ਅਰਵਿੰਦ ਕੇਜਰੀਵਾਲ 2024 ਦੀਆਂ ਚੋਣਾਂ ਲਈ ਨਰਿੰਦਰ ਮੋਦੀ ਨੂੰ ਟੱਕਰ ਦੇਣ ਲਈ ਕਿੰਨਾ ਤਿਆਰ

ਅਰਵਿੰਦ ਕੇਜਰੀਵਾਲ ਅਤੇ ਨਰਿੰਦਰ ਮੋਦੀ

ਤਸਵੀਰ ਸਰੋਤ, HINDUSTAN TIMES

ਤਸਵੀਰ ਕੈਪਸ਼ਨ, ਕੇਜਰੀਵਾਲ ਨੇ ਮੋਦੀ ਦੇ ਮਿਸ਼ਨ 2024 ਦੀ ਤਰ੍ਹਾਂ ਭਾਰਤ ਨੂੰ ਇੱਕ ਵਾਰ ਫਿਰ ਮਹਾਨ ਬਣਾਉਣ ਦਾ ਮਿਸ਼ਨ ਸ਼ੁਰੂ ਕੀਤਾ ਹੈ
    • ਲੇਖਕ, ਅਨੰਤ ਪ੍ਰਕਾਸ਼
    • ਰੋਲ, ਬੀਬੀਸੀ ਪੱਤਰਕਾਰ

ਸਾਲ 2014 ਦੀ ਗੱਲ ਹੈ, ਜਦੋਂ ਸੋਸ਼ਲ ਮੀਡੀਆ ਤੋਂ ਲੈ ਕੇ ਟੀਵੀ ਚੈਨਲਾਂ ਤੱਕ ਸਿਰਫ਼ ਦੋ ਹੀ ਆਗੂਆਂ ਦੀ ਚਰਚਾ ਸੀ, ਇਹ ਨਾਮ ਸਨ ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ।

ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ 2014 ਦੀਆਂ ਚੋਣਾਂ ਜਿੱਤਣ ਦੀ ਤਿਆਰੀ 'ਚ ਸਨ।

ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਤਿੰਨ ਵਾਰ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੀ ਸ਼ੀਲਾ ਦੀਕਸ਼ਤ ਨੂੰ ਹਰਾ ਕੇ ਦਿੱਲੀ ਦੀ ਸੱਤਾ 'ਤੇ ਕਾਬਜ਼ ਹੋ ਕੇ ਇਤਿਹਾਸ ਰਚਿਆ ਸੀ।

ਭਾਰਤ ਦੀ ਤਤਕਾਲੀ ਸਿਆਸਤ ਦੇ ਇੰਨ੍ਹਾਂ ਦੋ ਅਹਿਮ ਕਿਰਦਾਰਾਂ ਦਾ ਟਕਰਾਅ ਵਾਰਾਣਸੀ ਦੀਆਂ ਚੋਣਾਂ 'ਚ ਹੋਇਆ, ਜਿੱਥੇ ਅਰਵਿੰਦ ਕੇਜਰੀਵਾਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਤੋਂ ਠੀਕ ਦਸ ਸਾਲ ਬਾਅਦ 2024 'ਚ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਨਰਿੰਦਰ ਮੋਦੀ ਨੂੰ ਚੁਣੌਤੀ ਦਿੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਮੋਦੀ ਦੇ ਮਿਸ਼ਨ 2024 ਦੀ ਤਰ੍ਹਾਂ ਭਾਰਤ ਨੂੰ ਇੱਕ ਵਾਰ ਫਿਰ ਮਹਾਨ ਬਣਾਉਣ ਦਾ ਮਿਸ਼ਨ ਸ਼ੁਰੂ ਕੀਤਾ ਹੈ।

ਕੇਜਰੀਵਾਲ ਨੇ ਕਿਹਾ ਹੈ ਕਿ 'ਜਦੋਂ ਤੱਕ ਭਾਰਤ ਨੂੰ ਦੁਨੀਆਂ ਦਾ ਨੰਬਰ ਇੱਕ ਦੇਸ਼ ਨਹੀਂ ਬਣਾ ਦਿੰਦੇ, ਉਦੋਂ ਤੱਕ ਅਸੀਂ ਆਰਾਮ ਨਾਲ ਨਹੀਂ ਬੈਠਾਂਗੇ। ਮੈਂ ਦੇਸ਼ ਦੇ ਹਰ ਹਿੱਸੇ ਦਾ ਦੌਰਾ ਕਰਾਂਗਾ ਅਤੇ ਦੇਸ਼ ਦੇ 130 ਕਰੋੜ ਲੋਕਾਂ ਦਾ ਗੱਠਜੋੜ ਬਣਾਵਾਂਗਾ'।

ਮੋਦੀ ਵਾਂਗ ਹੀ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ 'ਜੇਕਰ ਅਸੀਂ ਇੰਨ੍ਹਾਂ ਪਾਰਟੀਆਂ ਅਤੇ ਇੰਨ੍ਹਾਂ ਆਗੂਆਂ ਦੇ ਭਰੋਸੇ ਦੇਸ਼ ਨੂੰ ਛੱਡ ਦਿੱਤਾ ਤਾਂ ਅਗਲੇ 75 ਸਾਲਾਂ ਤੱਕ ਵੀ ਦੇਸ਼ ਤਰੱਕੀ ਨਹੀਂ ਕਰ ਸਕੇਗਾ। 130 ਕਰੋੜ ਲੋਕਾਂ ਨੂੰ ਇੱਕਜੁੱਟ ਹੋਣਾ ਪਵੇਗਾ'।

ਇੰਨਾ ਹੀ ਨਹੀਂ, ਮਨੀਸ਼ ਸਿਸੋਦੀਆ ਤੋਂ ਲੈ ਕੇ ਰਾਘਵ ਚੱਢਾ ਅਤੇ ਸੰਜੇ ਸਿੰਘ ਵਰਗੇ 'ਆਪ' ਪਾਰਟੀ ਦੇ ਚੋਟੀ ਦੇ ਆਗੂਆਂ ਦਾ ਕਹਿਣਾ ਹੈ ਕਿ "ਪਹਿਲਾਂ ਕਿਹਾ ਜਾਂਦਾ ਸੀ ਮੋਦੀ ਬਨਾਮ ਕੌਣ… ਪਰ ਹੁਣ ਕਿਹਾ ਜਾ ਰਿਹਾ ਹੈ- ਮੋਦੀ ਬਨਾਮ ਕੇਜਰੀਵਾਲ।"

ਪਰ ਇੱਥੇ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਇਸ ਦਾਅਵੇ 'ਚ ਕਿੰਨਾ ਕੁ ਦਮ ਹੈ।

ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਨਰਿੰਦਰ ਮੋਦੀ ਨੂੰ ਚੁਣੌਤੀ ਦਿੰਦੇ ਨਜ਼ਰ ਆ ਰਹੇ ਹਨ

ਅੰਕੜਿਆਂ 'ਚ ਕੌਣ ਮਜ਼ਬੂਤ?

ਨਰਿੰਦਰ ਮੋਦੀ ਨੇ ਜਦੋਂ 2014 'ਚ ਕੌਮੀ ਸਿਆਸਤ 'ਚ ਕਦਮ ਰੱਖਿਆ ਸੀ ਤਾਂ ਉਸ ਸਮੇਂ ਉਨ੍ਹਾਂ ਕੋਲ ਤਿੰਨ ਵਾਰ ਗੁਜਰਾਤ ਦਾ ਮੁੱਖ ਮੰਤਰੀ ਬਣਨ ਦਾ ਤਜਰਬਾ ਸੀ।

ਉਨ੍ਹਾਂ ਕੋਲ ਗੁਜਰਾਤ ਮਾਡਲ ਸੀ, ਜਿਸ ਨੂੰ ਉਨ੍ਹਾਂ ਨੇ ਵਾਈਬ੍ਰੈਂਟ ਗੁਜਰਾਤ ਸੰਮੇਲਨ ਵਰਗੇ ਪ੍ਰੋਗਰਾਮਾਂ, ਵਪਾਰਕ ਨੀਤੀਆਂ ਅਤੇ ਪ੍ਰਚਾਰ ਦੀ ਤਾਕਤ ਦੇ ਦਮ 'ਤੇ ਕਾਇਮ ਕੀਤਾ ਸੀ।

ਇਨ੍ਹਾਂ ਗੈਰ-ਸਿਆਸੀ ਪ੍ਰੋਗਰਾਮਾਂ 'ਚ ਮੁਕੇਸ਼ ਅੰਬਾਨੀ ਤੋਂ ਲੈ ਕੇ ਗੌਤਮ ਅਡਾਨੀ ਵਰਗੇ ਵੱਡੇ-ਵੱਡੇ ਉਦਯੋਗਪਤੀ ਸ਼ਮੂਲੀਅਤ ਕਰਦੇ ਸਨ, ਜਿਸ ਨੂੰ ਕਿ ਦੇਸ਼ ਭਰ ਦਾ ਮੀਡੀਆ ਤਰੁੰਤ ਕਵਰ ਕਰਦਾ ਸੀ।

ਅਜਿਹੇ 'ਚ ਜਦੋਂ ਮੋਦੀ ਨੇ 2014 'ਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵਾ ਪੇਸ਼ ਕੀਤਾ ਤਾਂ ਉਨ੍ਹਾਂ ਕੋਲ ਹਿੰਦੂ ਹਿਰਦੇ ਵਾਲੇ ਸਮਰਾਟ ਦਾ ਅਕਸ, ਵਿਕਾਸ ਦਾ ਮਾਡਲ ਅਤੇ ਲਗਾਤਾਰ ਤਿੰਨ ਵਾਰ ਗੁਜਰਾਤ ਚੋਣਾਂ ਜਿੱਤਣ ਦਾ ਰਿਕਾਰਡ ਸੀ।

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੀ ਲਗਾਤਾਰ ਤਿੰਨ ਵਾਰ ਦਿੱਲੀ ਦੇ ਮੁੱਖ ਮੰਤਰੀ ਬਣ ਚੁੱਕੇ ਹਨ। ਉਨ੍ਹਾਂ ਦੀ ਪਾਰਟੀ ਨੇ ਹਾਲ 'ਚ ਹੀ ਪੰਜਾਬ ਵਿੱਚ ਜਿੱਤ ਦਾ ਨਿਸ਼ਾਨ ਲਹਿਰਾਇਆ ਹੈ।

ਦਿੱਲੀ ਦੇ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਸੁਧਾਰਨ ਦਾ ਸਿਹਰਾ ਉਨ੍ਹਾਂ ਦੇ ਸਿਰ ਬੰਨਿਆ ਜਾਂਦਾ ਹੈ।

ਪਰ ਕੀ ਇਸ ਸਿਆਸੀ ਤਜ਼ਰਬੇ ਅਤੇ ਦਿੱਲੀ ਮਾਡਲ ਦੇ ਆਧਾਰ 'ਤੇ ਉਹ 2024 ਦੀਆਂ ਆਮ ਚੋਣਾਂ 'ਚ ਨਰਿੰਦਰ ਮੋਦੀ ਦਾ ਬਦਲ ਬਣ ਕੇ ਉੱਭਰ ਸਕਦੇ ਹਨ।

ਕੌਮੀ ਸਿਆਸਤ ਦੀਆਂ ਬਾਰੀਕੀਆਂ ਨੂੰ ਸਮਝਣ ਵਾਲੀ ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਅਰਵਿੰਦ ਕੇਜਰੀਵਾਲ ਦੇ ਯਤਨਾਂ ਨੂੰ ਗੰਭੀਰ ਮੰਨਦੀ ਹੈ।

ਉਨ੍ਹਾਂ ਦਾ ਕਹਿਣਾ ਹੈ, "ਮੌਜੂਦਾ ਸਮੇਂ ਵਿੱਚ ਜੇਕਰ ਕੋਈ ਭਾਜਪਾ ਨੂੰ ਚੁਣੋਤੀ ਦੇਣ ਲਈ ਗੰਭੀਰ ਹੈ ਤਾਂ ਉਹ ਹਨ ਅਰਵਿੰਦ ਕੇਜਰੀਵਾਲ। ਮਮਤਾ ਬੈਨਰਜੀ 'ਚ ਹੁਣ ਓਨਾ ਉਤਸ਼ਾਹ ਜਾਂ ਜੋਸ਼ ਵਿਖਾਈ ਨਹੀਂ ਦਿੰਦਾ ਅਤੇ ਭਾਜਪਾ ਕਾਂਗਰਸ ਨੂੰ ਗੰਭੀਰਤਾ ਨਾਲ ਲੈ ਹੀ ਨਹੀਂ ਰਹੀ ਹੈ।

ਇਸ ਦੇ ਨਾਲ ਹੀ ਉਹ (ਭਾਜਪਾ) ਖੇਤਰੀ ਦਲਾਂ ਨੂੰ ਖ਼ਤਮ ਕਰਨਾ ਚਾਹੁਣਗੇ।''

ਨੀਰਜਾ ਕਹਿੰਦੇ ਹਨ, ''ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕੇਜਰੀਵਾਲ ਅੱਗੇ ਵੱਧ ਰਹੇ ਹਨ, ਪਰ ਇਸ ਗੱਲ ਦਾ ਸਵਾਲ ਹੀ ਨਹੀਂ ਉੱਠਦਾ ਕਿ ਉਹ 2024 'ਚ ਮੋਦੀ ਨੂੰ ਟੱਕਰ ਦੇ ਸਕਣਗੇ।"

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, HINDUSTAN TIMES

ਤਸਵੀਰ ਕੈਪਸ਼ਨ, ਦਿੱਲੀ ਦੇ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਸੁਧਾਰਨ ਦਾ ਸਿਹਰਾ ਕੇਜਰੀਵਾਲ ਦੇ ਸਿਰ ਬੰਨਿਆ ਜਾਂਦਾ ਹੈ

ਆਮ ਆਦਮੀ ਪਾਰਟੀ ਦਾ ਗਰਾਫ਼

ਹਾਲਾਂਕਿ ਨੀਰਜਾ ਚੌਧਰੀ ਦਾ ਮੰਨਣਾ ਹੈ ਕਿ ਅਰਵਿੰਦ ਕੇਜਰੀਵਾਲ ਸਿਆਸੀ ਤੌਰ 'ਤੇ ਬਹੁਤ ਪਰਿਪੱਕ ਆਗੂ ਹਨ।

ਉਨ੍ਹਾਂ ਦਾ ਕਹਿਣਾ ਹੈ, "ਜੇਕਰ ਉਹ ਇਸੇ ਤਰ੍ਹਾਂ ਗੰਭੀਰਤਾ ਨਾਲ ਅੱਗੇ ਵੱਧਦੇ ਰਹੇ ਤਾਂ ਉਨ੍ਹਾਂ ਨੂੰ ਅਜਿਹਾ ਕਰਨ 'ਚ 15 ਸਾਲਾਂ ਦਾ ਸਮਾਂ ਲੱਗੇਗਾ।"

"ਇਸ ਦਾ ਕਾਰਨ ਇਹ ਹੈ ਕਿ ਉਹ ਨਵੀਂ ਸਿਆਸੀ ਤਾਕਤ ਨੂੰ ਪੈਦਾ ਕਰ ਰਹੇ ਹਨ। ਇਸ 'ਚ ਸਮਾਂ ਲੱਗਦਾ ਹੈ। ਪਰ ਉਹ ਰਾਜਨੀਤਿਕ ਤੌਰ 'ਤੇ ਕਾਫ਼ੀ ਪਰਿਪੱਕ ਹਨ।"

"ਉਨ੍ਹਾਂ ਨੂੰ ਦੇਸ਼ ਦੀ ਨਬਜ਼ ਦੀ ਪਛਾਣ ਹੈ। ਉਹ ਜਾਣਦੇ ਹਨ ਕਿ ਧਰਮ ਨਿਰਪੱਖ ਹੋਣ ਦੀ ਜੋ ਪੁਰਾਣੀ ਪਰਿਭਾਸ਼ਾ ਹੈ, ਉਹ ਹੁਣ ਕੰਮ ਨਹੀਂ ਕਰਦੀ ਹੈ।"

"ਅਜਿਹੇ 'ਚ ਉਹ ਆਪਣਾ ਅਕਸ ਇੱਕ ਹਿੰਦੂ ਪੱਖੀ ਆਗੂ ਦੇ ਰੂਪ 'ਚ ਬਣਾਉਣਾ ਚਾਹੁੰਦੇ ਹਨ, ਜੋ ਕਿ ਮੁਸਲਿਮ ਵਿਰੋਧੀ ਨਹੀਂ ਹੈ।"

"ਰਾਹੁਲ ਗਾਂਧੀ ਵਰਗੇ ਦੂਜੀਆਂ ਪਾਰਟੀਆਂ ਦੇ ਆਗੂ ਕਦੇ ਕਦਾਈਂ ਮੰਦਰ ਚਲੇ ਜਾਂਦੇ ਹਨ, ਪਰ ਉਸ ਨਾਲ ਕੋਈ ਗੱਲ ਨਹੀਂ ਬਣਦੀ ਹੈ।"

"ਪਰ ਕੇਜਰੀਵਾਲ ਹੌਲੀ-ਹੌਲੀ ਅਜਿਹਾ ਕਰਨ 'ਚ ਸਫ਼ਲ ਹੋ ਰਹੇ ਹਨ ਅਤੇ ਭਾਜਪਾ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਭਵਿੱਖ 'ਚ ਉਨ੍ਹਾਂ ਨੂੰ ਕੇਜਰੀਵਾਲ ਵੱਲੋਂ ਚੁਣੌਤੀ ਮਿਲ ਸਕਦੀ ਹੈ।"

ਅਰਵਿੰਦ ਕੇਜਰੀਵਾਲ ਨੂੰ ਕਈ ਮੌਕਿਆਂ 'ਤੇ ਆਪਣੇ ਇਸ ਰੁਖ਼ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਵਿਰੋਧੀ ਪਾਰਟੀਆਂ ਦਿੱਲੀ ਦੰਗਿਆਂ ਤੋਂ ਲੈ ਕੇ ਐੱਨਆਰਸੀ ਸੀਏਏ ਵਰਗੇ ਮੁੱਦਿਆਂ 'ਤੇ ਅਰਵਿੰਦ ਕੇਜਰੀਵਾਲ ਦੀ ਚੁੱਪੀ ਦੀ ਆਲੋਚਨਾ ਕਰਦੀਆਂ ਰਹੀਆਂ ਹਨ।

ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋਫ਼਼ੈਸਰ ਅਤੇ ਸੀਪੀਆਰ ਇੰਡੀਆ ਫੈਲੋ ਰਾਹੁਲ ਵਰਮਾ ਦਾ ਵੀ ਮੰਨਣਾ ਹੈ ਕਿ ਕੌਮੀ ਪੱਧਰ 'ਤੇ ਆਮ ਆਦਮੀ ਪਾਰਟੀ ਦਾ ਗਰਾਫ਼ ਵਧ ਰਿਹਾ ਹੈ।

Banner

ਇਹ ਵੀ ਪੜ੍ਹੋ-

Banner

ਉਨ੍ਹਾਂ ਦਾ ਕਹਿਣਾ ਹੈ, "ਅਗਸਤ 'ਚ ਦੋ ਸਰਵੇਖਣਾਂ ਦੇ ਨਤੀਜੇ ਸਾਹਮਣੇ ਆਏ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਆਮ ਆਦਮੀ ਪਾਰਟੀ ਜੋ ਕਿ ਪਹਿਲਾਂ ਇੱਕ ਤੋਂ ਡੇਢ ਫੀਸਦੀ ਦੀ ਦਰ ਨਾਲ ਅੱਗੇ ਵਧ ਰਹੀ ਸੀ, ਉਹ ਹੁਣ ਛੇ ਤੋਂ ਅੱਠ ਫੀਸਦੀ ਦੀ ਦਰ ਨਾਲ ਅੱਗੇ ਵੱਧ ਰਹੀ ਹੈ।"

"ਅਜਿਹੇ 'ਚ ਸੰਭਵ ਹੈ ਕਿ ਅਗਲੇ ਦੋ ਸਾਲਾਂ 'ਚ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ 'ਚ ਕੁਝ ਹੋਰ ਵਾਧਾ ਹੋਵੇਗਾ ਅਤੇ ਹੋ ਸਕਦਾ ਹੈ ਕਿ ਪੀਐਮ ਮੋਦੀ ਦੀ ਲੋਕਪ੍ਰਿਅਤਾ 'ਚ ਥੋੜ੍ਹੀ ਕਮੀ ਦਰਜ ਕੀਤੀ ਜਾਵੇ।

ਪਰ ਅਜੇ ਦੋਵਾਂ ਪਾਰਟੀਆਂ ਅਤੇ ਆਗੂਆਂ ਦਰਮਿਆਨ ਪਾੜਾ ਇਨ੍ਹਾਂ ਵੱਡਾ ਹੈ ਕਿ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਇੱਕ ਦੂਜੇ ਦੇ ਵਿਰੋਧੀਆਂ ਵੱਜੋਂ ਨਹੀਂ ਵੇਖਿਆ ਜਾ ਸਕਦਾ।"

ਨੈਰੇਟਿਵ ਦੀ ਲੜਾਈ 'ਚ ਕੌਣ ਤਾਕਤਵਰ

ਨਰਿੰਦਰ ਮੋਦੀ ਤੋਂ ਲੈ ਕੇ ਡਾ. ਮਨਮੋਹਨ ਸਿੰਘ ਅਤੇ ਅਟਲ ਬਿਹਾਰੀ ਵਾਜਪਾਈ ਉਨ੍ਹਾਂ ਆਗੂਆਂ 'ਚ ਸ਼ਾਮਲ ਹਨ, ਜਿੰਨ੍ਹਾਂ ਨੇ ਦਹਾਕਿਆਂ ਤੱਕ ਕੰਮ ਕਰਨ ਤੋਂ ਬਾਅਦ ਆਪਣਾ ਇੱਕ ਅਕਸ ਬਣਾਇਆ ਸੀ।

ਅਰਵਿੰਦ ਕੇਜਰੀਵਾਲ ਦੀ ਸਰਗਰਮ ਸਿਆਸਤ 'ਚ ਸ਼ੁਰੂਆਤ ਨੂੰ ਅਜੇ 10 ਸਾਲ ਵੀ ਮੁਕੰਮਲ ਨਹੀਂ ਹੋਏ ਹਨ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕੌਮੀ ਪੱਧਰ 'ਤੇ ਨਰਿੰਦਰ ਮੋਦੀ ਨੂੰ ਟੱਕਰ ਦੇਣ ਵਾਲੇ ਅਕਸ ਨੂੰ ਕਾਇਮ ਕਰਨਾ ਉਨ੍ਹਾਂ ਲਈ ਕਿੰਨਾ ਚੁਣੌਤੀਪੂਰਨ ਹੈ।

ਇਹ ਜਾਣਨ ਲਈ ਅਸੀਂ ਲੋਕ ਸੰਪਰਕ ਦੀ ਦੁਨੀਆਂ ਨੂੰ ਸਮਝਣ ਵਾਲੇ ਦਿਲੀਪ ਚੈਰੀਅਨ ਨਾਲ ਗੱਲਬਾਤ ਕੀਤੀ।

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ

ਤਸਵੀਰ ਸਰੋਤ, Hindustan Times

ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਕੋਲ ਉਹ ਸਾਧਨ ਅਤੇ ਸੰਗਠਨ ਨਹੀਂ ਹਨ ਜਿੰਨ੍ਹਾਂ ਦੇ ਸਿਰ 'ਤੇ ਭਾਜਪਾ ਦੇਸ਼ ਭਰ 'ਚ ਚੋਣਾਂ ਜਿੱਤ ਰਹੀ ਹੈ

ਉਨ੍ਹਾਂ ਦਾ ਕਹਿਣਾ ਹੈ ਕਿ "ਮੈਨੂੰ ਲੱਗਦਾ ਹੈ ਕਿ ਦੋ ਸੂਬਿਆਂ 'ਚ ਸਰਕਾਰ ਦੇ ਅਧਾਰ 'ਤੇ ਕੌਮੀ ਪੱਧਰ ਦੀ ਇੱਛਾ ਰੱਖਣਾ ਬਹੁਤ ਹੀ ਵੱਡਾ ਟੀਚਾ ਹੈ। ਜੇਕਰ ਅਸੀਂ ਇੰਦਰ ਕੁਮਾਰ ਗੁਜਰਾਲ ਦੀ ਉਦਾਹਰਣ ਛੱਡ ਦੇਈਏ ਤਾਂ ਬਾਕੀ ਸਾਰੇ ਹੀ ਆਗੂਆਂ ਕੋਲ ਵੱਡੇ ਸੂਬਿਆਂ 'ਚ ਸਰਕਾਰਾਂ ਚਲਾਉਣ ਦਾ ਤਜ਼ਰਬਾ ਸੀ ਅਤੇ ਅਗਲੇ ਦੋ ਸਾਲਾਂ 'ਚ ਕੇਜਰੀਵਾਲ ਦੇ ਨਾਲ-ਨਾਲ ਘੱਟੋ-ਘੱਟ ਦੋ ਹੋਰ ਆਗੂ ਇਸ ਜਗ੍ਹਾ ਲਈ ਦਾਅਵੇਦਾਰੀ ਠੋਕ ਸਕਦੇ ਹਨ।"

ਚੈਰੀਆ ਦਾ ਮੰਨਣਾ ਹੈ ਕਿ ਜਨਤਾ ਦੀਆਂ ਖਾਹਿਸ਼ਾਂ 'ਤੇ ਸਵਾਰ ਹੋਣ ਲਈ ਕੁਝ ਨਵਾਂ ਲਿਆਉਣਾ ਪੈਂਦਾ ਹੈ।

ਉਹ ਅੱਗੇ ਕਹਿੰਦੇ ਹਨ , "ਅਰਵਿੰਦ ਕੇਜਰੀਵਾਲ ਹੁਣ ਜੋ ਕੁਝ ਵੀ ਕਰ ਰਹੇ ਹਨ, ਉਹ ਸਭ ਗੈਰ-ਮੌਲਿਕ/ਨੌਨ ਓਰੀਜ਼ਨਲ ਪ੍ਰਚਾਰ ਹੈ। ਉਨ੍ਹਾਂ ਕੋਲ ਸਿੱਖਿਆ ਅਤੇ ਸਿਹਤ ਦਾ ਮਾਡਲ ਹੈ।

ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਕੋਈ ਨਵਾਂ ਸੁਪਨਾ ਵਿਖਾਉਣਾ ਪਵੇਗਾ। ਮੋਦੀ ਜੀ ਨੇ ਦੇਸ਼ ਨੂੰ ਨੰਬਰ ਇੱਕ ਬਣਾਉਣ ਦਾ ਸੁਪਨਾ ਨੌਜਵਾਨਾਂ ਨੂੰ ਸਾਲ 2014 'ਚ ਹੀ ਵਿਖਾਇਆ ਸੀ। ਅਜਿਹੇ 'ਚ ਕੇਜਰੀਵਾਲ ਜੀ ਨੂੰ ਕੁਝ ਨਵਾਂ ਕਰਨਾ ਪਵੇਗਾ।''

ਮਿਸਾਲ ਦੇ ਤੌਰ 'ਤੇ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਵੱਛ ਭਾਰਤ ਦਾ ਨਾਅਰਾ ਦਿੱਤਾ ਸੀ, ਜਿਸ ਨੂੰ ਕਦੇ ਵੀ ਕਿਸੇ ਸਿਆਸੀ ਪਾਰਟੀ ਨੇ ਨਾਅਰਾ ਨਹੀਂ ਬਣਾਇਆ ਸੀ।

ਅਜਿਹੇ 'ਚ ਜੇਕਰ ਕੇਜਰੀਵਾਲ ਨੇ ਕੋਈ ਨਵਾਂ ਨਾਅਰਾ ਲੈ ਕੇ ਆਉਣਾ ਹੈ ਤਾਂ ਉਨ੍ਹਾਂ ਨੂੰ ਦਿੱਲੀ ਅਤੇ ਪੰਜਾਬ 'ਚ ਕੁਝ ਵੱਖਰਾ ਅਤੇ ਬਿਲਕੁੱਲ ਨਵੀਂ ਪੇਸ਼ਕਸ਼ ਦੇਣੀ ਹੋਵੇਗੀ ਜੋ ਲੋਕਾਂ ਨੂੰ ਆਕਰਸ਼ਿਤ ਕਰ ਸਕੇ।"

ਵਿਰੋਧੀ ਧਿਰਾਂ 'ਚ ਕਿੰਨਾ ਸਵਿਕਾਰ

ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਆਮ ਆਦਮੀ ਪਾਰਟੀ ਕੋਲ ਉਹ ਸਾਧਨ ਅਤੇ ਸੰਗਠਨ ਨਹੀਂ ਹਨ, ਜਿਨ੍ਹਾਂ ਦੇ ਸਿਰ 'ਤੇ ਭਾਜਪਾ ਦੇਸ਼ ਭਰ 'ਚ ਚੋਣਾਂ ਜਿੱਤ ਰਹੀ ਹੈ।

ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕੀ ਉਹ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਬਣ ਕੇ ਮੋਦੀ ਨੂੰ ਚੁਣੌਤੀ ਦੇ ਸਕਦੇ ਹਨ। ਨੀਰਜਾ ਚੌਧਰੀ ਇਸ ਸੰਭਾਵਨਾ ਤੋਂ ਇਨਕਾਰ ਕਰਦੀ ਹੈ।

ਮਮਤਾ ਬੈਨਰਜੀ ਅਤੇ ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Hindustan Times

ਤਸਵੀਰ ਕੈਪਸ਼ਨ, ਮਾਹਿਰ ਕਹਿੰਦੇ ਹਨ ਕਿ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਕੇਜਰੀਵਾਲ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਬਣ ਕੇ ਮੋਦੀ ਨੂੰ ਚੁਣੌਤੀ ਦੇ ਸਕਣ

ਉਨ੍ਹਾਂ ਦਾ ਕਹਿਣਾ ਹੈ, "ਆਮ ਆਦਮੀ ਪਾਰਟੀ ਲਈ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿਉਂਕਿ ਵਿਰੋਧੀ ਪਾਰਟੀਆਂ ਵੀ ਉਨ੍ਹਾਂ ਲਈ ਤਿਆਰ ਨਹੀਂ ਹੋਣਗੀਆਂ ਅਤੇ ਕੇਜਰੀਵਾਲ ਵੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਇੱਕਲੇ ਹੀ ਅੱਗੇ ਜਾ ਰਹੇ ਹਨ।"

ਵਿਰੋਧੀ ਧਿਰਾਂ ਵੀ ਉਨ੍ਹਾਂ ਨੂੰ ਖ਼ਤਰੇ ਵੱਜੋਂ ਵੇਖਦੀਆਂ ਹਨ ਅਤੇ ਉਹ ਵੀ ਆਪਣੇ ਆਪ ਨੂੰ ਇੱਕ ਬਦਲ ਵੱਜੋਂ ਤਿਆਰ ਕਰ ਰਹੇ ਹਨ ਅਤੇ ਇਸ 'ਚ ਸਮਾਂ ਲੱਗੇਗਾ।"

ਇੱਥੇ ਇਹ ਸਵਾਲ ਉੱਠਦਾ ਹੈ ਕਿ ਜੇਕਰ ਕੇਜਰੀਵਾਲ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਨਹੀਂ ਬਣਦੇ ਹਨ ਤਾਂ ਫਿਰ ਕੌਣ ਬਣ ਸਕਦਾ ਹੈ।

ਨੀਰਜਾ ਚੌਧਰੀ ਦਾ ਕਹਿਣਾ ਹੈ, "ਨਿਤੀਸ਼ ਕੁਮਾਰ ਦੀਆਂ ਸੰਭਾਵਨਾਵਾਂ ਸਵਾਲਾਂ ਦੇ ਘੇਰੇ 'ਚ ਹਨ। ਕੀ ਉਹ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਹੋ ਸਕਦੇ ਹਨ ਅਤੇ ਮੋਦੀ ਦੇ ਉਭਾਰ 'ਚ ਜੋ ਭੂਮਿਕਾ ਆਰਐਸਐਸ ਨੇ ਅਦਾ ਕੀਤੀ ਸੀ, ਕੀ ਉਹ ਭੂਮਿਕਾ ਵਿਰੋਧੀ ਧਿਰਾਂ ਨਿਭਾ ਸਕਣਗੀਆਂ, ਇਹ ਸਭ ਵੇਖਣਾ ਬਾਕੀ ਹੈ।''

''ਮਮਤਾ ਬੈਨਰਜੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਆਪਣੀ ਪਾਰਟੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ।''

''ਕੁਝ ਗੱਲਾਂ ਨਿਤੀਸ਼ ਕੁਮਾਰ ਦੇ ਹੱਕ 'ਚ ਜਾਂਦੀਆਂ ਹਨ, ਜਿਵੇਂ ਉਨ੍ਹਾਂ ਕੋਲ ਪ੍ਰਸ਼ਾਸਨ ਦਾ ਚੰਗਾ ਤਜ਼ਰਬਾ ਹੈ ਅਤੇ ਉਹ ਹਿੰਦੀ ਬੋਲਣ ਵਾਲੇ ਸੂਬੇ ਨਾਲ ਸਬੰਧ ਰੱਖਦੇ ਹਨ। ਇਹ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਏਗਾ ਕਿਉਂਕਿ ਭਾਜਪਾ ਨੂੰ ਪਹਿਲਾਂ ਹਿੰਦੀ ਬੋਲਣ ਵਾਲੇ ਸੂਬਿਆਂ ਤੋਂ ਬਾਹਰ ਕਰਨਾ ਹੈ।''

''ਉਹ 70 ਸਾਲ ਤੋਂ ਵੱਧ ਉਮਰ ਵਾਲੇ ਆਗੂ ਹੋਣਗੇ ਜੋ ਕਿ ਵਿਰੋਧੀ ਧਿਰਾਂ ਦੇ ਨੌਜਵਾਨ ਆਗੂਆਂ ਨੂੰ ਕਬੂਲ ਹੋਣਗੇ। ਜਿਵੇਂ ਜੇ ਉਹ ਕੇਂਦਰ ਦੀ ਰਾਜਨੀਤੀ ਕਰਦੇ ਹਨ ਅਤੇ ਤੇਜਸਵੀ ਨੂੰ ਬਿਹਾਰ ਮਿਲ ਜਾਂਦਾ ਹੈ ਅਤੇ ਤੇਜਸਵੀ ਨੂੰ ਬਿਹਾਰ ਮਿਲ ਜਾਂਦਾ ਹੈ ਤਾਂ ਰਾਸ਼ਟਰੀ ਜਨਤਾ ਦਲ ਉਨ੍ਹਾਂ ਨੂੰ ਕੇਂਦਰ 'ਚ ਪੂਰਾ ਸਮਰਥਨ ਦੇਵੇਗਾ।''

''ਉਹ ਕਾਂਗਰਸ ਨੂੰ ਵੀ ਮਨਜ਼ੂਰ ਹੋਣਗੇ ਕਿਉਂਕਿ ਕਾਂਗਰਸ ਜਾਣਦੀ ਹੈ ਕਿ ਰਾਹੁਲ ਗਾਂਧੀ ਨੂੰ ਵਿਰੋਧੀ ਧਿਰਾਂ ਕਬੂਲ ਨਹੀਂ ਕਰਨਗੀਆਂ ਅਤੇ ਕਾਂਗਰਸ ਕਦੇ ਵੀ ਨਹੀਂ ਚਾਹੇਗੀ ਕਿ ਕਾਂਗਰਸ ਦੇ ਅੰਦਰੋਂ ਹੀ ਕੋਈ ਰਾਹੁਲ ਗਾਂਧੀ ਦਾ ਵਿਰੋਧੀ ਬਣ ਜਾਵੇ।

ਉਹ ਚਾਹੁਣਗੇ ਕਿ ਕੋਈ ਬਾਹਰ ਤੋਂ ਹੋਵੇ, ਜੋ ਕਿ ਪੁਰਾਣਾ ਕਾਂਗਰਸੀ ਨਾ ਹੋਵੇ, ਕਿਉਂਕਿ ਸ਼ਰਦ ਪਵਾਰ, ਜਗਨ ਰੈੱਡੀ ਜਾਂ ਮਮਤਾ ਬੈਨਰਜੀ ਵਰਗਾ ਕੋਈ ਵੀ ਸਾਬਕਾ ਕਾਂਗਰਸੀ ਆਗੂ ਕਾਂਗਰਸ ਦੇ ਇੱਕ ਤਬਕੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦਾ ਹੈ।"

Banner

ਇਹ ਵੀ ਪੜ੍ਹੋ-

Banner

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)