ਪੋਰਨ ਦੇਖਣ ਦੀ ਕੁਝ ਲੋਕਾਂ ਨੂੰ ਕਿਉਂ ਲਤ ਲੱਗ ਜਾਂਦੀ ਹੈ, ਇਹ ਸਿਹਤ ਉੱਤੇ ਕਿੰਝ ਮਾੜਾ ਅਸਰ ਪਾਉਂਦੀ ਹੈ

ਪੋਰਨੋਗ੍ਰਾਫੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੋਰਨੋਗ੍ਰਾਫੀ ਬੱਚਿਆਂ ਦੀ ਮਾਨਸਿਕਤਾ ਉਪਰ ਕਾਫੀ ਮਾੜਾ ਅਸਰ ਪਾਉਂਦੀ ਹੈ
    • ਲੇਖਕ, ਸਾਇਓਬਨ ਸਮਿੱਥ
    • ਰੋਲ, ਬੀਬੀਸੀ ਨਿਊਜ਼

11 ਸਾਲਾਂ ਦੀ ਉਮਰ ਵਿੱਚ ਸ਼ੌਨ ਫਲੋਰਜ਼ ਨੇ ਇੱਕ ਦੋਸਤ ਦੇ ਕਹੇ ’ਤੇ ਪੋਰਨ ਦੇਖਣਾ ਸ਼ੁਰੂ ਕੀਤਾ।

ਹੁਣ ਜਦੋਂ ਉਹ 30 ਸਾਲ ਦੇ ਹੋ ਚੁੱਕੇ ਹਨ ਤਾਂ ਉਨ੍ਹਾਂ ਨੇ ਆਪਣਾ ਤਜ਼ਰਬਾ ਸਾਂਝਾ ਕੀਤਾ। ਸ਼ੌਨ ਕਹਿੰਦੇ ਹਨ, "ਮੈਂ ਉਸੇ ਵੇਲੇ ਇਸ ਵਿੱਚ ਖੁੱਭ ਗਿਆ।"

"ਇਹ ਬਿਲਕੁਲ ਇਸ ਤਰ੍ਹਾਂ ਨਜ਼ਰ ਆ ਰਿਹਾ ਸੀ, ਜਿਵੇਂ ਕਿ ਜੋ ਲੋਕ ਅਜਿਹਾ ਕਰ ਰਹੇ ਹਨ, ਉਹ ਆਪਣੀ ਜ਼ਿੰਦਗੀ ਨੂੰ ਬਿਹਤਰੀਨ ਤਰੀਕੇ ਨਾਲ ਬਿਤਾ ਰਹੇ ਹਨ।"

ਸ਼ੌਨ ਦੀ ਇਸ ਸਭ ਪ੍ਰਤੀ ਉਤਸੁਕਤਾ ਇੰਨੀ ਤੀਬਰ ਹੋ ਗਈ ਕਿ ਉਨ੍ਹਾਂ ਲਈ ਆਪਣੇ-ਆਪ ਨੂੰ ਪੋਰਨ ਦੇਖਣ ਤੋਂ ਰੋਕ ਪਾਉਣਾ ਔਖਾ ਹੋ ਗਿਆ ਸੀ।

ਸ਼ੌਨ ਕਹਿੰਦੇ ਹਨ, “ਮੇਰੇ ਲਈ ਇਹ ਰੋਜ਼ ਸਵੇਰੇ ਉੱਠ ਕੇ ਦੰਦਾਂ ਨੂੰ ਬੁਰਸ਼ ਕਰਨ ਵਰਗੀ ਆਦਤ ਹੋ ਗਈ ਸੀ। ਮੈਂ ਸਵੇਰੇ, ਦੁਪਹਿਰੇ ਅਤੇ ਰਾਤ ਨੂੰ ਪੋਰਨ ਦੇਖਣ ਲੱਗਿਆ ਸੀ।”

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸ਼ੌਨ ਨੇ ਬੀਬੀਸੀ ਆਈਪਲੇਅਰ ਦੀ ਸੀਰੀਜ਼, ‘ਸੈਕਸ ਆਫਟਰ’ ਵਿੱਚ ਆਪਣੀ ਕਹਾਣੀ ਸਾਂਝੀ ਕੀਤੀ ਹੈ।

ਉਹ ਕਹਿੰਦੇ ਹਨ, “ਜਦੋਂ ਮੇਰੇ ਵਿੱਚ ਕੁਝ ਵੀ ਹੋਰ ਕਰਨ ਦੀ ਹਿੰਮਤ ਹੀ ਨਾ ਬਚੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਕੋਈ ਮਸਲਾ ਹੈ।”

“ਮੈਂ ਫ਼ੁੱਟਬਾਲ ਵੀ ਨਹੀਂ ਖੇਡਣਾ ਚਾਹੁੰਦਾ ਸੀ, ਬਸ ਘਰ ਅੰਦਰ ਬੈਠਾ ਰਹਿਣਾ ਚਾਹੁੰਦਾ ਸੀ।”

“ਪਰ ਇਸ ਵਿਵਹਾਰ ਨਾਲ ਸ਼ਰਮਿੰਦਗੀ ਤੇ ਪਛਤਾਵਾ ਵੀ ਜੁੜਿਆ ਹੋਇਆ ਸੀ, ਮੈਂ ਜੋ ਵੀ ਕਰਦਾ ਉਸ ਦੇ ਨਾਲ-ਨਾਲ ਵੀਡੀਓਜ਼ ਦੇਖਦਾ ਰਹਿੰਦਾ।”

“ਇਹ ਹੀ ਉਹ ਸਮਾਂ ਸੀ ਜਦੋਂ ਮੈਂਨੂੰ ਮਹਿਸੂਸ ਹੋਣ ਲੱਗਿਆ ਕਿ ਕੁਝ ਗੜਬੜ ਹੈ।”

ਹਾਲਾਂਕਿ ਹਰ ਕੋਈ ਜੋ ਪੋਰਨ ਦੇਖਦਾ ਹੈ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਦਾ ਜਿਸ ਤਰ੍ਹਾਂ ਦੀ ਸ਼ੌਨ ਨੂੰ ਆਦਤ ਹੋ ਗਈ ਸੀ।

ਆਫ਼ਕੋਮ ਦੀ ਆਨਲਾਈਨ ਨੇਸ਼ਨ 2024 ਦੀ ਰਿਪੋਰਟ ਦਰਸਾਉਂਦੀ ਹੈ ਕਿ ਯੂਕੇ ਵਿੱਚ 29 ਫ਼ੀਸਦ ਬਾਲਗਾਂ ਨੇ ਮਈ 2024 ਵਿੱਚ ਪੋਰਨ ਸਾਈਟਾਂ ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ-

ਇਸ ਤੋਂ ਇਲਾਵਾ, ਅਡਿਕਸ਼ਨ ਕੇਂਦਰ ਯੂਕੇਏਟੀ ਦੀ ਨਵੀਂ ਖੋਜ ਦਰਸਾਉਂਦੀ ਹੈ ਕਿ ਲੱਖਾਂ ਬਰਤਾਨਵੀ ਨਿਯਮਿਤ ਤੌਰ 'ਤੇ ਪੋਰਨੋਗ੍ਰਾਫ਼ੀ ਦੇਖ ਰਹੇ ਹਨ। ਅੰਕੜਿਆਂ ਮੁਤਾਬਕ 18 ਲੱਖ ਲੋਕ ਦਿਨ ਵਿੱਚ ਕਈ ਵਾਰ ਪੋਰਨ ਦੇਖਦੇ ਹਨ।

ਇਲਾਜ ਮੁਹੱਈਆ ਕਰਵਾਉਣ ਵਾਲਿਆਂ ਮੁਤਾਬਕ ਹੁਣ ਪਹਿਲਾਂ ਦੇ ਮੁਕਬਾਲੇ ਵਧੇਰੇ ਲੋਕ ਪੋਰਨ ਦੀ ਵਰਤੋਂ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਮਦਦ ਲੈ ਰਹੇ ਹਨ।

ਡਾਕਟਰ ਪੌਲਾ ਹਾਲ, ਲੰਡਨ ਵਿੱਚ ਦਿ ਲੌਰੇਲ ਸੈਂਟਰ ਵਿੱਚ ਇੱਕ ਯੂਕੇਸੀਪੀ ਪ੍ਰਵਾਨਿਤ ਜਿਨਸੀ ਸਬੰਧਾਂ ਅਤੇ ਮਨੁੱਖੀ ਰਿਸ਼ਤਿਆਂ ਦੇ ਮਨੋਵਿਗਿਆਨੀ ਹਨ।

ਸ਼ੌਨ ਫਲੋਰਜ਼
ਤਸਵੀਰ ਕੈਪਸ਼ਨ, ਸ਼ੌਨ ਨੇ ਪੋਰਨੋਗ੍ਰਾਫੀ ਦੇ ਆਪਣੇ ਤਜਰਬੇ ਸਾਂਝੇ ਕੀਤੇ ਹਨ ਕਿ ਕਿਵੇਂ ਉਹ ਇਸ ਵਿੱਚ ਫਸ ਗਿਆ ਸੀ।

ਪੌਲਾ ਹਾਲ ਸੈਕਸ ਦੇ ਆਦੀ ਅਤੇ ਪੋਰਨ ਦੀ ਲਤ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਿੱਚ ਮਾਹਰ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਲੌਰੇਲ ਸੈਂਟਰ ਵਿੱਚ ਪੋਰਨੋਗ੍ਰਾਫੀ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਮਦਦ ਹਾਸਿਲ ਕਰਨ ਆਉਣ ਵਾਲਿਆਂ ਦੀ ਗਿਣਤੀ ਹਾਲ ਹੀ ਦੇ ਸਾਲਾਂ ਵਿੱਚ ਦੁੱਗਣੀ ਹੋ ਗਈ ਹੈ।"

ਡਾਕਟਰ ਹਾਲ ਦੱਸਦੇ ਹਨ ਕਿ ਮਦਦ ਦੀ ਆਸ ਵਿੱਚ ਆਉਣ ਵਾਲਿਆਂ ਵਿੱਚ ਨੌਜਵਾਨਾਂ ਦੀ ਗਿਣਤੀ ਵੀ ਵੱਧ ਗਈ ਹੈ।

ਉਹ ਕਹਿੰਦੇ ਹਨ, "ਦਸ ਸਾਲ ਪਹਿਲਾਂ ਸਾਡੇ ਜ਼ਿਆਦਾਤਰ ਗਾਹਕ 40 ਅਤੇ 50 ਦੇ ਦਹਾਕੇ ਵਿੱਚ ਵਿਆਹੇ ਹੋਏ ਪੁਰਸ਼ ਸਨ, ਜੋ ਮਦਦ ਦੀ ਮੰਗ ਕਰ ਰਹੇ ਸਨ, ਕਿਉਂਕਿ ਉਨ੍ਹਾਂ ਦੇ ਸਾਥੀਆਂ ਨੂੰ ਉਨ੍ਹਾਂ ਦੇ ਸੈਕਸ ਵਰਕਰਾਂ ਨਾਲ ਸਬੰਧਾਂ ਬਾਰੇ ਪਤਾ ਲੱਗਿਆ ਸੀ।"

"ਪਰ ਤੇਜ਼ੀ ਨਾਲ, ਸਾਡੇ ਕੋਲ ਆਉਣ ਵਾਲਿਆਂ ਵਿੱਚ 20 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਹਨ ਅਤੇ ਉਨ੍ਹਾਂ ਵਿੱਚੋਂ ਵਧੇਰੇ ਕੁਆਰੇ ਹਨ।”

“ਇਹ ਉਹ ਨੌਜਵਾਨ ਹਨ, ਜੋ ਆਪਣੀ ਜ਼ਿੰਦਗੀ ਅਤੇ ਰਿਸ਼ਤਾ ਬਣਾਉਣ ਜਾਂ ਕਾਇਮ ਰੱਖਣ ਦੀ ਯੋਗਤਾ 'ਤੇ ਪੋਰਨ ਦੀ ਵਧੀ ਵਰਤੋਂ ਦੇ ਪ੍ਰਭਾਵ ਨੂੰ ਲੈ ਕੇ ਫ਼ਿਕਰਮੰਦ ਹੋਏ ਹਨ।"

‘ਇੱਕ ਵਾਰ ਸ਼ੁਰੂ ਕਰਨ ਤੋਂ ਬਾਅਦ ਇਸ ਨੂੰ ਰੋਕਣਾ ਔਖਾ ਹੁੰਦਾ ਹੈ’

ਪੋਰਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਦੀ ਗਿਣਤੀ ਹਾਲ ਹੀ ਵਿੱਚ ਦੁਗਣੀ ਹੋ ਗਈ ਹੈ
ਤਸਵੀਰ ਕੈਪਸ਼ਨ, ਪੋਰਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਦੀ ਗਿਣਤੀ ਹਾਲ ਹੀ ਵਿੱਚ ਦੁਗਣੀ ਹੋ ਗਈ ਹੈ

ਯੂਕੇਏਟੀ ਗਰੁੱਪ ਦੇ ਲੀਡ ਥੈਰੇਪਿਸਟ, ਲੀ ਫਰਨਾਂਡਿਸ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਉਨ੍ਹਾਂ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਜਿਨ੍ਹਾਂ ਨੂੰ ਪੋਰਨ ਨੂੰ ਦੇਖਣ ਕਾਰਨ ਆਈਆਂ ਸਮੱਸਿਆਵਾਂ ਦਾ ਇਲਾਜ ਕਰਵਾਉਣ ਦੀ ਲੋੜ ਪਈ।

ਇਸ ਸੰਸਥਾ ਨੂੰ ਹੁਣ ਹਰ ਰੋਜ਼ ਪੋਰਨ ਵਰਤੋਂ ਘਟਾਉਣ ਲਈ ਮਦਦ ਵਾਸਤੇ ਲੋਕਾਂ ਦੇ ਫੋਨ ਆ ਰਹੇ ਹਨ।

ਜਦਕਿ ਸਾਲ 2020 ਤੋਂ ਪਹਿਲਾਂ ਹਫ਼ਤੇ ਵਿੱਚ ਅਜਿਹੀ ਪੁੱਛ-ਗਿੱਛ ਲਈ ਇੱਕ ਜਾਂ ਦੋ ਫ਼ੋਨ ਆਉਂਦੇ ਸਨ।

ਫਰਨਾਂਡਿਸ ਦੱਸਦੇ ਹਨ ਕਿ ਟੈਕਨਾਲੋਜੀ ਵਿੱਚ ਆਈ ਤਰੱਕੀ ਅਤੇ ਆਸਾਨ ਤਰੀਕੇ ਨਾਲ ਪੋਰਨ ਦੀ ਪਹੁੰਚ, ਹਰ ਵਰਗ ਦੇ ਲੋਕਾਂ ਲਈ ਆਨਲਾਈਨ ਜਿਨਸੀ ਸਮੱਗਰੀ ਤੱਕ ਪਹੁੰਚ ਕਰਨਾ ਆਸਾਨ ਬਣਾ ਰਹੀ ਹੈ।

ਉਹ ਮੰਨਦੇ ਹਨ ਕਿ ਉਹ ਆਪਣੇ ਅਨੁਭਵ ਨਾਲ ਪੀੜਤ ਲੋਕਾਂ ਦੀ ਮਦਦ ਕਰ ਕੇ ਯੋਗਦਾਨ ਪਾ ਰਹੇ ਹਨ।

ਉਹ ਕਹਿੰਦੇ ਹਨ, “ਕਿਸੇ ਲਈ ਆਪਣਾ ਫੋਨ ਕੱਢ ਕੇ ਕਿਸੇ ਸਾਈਟ ’ਤੇ ਜਾਣਾ ਅਤੇ ਪੋਰਨ ਦੇਖਣਾ ਬਹੁਤਾ ਔਖਾ ਨਹੀਂ ਹੈ, ਉਹ ਚਾਹੇ ਫਿਰ 12 ਸਾਲ ਦਾ ਹੋਵੇ ਜਾਂ 60 ਸਾਲ ਦਾ। ਇਹ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ।”

ਫਰਨਾਂਡਿਸ ਦੇ ਅਨੁਸਾਰ ਲੋਕਾਂ ਦੇ ਆਨਲਾਈਨ ਪੋਰਨ ਦੇਖਣ ਦੇ ਕਈ ਕਾਰਨ ਹਨ, ਜਿਨ੍ਹਾਂ ਵਿੱਚ ਉਤਸੁਕਤਾ, ਬੋਰੀਅਤ, ਤਣਾਅ ਤੋਂ ਰਾਹਤ ਅਤੇ ਜਿਨਸੀ ਸੰਤੁਸ਼ਟੀ ਦੀ ਕਮੀ ਸ਼ਾਮਲ ਹੈ।

ਇਨ੍ਹਾਂ ਕਾਰਨਾਂ ਕਰਕੇ ਪੋਰਨ ਦੀ ਵਰਤੋਂ ਸ਼ੁਰੂ ਹੋ ਸਕਦੀ ਹੈ। ਫਰਨਾਂਡਿਸ ਇਸ ਨੂੰ “ਮਾੜੀ ਲਤ” ਵਜੋਂ ਬਿਆਨ ਕਰਦੇ ਹਨ।

ਉਹ ਕਹਿੰਦੇ ਹਨ, “ਇਹ ਡੋਪਾਮਾਈਨ ਪ੍ਰਣਾਲੀ ਨੂੰ ਦਰਸਾਉਂਦਾ ਹੈ। ਇਕ ਵਾਰ ਜਦੋਂ ਤੁਸੀਂ ਇਸ ਨੂੰ ਸ਼ੁਰੂ ਕਰ ਲੈਂਦੇ ਹੋ ਤਾਂ ਇਸ ਨੂੰ ਰੋਕਣਾ ਫਿਰ ਮੁਸ਼ਕਿਲ ਹੈ।”

‘ਪੋਰਨੋਗ੍ਰਾਫੀ ਹੁਣ ਬਾਲਗ ਸਾਈਟਾਂ ਤੱਕ ਸੀਮਤ ਨਹੀਂ’

ਸ਼ੌਨ ਨੇ ਆਪਣੇ ਤਜਰਬੇ ਬੀਬੀਸੀ ਨਾਲ ਸਾਂਝੇ ਕੀਤੇ ਹਨ
ਤਸਵੀਰ ਕੈਪਸ਼ਨ, ਪੋਰਨ ਨਸ਼ੇ ਦੀ ਲਤ ਵਾਂਗ ਲੱਗ ਜਾਂਦੀ ਹੈ, ਜਿਸ ਤੋਂ ਬਾਹਰ ਨਿਕਲਣਾ ਕਈ ਵਾਰ ਮੁਸ਼ਕਲ ਹੋ ਜਾਂਦਾ ਹੈ

ਪੋਰਨ ਵੇਖਣਾ ਇੱਕ ਨਸ਼ੇ ਵਾਂਗ ਆਦੀ ਹੋਣ ਵਾਲੀ ਆਦਤ ਹੈ ਪਰ ਇਲਾਜ ਕਰਨ ਦੇ ਪੱਖ ਨਾਲ ਇਸ ਨੂੰ ਮਾਨਤਾ ਪ੍ਰਾਪਤ ਨਹੀਂ ਹੈ।

ਇਸ ਦੀ ਬਜਾਏ ਇਸ ਨੂੰ ਪ੍ਰੋਬਲਮੈਟਿਕ ਆਨਲਾਈਨ ਪੋਰਨੋਗ੍ਰਾਫੀ ਯੂਜ਼ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੋਇਆ ਕਿ ਇਸ ਲਈ ਦਿਮਾਗ ਵਾਰ-ਵਾਰ ਖਿੱਚ ਪੈਦਾ ਕਰਦਾ ਹੈ ਤੇ ਖੁਦ ਉੱਤੇ ਕੰਟਰੋਲ ਕਰਨਾ ਜਾਂ ਪੋਰਨ ਦੇਖਣ ਤੋਂ ਰੋਕਣਾ ਔਖਾ ਹੋ ਜਾਂਦਾ ਹੈ।

ਪੋਰਨ ਨਾਲ ਜਿਨ੍ਹਾਂ ਲੋਕਾਂ ਦਾ ਅਜਿਹਾ ਰਿਸ਼ਤਾ ਬਣ ਜਾਂਦਾ ਹੈ ਉਨ੍ਹਾਂ ਉੱਤੇ ਇਸ ਦਾ ਨਕਾਰਾਤਮਕ ਅਸਰ ਪੈਂਦਾ ਹੈ।

ਬੱਚਿਆਂ ਲਈ ਤਾਂ ਹੋਰ ਵੀ ਖ਼ਤਰਾ ਹੈ ਜਿਨ੍ਹਾਂ ਨੂੰ ਕਾਫੀ ਸੌਖੇ ਤਰੀਕੇ ਨਾਲ ਅਜਿਹੀ ਸਮੱਗਰੀ ਮੋਬਾਈਲ ਫੋਨਾਂ ਰਾਹੀਂ ਮਿਲ ਰਹੀ ਹੈ। 'ਦਿ ਚਿਲਡਰਨਜ਼ ਕਮਿਸ਼ਨਰ ਫਾਰ ਇੰਗਲੈਂਡ' ਬੱਚਿਆਂ ਦੇ ਹੱਕਾਂ ਦੀ ਰਾਖੀ ਕਰਦਾ ਹੈ ਤੇ ਉਸ ਬਾਰੇ ਪ੍ਰਚਾਰ-ਪ੍ਰਸਾਰ ਦਾ ਕੰਮ ਵੀ ਕਰਦਾ ਹੈ।

ਉਨ੍ਹਾਂ ਦੀ ਹਾਲ ਦੀ ਇੱਕ ਰਿਪੋਰਟ ਮੁਤਾਬਕ ਸਾਲ 2023 ਵਿੱਚ 10 ਫੀਸਦੀ ਬੱਚਿਆਂ ਨੇ 9 ਸਾਲ ਦੀ ਉਮਰ ਤੱਕ ਪੋਰਨ ਵੇਖ ਲਈ ਸੀ ਅਤੇ 27 ਸਾਲ ਦੀ ਉਮਰ ਤੱਕ 11 ਫੀਸਦ ਬੱਚਿਆਂ ਨੇ ਪੋਰਨ ਕੰਟੈਂਟ ਵੇਖ ਲਿਆ ਸੀ।

ਅੱਜ-ਕੱਲ੍ਹ 13 ਸਾਲ ਦੇ ਬੱਚੇ ਪਹਿਲੀ ਵਾਰ ਪੋਰਨ ਦੇਖ ਲੈਂਦੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੱਜ-ਕੱਲ੍ਹ 13 ਸਾਲ ਦੇ ਬੱਚੇ ਪਹਿਲੀ ਵਾਰ ਪੋਰਨ ਦੇਖ ਲੈਂਦੇ ਹਨ

ਚਿਲਡਰਨਜ਼ ਕਮਿਸ਼ਨਰ ਡੈਮ ਰਿਸ਼ੈਲ ਡਿਸੂਜ਼ਾ ਨੇ ਦੱਸਿਆ, “ਨੌਜਵਾਨ ਮੈਨੂੰ ਦੱਸਦੇ ਹਨ ਕਿ ਪੋਰਨੋਗ੍ਰਾਫੀ ਕਾਫੀ ਵੱਡੇ ਪੱਧਰ ਉੱਤੇ ਫੈਲੀ ਹੋਈ ਹੈ ਤੇ ਹੁਣ ਇੱਕ ਆਮ ਗੱਲ ਹੈ। ਔਸਤਨ 13 ਸਾਲ ਤੱਕ ਬੱਚੇ ਪਹਿਲੀ ਵਾਰ ਪੋਰਨ ਵੇਖ ਲੈਂਦੇ ਹਨ।”

“ਪੋਰਨੋਗ੍ਰਾਫੀ ਹੁਣ ਕੇਵਲ ਬਾਲਗ ਸਾਈਟਾਂ ਤੱਕ ਸੀਮਤ ਨਹੀਂ ਹੈ। ਬੱਚੇ ਮੈਨੂੰ ਦੱਸਦੇ ਹਨ ਕਿ ਉਹ ਹਿੰਸਕ ਸਮੱਗਰੀ ਵੇਖਦੇ ਹਨ ਤੇ ਅਜਿਹੇ ਸਰੀਰਕ ਸਬੰਧ ਬਣਾਉਣ ਵਾਲੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਹਨ ਜਿਨ੍ਹਾਂ ਵਿੱਚ ਹਿੰਸਕ ਤਰੀਕੇ ਦਿਖਾਏ ਜਾਂਦੇ ਹਨ।

“ਅਜਿਹੀ ਸਮੱਗਰੀ ਨੂੰ ਵੇਖਣ ਦੇ ਨਤੀਜੇ ਭਿਆਨਕ ਹੋ ਸਕਦੇ ਹਨ। ਮੇਰੀ ਰਿਸਰਚ ਵਿੱਚ ਪਤਾ ਲੱਗਿਆ ਹੈ ਕਿ ਪੋਰਨੋਗ੍ਰਾਫੀ ਜ਼ਿਆਦਾ ਵੇਖਣ ਵਾਲੇ ਲੋਕ ਹਿੰਸਕ ਤਰੀਕਿਆਂ ਨਾਲ ਸੰਭੋਗ ਕਰਦੇ ਹਨ।”

ਡਿਸੂਜ਼ਾ ਮੁਤਾਬਕ ਚੰਗੇ ਰਿਸ਼ਤਿਆਂ ਲਈ ਸੈਕਸ ਐਜੁਕੇਸ਼ਨ ਬਹੁਤ ਜ਼ਰੂਰੀ ਹੈ ਤਾਂ ਜੋ ਬੱਚੇ ਇਹ ਸਮਝ ਸਕਣ ਕਿ ਪੋਰਨੋਗ੍ਰਾਫੀ ਵਿੱਚ ਦਿਖਾਏ ਜਾਂਦੇ ਦ੍ਰਿਸ਼ ਅਸਲੀਅਤ ਤੋਂ ਪਰੇ ਹਨ।

ਸਿਲਵਾ ਨੇਵੇਜ਼ ਇੱਕ ਸਾਇਕੋਥੇਰੇਪਿਸਟ ਹਨ ਜੋ ਕੰਪਲਸਿਵ ਸੈਕਸੁਅਲ ਬਿਹੇਵੀਅਰ ਦੇ ਮਾਹਿਰ ਹਨ। ਉਹ ਮੰਨਦੇ ਹਨ ਕਿ ਛੋਟੀ ਉਮਰ ਵਿੱਚ ਪੋਰਨ ਦੇਖਣਾ ਕਾਫੀ ਦਿੱਕਤਾਂ ਪੈਦਾ ਕਰ ਸਕਦਾ ਹੈ।

ਇਸ ਦੇ ਨਾਲ ਹੀ ਉਹ ਇਹ ਵੀ ਜ਼ੋਰ ਦੇ ਕੇ ਕਹਿੰਦੇ ਹਨ ਕਿ ਸੈਕਸ ਐਜੁਕੇਸ਼ਨ ਨਾ ਹੋਣ ਕਾਰਨ ਛੋਟੀ ਉਮਰ ਵਿੱਚ ਬੱਚੇ ਦੂਜੇ ਪਾਸੇ ਵੱਲ ਤੁਰ ਪੈਂਦੇ ਹਨ। ਉਹ ਕਹਿੰਦੇ ਹਨ ਕਿ ਪੋਰਨੋਗ੍ਰਾਫੀ ਵਿੱਚ ਜਿਸ ਤਰੀਕੇ ਨਾਲ ਸੰਭੋਗ ਕਰਦੇ ਹੋਏ ਦਿਖਾਇਆ ਜਾਂਦਾ ਹੈ ਉਹ ਉਸੇ ਨੂੰ ਹੀ ਸਹੀ ਮੰਨ ਲੈਂਦੇ ਹਨ ਕਿ ਇਹ ਤਾਂ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ।

26 ਸਾਲ ਕੌਰਨਟਨੀ ਡੈਨੀਇਲਾ ਕਹਿੰਦੇ ਹਨ ਕਿ ਪੋਰਨ ਉੱਤੇ ਉਂਗਲ ਚੁੱਕਣਾ ਸੌਖਾ ਹੈ। ਕੌਰਟਨੀ ਡੈਨੀਅਲਾ ਨੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਹੀ ਪਹਿਲੀ ਵਾਰ ਪੋਰਨ ਵੇਖ ਲਈ ਸੀ।

ਡੈਨੀਇਲਾ ਕੁਝ ਹੱਦ ਤੱਕ ਸੈਕਸ ਐਜੁਕੇਸ਼ਨ ਦੀ ਘਾਟ ਕਾਰਨ ਪੋਰਨ ਦੇਖਣ ਵੱਲ ਮੁੜੇ ਸਨ।

ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਕਲਾਸ ਵਿੱਚ ਜਨਮ ਦੇਣ ਦੇ ਵਿਗਿਆਨ ਬਾਰੇ ਹੀ ਦੱਸਿਆ ਜਾਂਦਾ ਸੀ ਨਾ ਕਿ ਸੈਕਸ ਦੇ ਤਜਰਬੇ ਬਾਰੇ।

ਉਹ ਕਹਿੰਦੇ ਹਨ, “ਇਹ ਇੱਕ ਸ਼ਰਮ ਦਾ ਵਿਸ਼ਾ ਸੀ ਜਿਸ ਬਾਰੇ ਗੱਲ ਨਹੀਂ ਕੀਤੀ ਜਾਂਦੀ ਇਸ ਕਰਕੇ ਇਸ ਨੇ ਮੈਨੂੰ ਆਪਣੇ ਵੱਲ ਹੋਰ ਆਕਰਸ਼ਿਤ ਕੀਤਾ। ਮੈਂ ਇਸ ਕਰਕੇ ਸੈਕਸ ਵੀਡੀਓਜ਼ ਦੇਖਣਾ ਸ਼ੁਰੂ ਕਰ ਦਿੱਤਾ। ਉਸ ਨੇ ਇੱਕ ਵੱਖਰੀ ਤੇ ਵੱਡੀ ਦੁਨੀਆਂ ਦਾ ਦਰਵਾਜ਼ਾ ਖੋਲ੍ਹ ਦਿੱਤਾ।”

ਪੋਰਨ ਦੀ ਆਦਤ ਕਿਵੇਂ ਛੱਡੀ ਜਾ ਸਕਦੀ ਹੈ

ਪੋਰਨੋਗ੍ਰਾਫੀ ਨੌਜਵਾਨਾਂ ਵਿੱਚ ਮੁੱਖ ਸਮੱਸਿਆ ਬਣਦੀ ਜਾ ਰਹੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੋਰਨੋਗ੍ਰਾਫੀ ਨੌਜਵਾਨਾਂ ਵਿੱਚ ਮੁੱਖ ਸਮੱਸਿਆ ਬਣਦੀ ਜਾ ਰਹੀ ਹੈ

ਕੌਰਟਨੀ ਨੇ ਪਹਿਲਾਂ ਥੋੜ੍ਹਾ-ਬਹੁਤ ਪੋਰਨ ਵੇਖਣਾ ਸ਼ੁਰੂ ਕੀਤਾ ਸੀ, ਕਦੇ ਹਫ਼ਤੇ ਵਿੱਚ ਦੋ ਵਾਰ ਤੇ ਕਦੇ ਸਕੂਲ ਤੋਂ ਪਹਿਲਾਂ ਪਰ ਫਿਰ ਰੋਜ਼ਾਨਾ ਪੋਰਨ ਦੇਖਣਾ ਸ਼ੁਰੂ ਹੋ ਗਿਆ।

ਉਹ ਕਹਿੰਦੇ ਹਨ, “ਉਸ ਵੇਲੇ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਉੱਤੇ ਇਸ ਦਾ ਮਾੜਾ ਅਸਰ ਪੈ ਰਿਹਾ ਹੈ ਕਿਉਂਕਿ ਮੈਂ ਕਈ ਵਾਰ ਪੋਰਨ ਵੇਖ ਰਹੀ ਸੀ।”

18 ਸਾਲ ਦੀ ਉਮਰ ਵਿੱਚ ਕੌਰਟਨੀ ਨੇ ਪਹਿਲੀ ਵਾਰ ਸੰਭੋਗ ਕੀਤਾ ਜਿਸ ਨੂੰ ਉਹ ਇੱਕ ਭੁੱਲਣਯੋਗ ਤਜਰਬਾ ਮੰਨਦੀ ਹੈ।

ਉਹ ਕਹਿੰਦੀ ਹੈ, “ਉਸ ਵੇਲੇ ਮੈਨੂੰ ਬਿਲਕੁਲ ਵੀ ਉਸ ਉਤੇਜਨਾ ਦਾ ਅਹਿਸਾਸ ਨਹੀਂ ਹੋਇਆ ਜਿਸ ਨੂੰ ਮੈਂ ਪੋਰਨ ਵੇਖਣ ਵੇਲੇ ਜਾਂ ਹੱਥਰਸੀ ਵੇਲੇ ਮਹਿਸੂਸ ਕੀਤਾ।”

ਕੌਰਟਨੀ ਨੂੰ ਫਿਰ ਅਹਿਸਾਸ ਹੋਇਆ ਕਿ ਉਸ ਦੀ ਨਿਭਰਤਾ ਕਾਫੀ ਹੱਦ ਤੱਕ ਪੋਰਨ ਉੱਤੇ ਹੋ ਗਈ ਹੈ ਜਿਸ ਬਾਰੇ ਧਿਆਨ ਦੇਣਾ ਜ਼ਰੂਰੀ ਹੈ।

ਉਹ ਕਹਿੰਦੇ ਹਨ, “ਮੈਂ ਖੁਦ ਨਾਲ ਲੜਦੀ ਸੀ ਕਿ ਕੀ ਮੈਂ ਖੁਦ ਨੂੰ ਰੋਕ ਸਕਦੀ ਹਾਂ, ਮੈਂ ਬੇਹੱਦ ਕਮਜ਼ੋਰ ਮਹਿਸੂਸ ਕਰਦੀ ਸੀ।”

ਆਪਣੀ ਉਮਰ ਦੇ 20ਵਿਆਂ ਵਿੱਚ ਕੌਰਟਨੀ ਨੇ ਪੋਰਨ ਵੇਖਣਾ ਛੱਡ ਦਿੱਤਾ ਤੇ ਸੈਕਸ ਕਰਨਾ ਵੀ ਛੱਡ ਦਿੱਤਾ। ਆਪਣੇ ਮੰਗੇਤਰ ਦੇ ਨਾਲ ਵਿਆਹ ਤੋਂ ਪਹਿਲਾਂ ਵੀ ਕੋਈ ਸਬੰਧ ਨਹੀਂ ਬਣਾਏ।

ਸ਼ੌਨ ਹੱਥਰਸੀ ਦੀ ਆਦਤ ਕਾਰਨ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਉਹ ਕਹਿੰਦਾ ਹੈ, “ਪੋਰਨ ਨੇ ਮੇਰੀ ਖੁਦ ਬਾਰੇ ਸਮਝ ਨੂੰ ਹੀ ਖਰਾਬ ਕਰ ਦਿੱਤਾ। ਮੈਨੂੰ ਸੈਕਸ, ਮੇਰੇ ਸਰੀਰ ਮੇਰੇ ਅੰਗਾਂ ਬਾਰੇ ਗਲਤਫਹਿਮੀਆਂ ਵਿੱਚ ਪਾ ਦਿੱਤਾ।”

ਦੂਜੇ ਪਾਸੇ ਮਾਹਿਰ ਇਹ ਵੀ ਮੰਨਦੇ ਹਨ ਕਿ ਕਈ ਲੋਕਾਂ ਲਈ ਪੋਰਨ ਨਾਲ ਸਿਹਤਮੰਦ ਰਿਸ਼ਤਾ ਬਣਾਉਣਾ ਸੌਖਾ ਹੈ ਤੇ ਕਈਆਂ ਲਈ ਇਸ ਦੇ ਫਾਇਦੇ ਵੀ ਹਨ।

ਸੰਭੋਗ ਬਾਰੇ ਐਜੁਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਭੋਗ ਬਾਰੇ ਐਜੁਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ

ਬ੍ਰਿਟਿਸ਼ ਬੋਰਡ ਆਫ ਫਿਲਮ ਕਲਾਸੀਫਿਕੇਸ਼ਨ ਮੁਤਾਬਕ ਪੋਰਨ ਉਨ੍ਹਾਂ ਨੌਜਵਾਨਾਂ ਲਈ ਰਾਹ ਬਣੀ ਜਿਨ੍ਹਾਂ ਨੂੰ ਆਪਣੀ ਕਾਮੁਕਤਾ ਬਾਰੇ ਸਮਝ ਨਹੀਂ ਸੀ।

ਫਰਨਾਨਡਿਸ ਕਹਿੰਦੇ ਹਨ, “ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੋਰਨ ਨਾਲ ਸਿਹਤਮੰਦ ਰਿਸ਼ਤਾ ਉਸ ਹਾਲਾਤ ਵਿੱਚ ਨਹੀਂ ਬਣ ਪਾਉਂਦਾ ਜਦੋਂ ਉਹ ਆਪਣੀ ਜ਼ਿੰਦਗੀ ਵਿੱਚ ਪੋਰਨ ਤੋਂ ਬਿਨਾਂ ਕੋਈ ਹੋਰ ਕੰਮ ਨਹੀਂ ਕਰ ਸਕਦੇ ਹਨ।”

“ਜੋ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ ਉਨ੍ਹਾਂ ਨੂੰ ਮਾਹਿਰ ਦੀ ਮਦਦ ਲੈਣੀ ਚਾਹੀਦੀ ਹੈ।

ਕੌਰਟਨੀ ਕਹਿੰਦੇ ਹਨ, “ਮੈਨੂੰ ਸਿੱਖਣਾ ਪਿਆ ਕਿ ਅਸਲ ਸੈਕਸ ਕੀ ਹੈ। ਮੈਂ ਆਪਣੇ ਸਰੀਰ ਨਾਲ ਪਿਆਰ ਕਰਨਾ ਸਿੱਖਿਆ ਤੇ ਦੂਜੀਆਂ ਔਰਤਾਂ ਦੇ ਸਰੀਰ ਨਾਲ ਖੁਦ ਦੇ ਸਰੀਰ ਦੀ ਤੁਲਨਾ ਕਰਨੀ ਬੰਦ ਕਰ ਦਿੱਤੀ।”

“ਮੈਨੂੰ ਪਿਆਰ ਕਰਨਾ ਸਿੱਖਣਾ ਪਿਆ ਤੇ ਔਰਤਾਂ ਅਤੇ ਮਰਦਾਂ ਨੂੰ ਵਸਤੂ ਵਾਂਗ ਨਾ ਦੇਖਦੇ ਹੋਏ ਇਨਸਾਨ ਵਾਂਗ ਦੇਖਣਾ ਵੀ ਸਿੱਖਣਾ ਪਿਆ।”

ਸ਼ੌਨ ਕਹਿੰਦੇ ਹਨ ਕਿ ਪੋਰਨ ਦੇਖਣਾ ਬੰਦ ਕਰਨਾ ਉਨ੍ਹਾਂ ਦੇ ਚੰਗੇ ਫੈਸਲਿਆਂ ਵਿੱਚੋਂ ਇੱਕ ਹੈ। ਹੁਣ ਉਹ ਉਨ੍ਹਾਂ ਲੋਕਾਂ ਨਾਲ ਮੁੜ ਜੁੜਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ ਤੇ ਪੋਰਨ ਕਾਰਨ ਜਿਨ੍ਹਾਂ ਨਾਲ ਉਸ ਦਾ ਰਿਸ਼ਤਾ ਟੁੱਟ ਗਿਆ ਸੀ।”

ਮਿਸ਼ੇਲ ਬਾਰਾਟ ਤੇ ਫਿਓਨਾ ਪੌਜ਼ ਨੇ ਵੀ ਇਸ ਰਿਪੋਰਟ ਵਿੱਚ ਯੋਗਦਾਨ ਪਾਇਆ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)