ਗੁਜਰਾਤ ਵਿੱਚ ਭਾਜਪਾ ਨੂੰ ਹਰਾਉਣ ਲਈ ਕੀ ਕੇਜਰੀਵਾਲ ਮੋਦੀ ਵਾਲੀ 'ਹਿੰਦੂਤਵੀ ਬੇੜੀ' ਵਿਚ ਚੜ੍ਹ ਗਏ ਹਨ

ਕੇਜਰੀਵਾਲ ਅਤੇ ਹਿੰਦੂਤਵ

ਤਸਵੀਰ ਸਰੋਤ, @AAP

    • ਲੇਖਕ, ਤੇਜਸ ਵੈਦਿਆ
    • ਰੋਲ, ਬੀਬੀਸੀ ਗੁਜਰਾਤੀ, ਪੱਤਰਕਾਰ

"ਇੱਕ ਬੁੱਢੀ ਬੇਬੇ ਆਈ। ਉਸ ਨੇ ਹੌਲੀ ਜਿਹੀ ਮੇਰੇ ਕੰਨ 'ਚ ਕਿਹਾ ਬੇਟਾ ਅਯੁੱਧਿਆ ਦੇ ਬਾਰੇ 'ਚ ਸੁਣਿਆ ਹੈ?"

ਮੈਂ ਕਿਹਾ, "ਹਾਂ ਅਯੁੱਧਿਆ ਬਾਰੇ ਜਾਣਦਾ ਹਾਂ। ਉਹੀ ਅਯੁੱਧਿਆ ਜਿੱਥੇ ਭਗਵਾਨ ਰਾਮ ਦਾ ਜਨਮ ਹੋਇਆ ਸੀ?

ਉਸ ਨੇ ਕਿਹਾ, " ਹਾਂ ਉਹੀ ਅਯੁੱਧਿਆ। ਤੁਸੀਂ ਕਦੇ ਗਏ ਹੋ ਉੱਥੇ ?"

ਮੈਂ ਕਿਹਾ, " ਹਾਂ, ਮੈਂ ਗਿਆ ਹਾਂ। ਰਾਮ ਜਨਮ ਭੂਮੀ 'ਚ ਜਾ ਕੇ ਬਹੁਤ ਹੀ ਸਕੂਨ ਮਿਲਦਾ ਹੈ।"

ਉਸ ਨੇ ਕਿਹਾ, " ਮੈਂ ਬਹੁਤ ਗ਼ਰੀਬ ਹਾਂ। ਮੈਂ ਗੁਜਰਾਤ ਦੇ ਇੱਕ ਪਿੰਡ 'ਚ ਰਹਿੰਦੀ ਹਾਂ। ਮੇਰੀ ਅਯੁੱਧਿਆ ਜਾਣ ਦੀ ਬਹੁਤ ਇੱਛਾ ਹੈ।"

ਮੈਂ ਕਿਹਾ, "ਬੇਬੇ ਜੀ ਤੁਹਾਨੂੰ ਅਯੁੱਧਿਆ ਜ਼ਰੂਰ ਭੇਜਾਂਗੇ। ਏਸੀ (ਏਅਰ ਕੰਡੀਸ਼ਨਰ) ਰੇਲਗੱਡੀ ਰਾਹੀਂ ਭੇਜਾਂਗੇ ਅਤੇ ਤੁਹਾਨੂੰ ਏਸੀ ਹੋਟਲ 'ਚ ਠਹਿਰਾਵਾਂਗੇ।

ਅਸੀਂ ਗੁਜਰਾਤ ਤੋਂ ਇੱਕ ਬੁਜ਼ੁਰਗ ਮਾਤਾ ਜੀ ਨੂੰ ਅਯੁੱਧਿਆ 'ਚ ਰਾਮ ਚੰਦਰ ਜੀ ਦੇ ਦਰਸ਼ਨਾਂ ਲਈ ਲੈ ਜਾਵਾਂਗੇ।"

" ਮਾਂ ਜੀ, ਇੱਕ ਹੀ ਬੇਨਤੀ ਹੈ ਕਿ ਤੁਸੀਂ ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਗੁਜਰਾਤ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ।"

'ਤੀਰਥ ਅਸਥਾਨਾਂ ਦੀ ਯਾਤਰਾ ਸਕੀਮ' 'ਚ ਸਿਰਫ ਹਿੰਦੂ ਧਰਮ ਅਸਥਾਨ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ 'ਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ 11 ਮਈ ਨੂੰ ਰਾਜਕੋਟ 'ਚ ਆਯੋਜਿਤ ਇੱਕ ਸਭਾ 'ਚ ਉਪਰੋਕਤ ਸਾਰੀਆਂ ਗੱਲਾਂ ਕਹੀਆਂ ਸਨ।

ਇਸ ਦੌਰਾਨ ਉਨ੍ਹਾਂ ਨੇ ਦਿੱਲੀ ਦੀ 'ਆਪ' ਸਰਕਾਰ ਦੀ ਇੱਕ ਯੋਜਨਾ ਦਾ ਜ਼ਿਕਰ ਵੀ ਕੀਤਾ।

ਕੇਜਰੀਵਾਲ ਅਤੇ ਹਿੰਦੂਤਵ

ਤਸਵੀਰ ਸਰੋਤ, Getty Images

ਕੇਜਰੀਵਾਲ ਨੇ ਕਿਹਾ ਸੀ ਕਿ "ਇਸ ਯੋਜਨਾ ਤਹਿਤ ਅਸੀਂ ਦਿੱਲੀ ਦੇ ਸੀਨੀਅਰ ਨਾਗਰਿਕਾਂ ਅਤੇ ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ ਕਰਵਾਉਂਦੇ ਹਾਂ। ਹਰਿਦੁਆਰ, ਰਿਸ਼ੀਕੇਸ਼, ਸ਼ਿਰਡੀ ਸਾਂਈ ਬਾਬਾ, ਮਥੁਰਾ, ਵ੍ਰਿੰਦਾਵਨ, ਰਾਮੇਸ਼ਵਰਮ, ਅਯੁੱਧਿਆ ਵਰਗੇ 12 ਤੀਰਥ ਅਸਥਾਨਾਂ ਦੀ ਯਾਤਰਾ ਕਰਵਾਈ ਜਾਂਦੀ ਹੈ।"

ਉਸ ਸਮੇਂ ਕੇਜਰੀਵਾਲ ਨੇ ਹਿੰਦੂਆਂ ਦੇ ਤੀਰਥ ਅਸਥਾਨਾਂ ਤੋਂ ਇਲਾਵਾ ਕਿਸੇ ਵੀ ਹੋਰ ਧਾਰਮਿਕ ਅਸਥਾਨ ਦਾ ਜ਼ਿਕਰ ਨਹੀਂ ਕੀਤਾ ਸੀ।

ਅਜਿਹੀ ਹੀ ਇੱਕ 'ਸ਼ਰਵਣ ਤੀਰਥ ਦਰਸ਼ਨ ਯੋਜਨਾ' ਗੁਜਰਾਤ 'ਚ ਅਨੰਦੀਬੇਨ ਪਟੇਲ ਅਤੇ ਵਿਜੇ ਰੂਪਾਨੀ ਦੇ ਦੌਰ ਤੋਂ ਚੱਲ ਰਹੀ ਹੈ।

ਇਸ ਸਕੀਮ ਦੇ ਤਹਿਤ ਸੂਬਾ ਸਰਕਾਰ ਯਾਤਰਾ ਦੇ 50% ਖਰਚਿਆਂ ਨੂੰ ਚੱਕਦੀ ਹੈ।

ਆਮ ਆਦਮੀ ਪਾਰਟੀ ਅਤੇ ਭਾਜਪਾ ਦੋਵਾਂ ਹੀ ਸਰਕਾਰਾਂ ਦੀਆਂ ਯੋਜਨਾਵਾਂ 'ਚ ਇੱਕ ਅਹਿਮ ਸਮਾਨਤਾ ਇਹ ਹੈ ਕਿ ਦੋਵਾਂ 'ਚ ਹਿੰਦੂ ਤੋਂ ਇਲਾਵਾ ਕਿਸੇ ਵੀ ਧਰਮ ਨੂੰ ਥਾਂ ਨਹੀਂ ਦਿੱਤੀ ਗਈ ਹੈ।

ਬੀਬੀਸੀ
  • ਕੇਰਜੀਵਾਲ ਦੀ ਬਜ਼ੁਰਗਾਂ ਲਈ 'ਤੀਰਥ ਅਸਥਾਨਾਂ ਦੀ ਯਾਤਰਾ ਸਕੀਮ' 'ਚ ਸਿਰਫ ਹਿੰਦੂ ਧਰਮ ਅਸਥਾਨ ਹਨ।
  • 'ਆਪ' ਉਪਰ ਭਾਜਪਾ ਦੇ ਰਾਹ 'ਤੇ ਚੱਲਣ ਦੇ ਇਲਜ਼ਾਮ ਲੱਗ ਰਹੇ ਹਨ।
  • ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਵਾਰ ਸੋਮਨਾਥ ਮੰਦਰ ਜਾ ਚੁੱਕੇ ਹਨ ਕੇਜਰੀਵਾਲ।
  • ਮਨੀਸ਼ ਸਿਸੋਦੀਆ ਵੀ ਗੁਜਰਾਤ ਦੇ ਅੰਬਾਜੀ ਮੰਦਰ, ਬਹੁਚਰਾਜੀ ਮੰਦਰ ਦੇ ਦਰਸ਼ਨਾਂ ਲਈ ਗਏ ਸਨ ।
  • ਬਿਲਕਿਸ ਬਾਨੋ ਸਮੂਹਿਕ ਬਲਾਤਕਾਰ ਮਾਮਲੇ ਉਪਰ ਕੇਜਰੀਵਾਲ ਅਤੇ 'ਆਪ' ਚੁੱਪ ਹਨ।
ਬੀਬੀਸੀ

ਭਾਜਪਾ ਦੇ ਰਾਹ 'ਤੇ ਚੱਲ ਰਹੀ ਹੈ 'ਆਪ'?

ਆਮ ਆਦਮੀ ਪਾਰਟੀ ਨੇ ਦਿੱਲੀ 'ਚ 2021 ਦੇ ਬਜਟ ਨੂੰ ਦੇਸ਼ ਭਗਤੀ ਬਜਟ ਦਾ ਨਾਮ ਦਿੱਤਾ ਸੀ। ਕੇਜਰੀਵਾਲ ਸਰਕਾਰ ਦਿੱਲੀ ਦੇ ਸਕੂਲਾਂ 'ਚ ਦੇਸ਼ ਭਗਤੀ ਦੇ ਪਾਠਕ੍ਰਮ ਦੀ ਗੱਲ ਵੀ ਕਰ ਚੁੱਕੀ ਹੈ।

ਇਨ੍ਹਾਂ ਦੀਆਂ ਹਕੀਕਤਾਂ ਦੇ ਆਧਾਰ 'ਤੇ ਸਿਆਸੀ ਵਿਸ਼ਲੇਸ਼ਕਾਂ ਨੂੰ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਸੌਫਟ ਹਿੰਦੂਤਵ ਵੱਲ ਵੱਧ ਰਹੀ ਹੈ, ਜਿਸ ਨੂੰ ਰਵਾਇਤੀ ਤੌਰ 'ਤੇ ਭਾਜਪਾ ਦਾ ਸਿਆਸੀ ਮਾਰਗ ਮੰਨਿਆ ਜਾਂਦਾ ਹੈ।

ਦਿੱਲੀ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜਦੋਂ ਕੇਜਰੀਵਾਲ ਅੰਦੋਲਨ ਕਰਿਆ ਕਰਦੇ ਸਨ, ਉਸ ਸਮੇਂ ਉਨ੍ਹਾਂ ਦੇ ਭਾਸ਼ਣਾਂ ਦੀ ਸ਼ੁਰੂਆਤ 'ਭਾਰਤ ਮਾਤਾ ਕੀ ਜੈ' ਅਤੇ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰਿਆਂ ਨਾਲ ਹੁੰਦੀ ਸੀ। ਹੁਣ ਜਦੋਂ ਉਹ ਦਿੱਲੀ ਦੇ ਮੁੱਖ ਮੰਤਰੀ ਹਨ ਤਾਂ ਉਨ੍ਹਾਂ ਦੇ ਭਾਸ਼ਣਾਂ 'ਚ 'ਵੰਦੇ ਮਾਤਰਮ' ਵੀ ਜੁੜ ਗਿਆ ਹੈ।

ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਸਬੰਧ 'ਚ ਮੋਦੀ ਸਰਕਾਰ ਨੇ 'ਅੰਮ੍ਰਿਤ ਵਰਸ਼' ਦਾ ਆਯੋਜਨ ਕਰਵਾਇਆ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਤੰਤਰਤਾ ਦਿਵਸ ਮੌਕੇ ਹਰ ਘਰ ਤਿਰੰਗਾ ਲਗਾਉਣ ਦਾ ਪ੍ਰਸਤਾਵ ਦਿੱਤਾ ਸੀ।

ਕੇਜਰੀਵਾਲ ਅਤੇ ਹਿੰਦੂਤਵ

ਤਸਵੀਰ ਸਰੋਤ, BBC/AK FB

ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਵੀ ਦਿੱਲੀ 'ਚ ਤਿਰੰਗੇ ਵੰਡੇ ਸਨ।

ਗੁਜਰਾਤ ਦੇ ਸੂਰਤ 'ਚ ਭਾਜਪਾ ਨੇ ਤਿਰੰਗਾ ਯਾਤਰਾ ਕੱਢੀ ਤਾਂ ਕੇਜਰੀਵਾਲ ਨੇ ਮੇਹਸਾਜ਼ਾ ਵਿਖੇ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਸੀ।

ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ " ਰਵਾਇਤੀ ਤੌਰ 'ਤੇ ਭਾਜਪਾ ਦੀ ਸ਼ੈਲੀ ਲੋਕ ਪ੍ਰਿਯ ਰਾਸ਼ਟਰਵਾਦ ਦੇ ਮੁੱਦੇ ਨੂੰ ਮੁੱਖ ਰੱਖ ਕੇ ਯਾਤਰਾਵਾਂ ਕੱਢਣ ਦੀ ਹੈ। ਹੁਣ ਆਮ ਆਦਮੀ ਪਾਰਟੀ ਵੀ ਉਸੇ ਰਾਹ 'ਤੇ ਤੁਰ ਪਈ ਹੈ।"

ਕੇਜਰੀਵਾਲ ਨੇ ਗੁਜਰਾਤ 'ਚ ਕਿਹੜੇ-ਕਿਹੜੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ ?

ਇੱਕ ਸਮਾਂ ਸੀ ਜਦੋਂ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਵੀ ਭਾਜਪਾ ਰਾਸ਼ਟਰੀ ਰਾਜਨੀਤੀ ਵਿੱਚ ਜ਼ਿਆਦਾ ਤਰੱਕੀ ਨਹੀਂ ਕਰ ਸਕੀ ਸੀ।

ਪਰ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ 1990 ਵਿੱਚ ਗੁਜਰਾਤ ਦੇ ਸੋਮਨਾਥ ਮੰਦਰ ਤੋਂ ਰੱਥ ਯਾਤਰਾ ਕੱਢੀ, ਉਸ ਤੋਂ ਬਾਅਦ ਪਾਰਟੀ ਬਹੁਤ ਤੇਜ਼ੀ ਨਾਲ ਅੱਗੇ ਵਧੀ।

ਦੇਸ਼ ਵਿੱਚ ਸੋਮਨਾਥ ਮੰਦਰ ਦਾ ਧਾਰਮਿਕ ਅਤੇ ਰਾਜਨੀਤਕ ਮਹੱਤਵ ਬਹੁਤ ਹੈ।

ਇਹ ਗੱਲ ਅਰਵਿੰਦ ਕੇਜਰੀਵਾਲ ਚੰਗੀ ਤਰ੍ਹਾਂ ਜਾਣਦੇ ਹਨ।

ਕੇਜਰੀਵਾਲ 2016 ਵਿੱਚ ਸੋਮਨਾਥ ਮੰਦਰ ਦੇ ਦਰਸ਼ਨਾਂ ਲਈ ਗੁਜਰਾਤ ਗਏ ਸਨ।

ਉਹ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਤੋਂ ਵੱਧ ਵਾਰ ਸੋਮਨਾਥ ਜਾ ਚੁੱਕੇ ਹਨ।

ਉਨ੍ਹਾਂ ਦੀਆਂ ਸਿਰ 'ਤੇ ਤ੍ਰਿਪੁੰਡ ਅਤੇ ਗਲੇ 'ਚ ਰੁਦਰਾਕਸ਼ ਦੀ ਮਾਲਾ ਪਾ ਕੇ ਖਿੱਚੀਆਂ ਗਈਆਂ ਤਸਵੀਰਾਂ ਜਨਤਕ ਹੋਈਆਂ ਹਨ।

ਕੇਜਰੀਵਾਲ ਨੇ ਗੁਜਰਾਤ 'ਚ ਸ਼੍ਰੀ ਕ੍ਰਿਸ਼ਨ ਨਗਰੀ ਦਵਾਰਕਾ ਦਾ ਦੌਰਾ ਵੀ ਕੀਤਾ ਸੀ।

ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਗੁਜਰਾਤ ਦੇ ਅੰਬਾਜੀ ਮੰਦਰ, ਬਹੁਚਰਾਜੀ ਮੰਦਰ ਦੇ ਦਰਸ਼ਨਾਂ ਲਈ ਗਏ ਸਨ ।

ਕੇਜਰੀਵਾਲ ਅਤੇ ਹਿੰਦੂਤਵ

ਤਸਵੀਰ ਸਰੋਤ, TWITTER @AAMAADMIPARTY

ਗੁਜਰਾਤ 'ਚ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਸ਼ਟਰੀ ਸੰਯੁਕਤ ਜਨਰਲ ਸਕੱਤਰ ਇਸੂਦਾਨ ਗੜਵੀ ਪਾਰਟੀ 'ਚ ਸ਼ਾਮਲ ਹੋਏ ਸਨ ਤਾਂ ਉਸ ਸਮੇਂ ਉਨ੍ਹਾਂ ਨੇ ਇੱਕ ਕ੍ਰਿਸ਼ਨ ਮੰਦਰ 'ਚ ਕੇਜਰੀਵਾਲ ਦੇ ਹੱਥੋਂ 'ਆਪ' ਦਾ ਪਰਨਾ ਪੁਆਇਆ ਸੀ।

ਗੁਜਰਾਤ 'ਆਪ' ਦੇ ਪ੍ਰਧਾਨ ਗੋਪਾਲ ਇਟਾਲੀਆ ਜਦੋਂ ਪਾਰਟੀ ਦੇ ਨਾਲ ਨਹੀਂ ਜੁੜੇ ਸਨ, ਉਸ ਸਮੇਂ ਉਨ੍ਹਾਂ ਦੇ ਕੁਝ ਵੀਡੀਓ ਵਾਇਰਲ ਹੋਏ ਸਨ ।

ਉਨ੍ਹਾਂ ਵੀਡੀਓ 'ਚ ਉਨ੍ਹਾਂ ਨੇ ਕਥਿਤ ਤੌਰ 'ਤੇ ਧਰਮ ਦੀ ਆਲੋਚਨਾ ਕੀਤੀ ਸੀ।

'ਆਪ' ਨਾਲ ਜੁੜਨ ਤੋਂ ਬਾਅਦ ਉਹ ਵੀ ਗਾਂ ਦੇ ਭਜਨਾਂ 'ਤੇ ਖੜਤਾਲ ਵਜਾਉਂਦੇ ਹੋਏ ਵਿਖਾਈ ਦਿੱਤੇ।

ਇਸ ਤੋਂ ਇਲਾਵਾ ਕਈ ਵਾਰ ਉਹ ਮੰਦਰਾਂ 'ਚ ਜਾ ਕੇ ਭਗਵਾਨ ਦੇ ਦਰਸ਼ਨ ਕਰਦੇ ਵੀ ਨਜ਼ਰ ਆ ਜਾਂਦੇ ਹਨ ।

ਸਾਲ 2020 'ਚ ਦਿਵਾਲੀ ਦੌਰਾਨ ਕੇਜਰੀਵਾਲ ਨੇ ਦਿੱਲੀ ਦੇ ਅਕਸ਼ਰਧਾਮ 'ਚ ਅਯੁੱਧਿਆ 'ਚ ਬਣ ਰਹੇ ਰਾਮ ਮੰਦਰ ਦੀ ਪ੍ਰਤੀਰੂਪ ਬਣਵਾਈ ਸੀ ।

ਉੱਥੇ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਲਕਸ਼ਮੀ ਪੂਜਾ ਵੀ ਕੀਤੀ ਸੀ।

ਕੇਜਰੀਵਾਲ ਅਤੇ ਹਿੰਦੂਤਵ

ਤਸਵੀਰ ਸਰੋਤ, Getty Images

ਫਿਰ ਡੇਕਨ ਹੇਰਾਲਡ ਦੇ ਸੀਨੀਅਰ ਪੱਤਰਕਾਰ ਭਾਰਤ ਭੂਸ਼ਣ ਨੇ ਲਿਖਿਆ, "ਜਿਵੇਂ ਹੀ ਚੋਣਾਂ ਦੀਆਂ ਤਰੀਕਾਂ ਨੇੜੇ ਆਉਂਦੀਆਂ ਹਨ, ਕੇਜਰੀਵਾਲ ਦੀ ਧਾਰਮਿਕਤਾ ਜ਼ੋਰ ਫੜਨੀ ਸ਼ੁਰੂ ਹੋ ਜਾਂਦੀ ਹੈ।"

ਕੇਜਰੀਵਾਲ ਖੁਦ ਨੂੰ ਹਨੂੰਮਾਨ ਅਤੇ ਰਾਮ ਭਗਤ ਦੱਸਦੇ ਹਨ । ਗੁਜਰਾਤ ਚੋਣਾਂ ਨੇੜੇ ਆਉਣ ਨਾਲ ਕੇਜਰੀਵਾਲ ਦੀ ਧਾਰਮਿਕਤਾ ਵੀ ਵਧਦੀ ਨਜ਼ਰ ਆ ਰਹੀ ਹੈ।

ਕੇਜਰੀਵਾਲ ਸੋਮਨਾਥ ਤੋਂ ਦਵਾਰਕਾ ਤੱਕ ਦਰਸ਼ਨਾਂ ਲਈ ਜਾਂਦੇ ਹਨ।

ਗੁਜਰਾਤ ਵਿੱਚ ਚਰਚ ਅਤੇ ਮਸਜਿਦਾਂ ਵਰਗੇ ਹੋਰ ਧਾਰਮਿਕ ਸਥਾਨ ਹਨ ਪਰ ਕੇਜਰੀਵਾਲ ਉੱਥੇ ਨਜ਼ਰ ਨਹੀਂ ਆਉਂਦੇ ਹਨ। ਇਹ ਠੀਕ ਭਾਜਪਾ ਵਾਂਗ ਹੀ ਹੈ।

ਵਿਸ਼ਲੇਸ਼ਕ ਭਾਜਪਾ ਅਤੇ 'ਆਪ' ਦੀ ਚੋਣ ਪ੍ਰਚਾਰ ਸ਼ੈਲੀ 'ਚ ਕਈ ਸਮਾਨਤਾਵਾਂ ਦੇਖਦੇ ਹਨ। ਜਿਸ ਤਰ੍ਹਾਂ ਭਾਜਪਾ ਸੋਸ਼ਲ ਮੀਡੀਆ 'ਤੇ ਜੰਗ ਵਾਂਗ ਪ੍ਰਚਾਰ ਕਰਦੀ ਹੈ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਕਰਦੀ ਹੈ।

12 ਸਤੰਬਰ ਨੂੰ ਅਰਵਿੰਦ ਕੇਜਰੀਵਾਲ ਅਹਿਮਦਾਬਾਦ 'ਚ ਇਕ ਆਟੋ ਰਿਕਸ਼ਾ ਚਾਲਕ ਦੇ ਘਰ ਖਾਣਾ ਖਾਣ ਗਏ ਸਨ।

6 ਸਤੰਬਰ ਨੂੰ ਉਨ੍ਹਾਂ ਨੇ ਗੁਜਰਾਤ ਦੇ ਗਾਂਧੀਨਗਰ ਦੇ ਇਕ ਦਲਿਤ ਪਰਿਵਾਰ ਨੂੰ ਦਿੱਲੀ 'ਚ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਖਾਣੇ ਲਈ ਸੱਦਾ ਦਿੱਤਾ ਸੀ।

ਕੇਜਰੀਵਾਲ ਅਤੇ ਹਿੰਦੂਤਵ

ਤਸਵੀਰ ਸਰੋਤ, HINDUSTAN TIMES

ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਆਪਣੇ ਟਵਿੱਟਰ, ਫੇਸਬੁੱਕ ਵਰਗੇ ਸੋਸ਼ਲ ਹੈਂਡਲ 'ਤੇ ਪਲ-ਪਲ ਇਨ੍ਹਾਂ ਸਾਰੇ ਮੌਕਿਆਂ ਦੀਆਂ ਤਸਵੀਰਾਂ ਜਾਰੀ ਕਰ ਰਹੀ ਸੀ।

ਕੇਜਰੀਵਾਲ ਦੇ ਨਾਲ -ਨਾਲ 'ਆਪ' ਦੇ ਹਜ਼ਾਰਾਂ ਵਰਕਰ ਵੀ ਇਸ ਗੱਲ ਨੂੰ ਸਾਂਝਾ ਕਰ ਰਹੇ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਕਾਂਗਰਸ ਮੁਕਤ ਭਾਰਤ ਦੀ ਗੱਲ ਕੀਤੀ ਤਾਂ ਕੇਜਰੀਵਾਲ ਨੇ ਵੀ ਗੁਜਰਾਤ 'ਚ ਇੱਕ ਮੀਟਿੰਗ ਵਿੱਚ ਕਿਹਾ ਕਿ "ਕਾਂਗਰਸ ਹੁਣ ਖਤਮ ਹੋ ਗਈ ਹੈ।"

ਤਾਂ ਕੀ ਕੇਜਰੀਵਾਲ ਅਤੇ ਮੋਦੀ ਇੱਕੋ ਕਿਸ਼ਤੀ ਵਿੱਚ ਸਫ਼ਰ ਕਰ ਰਹੇ ਹਨ ?

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਮਹੱਤਵਪੂਰਨ ਗੱਲ ਇਹ ਹੈ ਕਿ ਕੇਜਰੀਵਾਲ ਹਮੇਸ਼ਾ ਭਾਜਪਾ ਦੀ ਆਲੋਚਨਾ ਕਰਦੇ ਹਨ ਪਰ ਉਹ ਕਦੇ ਵੀ ਆਰਐਸਐਸ (ਰਾਸ਼ਟਰੀ ਸਵੈਮ ਸੇਵਕ ਸੰਘ) ਦੀ ਆਲੋਚਨਾ ਕਰਦੇ ਨਜ਼ਰ ਨਹੀਂ ਆਉਂਦੇ ਹਨ ।

ਇਸ ਬਾਰੇ ਸੀਨੀਅਰ ਪੱਤਰਕਾਰ ਅਤੇ ਸਾਬਕਾ ਸੰਪਾਦਕ ਸ਼ਰਵਨ ਗਰਗ ਦਾ ਕਹਿਣਾ ਹੈ, "ਆਮ ਆਦਮੀ ਪਾਰਟੀ ਭਾਜਪਾ ਦੀ ਨਹੀਂ, ਸਗੋਂ ਆਰਐਸਐਸ ਦੀ 'ਬੀ' ਟੀਮ ਹੈ।"

"ਗੁਜਰਾਤ 'ਚ ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਖਤਮ ਹੋ ਜਾਵੇਗੀ। ਉਹ ਇਹ ਨਹੀਂ ਕਹਿੰਦੇ ਕਿ ਭਾਜਪਾ ਤਬਾਹ ਜਾਂ ਕਮਜ਼ੋਰ ਹੋ ਜਾਵੇਗੀ। ਆਮ ਆਦਮੀ ਪਾਰਟੀ ਦਾ ਮਕਸਦ ਕਾਂਗਰਸ ਨੂੰ ਤਬਾਹ ਕਰਨਾ ਹੈ।"

ਉਹ ਕਹਿੰਦੇ ਹਨ, "ਆਮ ਆਦਮੀ ਪਾਰਟੀ ਵਿਰੋਧੀ ਧਿਰ 'ਚ ਰਹਿੰਦਿਆਂ ਵਿਰੋਧੀ ਧਿਰ ਦੇ ਹੀ ਇੱਕ ਹਿੱਸੇ ਨੂੰ ਕਿਉਂ ਖ਼ਤਮ ਕਰਨਾ ਚਾਹੁੰਦੀ ਹੈ? ਤੁਹਾਨੂੰ ਤਾਂ ਕੁਝ ਅਜਿਹਾ ਕਰਨਾ ਚਾਹੀਦਾ ਹੈ ਤਾਂ ਕਿ ਵਿਰੋਧੀ ਧਿਰ ਮਜ਼ਬੂਤ ਹੋਵੇ ਪਰ ਉਹ ਅਜਿਹਾ ਨਹੀਂ ਕਰ ਰਹੇ ਹਨ।"

ਸ਼ਰਵਣ ਅੱਗੇ ਕਹਿੰਦੇ ਹਨ, "ਆਮ ਆਦਮੀ ਪਾਰਟੀ ਦੇ ਵਿਸ਼ੇਸ਼ ਪ੍ਰਯੋਗ ਵੀ ਹਨ। ਪਹਿਲਾ ਮੋਦੀ ਨੂੰ ਕਾਬੂ 'ਚ ਰੱਖਣਾ। ਦੂਜਾ, ਜੇਕਰ ਉਹ ਮੋਦੀ ਅਤੇ ਭਾਜਪਾ ਤੋਂ ਇਲਾਵਾ ਤੀਜੀ ਪਾਰਟੀ ਵੱਜੋਂ ਕਾਂਗਰਸ ਨੂੰ ਖ਼ਤਮ ਕਰਨ 'ਚ ਯੋਗਦਾਨ ਦਿੰਦੀ ਹੈ ਤਾਂ ਉਹ ਕਿਤੇ ਵਧੇਰੇ ਪ੍ਰਭਾਵਸ਼ਾਲੀ ਹੋਵੇਗੀ।"

"ਤੀਜਾ ਜੇਕਰ ਭਵਿੱਖ 'ਚ ਕਾਂਗਰਸ ਮੁੱਖ ਵਿਰੋਧੀ ਧਿਰ ਨਾ ਰਹੀ ਤਾਂ ਉਸ ਦੀ ਥਾਂ 'ਤੇ ਆਮ ਆਦਮੀ ਪਾਰਟੀ ਆ ਸਕਦੀ ਹੈ , ਅਜਿਹੇ 'ਚ ਭਾਜਪਾ ਦੀ ਆਪਣੀ ਖੁਦ ਦੀ ਵਿਰੋਧੀ ਧਿਰ ਹੋਵੇਗੀ।"

ਸੌਫਟ ਹਿੰਦੂਤਵ

ਗੁਜਰਾਤ 'ਚ 'ਆਪ' ਦੇ ਬੁਲਾਰੇ ਯੋਗੇਸ਼ ਜਾਦਵਾਨੀ ਨੇ ਭਾਜਪਾ, ਆਰਐੱਸਐੱਸ ਅਤੇ 'ਆਪ' ਦੀਆਂ ਨੀਤੀਆਂ 'ਚ ਕਿਸੇ ਵੀ ਤਰ੍ਹਾਂ ਦੀ ਸਮਾਨਤਾ ਹੋਣ ਤੋਂ ਇਨਕਾਰ ਕੀਤਾ ਹੈ।

ਉਨ੍ਹਾਂ ਨੇ ਬੀਬੀਸੀ ਗੁਜਰਾਤੀ ਦੇ ਪੱਤਰਕਾਰ ਅਰਜੁਨ ਪਰਮਾਰ ਨੂੰ ਦੱਸਿਆ, "ਆਮ ਆਦਮੀ ਪਾਰਟੀ ਕਿਸੇ ਵੀ ਧਰਮ ਨਹੀਂ ਬਲਕਿ ਮਨੁੱਖਤਾ ਨੂੰ ਸਮਰਪਿਤ ਹੈ। ਅਸੀਂ ਮਾਨਵਤਾਵਾਦੀ ਵਿਚਾਰਧਾਰਾ 'ਚ ਵਿਸ਼ਵਾਸ ਰੱਖਦੇ ਹਾਂ।"

" ਸਾਰੇ ਧਰਮਾਂ 'ਚ ਮਨੁੱਖਤਾ ਸਭ ਤੋਂ ਉੱਪਰ ਹੈ। ਇਸ ਲਈ 'ਆਪ' ਦਾ ਆਰਐਸਐਸ ਦੀ 'ਬੀ' ਟੀਮ ਹੋਣ ਦਾ ਦਾਅਵਾ ਬੇਬੁਨਿਆਦ ਹੈ।"

ਉਹ ਅੱਗੇ ਕਹਿੰਦੇ ਹਨ, " ਕੇਜਰੀਵਾਲ ਦਾ ਕਹਿਣਾ ਹੈ ਕਿ ਮੈਂ ਹਿੰਦੂ ਹਾਂ ਅਤੇ ਹਿੰਦੂ ਧਰਮ 'ਚ ਵਿਸ਼ਵਾਸ ਰੱਖਦਾ ਹਾਂ। ਇਹ ਸੱਚ ਹੈ ਅਤੇ ਇਸ ਲਈ ਉਹ ਕਹਿ ਰਹੇ ਹਨ।"

"ਉਹ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਅਜਿਹਾ ਨਹੀਂ ਕਰ ਰਹੇ ਹਨ। ਹਿੰਦੂ-ਮੁਸਲਿਮ ਦਾ ਮੁੱਦਾ ਚੁੱਕ ਕੇ ਪ੍ਰਸਿੱਧੀ ਹਾਸਲ ਕਰਨ ਵਾਲੀ ਆਰਐੱਸਐੱਸ ਵਰਗੀ ਸਾਡੀ ਰਾਜਨੀਤੀ ਨਹੀਂ ਹੈ।"

"ਲੋਕਾਂ ਨੂੰ ਮਿਆਰੀ ਜੀਵਣ ਹਾਸਲ ਹੋਵੇ, ਇਹੀ ਸਾਡੀ ਰਾਜਨੀਤੀ ਦੀ ਤਰਜੀਹ ਹੈ।"

ਕੇਜਰੀਵਾਲ ਅਤੇ ਹਿੰਦੂਤਵ

ਸੰਘ ਅਤੇ 'ਆਪ' ਦੀ ਰਾਜਨੀਤੀ 'ਤੇ ਗੁਜਰਾਤ ਦੇ ਸੀਨੀਅਰ ਪੱਤਰਕਾਰ ਅਤੇ ਸਾਬਕਾ ਸੰਪਾਦਕ ਦਲੀਪ ਗੋਹਿਲ ਦਾ ਕਹਿਣਾ ਹੈ, ''ਇਕ ਗੱਲ ਸਪੱਸ਼ਟ ਹੈ ਕਿ ਅੰਨਾ ਹਜ਼ਾਰੇ ਦੇ ਅੰਦੋਲਨ ਨੂੰ ਅੱਗੇ ਲਿਜਾਣ 'ਚ ਆਰਐੱਸਐੱਸ ਨੇ ਭੂਮਿਕਾ ਨਿਭਾਈ ਸੀ । ਪਿੰਡ-ਪਿੰਡ ਅੰਨਾ ਅੰਦੋਲਨ ਦੇ ਪ੍ਰੋਗਰਾਮ ਸ਼ੁਰੂ ਹੋਣ ਲੱਗੇ ਸਨ ਕਿਉਂਕਿ ਸੰਘ ਪਰਿਵਾਰ ਨਾਲ ਸਬੰਧਤ ਲੋਕ ਇਸ 'ਚ ਸ਼ਾਮਲ ਸਨ।"

''ਇਸ ਅੰਦੋਲਨ ਦਾ ਸਭ ਤੋਂ ਵੱਧ ਫਾਇਦਾ ਭਾਜਪਾ ਨੂੰ ਹੋਇਆ ਅਤੇ ਨੁਕਸਾਨ ਕਾਂਗਰਸ ਨੂੰ, ਆਮ ਆਦਮੀ ਪਾਰਟੀ ਦਾ ਜਨਮ ਉਸ ਲਹਿਰ 'ਚੋਂ ਹੀ ਹੋਇਆ ਹੈ, ਇਸ ਲਈ ਸੁਭਾਵਿਕ ਹੈ ਕਿ ਉਸ 'ਤੇ ਸੰਘ ਪਰਿਵਾਰ ਨਾਲ ਨੇੜਤਾ ਦੇ ਇਲਜ਼ਾਮ ਲਗਾਏ ਜਾਣਗੇ।"

2021 ਦੀਆਂ ਗੋਆ ਚੋਣਾਂ ਤੋਂ ਪਹਿਲਾਂ, ਕੇਜਰੀਵਾਲ ਨੇ ਹਿੰਦੂਆਂ ਨੂੰ ਮੁਫਤ 'ਚ ਅਯੁੱਧਿਆ, ਮੁਸਲਮਾਨਾਂ ਨੂੰ ਅਜਮੇਰ ਸ਼ਰੀਫ ਅਤੇ ਈਸਾਈਆਂ ਨੂੰ ਤਾਮਿਲਨਾਡੂ ਦੇ ਵੇਲੰਕੰਨੀ ਚਰਚ ਲੈ ਜਾਣ ਦੀ ਗੱਲ ਕਹੀ ਸੀ । ਗੋਆ ਵਿੱਚ ਹਿੰਦੂ ਆਬਾਦੀ 66%, ਇਸਾਈ ਆਬਾਦੀ 25% ਅਤੇ ਮੁਸਲਮਾਨ ਆਬਾਦੀ 8.33% ਹੈ।

ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ, ਜੋ ਕਿ ਕੇਜਰੀਵਾਲ ਦੇ ਸਾਥੀ ਸਨ, ਨੇ ਪਿਛਲੇ ਸਾਲ ਬੀਬੀਸੀ ਪੱਤਰਕਾਰ ਰਾਘਵੇਂਦਰ ਰਾਓ ਨੂੰ ਕਿਹਾ ਸੀ, "ਅਰਵਿੰਦ ਕੇਜਰੀਵਾਲ ਦੀ 'ਕੋਈ ਵਿਸ਼ੇਸ਼ ਵਿਚਾਰਧਾਰਾ' ਨਹੀਂ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ 'ਜਿਹੜਾ ਕੰਮ ਸਾਨੂੰ ਵੋਟਾਂ ਦਿਵਾਏਗਾ, ਸਾਨੂੰ ਉਹੀ ਕੰਮ ਕਰਨਾ ਚਾਹੀਦਾ ਹੈ। ਕੇਜਰੀਵਾਲ ਦਾ ਥੋੜਾ ਜਿਹਾ ਵਿਚਾਰਧਾਰਕ ਝੁਕਾਅ 'ਸੌਫਟ ਹਿੰਦੂਤਵ' ਵੱਲ ਹੋ ਸਕਦਾ ਹੈ।"

ਗੁਜਰਾਤ ਦੰਗਿਆਂ ਅਤੇ ਬਿਲਕਿਸ ਬਾਨੋ ਮਾਮਲਿਆਂ 'ਚ ਕੇਜਰੀਵਾਲ ਦੀ ਚੁੱਪੀ

ਜਿਹੜੇ ਕੇਜਰੀਵਾਲ 2014 ਕਿਹਾ ਕਰਦੇ ਸਨ ਕਿ ਫਿਰਕਾਪ੍ਰਸਤੀ ਭ੍ਰਿਸ਼ਟਾਚਾਰ ਤੋਂ ਵਧੇਰੇ ਖ਼ਤਰਨਾਕ ਹੈ।

ਉਹੀ ਕੇਜਰੀਵਾਲ ਗੁਜਰਾਤ 'ਚ ਸੀਨੀਅਰ ਨਾਗਰਿਕਾਂ ਨੂੰ ਹਿੰਦੂ ਗੁਰਧਾਮਾਂ ਦੀ ਯਾਤਰਾ ਕਰਵਾਉਣ ਦਾ ਵਾਅਦਾ ਕਰਦੇ ਹਨ ਅਤੇ ਗੋਆ ਦੇ 25% ਈਸਾਈਆਂ ਨੂੰ ਤਾਮਿਲਨਾਡੂ ਦੇ ਇੱਕ ਚਰਚ 'ਚ ਲਿਜਾਣ ਦਾ ਵਾਅਦਾ ਵੀ ਕਰਦੇ ਹਨ।

ਕੇਜਰੀਵਾਲ ਅਤੇ ਹਿੰਦੂਤਵ

ਤਸਵੀਰ ਸਰੋਤ, Getty Images

ਡੇਕਨ ਹੈਰਲਡ ਦੇ ਆਪਣੇ ਲੇਖ 'ਚ ਭਰਤ ਭੂਸ਼ਣ ਲਿਖਦੇ ਹਨ , " ਬਹੁਗਿਣਤੀ ਭਾਈਚਾਰੇ ਦੇ ਵੋਟ ਬੈਂਕ 'ਤੇ ਨਜ਼ਰ ਰੱਖਣਾ ਅਤੇ ਰਾਜ ਦੀ ਸਰਪ੍ਰਸਤੀ ਰਾਹੀਂ ਕੇਜਰੀਵਾਲ ਦੀ ਧਰਮ ਨਿਰਪੱਖਤਾ ਦੀ ਵਿਆਖਿਆ ਜਨਤਕ ਜੀਵਨ 'ਚ ਧਾਰਮਿਕਤਾ ਨੂੰ ਉਤਸ਼ਾਹਿਤ ਕਰਨਾ ਹੈ।"

ਉਹ ਲਿਖਦੇ ਹਨ, "ਧਰਮ ਨਿਰਪੱਖਤਾ ਦੇ ਮਾਮਲੇ ਵਿੱਚ ਕੇਜਰੀਵਾਲ ਦੀ ਰਾਜਨੀਤੀ ਅਤੇ ਸ਼ਾਸਨ ਅਸਫ਼ਲ ਰਹੇ ਹਨ। ਕੇਜਰੀਵਾਲ ਨੇ ਨਾਗਰਿਕਤਾ ਸੋਧ ਕਾਨੂੰਨ-ਸੀਏਏ ਦੇ ਖਿਲਾਫ਼ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ।"

ਉਨ੍ਹਾਂ ਨੇ ਦਿੱਲੀ ਵਿੱਚ ਜਾਮੀਆ ਮਿਲੀਆ ਇਸਲਾਮੀਆ ਅਤੇ ਜੇਐਨਯੂ (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ) ਦੇ ਵਿਦਿਆਰਥੀਆਂ ਉੱਤੇ ਹੋਏ ਹਮਲੇ ਵਿੱਚ ਵੀ ਦਖ਼ਲ ਨਹੀਂ ਦਿੱਤਾ।

"ਫਿਰ ਵੀ ਉਨ੍ਹਾਂ ਦਾ ਇਹੀ ਕਹਿਣਾ ਸੀ ਕਿ ਦਿੱਲੀ ਦੀ ਕਾਨੂੰਨ ਵਿਵਸਥਾ ਕੇਂਦਰ ਸਰਕਾਰ ਦੇ ਹੱਥ 'ਚ ਹੈ। ਉਨ੍ਹਾਂ ਕਿਹਾ ਸੀ ਕਿ ਇਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੁੱਢਲੀ ਜ਼ਿੰਮੇਵਾਰੀ ਹੈ।"

ਜਦੋਂ ਕੇਜਰੀਵਾਲ 'ਤੇ 'ਸੌਫਟ ਹਿੰਦੂ' ਹੋਣ ਦਾ ਇਲਜ਼ਾਮ ਲੱਗਿਆ ਸੀ ਤਾਂ ਉਨ੍ਹਾਂ ਜਵਾਬ 'ਚ ਕਿਹਾ ਸੀ ਕਿ " ਕੀ ਤੁਸੀਂ ਮੰਦਰ ਨਹੀਂ ਜਾਂਦੇ ਹੋ ? ਮੰਦਰਾਂ 'ਚ ਜਾਣ 'ਚ ਕੋਈ ਖਰਾਬੀ ਨਹੀਂ ਹੈ। ਮੈਂ ਹਿੰਦੂ ਹਾਂ। ਰਾਮ ਮੰਦਰ, ਹਨੂਮਾਨ ਮੰਦਰ ਜਾਂਦਾ ਹਾਂ ਅਤੇ ਉਸ 'ਚ ਕਿਸੇ ਨੂੰ ਇਤਰਾਜ਼ ਕਿਉਂ ਹੋਵੇਗਾ? ਮੇਰੇ 'ਤੇ ਇਲਜ਼ਾਮ ਕਿਉਂ ਲਗਾਏ ਜਾ ਰਹੇ ਹਨ ?"

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਕੇਜਰੀਵਾਲ ਨੇ ਗੁਜਰਾਤ 'ਚ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਇੱਥੇ ਬਣਦੀ ਹੈ ਤਾਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਸਨਮਾਨ ਰਾਸ਼ੀ ਮਿਲੇਗੀ।

2002 ਦੇ ਗੁਜਰਾਤ ਦੰਗਿਆਂ ਤੋਂ ਬਾਅਦ ਗੋਧਰਾ ਨਜ਼ਦੀਕ ਬਿਲਕਿਸ ਬਾਨੋ ਸਮੂਹਿਕ ਬਲਾਤਕਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਤਲ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ 11 ਲੋਕਾਂ ਨੂੰ ਜੇਲ੍ਹ ਤੋਂ ਰਿਹਾਅ ਕੀਤੇ ਜਾਣ ਦੇ ਮਾਮਲੇ 'ਚ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਨੇ ਅਜੇ ਤੱਕ ਕੁਝ ਵੀ ਨਹੀਂ ਕਿਹਾ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)