ਰੋਟੀ, ਬ੍ਰੈੱਡ ਅਤੇ ਚੌਲ ਕਿਵੇਂ ਤੁਹਾਡੀ ਸਿਹਤ ਲਈ ਜੋਖ਼ਮ ਵਧਾਉਂਦੇ ਹਨ, ਚੰਗੀ ਸਿਹਤ ਲਈ ਖੁਰਾਕ ’ਚ ਕੀ ਹੋਣਾ ਚਾਹੀਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਅੰਮ੍ਰਿਤਾ ਦੁਰਵੇ
- ਰੋਲ, ਬੀਬੀਸੀ ਮਰਾਠੀ ਪੱਤਰਕਾਰ
ਚੌਲ, ਰੋਟੀ, ਬ੍ਰੈੱਡ, ਆਲੂ, ਸ਼ਕਰਕੰਦੀ ਵਿੱਚੋਂ ਇੱਕ ਨਾ ਇੱਕ ਜਾਂ ਕਈ ਵਾਰ ਦੋ ਚੀਜ਼ਾਂ ਵੀ ਸਾਡੇ ਰੋਜ਼ਾਨਾ ਦੇ ਭੋਜਨ ਵਿੱਚ ਸ਼ਾਮਲ ਹੁੰਦੀਆਂ ਹਨ ਅਤੇ ਅਸੀਂ ਉਨ੍ਹਾਂ ਨੂੰ ਮਜ਼ੇ ਨਾਲ ਖਾਂਦੇ ਹਾਂ।
ਇਹੀ ਕਾਰਨ ਹੈ ਕਿ ਇੱਕ ਅਧਿਐਨ 'ਚ ਖੁਲਾਸਾ ਹੋਇਆ ਹੈ ਕਿ ਭਾਰਤੀ ਖੁਰਾਕ ਵਿੱਚ ਦੁਨੀਆਂ ਵਿੱਚ ਸਭ ਤੋਂ ਵੱਧ ਕਾਰਬੋਹਾਈਡਰੇਟ ਹੁੰਦੇ ਹਨ। ਅਧਿਐਨ ਨੇ ਇਹ ਵੀ ਦਿਖਾਇਆ ਹੈ ਕਿ ਇਹੀ ਭਾਰਤੀਆਂ ਵਿੱਚ ਵਧਦੀ ਸ਼ੂਗਰ ਅਤੇ ਮੋਟਾਪੇ ਦਾ ਕਾਰਨ ਹੈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਐਂਡ ਇੰਡੀਆ ਡਾਇਬਟੀਜ਼ (ਆਈਸੀਐਮਆਰ-ਇੰਡੀਆਬੀ) ਦੁਆਰਾ ਕੀਤੇ ਗਏ ਇਸ ਅਧਿਐਨ ਨੇ ਕਈ ਮਹੱਤਵਪੂਰਨ ਗੱਲਾਂ ਦਾ ਖੁਲਾਸਾ ਕੀਤਾ ਹੈ।

ਤਸਵੀਰ ਸਰੋਤ, Getty Images
ਭਾਰਤੀ ਸਭ ਤੋਂ ਵੱਧ ਕੈਲੋਰੀ ਕਿੱਥੋਂ ਲੈ ਰਹੇ ਹਨ ਅਤੇ ਸਾਡੀ ਖੁਰਾਕ ਵਿੱਚ ਕਿਹੜੇ ਬਦਲਾਅ ਕਰਨ ਦੀ ਲੋੜ ਹੈ?
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਐਂਡ ਇੰਡੀਆ ਡਾਇਬਟੀਜ਼ ਨੇ ਭਾਰਤੀਆਂ ਦੀ ਖੁਰਾਕ 'ਤੇ ਇੱਕ ਅਧਿਐਨ ਕੀਤਾ ਹੈ।
ਆਈਸੀਐਮਆਰ-ਇੰਡੀਆਬੀ ਸਰਵੇਖਣ-21 ਤੋਂ ਭਾਰਤ ਵਿੱਚ ਡਾਇਟਰੀ ਪ੍ਰੋਫਾਈਲ ਅਤੇ ਐਸੋਸੀਏਟਿਡ ਮੈਟਾਬੋਲਿਕ ਰਿਸਕ ਫੈਕਟਰ ਸਿਰਲੇਖ ਵਾਲੀ ਖੋਜ, ਜਰਨਲ 'ਨੇਚਰ' ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।
ਸ਼ੂਗਰ, ਮੋਟਾਪੇ ਵਿੱਚ ਵਾਧਾ

ਤਸਵੀਰ ਸਰੋਤ, Getty Images
ਇਸ ਉਦੇਸ਼ ਲਈ ਦੇਸ਼ ਭਰ ਦੇ ਸੂਬਿਆਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਰਾਜਧਾਨੀ ਦਿੱਲੀ – ਐਨਸੀਆਰ ਦੇ ਕੁੱਲ 1,21,077 ਵਿਅਕਤੀਆਂ ਦਾ ਅਧਿਐਨ ਕੀਤਾ ਗਿਆ।
ਅਧਿਐਨ ਵਿੱਚ ਪਾਇਆ ਗਿਆ ਕਿ ਭਾਰਤੀਆਂ ਦੁਆਰਾ ਖਪਤ ਕੀਤੀਆਂ ਜਾਣ ਵਾਲੀਆਂ ਕੁੱਲ ਕੈਲੋਰੀਆਂ ਦਾ 62% ਕਾਰਬੋਹਾਈਡਰੇਟ ਤੋਂ ਆਉਂਦਾ ਹੈ।
ਉਨ੍ਹਾਂ ਵਿੱਚੋਂ, ਘੱਟ-ਗੁਣਵੱਤਾ ਵਾਲੇ ਕਾਰਬੋਹਾਈਡਰੇਟ ਸਰੋਤ- ਜਿਵੇਂ ਕਿ ਚਿੱਟੇ ਚੌਲ, ਪੀਸਿਆ ਹੋਇਆ ਸਾਬਤ ਅਨਾਜ ਅਤੇ ਖੰਡ, ਸ਼ਹਿਦ, ਗੁੜ ਅਤੇ ਪਾਮ ਸ਼ੂਗਰ ਦੀ ਖਪਤ ਜ਼ਿਆਦਾ ਹੈ।
ਭਾਰਤੀ ਖੁਰਾਕ ਵਿੱਚ ਨਿਸ਼ਚਤ ਤੌਰ 'ਤੇ ਖੇਤਰੀ ਰੁਝਾਨ ਹਨ। ਭਾਰਤ ਦੇ ਦੱਖਣੀ, ਪੂਰਬੀ ਅਤੇ ਉੱਤਰ-ਪੂਰਬੀ ਹਿੱਸਿਆਂ ਵਿੱਚ ਚੌਲ ਇੱਕ ਮੁੱਖ ਭੋਜਨ ਹੈ।
ਉੱਤਰੀ ਅਤੇ ਮੱਧ ਭਾਰਤ ਵਿੱਚ ਕਣਕ ਪ੍ਰਮੁੱਖ ਹੈ। ਮਿਲੇਟਸ (ਜਵਾਰ, ਬਾਜਰਾ, ਰਾਗੀ, ਮੱਕੀ, ਕੰਗਣੀ ਆਦਿ ਮੋਟੇ ਅਨਾਜ) ਸਭ ਤੋਂ ਵੱਧ ਪੌਸ਼ਟਿਕ ਅਨਾਜ ਹਨ, ਪਰ ਸਿਰਫ ਤਿੰਨ ਸੂਬੇ - ਕਰਨਾਟਕ, ਗੁਜਰਾਤ ਅਤੇ ਮਹਾਰਾਸ਼ਟਰ ਦੇ ਲੋਕ ਹੀ ਆਪਣੀ ਰੋਜ਼ਾਨਾ ਖੁਰਾਕ ਵਿੱਚ ਮੋਟੇ ਅਨਾਜ ਸ਼ਾਮਲ ਕਰਦੇ ਹਨ।
ਦੇਸ਼ ਭਰ ਵਿੱਚ ਖੰਡ ਦੀ ਖਪਤ ਜ਼ਿਆਦਾ ਹੈ। ਸਿਫਾਰਸ਼ ਇਹ ਕੀਤੀ ਜਾਂਦੀ ਹੈ ਕਿ ਸਾਨੂੰ ਆਪਣੀ ਰੋਜ਼ਾਨਾ ਕੈਲੋਰੀ ਦਾ 5% ਤੋਂ ਵੱਧ ਖੰਡ ਤੋਂ ਪ੍ਰਾਪਤ ਨਹੀਂ ਕਰਨਾ ਚਾਹੀਦਾ। ਪਰ ਦੇਸ਼ ਦੇ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ, ਇਹ ਮਾਤਰਾ 5% ਤੋਂ ਵੱਧ ਹੈ।
ਇਸ ਨਾਲ ਸ਼ੂਗਰ ਜਾਂ ਪ੍ਰੀ-ਡਾਇਬੀਟੀਜ਼, ਭਾਰ ਵਧਣ ਅਤੇ ਮੋਟਾਪੇ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ।
ਹਾਲਾਂਕਿ ਭਾਰਤੀ ਖੁਰਾਕ ਵਿੱਚ ਫੈਟ (ਚਰਬੀ) ਦੀ ਮਾਤਰਾ ਸੀਮਾ ਦੇ ਅੰਦਰ ਹੈ, ਪਰ ਝਾਰਖੰਡ, ਛੱਤੀਸਗੜ੍ਹ, ਅਰੁਣਾਚਲ ਪ੍ਰਦੇਸ਼ ਅਤੇ ਮਣੀਪੁਰ ਨੂੰ ਛੱਡ ਕੇ ਹਰ ਜਗ੍ਹਾ ਸੈਚੂਰੇਟਿਡ ਫੈਟ (ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਅਤੇ ਲਾਲ ਮਾਂਸ 'ਚ ਪਾਇਆ ਜਾਣ ਵਾਲਾ ਫੈਟ) ਦੀ ਮਾਤਰਾ ਜ਼ਿਆਦਾ ਹੈ।
ਪ੍ਰੋਟੀਨ ਦੀ ਮਾਤਰਾ ਤੋਂ ਘੱਟ ਸੇਵਨ

ਤਸਵੀਰ ਸਰੋਤ, Getty Images
ਗੰਭੀਰ ਮੁੱਦਾ ਇਹ ਹੈ ਕਿ ਦੇਸ਼ ਭਰ ਵਿੱਚ ਪ੍ਰੋਟੀਨ ਦੀ ਮਾਤਰਾ ਉਮੀਦ ਤੋਂ ਘੱਟ ਲਈ ਜਾਂਦੀ ਹੈ।
ਔਸਤਨ, ਸਾਡੀ ਰੋਜ਼ਾਨਾ ਕੈਲੋਰੀ ਦਾ ਸਿਰਫ਼ 12% ਪ੍ਰੋਟੀਨ ਤੋਂ ਆਉਂਦਾ ਹੈ। ਜ਼ਿਆਦਾਤਰ ਪ੍ਰੋਟੀਨ ਅਨਾਜ ਅਤੇ ਫਲ਼ੀਦਾਰ ਅਨਾਜ ਤੋਂ ਆਉਂਦਾ ਹੈ। ਡੇਅਰੀ ਉਤਪਾਦਾਂ ਦਾ ਹਿੱਸਾ 2% ਹੈ ਅਤੇ ਜਾਨਵਰਾਂ ਤੋਂ ਮਿਲਦੇ ਪ੍ਰੋਟੀਨ ਦੀ ਮਾਤਰਾ ਸਿਰਫ਼ 1% ਹੈ।
ਉੱਤਰ-ਪੂਰਬੀ ਸੂਬਿਆਂ ਦੀ ਖੁਰਾਕ ਵਿੱਚ ਪ੍ਰੋਟੀਨ ਵਾਲੀ ਸਮੱਗਰੀ ਸਭ ਤੋਂ ਵੱਧ ਹੁੰਦੀ ਹੈ।
ਤਾਂ ਇਸ ਸਭ ਨਾਲ ਹੋਇਆ ਇਹ ਹੈ ਕਿ ਇੱਕ ਅਸੰਤੁਲਿਤ ਖੁਰਾਕ ਨੇ ਗੈਰ-ਸੰਚਾਰੀ ਬਿਮਾਰੀਆਂ ਵਿੱਚ ਵਾਧਾ ਕੀਤਾ ਹੈ।
ਇਸ ਵਿੱਚ ਦਿਲ ਦੀ ਬਿਮਾਰੀ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪਾ ਸ਼ਾਮਲ ਹਨ। ਉੱਚ ਕਾਰਬੋਹਾਈਡਰੇਟ ਦਾ ਸੇਵਨ ਸ਼ੂਗਰ, ਪ੍ਰੀ-ਡਾਇਬੀਟੀਜ਼ ਅਤੇ ਮੋਟਾਪੇ ਦੇ ਜੋਖਮ ਨੂੰ 15-30% ਵਧਾਉਂਦਾ ਹੈ।
ਤਾਂ ਇਸ ਬਾਰੇ ਕੀ ਕਰਨਾ ਚਾਹੀਦਾ ਹੈ?

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਲਗਭਗ 50% ਗੈਰ-ਸੰਚਾਰੀ ਬਿਮਾਰੀਆਂ ਨੂੰ ਖੁਰਾਕ ਵਿੱਚ ਸੁਧਾਰ ਕਰਕੇ ਅਤੇ ਸਰੀਰਕ ਗਤੀਵਿਧੀਆਂ (ਕਸਰਤ ਆਦਿ) ਵਧਾ ਕੇ ਰੋਕਿਆ ਜਾ ਸਕਦਾ ਹੈ।
ਹੁਣ, ਖੋਜਕਰਤਾਵਾਂ ਨੇ ਕਿਹਾ ਹੈ ਕਿ ਜੇਕਰ ਅਸੀਂ ਕਾਰਬੋਹਾਈਡਰੇਟ ਤੋਂ ਕੈਲੋਰੀ 5% ਤੱਕ ਘਟਾ ਦੇਈਏ ਅਤੇ ਸਬਜ਼ੀਆਂ ਅਤੇ ਡੇਅਰੀ ਤੋਂ ਮਿਲਦੇ ਪ੍ਰੋਟੀਨ ਤੱਤਾਂ ਦੀ ਮਾਤਰਾ 5% ਵਧਾ ਦੇਈਏ, ਤਾਂ ਸ਼ੂਗਰ ਜਾਂ ਪ੍ਰੀ-ਡਾਇਬੀਟੀਜ਼ ਦਾ ਖ਼ਤਰਾ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਇਸਦਾ ਮਤਲਬ ਹੈ ਕਿ ਸਾਨੂੰ ਦਾਲਾਂ, ਅਨਾਜ, ਸੁੱਕੇ ਮੇਵੇ, ਦੁੱਧ, ਦਹੀਂ ਅਤੇ ਪਨੀਰ ਦਾ ਸੇਵਨ ਵਧਾਉਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਕਾਰਬੋਹਾਈਡਰੇਟ ਦੀ ਮਾਤਰਾ ਘਟਾ ਕੇ ਅਤੇ ਇਸ ਦੀ ਬਜਾਏ ਅੰਡੇ ਅਤੇ ਮੱਛੀ ਖਾ ਕੇ ਵੀ ਇਨ੍ਹਾਂ ਬਿਮਾਰੀਆਂ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ।
ਜੇਕਰ ਤੁਸੀਂ ਚਿੱਟੇ ਚੌਲ ਖਾਣਾ ਘਟਾ ਦਿੰਦੇ ਹੋ ਅਤੇ ਇਸਦੀ ਬਜਾਏ ਕਣਕ ਦਾ ਆਟਾ ਜਾਂ ਸਾਬਤ ਅਨਾਜ ਖਾਣਾ ਸ਼ੁਰੂ ਕਰਦੇ ਹੋ, ਪਰ ਆਪਣੇ ਕੁੱਲ ਕਾਰਬੋਹਾਈਡਰੇਟ ਦੀ ਮਾਤਰਾ ਨੂੰ ਵੱਧ ਹੀ ਰੱਖਦੇ ਹੋ, ਤਾਂ ਇਹ ਮਦਦ ਨਹੀਂ ਕਰੇਗਾ।
ਕਾਰਬੋਹਾਈਡਰੇਟ ਦੀ ਮਾਤਰਾ ਘਟਾਉਣਾ ਅਤੇ ਇਸ ਦੀ ਬਜਾਏ ਲਾਲ ਮੀਟ ਅਤੇ ਫੈਟ ਦੀ ਮਾਤਰਾ ਵਧਾਉਣਾ ਵੀ ਲਾਭਦਾਇਕ ਨਹੀਂ ਹੋਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












