ਹਿਮਾਚਲ ਪ੍ਰਦੇਸ਼ ਚੋਣਾਂ: 'ਕਰੋੜਪਤੀ ਚਾਹ ਵਾਲਾ' ਜਿਨ੍ਹਾਂ ਦੀ ਤੁਲਨਾ ਮੋਦੀ ਨਾਲ ਕੀਤੀ ਜਾ ਰਹੀ ਹੈ

ਸੰਜੇ ਸੂਦ ਰਾਸ਼ਟਰੀ ਸਵੈਮ ਸੇਵਕ ਸੰਘ, ਆਰਐੱਸਐੱਸ ਨਾਲ ਜੁੜੇ ਰਹੇ ਹਨ
ਤਸਵੀਰ ਕੈਪਸ਼ਨ, ਸੰਜੇ ਸੂਦ ਰਾਸ਼ਟਰੀ ਸਵੈਮ ਸੇਵਕ ਸੰਘ, ਆਰਐੱਸਐੱਸ ਨਾਲ ਜੁੜੇ ਰਹੇ ਹਨ ਅਤੇ ਹੁਣ ਸ਼ਿਮਲਾ ਸ਼ਹਿਰੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ
    • ਲੇਖਕ, ਬ੍ਰਿਜੇਸ਼ ਮਿਸ਼ਰ
    • ਰੋਲ, ਬੀਬੀਸੀ ਪੱਤਰਕਾਰ

"ਮੈਂ ਕਹਿ ਸਕਦਾਂ ਹਾਂ ਕਿ ਮੈਂ ਆਪਣੇ ਆਪ ਨੂੰ ਸੱਤਵੇਂ ਆਸਮਾਨ 'ਤੇ ਮਹਿਸੂਸ ਕਰ ਰਿਹਾ ਸੀ, ਕਿਉਂਕਿ ਮੇਰੇ ਵਰਗੇ ਛੋਟੇ ਜਿਹੇ ਵਰਕਰ ਨੂੰ ਇੰਨਾਂ ਸਨਮਾਨ ਦੇਣਾ, ਸ਼ਿਮਲਾ ਸ਼ਹਿਰੀ/ਅਰਬਨ ਵਰਗੀ ਪ੍ਰਮੁੱਖ ਸੀਟ ਦੇਣਾ, ਇਹ ਬਹੁਤ ਹੀ ਇੱਜਤ-ਮਾਣ ਵਾਲੀ ਗੱਲ ਹੈ। ਮੈਂ ਇਹ ਸ਼ਬਦਾਂ 'ਚ ਨਹੀਂ ਦੱਸ ਸਕਦਾਂ ਹਾਂ ਕਿ ਉਸ ਸਮੇਂ ਮੈਂ ਕਿਸ ਸਥਿਤੀ 'ਚ ਸੀ।"

ਇਹ ਕਹਿਣਾ ਹੈ ਹਿਮਾਚਲ ਪ੍ਰਦੇਸ਼ ਦੀ ਸ਼ਿਮਲਾ ਸ਼ਹਿਰੀ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਜੇ ਸੂਦ ਦਾ।

ਸੰਜੇ ਸੂਦ ਨੂੰ ਇਸ ਸੀਟ ਤੋਂ ਚਾਰ ਵਾਰ ਵਿਧਾਇਕ ਅਤੇ ਮੌਜੂਦਾ ਭਾਜਪਾ ਸਰਕਾਰ 'ਚ ਮੰਤਰੀ ਸੁਰੇਸ਼ ਭਰਦਵਾਜ ਦੀ ਥਾਂ 'ਤੇ ਟਿਕਟ ਦਿੱਤੀ ਗਈ ਹੈ।

ਭਾਵੇਂ ਕਿ ਸ਼ਿਮਲਾ ਅਰਬਨ ਸੀਟ ਤੋਂ ਸੁਰੇਸ਼ ਭਾਰਦਵਾਜ ਦੀ ਟਿਕਟ ਕੱਟੀ ਗਈ ਹੈ ਪਰ ਉਨ੍ਹਾਂ ਨੂੰ ਕੁਸੁਮਪਟੀ ਵਿਧਾਨ ਸਭਾ ਤੋਂ ਟਿਕਟ ਦਿੱਤੀ ਗਈ ਹੈ।

ਸੰਜੇ ਸੂਦ ਦੀ ਸ਼ਿਮਲਾ ਦੇ ਪੁਰਾਣੇ ਬੱਸ ਸਟੈਂਡ 'ਤੇ ਚਾਹ ਦੀ ਦੁਕਾਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਟਿਕਟ ਸਿਰਫ ਅਤੇ ਸਿਰਫ ਭਾਜਪਾ ਦੇ ਕਾਰਨ ਮਿਲੀ ਹੈ, ਕਿਉਂਕਿ ਭਾਜਪਾ ਹੀ ਅਜਿਹਾ ਕਰ ਸਕਦੀ ਹੈ।

ਸੰਜੇ ਸੂਦ ਅੱਗੇ ਦੱਸਦੇ ਹਨ ਕਿ ਉਨ੍ਹਾਂ ਨੇ ਕਾਲਜ 'ਚ ਆਪਣੀ ਪੜ੍ਹਾਈ ਮੁਕੰਮਲ ਕਰਨ ਲਈ ਅਖ਼ਬਾਰ ਵੇਚੇ ਅਤੇ ਇਹੀ ਉਹ ਸਮਾਂ ਸੀ ਜਦੋਂ ਉਨ੍ਹਾਂ ਨੂੰ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਨਾਲ ਜੁੜਨ ਦਾ ਮੌਕਾ ਹਾਸਲ ਹੋਇਆ ਸੀ ਅਤੇ ਇੱਥੋਂ ਹੀ ਉਨ੍ਹਾਂ ਦੀ ਰਾਜਨੀਤੀ 'ਚ ਪੈਰ ਰੱਖਣ ਦੀ ਸ਼ੁਰੂਆਤ ਹੋਈ ਸੀ।

ਸੰਜੇ ਸੂਦ ਦੋ ਵਾਰ ਕੌਂਸਲਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਜਨਤਾ ਦਰਮਿਆਨ ਇੰਨੀਂ ਪਹੁੰਚ ਹੈ ਕਿ ਭਾਜਪਾ ਨੇ ਉਨ੍ਹਾਂ ਨੂੰ ਇਸ ਸੀਟ ਤੋਂ ਲਗਾਤਾਰ ਚਾਰ ਵਾਰ ਵਿਧਾਇਕ ਰਹਿ ਚੁੱਕੇ ਸੁਰੇਸ਼ ਭਾਰਦਵਾਜ ਦੀ ਜਗ੍ਹਾ ਟਿਕਟ ਦਿੱਤੀ ਹੈ।

ਸੰਜੇ ਸੂਦ
ਤਸਵੀਰ ਕੈਪਸ਼ਨ, ਸੰਜੇ ਸੂਦ ਦੀ ਸ਼ਿਮਲਾ ਦੇ ਪੁਰਾਣੇ ਬੱਸ ਸਟੈਂਡ 'ਤੇ ਚਾਹ ਦੀ ਦੁਕਾਨ ਹੈ ਤੇ ਉਨ੍ਹਾਂ ਦੀ ਕੁੱਲ ਜਾਇਦਾਦ ਤਿੰਨ ਕਰੋੜ ਰੁਪਏ ਦੇ ਕਰੀਬ ਹੈ

ਕਰੋੜਪਤੀ ਚਾਹ ਵਾਲਾ

ਸੰਜੇ ਸੂਦ ਵੱਲੋਂ ਆਪਣੇ ਨਾਮਜ਼ਦਗੀ ਪੱਤਰ 'ਚ ਦਿੱਤੇ ਹਲਫ਼ਨਾਮੇ ਅਨੁਸਾਰ ਉਨ੍ਹਾਂ ਦੀ ਕੁੱਲ ਜਾਇਦਾਦ ਤਿੰਨ ਕਰੋੜ ਰੁਪਏ ਦੇ ਕਰੀਬ ਹੈ। ਹਲਫ਼ਨਾਮੇ 'ਚ ਉਨ੍ਹਾਂ ਨੇ ਖੁਦ ਨੂੰ ਕਾਰੋਬਾਰੀ ਅਤੇ ਸਮਾਜ ਸੇਵੀ ਦੱਸਿਆ ਹੈ।

ਹਲਫ਼ਨਾਮੇ ਅਨੁਸਾਰ ਸੰਜੇ ਸੂਦ, ਉਨ੍ਹਾਂ ਦੀ ਪਤਨੀ ਅਤੇ ਧੀ ਕੋਲ ਕੁੱਲ 1.1 ਕਰੋੜ ਰੁਪਏ ਦੀ ਚਲ ਅਤੇ 1.74 ਕਰੋੜ ਰੁਪਏ ਦੀ ਅਚਲ ਸੰਪਤੀ ਹੈ। ਸੰਜੇ ਸੂਦ ਦੇ ਪਰਿਵਾਰ ਦੇ ਕੋਲ ਸਰਾਹਨ ਅਤੇ ਰਾਮਪੁਰ 'ਚ ਵੀ ਜ਼ਮੀਨਾਂ ਹਨ ਅਤੇ ਸ਼ਿਮਲਾ 'ਚ ਵੀ ਉਨ੍ਹਾਂ ਕੋਲ ਜਾਇਦਾਦ ਹੈ।

ਤਕਰੀਬਨ ਤਿੰਨ ਕਰੋੜ ਦੀ ਜਾਇਦਾਦ ਵਾਲੇ ਚਾਹਵਾਲੇ ਉਮੀਦਵਾਰ 'ਤੇ ਆਮ ਜਨਤਾ ਸਵਾਲਿਆ ਨਿਸ਼ਾਨ ਲਗਾ ਰਹੀ ਹੈ। ਪਰ ਸੰਜੇ ਸੂਦ ਜਨਤਾ 'ਚ ਫੈਲੀ ਇਸ ਗੱਲ 'ਤੇ ਕਹਿੰਦੇ ਹਨ, "ਮੇਰੇ ਬਾਰੇ 'ਚ ਕੌਣ ਕੀ ਕਹਿੰਦਾ ਹੈ, ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ।''

''ਕਿਉਂਕਿ ਮੇਰੇ ਪੈਰਾਂ 'ਚ ਕਿੰਨ੍ਹੇ ਛਾਲੇ ਹਨ, ਉਹ ਸਿਰਫ ਮੈਨੂੰ ਹੀ ਵਿਖਾਈ ਦੇ ਰਹੇ ਹਨ। ਜਨਤਾ ਨੂੰ ਕੀ ਪਤਾ ਹੈ ਅਤੇ ਇਸ ਸਬੰਧੀ ਮੈਂ ਕੋਈ ਜਵਾਬ ਨਹੀਂ ਦੇ ਸਕਦਾ ਹਾਂ।"

ਸ਼ਿਮਲਾ ਸ਼ਹਿਰੀ ਵਿਧਾਨ ਸਭਾ ਸੀਟ ਤੋਂ ਸੰਜੇ ਸੂਦ ਨੂੰ ਟਿਕਟ ਦਿੱਤੇ ਜਾਣ 'ਤੇ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ। ਇਸ ਨੂੰ ਲੈ ਕੇ ਭਾਜਪਾ ਵਰਕਰਾਂ 'ਚ ਅਸੰਤੋਸ਼ ਵੇਖਣ ਨੂੰ ਮਿਲ ਰਿਹਾ ਹੈ।

ਸੂਬੇ ਦੀ ਰਾਜਧਾਨੀ ਦੀ ਸਭ ਤੋਂ ਅਹਿਮ ਸੀਟ ਸੰਜੇ ਸੂਦ ਨੂੰ ਦੇਣ ਅਤੇ ਸ਼ਹਿਰੀ ਸੀਟ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਸੁਰੇਸ਼ ਭਾਰਦਵਾਜ ਦੀ ਟਿਕਟ ਕੱਟੇ ਜਾਣ 'ਤੇ ਸਮਰਥਕਾਂ 'ਚ ਰੋਸ ਅਤੇ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ।

ਹਾਲਾਂਕਿ ਇਹ ਵਿਰੋਧ ਦੱਬੀ ਜ਼ੁਬਾਨ 'ਚ ਹੋ ਰਿਹਾ ਹੈ, ਕਿਉਂਕਿ ਪਾਰਟੀ ਵਰਕਰ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ ਤੋਂ ਗੁਰੇਜ਼ ਕਰ ਰਹੇ ਹਨ।

ਸੰਜੇ ਸੂਦ
ਤਸਵੀਰ ਕੈਪਸ਼ਨ, ਸ਼ਿਮਲਾ ਸ਼ਹਿਰੀ ਵਿਧਾਨ ਸਭਾ ਸੀਟ ਤੋਂ ਸੰਜੇ ਸੂਦ ਨੂੰ ਟਿਕਟ ਦਿੱਤੇ ਜਾਣ 'ਤੇ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ

ਸੰਜੇ ਸੂਦ ਦਾ ਚੋਣਾਂਵੀ ਏਜੰਡਾ ਕੀ ਹੈ ?

ਭਾਵੇਂ ਕਿ ਸੰਜੇ ਸੂਦ ਦੋ ਵਾਰ ਕੌਂਸਲਰ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ, ਪਰ ਵਿਧਾਨ ਸਭਾ ਸੀਟ 'ਤੇ ਉਨ੍ਹਾਂ ਦੀ ਪਕੜ ਕਿੰਨੀ ਮਜ਼ਬੂਤ ਹੈਮ ਇਸ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਸ਼ਿਮਲਾ ਸ਼ਹਿਰੀ ਸੀਟ 'ਤੇ ਸੁਰੇਸ਼ ਭਾਰਦਵਾਜ ਦੇ ਸਮਰਥਕ ਸੰਜੇ ਸੂਦ ਤੋਂ ਨਾਰਾਜ਼ ਹਨ। ਹਾਲਾਂਕਿ ਸੰਜੇ ਸੂਦ ਦਾ ਕਹਿਣਾ ਹੈ ਕਿ ਭਾਜਪਾ 'ਚ ਲੋਕ ਚਿਹਰਾ ਵੇਖ ਕੇ ਵੋਟ ਨਹੀਂ ਪਾਉਂਦੇ ਹਨ। ਲੋਕ ਤਾਂ ਪਾਰਟੀ ਦਾ ਚੋਣ ਨਿਸ਼ਾਨ ਵੇਖ ਕੇ ਮਤਦਾਨ ਕਰਦੇ ਹਨ।

ਸੰਜੇ ਸੂਦ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਭਾਜਪਾ 'ਚ ਕਿਸੇ ਦਾ ਵੀ ਨਿੱਜੀ ਸਮਰਥਨ ਆਧਾਰ ਨਹੀਂ ਹੁੰਦਾ ਹੈ। ਇੱਥੇ ਤਾਂ ਕਮਲ ਦੇ ਫੁੱਲ ਦੇ ਸਮਰਥਕ ਹੁੰਦੇ ਹਨ।''

''ਮੈਂ ਇੱਥੋਂ ਦੋ ਵਾਰ ਕੌਂਸਲਰ ਰਹਿ ਚੁੱਕਾ ਹਾਂ, ਮੈਂ ਲੋਕਾਂ ਦੇ ਕੰਮ ਕੀਤੇ ਹਨ, ਸੁਰੇਸ਼ ਭਾਰਦਵਾਜ ਵੀ ਹੁਣ ਸ਼ਿਮਲਾ 'ਚ ਮੇਰੇ ਚੋਣ ਪ੍ਰਚਾਰ ਲਈ ਕੰਮ ਕਰ ਰਹੇ ਹਨ ਇਸ ਲਈ ਭਾਜਪਾ ਦੇ ਸਮਰਥਕ ਚਿਹਰਾ ਵੇਖ ਕੇ ਨਹੀਂ ਬਲਕਿ ਕਮਲ ਦਾ ਨਿਸ਼ਾਨ ਵੇਖ ਕੇ ਵੋਟ ਪਾਉਣਗੇ।"

ਬੀਬੀਸੀ

ਸੰਜੇ ਸੂਦ ਬਾਰੇ ਕੁਝ ਖਾਸ ਗੱਲਾਂ

  • ਸੰਜੇ ਸੂਦ ਰਾਸ਼ਟਰੀ ਸਵੈਮ ਸੇਵਕ ਸੰਘ, ਆਰਐੱਸਐੱਸ ਨਾਲ ਜੁੜੇ ਰਹੇ ਹਨ।
  • 1991 'ਚ ਸ਼ਿਮਲਾ ਦੇ ਪੁਰਾਣੇ ਬੱਸ ਸਟੈਂਡ 'ਤੇ ਚਾਹ ਦੀ ਦੁਕਾਨ ਸ਼ੁਰੂ ਕੀਤੀ।
  • ਚਾਹ ਦੀ ਦੁਕਾਨ ਚਲਾਉਣ ਦੇ ਨਾਲ-ਨਾਲ ਉਹ ਅਖ਼ਬਾਰ ਵੀ ਵੇਚਦੇ ਸਨ।
  • ਕਾਲਜ ਦੇ ਦਿਨਾਂ 'ਚ ਉਹ ਏਬੀਵੀਪੀ ਨਾਲ ਜੁੜੇ ਅਤੇ ਫਿਰ ਆਰਐੱਸਐੱਸ ਦੇ ਨਾਲ ਰਹੇ।
  • 2007 'ਚ ਭਾਜਪਾ ਦੀ ਟਿਕਟ 'ਤੇ ਪਹਿਲੀ ਵਾਰ ਕੌਂਸਲਰ ਦੀ ਚੋਣ ਜਿੱਤੀ।
  • ਦੋ ਵਾਰ ਕੌਂਸਲਰ ਰਹਿ ਚੁੱਕੇ ਹਨ ਅਤੇ ਇਸ ਸਮੇਂ ਸੂਬਾਈ ਭਾਜਪਾ ਦੇ ਖਜ਼ਾਨਚੀ ਹਨ।
  • 2017 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਉਨ੍ਹਾਂ ਦੀ ਦਾਅਵੇਦਾਰੀ ਮਜ਼ਬੂਤ ਸੀ।
ਬੀਬੀਸੀ

ਕਾਂਗਰਸ ਉਮੀਦਵਾਰ ਵੀ ਕਰੋੜਪਤੀ

ਸੰਜੇ ਸੂਦ ਨੂੰ ਟਿਕਟ ਦੇਣ ਅਤੇ ਉਨ੍ਹਾਂ ਦੇ ਚਾਹ ਵਾਲੇ ਦੇ ਅਕਸ ਬਾਰੇ ਸ਼ਿਮਲਾ ਸ਼ਹਿਰੀ ਤੋਂ ਕਾਂਗਰਸ ਦੇ ਉਮੀਦਵਾਰ ਹਰੀਸ਼ ਜਨਾਰਥਾ ਦਾ ਕਹਿਣਾ ਹੈ ਕਿ ਭਾਜਪਾ 'ਚ ਅੰਦਰੂਨੀ ਕਲੇਸ਼ ਦੇ ਕਾਰਨ ਹੀ ਸੁਰੇਸ਼ ਭਾਰਦਵਾਜ ਦੀ ਟਿਕਟ ਕੱਟੀ ਗਈ ਹੈ ਅਤੇ ਸੰਜੇ ਸੂਦ ਨੂੰ ਇਹ ਟਿਕਟ ਦਿੱਤੀ ਗਈ ਹੈ।

ਉਨ੍ਹਾਂ ਦਾ ਕਹਿਣਾ ਹੈ, "ਉਹ ਤਾਂ ਸਿਰਫ ਨਾਮ ਦੇ ਹੀ ਚਾਹ ਵਾਲੇ ਹਨ। ਚਾਹ ਦੀ ਦੁਕਾਨ ਤਾਂ ਉਨ੍ਹਾਂ ਦੇ ਭਰਾ ਚਲਾਉਂਦੇ ਹਨ। ਮੈਨੂੰ ਨਹੀਂ ਪਤਾ ਕਿ ਉਹ ਆਪ ਕੀ ਕਰਦੇ ਹਨ।''

''ਉਨ੍ਹਾਂ ਨੇ ਜੋ ਜਾਇਦਾਦ ਘੋਸ਼ਿਤ ਕੀਤੀ ਹੈ, ਉਸ ਅਨੁਸਾਰ ਤਾਂ ਉਹ ਕਰੋੜਪਤੀ ਹਨ। ਅਜਿਹੇ ਆਦਮੀ ਲਈ ਭਾਜਪਾ ਨੇ ਇੱਕ ਸੀਨੀਅਰ ਅਤੇ ਤਜ਼ਰਬੇਕਾਰ ਆਗੂ ਦੀ ਟਿਕਟ ਕੱਟ ਦਿੱਤੀ ਹੈ।"

ਹਰੀਸ਼ ਜਨਾਰਥਾ ਅੱਗੇ ਕਹਿੰਦੇ ਹਨ, "ਮੈਂ 2002 ਤੋਂ ਯਾਨੀ ਕਿ ਪਿਛਲੇ 20 ਸਾਲਾਂ ਤੋਂ ਸ਼ਿਮਲਾ ਦੇ ਲੋਕਾਂ ਦੀ ਸੇਵਾ ਕਰ ਰਿਹਾ ਹਾਂ। ਜੋ ਕੰਮ ਪਿਛਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਇੱਥੇ ਨਹੀਂ ਹੋਏ ਹਨ, ਭਾਵੇਂ ਕਿ ਉਹ ਬਿਜਲੀ, ਪਾਣੀ ਦੀ ਸਮੱਸਿਆ ਹੋਵੇ ਜਾਂ ਫਿਰ ਸੈਰ-ਸਪਾਟਾ ਸਥਾਨ ਹੋਣ ਦੇ ਕਾਰਨ ਇੱਥੇ ਸਹੂਲਤਾਂ ਵਧਾਉਣ ਦੀ ਗੱਲ ਹੋਵੇ, ਉਹ ਸਾਰੇ ਕੰਮ ਮੈਂ ਬਤੌਰ ਵਿਧਾਇਕ ਜ਼ਰੂਰ ਕਰਾਂਗਾ। ਮੈਂ ਇੱਥੇ ਕੌਂਸਲਰ ਵੀ ਰਿਹਾ ਹਾਂ ਅਤੇ ਦੋ ਵਾਰ ਡਿਪਟੀ ਮੇਅਰ ਦੀਆਂ ਸੇਵਾਵਾਂ ਵੀ ਨਿਭਾ ਚੁੱਕਾ ਹਾਂ।"

"ਮੈਂ ਬਚਪਨ ਤੋਂ ਹੀ ਸ਼ਿਮਲਾ 'ਚ ਰਿਹਾ ਹਾਂ। ਮੈਨੂੰ ਇੱਥੋਂ ਦੇ ਹਰ ਵਾਰਡ ਦੀਆਂ ਸਮੱਸਿਆਵਾਂ ਪਤਾ ਹਨ। ਮੈਂ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ।"

ਕਾਂਗਰਸ ਉਮੀਦਵਾਰ ਹਰੀਸ਼ ਜਨਾਰਥਾ ਵੀ ਕਰੋੜਪਤੀ ਹਨ। ਉਨ੍ਹਾਂ ਵੱਲੋਂ ਚੋਣ ਕਮਿਸ਼ਨ ਨੂੰ ਸੌਂਪੇ ਗਏ ਹਲਫ਼ਨਾਮੇ ਮੁਤਾਬਕ ਉਨ੍ਹਾਂ ਦੀ ਕੁੱਲ ਚਲ ਅਤੇ ਅਚਲ ਜਾਇਦਾਦ 4.51 ਕਰੋੜ ਰੁਪਏ ਦੀ ਹੈ।

ਕਾਂਗਰਸ ਦੇ ਉਮੀਦਵਾਰ ਹਰੀਸ਼ ਜਨਾਰਥਾ
ਤਸਵੀਰ ਕੈਪਸ਼ਨ, ਚੋਣ ਕਮਿਸ਼ਨ ਨੂੰ ਸੌਂਪੇ ਗਏ ਹਲਫ਼ਨਾਮੇ ਮੁਤਾਬਕ ਕਾਂਗਰਸ ਦੇ ਉਮੀਦਵਾਰ ਹਰੀਸ਼ ਜਨਾਰਥਾ ਦੀ ਕੁੱਲ ਚਲ ਅਤੇ ਅਚਲ ਜਾਇਦਾਦ 4.51 ਕਰੋੜ ਰੁਪਏ ਦੀ ਹੈ

ਦਿਲਚਸਪ ਗੱਲ ਇਹ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਹਰੀਸ਼ ਜਨਾਰਥਾ ਨੂੰ ਟਿਕਟ ਨਹੀਂ ਦਿੱਤੀ ਸੀ ਅਤੇ ਉਨ੍ਹਾਂ ਨੇ ਪਾਰਟੀ ਦੀ ਖ਼ਿਲਾਫ਼ਤ ਕਰਦਿਆਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜੀ ਸੀ।

ਇਸ ਚੋਣ 'ਚ ਭਾਜਪਾ ਦੇ ਉਮੀਦਵਾਰ ਸੁਰੇਸ਼ ਭਾਰਦਵਾਜ ਜਿੱਤੇ ਸਨ ਅਤੇ ਕਾਂਗਰਸ ਵੱਲੋਂ ਚੋਣ ਲੜਨ ਵਾਲੇ ਹਰਭਜਨ ਸਿੰਘ ਭੱਜੀ ਤੀਜੇ ਸਥਾਨ 'ਤੇ ਰਹੇ ਸਨ।

ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਿਛਲੀਆਂ ਚੋਣਾਂ ਦੌਰਾਨ ਜਨਾਰਥਾ ਬਹੁਤ ਹੀ ਘੱਟ ਵੋਟਾਂ ਤੋਂ ਪਛੜੇ ਸਨ। ਇਸ ਲਈ ਕਾਂਗਰਸ ਨੇ ਇਸ ਵਾਰ ਉਨ੍ਹਾਂ 'ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਚੋਣ ਮੈਦਾਨ 'ਚ ਨਿਤਾਰਿਆ ਹੈ।

ਇੱਕ ਝਾਤ ਵਿਧਾਨ ਸਭਾ 'ਤੇ

ਸ਼ਿਮਲਾ ਸ਼ਹਿਰੀ ਵਿਧਾਨ ਸਭਾ ਸੀਟ ਪਹਿਲਾਂ ਸ਼ਿਮਲਾ ਦੇ ਨਾਮ ਵੱਜੋਂ ਹੀ ਜਾਣੀ ਜਾਂਦੀ ਸੀ। ਪਰ ਸਾਲ 2008 'ਚ ਹੱਦਬੰਦੀ ਤੋਂ ਬਾਅਦ, ਇਸ ਨੂੰ ਸ਼ਿਮਲਾ ਸ਼ਹਿਰੀ ਅਤੇ ਸ਼ਿਮਲਾ ਦਿਹਾਤੀ ਦੋ ਵਿਧਾਨ ਸਭਾ ਸੀਟਾਂ 'ਚ ਵੰਡ ਦਿੱਤਾ ਗਿਆ ਸੀ।

ਸ਼ਿਮਲਾ ਸ਼ਹਿਰੀ ਸੀਟ 'ਤੇ ਲੰਮੇ ਸਮੇਂ ਤੱਕ ਭਾਜਪਾ ਦਾ ਕਬਜ਼ਾ ਰਿਹਾ ਹੈ। ਸਾਲ 1967 'ਚ ਸ਼ਿਮਲਾ ਸੀਟ ਤੋਂ ਜਨਸੰਘ ਦੇ ਉਮੀਦਵਾਰ ਨੇ ਜਿੱਤ ਦਰਜ ਕੀਤੀ ਸੀ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਸਾਲ 1998 'ਚ ਭਾਜਪਾ ਦੇ ਨਰਿੰਦਰ ਬਰਾਗਟ ਇਸ ਖੇਤਰ ਦੇ ਵਿਧਾਇਕ ਬਣੇ ਸਨ।

ਇਸ ਤੋਂ ਬਾਅਦ 2003 'ਚ ਕਾਂਗਰਸ ਵੱਲੋਂ ਹਰਭਜਨ ਸਿੰਘ ਭੱਜੀ ਅਤੇ 2007 'ਚ ਸੁਰੇਸ਼ ਭਾਰਦਵਾਜ ਨੇ ਜਿੱਤ ਹਾਸਲ ਕੀਤੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਸੀਟ 'ਤੇ ਕਾਂਗਰਸ ਦਾ ਹੀ ਕਬਜ਼ਾ ਹੈ।

ਟਿਕਟ ਦੇ ਪਿੱਛੇ ਕੀ ਹੈ ਸਿਆਸੀ ਗਣਿਤ?

ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ ਨੂੰ ਨੇੜਿਓਂ ਵੇਖਣ ਵਾਲੇ ਰਾਸ਼ਟਰੀ ਕਾਲਮਨਿਸਟ ਕੇ ਐਸ ਤੋਮਰ ਦਾ ਕਹਿਣਾ ਹੈ ਕਿ ਸੰਜੇ ਸੂਦ ਨੂੰ ਟਿਕਟ ਦੇਣ ਪਿੱਛੇ ਸਭ ਤੋਂ ਵੱਡਾ ਕਾਰਨ ਸੁਰੇਸ਼ ਭਾਰਦਵਾਜ ਦਾ ਆਰਐਸਐਸ ਦੀ ਲੀਡਰਸ਼ਿਪ ਨੂੰ ਨਾਰਾਜ਼ ਕਰਨਾ ਹੈ।

ਉਹ ਕਹਿੰਦੇ ਹਨ, "ਜੇਕਰ ਭਾਜਪਾ ਕੋਲ ਕੁਸੁਮਪਟੀ 'ਚ ਵਧੀਆ ਉਮੀਦਵਾਰ ਹੁੰਦਾ ਤਾਂ ਸੁਰੇਸ਼ ਭਾਰਦਵਾਜ ਨੂੰ ਟਿਕਟ ਹੀ ਨਹੀਂ ਮਿਲਣੀ ਸੀ। ਪਰ ਉੱਥੇ ਭਾਜਪਾ ਨੂੰ ਢੁਕਵਾਂ ਉਮੀਦਵਾਰ ਨਹੀਂ ਮਿਲਿਆ, ਇਸ ਲਈ ਸੁਰੇਸ਼ ਭਾਰਦਵਾਜ ਨੂੰ ਮਜਬੂਰੀ 'ਚ ਇਹ ਟਿਕਟ ਦਿੱਤੀ ਗਈ ਹੈ। ਜੇਕਰ ਉਹ ਬਗ਼ਾਵਤ ਕਰ ਦਿੰਦੇ ਤਾਂ ਭਾਜਪਾ ਨੂੰ ਇਸ ਦਾ ਨੁਕਸਾਨ ਵੀ ਹੋਣਾ ਸੀ ਅਤੇ ਸ਼ਿਮਲਾ ਦੀ ਸੀਟ ਹੱਥੋਂ ਜਾਣ ਦਾ ਡਰ ਵੀ ਬਣਿਆ ਰਹਿੰਦਾ।"

ਸੰਜੇ ਸੂਦ
ਤਸਵੀਰ ਕੈਪਸ਼ਨ, ਸੰਜੇ ਨੇ 2007 'ਚ ਭਾਜਪਾ ਦੀ ਟਿਕਟ 'ਤੇ ਪਹਿਲੀ ਵਾਰ ਕੌਂਸਲਰ ਦੀ ਚੋਣ ਜਿੱਤੀ ਸੀ

ਕੇਐਸ ਤੋਮਰ ਇਹ ਵੀ ਕਹਿੰਦੇ ਹਨ ਕਿ ਸ਼ਿਮਲਾ ਸ਼ਹਿਰੀ ਸੀਟ 'ਤੇ ਕਾਰੋਬਾਰੀਆਂ ਦਾ ਖਾਸਾ ਪ੍ਰਭਾਵ ਹੈ। ਸੰਜੇ ਸੂਦ ਆਪਣੇ ਇਸ ਅਕਸ ਨੂੰ ਪੂਰੀ ਤਰ੍ਹਾਂ ਨਾਲ ਇਸਤੇਮਾਲ ਕਰਨ ਦਾ ਯਤਨ ਕਰਨਗੇ। ਪਰ ਉਨ੍ਹਾਂ ਨੂੰ ਇੱਥੋਂ ਦੇ ਸੇਬਾਂ ਦੇ ਬਾਗ਼ਾਂ 'ਚ ਕੰਮ ਕਰਨ ਵਾਲੇ ਲੋਕਾਂ ਦੀ ਨਾਰਾਜ਼ਗੀ ਵੀ ਝੱਲਣੀ ਪੈ ਸਕਦੀ ਹੈ ਕਿਉਂਕਿ ਸੇਬਾਂ ਦੀ ਖੇਤੀ ਕਰਨ ਵਾਲੇ ਲੋਕ ਭਾਜਪਾ ਸਰਕਾਰ ਤੋਂ ਨਾਰਾਜ਼ ਹਨ। ਅਗਸਤ ਮਹੀਨੇ ਇੰਨ੍ਹਾਂ ਲੋਕਾਂ ਨੇ ਵਿਧਾਨ ਸਭਾ ਦਾ ਘਿਰਾਓ ਵੀ ਕੀਤਾ ਸੀ।

ਬੀਬੀਸੀ ਦੇ ਸਹਿਯੋਗੀ ਸਥਾਨਕ ਪੱਤਰਕਾਰ ਪੰਕਜ ਸ਼ਰਮਾ ਦਾ ਕਹਿਣਾ ਹੈ ਕਿ ਸ਼ਿਮਲਾ ਸ਼ਹਿਰੀ ਸੀਟ 'ਤੇ ਵਪਾਰੀ ਭਾਈਚਾਰੇ ਦਾ ਕਾਫ਼ੀ ਪ੍ਰਭਾਵ ਹੈ ਅਤੇ ਸੂਦ ਭਾਈਚਾਰੇ ਦੇ ਕਈ ਆਗੂ ਇੱਥੋਂ ਚੋਣਾਂ ਜਿੱਤ ਚੁੱਕੇ ਹਨ, ਇਸ ਲਈ ਭਾਜਪਾ ਨੇ ਉਸ ਏਂਗਲ ਨੂੰ ਵੇਖਦਿਆਂ ਹੋਇਆ ਸੰਜੇ ਸੂਦ 'ਤੇ ਬਾਜ਼ੀ ਲਗਾਈ ਹੈ।

ਉਨ੍ਹਾਂ ਦਾ ਕਹਿਣਾ ਹੈ, " ਸ਼ਿਮਲਾ ਸ਼ਹਿਰੀ ਸੀਟ ਤੋਂ ਟਿਕਟ ਲਈ ਕਾਂਗਰਸ ਵੱਲੋਂ ਵੀ ਇੱਕ ਚਾਹਵਾਲੇ ਦੀ ਚਰਚਾ ਰਹੀ ਹੈ। ਦਰਅਸਲ ਕਾਂਗਰਸ ਨੇ ਉਮੀਦਵਾਰੀ ਲਈ ਆਗੂਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਸੀ। ਜਿਸ 'ਚ ਕਈ ਆਗੂਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਅਤੇ ਅੰਤ 'ਚ ਹਰੀਸ਼ ਜਨਾਰਥਾ ਨੂੰ ਇਹ ਟਿਕਟ ਦਿੱਤੀ ਗਈ। ਕਾਂਗਰਸ ਦਫ਼ਤਰ 'ਚ ਚਾਹ ਪਿਲਾਉਣ ਵਾਲੇ ਇੱਕ ਵਿਅਕਤੀ ਨੇ ਵੀ ਟਿਕਟ ਦੇ ਲਈ ਦਾਅਵੇਦਾਰੀ ਭਰੀ ਸੀ, ਪਰ ਉਸ ਨੂੰ ਟਿਕਟ ਨਹੀਂ ਦਿੱਤੀ ਗਈ।"

ਪਕੰਜ ਸ਼ਰਮਾ ਅੱਗੇ ਦੱਸਦੇ ਹਨ ਕਿ ਕਾਂਗਰਸ ਵੱਲੋਂ ਜਿੰਨ੍ਹਾਂ ਨਾਵਾਂ ਦੀ ਮੰਗ ਕੀਤੀ ਗਈ ਸੀ ਉਨ੍ਹਾਂ 'ਚੋਂ ਤਿੰਨ ਨਾਮ ਸਭ ਤੋਂ ਪ੍ਰਮੁੱਖ ਸਨ, ਪਰ ਹਰੀਸ਼ ਜਨਾਰਥਾ 'ਤੇ ਭਰੋਸਾ ਜਤਾਇਆ ਗਿਆ, ਕਿਉਂਕਿ ਪਿਛਲੀਆਂ ਚੋਣਾਂ ਦੌਰਾਨ ਉਨ੍ਹਾਂ ਨੂੰ ਟਿਕਟ ਨਾ ਦੇਣ ਕਰਕੇ ਪਾਰਟੀ ਨੂੰ ਨੁਕਸਾਨ ਹੋਇਆ ਸੀ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)