ਹਿਮਾਚਲ ਚੋਣਾਂ: ਦੌੜ ’ਚ ਅੱਗੇ ਨਿਕਲਣ ਤੋਂ ਬਾਅਦ ਹੁਣ ‘ਆਪ’ ਕਿੱਥੇ ਖੜੀ

- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਮਾਰਚ ਦੇ ਮਹੀਨੇ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਤਾਂ ਸੁਭਾਵਿਕ ਸੀ ਕਿ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਉਨ੍ਹਾਂ ਦਾ ਅਗਲਾ ਨਿਸ਼ਾਨਾ ਹੋਵੇਗਾ।
ਅਗਲੇ ਕੁਝ ਹਫ਼ਤਿਆਂ ਵਿੱਚ, ਪਾਰਟੀ ਨੇ ਹਿਮਾਚਲ ਵਿੱਚ ਆਪਣੀਆਂ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਕੀ ਆਮ ਆਦਮੀ ਪਾਰਟੀ ਹਿਮਾਚਲ ਵਿੱਚ ਭਾਜਪਾ ਅਤੇ ਕਾਂਗਰਸ ਨੂੰ ਚੁਣੌਤੀ ਦੇ ਸਕੇਗੀ ਜਿੱਥੇ ਦੋਵੇਂ ਪਾਰਟੀਆਂ ਦਹਾਕਿਆਂ ਤੋਂ ਵਾਰੀ-ਵਾਰੀ ਸੱਤਾ ’ਚ ਆਉਂਦੀਆਂ ਰਹੀਆਂ ਹਨ? ਹਿਮਾਚਲ ਪ੍ਰਦੇਸ਼ ਤੋਂ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਗ੍ਰਾਉਂਡ ਰਿਪੋਰਟ...
ਹਿਮਾਚਲ ਪ੍ਰਦੇਸ਼ ਦੇ ਸੋਲਨ ਸ਼ਹਿਰ 'ਚ ਚੱਲ ਰਹੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ 'ਚ ਵੀ ਮੌਜੂਦ ਲੋਕਾਂ ਦੀ ਭਾਰੀ ਭੀੜ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ।
ਕੇਜਰੀਵਾਲ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਲੋਕਾਂ ਨੂੰ ਬੇਨਤੀ ਕਰ ਰਹੇ ਸਨ ਕਿ ਉਹ ਇੱਕ ਮੌਕਾ ਦੇਣ। ਜਿਸ ਤਰ੍ਹਾਂ ਪੰਜਾਬ ਵਿਚ ਦੋਵੇਂ ਪਾਰਟੀਆਂ ਲਗਭਗ ਵਾਰੋ-ਵਾਰੀ ਸੱਤਾ ਵਿਚ ਆਉਂਦੀਆਂ ਰਹੀਆਂ ਹਨ, ਹਿਮਾਚਲ ਵਿਚ ਵੀ ਕਾਂਗਰਸ ਅਤੇ ਭਾਜਪਾ ਵਿਚਾਲੇ ਅਜਿਹਾ ਹੀ ਹੁੰਦਾ ਆਇਆ ਹੈ।
ਕੇਜਰੀਵਾਲ ਲੋਕਾਂ ਨੂੰ ਕਹਿ ਰਹੇ ਸਨ ਕਿ ਪੰਜਾਬ ਵਾਂਗ ਹੁਣ ਉਨ੍ਹਾਂ ਕੋਲ ਇੱਕ ਇਮਾਨਦਾਰ ਪਾਰਟੀ ਨੂੰ ਵੋਟ ਪਾਉਣ ਦਾ ਮੌਕਾ ਹੈ ਜੋ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ।

- ਅਗਲੇ ਕੁਝ ਹਫ਼ਤਿਆਂ ਵਿੱਚ, ਪਾਰਟੀ ਨੇ ਹਿਮਾਚਲ ਵਿੱਚ ਆਪਣੀਆਂ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
- ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ 68 ਸੀਟਾਂ ਲਈ 12 ਨਵੰਬਰ ਨੂੰ ਚੋਣਾਂ ਹੋਣੀਆਂ ਹਨ ਅਤੇ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।
- ਕੀ ਆਮ ਆਦਮੀ ਪਾਰਟੀ ਹਿਮਾਚਲ ਵਿੱਚ ਭਾਜਪਾ ਅਤੇ ਕਾਂਗਰਸ ਨੂੰ ਚੁਣੌਤੀ ਦੇ ਸਕੇਗੀ।
- ਕੇਜਰੀਵਾਲ ਲੋਕਾਂ ਨੂੰ ਕਹਿ ਰਹੇ ਸਨ ਕਿ ਪੰਜਾਬ ਵਾਂਗ ਹੁਣ ਉਨ੍ਹਾਂ ਕੋਲ ਇੱਕ ਇਮਾਨਦਾਰ ਪਾਰਟੀ ਨੂੰ ਵੋਟ ਪਾਉਣ ਦਾ ਮੌਕਾ ਹੈ ਜੋ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ।
- ਕੁਝ ਪੰਜਾਬ ਵਾਂਗ ਇੱਥੇ ਵੀ ਆਮ ਆਦਮੀ ਪਾਰਟੀ ਨੇ ਗਾਰੰਟੀਆਂ ਦਿੱਤੀਆਂ ਹਨ।
- ਪਾਰਟੀ ਨੇ ਪੁਰਾਣੀ ਸਕੀਮ ਬਹਾਲ ਕਰਨ ਦੀ ਵੀ ਗਾਰੰਟੀ ਦਿੱਤੀ ਹੈ।

ਕੇਜਰੀਵਾਲ ਦੀ ਗਾਰੰਟੀ
ਕੁਝ ਪੰਜਾਬ ਵਾਂਗ ਇੱਥੇ ਵੀ ਆਮ ਆਦਮੀ ਪਾਰਟੀ ਨੇ ਗਾਰੰਟੀਆਂ ਦਿੱਤੀਆਂ ਹਨ।
ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਦੇ ਪ੍ਰਧਾਨ ਸੁਰਜੀਤ ਠਾਕੁਰ ਨੇ ਬੀਬੀਸੀ ਨੂੰ ਦੱਸਿਆ ਕਿ ਪਹਿਲੀ ਗਾਰੰਟੀ ਮਹਿਲਾ ਸਨਮਾਨ ਰਾਸ਼ੀ ਹੈ ਜਿਸ ਵਿੱਚ 18 ਤੋਂ ਵੱਧ ਦੀ ਉਮਰ ਵਾਲੀ ਹਰ ਔਰਤ ਨੂੰ 1000 ਰੁਪਏ ਹਰ ਮਹੀਨਾ ਦਿੱਤੇ ਜਾਣਗੇ।
ਉਨ੍ਹਾਂ ਨੇ ਕਿਹਾ, "ਹਿਮਾਚਲ ਵਿੱਚ ਬੇਰੁਜ਼ਗਾਰੀ ਇੱਕ ਵੱਡੀ ਸਮੱਸਿਆ ਹੈ। ਜੇਕਰ ਇੱਥੋਂ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦਿੰਦੇ ਹਨ ਤਾਂ ਅਸੀਂ ਇੱਥੋਂ ਦੇ ਲੋਕਾਂ ਨੂੰ 6 ਲੱਖ ਨੌਕਰੀਆਂ ਦੇਵਾਂਗੇ।"

"ਇਸ ਦੇ ਨਾਲ ਹੀ, 3000 ਰੁਪਏ ਬੇਰੁਜ਼ਗਾਰੀ ਭੱਤਾ ਉਦੋਂ ਤੱਕ ਦਿੱਤਾ ਜਾਵੇਗਾ ਜਦੋਂ ਤੱਕ ਉਹ ਸਰਕਾਰੀ ਨੌਕਰੀ ਨਹੀਂ ਮਿਲਦੀ ਜਾਂ ਉਹ 40 ਸਾਲ ਦੀ ਉਮਰ ਤੱਕ ਨਹੀਂ ਪਹੁੰਚ ਜਾਂਦੇ।"
ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨਾ ਵੀ ਇੱਕ ਗਾਰੰਟੀ ਹੈ ਅਤੇ ਇੱਕ ਤਾਂ ਇੱਥੇ ਇਹ ਵੀ ਮੁੱਦਾ ਬਣਦਾ ਜਾ ਰਿਹਾ ਹੈ ਕਿਉਂਕਿ ਸਰਕਾਰੀ ਮੁਲਾਜ਼ਮ ਨਵੀਂ ਪੈਨਸ਼ਨ ਸਕੀਮ ਤੋਂ ਬਹੁਤ ਨਾਰਾਜ਼ ਹਨ।
ਪਾਰਟੀ ਨੇ ਪੁਰਾਣੀ ਸਕੀਮ ਬਹਾਲ ਕਰਨ ਦੀ ਵੀ ਗਾਰੰਟੀ ਦਿੱਤੀ ਹੈ।
'ਆਮ ਆਦਮੀ ਪਾਰਟੀ ਆਈ ਤੇ ਗਏ'
ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ 68 ਸੀਟਾਂ ਲਈ 12 ਨਵੰਬਰ ਨੂੰ ਚੋਣਾਂ ਹੋਣੀਆਂ ਹਨ ਅਤੇ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।
ਇਸ ਵੇਲੇ ਇੱਥੇ ਭਾਜਪਾ ਦੀ ਸਰਕਾਰ ਹੈ। ਕਾਂਗਰਸ ਦਾਅਵਾ ਕਰ ਰਹੀ ਹੈ ਕਿ ਹੁਣ ਸੱਤਾ ਵਿੱਚ ਆਉਣ ਦੀ ਉਸ ਦੀ ਵਾਰੀ ਹੈ। ਪਰ ਆਮ ਆਦਮੀ ਪਾਰਟੀ ਨੇ ਵੀ 67 ਸੀਟਾਂ 'ਤੇ ਆਪਣੇ ਉਮੀਦਵਾਰ ਖੜੇ ਕੀਤੇ ਹਨ ਅਤੇ ਉਸ ਦਾ ਮੰਨਣਾ ਹੈ ਕਿ ਇਸ ਤੋਂ ਬਿਨਾਂ ਅਗਲੀ ਸਰਕਾਰ ਨਹੀਂ ਬਣ ਸਕਦੀ।

ਇਸ ਦੇ ਨਾਲ ਹੀ ਭਾਜਪਾ ਅਤੇ ਕਾਂਗਰਸ ਦੋਵੇਂ ਹੀ ਆਮ ਆਦਮੀ ਪਾਰਟੀ ਨੂੰ ਚੋਣ ਮੈਦਾਨ ਵਿੱਚ ਕਬੂਲ ਨਹੀਂ ਕਰ ਸਕੀਆਂ।
ਭਾਜਪਾ ਪ੍ਰਧਾਨ ਜੇਪੀ ਨੱਡਾ ਇੱਕ ਰੈਲੀ ਦੌਰਾਨ ਕਹਿ ਰਹੇ ਸਨ ਕਿ ਇੱਕ ਹੋਰ ਪਾਰਟੀ (ਯਾਨੀ ਆਪ) ਆਈ ਬਾਅਦ ਵਿੱਚ ਅਤੇ ਗਈ ਪਹਿਲਾਂ।
ਉਹ ਅੱਗੇ ਕਹਿੰਦੇ ਹਨ, "ਉਹ ਕਰੀਜ਼ 'ਤੇ ਹੀ ਨਹੀਂ ਟਿੱਕ ਸਕੇ ਕਿਉਂਕਿ ਇੱਥੋਂ ਦਿੱਲੀ ਅਤੇ ਪੰਜਾਬ ਬਹੁਤ ਨੇੜੇ ਹਨ।"
"ਇੱਥੋਂ ਦੇ ਲੋਕ ਬਹੁਤ ਜਾਗਰੂਕ ਹਨ... ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਧੋਖੇ ਨਾਲ ਕੰਮ ਕਰਦੇ ਹਨ। ਫਿਰ ਉਨ੍ਹਾਂ (ਪਾਰਟੀ) ਨੇ ਸਮਝਿਆ ਕਿ ਇੱਥੇ ਉਨ੍ਹਾਂ ਦਾ ਕੰਮ ਨਹੀਂ ਚੱਲੇਗਾ, ਇਸ ਲਈ ਉਹ ਗੁਜਰਾਤ ਚਲੇ ਗਏ ਤਾਂ ਕਿ ਘੱਟੋ-ਘੱਟ ਦਿੱਲੀ ਦੀ ਹਵਾ ਉੱਥੇ ਨਾ ਪਹੁੰਚੇ।"

ਜਦੋਂ ਮੈਂ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਨਰੇਸ਼ ਚੌਹਾਨ ਨੂੰ ਪੁੱਛਿਆ ਕਿ ਉਹ 'ਆਪ' ਨੂੰ ਕਿੱਥੇ ਖੜ੍ਹੀ ਦੇਖਦੇ ਹਨ, ਤਾਂ ਉਨ੍ਹਾਂ ਕਿਹਾ, "ਹਿਮਾਚਲ ਵਿੱਚ ਆਮ ਆਦਮੀ ਪਾਰਟੀ ਦਾ ਸਫ਼ਰ ਅਜੇ ਬਹੁਤ ਲੰਬਾ ਹੈ।"
"ਉਹ ਅੱਜ ਆ ਰਹੇ ਹਨ, ਕੋਸ਼ਿਸ਼ ਵੀ ਕਰ ਰਹੇ ਹਨ ਪਰ ਮੈਨੂੰ ਲੱਗਦਾ ਹੈ ਕਿ ਹਿਮਾਚਲ ਵਿੱਚ ਸ਼ਾਇਦ ਹੀ ਕੋਈ ਸੀਟ ਹੋਵੇ ਜਿੱਥੇ ਉਹ ਆਪਣੀ ਜ਼ਮਾਨਤ ਬਚਾ ਸਕੇ। ਆਮ ਆਦਮੀ ਪਾਰਟੀ ਦੀ ਇਸ ਚੋਣ ਵਿੱਚ ਫ਼ਿਲਹਾਲ ਕੋਈ ਵੱਡੀ ਭੂਮਿਕਾ ਨਹੀਂ ਹੋਣ ਵਾਲੀ ਹੈ।"

ਇਹ ਵੀ ਪੜ੍ਹੋ-

ਗ਼ਲਤੀਆਂ ਕੀ ਸਨ?
ਕੁਝ ਮਾਹਿਰ ਅਤੇ ਇੱਥੋਂ ਤੱਕ ਕਿ ਪਾਰਟੀ ਦੇ ਕੁਝ ਨੇਤਾਵਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਤਾਂ ਚੰਗੀ ਹੋਈ ਸੀ ਪਰ ਬਾਅਦ ਵਿੱਚ ਉਨ੍ਹਾਂ ਦੀ ਮੁਹਿੰਮ ਫਿੱਕੀ ਪੈਣ ਲੱਗੀ।
ਇਸ ਦੇ ਕਈ ਕਾਰਨ ਹਨ-ਇਕ ਤਾਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਪਾਰਟੀ ਦੇ ਆਗੂਆਂ ਦਾ ਛੱਡ ਕੇ ਚਲੇ ਜਾਣਾ, ਪਾਰਟੀ ਵਿਚ ਵੱਡੇ ਲੀਡਰਾਂ ਦੀ ਘਾਟ ਅਤੇ ਸ਼ੁਰੂਆਤੀ ਰੈਲੀਆਂ ਤੋਂ ਬਾਅਦ ਹਿਮਾਚਲ ਤੋਂ ਪਾਰਟੀ ਦੇ ਆਪਣੇ ਹੀ ਆਗੂ ਗ਼ਾਇਬ ਹੋ ਜਾਣਾ।
'ਆਪ' ਦੇ ਸ਼ਿਮਲਾ ਤੋਂ ਉਮੀਦਵਾਰ ਚਮਨ ਰਾਕੇਸ਼ ਦਾ ਕਹਿਣਾ ਹੈ ਕਿ ਹਿਮਾਚਲ 'ਚ ਪਹਿਲੀ ਗ਼ਲਤੀ ਇਹ ਹੋਈ ਕਿ ਸਾਬਕਾ ਪ੍ਰਧਾਨ ਨੂੰ ਸਮੇਂ 'ਤੇ ਨਹੀਂ ਹਟਾਇਆ ਗਿਆ।

ਉਸ ਬਾਰੇ ਕਈ ਗੱਲਾਂ ਚੱਲ ਰਹੀਆਂ ਸਨ। "ਇਸ ਲਈ ਇਸ ਦੇਰੀ ਕਾਰਨ, ਭਾਜਪਾ ਨੇ ਅਚਾਨਕ ਉਸ ਨੂੰ ਖਿੱਚ ਲਿਆ। ਉਸ ਦਾ ਜਾਣਾ ਤੈਅ ਸੀ, ਪਰ ਇਸ ਕਾਰਨ ਜਥੇਬੰਦੀ ਨੂੰ ਭੰਗ ਕਰ ਦਿੱਤਾ ਗਿਆ।"
"ਦੂਜੀ ਗ਼ਲਤੀ ਇਹ ਸੀ ਕਿ ਸੰਗਠਨ ਨੂੰ ਹੇਠਲੇ ਪੱਧਰ ਤੱਕ ਤੋੜ ਦਿੱਤਾ ਗਿਆ ਸੀ। ਜੇਕਰ ਇਸ ਨੂੰ ਸਿਰਫ਼ ਉੱਪਰਲੇ ਪੱਧਰ ਤੱਕ ਤੋੜਿਆ ਜਾਂਦਾ ਤਾਂ ਸ਼ਾਇਦ ਇਸ ਦਾ ਬਹੁਤਾ ਅਸਰ ਨਾ ਹੁੰਦਾ। ਉਸ ਦਾ ਨੁਕਸਾਨ ਇਹ ਹੋਇਆ ਕਿ ਸੰਗਠਨ ਨੂੰ ਦੁਬਾਰਾ ਬਣਾਉਣ ਵਿੱਚ ਲੰਬਾ ਸਮਾਂ ਲੱਗ ਗਿਆ।"
ਉਹ ਅੱਗੇ ਕਹਿੰਦੇ ਹਨ, "ਫਿਰ ਜਿਵੇਂ ਹੀ ਸਾਡੇ ਸਾਬਕਾ ਇੰਚਾਰਜ ਸਤੇਂਦਰ ਜੈਨ ਲੋਕਾਂ ਨਾਲ ਮਿਲਣ ਵਿਚਰਨ ਲੱਗੇ ਤਾਂ ਉਨ੍ਹਾਂ ਨੂੰ ਫੜ ਲਿਆ ਗਿਆ।"
"ਹੁਣ ਉਸ ਦਾ ਘਾਟਾ ਇਹ ਹੋਇਆ ਕਿ ਇੱਥੇ ਕੋਈ ਜਨ-ਸਾਧਾਰਨ ਆਗੂ ਨਹੀਂ ਬਚਿਆ ਜੋ ਰੋਜ਼ਾਨਾ ਦੀਆਂ ਚੀਜ਼ਾਂ ਦੇਖ ਸਕੇ।"
ਦਰਅਸਲ, ਪਾਰਟੀ ਦੇ ਚੋਣ ਇੰਚਾਰਜ ਅਤੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਮਈ ਦੇ ਅਖੀਰ ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ
ਸਥਾਨਕ ਪੱਤਰਕਾਰ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਇੱਕ ਹੋਰ ਗੱਲ ਇਹ ਹੋਈ ਕਿ ਆਮ ਆਦਮੀ ਪਾਰਟੀ ਨੂੰ ਲੱਗਦਾ ਸੀ ਕਿ ਭਾਜਪਾ ਅਤੇ ਕਾਂਗਰਸ ਦੇ ਵੱਡੇ ਲੋਕ ਉਨ੍ਹਾਂ ਨਾਲ ਜੁੜ ਜਾਣਗੇ ਪਰ ਅਜਿਹਾ ਕੁਝ ਨਹੀਂ ਹੋਇਆ।
ਉਨ੍ਹਾਂ ਮੁਤਾਬਕ, "ਉਸ ਨੇ ਜਿੰਨੇ ਵੱਡੇ ਚਿਹਰੇ ਲਿਆਉਣ ਦੀ ਕੋਸ਼ਿਸ਼ ਕੀਤੀ ਉਹ ਉਸ ਦੇ ਨਾਲ ਨਹੀਂ ਆਏ। ਹੌਲੀ-ਹੌਲੀ ਪਾਰਟੀ ਨੇ ਆਪਣਾ ਧਿਆਨ ਗੁਜਰਾਤ ਵੱਲ ਮੋੜ ਲਿਆ ਅਤੇ ਆਪਣੇ ਆਪ ਨੂੰ ਇੱਥੋਂ ਬਾਹਰ ਕੱਢ ਲਿਆ।"
ਰੇਵੜੀਆਂ ਦੀ ਗੱਲ
ਉੱਧਰ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸੁਰਜੀਤ ਠਾਕੁਰ ਦਾ ਕਹਿਣਾ ਹੈ ਕਿ ਹੋਰਨਾਂ ਪਾਰਟੀਆਂ ਵਾਂਗ ਉਨ੍ਹਾਂ ਨੂੰ ਵੱਡੇ ਆਗੂਆਂ ਦੀ ਲੋੜ ਨਹੀਂ ਹੈ।
ਉਹ ਇਹ ਵੀ ਦਾਅਵਾ ਕਰ ਰਹੇ ਹਨ ਕਿ ਕੇਜਰੀਵਾਲ ਨੇ ਸੋਲਨ ਵਿੱਚ ਰੋਡ ਸ਼ੋਅ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੇ ਹੋਰ ਆਗੂ ਵੀ ਸੂਬੇ ਵਿੱਚ ਨਜ਼ਰ ਆਉਣਗੇ।
ਆਮ ਆਦਮੀ ਪਾਰਟੀ ਵੱਡੇ-ਵੱਡੇ ਵਾਅਦੇ ਵੀ ਕਰ ਰਹੀ ਹੈ ਅਤੇ ਮੁਫ਼ਤ ਸਕੀਮਾਂ ਦੇਣ ਦਾ ਐਲਾਨ ਵੀ ਕਰ ਰਹੀ ਹੈ। ਪਰ ਕਿਹਾ ਜਾਂਦਾ ਹੈ ਕਿ ਸੂਬੇ ਦੇ ਲੋਕ ਮੁਫ਼ਤ ਸੇਵਾਵਾਂ ਲੈਣਾ ਪਸੰਦ ਨਹੀਂ ਕਰਦੇ।

ਸਥਾਨਕ ਪੱਤਰਕਾਰ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਹਿਮਾਚਲ ਵਿੱਚ ਬਹੁਤ ਹੀ ਸਵੈਮਾਣ ਵਾਲੇ ਲੋਕ ਹਨ ਅਤੇ ਇੱਥੇ ਅਜਿਹੀ ਗ਼ਰੀਬੀ ਨਹੀਂ ਹੈ।
ਉਹ ਦੱਸਦੇ ਹਨ, "ਜਦੋਂ ਆਮ ਆਦਮੀ ਪਾਰਟੀ ਨੇ ਸ਼ੁਰੂ ਵਿੱਚ ਇਹੋ ਜਿਹੀ ਗੱਲ ਕੀਤੀ ਕਿ ਉਹ ਮੁਫ਼ਤ ਚੀਜ਼ਾਂ ਦੇਣਗੇ ਤਾਂ ਲੋਕਾਂ ਨੇ ਸੋਚਿਆ ਕਿ ਅਸੀਂ ਉਸ ਸ਼੍ਰੇਣੀ ਵਿੱਚ ਨਹੀਂ ਆਉਂਦੇ ਜੋ ਮੁਫ਼ਤ ਚੀਜ਼ਾਂ ਲੈਣਾ ਚਾਹੁੰਦੇ ਹਨ।"
"ਹਾਂ, ਕੁਝ ਅਜਿਹੇ ਲੋਕ ਹਨ ਜੋ ਗ਼ਰੀਬ ਹਨ ਜਾਂ ਉਨ੍ਹਾਂ ਨੂੰ ਇਸ ਤਰਾਂ ਦੀ ਮਦਦ ਦੀ ਲੋੜ ਹੈ। ਪਰ ਜੇ ਤੁਸੀਂ ਸੋਚਦੇ ਹੋ ਕਿ ਹਿਮਾਚਲ ਦੇ ਸਾਰੇ ਲੋਕ ਮੁਫ਼ਤ ਚੀਜ਼ਾਂ ਲੈਣਾ ਚਾਹੁੰਦੇ ਹਨ, ਤਾਂ ਅਜਿਹਾ ਨਹੀਂ ਹੈ।"
ਸੁਰਜੀਤ ਠਾਕੁਰ ਦਾ ਕਹਿਣਾ ਹੈ, "ਜਿਸ ਨੂੰ ਕੁਝ ਪਾਰਟੀਆਂ ਮੁਫ਼ਤ ਸਹੂਲਤਾਂ ਕਹਿੰਦੀਆਂ ਹਨ, ਉਹ ਲੋਕਾਂ ਦੇ ਭਲੇ ਲਈ ਹਨ ਅਤੇ ਇਹ ਹਰ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਇਹ ਸਹੂਲਤਾਂ ਪ੍ਰਦਾਨ ਕਰੇ ਨਾ ਕਿ ਕੁਝ ਪਾਰਟੀਆਂ ਵਾਂਗ ਆਪਣੇ ਖ਼ਾਸ ਲੋਕਾਂ ਨੂੰ।"

ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਆਗੂ ਆਪਣੀ ਪਾਰਟੀ ਦੀ 'ਕਲਿਆਣਕਾਰੀ ਨੀਤੀ' ਜਿਵੇਂ ਕਿ ਮੁਫ਼ਤ ਸਿਹਤ ਸੇਵਾਵਾਂ ਅਤੇ ਮੁਫ਼ਤ ਬਿਜਲੀ ਦਾ ਬਚਾਅ ਕਰਦੇ ਰਹੇ ਹਨ।
ਹੁਣ ਗੱਲ ਕਰਦੇ ਹਾਂ ਸੋਲਨ ਦੀ, ਜਿੱਥੇ ਅਰਵਿੰਦ ਕੇਜਰੀਵਾਲ ਭਾਸ਼ਣ ਦੇ ਰਹੇ ਸਨ।
ਮੈਂ ਭੀੜ ਵਿੱਚ ਮੌਜੂਦ ਲੋਕਾਂ ਨੂੰ ਪੁੱਛਿਆ ਕਿ ਉਹ ਇਸ ਪਾਰਟੀ ਬਾਰੇ ਕੀ ਸੋਚਦੇ ਹਨ। ਦੋ ਹੋਰ ਔਰਤਾਂ ਨਾਲ ਉੱਥੇ ਪਹੁੰਚੀਆਂ। ਇੱਕ ਔਰਤ ਨੇ ਕਿਹਾ ਕਿ ਉਹ ਕੇਜਰੀਵਾਲ ਨੂੰ ਦੇਖਣ ਲਈ ਹੀ ਉੱਥੇ ਪਹੁੰਚੀਆਂ ਹਨ।
ਉਨ੍ਹਾਂ ਕਿਹਾ, “ਮੈਂ ਸੁਣਿਆ ਹੈ ਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਹਨ। ਬਾਕੀ ਤਾਂ ਵੋਟਰਾਂ ਨੇ ਹੀ ਦੇਖਣਾ ਹੈ।"

ਉਦੋਂ ਹੀ ਉੱਥੇ ਇੱਕ ਆਦਮੀ ਬੋਲਿਆ, "ਇਹ ਸਿਰਫ਼ ਰੌਲਾ ਹੈ। ਬੱਸ ਕੇਜਰੀਵਾਲ ਨੂੰ ਦੇਖਣ ਅਤੇ ਸੁਣਨ ਲਈ ਇਹ ਲੋਕ ਉਤਸੁਕ ਹਨ। ਉਹ ਨੌਜਵਾਨਾਂ ਨੂੰ ਘਰ ਬਿਠਾ ਦੇਣਗੇ ਸਭ ਕੁਝ ਮੁਫ਼ਤ ਦੇ ਕੇ। ਇਸ ਲਈ ਵਿਹਲੇ ਨੌਜਵਾਨ ਗ਼ਲਤ ਕੰਮ ਕਰਨਗੇ।"
ਪਾਰਟੀ ਦੇ ਵਰਕਰ ਜ਼ਰੂਰ ਰਾਹਤ ਮਹਿਸੂਸ ਕਰ ਰਹੇ ਸੀ ਕਿ ਆਖ਼ਰ ਅਰਵਿੰਦ ਕੇਜਰੀਵਾਲ ਉੱਥੇ ਪਹੁੰਚੇ ਸਨ।
ਇੱਕ ਨੇ ਕਿਹਾ ਕਿ ਚੋਣਾਂ 'ਚ ਬਹੁਤੇ ਦਿਨ ਨਹੀਂ ਬਚੇ। "ਪਰ ਤਾਂ ਵੀ ਕੀ ਪਤਾ ਜੇ ਅਜਿਹੀਆਂ ਰੈਲੀਆਂ ਹੋ ਜਾਣ ਤਾਂ ਹਵਾ ਸਾਡੇ ਵਲ ਵੀ ਹੋ ਸਕਦੀ ਹੈ।"

ਇਹ ਵੀ ਪੜ੍ਹੋ-
















