਹਿੰਦੇ ਹਨ ਉਨ੍ਹਾਂ ਨੂੰ ਮਾਨਸਿਕ ਰੋਗੀ ਵਿਭਾਗ ਵਿੱਚ ਘਰ ਵਰਗਾ ਮਹਿਸੂਸ ਹੋਇਆ

ਨਵੀਂ ਉਮੀਦ ਦੀ ਸ਼ੁਰੂਆਤ

ਇਹ ਸਾਲ 2009 ਸੀ ਜਦੋਂ ਮਿਕ ਨੇ ਆਪਣੇ ਆਪ ਨੂੰ ਜਿਮ ਦੇ ਬਾਹਰ ਪਲਾਸਟਿਕ ਵਿੱਚ ਲਪੇਟੀ ਇੱਕ ਗੰਨ ਨਾਲ ਪਾਇਆ।

ਕਾਰ ਵਿੱਚ ਕੀ ਹੋਇਆ, ਪ੍ਰਮਾਤਮਾ ਨੂੰ ਮਦਦ ਲਈ ਗੁਹਾਰ, ਆਪਣੀ ਜ਼ਿੰਦਗੀ ਲੈਣ ਦੀ ਕੋਸ਼ਿਸ਼, ਇਸ ਸਭ ਨੇ ਅਧਿਕਾਰੀਆਂ ਦੀ ਦਖ਼ਲਅੰਦਾਜ਼ੀ ਸ਼ੁਰੂ ਕਰ ਦਿੱਤੀ।

"24 ਘੰਟਿਆਂ ਅੰਦਰ ਮੈਨੂੰ ਮੈਂਟਲ ਹੈਲਥ ਐਕਟ ਅਧੀਨ ਲਿਆਂਦਾ ਗਿਆ। ਮੇਰਾ ਨਵਾਂ ਘਰ ਬਰਨਲੇ ਦਾ ਮਾਨਸਿਕ ਰੋਗੀ ਵਿਭਾਗ ਸੀ। ਮੇਰੇ ਕੋਲ ਕੁਝ ਵੀ ਨਹੀਂ ਸੀ, ਬਸ ਉਹ ਕੱਪੜੇ ਸਨ ਜਿਨਾਂ ਵਿੱਚ ਮੈਂ ਆਇਆ ਸਾਂ।"

ਹੈਰਾਨੀ ਦੀ ਗੱਲ ਹੈ ਮਿਕ ਕਹਿੰਦੇ ਹਨ ਉਨ੍ਹਾਂ ਨੂੰ ਇਸ ਯੂਨਿਟ ਵਿੱਚ ਘਰ ਵਰਗਾ ਮਹਿਸੂਸ ਹੋਇਆ। ਮਰੀਜ਼ਾਂ ਨੇ ਉਨ੍ਹਾਂ ਨੂੰ ਪਿਆਰ ਅਤੇ ਉਨ੍ਹਾਂ ਲਈ ਧਿਆਨ ਮਹਿਸੂਸ ਕਰਵਾਇਆ। ਉਨ੍ਹਾਂ ਨੇ ਮਿਕ ਨੂੰ ਚੀਜ਼ਾਂ ਜਿਵੇਂ ਸਿਗਰਟਾਂ, ਕੱਪੜੇ, ਕਸਰਤ ਵਾਲੇ ਜੁੱਤੇ ਦਿੱਤੇ।

"ਉਥੇ ਮਾਨਸਿਕ ਰੋਗਾਂ ਤੋਂ ਪੀੜਤ ਲੋਕ ਸਨ ਜਿਨ੍ਹਾਂ ਦਾ ਇਲਾਜ ਨਹੀਂ ਸੀ ਹੋਇਆ, ਉਹ ਜਿਨ੍ਹਾਂ ਨੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਇਆ, ਸੱਚੀਂਓ ਬੀਮਾਰ ਲੋਕ, ਗੰਭੀਰ ਰੂਪ ਵਿੱਚ ਸ਼ਰਾਬ ਪ੍ਰਤੀ ਕਮਜ਼ੋਰ। ਪਰ ਉਹ ਲੋਕ ਮੈਨੂੰ ਲੋੜ ਦਾ ਸਾਮਾਨ ਦੇ ਰਹੇ ਸਨ, ਕਿਉਂਕਿ ਉਨ੍ਹਾਂ ਨੇ ਦੇਖਿਆ ਮੇਰੇ ਕੋਲ ਕੁਝ ਵੀ ਨਹੀਂ ਹੈ।"

ਇਸੇ ਜਗ੍ਹਾ ਮਿਕ ਪਾਦਰੀ ਟੋਨੀ ਨੂੰ ਮਿਲੇ, ਜੋ ਕਿ ਯੂਨਿਟ ਵਿੱਚ ਆਉਂਦੇ ਜਾਂਦੇ ਰਹਿੰਦੇ ਸਨ। ਉਨ੍ਹਾਂ ਨੇ ਇਕੱਠਿਆਂ ਅਰਦਾਸਾਂ ਕੀਤੀਆਂ ਅਤੇ ਗੱਲਾਂ ਵੀ ਕੀਤੀਆਂ।

ਮਿਕ ਦੱਸਦੇ ਹਨ ਉਨ੍ਹਾਂ ਨੇ ਫ਼ਿਰ ਤੋਂ ਭਾਵਾਂ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਦੂਸਰਿਆਂ ਦੀ ਮਦਦ ਕਰਨਾ ਸ਼ੁਰੂ ਕਰ ਦਿੱਤਾ। ਇਹ ਮੁਸ਼ਕਿਲਾਂ ਭਰੀ ਜ਼ਿੰਦਗੀ ਦਾ ਅੰਤ ਸੀ ਅਤੇ ਉਮੀਦ ਭਰੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ।

ਯੂਨੀਵਰਸਿਟੀ ਆਫ਼ ਮੈਨਚੈਸਟਰ ਦੇ ਇੱਕ ਸਿੱਖਿਅਕ ਨਾਲ ਅਚਾਨਕ ਹੋਈ ਮੁਲਾਕਾਤ ਨੇ ਉਨ੍ਹਾਂ ਨੂੰ ਧਰਮਸ਼ਾਸਤਰ ਵਿੱਚ ਡਿਗਰੀ ਲਈ ਪ੍ਰੇਰਿਆ।

ਪਹਿਲਾਂ ਇਹ ਔਖਾ ਸੀ, ਬਹੁਤੀ ਸਿੱਖਿਆ ਬਿਨ੍ਹਾਂ ਮਿਕ ਨੇ ਪੜ੍ਹਨ ਅਤੇ ਲਿਖਣ ਲਈ ਜਦੋਂ ਜਹਿਦ ਕੀਤੀ ਅਤੇ ਉਨ੍ਹਾਂ ਦੇ ਡਿਸਲੈਕਸੀਆਂ ਅਤੇ ਡਿਸਪ੍ਰੈਕਸੀਆ ਤੋਂ ਪ੍ਰਭਾਵਿਤ ਹੋਣ ਦਾ ਪਤਾ ਲੱਗਿਆ।

ਉਹ ਪਹਿਲੇ ਸਾਲ ਫ਼ੇਲ ਹੋ ਗਏ, ਪਰ ਸਖ਼ਤ ਮਿਹਨਤ ਅਤੇ ਯੂਨੀਵਰਸਿਟੀ ਤੋਂ ਮਦਦ ਨਾਲ ਅੰਤ ਨੂੰ ਉਨ੍ਹਾਂ ਨੇ 2:1 ਡਿਗਰੀ ਹਾਸਲ ਕਰ ਲਈ।

ਪਾਦਰੀ ਮਿਕ

ਲੋੜਵੰਦਾਂ ਦੀ ਮਦਦ ਦਾ ਸਿਲਸਿਲਾ

"ਮੈਂ ਦੁਬਾਰਾ ਕਦੀ ਵੀ ਸ਼ਰਾਬ ਨਹੀਂ ਪੀਤੀ ਜਾਂ ਕਿਸੇ ਡਰੱਗ ਨੂੰ ਛੂਹਿਆ ਨਹੀਂ। ਇਹ ਸੌਖਾ ਨਹੀਂ ਸੀ, ਇਹ ਭਿਆਨਕ ਸੀ। ਪਰ ਇਹ ਮੇਰਾ ਰੱਬ ਵੱਲ ਦਾ ਰਾਹ ਸੀ ਅਤੇ 2020 ਤੇ ਮਹਾਂਮਾਰੀ ਵੱਲ ਦਾ ਰਾਹ। ਮੈਂਨੂੰ ਅੰਦਾਜ਼ਾ ਨਹੀਂ ਸੀ ਕਿ ਮੇਰੀ ਕਿੰਨੀ ਲੋੜ ਹੋਵੇਗੀ ਅਤੇ ਇੱਕ ਵਾਰ ਫ਼ਿਰ ਤੋਂ ਮੈਂ ਦੁੱਖ਼ ਅਤੇ ਦਰਦ ਨਾਲ ਭਰ ਜਾਵਾਂਗਾ।"

ਅੱਜ ਤੁਸੀਂ ਜਿਸ ਵਿਅਕਤੀ ਨੂੰ ਮਿਲੋਗੇ ਉਸ ਨੂੰ ਬਰਨਲੇ ਵਿੱਚ ਸਟ੍ਰੀਟ ਮਿਨੀਸਟਰੀਜ਼ 'ਤੇ ਸਥਿਤ ਚੈਰਟੀ ਚਰਚ ਦੇ ਪਾਦਰੀ ਮਿਕ ਵਜੋਂ ਜਾਣਿਆ ਜਾਂਦਾ ਹੈ।

ਤੁਸੀਂ ਉਨ੍ਹਾਂ ਨੂੰ ਲੋੜਵੰਦਾਂ, ਬੇਘਰਿਆਂ ਅਤੇ ਡਰੱਗ ਦਾ ਇਸਤੇਮਾਲ ਕਰਨ ਵਾਲਿਆਂ, ਭੁੱਖਿਆਂ ਨਾਲ ਪਾਓਗੇ। ਕੋਰੋਨਾਵਾਇਰਸ ਮਾਹਾਂਮਾਰੀ ਦੌਰਾਨ ਉਨ੍ਹਾਂ ਨੂੰ ਕਦੇ ਵੀ ਹੋਰ ਦੀ ਲੋੜ ਨਹੀਂ ਸੀ।

ਮੈਂ ਨਵੰਬਰ ਦੇ ਆਖ਼ਰੀ ਦਿਨਾਂ ਦੀ ਇੱਕ ਸ਼ਾਮ ਸ਼ਹਿਰ ਦੇ ਕੇਂਦਰ ਵਿੱਚ ਇੱਕ ਤਕਰੀਬਨ ਖਾਲੀ ਕਾਰ ਪਾਰਕਿੰਗ ਵਿੱਚ ਮਿਲਿਆ। ਹਾਲੇ ਸਿਰਫ਼ ਛੇ ਵਜੇ ਸਨ ਪਰ ਬਹੁਤ ਸ਼ਾਂਤੀ ਸੀ, ਅਜਿਹੀ ਚੁੱਪ ਜਿਸਦੇ ਲੌਕਡਾਊਨ ਦੌਰਾਨ ਅਸੀਂ ਆਦੀ ਹੋ ਗਏ ਹਾਂ।

ਪਾਦਰੀ ਮਿਕ ਨੇ ਉਨ੍ਹਾਂ ਮੁਸ਼ਕਿਲਾਂ ਬਾਰੇ ਗੱਲ ਕਰਨਾ ਸ਼ੁਰੂ ਕੀਤੀ ਜਿਨਾਂ ਦਾ ਉਨ੍ਹਾਂ ਨੇ ਇਸ ਸਾਲ ਸਾਹਮਣਾ ਕੀਤਾ।

ਉਨ੍ਹਾਂ ਨੇ ਮੈਨੂੰ ਦੱਸਿਆ, "ਸਿਆਸਤਦਾਨ ਕਹਿੰਦੇ ਹਨ ਇਹ ਇੱਕ ਪੜਾਅ ਹੈ, ਇਹ ਕੋਰੋਨਾਵਾਇਰਸ। ਇਹ ਝੂਠ ਹੈ, ਕਿਉਂਕਿ ਜੇ ਤੁਸੀਂ ਗਰੀਬ ਹੋ, ਤੁਹਾਨੂੰ ਕੋਈ ਮੌਕਾ ਨਹੀਂ ਮਿਲਦਾ।"

ਇੱਕ ਦੂਹਰੇ ਕੈਰੀਏਜ਼ਵੇਅ (ਰਾਹ) ਤੋਂ ਪਾਰ, ਦੂਰ, ਉਨ੍ਹਾਂ ਨੇ ਆਉਣਾ ਸ਼ੁਰੂ ਕੀਤਾ। ਪਹਿਲਾਂ ਬੇਘਰੇ, ਕਈਆਂ ਨੇ ਕੂੜੇਦਾਨਾਂ ਦੇ ਬੈਗਾਂ ਵਿੱਚ ਭਰ ਕੇ ਆਪਣਾ ਸਾਮਾਨ ਨਾਲ ਚੁੱਕਿਆ ਹੋਇਆ ਸੀ।

ਫ਼ਿਰ ਡਰੱਗ ਇਸਤੇਮਾਲ ਕਰਨ ਵਾਲੇ, ਜਿਨ੍ਹਾਂ ਵਿੱਚ ਹੈਰੋਇਨ ਤੋਂ ਲੈ ਕੇ ਸ਼ਰਾਬ 'ਤੇ ਨਿਰਭਰ ਲੋਕ ਸਨ। ਇਥੇ ਕਰੀਬ 20 ਲੋਕ ਹਨ, ਵੀਹ ਜਾਂ ਇਸ ਤੋਂ ਵੱਧ ਉਮਰ ਦੇ।

ਫ਼ਿਰ ਹੋਰ ਲੋਕ ਆਏ, ਕੁਝ ਕਾਰਾਂ ਵਿੱਚ ਅਤੇ ਕੁਝ ਤੁਰ ਕੇ। ਹੁਣ ਇਥੇ ਹਰ ਉਮਰ ਦੇ ਘੱਟੋ ਘੱਟ 40 ਲੋਕ ਹਨ।

ਬਹੁਤ ਲੋਕ ਨਿਰਾਸ਼ ਸਨ, ਨਿੱਘ ਅਤੇ ਭੋਜਨ ਭਾਲਦੇ ਵਲੰਟੀਅਰਾਂ ਦੀਆਂ ਦੋ ਕਾਰਾਂ ਨੂੰ ਆਲੇ ਦੁਆਲਿਓਂ ਘੇਰਦੇ।

ਪਾਦਰੀ ਮਿਕ ਦੇ ਇੱਕ ਦੋਸਤ ਅਤੇ ਵਲੰਟੀਅਰ ਕਾਜ਼ ਨੇ ਚੀਕ ਕਿ ਕਿਹਾ, "ਧੱਕਾ ਮਾਰਣ ਦੀ ਲੋੜ ਨਹੀਂ ਹੈ, ਇਥੇ ਬਹੁਤ ਹੈ।"

ਦੋ ਕਾਰਾਂ ਦੀਆਂ ਡਿਕੀਆਂ ਖੋਲ੍ਹ ਦੀਆਂ ਹਨ ਅਤੇ ਗਰਮ ਭੋਜਨ ਦੀ ਮਹਿਕ ਤੁਹਾਨੂੰ ਸਭ ਤੋਂ ਪਹਿਲਾਂ ਆਉਂਦੀ ਹੈ। ਜੋ ਵੀ ਲਿਆ ਜਾ ਸਕਦਾ ਸੀ ਉਸ ਨੂੰ ਲੈਂਦੇ ਹੱਥਾਂ ਵੱਲ ਧਿਆਨ ਨਾ ਦੇਣਾ ਔਖਾ ਹੈ, ਇੱਕ ਹਲਕਾ ਧੱਕਾ ਅਤੇ ਫ਼ਿਰ ਧੱਕਾ।

ਕਈ ਬਹੁਤ ਹੀ ਲੋੜਵੰਦ ਸਨ, ਉਨ੍ਹਾਂ ਦੀਆਂ ਠਰੀਆਂ ਹੋਈਆਂ ਉਗਲਾਂ ਭੋਜਨ ਨੂੰ ਛੂਹਦਿਆਂ ਹੀ ਸੜ ਗਈਆਂ, ਪਰ ਇਸ ਨੇ ਉਨ੍ਹਾਂ ਨੂੰ ਰੋਕਿਆ ਨਹੀਂ ਅਤੇ ਇੱਕ ਵੀ ਟਰੇਅ ਸੁੱਟੀ ਨਹੀਂ ਗਈ।

ਗਰਮ ਭੋਜਨ ਖ਼ਤਮ ਹੋਣ ਵਿੱਚ ਦੇਰ ਨਾ ਲੱਗੀ। ਹਾਲਾਂਕਿ ਇਥੇ ਹੋਰ ਵੀ ਸੀ, ਲੋਕਾਂ ਦੇ ਘਰ ਲੈ ਜਾਣ ਲਈ ਪਹਿਲਾਂ ਤੋਂ ਹੀ ਪੈਕ ਕੀਤਾ ਹੋਇਆ ਭੋਜਨ।

ਅਤੇ ਕਤਾਰ ਦੇ ਪਿੱਛੇ ਇੱਕ ਬਹੁਤ ਹੀ ਨਰਮ ਸ਼ਿਕਾਇਤ ਸੀ। "ਮੇਰੇ ਪੈਕ ਵਿੱਚ ਚੌਕਲੇਟ ਨਹੀਂ ਸਨ।"

ਮਿਕ ਨੇ ਕਿਹਾ, "ਮੇਰਾ ਖ਼ਿਆਲ ਹੈ ਭਰਾ ਸਾਰਿਆਂ ਵਿੱਚ ਹੀ ਚੌਕਲੇਟ ਹਨ।"

"ਅੱਛਾ ਮੇਰੇ ਵਿੱਚ ਨਹੀਂ ਹਨ।"

ਮੁਸਕਰਾਉਂਦਿਆਂ ਪਾਦਰੀ ਮਿਕ ਨੇ ਪਿੱਛੇ ਹੁੰਦਿਆਂ ਕਿਹਾ, "ਮੈਂ ਆਸਦਾ (Asda ਯੂਕੇ ਦੀ ਇੱਕ ਸੁਪਰਮਾਰਕਿਟ ਦਾ ਨਾਮ) ਨਹੀਂ ਹਾਂ।"

ਇਥੇ ਬਹੁਤੇ ਲੋਕ ਸਤਿਕਾਰਿਤ ਅਤੇ ਸ਼ੁਕਰਗ਼ੁਜ਼ਾਰ ਹਨ, ਪਰ ਇੱਕ ਭਾਈਚਾਰੇ ਦੀ ਭਾਵਨਾ ਵੀ ਹੈ। ਇਹ ਯਕੀਨ ਕਰਨਾ ਔਖਾ ਹੈ ਕਿ ਅੱਜ ਯੂਕੇ ਵਿੱਚ ਇਹ ਸਭ ਵਾਪਰ ਰਿਹਾ ਹੈ।

ਬਰਨਲੇ ਯੂਕੇ ਵਿੱਚ ਸਹੁਲਤਾਂ ਤੋਂ ਮਹਿਰੂਮ ਸਥਾਨਿਕ ਅਧਿਕਾਰਿਤ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਸਥਾਨਕ ਕੌਂਸਲ ਦੀ ਖ਼ਰਚ ਕਰਨ ਦੀ ਸਮਰੱਥਾ ਵੀ ਸਾਲ 2010-11 ਅਤੇ 2018-19 ਦਰਮਿਆਨ ਯੂਕੇ ਦੀ ਔਸਤਨ ਦਰ ਦੇ ਮੁਕਾਬਲੇ ਵੱਡੇ ਪੱਧਰ 'ਤੇ ਘਟਾ ਦਿੱਤੀ ਗਈ।

ਇਥੇ ਇੱਕ ਜਵਾਨ ਜੋੜਾ ਵੀ ਹੈ ਜੋ ਜੂਝ ਰਿਹਾ ਹੈ, ਲੜਕੀ ਵੀਲ੍ਹਚੇਅਰ 'ਤੇ ਹੈ ਅਤੇ ਲੜਕਾ ਉਸ ਦੀ ਦੇਖਭਾਲ ਕਰ ਰਿਹਾ ਹੈ।

ਜੋੜੇ ਨੇ ਕਿਹਾ ਉਨ੍ਹਾਂ ਨੂੰ ਭੋਜਨ ਅਤੇ ਪੈਸੇ ਲੈਣ ਵਿੱਚ ਮੁਸ਼ਕਿਲ ਹੁੰਦੀ ਹੈ। ਉਨ੍ਹਾਂ ਨੇ ਮੈਨੂੰ ਦੱਸਿਆ, "ਕੁਝ ਦਿਨਾਂ ਦਾ ਭੋਜਨ ਸਾਡੇ ਲਈ ਬਹੁਤ ਫ਼ਰਕ ਪਾਉਂਦਾ ਹੈ।"

ਇੱਕ ਹੋਰ ਕਾਰ ਦੀ ਡਿੱਕੀ ਖੁੱਲ੍ਹੀ, ਇਸ ਵਾਰ ਇਹ ਕੱਪੜਿਆਂ ਦੀ ਭਰੀ ਹੋਈ ਸੀ। ਇਹ ਹੋਰ ਵੀ ਉਤੇਜਨਾ ਭਰਿਆ ਦ੍ਰਿਸ਼ ਸੀ ਕਿਉਂਜੋ ਲੋਕਾਂ ਨੇ ਉਸ ਵਿੱਚੋਂ ਭਾਲ ਕਰਨਾ ਸ਼ੁਰੂ ਕਰ ਦਿੱਤਾ।

ਆਪਣੇ ਤੀਹਵੇਂ ਸਾਲਾਂ ਵਿੱਚ ਇੱਕ ਔਰਤ ਨੇ ਮੈਨੂੰ ਦੱਸਿਆ ਉਹ ਡਿਪਰੈਸ਼ਨ ਤੋਂ ਪੀੜਤ ਹੈ ਅਤੇ ਮਹਾਂਮਾਰੀ ਨੇ ਇਸ ਨੂੰ ਹੋਰ ਵੀ ਖ਼ਰਾਬ ਕਰ ਦਿੱਤਾ ਹੈ। "ਜੇ ਇਹ ਸਭ ਨਾ ਹੁੰਦਾ, ਮੈਂ ਅਸਲ ਵਿੱਚ ਮਰ ਚੁੱਕੀ ਹੁੰਦੀ।"

ਅੱਖਾਂ ਵਿੱਚ ਹੰਝੂ ਭਰੀ ਇੱਕ ਵਿਅਕਤੀ ਪਾਦਰੀ ਮਿਕ ਕੋਲ ਆਇਆ। ਉਸ ਨੇ ਕਿਹਾ, " ਮੇਰਾ ਪੈਰ ਸਫ਼ੇਦ ਹੋ ਗਿਆ ਹੈ, ਪਾਦਰੀ ਮਿਕ, ਮੈਂ ਬਹੁਤ ਜ਼ਿਆਦਾ ਤਕਲੀਫ਼ ਵਿੱਚ ਹਾਂ।"

ਪਾਦਰੀ ਮਿਕ
ਤਸਵੀਰ ਕੈਪਸ਼ਨ, ਇਥੇ ਇੱਕ ਜਵਾਨ ਜੋੜਾ ਵੀ ਹੈ ਜੋ ਜੂਝ ਰਿਹਾ ਹੈ, ਲੜਕੀ ਵੀਲ੍ਹਚੇਅਰ 'ਤੇ ਹੈ ਅਤੇ ਲੜਕਾ ਉਸ ਦੀ ਦੇਖਭਾਲ ਕਰ ਰਿਹਾ ਹੈ

"ਭਰਾ ਚਿੰਤਾ ਨਾ ਕਰੋ, ਅਸੀਂ ਤੁਹਾਡਾ ਹੱਲ ਕਰਾਂਗੇ।"

ਮਿਕ ਨੇ 20ਵਿਆਂ ਦੀ ਉਮਰ ਦੇ ਉਸ ਵਿਅਕਤੀ ਨੂੰ ਦੋ ਵਲੰਟੀਅਰ ਨਰਸਾਂ ਬਾਰੇ ਦੱਸਿਆ, ਜਿਨ੍ਹਾਂ ਨੂੰ ਨਿੱਜਤਾ ਬਣਾਈ ਰੱਖਣ ਲਈ ਸਮੂਹ ਤੋਂ ਦੂਰ ਬਿਠਾਇਆ ਗਿਆ ਸੀ।

25 ਮਿੰਟਾਂ ਬਾਅਦ, ਸ਼ੁਰੂਆਤੀ ਭੀੜ ਸ਼ਾਂਤ ਹੋ ਗਈ। ਮਿਕ ਨੇ ਕਿਹਾ, "ਲੋੜ ਅਸਲ ਵਿੱਚ ਬਹੁਤ ਭਾਰੀ ਹੈ।"

"ਤੁਸੀਂ ਉਹ ਲੋਕ ਦੇਖੇ ਜੋ ਕੰਮ ਕਰਦੇ ਹਨ ਜਿਹੜੇ ਅੱਜ ਰਾਤ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ। ਸਾਨੂੰ ਵਲੰਟੀਅਰ ਐਨਐਚਐਸ ਨਰਸਾਂ ਮਿਲੀਆਂ ਹਨ, ਉਨ੍ਹਾਂ ਲਈ ਜਿਹੜੇ ਮੁੱਢਲੀਆਂ ਸਿਹਤ ਸੁਵਿਧਾਵਾਂ ਤੱਕ ਪਹੁੰਚ ਨਹੀਂ ਕਰ ਸਕਦੇ, ਇਨ੍ਹਾਂ ਵਿਚੋਂ ਕੁਝ ਲੋਕ ਜ਼ਮੀਨ 'ਤੇ ਸੌਂ ਰਹੇ ਹਨ।"

ਇਹ ਗੱਲ ਕਾਰ ਪਾਰਕ ਸੈਸ਼ਨ ਤੋਂ ਇੱਕ ਦਿਨ ਬਾਅਦ ਸੀ ਅਤੇ ਪਾਦਰੀ ਮਿਕ ਆਪਣੀ ਚਿੱਟੀ ਵੈਨ ਵਿੱਚ ਪਹਾੜੀ ਸ਼ਹਿਰ ਦੇ ਖੂਬਸੂਰਤ ਦ੍ਰਿਸ਼ਾਂ ਭਰੇ ਇਲਾਕੇ ਵਿੱਚੋਂ ਗ਼ੁਜਰਦੇ ਹੋਏ, ਬਰਨਲੇ ਦੇ ਕੰਢਿਆਂ ਰੇਤੀਲੇ ਪੱਥਰਾਂ ਦੀਆਂ ਛੱਤਾਂ ਤੋਂ ਲੈ ਕੇ ਫ਼ੈਕਟਰੀਆਂ ਵਿੱਚ ਬਣੇ ਸਾਮਾਨ ਦੇ ਬਣੇ ਬੰਗਲਿਆਂ ਤੱਕ ਗਏ।

ਵੈਨ ਪੂਰੀ ਤਰ੍ਹਾਂ ਭੋਜਨ, ਬਰੈੱਡ, ਬਿਸਕੁਟਾਂ, ਦੁੱਧ ਅਤੇ ਚਾਕਲੇਟਾਂ ਨਾਲ ਭਰੀ ਹੋਈ ਸੀ।

ਪਾਦਰੀ ਮਿਕ

ਉਨ੍ਹਾਂ ਦਾ ਫ਼ੋਨ ਕਦੀ ਨਹੀਂ ਸੀ ਰੁੱਕਦਾ। ਇੱਕ 10 ਸਾਲਾ ਮੁੰਡਾ ਆਪਣੀ ਮਾਂ ਦੀ ਥਾਂ ਤੇ ਇੱਕ ਫ਼ਰੀਜ਼ਰ ਲਈ ਪੁੱਛ ਰਿਹਾ ਸੀ। ਮਿਕ ਇਹ ਕਰ ਰਹੇ ਸਨ। ਇੱਕ ਇਕੱਲੇ ਮਾਪੇ ਨੂੰ ਆਪਣੇ ਬੱਚੇ ਲਈ ਬੈੱਡ ਦੀ ਲੋੜ ਸੀ। ਮਿਕ ਇਸ ਦਾ ਹੱਲ ਕਰ ਦੇਣਗੇ। ਉਹ ਕਰੀਬ 10 ਘਰਾਂ ਵਿੱਚ ਗਏ, ਅਤੇ ਉਹ ਹਫ਼ਤੇ ਦੇ ਸੱਤੋਂ ਦਿਨ, ਹਰ ਰੋਜ਼ ਇਹ ਕਰਦੇ ਹਨ।

ਇਹ ਕਹਿੰਦਿਆਂ ਬਹੁਤ ਹੀ ਭਾਵੁਕ ਹੋਏ ਪਾਦਰੀ ਮਿਕ ਦੀ ਆਵਾਜ਼ ਲੜਖੜਾ ਰਹੀ ਸੀ, "ਮੈਂ ਘਰਾਂ ਵਿੱਚ ਜਾਂਦਾ ਹੈ ਅਤੇ ਕਈ ਵਾਰ ਜਦੋਂ ਮੈਂ ਬੈਗ ਚੁੱਕੀ ਦਰਵਾਜ਼ੇ ਰਾਹੀਂ ਅੰਦਰ ਜਾ ਰਿਹਾ ਹੁੰਦਾ ਹਾਂ ਬੱਚੇ ਬੈਗ ਖੋਲ੍ਹਣ ਲੱਗਦੇ ਹਨ।

"ਅਤੇ ਇਹ ਸਭ ਉਨਾਂ ਠੀਕ ਨਹੀਂ ਹੈ, ਅਤੇ ਇਹ ਮਹਾਂਮਾਰੀ ਤੋਂ ਪਹਿਲਾਂ ਇਨਾਂ ਬੁਰਾ ਨਹੀਂ ਸੀ।"

ਬਰਨਲੇ ਦੇ ਕੇਂਦਰ ਤੋਂ ਬਹੁਤੀ ਦੂਰੀ 'ਤੇ ਨਹੀਂ, ਮਿਕ ਫ਼ਾਦਰ ਅਲੈਕਸ ਫ਼ਲੌਸਟ ਨੂੰ ਮਿਲਣ ਗੌਥਿਕ ਸਟਾਈਲ ਸੇਂਟ ਮੈਥਿਊਜ਼ ਐਂਗਲੀਕਨ ਚਰਚ ਵਿੱਚ ਗਏ।

ਪਾਦਰੀ ਮਿਕ
ਤਸਵੀਰ ਕੈਪਸ਼ਨ, ਫ਼ਾਦਰ ਅਲੈਕਸ ਨੇ ਕਿਹਾ, "ਹਾਲ ਦੀ ਘੜੀ ਬਰਨਲੇ ਵਿੱਚ ਲੋੜ ਦਾ ਪੱਧਰ, ਮੇਰੇ ਹਿਸਾਬ ਨਾਲ ਨਵੇਕਲਾ ਹੈ।"

ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਉਨ੍ਹਾਂ ਦੋਵਾਂ ਨੇ ਇਕੱਠਿਆਂ ਕੰਮ ਕੀਤਾ। ਕੁਰਬਾਨਗਾਹ ਦੇ ਅਗਲਾ ਕਮਰਾ ਹੁਣ ਅਸਥਾਈ ਭੋਜਨ ਬੈਂਕ ਸੀ।

ਫ਼ਾਦਰ ਅਲੈਕਸ ਨੇ ਕਿਹਾ, "ਹਾਲ ਦੀ ਘੜੀ ਬਰਨਲੇ ਵਿੱਚ ਲੋੜ ਦਾ ਪੱਧਰ, ਮੇਰੇ ਹਿਸਾਬ ਨਾਲ ਨਵੇਕਲਾ ਹੈ।"

"ਮੈਨੂੰ ਲੱਗਦਾ ਲੋਕ ਇਸ ਬਾਰੇ ਭੁੱਲ ਗਏ ਮਹਿਸੂਸ ਕਰਦੇ ਹਨ। ਇਹ ਪੈਸਿਆਂ, ਨੰਬਰਾਂ ਅਤੇ ਅੰਕੜਿਆਂ ਬਾਰੇ ਹੈ। ਅਸੀਂ ਅਸਲ ਵਿੱਚ ਭੋਜਨ ਬੈਂਕਾਂ 'ਤੇ ਨਿਰਭਰ ਨਹੀਂ ਕਰ ਸਕਦੇ, ਇਹ ਸਹੀ ਨਹੀਂ ਲੱਗਦਾ, ਇਹ ਅੱਜ ਦੇ ਦਿਨ ਦਾ ਯੂਕੇ ਨਹੀਂ ਲੱਗਦਾ। ਪਰ ਇਹ ਹੈ।"

ਇੱਕ ਵਾਰ ਜਦੋਂ ਮਿਕ ਨੇ ਆਪਣੀ ਵੈਨ ਭਰ ਲਈ ਉਹ ਸਫ਼ਰ ਲਈ ਵਾਪਸ ਸੜਕ 'ਤੇ ਸਨ।

ਸਭ ਤੋਂ ਪਹਿਲਾਂ ਪੀਟ, ਉਨ੍ਹਾਂ ਦੀ ਪਤਨੀ ਅਤੇ ਬੇਟਾ ਸੀ। ਕਰਜ਼ੇ ਨੇ ਉਨ੍ਹਾਂ ਨੂੰ ਨਕਾਰਾ ਕਰ ਦਿੱਤਾ। ਪਰਿਵਾਰ ਕਰਜ਼ੇ ਕਰਕੇ ਵਿੱਤੀ ਮੁਸ਼ਕਿਲਾਂ ਵਿਚੋਂ ਨਿਕਲ ਰਿਹਾ ਸੀ।

ਪੀਟ ਨੇ ਕਿਹਾ, "ਮੈਂਨੂੰ ਕਰਜ਼ੇ ਲੈਣੇ ਪਏ, ਤਾਂ ਜੋ ਅਸੀਂ ਖਾ ਸਕੀਏ ਅਤੇ ਆਪਣੇ ਬਿੱਲ ਭਰ ਸਕੀਏ।

"ਅਸੀਂ ਇੱਕ ਹਜ਼ਾਰ ਪੌਂਡ ਤੱਕ ਕਰਜ਼ੇ ਵਿੱਚ ਸਾਂ। ਪਾਦਰੀ ਮਿਕ ਦਾ ਧੰਨਵਾਦ, ਅਸੀਂ ਇਸ ਨੂੰ ਦੋ-ਤਿੰਨ ਸੌ ਤੱਕ ਲਿਆ ਸਕੇ। ਮੇਰੇ ਬੇਟਾ ਇਸ ਕਰਕੇ ਡਿਪਰੈਸ਼ਨ ਤੋਂ ਪੀੜਤ ਹੋ ਗਿਆ ਅਤੇ ਇਸੇ ਤਰ੍ਰਾਂ ਮੇਰੀ ਪਤਨੀ।"

ਪਾਦਰੀ ਮਿਕ

ਵਿਵ ਲਈ ਜਿਊਣ ਦਾ ਸਹਾਰਾ

ਮਿਕ ਫ਼ਿਰ ਤੋਂ ਚਲੇ ਗਏ। ਇਸ ਵਾਰ ਵਿਵ ਨੂੰ ਦੇਖਣ। ਉਹ 55 ਸਾਲਾਂ ਦੇ ਹਨ, ਉਹ ਇੱਕਲਿਆਂ ਰਹਿੰਦੇ ਹਨ ਅਤੇ ਲੌਕਡਾਊਨ ਦੌਰਾਨ ਮਾਨਸਿਕ ਸਿਹਤ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ।

ਉਨ੍ਹਾਂ ਨੇ ਮੈਨੂੰ ਕਿਹਾ, "ਮੈਂ ਤਕਰੀਬਨ ਇੱਕ ਹਫ਼ਤੇ ਲਈ ਖਾਣਾ ਛੱਡ ਦਿੱਤਾ, ਅਤੇ ਇਹ ਮੇਰੇ ਬਾਥਰੂਮ ਵਿੱਚ ਡਿੱਗਣ ਨਾਲ ਖ਼ਤਮ ਹੋਇਆ ਅਤੇ ਮੇਰੇ ਖ਼ਿਆਲ ਨਾਲ ਮੈਂ ਉਥੇ ਪੂਰਾ ਦਿਨ ਡਿੱਗੀ ਰਹੀ।"

"ਹਾਈਪਰਥੀਮੀਆਂ ਨੇ ਮੇਰੀ ਹਰ ਇੱਕ ਚੀਜ਼ ਨੂੰ ਪ੍ਰਭਾਵਿਤ ਕੀਤਾ।"

ਵਿਵ ਹਾਲ ਹੀ ਵਿੱਚ ਹਸਪਤਾਲ ਤੋਂ ਗਏ ਹਨ ਅਤੇ ਉਹ ਬਹੁਤ ਜ਼ਿਆਦਾ ਕਮਜ਼ੋਰ ਹਨ। ਮਿਕ ਉਨ੍ਹਾਂ ਨੂੰ ਦੇਣ ਲਈ ਕੁਝ ਵੱਧ ਤਾਕਤ ਵਾਲੇ ਪੀਣ ਵਾਲੇ ਪੌਸ਼ਿਕ ਪਦਾਰਥ ਲਿਆਏ ਹਨ।

ਇਸ ਸਮੇਂ ਦੌਰਾਨ ਇਕੱਲਿਆਂ ਰਹਿਣ ਨੇ ਵਿਵ ਦੀਆਂ ਪਿਛਲੇ ਪਰਿਵਾਰ ਦੇ ਸੋਗ ਨਾਲ ਭਰੀਆਂ ਪੁਰਾਣੀਆਂ ਤਕਲੀਫ਼ਦੇਹ ਯਾਦਾਂ ਨੂੰ ਮੁੜ ਤਾਜ਼ਾ ਕਰ ਦਿੱਤਾ।

"ਇਹ ਆਪਣੇ ਪਰਿਵਾਰ ਨੂੰ ਫ਼ਿਰ ਤੋਂ ਗੁਵਾਉਣ ਵਰਗਾ ਸੀ, ਇਹ ਇਸ ਤਰ੍ਹਾਂ ਸੀ ਕਿ ਬਸ ਸਭ ਕੁਝ ਵਾਪਸ ਲੈ ਆਇਆ।"

ਜਿਵੇਂ ਹੀ ਮਿਕ ਜਾਣ ਲੱਗੇ ਉਨ੍ਹਾਂ ਨੇ ਵਾਅਦਾ ਕੀਤਾ ਕਿ ਵਿਵ ਦੀਆਂ ਦਰਦਨਿਵਾਰਕ ਪਰਚੀਆਂ ਦਿਨ ਢਲੇ ਲੈ ਲੈਣਗੇ।

ਉਨ੍ਹਾਂ ਕਿਹਾ,"ਉਹ ਆਪਣੇ ਹੀ ਘਰ ਦੇ ਅੰਦਰ ਫ਼ਸੀ ਹੋਈ ਸੀ, ਕਲਪਨਾ ਕਰੋਂ ਆਪਣੇ ਹੀ ਮਨ ਦੇ ਅੰਦਰ ਫ਼ਸੇ ਹੋਣਾ। ਉਸ ਨੇ ਜਿਊਣਾ ਛੱਡ ਦਿੱਤਾ ਸੀ।"

ਅਗਲਾ ਭੋਜਨ ਦਾ ਪਾਰਸਲ ਸ਼ੈਲਾ ਲਈ ਸੀ ਜੋ ਆਪਣੇ ਪੰਜਾਵਿਆਂ ਵਿੱਚ ਹੈ। ਸ਼ੈਲਾ ਸਟੇਜ ਚਾਰ ਦੇ ਕੈਂਸਰ ਤੋਂ ਪੀੜਤ ਹੈ ਅਤੇ ਇਸ ਗੱਲ ਚਿੰਤਿਤ ਸੀ ਕਿ ਕੋਰੋਨਾਵਾਇਰਸ ਦਾ ਉਨ੍ਹਾਂ ਦੀ ਦੇਖ ਭਾਲ 'ਤੇ ਕੀ ਅਸਰ ਪਵੇਗਾ।

ਉਨ੍ਹਾਂ ਨੇ ਦੱਸਿਆ, "ਆਪਣੇ ਕੈਂਸਰ ਦੇ ਪੱਧਰ ਨੂੰ ਜਾਣਨ ਲਈ ਮੈਨੂੰ ਹਰ ਮਹੀਨੇ ਖ਼ੂਨ ਦੇ ਟੈਸਟ ਕਰਵਾਉਣੇ ਚਾਹੀਦੇ ਸਨ।"

"ਪਰ ਕਿਸੇ ਨੇ ਵੀ ਪਿਛਲੇ ਛੇ ਮਹੀਨਿਆਂ ਤੋਂ ਨਹੀਂ ਕੀਤਾ ਅਤੇ ਮੈਨੂੰ ਹੁਣੇ ਪਤਾ ਲੱਗਿਆ ਜਿਵੇਂ ਕਿ ਮੈਂ ਸੋਚ ਰਹੀ ਸੀ, ਦੋ ਹਰਨੀਆਂ ਨਹੀਂ ਹਨ, ਇਹ ਸਿਰਫ਼ ਇੱਕ ਵੱਡੀ ਹਰਨੀ ਹੈ। ਮੇਰਾ ਅਪਰੇਸ਼ਨ ਨਹੀਂ ਹੋ ਸਕਦਾ ਕਿਉਂਕਿ ਮੇਰੇ ਫ਼ੇਫੜੇ ਇਸ ਤੋਂ ਬਚ ਨਹੀਂ ਸਕਣਗੇ।"

ਸੈਲਾ ਆਪਣੀ 21 ਸਾਲਾਂ ਦੀ ਪੋਤਰੀ 'ਤੇ ਨਿਰਭਰ ਹਨ।

ਉਹ ਕਹਿੰਦੇ ਹਨ, "ਮੈਂ ਪਹਿਲਾਂ ਤੋਂ ਹੀ ਮਰ ਰਹੀ ਪ੍ਰਣਾਲੀ ਤੇ ਹੋਰ ਬੋਝ ਨਹੀਂ ਪਾਉਣਾ ਚਾਹੁੰਦੀ, ਕਿਉਂਕਿ ਮੈਂ ਪਹਿਲਾਂ ਹੀ ਮਰ ਰਹੀ ਹਾਂ, ਲੋਕਾਂ ਨੂੰ ਐਨਐਚਐਸ ਦੀ ਲੋੜ ਹੈ।"

ਇਹ ਪਾਦਰੀ ਮਿਕ ਦੇ ਇੱਕ ਸ਼ਹਿਰ ਵਿੱਚ ਬੀਤਾਏ ਇੱਕ ਦਿਨ ਦੀ ਛੋਟੀ ਜਿਹੀ ਝਲਕ ਸੀ।

ਪੂਰੇ ਇੰਗਲੈਂਡ ਵਿੱਚ ਇਸ ਸਾਲ ਸਾਰੇ ਕਾਰਨਾਂ ਕਰਕੇ ਅਪ੍ਰੈਲ ਤੋਂ ਜੂਨ ਦਰਮਿਆਨ ਮੌਤ ਦਰ ਸਹੂਲਤਾਂ ਤੋਂ ਬਿਲਕੁਲ ਹੀ ਵਾਂਝੇ ਇਲਾਕਿਆਂ ਵਿੱਚ ਉਨਾਂ ਇਲਾਕਿਆਂ ਦੇ ਮੁਕਾਬਲੇ ਦੁਗਣੀ ਰਹੀ ਜਿਹੜੇ ਇਲਾਕੇ ਸਹੂਲਤਾਂ ਤੋਂ ਮੁਕਾਬਲਤਨ ਵਾਂਝੇ ਨਹੀਂ ਹਨ।

ਪਾਦਰੀ ਮਿਕ ਕਹਿੰਦੇ ਹਨ, "ਮੈਂ ਇਸ ਪੱਧਰ 'ਤੇ ਅਜਿਹਾ ਕੁਝ ਪਹਿਲਾਂ ਕਦੀ ਨਹੀਂ ਦੇਖਿਆ। ਗ਼ਰੀਬੀ ਲੁਕ ਗਈ ਲਗਦੀ ਹੈ, ਇਹ ਸਤ੍ਹਾ ਦੇ ਥੱਲੇ ਹੈ ਜਿਸ ਨੂੰ ਲੋਕ ਦੇਖਦੇ ਨਹੀਂ, ਉਹ ਸੋਚਦੇ ਹਨ ਉਹ ਦੇਖਦੇ ਹਨ ਪਰ ਉਹ ਨਹੀਂ ਦੇਖਦੇ।

ਪਾਦਰੀ ਮਿਕ

ਮਿਕ ਦੀ ਪ੍ਰੇਰਣਾ

ਪਾਦਰੀ ਮਿਕ ਨੇ ਦਮਿਕਸ਼ ਦੀ ਸੜਕ ਦਾ ਆਪਣਾ ਸਫ਼ਰ ਤਹਿ ਕੀਤਾ ਹੈ, ਜੋ ਅਪਰਾਧ ਦੀ ਜ਼ਿੰਦਗੀ ਤੋਂ ਕੋਰੋਨਾਵਾਇਰਸ ਦੇ ਪ੍ਰਭਾਵਾਂ ਕਰਕੇ ਹਰ ਰੋਜ਼ ਹੋ ਰਹੇ ਇਮਤਿਹਾਨ ਤੱਕ ਦਾ ਹੈ। ਮੈਂ ਜਾਣਨਾ ਚਾਹੁੰਦਾ ਸੀ ਉਨ੍ਹਾਂ ਨੂੰ ਚਲਦੇ ਰਹਿਣ ਲਈ ਕੀ ਪ੍ਰੇਰਿਤ ਕਰਦਾ ਹੈ।

ਉਹ ਕਹਿੰਦੇ ਹਨ, "ਜੋ ਮੈਂ ਅੱਜ ਕਰਦਾ ਹਾਂ, ਉਹ ਤਪੱਸਿਆ ਨਹੀਂ ਹੈ, ਬਲਕਿ ਇਸ ਦੇ ਪੂਰੀ ਤਰ੍ਹਾਂ ਉੱਲਟ ਹੈ। ਬਰਨਲੇ ਦੇ ਲੋਕਾਂ ਦੀ ਸੇਵਾ ਕਰਨਾ ਮਾਣ ਵਾਲੀ ਗੱਲ ਹੈ। ਇਹ ਇੱਕ ਸ਼ਾਨਦਾਰ ਚੀਜ਼ ਹੈ।"

ਪਰ ਫ਼ਿਰ ਮਿਕ ਨੇ ਇੱਕ ਹੈਰਾਨ ਕਰ ਦੇਣ ਵਾਲੀ ਕਹਾਣੀ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਬਚਪਨ ਦੀਆਂ ਖ਼ੌਫ਼ਨਾਕ ਘਟਨਾਵਾਂ ਤੋਂ ਹੁਣ ਸਕੂਨ ਵਿੱਚ ਕਿਉਂ ਹਨ।

ਪਾਦਰੀ ਮਿਕ
ਤਸਵੀਰ ਕੈਪਸ਼ਨ, ਮਿਕ ਨੇ ਇੱਕ ਸ਼ਰਾਬੀ ਦੀ ਗੱਲ ਸੁਣੀ, ਉਸ ਦਾ ਧਿਆਨ ਰੱਖਿਆ ਅਤੇ ਸ਼ਰਾਬ ਛੱਡਣ ਵਿੱਚ ਉਸ ਦੀ ਮਦਦ ਕੀਤੀ

ਖ਼ੁਦ ਨੂੰ ਮੁਆਫ਼ ਕਰਨਾ

ਦਸ ਸਾਲ ਪਹਿਲਾਂ ਉਨ੍ਹਾਂ ਨੇ ਇੱਕ ਟੇਕ ਵੇਅ ਦੇ ਬਾਹਰ ਬੇਘਰੇ ਸ਼ਰਾਬੀ ਨਾਲ ਮਿੱਤਰਤਾ ਕੀਤੀ।

ਮਿਕ ਨੇ ਉਸ ਦੀ ਗੱਲ ਸੁਣੀ, ਉਸ ਦਾ ਧਿਆਨ ਰੱਖਿਆ ਅਤੇ ਸ਼ਰਾਬ ਛੱਡਣ ਵਿੱਚ ਉਸ ਦੀ ਮਦਦ ਕੀਤੀ ਅਤੇ ਉਸਦੇ ਪਰਿਵਾਰ ਨਾਲ ਮਿਲਾਇਆ।

ਉਸ ਵਿਅਕਤੀ ਦੀ ਦੋ ਸਾਲ ਬਾਅਦ ਮੌਤ ਹੋ ਗਈ ਪਰ ਉਸਦਾ ਪਰਿਵਾਰ ਖ਼ੁਸ਼ ਸੀ ਕਿ ਉਹ ਸਭ ਇਕੱਠੇ ਸਨ।

"ਜੋ ਮੈਂ ਕਦੀ ਵੀ ਉਸ ਨੂੰ ਜਾਂ ਉਸਦੇ ਪਰਿਵਾਰ ਜਾਂ ਫ਼ਿਰ ਪੁਲਿਸ ਨੂੰ ਨਹੀਂ ਦੱਸਿਆ, ਇਹ ਉਹ ਹੀ ਵਿਅਕਤੀ ਸੀ ਜਿਸ ਨੇ ਬਚਪਨ ਵਿੱਚ ਮੇਰਾ ਬਲਾਤਕਾਰ ਕੀਤਾ ਸੀ। ਕਿਉਂ? ਮੈਂ ਜਾਣਦਾ ਸੀ ਕਿ ਮੈਨੂੰ ਮੇਰੇ ਅਤੀਤ ਲਈ ਮੁਆਫ਼ ਕਰ ਦਿੱਤਾ ਗਿਆ ਹੈ। ਮੈਂ ਉਹ ਨਹੀਂ ਕੀਤਾ ਜੋ ਉਸ ਨੇ ਕੀਤਾ ਸੀ, ਪਰ ਫ਼ਿਰ ਵੀ ਖ਼ਤਰਨਾਕ ਕੰਮ ਕੀਤੇ, ਪਰ ਮੈਂ ਆਪਣੇ ਆਪ ਵਿੱਚ ਮੁਆਫ਼ੀ ਮਹਿਸੂਸ ਕਰਦਾ ਹਾਂ ਅਤੇ ਮੈਂ ਉਸਦੇ ਪਾਪ ਵਿੱਚ ਜਿਊਣਾ ਨਹੀਂ ਚਾਹੁੰਦਾ।"

"ਇਸ ਕਰਕੇ ਮੈਂ ਅਜ਼ਾਦ ਹਾਂ, ਮੈਂ ਆਪਣੀ ਜ਼ਿੰਦਗੀ ਕਿਸੇ ਤਕਲੀਫ਼ ਵਿੱਚ ਨਹੀਂ ਗ਼ੁਜ਼ਾਰ ਰਿਹਾ। ਇਹ ਮੁਕਤੀ ਹੈ।"

ਅਸੀਂ ਫ਼ਿਰ ਦੇਖਿਆ ਪਾਦਰੀ ਮਿਕ ਸੇਂਟ ਮੈਥਿਉਜ਼ ਚਰਚ ਦੇ ਬਾਹਰ ਇੱਕ ਔਰਤ ਨਾਲ ਪ੍ਰਾਰਥਨਾ ਕਰ ਰਹੇ ਸਨ। ਇਹ ਲਗਾਤਾਰ ਦੂਸਰਾ ਹਫ਼ਤਾ ਸੀ ਕਿ ਉਹ ਇਥੇ ਆ ਰਹੀ ਸੀ।

ਉਹ ਦੁਖੀ ਸੀ ਪਰ ਮਿਕ ਦੇ ਸ਼ਬਦਾਂ ਤੋਂ ਦਿਲਾਸਾ ਮਹਿਸੂਸ ਕਰ ਰਹੀ ਸੀ।

ਫ਼ਾਦਰ ਅਲੈਕਸ ਨੇ ਦੱਸਿਆ ਕਿ ਕੀ ਹੋਇਆ ਸੀ।

"ਉਹ ਪਿਛਲੇ ਹਫ਼ਤੇ ਆਈ ਅਤੇ ਰੋ ਪਈ ਅਤੇ ਉਸਨੇ ਮੈਨੂੰ ਦੱਸਿਆ ਕਿ ਉਸਦੀ ਧੀ ਨੇ ਖੁਦਕੁਸ਼ੀ ਕਰ ਲਈ ਸੀ।"

ਉਸ ਤੋਂ ਬਾਅਦ ਉਸ ਔਰਤ ਸੋਨੀਆਂ ਨੇ ਦੱਸਿਆ ਕਿਵੇਂ ਪਾਦਰੀ ਮਿਕ ਅਤੇ ਫ਼ਾਦਰ ਅਲੈਕਸ ਨੇ ਉਸਦਾ ਜੀਵਨ ਬਦਲਿਆ।

ਉਹ ਕਹਿੰਦੇ ਹਨ ਕਿ ਉਨ੍ਹਾਂ ਦੋਵਾਂ ਬਗ਼ੈਰ ਉਹ ਵੀ ਆਪਣੀ ਜਾਨ ਲੈ ਲੈਂਦੇ।

ਸੇਂਟ ਮੈਥਿਉਜ਼ ਚਰਚ ਦੇ ਅੰਦਰ ਫ਼ਾਦਰ ਅਲੈਕਸ, ਰੋਣ ਲੱਗੇ ਅਤੇ ਸਿਸਕਣ ਲੱਗੇ। "ਮੈਂ ਪਰੇਸ਼ਾਨ ਹੋਣ ਲਈ ਮੁਆਫ਼ੀ ਮੰਗਦਾ ਹਾਂ। ਤੁਸੀਂ ਲੋਕਾਂ ਦਾ ਬੋਝ ਚੁੱਕਦੇ ਹੋ, ਤੁਸੀਂ ਉਨ੍ਹਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹੋ ਕਿ ਸਭ ਕੁਝ ਠੀਕ ਹੈ। ਇਹ ਸਭ ਕੁਝ ਪਰੇਸ਼ਾਨ ਕਰਨ ਵਾਲਾ ਹੈ।"

ਪਾਦਰੀ ਮਿਕ ਇਸ ਗੱਲ 'ਤੇ ਮਾਣ ਮਹਿਸੂਸ ਕਰਦੇ ਹਨ ਕਿ "ਧਾਰਮਿਕ ਲੋਕ ਇਸ ਵਿੱਚ ਅੱਗੇ ਆ ਰਹੇ ਹਨ ਅਤੇ ਇਹ ਬਹੁਤ ਫ਼ਰਕ ਪਾ ਰਿਹਾ ਹੈ।"

ਪਰ ਫ਼ਾਦਰ ਅਲੈਕਸ ਚਾਹੁੰਦੇ ਹਨ ਕਿ ਹੋਰ ਲੋਕ ਇਸ ਮਸਲੇ ਦਾ ਲੰਬੇ ਸਮੇਂ ਲਈ ਸਥਾਈ ਹੱਲ ਕਰਨ ਜੋ ਕੋਰੋਨਾਵਾਇਰਸ ਕਰਕੇ ਬਰਨਲੇ ਵਰਗੀਆਂ ਥਾਵਾਂ 'ਤੇ ਸਾਹਮਣੇ ਆਇਆ ਹੈ।

ਸਰਕਾਰ ਦਾ ਕਹਿਣਾ ਹੈ ਕਿ ਉਹ ਥੋੜਾਂ ਨੂੰ ਘਟਾਉਣ ਲਈ ਵਚਨਬੱਧ ਹੈ ਅਤੇ ਇਸ ਸਾਲ ਲੋਕਾ ਦੀ ਭਲਾਈ ਤੇ ਮਦਦ ਕਨਰ ਵਿੱਚ ਇੱਕ ਖ਼ਰਬ ਪੌਂਡ ਖ਼ਰਚ ਕੀਤੇ ਗਏ ਹਨ।

ਇਹ ਕਹਾਣੀ ਪਾਦਰੀ ਮਿਕ ਦੇ ਸਫ਼ਰ ਦੀ ਹੈ, ਬਰਨਲੇ ਵਿੱਚ ਜਦੋਂ ਜਹਿਦ ਕਰ ਰਹੇ ਕੁਝ ਲੋਕਾਂ ਦੀ ਮਦਦ ਕਰਨ ਲਈ। ਪਰ ਡਰ ਇਸ ਗੱਲ ਦਾ ਹੈ ਕਿ ਉਹ ਚਣੌਤੀਆਂ ਜਿਨਾਂ ਦਾ ਸਾਡੇ ਗ਼ਰੀਬ ਭਾਈਚਾਰੇ ਨੇ ਹੁਣ ਸਾਹਮਣਾ ਕੀਤਾ, ਮਹਾਂਮਾਰੀ ਖ਼ਤਮ ਹੋਣ ਤੋਂ ਬਾਅਦ ਵੀ ਬਣੀਆਂ ਰਹਿਣਗੀਆਂ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)