ਭਾਜਪਾ ਦੇ 'ਡਬਲ ਇੰਜਨ', ਕਾਂਗਰਸ ਦੇ 'ਵਿਜੇ ਆਸ਼ੀਰਵਾਦ' ਅਤੇ ਆਪ ਦੀਆਂ ਗਰੰਟੀਆਂ ਦੇ ਪਰਖ ਦਾ ਦਿਨ

ਤਸਵੀਰ ਸਰੋਤ, Getty Images
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਪ੍ਰਕਿਰਿਆ ਹੁਣ ਮੁਕੰਮਲ ਹੋ ਚੁੱਕੀ ਹੈ।
ਖ਼ਬਰ ਏਜੰਸੀ ਐਐੱਨਆਈ ਮੁਤਾਬਕ, ਚੋਣ ਕਮਿਸ਼ਨ ਦੁਆਰਾ ਜਾਣਕਾਰੀ ਦਿੱਤੀ ਗਈ ਹੈ ਕਿ ਸ਼ਾਮ 5 ਵਜੇ ਤੱਕ ਸੂਬੇ ਵਿੱਚ 65.92 ਫ਼ੀਸਦੀ ਵੋਟਿੰਗ ਹੋਈ ਹੈ।
ਦੁਨੀਆਂ ਦਾ ਸਭ ਤੋਂ ਵੱਧ ਉਚਾਈ 'ਤੇ ਸਥਿਤ ਮਤਦਾਨ ਕੇਂਦਰ 'ਤਾਸ਼ੀਗੰਗ' ਵੀ ਹਿਮਾਚਲ ਵਿੱਚ ਸਥਿਤ ਹੈ, ਜਿੱਥੇ 98 ਫੀਸਦੀ ਵੋਟਿੰਗ ਹੋਈ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਹਿਮਾਚਲ ਵਿੱਚ ਇੱਕ ਗੇੜ 'ਚ ਹੀ ਵੋਟਾਂ ਪੈਣੀਆਂ ਸਨ ਅਤੇ ਨਤੀਜੇ 8 ਦਸੰਬਰ ਨੂੰ ਆਉਣਗੇ।
ਹਿਮਾਚਲ ਵਿੱਚ ਕੁਲ 68 ਸੀਟਾਂ ਹਨ ਅਤੇ ਸੂਬੇ ਵਿੱਚ 7,881 ਲੋਕ ਕੇਂਦਰਾਂ ਵਿੱਚ ਵੋਟਿੰਗ ਹੋ ਰਹੀ ਹੈ।
ਸੂਬੇ ਵਿੱਚ 1982 ਤੋਂ ਬਾਅਦ ਭਾਜਪਾ ਤੇ ਕਾਂਗਰਸ ਪਾਰਟੀਆਂ ਨੇ ਸੱਤਾ ਦੀ ਅਦਲਾ-ਬਦਲੀ ਕੀਤੀ ਹੈ।
ਇਸ ਵਾਰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਕੁੱਲ 412 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਇਨ੍ਹਾਂ ਵਿੱਚ 38 ਮਹਿਲਾ ਉਮੀਦਵਾਰ ਵੀ ਹਨ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 44 ਸੀਟਾਂ ਜਿੱਤੀਆਂ, ਕਾਂਗਰਸ ਨੇ 21, ਸੀਪੀਐਮ ਨੇ 1 ਅਤੇ ਆਜ਼ਾਦ ਉਮੀਦਵਾਰ 2 ਸੀਟਾਂ ਜਿੱਤੇ ਸਨ।

ਤਸਵੀਰ ਸਰੋਤ, ANI
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਹੈ, “ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਲਈ ਅੱਜ ਮਤਦਾਨ ਦਾ ਦਿਨ ਹੈ। ਮੈਂ ਦੇਵਭੂਮੀ ਦੇ ਸਮੂਹ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ। ਇਸ ਮੌਕੇ ਪਹਿਲੀ ਵਾਰ ਵੋਟ ਪਾਉਣ ਵਾਲੇ ਸੂਬੇ ਦੇ ਸਾਰੇ ਨੌਜਵਾਨਾਂ ਨੂੰ ਮੇਰੀਆਂ ਵਿਸ਼ੇਸ਼ ਸ਼ੁਭਕਾਮਨਾਵਾਂ।”

ਤਸਵੀਰ ਸਰੋਤ, ANI
ਕਾਂਗਰਸ ਦੀ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਪਿਆਰੇ ਹਿਮਾਚਲ ਵਾਸੀਓ, ਤੁਸੀਂ ਸਾਰੇ ਆਪਣੀ ਅਤੇ ਆਪਣੇ ਸੂਬੇ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੇ ਹੋ। ਆਪਣੇ ਹਾਲਾਤਾਂ ਨੂੰ ਦੇਖਦੇ ਹੋਏ ਪੂਰੀ ਸੂਝਬੂਝ ਨਾਲ ਮਤਦਾਨ ਦਾ ਕਰਤੱਵ, ਹਲਾਤਾਂ ਨੂੰ ਬਦਲਣ ਅਤੇ ਹਿਮਾਚਲ ਦੇ ਭਵਿੱਖ ਨੂੰ ਸੰਵਾਰਨ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿਓ। ਜੈ ਹਿੰਦ। ਜੈ ਹਿਮਾਚਲ।”
55 ਲੱਖ ਵੋਟਰਾਂ ਦੇ ਹੱਥ ਉਮੀਦਵਾਰਾਂ ਦੀ ਕਿਸਮਤ

ਤਸਵੀਰ ਸਰੋਤ, ANI
ਹਿਮਾਚਲ ਪ੍ਰਦੇਸ਼ ਇੱਕ ਅਜਿਹਾ ਸੂਬਾ ਹੈ ਜਿੱਥੇ ਲੰਘੇ ਕਈ ਦਹਾਕਿਆਂ ਤੋਂ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵਾਰੋ ਵਾਰੀ ਸੱਤਾ ਵਿੱਚ ਆਉਂਦੇ ਰਹੇ ਹਨ।
ਮੌਜੂਦਾ ਭਾਜਪਾ ਸਰਕਾਰ ਇਸ ਰਵਾਇਤ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਦੀ ਕੋਸ਼ਿਸ਼ ਵਿੱਚ ਹੈ, ਪਰ ਕਾਂਗਰਸ ਇਹ ਉਮੀਦ ਕਰ ਰਹੀ ਹੈ ਕਿ ਇਹ ਰਵਾਇਤ ਇਸ ਵਾਰ ਵਾਰ ਵੀ ਦੁਹਰਾਈ ਜਾਵੇ।
ਉੱਧਰ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਵੇਲੇ ਜ਼ੋਰ ਰਿਹਾ ਕਿ ਲੋਕ ਦੋਵਾਂ ਪਾਰਟੀਆਂ ਨੂੰ ਛੱਡ ਕੇ ਉਨ੍ਹਾਂ ਨੂੰ ਸੱਤਾ ਵਿੱਚ ਲੈ ਕੇ ਆਉਣ।
ਇਹ ਵੀ ਪੜ੍ਹੋ:
'ਡਬਲ-ਇੰਜਨ' ਦੀ ਸਰਕਾਰ ਦਾ ਨਾਅਰਾ

ਤਸਵੀਰ ਸਰੋਤ, FB/Narendra Modi
ਭਾਜਪਾ ਖ਼ਾਸ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਅਤੇ ਵਿਕਾਸ ਦੇ ਨਾਅਰੇ ਨਾਲ ਚੋਣ ਮੈਦਾਨ ਵਿੱਚ ਉਤਰੀ।
ਜਿੱਥੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਚੋਣ ਮੁਹਿੰਮ ਦੀ ਅਗਵਾਈ ਕੀਤੀ, ਉੱਥੇ ਹੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਵੀ ਰੈਲੀਆਂ ਨੂੰ ਸੰਬੋਧਨ ਕੀਤਾ।
ਭਾਜਪਾ ਦੀ ਮੁਹਿੰਮ ਇਸ ਦੇ ਡਬਲ-ਇੰਜਨ ਵਿਕਾਸ ਦੀ ਤਾਕਤ ਨੂੰ ਪੇਸ਼ ਕਰਨ ਦੇ ਆਲੇ-ਦੁਆਲੇ ਘੁੰਮਦੀ ਰਹੀ ਹੈ।
ਡਬਲ ਇੰਜਨ ਤੋਂ ਉਨ੍ਹਾਂ ਦਾ ਮਤਲਬ ਸੀ ਕਿ ਭਾਜਪਾ ਕੇਂਦਰ ਅਤੇ ਸੂਬੇ ਦੋਵਾਂ ’ਚ ਸੱਤਾ ਵਿੱਚ ਸੀ ਅਤੇ ਕੇਂਦਰ ਦੀ ਹਮਾਇਤ ਨਾਲ ਸੂਬੇ ਨੇ ਮੁੜ ਵਿਕਾਸ ਪ੍ਰੋਜੈਕਟ ਸ਼ੁਰੂ ਤੇ ਲਾਗੂ ਕੀਤੇ।
10 ਨਵੰਬਰ ਨੂੰ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਸਿਰਮੌਰ ਅਤੇ ਕਾਂਗੜਾ ਜ਼ਿਲ੍ਹਿਆਂ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ।
ਸ਼ਾਹ ਨੇ ਹਿਮਾਚਲ ਕਾਂਗਰਸ ਦੀ ਮੁਖੀ ਪ੍ਰਤਿਭਾ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ, ‘’ਕਾਂਗਰਸ ਕੋਲ ਉੱਥੇ ਵੀ ਮਾਂ-ਬੇਟਾ ਹੈ ਅਤੇ ਇੱਥੇ ਵੀ, ਇਹ ਇੱਕ ਪਰਿਵਾਰਵਾਦੀ ਪਾਰਟੀ ਹੈ, ਜਿਸ ਵਿੱਚ ਮਿਹਨਤੀ ਲੋਕਾਂ ਲਈ ਕੋਈ ਥਾਂ ਨਹੀਂ ਹੈ। ਜੇ ਤੁਸੀਂ ਇਸ ਪਾਰਟੀ ਵਿਚ ਅੱਗੇ ਵਧਣਾ ਹੈ ਤਾਂ ਤੁਹਾਨੂੰ ਇੱਕ ਪ੍ਰਮੁੱਖ ਪਰਿਵਾਰ ਵਿਚ ਪੈਦਾ ਹੋਣਾ ਚਾਹੀਦਾ ਹੈ।‘’

- ਹਿਮਾਚਲ ਵਿੱਚ ਇਸ ਵਾਰ ਲਗਭਗ 55 ਲੱਖ ਵੋਟਰ ਹਨ
- 68 ਸੀਟਾਂ ਉੱਤੇ 412 ਉਮੀਦਵਾਰਾਂ ਨੇ ਪਰਚੇ ਭਰੇ ਹਨ
- ਸੂਬੇ ਵਿੱਚ ਮਰਦ ਵੋਟਰਾਂ ਦੀ ਗਿਣਤੀ 27, 80, 208 ਹੈ, ਔਰਤ ਵੋਟਰਾਂ ਦੀ ਗਿਣਤੀ 27,27,016 ਅਤੇ ਹੋਰ ਲਿੰਗ ਦੇ ਵੋਟਰ 37 ਹੈ
- ਭਾਜਪਾ ਦੇ 'ਡਬਲ ਇੰਜਨ', ਕਾਂਗਰਸ 'ਵਿਜੇ ਆਸ਼ੀਰਵਾਦ' ਅਤੇ 'ਆਪ' ਗਰੰਟੀਆਂ ਲੈ ਕੇ ਚੋਣ ਮੈਦਾਨ ਵਿੱਚ ਉਤਰੀ ਹੈ
- 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 44 ਸੀਟਾਂ ਜਿੱਤੀਆਂ, ਕਾਂਗਰਸ ਨੇ 21, ਸੀਪੀਐਮ ਨੇ 1 ਅਤੇ ਆਜ਼ਾਦ ਉਮੀਦਵਾਰ 2 ਸੀਟਾਂ ਜਿੱਤੇ ਸਨ।

ਕਾਂਗਰਸ ਦਾ 'ਵਿਜੇ ਆਸ਼ੀਰਵਾਦ'

ਤਸਵੀਰ ਸਰੋਤ, FB/Priyanka Gandhi Vadra
ਕਾਂਗਰਸ ਸੱਤਾ ਵਿਰੋਧੀ ਲਹਿਰ ਦਾ ਫ਼ਾਇਦਾ ਉਠਾਉਣ ਦੀ ਉਮੀਦ ਕਰ ਰਹੀ ਹੈ।
10 ਨਵੰਬਰ ਨੂੰ ਪ੍ਰਚਾਰ ਦੇ ਆਖ਼ਰੀ ਦਿਨ ਕਾਂਗਰਸ ਨੇ ਸਾਰੇ 68 ਵਿਧਾਨ ਸਭਾ ਹਲਕਿਆਂ ਵਿੱਚ "ਵਿਜੇ ਆਸ਼ੀਰਵਾਦ" ਰੈਲੀਆਂ ਕੀਤੀਆਂ।
ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸਿਰਮੌਰ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਸੂਬੇ ਦੀ ਰਾਜਧਾਨੀ ਸ਼ਿਮਲਾ ਵਿੱਚ ਘਰ-ਘਰ ਪ੍ਰਚਾਰ ਵਿੱਚ ਹਿੱਸਾ ਲਿਆ।
ਕਾਂਗਰਸ ਨੇ ਸੱਤਾ 'ਚ ਵਾਪਸ ਆਉਣ 'ਤੇ 10 ਗਰੰਟੀਆਂ 'ਤੇ ਧਿਆਨ ਕੇਂਦਰਿਤ ਕੀਤਾ, ਜਿਸ ਵਿਚ 500,000 ਨੌਕਰੀਆਂ ਅਤੇ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸ਼ਾਮਲ ਹਨ।
ਪਾਰਟੀ ਨੂੰ ਮੁਲਾਜ਼ਮਾਂ ਦਾ ਸਮਰਥਨ ਮਿਲਣ ਦੀ ਵੀ ਉਮੀਦ ਹੈ ਕਿਉਂਕਿ ਇਸ ਨੇ ਪੁਰਾਨੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵਾਅਦਾ ਕੀਤਾ ਹੈ।
ਆਮ ਆਦਮੀ ਪਾਰਟੀ ਦਾ ਦਿੱਲੀ ਤੇ ਪੰਜਾਬ ਮਾਡਲ

ਤਸਵੀਰ ਸਰੋਤ, ANI
ਆਮ ਆਦਮੀ ਪਾਰਟੀ ਪਹਿਲੀ ਵਾਰ ਸੂਬਾਈ ਚੋਣਾਂ ਲੜ ਰਹੀ ਹੈ। ਇਸ ਨੇ ਸੂਬੇ ਵਿੱਚ ਘੱਟ ਖਪਤ ਵਾਲੇ ਉਪਭੋਗਤਾਵਾਂ ਨੂੰ ਮੁਫ਼ਤ ਬਿਜਲੀ ਦੇ ਆਪਣੇ ਦਿੱਲੀ ਅਤੇ ਪੰਜਾਬ ਮਾਡਲ ਨੂੰ ਦੁਹਰਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ।
ਇਸ ਪਾਰਟੀ ਨੇ ਮੁੜ ਪੰਜਾਬ ਦੀ ਉਦਾਹਰਣ ਦਿੰਦਿਆਂ ਦਾਅਵਾ ਕੀਤਾ ਹੈ ਕਿ ਉਸ ਨੇ ਉੱਥੇ ਪੁਰਾਣੀ ਪੈਨਸ਼ਨ ਸਕੀਮ ਨੂੰ ਸਿਧਾਂਤਕ ਤੌਰ 'ਤੇ ਬਹਾਲ ਕਰ ਦਿੱਤਾ ਹੈ ਅਤੇ ਜੇ ਪਾਰਟੀ ਸੱਤਾ ਵਿੱਚ ਆਈ ਤਾਂ ਹਿਮਾਚਲ ਪ੍ਰਦੇਸ਼ ਵਿੱਚ ਅਜਿਹਾ ਹੀ ਕਰੇਗੀ।
ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਕਿ ਪੰਜਾਬ ਵਾਂਗ ਹੁਣ ਉਨ੍ਹਾਂ ਕੋਲ ਇੱਕ “ਇਮਾਨਦਾਰ ਪਾਰਟੀ” ਨੂੰ ਵੋਟ ਪਾਉਣ ਦਾ ਮੌਕਾ ਹੈ ਜੋ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ।
ਆਮ ਆਦਮੀ ਪਾਰਟੀ ਦੀ ਗਰੰਟੀਆਂ ਵਿਚ ਸ਼ਾਮਲ ਹੈ ਮਹਿਲਾ ਸਨਮਾਨ ਰਾਸ਼ੀ, ਜਿਸ ਵਿੱਚ ਹਰ ਔਰਤ ਨੂੰ 1000 ਰੁਪਏ ਹਰ ਮਹੀਨੇ ਦਿੱਤੇ ਜਾਣਗੇ ਜੇ ਉਹ 18 ਸਾਲ ਤੋਂ ਵੱਧ ਹੈ।
ਇੱਥੋਂ ਦੇ ਲੋਕਾਂ ਨੂੰ 6 ਲੱਖ ਨੌਕਰੀਆਂ ਤੇ 3000 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵੀ ਪਾਰਟੀ ਨੇ ਵਾਅਦਾ ਕੀਤਾ ਹੈ।












