ਸਰਵੀਕਲ ਕੈਂਸਰ: ਕੀ ਹੁੰਦਾ ਹੈ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਜਿਸ ਨਾਲ ਪੂਨਮ ਪਾਂਡੇ ਦੀ ਮੌਤ ਹੋਈ

ਤਸਵੀਰ ਸਰੋਤ, Getty Images
ਭਾਰਤ 'ਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਯਾਨੀ ਸਰਵਾਇਕਲ ਕੈਂਸਰ ਦੂਜਾ ਸਭ ਤੋਂ ਆਮ ਕੈਂਸਰ ਹੈ। ਪਰ ਇਸ ਕੈਂਸਰ ਬਾਰੇ ਔਰਤਾਂ 'ਚ ਜਾਗਰੂਕਤਾ ਦੀ ਘਾਟ ਹੈ।
ਅੱਜ ਇਸ ਲੇਖ ਜ਼ਰੀਏ ਅਸੀਂ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਬਾਰੇ ਕੁਝ ਖਾਸ ਗੱਲਾਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ।
ਇਸਤਰੀ ਰੋਗ ਮਾਹਰ ਡਾ. ਸ਼ਿਵਾਨੀ ਗਰਗ ਬੱਚੇਦਾਨੀ ਦੇ ਕੈਂਸਰ ਅਤੇ ਇਸ ਤੋਂ ਬਚਣ ਦੇ ਤਰੀਕਿਆਂ ਬਾਰੇ ਦੱਸ ਰਹੇ ਹਨ।
ਕਿਵੇਂ ਹੁੰਦਾ ਹੈ ਬੱਚੇਦਾਨੀ ਦੇ ਮੂੰਹ ਦਾ ਕੈਂਸਰ
ਬੱਚੇਦਾਨੀ ਦੇ ਮੂੰਹ ਦਾ ਕੈਂਸਰ ਇੱਕ ਵਾਇਰਸ ਦੇ ਨਾਲ ਹੁੰਦਾ ਹੈ ਜਿਸ ਨੂੰ ਕਿ ਐੱਚਪੀਵੀ (Human papillomavirus) ਕਿਹਾ ਜਾਂਦਾ ਹੈ। ਇਹ ਵਾਇਰਸ ਜਿਣਸੀ ਸੰਬੰਧ ਬਣਾਉਣ ਸਮੇਂ ਸਰੀਰ 'ਚ ਦਾਖਲ ਹੁੰਦਾ ਹੈ।
ਜੇਕਰ ਸਾਡੇ ਸਰੀਰ 'ਚ ਰਿਸਕ ਫੈਕਟਰ ਮੌਜੂਦ ਹੋਣ ਤਾਂ ਇਹ ਕੈਂਸਰ 10-15 ਸਾਲ ਤੱਕ ਹੌਲੀ-ਹੌਲੀ ਵੱਧਦਾ ਜਾਂਦਾ ਹੈ ਅਤੇ ਅੰਤ 'ਚ ਭਿਆਨਕ ਕੈਂਸਰ ਦਾ ਰੂਪ ਲੈ ਲੈਂਦਾ ਹੈ।

ਰਿਸਕ ਫੈਕਟਰ ਕੀ ਹਨ?
ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਸਭ ਤੋਂ ਵੱਡਾ ਅਤੇ ਆਮ ਕਾਰਨ ਜਾਂ ਰਿਸਕ ਫੈਕਟਰ ਇਹ ਹੈ ਕਿ ਜਿੰਨ੍ਹੇ ਜ਼ਿਆਦਾ ਸੈਕਸ਼ੁਅਲ ਪਾਰਟਨਰ ਭਾਵ ਮਲਟੀਪਲ ਸੈਕਸ਼ੁਅਲ ਪਾਰਟਨਰ ਹੋਣਗੇ ਉਨਾਂ ਹੀ ਇਸ ਬਿਮਾਰੀ ਦੇ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
ਇਸ ਦੇ ਨਾਲ ਹੀ ਜੀਵਨ 'ਚ ਜਿੰਨ੍ਹੀ ਛੇਤੀ ਸੈਕਸ਼ੁਅਲ ਗਤੀਵਿਧੀਆਂ ਦੀ ਸ਼ੁਰੂਆਤ ਹੁੰਦੀ ਹੈ, ਉਸ ਦੇ ਨਾਲ ਵੀ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ।
ਜੇਕਰ ਤੁਹਾਨੂੰ ਐੱਚਆਈਵੀ ਜਾਂ ਅਜਿਹੀ ਬਿਮਾਰੀ ਹੈ ਜਿਸ ਨਾਲ ਕਿ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਬਹੁਤ ਕਮਜ਼ੋਰ ਹੈ ਤਾਂ ਉਸ ਕਰਕੇ ਵੀ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਜੋਖਮ ਵਧ ਜਾਂਦਾ ਹੈ।

ਬੀਬੀਸੀ ਨਿਊਜ਼ ਪੰਜਾਬੀ ਔਰਤਾਂ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਇੱਕ 'ਹੈਲਥ ਸੀਰੀਜ਼' ‘ਤੁਹਾਡੀ ਸਿਹਤ ਸਾਡੀ ਸੇਧ' ਲੈ ਕੇ ਆਇਆ ਹੈ। ਜਿਸ ਰਾਹੀਂ ਤੁਹਾਨੂੰ ਹਰ ਹਫ਼ਤੇ ਔਰਤਾਂ ਦੀ ਸਿਹਤ ਨਾਲ ਜੁੜੇ ਕਿਸੇ ਨਾ ਕਿਸੇ ਮੁੱਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਕੁਝ ਹੋਰ ਵੀ ਕਾਰਨ ਜਾਂ ਖ਼ਤਰੇ ਹਨ ਜਿੰਨ੍ਹਾਂ ਕਰਕੇ ਇਹ ਬਿਮਾਰੀ ਹੋ ਸਕਦੀ ਹੈ, ਜਿਵੇਂ ਕਿ ਜੇਕਰ ਤੁਹਾਡੀਆਂ ਤਿੰਨ ਤੋਂ ਵਧੇਰੇ ਡਿਲੀਵਰੀਆਂ ਹੋਈਆਂ ਹਨ ਜਾਂ ਤੁਸੀਂ ਤਿੰਨ ਤੋਂ ਵਧੇਰੇ ਵਾਰ ਗਰਭਧਾਰਨ ਕੀਤਾ ਹੈ।
ਜੇਕਰ ਤੁਸੀਂ ਵਧੇਰੇ ਸਿਗਰਟ ਪੀਂਦੇ ਹੋ (ਸਮੋਕਿੰਗ) ਜਾਂ ਫਿਰ ਤੁਹਾਡੇ ਖਾਣ-ਪੀਣ 'ਚ ਫਲ-ਸਬਜ਼ੀਆਂ ਦੀ ਤਾਦਾਦ ਬਹੁਤ ਘੱਟ ਹੈ ਅਤੇ ਤੁਹਾਡਾ ਭੋਜਨ ਪੌਸ਼ਟਿਕ ਨਹੀਂ ਹੈ ਤਾਂ ਵੀ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ।
ਕੌਣ ਵਧੇਰੇ ਪ੍ਰਭਾਵਿਤ ਹੋ ਰਹੇ ਹਨ?
ਵੇਖਿਆ ਗਿਆ ਹੈ ਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨਾਲ ਸਭ ਤੋਂ ਵੱਧ ਦਿਹਾਤੀ ਖੇਤਰ ਦੀਆਂ ਔਰਤਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿੱਥੇ ਕਿ ਵਧੀਆ ਖਾਣ-ਪੀਣ ਦੀ ਘਾਟ ਹੁੰਦੀ ਹੈ ਅਤੇ ਔਰਤਾਂ ਇਸ ਸਬੰਧੀ ਜਾਗਰੂਕ ਨਹੀਂ ਹਨ।

ਤਸਵੀਰ ਸਰੋਤ, Getty Images
ਇਸ ਬਿਮਾਰੀ ਦੇ ਲੱਛਣ ਕੀ ਹਨ ?
ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਲੱਛਣਾਂ 'ਚੋਂ ਸਭ ਤੋਂ ਗੰਭੀਰ ਲੱਛਣ ਬੱਚੇਦਾਨੀ 'ਚੋਂ ਗੰਦੇ ਪਾਣੀ ਜਾਂ ਬਦਬੂਦਾਰ ਪਾਣੀ ਦਾ ਪੈਣਾ ਹੈ।
ਇਸ ਤੋਂ ਬਾਅਦ ਜੋ ਲੱਛਣ ਸਭ ਤੋਂ ਆਮ ਹੈ, ਉਹ ਹੈ ਪੋਸਟਮੀਨੋਪੋਜ਼ ਬਲੀਡਿੰਗ, ਮਤਲਬ ਕਿ ਤੁਹਾਡੀ ਉਮਰ 45 ਤੋਂ 50 ਸਾਲ ਹੈ ਅਤੇ ਤੁਹਾਡੇ ਪੀਰੀਅਡਜ਼ ਇੱਕ ਵਾਰ ਬੰਦ ਹੋ ਚੁੱਕੇ ਹਨ ਅਤੇ ਇਸ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਫਿਰ ਅਚਾਨਕ ਬਲੀਡਿੰਗ ਸ਼ੁਰੂ ਹੁੰਦੀ ਹੈ ਤਾਂ ਇਹ ਆਮ ਨਹੀਂ ਹੈ।
ਇਸ ਤੋਂ ਇਲਾਵਾ ਜੇਕਰ ਤੁਹਾਨੂੰ ਅਨਿਯਮਤ ਖੂਨ ਪੈਂਦਾ ਹੈ ਭਾਵ ਕਿ ਇੱਕ ਮਹੀਨੇ 'ਚ ਤੁਹਾਨੂੰ 2-3 ਵਾਰ ਪੀਰੀਅਡਜ਼ ਆ ਰਹੇ ਹਨ ਜਾਂ ਲਗਾਤਾਰ ਪੀਰੀਅਡਜ਼ ਆ ਰਹੇ ਹੋਣ ਤਾਂ ਉਹ ਵੀ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ।
ਇਸ ਤੋਂ ਇਲਾਵਾ ਢਿੱਡ ਦੇ ਹੇਠਲੇ ਹਿੱਸੇ 'ਚ ਦਰਦ ਹੋਣਾ ਜਾਂ ਪੇਸ਼ਾਬ ਨਾਲ ਸਬੰਧਤ ਕੋਈ ਨਾ ਕੋਈ ਸਮੱਸਿਆ ਹੋਣਾ ਵੀ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ।

- ਭਾਰਤ 'ਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਯਾਨੀ ਸਰਵਾਇਕਲ ਕੈਂਸਰ ਦੂਜਾ ਸਭ ਤੋਂ ਆਮ ਕੈਂਸਰ ਹੈ।
- ਬੱਚੇਦਾਨੀ ਦੇ ਮੂੰਹ ਦਾ ਕੈਂਸਰ ਇੱਕ ਵਾਇਰਸ ਦੇ ਨਾਲ ਹੁੰਦਾ ਹੈ ਜਿਸ ਨੂੰ ਕਿ ਐੱਚਪੀਵੀ (Human papillomavirus) ਕਿਹਾ ਜਾਂਦਾ ਹੈ।
- ਇਹ ਵਾਇਰਸ ਜਿਣਸੀ ਸੰਬੰਧ ਬਣਾਉਣ ਸਮੇਂ ਸਰੀਰ 'ਚ ਦਾਖਲ ਹੁੰਦਾ ਹੈ।
- ਜ਼ਿਆਦਾ ਸੈਕਸ਼ੁਅਲ ਪਾਰਟਨਰ ਹੋਣ ਨਾਲ ਇਸ ਬਿਮਾਰੀ ਦੇ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
- ਆਮ ਤੌਰ 'ਤੇ 45 ਤੋਂ 70 ਸਾਲ ਦੀ ਉਮਰ ਦੀਆਂ ਔਰਤਾਂ 'ਚ ਇਸ ਦਾ ਖ਼ਤਰਾ ਬਣਿਆ ਰਹਿੰਦਾ ਹੈ
- ਇਸਦੇ ਲੱਛਣਾਂ 'ਚੋਂ ਸਭ ਤੋਂ ਗੰਭੀਰ ਲੱਛਣ ਬੱਚੇਦਾਨੀ 'ਚੋਂ ਗੰਦੇ ਪਾਣੀ ਜਾਂ ਬਦਬੂਦਾਰ ਪਾਣੀ ਦਾ ਪੈਣਾ ਹੈ।
- ਹੋਰ ਲੱਛਣਾਂ ਵਿੱਚ ਮੀਨੋਪੋਜ਼ ਤੋਂ ਬਾਅਦ ਖੂਨ ਪੈਣਾ, ਪੀਰੀਅਡ ਤੋਂ ਬਾਅਦ ਇੱਕੋ ਮਹੀਨੇ ਵਿੱਚ ਵਧੇਰੇ ਵਾਰ ਖੂਨ ਪੈਣਾ ਵੀ ਸ਼ਾਮਲ ਹਨ।
- ਢਿੱਡ ਦੇ ਹੇਠਲੇ ਹਿੱਸੇ 'ਚ ਦਰਦ ਤੇ ਪੇਸ਼ਾਬ ਨਾਲ ਸਬੰਧਤ ਕੋਈ ਨਾ ਕੋਈ ਸਮੱਸਿਆ ਹੋਣਾ ਵੀ ਇਸ ਦੇ ਲੱਛਣ ਹੋ ਸਕਦੇ ਹਨ।
- ਲੱਛਣ ਨਜ਼ਰ ਆਉਣ ਤੋਂ ਪਹਿਲਾਂ ਵੀ ਪੇਪ ਸਮੇਅਰ (Pap smear) ਟੈਸਟ ਰਾਹੀਂ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ।
- ਭਾਰਤ 'ਚ ਇਸ ਦੀ ਵੈਕਸਿਨ ਦੋ ਨਾਵਾਂ ਨਾਲ ਉਪਲੱਬਧ ਹੈ- Gardasil ਅਤੇ Cervarix

ਕਿਸ ਉਮਰ ਦੀਆਂ ਔਰਤਾਂ ਨੂੰ ਖ਼ਤਰਾ ਜ਼ਿਆਦਾ?
ਆਮ ਤੌਰ 'ਤੇ 45 ਤੋਂ 70 ਸਾਲ ਦੀਆਂ ਉਮਰ ਦੀਆਂ ਔਰਤਾਂ 'ਚ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪਰ ਇਹ ਪਹਿਲਾਂ ਵੀ ਆਪਣੇ ਲੱਛਣ ਦਿਖਾ ਸਕਦਾ ਹੈ।
ਇਸ ਦਾ ਪਤਾ ਕਿਵੇਂ ਲਗਾਇਆ ਜਾ ਸਕਦਾ ਹੈ?
ਕੈਂਸਰ ਦੀ ਸ਼ੁਰੂਆਤ ਦੇ ਪਹਿਲੇ 10-15 ਸਾਲ ਜਦੋਂ ਇਸ ਦੇ ਕੋਈ ਵੀ ਲੱਛਣ ਸਾਹਮਣੇ ਨਹੀਂ ਆਉਂਦੇ ਹਨ, ਉਸ ਸਮੇਂ ਪੇਪ ਸਮੇਅਰ (Pap smear) ਟੈਸਟ ਰਾਹੀਂ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ।
ਪੇਪ ਸਮੇਅਰ ਟੈਸਟ ਬਹੁਤ ਹੀ ਆਮ ਮਿਲਦਾ ਜਾਂਦਾ ਹੈ ਅਤੇ 30 ਸਾਲ ਤੋਂ ਉੱਪਰ ਦੀ ਹਰ ਔਰਤ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਕਿਵੇਂ ਹੁੰਦਾ ਹੈ ਇਹ ਟੈਸਟ?
ਇਹ ਟੈਸਟ ਗਾਇਨੋਕੋਲੋਜਿਸਟ ਕੋਲ ਜਾ ਕੇ ਕਰਵਾਇਆ ਜਾਂਦਾ ਹੈ। ਜੇਕਰ ਤੁਹਾਡੀ ਉਮਰ 30 ਸਾਲ ਤੋਂ ਉੱਪਰ ਹੈ, ਭਾਵੇਂ ਤੁਹਾਨੂੰ ਇਸ ਸਬੰਧੀ ਕੋਈ ਲੱਛਣ ਹੈ ਜਾਂ ਫਿਰ ਨਹੀਂ ਪਰ ਫਿਰ ਵੀ ਇਹ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ।
ਇਸ ਟੈਸਟ ਨੂੰ ਕਰਨ 'ਚ 5-7 ਮਿੰਟ ਦਾ ਹੀ ਸਮਾਂ ਲੱਗਦਾ ਹੈ। ਇਹ ਟੈਸਟ ਸਰਕਾਰੀ ਹਸਪਤਾਲਾਂ 'ਚ ਵੀ ਉਪਲੱਬਧ ਹੈ ਅਤੇ ਅੱਜਕੱਲ ਤਾਂ ਇਸ ਸਬੰਧੀ ਕਈ ਕੈਂਪ ਵੀ ਲੱਗਦੇ ਹਨ, ਜਿੱਥੇ ਇਹ ਟੈਸਟ ਮੁਫ਼ਤ ਕੀਤਾ ਜਾਂਦਾ ਹੈ।
ਜੇਕਰ ਤੁਸੀਂ ਕਿਸੇ ਨਿੱਜੀ ਹਸਪਤਾਲ 'ਚ ਇਹ ਟੈਸਟ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਦੀ ਕੀਮਤ ਮਹਿਜ਼ 700 ਤੋਂ 1500 ਰੁਪਏ ਹੁੰਦੀ ਹੈ।
ਕਦੋਂ ਅਤੇ ਕਿੰਨ੍ਹੀ ਵਾਰ ਕਰਵਾਉਣਾ ਚਾਹੀਦਾ ਹੈ ਟੈਸਟ?
ਇਹ ਟੈਸਟ ਵਾਰ-ਵਾਰ ਨਹੀਂ ਹੁੰਦਾ ਹੈ। 3 ਤੋਂ 5 ਸਾਲ ਦੇ ਸਮੇਂ 'ਚ ਇੱਕ ਵਾਰ ਇਹ ਟੈਸਟ ਕਰਵਾਉਣਾ ਹੁੰਦਾ ਹੈ।

ਤਸਵੀਰ ਸਰੋਤ, Science Photo Library
ਇਸ ਟੈਸਟ ਦਾ ਮਕਸਦ ਕੀ ਹੈ?
ਇਹ ਟੈਸਟ ਸਾਨੂੰ 5 ਤੋਂ 10 ਸਾਲ ਬਾਅਦ ਆਉਣ ਵਾਲੀ ਸਥਿਤੀ ਤੋਂ ਜਾਣੂ ਕਰਵਾਉਂਦਾ ਹੈ ਅਤੇ ਜੇ ਕਿਸੇ ਬਿਮਾਰੀ ਦੇ ਲੱਛਣ ਵਿਖਾਈ ਦੇਣ 'ਤੇ ਸਮਾਂ ਰਹਿੰਦਿਆਂ ਹੀ ਉਸ ਦਾ ਇਲਾਜ ਕੀਤਾ ਜਾ ਸਕਦਾ ਹੈ।
ਕਿਵੇਂ ਬਚਿਆ ਜਾ ਸਕਦਾ ਹੈ?
ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਣ ਦਾ ਇੱਕ ਤਰੀਕਾ ਵੈਕਸੀਨ ਹੈ। ਭਾਰਤ 'ਚ ਇਹ ਵੈਕਸੀਨ ਦੋ ਨਾਵਾਂ ਨਾਲ ਉਪਲੱਬਧ ਹੈ- Gardasil ਅਤੇ Cervarix ।
ਇਹ ਵੈਕਸਿਨ ਐੱਚਪੀਵੀ ਦੇ ਵਾਧੇ ਨੂੰ ਰੋਕਦੀ ਹੈ। ਇਸ ਲਈ ਜੇਕਰ ਤੁਹਾਡੇ ਸਰੀਰ 'ਚ ਐੱਚਪੀਵੀ ਦਾਖਲ ਹੋ ਵੀ ਚੁੱਕਿਆ ਹੈ ਤਾਂ ਵੀ ਇਹ ਵੈਕਸਿਨ ਉਸ ਦੇ ਵਾਧੇ ਨੂੰ ਰੋਕਦੀ ਹੈ ਅਤੇ ਬੱਚੇਦਾਨੀ ਦੇ ਕੈਂਸਰ ਦੇ ਖ਼ਤਰੇ ਨੂੰ ਵੀ ਘਟਾਉਂਦੀ ਹੈ।

ਇਹ ਵੀ ਪੜ੍ਹੋ-

ਇਹ ਵੈਕਸਿਨ ਕਦੋਂ ਲੱਗਦੀ ਹੈ?
ਇਹ ਵੈਕਸਿਨ 9 ਤੋਂ 26 ਸਾਲ ਦੀ ਉਮਰ ਦੌਰਾਨ ਲੱਗਦੀ ਹੈ। ਵੈਕਸੀਨ ਲਗਾਉਣ ਦਾ ਫਾਇਦਾ ਤਾਂ ਹੀ ਜੇਕਰ ਵੈਕਸੀਨ ਜਿਣਸੀ ਸਬੰਧ ਸ਼ੁਰੂ ਕਰਨ ਤੋਂ ਪਹਿਲਾਂ ਲਗਵਾਈ ਜਾਵੇ।
ਜੇਕਰ ਇੱਕ ਵਾਰ ਸੈਕਸ਼ੁਅਲ ਗਤੀਵਿਧੀਆਂ ਦੀ ਸ਼ੁਰੂਆਤ ਹੋ ਜਾਂਦੀ ਹੈ ਤਾਂ ਇਸ ਵੈਕਸੀਨ ਨੂੰ ਲਗਾਉਣ ਤੋਂ ਬਾਅਦ ਇਸ ਦੇ ਪ੍ਰਭਾਵ ਘਟ ਜਾਂਦੇ ਹਨ।
ਜੇਕਰ ਤੁਹਾਡੀ ਉਮਰ 9 ਤੋਂ 15 ਸਾਲ ਦਰਮਿਆਨ ਹੈ ਤਾਂ ਇਸ ਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਂਦੀਆਂ ਹਨ। ਦੂਜੀ ਖੁਰਾਕ ਪਹਿਲੀ ਖੁਰਾਕ ਤੋਂ 6 ਮਹੀਨੇ ਬਾਅਦ ਦਿੱਤੀ ਜਾਂਦੀ ਹੈ।

ਤਸਵੀਰ ਸਰੋਤ, Getty Images
ਜੇਕਰ ਤੁਹਾਡੀ ਉਮਰ 15 ਸਾਲ ਤੋਂ ਵੱਧ ਹੈ ਤਾਂ ਇਸ ਵੈਕਸੀਨ ਦੀਆਂ ਤਿੰਨ ਖੁਰਾਕਾਂ ਦਿੱਤੀਆਂ ਜਾਂਦੀਆਂ ਹਨ। ਪਹਿਲੀ ਖੁਰਾਕ, ਦੂਜੀ ਇੱਕ ਮਹੀਨੇ ਬਾਅਦ ਅਤੇ ਤੀਜੀ ਖੁਰਾਕ 6 ਮਹੀਨੇ ਬਾਅਦ।
ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਖਤਰੇ ਤੋਂ ਬਚਣ ਲਈ ਇਹ ਵੈਕਸੀਨ ਜ਼ਰੂਰ ਲਗਵਾਉਣੀਆਂ ਚਾਹੀਦੀਆਂ ਹਨ। ਜੇਕਰ ਤੁਹਾਨੂੰ ਇਸ ਬਾਰੇ ਪਤਾ ਲੱਗ ਗਿਆ ਹੈ ਤਾਂ ਆਪਣੇ ਆਸ-ਪਾਸ ਦੀਆਂ ਔਰਤਾਂ, ਦੋਸਤਾਂ-ਮਿੱਤਰਾਂ ਨੂੰ ਵੀ ਇਸ ਬਾਰੇ ਜਾਣੂ ਕਰਵਾਓ।
ਕਿਹਾ ਜਾਂਦਾ ਹੈ ਕਿ ਵੈਕਸੀਨ ਲਗਵਾਉਣ ਤੋਂ ਬਾਅਦ 95 ਤੋਂ 96 ਫੀਸਦੀ ਤੱਕ ਕੈਂਸਰ ਦਾ ਖ਼ਤਰਾ ਘਟ ਜਾਂਦਾ ਹੈ।
ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਇਲਾਜ
ਜਦੋਂ ਕਿਸੇ ਵੀ ਔਰਤ ਨੂੰ ਪਤਾ ਲੱਗਦਾ ਹੈ ਕਿ ਉਹ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨਾਲ ਜੂਝ ਰਹੀ ਹੈ ਤਾਂ ਉਸ ਦਾ ਇੱਕ ਟੈਸਟ ਕੀਤਾ ਜਾਂਦਾ ਹੈ, ਜਿਸ ਨੂੰ ਬਾਇਓਪਸੀ ਟੈਸਟ ਕਿਹਾ ਜਾਂਦਾ ਹੈ।
ਇਸ ਟੈਸਟ 'ਚ ਮਾਸ ਦਾ ਇੱਕ ਟੁੱਕੜਾ ਲਿਆ ਜਾਂਦਾ ਹੈ ਅਤੇ ਪੁਸ਼ਟੀ ਕੀਤੀ ਜਾਂਦੀ ਹੈ ਕਿ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ ਜਾਂ ਫਿਰ ਨਹੀਂ। ਜਦੋਂ ਕੈਂਸਰ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਤੁਰੰਤ ਇਸ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ।

ਤਸਵੀਰ ਸਰੋਤ, Getty Images
ਕੈਂਸਰ ਸਰੀਰ 'ਚ ਕਿੰਨ੍ਹਾ ਕੁ ਫੈਲ ਚੁੱਕਿਆ ਹੈ, ਇਸ ਦੇ ਆਧਾਰ 'ਤੇ ਹੀ ਉਸ ਦਾ ਇਲਾਜ ਤੈਅ ਕੀਤਾ ਜਾਂਦਾ ਹੈ। ਜੇਕਰ ਕੈਂਸਰ ਆਪਣੇ ਸ਼ੁਰੂਆਤੀ ਪੜਾਅ 'ਤੇ ਹੀ ਹੈ ਤਾਂ ਇਸ ਦਾ ਇਲਾਜ ਸਰਜਰੀ ਕਰਕੇ ਕੀਤਾ ਜਾਂਦਾ ਹੈ।
ਸਰਜਰੀ ਦੌਰਾਨ ਬੱਚੇਦਾਨੀ ਕੱਢ ਦਿੱਤੀ ਜਾਂਦੀ ਹੈ ਅਤੇ ਇਸ ਦੀ ਰਿਕਵਰੀ ਦਰ 95 ਫੀਸਦੀ ਦੇ ਨੇੜੇ ਤੇੜੇ ਹੈ, ਜੋ ਕਿ ਉੱਚ ਰਿਕਵਰੀ ਦਰ ਹੈ।
ਜਿਵੇਂ-ਜਿਵੇਂ ਕੈਂਸਰ ਦੀ ਸਟੇਜ ਵਧਦੀ ਜਾਂਦੀ ਹੈ ਤਾਂ ਉਸ ਕੇਸ 'ਚ ਰਿਕਵਰੀ ਦਰ ਘੱਟਦੀ ਜਾਂਦੀ ਹੈ। ਅਜਿਹੀ ਸਥਿਤੀ 'ਚ ਕਿਮੋਥੈਰੇਪੀ ਰਾਹੀਂ ਇਲਾਜ ਕੀਤਾ ਜਾਂਦਾ ਹੈ।
ਇਸ ਲਈ ਬੱਚੇਦਾਨੀ ਦੇ ਮੂੰਹ ਦੇ ਲੱਛਣਾਂ ਨੂੰ ਬਿਲਕੁੱਲ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਆਮ ਤੌਰ 'ਤੇ ਔਰਤਾਂ ਵਾਧੂ ਪੈ ਰਹੇ ਪਾਣੀ ਅਤੇ ਲਾਗ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ, ਪਰ ਅਜਿਹਾ ਨਹੀਂ ਹੋਣਾ ਚਾਹੀਦਾ ਹੈ, ਕਿਉਂਕਿ ਇਹ ਖ਼ਤਰੇ ਦੀ ਘੰਟੀ ਹੋ ਸਕਦੀ ਹੈ।
ਇਸ ਲਈ ਅਜਿਹੀ ਸਥਿਤੀ 'ਚ ਆਪਣੀ ਡਾਕਟਰ ਨਾਲ ਸਲਾਹ ਮਸ਼ਵਰਾ ਕਰਨ ਦੀ ਜ਼ਰੂਰਤ ਹੈ ਤਾਂ ਜੋ ਬਿਮਾਰੀ ਦੇ ਕਿਸੇ ਵੀ ਲੱਛਣ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾ ਸਕੇ।

ਹੈਲਥ ਸੀਰੀਜ਼ ਦੀਆਂ ਬਾਕੀ ਕਹਾਣੀਆਂ ਪੜ੍ਹੋ














